You’re viewing a text-only version of this website that uses less data. View the main version of the website including all images and videos.

Take me to the main website

'ਜਿਵੇਂ ਪਿਆਜ਼ ਦੀਆਂ ਪਰਤਾਂ ਖੁੱਲ੍ਹਦੀਆਂ, ਉਸੇ ਤਰ੍ਹਾਂ ਮੂਸੇਵਾਲਾ ਕਤਲਕਾਂਡ ਦਾ ਸੱਚ ਸਾਹਮਣੇ ਆਵੇਗਾ'

ਇਸ ਲਾਈਵ ਪੇਜ ਰਾਹੀਂ ਅਸੀਂ ਪੰਜਾਬ, ਭਾਰਤ ਅਤੇ ਦੁਨੀਆਂ ਭਰ ਦੀਆਂ ਅਹਿਮ ਖ਼ਬਰਾਂ ਲੈ ਕੇ ਆਵਾਂਗੇ

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ, ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਇਹ ਰਹੀਆਂ ਅੱਜ ਦਿਨ ਭਰ ਦੀਆਂ ਅਹਿਮ ਖ਼ਬਰਾਂ

    • ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸ਼ਰਮਾ ਨੂੰ ਮਿਲੀ ਕਥਿਤ ਧਮਕੀ ਤੋਂ ਬਾਅਦ ਦਿ ਯੁਨਾਈਟੇਡ ਲਿਬਰੇਸ਼ਨ ਫਰੰਟ ਆਫ਼ ਅਸਾਮ (ਆਜ਼ਾਦ) ਨੇ ‘ਸਿੱਖ ਫ਼ਾਰ ਜਸਟਿਸ’ ਸੰਸਥਾ ਨੂੰ ਖੁੱਲੀ ਚਿੱਠੀ ਲਿਖੀ ਹੈ।
    • ਕਾਂਗਰਸ ਨੇਤਾ ਰਾਹੁਲ ਗਾਂਧੀ ਮਾਣਹਾਨੀ ਕੇਸ ਵਿੱਚ ਸੋਮਵਾਰ ਨੂੰ ਗੁਜਰਾਤ ਦੇ ਸੂਰਤ ਦੀ ਇੱਕ ਅਦਾਲਤ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ। ਅਦਾਲਤ ਨੇ ਰਾਹੁਲ ਦੀ ਪਟੀਸ਼ਨ 'ਤੇ ਅਗਲੀ ਸੁਣਵਾਈ 13 ਅਪ੍ਰੈਲ ਨੂੰ ਤੈਅ ਕੀਤੀ ਹੈ।
    • ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਮਾਤਾ-ਪਿਤਾ ਨੂੰ ਮਿਲਣ ਗਏ ਸਨ।
    • ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਸਰਕਾਰ 'ਤੇ ਕਈ ਨਿਸ਼ਾਨੇ ਸਾਧੇ ਅਤੇ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਚੁੱਕੇ।
    • ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਪੰਜਾਬ ਸਰਕਾਰ ਨੇ ਸੂਬੇ ਵਿੱਚ 'ਜੰਗ' ਵਰਗੇ ਹਾਲਾਤ ਬਣਾਏ ਸਨ।
    • ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਅੰਮ੍ਰਿਤਸਰ -ਪਠਾਨਕੋਟ ਰੇਲ ਮਾਰਗ ਤੇ ਬਟਾਲਾ ਵਿਖੇ ਐਤਵਾਰ ਨੂੰ ਲਗਾਇਆ ਧਰਨਾ ਗੱਲਬਾਤ ਤੋਂ ਬਾਅਦ ਚੁੱਕ ਲਿਆ ਹੈ।
  2. 'ਦਿ ਓਪਨ ਡੋਰ ਚਰਚ' ਵੱਲੋਂ ਸਿਆਸੀ ਪਾਰਟੀ ਦਾ ਐਲਾਨ

    ਜਲੰਧਰ ਦੇ ਨੇੜੇ ਪੈਂਦੇ ਪਿੰਡ ਖੋਜੇਵਾਲ ਵਿੱਚ 'ਦਿ ਓਪਨ ਡੋਰ ਚਰਚ' ਵੱਲੋਂ ਰਾਜਨੀਤਿਕ ਪਾਰਟੀਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸਦਾ ਨਾਮ 'ਯੂਨਾਇਟੇਡ ਪੰਜਾਬ ਪਾਰਟੀ' ਰੱਖਿਆ ਗਿਆ ਹੈ।

    ਇਸ ਪਾਰਟੀ ਦਾ ਪ੍ਰਧਾਨ ਲੁਧਿਆਣਾ ਦੇ ਐਲਬਰਟ ਦੁਆ ਨੂੰ ਥਾਪਿਆ ਗਿਆ। ਸੂਬੇ ਵਿੱਚ ਕਰੀਬਵੀਹ ਹਲਕਾ ਇੰਚਾਰਜ ਵੀ ਐਲਾਨੇ ਗਏ ਹਨ।

    10 ਅਪ੍ਰੈਲ ਤੋਂ ਜ਼ਿਲ੍ਹਾ ਵਾਈਜ਼ ਮੀਟਿੰਗ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਹਾਲਾਂਕਿ ਓਪਨ ਡੋਰ ਚਰਚ ਦੇ ਪਾਸਟਰ ਹਰਪ੍ਰੀਤ ਦਿਓਲ ਨੇ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਕਮੇਟੀ ਦਾ ਹੈ ਤੇ ਉਹੀ ਇਸਨੂੰ ਚਲਾਉਣਗੇ।

  3. ਉਲਫ਼ਾ (ਆਜ਼ਾਦ) ਨੇ ਅਸਾਮ ਦੇ ਮੁੱਖ ਮੰਤਰੀ ਨੂੰ ਧਮਕੀ ਦੇਣਾ ਮੰਦਭਾਗਾ ਕਰਾਰ ਦਿੱਤਾ

    ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸ਼ਰਮਾ ਨੂੰ ਮਿਲੀ ਕਥਿਤ ਧਮਕੀ ਤੋਂ ਬਾਅਦ ਦਿ ਯੁਨਾਈਟੇਡ ਲਿਬਰੇਸ਼ਨ ਫਰੰਟ ਆਫ਼ ਅਸਾਮ (ਆਜ਼ਾਦ) ਨੇ ‘ਸਿੱਖ ਫ਼ਾਰ ਜਸਟਿਸ’ ਸੰਸਥਾ ਨੂੰ ਖੁੱਲੀ ਚਿੱਠੀ ਲਿਖੀ ਹੈ।

    ਉਲਫ਼ਾ (ਆਜ਼ਾਦ) ਨੇ ਸਿੱਖ ਫ਼ਾਰ ਜਸਟਿਸ ਵੱਲੋਂ ਕਥਿਤ ਤੌਰ ’ਤੇ ਅਸਾਮ ਦੇ ਮੁੱਖ ਮੰਤਰੀ ਨੂੰ ਧਮਕੀ ਦੇਣਾ ਮੰਦਭਾਗਾ ਕਰਾਰ ਦਿੱਤਾ ਹੈ।

    ਉਲਫ਼ਾ (ਆਜ਼ਾਦ) ਨੇ ਕਿਹਾ ਹੈ ਕਿ 1984 ਦੇ ਦਹਾਕੇ ਸਮੇਂ ਜਦੋਂ ਸਿੱਖ ਵਿਰੋਧੀ ਲਹਿਰ ਚੱਲ ਰਹੀ ਸੀ ਤਾਂ ਅਸਾਮ ਵਿੱਚ ਕਿਸੇ ਵੀ ਸਿੱਖ ਨੂੰ ਮਾਨਸਿਕ ਜਾਂ ਸਰੀਰਕ ਤੌਰ ’ਤੇ ਨੁਕਸਾਨ ਨਹੀਂ ਪਹੁੰਚਾਇਆ ਗਿਆ।

    ਉਹਨਾਂ ਨੇ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਉਸ ਸਮੇਂ ਕਿਸੇ ਵੀ ਸਿੱਖ ਦੇ ਅਸਾਮ ਵਿੱਚ ਮਾਰੇ ਜਾਣ ਦੀ ਕੋਈ ਘਟਨਾ ਨਹੀਂ ਵਾਪਰੀ।

    ਉਲਫ਼ਾ (ਆਜ਼ਾਦ) ਅਸਾਮ ਦੇ ਵਿੱਚ ਵੱਖਵਾਦੀ ਲੜਾਈ ਲੜਨ ਵਾਲੀ ਲਹਿਰ ਵਿੱਚੋਂ ਅਲੱਗ ਹੋਏ ਕੁਝ ਲੋਕਾਂ ਦਾ ਇੱਕ ਸਮੂਹ ਹੈ।

    ਹਾਲਾਂਕਿ ਇਸ ਗਰੁੱਪ ਦਾ ਅਧਾਰ ਅੱਜ ਕੱਲ੍ਹ ਜ਼ਿਆਦਾ ਨਹੀਂ ਹੈ।

    ਸਿੱਖ ਫ਼ਾਰ ਜਸਟਿਸ ਵੱਲੋਂ ਪੰਜਾਬ ਦੇ ਕੁਝ ਸਿੱਖ ਕੈਦੀਆਂ ਨੂੰ ਅਸਾਮ ਦੀ ਜੇਲ੍ਹ ਵਿੱਚ ਬੰਦ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਸੂਬੇ ਦੇ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਗਈ ਸੀ।

    ਇਹ ਉਹ ਲੋਕ ਹਨ ਜਿਨ੍ਹਾਂ ਨੂੰ ਖ਼ਾਲਿਸਤਾਨੀ ਹਮਾਇਤੀ ਅਤੇ ਅਜਨਾਲਾ ਹਿੰਸਾ ਦੇ ਮੁਲਜ਼ਮ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਅਭਿਆਨ ਦੌਰਾਨ ਐੱਨਐੱਸਏ ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ।

  4. 'ਮਿੱਤਰਕਾਲ' ਦੇ ਵਿਰੁੱਧ, ਲੋਕਤੰਤਰ ਨੂੰ ਬਚਾਉਣ ਦੀ ਲੜਾਈ – ਰਾਹੁਲ ਗਾਂਧੀ

    ਕਾਂਗਰਸ ਨੇਤਾ ਰਾਹੁਲ ਗਾਂਧੀ ਮਾਣਹਾਨੀ ਕੇਸ ਵਿੱਚ ਸੋਮਵਾਰ ਨੂੰ ਗੁਜਰਾਤ ਦੇ ਸੂਰਤ ਦੀ ਇੱਕ ਅਦਾਲਤ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ।

    ਅਦਾਲਤ ਨੇ ਰਾਹੁਲ ਦੀ ਪਟੀਸ਼ਨ 'ਤੇ ਅਗਲੀ ਸੁਣਵਾਈ 13 ਅਪ੍ਰੈਲ ਨੂੰ ਤੈਅ ਕੀਤੀ ਹੈ। ਉਸ ਦਿਨ ਰਾਹੁਲ ਗਾਂਧੀ ਨੂੰ ਮਾਣਹਾਨੀ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਨੂੰ ਲੈ ਕੇ ਸੁਣਵਾਈ ਹੋਵੇਗੀ।

    ਰਾਹੁਲ ਗਾਂਧੀ ਨੇ ਮਾਣਹਾਨੀ ਕੇਸ ਵਿੱਚ ਖ਼ੁਦ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਦੋ ਸਾਲ ਦੀ ਸਜ਼ਾ ਦਿੱਤੇ ਜਾਣ ਨੂੰ ਲੈ ਕੇ ਚੁਣੌਤੀ ਦਿੱਤੀ ਹੈ।

    ਦਰਅਸਲ, ਰਾਹੁਲ ਗਾਂਧੀ ਨੂੰ ਸਾਲ 2019 ਦੇ 'ਮੋਦੀ ਸਰਨੇਮ' ਬਾਰੇ ਉਨ੍ਹਾਂ ਦੀ ਇਕ ਟਿੱਪਣੀ ਨਾਲ ਜੁੜੇ ਇੱਕ ਮਾਣਹਾਨੀ ਦੇ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸੰਸਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ।

    ਰਾਹੁਲ ਗਾਂਧੀ ਨੇ ਕਥਿਤ ਤੌਰ 'ਤੇ ਬਿਆਨ ਦਿੱਤਾ ਸੀ, "ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਵੇਂ ਹੈ?"

    ਕੋਰਟ ਚੋਂ ਬਾਹਰ ਆਉਣ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕੀਤੀ।

    ਰਾਹੁਲ ਗਾਂਧੀ ਨੇ ਲਿਖਿਆ, "ਇਹ 'ਮਿੱਤਰਕਾਲ' ਦੇ ਵਿਰੁੱਧ, ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਇਸ ਸੰਘਰਸ਼ ਵਿੱਚ, ਸੱਚ ਮੇਰਾ ਹਥਿਆਰ ਹੈ ਅਤੇ ਸੱਚ ਹੀ ਮੇਰਾ ਆਸਰਾ ਹੈ।"

    ਭਾਜਪਾ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖ਼ਤਮ ਹੋਣ ਬਾਰੇ ਕੀ ਕਹਿੰਦੀ ਹੈ

    ਇੱਕ ਨਿੱਜੀ ਨਿਊਜ਼ ਚੈਨਲ ਨਾਲ ਇੰਟਰਵਿਊ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖ਼ਤਮ ਕੀਤੇ ਜਾਣ ਦੇ ਸਵਾਲ ਵਿੱਚ ਜਵਾਬ ਦਿੱਤਾ।

    ਉਨ੍ਹਾਂ ਕਿਹਾ, ‘‘ਸਾਡੇ ਕਾਨੂੰਨ ਵਿੱਚ ਇੱਕ ਤਜਵੀਜ਼ ਹੈ ਕਿ ਕਿਸੇ ਵੀ ਸ਼ਖਸ ਨੂੰ ਜੇਕਰ ਦੋ ਸਾਲ ਦੀ ਸਜ਼ਾ ਹੁੰਦੀ ਹੈ ਤਾਂ ਤਿੰਨ ਮਹੀਨੇ ਦਾ ਸਮਾਂ ਉਸਨੂੰ ਮਿਲੇਗਾ ਆਪਣੀ ਸਜ਼ਾ ਅਤੇ ਦੋਸ਼ ਉੱਤੇ ਸਟੇਅ ਲਗਾਉਣ ਲਈ।’’

    ‘‘ਕਾਨੂੰਨ ਵਿੱਚ ਇਹ ਤਜਵੀਜ਼ ਹੀ ਨਹੀਂ ਹੈ ਕਿ ਜਿਸ ਅਦਾਲਤ ਨੇ ਕਿਸੇ ਵਿਅਕਤੀ ਨੂੰ ਦੋ ਸਾਲ ਜਾਂ ਉਸਤੋਂ ਵੱਧ ਸਜ਼ਾ ਸੁਣਾਉਂਦੀ ਹੈ ਉਹ ਦੋਸ਼ ਉੱਤੇ ਸਟੇਅ ਲਗਾ ਸਕਦੀ ਹੈ।’’

    ਅਮਿਤ ਸ਼ਾਹ ਨੇ ਅੱਗੇ ਕਿਹਾ, ‘‘ਸਾਲ 2013 ਵਿੱਚ ਲਿਲੀ ਥੌਮਸ ਬਨਾਮ ਭਾਰਤ ਸਰਕਾਰ ਕੇਸ ਦਾ ਫੈਸਲਾ ਆਇਆ। ਇਸ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਤੈਅ ਕੀਤਾ ਸੀ ਕਿ ਚਾਹੇ ਚੁਣਿਆ ਹੋਇਆ ਨੁਮਾਇੰਦਾ ਹੀ ਕਿਉਂ ਨਹੀਂ ਹੋਵੇ ਤਿੰਨ ਮਹੀਨੇ ਦਾ ਸਮਾਂ ਕਿਉਂ ਦੇਣਾ ਹੈ, ਜੇਕਰ ਤੁਹਾਨੂੰ ਸਜ਼ਾ ਹੁੰਦੀ ਹੈ ਤਾਂ ਉਸੇ ਸਮੇਂ ਤੋਂ ਹੀ ਤੁਹਾਡੀ ਮੈਂਬਰਸ਼ਿਪ ਰੱਦ ਹੋ ਜਾਣੀ ਚਾਹੀਦੀ ਹੈ।’’

    ‘‘ਇਹ ਸਾਲ 2013 ਦਾ ਸੁਪਰੀਮ ਕੋਰਟ ਦਾ ਫੈਸਲਾ ਸੀ ਜਦੋਂ ਅਸੀਂ ਸੱਤਾ ਵਿੱਚ ਵੀ ਨਹੀਂ ਸੀ।’’

  5. ਜਿਵੇਂ ਪਿਆਜ਼ ਦੀਆਂ ਪਰਤਾਂ ਖੁੱਲ੍ਹਦੀਆਂ, ਉਸੇ ਤਰ੍ਹਾਂ ਸੱਚ ਸਾਹਮਣੇ ਆਵੇਗਾ- ਨਵਜੋਤ ਸਿੰਘ ਸਿੱਧੂ

    ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕੀਤੀ।

    ਜਿਸ ਵਿੱਚ ਉਨ੍ਹਾਂ ਨੇ ਕਿਹਾ, "ਮੇਰਾ ਇੱਥੇ ਆਉਣ ਦਾ ਮਕਸਦ ਹੈ ਉਹ ਸਮੁੰਦਰ ਵਾਲਾ ਹੈ, ਕਿਸੇ ਖੂਹ ਜਾਂ ਟੋਭੇ ਵਾਲਾ ਨਹੀਂ। ਸਿੱਧੂ ਨੂੰ ਕਿਸੇ ਪਾਰਟੀ ਜਾਂ ਕਿਸੇ ਸੂਬੇ ਨਾਲ ਨਹੀਂ ਬੰਨਿਆ ਜਾ ਸਕਦਾ, ਉਹ ਇੱਕ ਵਿਲੱਖਣ ਖੁਸ਼ਬੂ ਸੀ, ਜੋ ਸਾਰੇ ਵਿਸ਼ਵ ਵਿੱਚ ਫੈਲੀ ਸੀ। ਉਹ ਕੌਮ ਦੀ ਪ੍ਰੇਰਨਾ ਸੀ, ਨੌਜਵਾਨਾਂ ਦੀ ਪ੍ਰੇਰਨਾ ਸੀ ਅਤੇ ਨੌਜਵਾਨ ਤਾਂ ਅਮਰੀਕਾ-ਕੈਨੇਡਾ ਹਰ ਥਾਂ ਹਨ। ਇਸ ਲਈ ਮੈਂ ਇਸ ਨੂੰ ਕਿਸੇ ਛੋਟੇ ਦਾਇਰੇ 'ਚ ਨਹੀਂ ਦੇਖਣਾ ਚਾਹੁੰਦਾ।''

    ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ-

    • ਜੋ ਉਸ ਨਾਲ ਹੋਇਆ ਉਹ ਇੱਕ ਸਵਾਲ ਖੜਾ ਕਰਦਾ ਹੈ
    • ਕਿਤੇ ਇਸ ਵਿੱਚ ਕੋਈ ਰਾਜਨੀਤਕ ਸਾਜਿਸ਼ ਤਾਂ ਨਹੀਂ
    • ਜਾਨ ਮਾਲ ਦੀ ਰਖਵਾਲੀ ਪਹਿਲਾ ਬੁਨਿਆਦੀ ਅਧਿਕਾਰ ਹੈ
    • ਮੈਂ ਪੁੱਛਣਾ ਚਾਹੁੰਦਾ ਕਿ ਸਰਕਾਰਾਂ ਬਚਾਉਣ ਵਾਲੀਆਂ ਹਨ ਜਾਂ ਮਰਵਾਉਣ ਵਾਲੀਆਂ ਹਨ।
    • ਮੈਂ ਪੁੱਛਣਾ ਚਾਹੁੰਦਾ ਹਾਂ ਕਿ ਪ੍ਰਸਿੱਧ ਗਲੋਬਲ ਸਟਾਰ ਸਿੱਧੂ ਮੂਸੇਵਾਲਾ ਦੀ ਸੁਰੱਖਿਆ 'ਚ ਕਮੀ ਕਿਉਂ ਕੀਤੀ। ਇਹ ਕੋਈ ਨਿਯਮ ਨਹੀਂ ਕਿ ਕਿਸੇ ਸੁਰੱਖਿਆ ਘਟਾਉ ਅਤੇ ਫਿਰ ਉਸ ਨੂੰ ਜਨਤਕ ਕਰ ਦਿਓ।
    • ਜੋ ਉਸ ਸਿੱਧੂ ਨਾਲ ਹੋਇਆ ਸੀ ਅੱਜ ਓਹੀ ਇਸ ਸਿੱਧੂ ਨਾਲ ਵੀ ਹੋ ਰਿਹਾ ਸੀ। ਪਰ ਮੈਂ ਮੌਤ ਤੋਂ ਨਹੀਂ ਡਰਦਾ।
    • ਕੀ ਗੈਂਗਸਟਰ ਭਟਕੇ ਹੋਏ ਨੌਜਵਾਨ ਹਨ, ਜਿਨ੍ਹਾਂ ਦੀ ਰਾਜਨੀਤਕ ਸਵਾਰਥ ਅਤੇ ਮਨਸੂਬੇ ਪੂਰੇ ਕਰਨ ਲਈ ਵਰਤੋਂ ਹੋ ਰਹੀ ਹੈ।
    • ਜਿਵੇਂ ਪਿਆਜ਼ ਦੀਆਂ ਪਰਤਾਂ ਖੁੱਲ੍ਹਦੀਆਂ ਹਨ, ਇਸ ਦਾ ਵੀ ਸੱਚ ਸਾਹਮਣੇ ਆਏਗਾ।
    • ਪੰਜਾਬ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇੱਥੇ ਇਹ ਦਰਸਾਉਣ ਦੀ ਚਾਲ ਚੱਲੀ ਜਾਂ ਰਹੀ ਹੈ ਕੇ ਸੂਬੇ ਦਾ ਮਾਹੌਲ ਬਹੁਤ ਖਰਾਬ ਹੈ
    • ਸਿੱਧੂ ਮੂਸੇਵਾਲਾ ਦੇ ਕਾਤਲਾਂ ਅਤੇ ਇਸ ਕਤਲ ਪਿੱਛੇ ਲੁਕੇ ਲੋਕਾਂ ਨੂੰ ਸਰਕਾਰ ਬੇਨਕਾਬ ਨਹੀਂ ਕਰ ਰਹੀ ਹੈ।
    • ਪੰਜਾਬ ਵਿਚ ਲਾਅ ਐਂਡ ਆਰਡਰ ਖ਼ਤਰੇ ਵਿੱਚ ਹੈ
    • ਸਿਆਸੀ ਦਲਾਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ

    ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਪੰਜਾਬ ਸਰਕਾਰ ਨੇ ਸੂਬੇ ਵਿੱਚ 'ਜੰਗ' ਵਰਗੇ ਹਾਲਾਤ ਬਣਾਏ ਸਨ।

    ਉਨਾਂ ਨੇ ਕਿਹਾ, "ਅੰਮ੍ਰਿਤਪਾਲ ਸਿੰਘ ਨੂੰ ਬਰਸੀ ਵਾਲੇ ਦਿਨ ਹੀ ਫ਼ੜਨ ਲਈ ਆਪ੍ਰੇਸ਼ਨ ਚਲਾਉਣਾ ਜ਼ਰੂਰੀ ਸੀ? ਸਰਕਾਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਖੇਡਾਂ ਖੇਡ ਰਹੀ ਹੈ।"

  6. ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿੱਚ ਦੋਖੇ ਕੀ ਹੈ ਮਾਹੌਲ

  7. ਬਟਾਲਾ ਰੇਲਵੇ ਸਟੇਸ਼ਨ ’ਤੇ ਲੱਗਿਆ ਕਿਸਾਨਾਂ ਦਾ ਧਰਨਾ ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ

    ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਅੰਮ੍ਰਿਤਸਰ -ਪਠਾਨਕੋਟ ਰੇਲ ਮਾਰਗ ਤੇ ਬਟਾਲਾ ਵਿਖੇ ਐਤਵਾਰ ਨੂੰ ਲਗਾਇਆ ਧਰਨਾ ਚੁੱਕ ਲਿਆ ਹੈ।

    ਰੇਲ ਰੋਕੋ ਅੰਦੋਲਨ ਦੀ ਅਗਵਾਈ ਕਰਨ ਵਾਲੇ ਕਿਸਾਨਾਂ ਤੇ ਡੀਸੀ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਧਰਨਾ ਚੁੱਕਿਆ ਗਿਆ ਹੈ।

    ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਨੂੰ ਭਰੋਸਾ ਦਵਾਏ ਜਾਣ ਤੋਂ ਬਾਅਦ ਹੀ ਧਰਨਾ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

    ਕਿਸਾਨ ਮੁੱਖ ਤੌਰ ’ਤੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਕਲਣ ਵਾਲੇ ਹਾਈਵੇ ਲਈ ਕਿਸਾਨਾਂ ਦੀਆਂ ਅਕੁਆਇਰ ਕੀਤੀਆਂ ਗਈਆਂ ਜਮੀਨਾਂ ਦੇ ਵਾਜ਼ਿਬ ਮੁਆਵਜੇ ਦੀ ਮੰਗ ਕਰ ਰਹੇ ਹਨ।

    ਇਸ ਦੇ ਨਾਲ ਹੀ ਬੇਮੌਸਮੀ ਬਰਸਾਤ ਨਾਲ ਕਣਕ ਅਤੇ ਹੋਰ ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਵੀ ਸ਼ਾਮਿਲ ਹੈ।

  8. ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਦਾ ਨਜ਼ਾਰਾ, ਤਸਵੀਰਾਂ ਰਾਹੀਂ ਦੇਖੋ

    ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਹੋਏ ਹਨ।

    ਉਹ ਉਨ੍ਹਾਂ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਘਰ ਦੇ ਬਾਹਰ ਦਾ ਨਜ਼ਾਰਾ ਇਨ੍ਹਾਂ ਤਸਵੀਰਾਂ ਰਾਹੀਂ ਦੇਖੋ।

  9. ਨਵਜੋਤ ਸਿੰਘ ਸਿੱਧੂ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ

    ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਮਰਹੂਮ ਗਾਇਕ ਅਤੇ ਕਾਂਗਰਸ ਨੇਤਾ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਗਏ ਹਨ।

    ਉਨ੍ਹਾਂ ਨੇ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਮੂਸੇਵਾਲਾ ਦੇ ਮਾਨਸਾ ਸਥਿਤ ਪਿੰਡ ਮੂਸਾ ਪਹੁੰਚਣ ਐਲਾਨ ਕੀਤਾ ਸੀ।

    ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਹੀ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

    ਇਸ ਕਤਲਕਾਂਡ ਤੋਂ ਕੁਝ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਰੋਡ ਰੇਜ ਕੇਸ ਵਿੱਚ ਹੋਈ ਸਜ਼ਾ ਤਹਿਤ ਜੇਲ੍ਹ ਗਏ ਸਨ।

    ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਅਤੇ ਮਾਨਸਾ ਤੋਂ ਚੋਣ ਵੀ ਲੜੀ ਪਰ ਹਾਰ ਗਏ।

    ਨਵਜੋਤ ਸਿੰਘ ਸਿੱਧੂ ਨੇ ਮੂਸੇਵਾਲਾ ਦੀ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਵਾਈ ਸੀ।

  10. ਬਟਾਲਾ ਰੇਲਵੇ ਸਟੇਸ਼ਨ ਤੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

    ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਅੰਮ੍ਰਿਤਸਰ -ਪਠਾਨਕੋਟ ਰੇਲ ਮਾਰਗ ਤੇ ਬਟਾਲਾ ਵਿਖੇ ਅਣਮਿਥੇ ਸਮੇ ਦਾ ਰੇਲ ਰੋਕੋ ਅੰਦੋਲਨ ਐਤਵਾਰ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।

    ਕਿਸਾਨ ਮੁੱਖ ਤੌਰ ’ਤੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਕਲਣ ਵਾਲੇ ਹਾਈਵੇ ਲਈ ਕਿਸਾਨਾਂ ਦੀਆਂ ਅਕੁਆਇਰ ਕੀਤੀਆਂ ਗਈਆਂ ਜਮੀਨਾਂ ਦੇ ਵਾਜ਼ਿਬ ਮੁਆਵਜੇ ਦੀ ਮੰਗ ਕਰ ਰਹੇ ਹਨ।

    ਇਸ ਦੇ ਨਾਲ ਹੀ ਬੇਮੌਸਮੀ ਬਰਸਾਤ ਨਾਲ ਕਣਕ ਅਤੇ ਹੋਰ ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਵੀ ਸ਼ਾਮਿਲ ਹੈ।

    ਕਿਸਾਨ ਜਥੇਬੰਦੀਆਂ ਨੇ ਜਨਵਰੀ ਮਹੀਨੇ ਵੀ ਧਰਨਾ ਸ਼ੁਰੂ ਕੀਤਾ ਸੀ ਜੋ ਪੰਜਾਬ ਸਰਕਾਰ ਵਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਚੁੱਕਿਆ ਗਿਆ ਸੀ।

    ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ,“ਕਿਸਾਨ ਇੱਕ ਪਾਸੇ ਕੁਦਰਤ ਦੀ ਮਾਰ ਝੱਲ ਰਹੇ ਹਨ ਤੇ ਦੂਜੇ ਪਾਸੇ ਸਰਕਾਰਾਂ ਦੀ ਅਣਗਹਿਲੀ ਦਾ ਸ਼ਿਕਾਰ ਹਨ।”

    “ਧਰਨਾ ਕਦੋਂ ਖ਼ਤਮ ਹੋਣਾ ਹੈ ਇਹ ਸਰਕਾਰ ’ਤੇ ਨਿਰਭਰ ਕਰਦਾ ਹੈ। ਜਦੋਂ ਹੀ ਮੰਗਾਂ ਮੰਨਣੀਆਂ ਗਈਆਂ ਧਰਨਾ ਚੁੱਕਿਆ ਜਾਵੇਗਾ।”

    ਜ਼ਿਕਰਯੋਗ ਹੈ ਕਿ ਕਿਸਾਨ ਆਗੂਆਂ ਦੀ ਡੀ.ਸੀ. ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਨਾਲ ਮੀਟਿੰਗ ਚੱਲ ਰਹੀ ਹੈ।

  11. ਨਵਜੋਤ ਸਿੱਧੂ ਜਾਣਗੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ

    ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੀ ਮੌਤ ਦਾ ਅਫ਼ਸੋਸ ਜ਼ਾਹਿਰ ਕਰਨ ਉਨ੍ਹਾਂ ਦੇ ਪਿੰਡ ਮੂਸਾ ਜਾਣਗੇ।

    ਸਿੱਧੂ ਨੇ ਟਵੀਟ ਵਿੱਚ ਲਿਖਿਆ,“ਕੱਲ ਦੁਪਿਹਰ ਦੋ ਵਜੇ ਮੂਸਾ ਪਿੰਡ ਪਹੁੰਚਕੇ ਬਾਈ ਬਲਕੌਰ ਸਿੰਘ ਨਾਲ ਦੁੱਖ ਸਾਂਝਾ ਕਰਾਂਗਾ।”

    “ਉਥੇ ਹੀ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਮੀਡੀਆ ਨੂੰ ਸੰਬੋਧਨ ਕਰਾਂਗਾ।”

  12. ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜਲੰਧਰ ਜ਼ਿਮਨੀ ਚੋਣ ’ਚ ਪੰਜਾਬ ਸਰਕਾਰ ਵਿਰੁੱਧ ਕਰਨਗੇ ਪ੍ਰਚਾਰ

    ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਉਹ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਘਰ-ਘਰ ਜਾ ਕੇ ਪੰਜਾਬ ਸਰਕਾਰ ਦੀ ਕਥਿਤ ਵਾਅਦਾ ਖਿਲਾਫੀ ਵਿਰੁੱਧ ਪ੍ਰਚਾਰ ਕਰਨਗੇ।

    ਜਲੰਧਰ ਵਿੱਚ ਜ਼ਿਮਨੀ ਚੋਣ 10 ਮਈ ਨੂੰ ਹੋਣੀ ਹੈ ਅਤੇ 13 ਮਈ ਨੂੰ ਇਸ ਦੇ ਨਤੀਜੇ ਆਉਂਣੇ ਹਨ।

    ਬੀਬੀਸੀ ਸਹਿਯੋਗੀਸੁਰਿੰਦਰ ਮਾਨਮੁਕਾਬਕ ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਧਰਨਾ ਦਿੱਤਾ ਸੀ ਜਿਸ ਦੌਰਾਨ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾਵੇਗੀ ਪਰ ਹਾਲੇ ਤੱਕ ਉਹਨਾਂ ਨਾਲ ਕਿਸੇ ਨੇ ਸਪੰਰਕ ਨਹੀਂ ਕੀਤਾ।

    ਬਲਕੌਰ ਸਿੰਘ ਨੇ ਕਿਹਾ ਕਿ ਉਹ ਜੇਲ੍ਹ ਵਿੱਚ ਬੰਦ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ਼ ਲੜਾਈ ਜਾਰੀ ਰੱਖਣਗੇ ਭਾਵੇਂ ਉਹਨਾਂ ਦਾ ਆਪਣਾ ਬੁੱਤ ਵੀ ਸਿੱਧੂ ਮੂਸੇਵਾਲਾ ਦੇ ਨਾਲ ਹੀ ਲੱਗ ਜਾਵੇ।

  13. ਬੀਬੀਸੀ ਪੰਜਾਬੀ ਦੇ LIVE ਪੇਜ 'ਤੇ ਤੁਹਾਡਾ ਸੁਆਗਤ ਹੈ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਪੰਜਾਬ, ਭਾਰਤ ਤੇ ਕੌਮਾਂਤਰੀ ਪੱਧਰ ਤੇ ਹੋ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਵਾਂਗੇ।

    ਤੁਹਾਡੇ ਨਾਲ ਲਾਈਵ ਅਪਡੇਟਸ ਸਾਂਝੀ ਕਰ ਰਹੇ ਹਨ ਬੀਬੀਸੀ ਪੱਤਰਕਾਰ ਦਲੀਪ ਸਿੰਘ ਅਤੇ ਰਾਜਵੀਰ ਕੌਰ।

    ਜੇਕਰ ਤੁਸੀਂ 2 ਅਪਰੈਲ ਦੀਆਂ ਅਪਡੇਟਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।