You’re viewing a text-only version of this website that uses less data. View the main version of the website including all images and videos.

Take me to the main website

ਸਿੱਧੂ ਮੂਸੇਵਾਲਾ ਦੇ ਪਿਤਾ ਜਲੰਧਰ ਜ਼ਿਮਨੀ ਚੋਣ ’ਚ ਪੰਜਾਬ ਸਰਕਾਰ ਵਿਰੁੱਧ ਕਰਨਗੇ ਪ੍ਰਚਾਰ

ਨਵਜੋਤ ਸਿੰਘ ਸਿੱਧੂ ਦੀ ਵਾਪਸੀ ਨਾਲ ਪੰਜਾਬ ਦੀ ਸਿਆਸਤ ਵਿੱਚ ਕੀ ਬਦਲਾਅ ਆਉਣਗੇ? ਇਸ ਪੇਜ 'ਤੇ ਪੜ੍ਹੋ ਕੌਮੀ ਤੇ ਕੌਮਾਂਤਰੀ ਗਤੀਵਿਧੀਆਂ ਬਾਰੇ ਜਾਣਕਾਰੀ।

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ, ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਇਹ ਰਹੀਆਂ ਅੱਜ ਦਿਨ ਭਰ ਦੀਆਂ ਅਹਿਮ ਖ਼ਬਰਾਂ

    • ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਕਿਹਾ ਹੈ ਕਿ ਭਾਰਤ ਆਪਣੇ ਰਾਸ਼ਟਰੀ ਝੰਡੇ ਦਾ ਹੇਠਾਂ ਡੇਗਣਾ ਕਬੂਲ ਨਹੀਂ ਕਰੇਗਾ।
    • ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਉਹ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਘਰ-ਘਰ ਜਾ ਕੇ ਪੰਜਾਬ ਸਰਕਾਰ ਦੀ ਕਥਿਤ ਵਾਅਦਾ ਖਿਲਾਫੀ ਵਿਰੁੱਧ ਪ੍ਰਚਾਰ ਕਰਨਗੇ।
    • ਅਸਾਮ ਪਹੁੰਚੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਸਾਮ ਦੇ ਗੁਹਾਟੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ।
    • ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਰੇਲ ਰੋਕੋ ਅੰਦੋਲਨ, ਮੰਗਾਂ ਨਾ ਪੂਰੀਆਂ ਹੋਣ ਨੂੰ ਲੈ ਕੇ ਨਾਰਾਜ਼ਗੀ।
    • ਅਮਰੀਕਾ 'ਚ ਆਏ ਤੂਫ਼ਾਨ ਕਾਰਨ ਹੁਣ ਤੱਕ ਘੱਟੋ-ਘੱਟ 26 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ ਹੋ ਗਏ ਹਨ।
  2. ਜੈਸ਼ੰਕਰ ਦਾ ‘ਖਾਲਿਸਤਾਨੀਆਂ ਨੂੰ ਸੁਹੇਨਾ’: "ਭਾਰਤ ਆਪਣੇ ਰਾਸ਼ਟਰੀ ਝੰਡੇ ਨੂੰ ਹੇਠਾਂ ਨਹੀਂ ਡਿੱਗਣ ਦੇਵੇਗਾ"

    ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਕਿਹਾ ਹੈ ਕਿ, “ਭਾਰਤ ਆਪਣੇ ਰਾਸ਼ਟਰੀ ਝੰਡੇ ਦਾ ਹੇਠਾਂ ਡੇਗਣਾ ਕਬੂਲ ਨਹੀਂ ਕਰੇਗਾ।”

    ਐੱਸ ਜੈਸ਼ੰਕਰ ਨੇ ਇਹ ਬਿਆਨ ਭਾਜਪਾ ਵੱਲੋਂ ਕਰਨਾਟਕ ਦੇ ਧਾਰਵਾੜ ਵਿੱਚ ਰੱਖੇ ਸਮਾਗਮ ਦੌਰਾਨ ਦਿੱਤਾ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਐੱਸ ਜੈਸ਼ੰਕਰ ਨੇ ਕਿਹਾ, “ਇਹ ਸੁਨੇਹਾ ਸਿਰਫ਼ ਅਖੌਤੀ ਖਾਲਿਸਤਾਨੀਆਂ ਲਈ ਨਹੀਂ ਹੈ ਸਗੋਂ ਬ੍ਰਿਟਿਸ਼ ਲਈ ਵੀ ਹੈ ਕਿ ਮੇਰਾ ਝੰਡਾ ਹੈ, ਜੇਕਰ ਤੁਸੀਂ ਇਸ ਦੀ ਬੇਅਦਬੀ ਕਰੋਂਗੇ ਤਾਂ ਅਸੀਂ ਇਸ ਨੂੰ ਹੋਰ ਵੀ ਵੱਡਾ ਕਰਾਂਗੇ।”

    ਪਿਛਲੇ ਮਹੀਨੇ ਲੰਡਨ ਵਿਚਲੇ ਭਾਰਤੀ ਹਾਈ ਕਮਿਸ਼ਨ ਵਿੱਚ ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਪੰਜਾਬ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕੁਝ ਸਿੱਖ ਸੰਗਠਨਾਂ ਵਲੋਂ ਮੁਜ਼ਾਹਰਾ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਤੋਂ ਭਾਰਤੀ ਝੰਡਾ ਉਤਾਰ ਦਿੱਤਾ ਸੀ।

  3. ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜਲੰਧਰ ਜ਼ਿਮਨੀ ਚੋਣ ’ਚ ਪੰਜਾਬ ਸਰਕਾਰ ਵਿਰੁੱਧ ਕਰਨਗੇ ਪ੍ਰਚਾਰ

    ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਉਹ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਘਰ-ਘਰ ਜਾ ਕੇ ਪੰਜਾਬ ਸਰਕਾਰ ਦੀ ਕਥਿਤ ਵਾਅਦਾ ਖਿਲਾਫੀ ਵਿਰੁੱਧ ਪ੍ਰਚਾਰ ਕਰਨਗੇ।

    ਜਲੰਧਰ ਵਿੱਚ ਜ਼ਿਮਨੀ ਚੋਣ 10 ਮਈ ਨੂੰ ਹੋਣੀ ਹੈ ਅਤੇ 13 ਮਈ ਨੂੰ ਇਸ ਦੇ ਨਤੀਜੇ ਆਉਂਣੇ ਹਨ।

    ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਕਾਬਕ ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਧਰਨਾ ਦਿੱਤਾ ਸੀ ਜਿਸ ਦੌਰਾਨ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾਵੇਗੀ ਪਰ ਹਾਲੇ ਤੱਕ ਉਹਨਾਂ ਨਾਲ ਕਿਸੇ ਨੇ ਸਪੰਰਕ ਨਹੀਂ ਕੀਤਾ।

    ਬਲਕੌਰ ਸਿੰਘ ਨੇ ਕਿਹਾ ਕਿ ਉਹ ਜੇਲ੍ਹ ਵਿੱਚ ਬੰਦ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ਼ ਲੜਾਈ ਜਾਰੀ ਰੱਖਣਗੇ ਭਾਵੇਂ ਉਹਨਾਂ ਦਾ ਆਪਣਾ ਬੁੱਤ ਵੀ ਸਿੱਧੂ ਮੂਸੇਵਾਲਾ ਦੇ ਨਾਲ ਹੀ ਲੱਗ ਜਾਵੇ।

  4. ਕੇਜਰੀਵਾਲ ਨੇ ਅਸਾਮ ਦੇ ਮੁੱਖ ਮੰਤਰੀ 'ਤੇ ਸਾਧੇ ਨਿਸ਼ਾਨੇ

    ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।

    ਉਹਨਾਂ ਕਿਹਾ ਕਿ ਸੂਬੇ ਵਿੱਚ ਹੁਣ ਤੱਕ ਕਾਂਗਰਸ ਅਤੇ ਭਾਜਪਾ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਹਨ ਪਰ ਇਹਨਾਂ ਪਾਰਟੀਆਂ ਨੇ ਲੋਕਾਂ ਨੂੰ ਧੋਖਾ ਦਿੱਤਾ।

    ਕੇਜਰੀਵਾਲ ਨੇ ਆਪਣੇ ਭਾਸ਼ਣ ਵਿੱਚ ਕਿਹਾ, “ਹੁਣ ਲੋਕਾਂ ਨੇ ਸਾਨੂੰ ਬੁਲਾਇਆ ਹੈ। ਅਸਾਮ ਦੇ ਮੁੱਖ ਮੰਤਰੀ ਹੇਮੰਤ (ਬਿਸਵਾ ਸ਼ਰਮਾ) ਮੈਨੂੰ ਗ੍ਰਿਫਤਾਰ ਕਰਨ ਦੀਆਂ ਧਮਕੀਆਂ ਦੇ ਰਹੇ ਸਨ। ਹੇਮੰਤ ਨੇ ਅਸਾਮ ਦੀ ਸੱਭਿਆਚਾਰ ਨਹੀਂ ਸਿੱਖਿਆ।”

    ਉਨ੍ਹਾਂ ਕਿਹਾ, “ਹੇਮੰਤ ਬਾਬੂ ਨੇ ਬੇਰੁਜ਼ਗਾਰੀ ਦੂਰ ਕਰਨ ਦਾ ਵਾਅਦਾ ਕੀਤਾ ਸੀ ਪਰ 50 ਲੱਖ ਬੇਰੁਜ਼ਗਾਰ ਘੁੰਮ ਰਹੇ ਹਨ। ਇਹਨਾਂ ਦੀ ਸਰਕਾਰ ਸਮੇਂ ਪੇਪਰ ਲੀਕ ਹੋ ਜਾਂਦੇ ਹਨ। ਇਹ ਪੇਪਰ ਉਦੋਂ ਲੀਕ ਹੁੰਦੇ ਹਨ, ਜਦੋ ਕੋਈ ਵੇਚ ਰਿਹਾ ਹੋਵੇ।”

  5. ਭਗਵੰਤ ਮਾਨ: ਪੰਜਾਬ ’ਚ ਜਿੰਨਾਂ ਕੰਮਾਂ ਦੀ ਗਰੰਟੀ ਵੀ ਨਹੀਂ ਦਿੱਤੀ, ਉਹ ਵੀ ਕਰ ਦਿੱਤੇ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਸਾਮ ਦੇ ਗੁਹਾਟੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ।

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਾਂਗ ਅਸਾਮ ਵਿੱਚ ਵੀ ਕਾਂਗਰਸ ਅਤੇ ਭਾਜਪਾ ਵਾਰ-ਵਾਰ ਰਾਜ ਕਰ ਰਹੀਆਂ ਸਨ।

    ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਹੀ ਸਾਲ ਭ੍ਰਿਸ਼ਟਾਚਾਰ ਖਿਲਾਫ਼ ਹੈਲਪਲਾਈਨ ਜਾਰੀ ਕੀਤਾ, ਬਿਜਲੀ ਮੁਫਤ ਦਿੱਤੀ ਅਤੇ ਮੁਹੱਲਾ ਕਲੀਨਿਕ ਖੋਲੇ ਹਨ।

    ਉਨ੍ਹਾਂ ਕਿਹਾ, “ਜੋ ਕੰਮ ਪੰਜਾਬ ਵਿੱਚ 1966 ਤੋਂ ਲੈ ਕੇ ਕਾਂਗਰਸ ਅਤੇ ਭਾਜਪਾ ਨੇ ਨਹੀਂ ਕੀਤੇ ਸੀ, ਅਸੀਂ ਉਹ ਸਭ ਕੰਮ ਕਰ ਦਿੱਤੇ। ਜਿੰਨਾਂ ਕੰਮਾਂ ਦੀ ਅਸੀਂ ਗਰੰਟੀ ਵੀ ਨਹੀਂ ਦਿੱਤੀ ਸੀ, ਉਹ ਵੀ ਕਰ ਦਿੱਤੇ। ਅਸੀਂ ਕਿਹਾ ਜੋ ਕੰਮ ਲੋਕਾਂ ਦੇ ਹਿੱਤ ਵਿੱਚ ਹਨ, ਉਹਨਾਂ ਨੂੰ ਕਰੋ।”

    ਭਗਵੰਤ ਮਾਨ ਅਸਾਮ ਵਿੱਚ ਨਿੱਜੀ ਸਕੂਲਾਂ ਦੇ ਖੁੱਲ੍ਹ ਬਾਰੇ ਬੋਲਦਿਆਂ ਕਿਹਾ, “ਜੇਕਰ ਸਟੇਟ ਨੂੰ ਚਲਾਉਣ ਵਾਲੇ ਖੁਦ ਸਕੂਲ ਖੋਲਣਗੇ ਤਾਂ ਸਰਕਾਰੀ ਸਕੂਲਾਂ ਦਾ ਕੀ ਹਾਲ ਹੋਵੇਗਾ।”

  6. ਹੁਣ ਤੱਕ ਦੇ ਅਹਿਮ ਘਟਨਾਕ੍ਰਮ

    • ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਰੇਲ ਰੋਕੋ ਅੰਦੋਲਨ, ਮੰਗਾਂ ਨਾ ਪੂਰੀਆਂ ਹੋਣ ਨੂੰ ਲੈ ਕੇ ਨਾਰਾਜ਼ਗੀ
    • ਅੰਮ੍ਰਿਤਸਰ-ਪਠਾਨਕੋਟ ਰੇਲ ਮਾਰਗ ਅਤੇ ਬਟਾਲਾ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ
    • ਕਿਸਾਨਾਂ ਦੀਆਂ ਐਕੁਆਇਰ ਜ਼ਮੀਨਾਂ ਦੇ ਵਾਜ਼ਿਬ ਮੁਆਵਜ਼ੇ ਤੇ ਫਸਲਾਂ ਦੇ ਮੁਆਵਜ਼ੇ ਸਣੇ ਕਈ ਹਨ ਮੰਗਾਂ
    • ਅਮਰੀਕਾ 'ਚ ਆਏ ਤੂਫ਼ਾਨ ਕਾਰਨ ਹੁਣ ਤੱਕ ਘੱਟੋ-ਘੱਟ 26 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ
    • 60 ਵਾਵਰੋਲੀਆਂ ਦੀ ਰਿਪੋਰਟ, ਕਈ ਸੂਬਿਆਂ 'ਚ ਘਰ ਤਬਾਹ ਤੇ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ
    • ਭਾਰਤ ਦੇ ਸਾਬਕਾ ਮਸ਼ਹੂਰ ਕ੍ਰਿਕਟਰ ਸਲੀਮ ਦੁਰਾਨੀ ਦਾ 88 ਸਾਲ ਦੀ ਉਮਰ 'ਚ ਹੋਇਆ ਦੇਹਾਂਤ
  7. ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਰੇਲ ਰੋਕੋ ਅੰਦੋਲਨ

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਈ ਮੁੱਦਿਆਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ 'ਚ ਕਿਸਾਨਾਂ ਵੱਲੋਂ ਅੱਜ ਅੰਮ੍ਰਿਤਸਰ-ਪਠਾਨਕੋਟ ਰੇਲ ਮਾਰਗ ਅਤੇ ਬਟਾਲਾ ਰੇਲਵੇ ਸਟੇਸ਼ਨ ਵਿਖੇ ਅਣਮਿਥੇ ਸਮੇ ਤੱਕ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਹੈ।

    ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਕੀਤਾ ਗਿਆ ਸੀ। ਕਿਸਾਨਾਂ ਮੁਤਾਬਕ ਸਰਕਾਰ ਨੇ ਉਸ ਵੇਲੇ ਉਨ੍ਹਾਂ ਨੂੰ ਇਸ ਸਬੰਧੀ ਕਾਰਵਾਈ ਦਾ ਭਰੋਸਾ ਦਿਵਾਇਆ ਸੀ, ਜਿਸ ਕਾਰਨ ਉਸ ਵੇਲੇ ਅੰਦੋਲਨ ਖਤਮ ਕਰ ਦਿੱਤਾ ਗਿਆ ਸੀ।

    ਪਰ ਹੁਣ ਤਿੰਨ ਮਹੀਨਿਆਂ ਬਾਅਦ ਵੀ ਜਦੋਂ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਹਨ ਤਾਂ ਉਹ ਮੁੜ ਧਰਨੇ 'ਤੇ ਬੈਠ ਗਏ ਹਨ।

    ਇਹ ਕਿਸਾਨ, ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਕਲਣ ਵਾਲੇ ਹਾਈਵੇ ਲਈ ਕਿਸਾਨਾਂ ਦੀ ਐਕੁਆਇਰ ਜਮੀਨਾਂ ਦੇ ਇੱਕਸਾਰ ਤੇ ਵਾਜ਼ਿਬ ਮੁਆਵਜ਼ੇ ਨਾ ਮਿਲਣ ਦੇ ਇਲਜ਼ਾਮ ਲਗਾਉਂਦੇ ਹਨ।

    ਇਸ ਦੇ ਨਾਲ ਹੀ ਉਹ ਮੀਂਹ ਨਾਲ ਖਰਾਬ ਹੋਈ ਫਸਲ ਦੇ ਮੁਆਵਜ਼ੇ, ਗੰਨੇ ਦੇ ਬਕਾਏ ਦੀ ਅਦਾਇਗੀ, ਮੋਰਚਿਆਂ ਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ੇ ਅਤੇ ਨੌਕਰੀਆਂ ਸਮੇਤ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ ਵਿਰੋਧ ਕਰ ਰਹੇ ਹਨ।

  8. ਅਮਰੀਕਾ 'ਚ ਤੂਫ਼ਾਨ: ਹੁਣ ਤੱਕ ਘੱਟੋ-ਘੱਟ 26 ਲੋਕਾਂ ਦੀ ਮੌਤ, 60 ਵਾਰ ਆਇਆ ਵਾਵਰੋਲਾ

    ਅਮਰੀਕਾ ਦੇ ਦੱਖਣ ਅਤੇ ਮੱਧ ਪੱਛਮ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਵਾਰ-ਵਾਰ ਵਾਵਰੋਲੇ ਆਉਣ ਕਾਰਨ ਹੁਣ ਤੱਕ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਇਹ ਵਾਵਰੋਲੇ ਇੰਨੇ ਖਤਰਨਾਕ ਸਨ ਕਿ ਕਈ ਸੂਬਿਆਂ ਵਿੱਚ ਭਾਰੀ ਤਬਾਹੀ ਮਚੀ ਹੈ ਤੇ ਕਿੰਨੇ ਹੀ ਘਰ ਤਬਾਹ ਹੋ ਗਏ ਹਨ।

    ਤੂਫ਼ਾਨ ਦੇ ਕਾਰਨ ਹੀ ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਨੂੰ ਮਜਬੂਰ ਹਨ।

    ਵਾਸ਼ਿੰਗਟਨ ਪੋਸਟ ਦੇ ਅਨੁਸਾਰ, ਪ੍ਰਭਾਵਿਤ ਇਲਾਕਿਆਂ ਵਿੱਚ 60 ਤੋਂ ਵੱਧ ਵਾਵਰੋਲਿਆਂ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ।

    ਇਸ ਮੌਸਮੀ ਗੜਬੜੀ ਕਾਰਨ ਅਮਰੀਕਾ ਦੇ ਅਰਕੰਸਾਸ, ਟੈਨੇਸੀ, ਇਲੀਨੋਇਸ, ਇੰਡੀਆਨਾ, ਅਲਾਬਾਮਾ ਅਤੇ ਮਿਸੀਸਿਪੀ ਸੂਬਿਆਂ ਵਿੱਚ ਮੌਤਾਂ ਦੀ ਰਿਪੋਰਟ ਹੈ।

    ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

    ਇੱਕ ਮਹਿਲਾ ਨੇ ਖਬਰ ਏਜੰਸੀ ਐਸੋਸੀਏਟਿਡ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਜਦੋਂ ਵਾਵਰੋਲਾ ਆਇਆ ਤਾਂ ਉਹ, ਉਨ੍ਹਾਂ ਦੇ ਪਤੀ ਅਤੇ ਬੱਚੇ ਇੱਕ ਨਿੱਕੇ ਜਿਹੇ ਗੁਸਲਖਾਨੇ 'ਚ ਲੁਕ ਗਏ।

    ਉਨ੍ਹਾਂ ਕਿਹਾ, ''ਅਸੀਂ ਪ੍ਰਾਰਥਨਾ ਕਰ ਰਹੇ ਸੀ ਅਤੇ ਇੱਕ-ਦੂਜੇ ਨੂੰ ਅਲਵਿਦਾ ਕਹਿ ਰਹੇ ਸੀ ਕਿਉਂਕਿ ਸਾਨੂੰ ਲੱਗ ਰਿਹਾ ਸੀ ਕਿ ਅਸੀਂ ਜ਼ਿੰਦਾ ਨਹੀਂ ਬਚਾਂਗੇ।''

    ''ਅਸੀਂ ਮਹਿਸੂਸ ਕਰ ਸਕਦੇ ਸੀ ਕਿ ਘਰ ਹਿੱਲ ਰਿਹਾ ਸੀ, ਬਹੁਤ ਰੌਲਾ ਸੀ, ਭਾਂਡੇ ਵੱਜ ਰਹੇ ਸਨ ਅਤੇ ਫਿਰ ਇੱਕਦਮ ਸਭ ਕੁਝ ਸ਼ਾਂਤ ਹੋ ਗਿਆ।''

    ਇਸ ਮਹਿਲਾ ਦੇ ਘਰ ਨੂੰ ਤਾਂ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ ਪਰ ਖੁਸ਼ਕਿਸਮਤੀ ਨਾਲ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਂ ਬਚ ਗਈ।

    ਦੇਖੋ ਕੁਝ ਤਸਵੀਰਾਂ

  9. ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਤੋਂ ਰਿਹਾਈ ਮਗਰੋਂ ਪੰਜਾਬ ਦੀ ਸਿਆਸਤ 'ਤੇ ਕੀ ਅਸਰ ਪਵੇਗਾ

    ਕਾਂਗਰਸ ਆਗੂ ਨਵਜੋਤ ਸਿੰਘ ਸਿੰਧੂ 'ਰੋਡ ਰੇਜ' ਮਾਮਲੇ ਵਿੱਚ ਲਗਭਗ 10 ਮਹੀਨਿਆਂ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਹੋ ਗਏ ਹਨ।

    ਬਾਹਰ ਆਉਂਦੀਆਂ ਹੀ ਸਿੱਧੂ ਨੇ ਇੱਕ ਵਾਰ ਫਿਰ ਕੇਂਦਰ ਅਤੇ ਸੂਬਾ ਸਰਕਾਰ ਨੂੰ ਘੇਰਿਆ ਅਤੇ ਰਾਹੁਲ ਗਾਂਧੀ ਦੀ ਪ੍ਰਸ਼ੰਸਾ ਕੀਤੀ।

    ਨਵਜੋਤ ਸਿੰਘ ਸਿੱਧੂ ਦੀ ਵਾਪਸੀ ਦਾ ਪੰਜਾਬ ਦੀ ਸਿਆਸਤ 'ਤੇ ਕੀ ਅਸਰ ਹੋਵੇਗਾ, ਇਸ ਬਾਰੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਮੁਹੰਮਦ ਖਾਲਿਦ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਸਾਬਕਾ ਮੁਖੀ ਡਾ. ਜਗਰੂਪ ਸਿੰਘ ਸੇਖੋਂ ਨਾਲ ਗੱਲਬਾਤ ਕੀਤੀ।

    ਮਾਹਿਰਾਂ ਦੀ ਰਾਇ ਨੂੰ ਕੁਝ ਨੁਕਤਿਆਂ 'ਚ ਸਮਝੋ:

    • ਸਿੱਧੂ ਦਾ ਪ੍ਰਭਾਵ ਮੁੜ ਬਣਨ 'ਚ ਕੁਝ ਸਮਾਂ ਲੱਗੇਗਾ ਤੇ ਇਹ ਵੀ ਸਕਦਾ ਹੈ ਕਿ ਉਹ ਕਾਮਯਾਬ ਨਾ ਹੋਣ
    • ਪੰਜਾਬ 'ਚ ਜੋ ਮਾਹੌਲ ਹੈ, ਉਸ ਨੂੰ ਦੇਖਦਿਆਂ ਸਿੱਧੂ ਨੂੰ ਪਾਰਟੀ ਲਾਈਨ ਮੁਤਾਬਕ ਹੀ ਚੱਲਣਾ ਪਵੇਗਾ
    • ਸਿੱਧੂ ਚੁੱਪ ਬੈਠਣ ਵਾਲੇ ਨਹੀਂ, ਸਜ਼ਾ ਪੂਰੀ ਕਰਨ ਤੋਂ ਬਾਅਦ ਪਹਿਲਾਂ ਨਾਲੋਂ ਜ਼ਿਆਦਾ ਦਬੰਗ ਨਜ਼ਰ ਆ ਸਕਦੇ ਹਨ
    • ਇਹ ਵੀ ਦੇਖਣਾ ਬਹੁਤ ਜ਼ਰੂਰੀ ਕਿ ਕਾਂਗਰਸ ਤੇ ਹੋਰ ਆਗੂ ਉਨ੍ਹਾਂ ਲਈ ਕਿੰਨੀ ਥਾਂ ਛੱਡਣ ਨੂੰ ਤਿਆਰ ਹਨ
    • ਨਵਜੋਤ ਸਿੰਘ ਸਿੱਧੂ ਤੇ ਭਗਵੰਤ ਮਾਨ ਦਾ ਟਕਰਾਅ ਤਾਂ ਹੋਵੇਗਾ, ਪਾਰਟੀ ਪ੍ਰਧਾਨ ਵਜੋਂ ਉਨ੍ਹਾਂ ਆਪਣੀ ਸਰਕਾਰ ਨਹੀਂ ਬਖਸ਼ੀ
    • ਰਾਹੁਲ ਦੀ ਪ੍ਰਸ਼ੰਸਾ ਦਾ ਮਤਲਬ ਹੈ ਕਿ ਹਾਈ ਕਮਾਂਡ ਨਾਲ ਉਨ੍ਹਾਂ ਦੀ ਨਜ਼ਦੀਕੀ ਬਣੀ ਹੋਈ ਹੈ ਤੇ ਬਣੀ ਰਹੇਗੀ
    • ਸਿੱਧੂ ਦੀ ਪਛਾਣ ਹੈ, ਅਕਸ ਵੀ ਠੀਕ ਹੈ ਬਸ ਆਪ ਹੁਦਰਾਪਣ ਵਾਲੀ ਚੀਜ਼ ਛੱਡਣ ਦੀ ਲੋੜ ਹੋਵੇਗੀ
    • ਸਿੱਧੂ ਆਪਣੇ ਅੰਦਾਜ਼ ਵਿੱਚ ਹੀ ਨਜ਼ਰ ਆ ਰਹੇ ਹਨ ਤੇ ਸੂਬਾ ਸਰਕਾਰ ਲਈ ਇਹ ਇੱਕ ਨਵੀਂ ਚੁਣੌਤੀ ਹੋਵੇਗੀ
  10. ਨਵਜੋਤ ਸਿੰਘ ਸਿਧੂ ਦੀ ਵਾਪਸੀ ਬਾਰੇ ਮਾਹਿਰਾਂ ਦੀ ਇਹ ਹੈ ਰਾਇ

    ਰੋਡਰੇਜ ਮਾਮਲੇ ਵਿੱਚ ਕਰੀਬ 10 ਮਹੀਨੇ ਦੀ ਜੇਲ੍ਹ ਕੱਟ ਕੇ ਆਏ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਇੱਕ ਵਾਰ ਮੁੜ ਆਪਣੇ ਪੁਰਾਣੇ ਅੰਦਾਜ਼ ਵਿੱਚ ਨਜ਼ਰ ਆਏ।

    ਸੂਬੇ ਵਿੱਚ ਮੌਜੂਦਾ ਸਰਕਾਰ ਨੂੰ ਸਵਾਲ ਕਰਦੇ, ਕੇਂਦਰ ਸਰਕਾਰ ਉੱਤੇ ਵਰ੍ਹਦੇ ਤੇ ਰਾਹੁਲ ਗਾਂਧੀ ਦੇ ਗੁਣਗਾਣ ਕਰਦੇ।

    2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਦੇ ਕੁਝ ਆਗੂ ਹਾਰ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਮੰਨਦੇ ਰਹੇ ਹਨ, ਤਾਂ ਕੀ ਅਜਿਹੇ ਵਿੱਚ ਹੁਣ ਕਾਂਗਰਸ ਪਾਰਟੀ ਦੇ ਵਿੱਚ ਉਨ੍ਹਾਂ ਨੂੰ ਉਹ ਪੁਰਾਣੀ ਥਾਂ ਵਾਪਿਸ ਮਿਲੇਗੀ?

    ਜਾਣੋ ਇਸ ਬਾਰੇ ਸਿਆਸੀ ਮਾਹਿਰ ਕੀ ਕਹਿ ਰਹੇ ਹਨ।

    (ਰਿਪੋਰਟ- ਰਵਿੰਦਰ ਸਿੰਘ ਰੌਬਿਨ ਤੇ ਮਯੰਕ ਮੋਂਗੀਆ, ਐਡਿਟ- ਅਸਮਾ ਹਾਫਿਜ਼)

  11. ਮਸ਼ਹੂਰ ਭਾਰਤੀ ਕ੍ਰਿਕਟਰ ਸਲੀਮ ਦੁੱਰਾਨੀ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ

    ਭਾਰਤ ਦੇ ਸਾਬਕਾ ਕ੍ਰਿਕਟਰ ਸਲੀਮ ਦੁੱਰਾਨੀ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਖ਼ਬਰ ਏਜੰਸੀ ਏਐਨਆਈ ਮੁਤਾਬਕ, ਉਹ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ।

    ਕ੍ਰਿਕਟ ਜਗਤ ਨਾਲ ਜੁੜੇ ਕਈ ਜਾਣੇ ਪਛਾਣੇ ਲੋਕ ਅਤੇ ਸਿਆਸੀ ਆਗੂ ਸਲੀਮ ਦੁੱਰਾਨੀ ਨੂੰ ਸ਼ਰਧਾਂਜਲੀ ਦੇ ਰਹੇ ਹਨ।

    ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਅਤੇ ਖਿਡਾਰੀ ਰਵੀ ਸ਼ਾਸਤਰੀ ਨੇ ਉਨ੍ਹਾਂ ਦੀ ਪੁਰਾਣੀ ਤਸਵੀਰ ਟਵੀਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ।

    ਸਲੀਮ ਦੁੱਰਾਨੀ ਬਾਰੇ ਕੁਝ ਖਾਸ ਗੱਲਾਂ:

    • ਸਲੀਮ ਦਾ ਜਨਮ 11 ਦਸੰਬਰ 1934 ਨੂੰ ਅਫਗਾਨਿਸਤਾਨ ਦੇ ਕਾਬੁਲ ਵਿੱਚ ਹੋਇਆ ਸੀ
    • ਸਲੀਮ ਆਪਣੇ ਸਮੇਂ 'ਚ ਭਾਰਤ ਦੇ ਬਿਹਤਰੀਨ ਆਲਰਾਊਂਡਰ ਮੰਨੇ ਜਾਂਦੇ ਸਨ
    • ਦੁਰਾਨੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਦਰਸ਼ਕਾਂ ਦੀ ਮੰਗ 'ਤੇ ਛੱਕਾ ਲਗਾ ਦਿੰਦੇ ਸਨ
    • ਕ੍ਰਿਕਬਜ਼ ਮੁਤਾਬਕ, ਸਲੀਮ ਨੇ ਕੁੱਲ 29 ਟੈਸਟ ਮੈਚਾਂ ਵਿੱਚ 1202 ਰਨ ਬਣਾਏ ਸਨ
  12. ਤੁਹਾਡਾ ਸੁਆਗਤ ਹੈ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਪੰਜਾਬ, ਭਾਰਤ ਤੇ ਕੌਮਾਂਤਰੀ ਪੱਧਰ ਤੇ ਹੋ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਵਾਂਗੇ।