ਅਮ੍ਰਿਤਪਾਲ ਸਿੰਘ ਪੰਜਾਬ ਤੋਂ ਬਾਹਰ,ਕਿਸੇ ਕਿਸਮ ਦੀ ਫੌਜ ਖੜੀ ਕਰਨ ਦੀ ਕੋਸ਼ਿਸ਼ ਸੀ: ਪੰਜਾਬ ਪੁਲਿਸ

ਅਮ੍ਰਿਤਪਾਲ ਸਿੰਘ ਦੇ ਖਿਲਾਫ ਪੁਲਿਸ ਦੀ ਕਾਰਵਾਈ ਜਾਰੀ ਹੈ। ਪੁਲਿਸ ਦਾ ਦਾਅਵਾ ਹੈ ਕਿ ਉਹ ਅਜੇ ਵੀ ਫਰਾਰ ਹੈ।

ਲਾਈਵ ਕਵਰੇਜ

  1. ਅਮ੍ਰਿਤਪਾਲ ਸਿੰਘ- ਹੁਣ ਤੱਕ ਕੀ-ਕੀ ਹੋਇਆ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਜਾਣੋ ਅਮ੍ਰਿਤਪਾਲ ਸਿੰਘ ਮਾਮਲੇ ਵਿੱਚ ਅੱਜ ਕੀ-ਕੀ ਹੋਇਆ।

    • ਪੰਜਾਬ ਪੁਲਿਸ ਮੁਤਾਬਕ ਅਮ੍ਰਿਤਪਾਲ ਸਿੰਘ ਪੰਜਾਬ ਤੋਂ ਬਾਹਰ ਜਾ ਚੁੱਕਿਆ ਹੈ। ਪੁਲਿਸ ਦੀ ਆਖਰੀ ਸੂਚਨਾ ਮੁਤਾਬਕ ਉਸ ਨੂੰ ਆਖਰੀ ਵਾਰ ਹਰਿਆਣਾ ਵਿੱਚ ਵੇਖਿਆ ਗਿਆ ਹੈ।
    • ਪੁਲਿਸ ਮੁਤਾਬਕ ਹਰਿਆਣਾ ਵਿੱਚ ਜਿੱਥੇ ਅਮ੍ਰਿਤਪਾਲ ਸਿੰਘ ਰੁਕਿਆ ਸੀ ਉੱਥੋਂ ਇੱਕ ਔਰਤ ਬਲਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
    • ਆਈਜੀ (ਹੈੱਡਕੁਆਟਰ) ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਅਮ੍ਰਿਤਪਾਲ ਸਿੰਘ ਨੂੰ ਸੇਖੂਪੁਰਾ ਨੇੜੇ ਗੁਰਦੁਆਰਾ ਵਿੱਚ ਦੇਖਿਆ ਗਿਆ ਉਸ ਨੇ ਪਹਿਲਾਂ ਨਦੀ ਨੂੰ ਪਾਰ ਕਰਨ ਲਈ ਬੇੜੀ ਦੀ ਭਾਲ ਕੀਤੀ। ਪਰ ਬੇੜੀ ਨਾ ਮਿਲਣ ਦੀ ਸੂਰਤ ਵਿੱਚ ਲਾਡੋਵਾਲ ਦੇ ਪੁਰਾਣੇ ਪੁੱਲ਼ ਰਾਹੀਂ ਨਦੀ ਪਾਰ ਕੀਤੀ।
    • ਹੁਣ ਤੱਕ ਇਸ ਮਾਮਲੇ ਵਿੱਚ 207 ਬੰਦਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਇਨ੍ਹਾਂ ਵਿੱਚੋਂ 30 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ।
    • 177 ਲੋਕਾਂ ਨੂੰ ਪ੍ਰੀਵੈਂਟਿਵ ਕਸਟਡੀ ਵਿੱਚ ਰੱਖਿਆ ਗਿਆ ਹੈ ਤਾਂ ਜੋ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰਹੇ। ਇਨ੍ਹਾਂ ਨੂੰ ਜਲਦ ਛੱਡ ਦਿੱਤਾ ਜਾਵੇਗਾ।
    • ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਪੁਲਿਸ ਕਾਰਵਾਈ ਵਿੱਚ ਉਨ੍ਹਾਂ ਦੇ ਗ੍ਰਿਫ਼ਤਾਰ ਕੀਤੇ ਗਏ 11 ਸਾਥੀਆਂ ਨੂੰ ਅੱਜ ਵੀਰਵਾਰ ਨੂੰ ਬਾਬਾ ਬਕਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ।
  2. ਹੁਣ ਤੱਕ 207 ਲੋਕ ਲਏ ਹਿਰਾਸਤ ਵਿੱਚ: ਪੁਲਿਸ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਪੁਲਿਸ ਮੁਤਾਬਕ ਖੰਨਾ ਪੁਲਿਸ ਨੇ ਇੱਕ ਹੋਰ ਬੰਦਾ ਗ੍ਰਿਫ਼ਤਾਰ ਕੀਤਾ, ਜਿਸ ਦਾ ਨਾਮ ਤੇਜਿੰਦਰ ਸਿੰਘ ਉਰਫ਼ ਗੋਰਖ਼ਾ ਬਾਬਾ ਹੈ। ਉਸ ਦੇ ਫੋਨ ਦੀ ਭਾਲ ਕਰਦਿਆਂ ਉਸ ਵਿੱਚੋਂ ਕਾਫੀ ਕੁਝ ਮਿਲਿਆ ਜੋ ਉਨ੍ਹਾਂ ਦੇ ਐਂਟੀ ਨੈਸ਼ਨਲ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਵੱਲ ਇਸ਼ਾਰਾ ਕਰਦਾ ਹੈ।

    ਫੋਨ ਵਿੱਚ ਦੇਖਿਆ ਕਿ ਉਹ ਜੱਲੂਪੁਰ ਖੇੜਾ ਨੇੜੇ ਫਾਇਰਿੰਗ ਰੇਂਜ ਬਣਾ ਕੇ ਪ੍ਰੈਕਟਿਸ ਕਰ ਰਹੇ ਸਨ। ਬਾਕੀ ਉਸ ਕੋਲੋਂ ਅਗਲੇਰੀ ਪੁੱਛਗਿੱਛ ਜਾਰੀ ਹੈ।

    ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿੱਚ 207 ਬੰਦਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਇਨ੍ਹਾਂ ਵਿੱਚੋਂ 30 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ।

    177 ਲੋਕਾਂ ਨੂੰ ਪ੍ਰੀਵੈਂਟਿਵ ਕਸਟਡੀ ਵਿੱਚ ਰੱਖਿਆ ਗਿਆ ਹੈ ਤਾਂ ਜੋ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰਹੇ। ਇਨ੍ਹਾਂ ਨੂੰ ਜਲਦ ਛੱਡ ਦਿੱਤਾ ਜਾਵੇਗਾ।

  3. ਅਮ੍ਰਿਤਪਾਲ ਸਿੰਘ ਛੇਤੀ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਵੇਗਾ- ਪੁਲਿਸ

    ਅਮ੍ਰਿਤਪਾਲ ਸਿੰਘ

    ਪੰਜਾਬ ਪੁਲਿਸ ਦੇ ਆਈਜੀ ਹੈੱਡਕੁਆਟਰ ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਮ੍ਰਿਤਪਾਲ ਸਿੰਘ ਦੀ ਭਾਲ ਜਾਰੀ ਹੈ ਅਤੇ ਉਹ ਛੇਤੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਵੇਗਾ।

    ਸੁਖਚੈਨ ਸਿੰਘ ਨੇ ਕਿਹਾ ਇਸ ਵਿੱਚ ਸਪੱਸ਼ਟ ਨਿਰਦੇਸ਼ ਹਨ ਕਿ ਕਿਸੇ ਬੇਕਸੂਰ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਇਸ ਲਈ ਪੁਲਿਸ ਪੂਰੀ ਸਕਰੀਨਿੰਗ ਕਰ ਰਹੀ ਹੈ।

    ਉਨ੍ਹਾਂ ਨੇ ਕਿਹਾ ਕਿ ਅਮ੍ਰਿਤਪਾਲ ਸਿੰਘ ਨੂੰ ਸੇਖੂਪੁਰਾ ਨੇੜੇ ਗੁਰਦੁਆਰਾ ਵਿੱਚ ਦੇਖਿਆ ਗਿਆ, ਉਸ ਤੋਂ ਬਾਅਦ ਨਦੀ ਨੂੰ ਪਾਰ ਕਰਨ ਲਈ ਉਨ੍ਹਾਂ ਨੇ ਪਹਿਲਾਂ ਬੇੜੀ ਦੀ ਭਾਲ ਕੀਤੀ। ਪਰ ਬੇੜੀ ਨਾ ਮਿਲਣ ਦੀ ਸੂਰਤ ਵਿੱਚ ਲਾਡੋਵਾਲ ਦੇ ਪੁਰਾਣੇ ਪੁੱਲ਼ ਰਾਹੀਂ ਨਦੀ ਪਾਰ ਕੀਤੀ।

    ਪੁਲਿਸ ਮੁਤਾਬਕ, ਅਮ੍ਰਿਤਪਾਲ ਹਰਿਆਣਾ ਵਿੱਚ ਸਨ।

    ਸੁਖਚੈਨ ਗਿੱਲ ਨੇ ਕਿਹਾ, "ਹਰਿਆਣਾ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਤਹਿਤ ਇੱਕ ਬਲਜੀਤ ਕੌਰ ਨਾਮ ਦੀ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਦੇ ਘਰ ਉਹ ਰੁਕਿਆ ਸੀ।"

    "ਅਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਇਸ ਔਰਤ ਨੂੰ ਪਹਿਲਾਂ ਤੋਂ ਜਾਣਦੇ ਸਨ।"

  4. 95 ਸਾਲਾ ਪ੍ਰਕਾਸ਼ ਸਿੰਘ ਬਾਦਲ ਹੋਏ ਅਦਾਲਤ ’ਚ ਪੇਸ਼

    ਕੋਟਕਪੂਰਾ ਗੋਲੀਕਾਂਡ
    ਤਸਵੀਰ ਕੈਪਸ਼ਨ, ਫ਼ਰੀਦਕੋਟ ਅਦਾਲਤ ਪਹੁੰਚੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 95 ਸਾਲ ਦੀ ਉਮਰ ਵਿੱਚ ਫ਼ਰੀਦਕੋਟ ਅਦਾਲਤ ਵਿੱਚ ਪੇਸ਼ੀ ਲਈ ਪਹੁੰਚੇ।

    ਇਹ ਪੇਸ਼ੀ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸੀ।

  5. ਕੋਟਕਪੂਰਾ ਗੋਲੀਕਾਂਡ: ਵੱਡੀ ਗਿਣਤੀ ਅਕਾਲੀ ਵਰਕਰ ਪਹੁੰਚੇ ਫ਼ਰੀਦਕੋਟ ਅਦਾਲਤ ਦੇ ਬਾਹਰ

    ਕੋਟਕਪੂਰਾ ਗੋਲੀ ਕਾਂਢ
    ਤਸਵੀਰ ਕੈਪਸ਼ਨ, ਫ਼ਰੀਦਕੋਟ ਅਦਾਲਤ ਦੇ ਬਾਹਰ ਵੱਡੀ ਗਿਣਤੀ

    ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਫ਼ਰੀਦਕੋਟ ਅਦਾਲਤ ’ਚ ਅੱਜ ਪੇਸ਼ ਹੋਏ। ਇਸ ਮੌਕੇ ਵੱਡੀ ਗਿਣਤੀ ’ਚ ਅਕਾਲੀ ਵਰਕਰ ਅਦਾਲਤ ਦੇ ਬਾਹਰ ਇਕੱਠੇ ਹੋਏ ਹਨ।

  6. ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋਏ

    ਕੋਟਕਪੂਰਾ ਗੋਲੀ ਕਾਂਡ
    ਤਸਵੀਰ ਕੈਪਸ਼ਨ, ਸੁਖਬੀਰ ਬਾਦਲ ਆਪਣੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਹੋਏ

    ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀਰਵਾਰ ਨੂੰ ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਫ਼ਰੀਦਕੋਟ ਅਦਾਲਤ 'ਚ ਪੇਸ਼ ਹੋਏ।

    ਫ਼ਰੀਦਕੋਟ ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਚਾਰਜਸ਼ੀਟ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਜ਼ਮਾਨਤੀ ਬਾਂਡ ਵੀ ਜਮ੍ਹਾਂ ਕਰਵਾਏ ਹਨ।

    ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।

    ਇਸ ਤੋਂ ਇਲਾਵਾ ਬਾਦਲ ਵੱਲੋਂ ਪੰਜਾਬ ਪੁਲੀਸ ਦੇ ਛੇ ਸੀਨੀਅਰ ਅਧਿਕਾਰੀਆਂ ਜਿਨ੍ਹਾਂ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸ਼ਾਮਿਲ ਹਨ ਵੀ ਇਸ ਮਾਮਲੇ ਵਿੱਚ ਮੁਲਜ਼ਮ ਬਣਾਏ ਗਏ ਹਨ।

  7. ਅਮ੍ਰਿਤਪਾਲ ਸਿੰਘ ਦੇ 11 ਸਾਥੀਆਂ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ’ਤੇ ਭੇਜਿਆ ਗਿਆ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਇਹ ਤਸਵੀਰ 21 ਮਾਰਚ ਨੂੰ ਮੁਹਾਲੀ ਵਿੱਚ ਏਅਰਪੋਰਟ ਰੋਡ ’ਤੇ ਲਗਾਏ ਗਏ ਮੋਰਚੇ ਨੂੰ ਹਟਾਏ ਜਾਣ ਦੀ ਹੈ

    ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਪੁਲਿਸ ਕਾਰਵਾਈ ਵਿੱਚ ਉਨ੍ਹਾਂ ਦੇ ਗ੍ਰਿਫ਼ਤਾਰ ਕੀਤੇ ਗਏ 11 ਸਾਥੀਆਂ ਨੂੰ ਅੱਜ ਵੀਰਵਾਰ ਨੂੰ ਬਾਬਾ ਬਕਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ।

    ਉਨ੍ਹਾਂ ਦੇ ਸਾਥੀਆਂ ਹਰਮਿੰਦਰ ਸਿੰਘ, ਗੁਰਪਾਲ ਸਿੰਘ ਤੇ ਸਬਰੀਤ ਸਿੰਘ ਦੇ ਮਾਮਲੇ ਵਿੱਚ ਉਨ੍ਹਾਂ ਦੇ ਵਕੀਲ ਸ਼ੁਕਰਗੁਜ਼ਾਰ ਸਿੰਘ ਬਾਬਾ ਬਕਾਲਾ ਅਦਾਲਤ ਵਿੱਚ ਮੌਜੂਦ ਸਨ।

    ਸ਼ੁਕਰਗੁਜ਼ਾਰ ਸਿੰਘ ਨੇ ਦੱਸਿਆ ਕਿ ਅਮ੍ਰਿਤਪਾਲ ਦੇ 11 ਸਾਥੀਆਂ ਖ਼ਿਲਾਫ਼ ਖਲਚੀਆਂ ਥਾਣੇ ਵਿੱਚ ਮਾਮਲਾ ਦਰਜ ਹੈ ਜਿਸ ਵਿੱਚ ਲਾਪਰਵਾਹੀ ਨਾਲ ਗੱਡੀ ਚਲਾਉਣ ਤੇ ਪੁਲਿਸ ਕਾਰਵਾਈ ਵਿੱਚ ਦਖ਼ਲਅੰਦਾਜੀ ਕਰਨ ਦੇ ਇਲਜ਼ਾਮ ਲਗਾਏ ਗਏ ਹਨ।

    ਇਸ ਮਾਮਲੇ ਵਿੱਚ 11 ਵਿਅਕਤੀਆਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਮਾਂਡ ’ਤੇ ਭੇਜਿਆ ਗਿਆ ਹੈ।

    ਇਸ ਤੋਂ ਇਲਾਵਾ ਇਨ੍ਹਾਂ ਦੀ 11 ਵਿਅਕਤੀਆਂ ਖ਼ਿਲਾਫ਼ ਅਜਨਾਲਾ ਥਾਣੇ ਵਿੱਚ ਵੀ ਐੱਫ਼ਆਈਆਰ ਦਰਜ ਹੈ। ਉਹ ਅੱਜ ਯਾਨੀ ਵੀਰਵਾਰ ਸ਼ਾਮ ਨੂੰ ਹੀ ਅਜਨਾਲਾ ਅਦਾਲਤ ਵਿੱਚ ਪੇਸ਼ ਹੋਣਗੇ।

  8. ਅਮ੍ਰਿਤਪਾਲ ਸਿੰਘ ਦੇ ਐੱਨਐੱਸਏ ਤਹਿਤ ਫੜ੍ਹੇ ਗਏ 5 ਸਾਥੀ ਕਿਹੜੇ ਹਨ

    ਐੱਨਐੱਸਏ ਕੇਸ

    ਅਮ੍ਰਿਤਪਾਲ ਸਿੰਘ ਦੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਸਬੰਧਤ ਪੰਜ ਲੋਕਾਂ ਉਪਰ ਐੱਨਐੱਸਏ ਲਗਾਇਆ ਗਿਆ ਹੈ ਅਤੇ ਉਹਨਾਂ ਨੂੰ ਅਸਾਮ ਦੀ ਜੇਲ੍ਹ ਭੇਜ ਦਿੱਤਾ ਗਿਆ।

    ਪਿਛਲੇ 18 ਮਾਰਚ ਨੂੰ ਪੁਲਿਸ ਨੇ ਜਲੰਧਰ ਦੇ ਸ਼ਾਹਕੋਟ ਇਲਾਕੇ ਵਿਚਾਲੇ ਅਮ੍ਰਿਤਪਾਲ ਸਿੰਘ ਦੇ ਕਾਫਲੇ ਨੂੰ ਰੋਕਿਆ ਅਤੇ ਉਸਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

    ਪਰ ਪੁਲਿਸ ਦੇ ਦਾਅਵੇ ਮੁਤਾਬਕ ਅਮ੍ਰਿਤਪਾਲ ਸਿੰਘ ਇੱਥੋਂ ਫਰਾਰ ਹੋ ਗਿਆ, ਭਾਵੇਂ ਕਿ ਉਸ ਦੇ ਪਿਤਾ ਤਰਸੇਮ ਸਿੰਘ ਨੇ ਵੀ ਕਿਹਾ ਸੀ ਕਿ ਉਸ ਨੂੰ ਗ੍ਰਿਫ਼ਤਾਰ ਕੀਤਾ ਹੋ ਸਕਦਾ ਹੈ, ਸ਼ਾਇਦ ਪੁਲਿਸ ਦੱਸ ਨਹੀਂ ਰਹੀ।

    ਪੁਲਿਸ ਮੁਤਾਬਕ ਅਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਸਣੇ 154 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

    ਪੁਲਿਸ ਗ੍ਰਿਫ਼ਤਾਰ ਕੀਤੇ 5 ਜਣਿਆਂ ਉੱਤੇ ਐੱਨਐੱਸਏ (ਰਾਸ਼ਟਰੀ ਸੁਰੱਖਿਆ ਕਾਨੂੰਨ) ਲਗਾਇਆ ਗਿਆ ਹੈ।

    ਬੀਬੀਸੀ ਦੀ ਟੀਮ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਇਹਨਾਂ ਲੋਕਾਂ ਦਾ ਪਰਿਵਾਰ ਅਤੇ ਪਿੰਡਵਾਸੀਆਂ ਨਾਲ ਗੱਲਬਾਤ ਕੀਤੀ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

  9. ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਮੁਜ਼ਾਹਰੇ

    ਹਾਈ ਕਮਿਸ਼ਨ

    ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇਕੱਠੇ ਯੂਕੇ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਬੁੱਧਵਾਰ ਨੂੰ ਰੋਸ-ਮੁਜ਼ਾਹਰਾ ਕੀਤਾ।

    ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਤੇ ਖਾਲਿਸਤਾਨ ਪੱਖੀ ਅਮ੍ਰਿਤਪਾਲ ਸਿੰਘ ਖਿਲਾਫ ਹੋ ਰਹੀ ਕਾਰਵਾਈ ਨੂੰ ਰੋਕ ਦਿੱਤਾ ਜਾਵੇ।

    ਪ੍ਰਦਰਸ਼ਨਕਾਰੀਆਂ ਨੇ ਸਿੱਖ ਕੈਦੀਆਂ ਦੀ ਰਿਹਾਈ ਦੀ ਵਾ ਮੰਗ ਕੀਤੀ।

    ਇੱਕ ਪ੍ਰਦਰਸ਼ਨਕਾਰੀ ਭੁਪਿੰਦਰਜੀਤ ਸਿੰਘ ਨੇ ਕਿਹਾ, "ਜਿਸ ਤਰ੍ਹਾਂ ਸਿੱਖ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਉਹ ਗੈਰ-ਕਾਨੂੰਨੀ ਹੈ।"

    ਉਨ੍ਹਾਂ ਨੇ ਬੋਲਣ ਦੀ ਆਜ਼ਾਦੀ ਤੇ ਪ੍ਰੈੱਸ ਦੀ ਆਜ਼ਾਦੀ ਦੀ ਗੱਲ ਕੀਤੀ।

  10. ਅਮ੍ਰਿਤਪਾਲ ਸਿੰਘ ਮਾਮਲਾ: ਹੁਣ ਤੱਕ ਜੋ ਪਤਾ ਹੈ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    • ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਭਵਿੱਖ ਦੀ ਵਿਓਂਤਬੰਦੀ ਲਈ ਅੰਮ੍ਰਿਤਸਰ ਵਿਖੇ 27 ਮਾਰਚ ਨੂੰ ਵੱਖ-ਵੱਖ ਜਥੇਬੰਦੀਆਂ ਸਣੇ ਸਾਰਿਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ।
    • ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਾਣਬੁੱਝ ਕੇ ਸਰਕਾਰਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੀਆਂ ਹਨ। ਉਨ੍ਹਾਂ ਨੇ ਬਾਹਰ ਦੀਆਂ ਜੇਲ੍ਹਾਂ ਵਿੱਚ ਭੇਜੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ।
    • ਵਿਰੋਧੀ ਧਿਰ ਨੂੰ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਇੰਦਰਬੀਰ ਨਿੱਜਰ ਨੇ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਅਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਕਹਿ ਰਹੇ ਸਨ, ਪਰ ਹੁਣ ਜਦੋਂ ਕਾਰਵਾਈ ਹੋਈ ਹੈ ਤਾਂ ਇਸ ਦੇ ਖਿਲਾਫ਼ ਹੋ ਗਏ ਹਨ।
    • ਪੰਜਾਬ ਵਿਧਾਨ ਸਭਾ ਵਿੱਚ ਅਮ੍ਰਿਤਪਾਲ ਦੇ ਮੁੱਦੇ ’ਤੇ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਉੱਤੇ ਅੜਿਆ ਵਿਰੋਧੀ ਧਿਰ।
    • ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।
  11. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਅਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਸਣੇ ਪੰਜਾਬ ਵਿੱਚ ਹੋ ਰਹੀਆਂ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਦੇਵਾਂਗੇ।

    22 ਮਾਰਚ ਦੇ ਲਾਈਵ ਅਪਡੇਟਸ ਲਈ ਕਲਿੱਕ ਕਰੋ