ਅਮ੍ਰਿਤਪਾਲ ਖ਼ਿਲਾਫ਼ ਮਾਮਲਾ: ਅਕਾਲ ਤਖਤ ਜਥੇਦਾਰ ਵੱਲੋਂ 'ਵਿਸ਼ੇਸ਼ ਇਕੱਤਰਤਾ' ਦਾ ਸੱਦਾ

ਅਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਨਾਲ ਸਬੰਧਤ 154 ਕਾਰਕੁਨਾਂ ਨੂੰ ਹੁਣ ਤੱਕ ਹਿਰਾਸਤ ਵਿੱਚ ਲਿਆ ਗਿਆ ਹੈ

ਲਾਈਵ ਕਵਰੇਜ

  1. ਅਮ੍ਰਿਤਪਾਲ ਸਿੰਘ ਮਾਮਲਾ: ਅੱਜ ਕੀ-ਕੀ ਹੋਇਆ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਜਾਣੋ ਅਮ੍ਰਿਤਪਾਲ ਸਿੰਘ ਮਾਮਲੇ ਵਿੱਚ ਅੱਜ ਕੀ-ਕੀ ਹੋਇਆ।

    • ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਭਵਿੱਖ ਦੀ ਵਿਓਂਤਬੰਦੀ ਲਈ ਅੰਮ੍ਰਿਤਸਰ ਵਿਖੇ 27 ਮਾਰਚ ਨੂੰ ਵੱਖ-ਵੱਖ ਜਥੇਬੰਦੀਆਂ ਸਣੇ ਸਾਰਿਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ।
    • ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਾਣਬੁੱਝ ਕੇ ਸਰਕਾਰਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੀਆਂ ਹਨ। ਉਨ੍ਹਾਂ ਨੇ ਬਾਹਰ ਦੀਆਂ ਜੇਲ੍ਹਾਂ ਵਿੱਚ ਭੇਜੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ।
    • ਪੰਜਾਬ ਦਾ ਵਿਰੋਧੀਆਂ ਨੂੰ ਜਵਾਬ, ਮੰਤਰੀ ਇੰਦਰਬੀਰ ਨਿੱਜਰ ਨੇ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਅਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਕਹਿ ਰਹੇ ਸਨ, ਪਰ ਹੁਣ ਜਦੋਂ ਕਾਰਵਾਈ ਹੋਈ ਹੈ ਤਾਂ ਇਸ ਦੇ ਖਿਲਾਫ਼ ਹੋ ਗਏ ਹਨ।
    • ਪੰਜਾਬ ਵਿਧਾਨ ਸਭਾ ਵਿੱਚ ਅਮ੍ਰਿਤਪਾਲ ਦੇ ਮੁੱਦੇ ’ਤੇ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਉੱਤੇ ਅੜਿਆ ਵਿਰੋਧੀ ਧਿਰ।
    • ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।
  2. ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਮੁਜ਼ਾਹਰਾ

    ਲੰਡਨ

    ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇਕੱਠੇ ਯੂਕੇ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਰੋਸ-ਮੁਜ਼ਾਹਰਾ ਕੀਤਾ।

    ਲੰਡਨ

    ਯੂਕੇ ਵਿੱਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਅਤੇ ਵੱਖ-ਵੱਖ ਸਿੱਖ ਯੂਥ ਗਰੁੱਪਾਂ ਨੇ ਵੀ ਇਸ ਮੁਜ਼ਾਹਰੇ ਵਿੱਚ ਹਿੱਸਾ ਲਿਆ।

    ਲੰਡਨ

    ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦਾ ਵਿਰੋਧ ਭਾਰਤ ਦੇ ਪੰਜਾਬ ਵਿੱਚ ਜੋ ਵੀ ਹੋਇਆ ਅਤੇ ਜੋ ਕੁਝ ਹੋ ਰਿਹਾ ਹੈ, ਉਸ ਦੇ ਜਵਾਬ ਵਿੱਚ ਹੈ।

    ਲੰਡਨ

    ਉਨ੍ਹਾਂ ਨੇ ਯੂਕੇ ਸਰਕਾਰ ਨੂੰ ਭਾਰਤੀ ਅਧਿਕਾਰੀਆਂ ਕੋਲ ਆਪਣੀਆਂ ਚਿੰਤਾਵਾਂ ਦਾ ਮੁੱਦਾ ਚੁੱਕਣ ਦੀ ਮੰਗ ਕੀਤੀ।

    ਲੰਡਨ
  3. ਅਮ੍ਰਿਤਪਾਲ ਸਿੰਘ ਕੌਣ ਹਨ, ਪੜ੍ਹਾਈ, ਕੰਮ ਅਤੇ ਪਿਛੋਕੜ ਬਾਰੇ ਜਾਣੋ

    ਅਮ੍ਰਿਤਪਾਲ

    ਤਸਵੀਰ ਸਰੋਤ, THEWARISPANJABDE/INSTAGRAM

    ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਇੱਕ ਨਾਮ ਚਰਚਾ ਵਿੱਚ ਹੈ। ਇਹ ਨਾਂ ਹੈ ਅਮ੍ਰਿਤਪਾਲ ਸਿੰਘ, ਜੋ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਨਵੇਂ ਮੁਖੀ ਬਣਾਏ ਗਏ ਹਨ।

    ਅਮ੍ਰਿਤਪਾਲ ਸਿੰਘ ਦੀ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ।

    ਦਰਅਸਲ ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਸੀ।

    ਅਮ੍ਰਿਤਪਾਲ ਸਿੰਘ ਆਪਣੇ ਬਾਰੇ ਕਹਿੰਦੇ ਹਨ, ''ਚਾਹੇ ਤਾਂ ਕੋਈ ਮੈਨੂੰ ਛੋਟਾ ਭਰਾ ਮੰਨ ਸਕਦਾ ਹੈ ਜਾਂ ਵੱਡਾ ਭਰਾ, ਮੇਰੀ ਉਮਰ ਵੀ ਐਨੀ ਕੁ ਹੈ।ਅਮ੍ਰਿਤਪਾਲ ਸਿੰਘ ਆਪ ਕੁਝ ਨਹੀਂ ਹੈ, ਇਸ ਸੰਘਰਸ਼ ਦੇ ਰਾਹ ਉੱਤੇ ਬਹੁਤ ਬੰਦੇ ਆਏ ਅਤੇ ਗਏ, ਅੰਮ੍ਰਿਤਪਾਲ ਸਿੰਘ ਉਨ੍ਹਾਂ ਵਿੱਚੋਂ ਇੱਕ ਹੈ।''

    ਅਮ੍ਰਿਤਪਾਲ ਸਿੰਘ ਇੱਕ ਮੀਡੀਆ ਇੰਟਰਵਿਊ ਵਿੱਚ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਲੂਖੇੜ੍ਹਾ ਪਿੰਡ ਵਿੱਚ ਹੋਇਆ ਹੈ।

    ਅਮ੍ਰਿਤਪਾਲ ਸਿੰਘ ਬਾਰੇ ਤਫ਼ਸੀਲ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ

  4. ਭਗਵੰਤ ਮਾਨ: ਸੂਬੇ ਦੇ ਪਾਣੀਆਂ 'ਤੇ ਹਿਮਾਚਲ ਪ੍ਰਦੇਸ਼ ਸਰਕਾਰ ਦਾ ਇਹ ਕੋਝਾ ਹਮਲਾ ਹੈ

    ਭਗਵੰਤ ਮਾਨ

    ਤਸਵੀਰ ਸਰੋਤ, Bhagwant Mann/FB

    ਅੱਜ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਵੱਲੋਂ ਹਿਮਾਚਲ ਪ੍ਰਦੇਸ਼ ਸਰਕਾਰ ਦੇ ਪਣ ਬਿਜਲੀ ਪ੍ਰਾਜੈਕਟਾਂ 'ਤੇ ਵਾਟਰ ਸੈੱਸ ਲਗਾਉਣ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ।

    ਰਿਪੇਰੀਅਨ ਸਿਧਾਂਤ ਮੁਤਾਬਕ ਪਾਣੀ ਉਤੇ ਆਪਣਾ ਕਾਨੂੰਨੀ ਹੱਕ ਜਤਾਉਂਦਿਆਂ ਪੰਜਾਬ ਵਿਧਾਨ ਵਿੱਚ ਨਿਖੇਧੀ ਕੀਤੀ ਗਈ ਹੈ।

    ਹਿਮਾਚਲ ਪ੍ਰਦੇਸ਼ ਸਰਕਾਰ ਦੇ ਇਸ ਕਦਮ ਦੀ ਨਿਖੇਧੀ ਕਰਨ ਲਈ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪੇਸ਼ ਮਤੇ ਦੀ ਪ੍ਰੋੜ੍ਹਤਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਦੇ ਹਿੱਤਾਂ ਅਤੇ ਇਸ ਦੇ ਲੋਕਾਂ ਨਾਲ ਵੱਡਾ ਧੱਕਾ ਹੈ।

    ਉਨ੍ਹਾਂ ਕਿਹਾ, "ਇਸ ਦੇ ਉਲਟ ਪੰਜਾਬ (ਪੰਜ ਦਰਿਆਵਾਂ ਦੀ ਧਰਤੀ) ਅੱਜ ਪੀਣ ਵਾਲੇ ਪਾਣੀ ਦੀ ਗੰਭੀਰ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ। ਸੂਬੇ ਦੇ ਪਾਣੀਆਂ 'ਤੇ ਹਿਮਾਚਲ ਪ੍ਰਦੇਸ਼ ਸਰਕਾਰ ਦਾ ਇਹ ਕੋਝਾ ਹਮਲਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"

    ਭਗਵੰਤ ਮਾਨ ਨੇ ਕਿਹਾ, "ਆਪਣੀ ਜ਼ਮੀਨ ਰਾਹੀਂ ਵਹਿ ਰਹੇ ਪਾਣੀ 'ਤੇ ਪੰਜਾਬ ਇੱਕ ਦੁਆਨੀ ਵੀ ਕਿਸੇ ਨੂੰ ਨਹੀਂ ਦੇਵੇਗਾ।"

    ਮੁੱਖ ਮੰਤਰੀ ਨੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਸੂਬਿਆਂ ਦੀਆਂ ਤਾਕਤਾਂ ਘਟਾਉਣ ਵਾਲੇ ਅਜਿਹੇ ਕਦਮ ਚੁੱਕਣ ਤੋਂ ਸੰਕੋਚ ਕਰਨ।

  5. ਅਕਾਲ ਤਖਤ ਜਥੇਦਾਰ ਵੱਲੋਂ ਵਿਸ਼ੇਸ਼ ਇਕੱਤਰਤਾ ਦਾ ਸੱਦਾ

    ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਭਵਿੱਖ ਦੀ ਵਿਓਂਤਬੰਦੀ ਲਈ ਅੰਮ੍ਰਿਤਸਰ ਵਿਖੇ 27 ਮਾਰਚ ਨੂੰ ਵੱਖ-ਵੱਖ ਜਥੇਬੰਦੀਆਂ ਸਣੇ ਸਾਰਿਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ।

    ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਚੱਲ ਰਹੇ ਹਾਲਾਤ, ਸਿੱਖਾਂ ਦੇ ਮਨਾਂ ਵਿੱਚ ਲੰਬੇ ਸਮੇਂ ਤੋਂ ਪਸਰੇ ਹੋਏ ਬੇਚੈਨੀ ਦੇ ਮਾਹੌਲ ਅਤੇ ਸਿੱਖ ਨੌਜਵਾਨਾਂ ਦੀਆਂ ਨਜਾਇਜ਼ ਗ੍ਰਿਫ਼ਤਾਰੀਆਂ 'ਤੇ ਵਿਚਾਰ ਉਪਰੰਤ ਭਵਿੱਖ ਦੀ ਵਿਓਂਤਬੰਦੀ ਲਈ ਵਿਸ਼ੇਸ਼ ਇਕੱਤਰਤਾ ਦਾ ਸੱਦਾ ਦਿੱਤਾ ਜਾਂਦਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਉਨ੍ਹਾਂ ਨੇ ਪੰਜਾਬ ਦੀਆਂ ਸ਼੍ਰੋਮਣੀ ਸਿੱਖ ਸੰਸਥਾਵਾਂ, ਸਿੱਖ ਸੰਪਰਦਾਵਾਂ, ਦਲ ਪੰਥ, ਸਿੱਖ ਜਥੇਬੰਦੀਆਂ, ਬੁੱਧੀਜੀਵੀ, ਵਕੀਲਾਂ, ਪੱਤਰਕਾਰਾਂ, ਵਿਦਿਆਰਥੀ ਜਥੇਬੰਦੀਆਂ, ਧਾਰਮਿਕ ਰਾਜਨੀਤਕ ਅਤੇ ਸਮਾਜਿਕ ਧਿਰਾਂ ਦੇ ਚੋਣਵੇਂ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ।

  6. ਅਮ੍ਰਿਤਪਾਲ ਤੋਂ ਹਟਾਈ ਜਾਵੇ ਐੱਨਐੱਸਏ ਧਾਰਾ- ਗਿਆਨੀ ਰਘਬੀਰ ਸਿੰਘ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਾਣਬੁੱਝ ਕੇ ਸਰਕਾਰਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੀਆਂ ਹਨ।

    ਉਨ੍ਹਾਂ ਨੇ ਕਿਹਾ, "ਅਮ੍ਰਿਤਪਾਲ ਸਿੰਘ ਦੇ ਨਾਲ ਫੋਟੋ ਖਿਚਵਾਉਣ ਵਾਲੇ ਨੌਜਵਾਨਾਂ ਨੂੰ ਵੀ ਫੜ੍ਹ ਕੇ ਐੱਨਐੱਸਏ ਲਗਾ ਸੂਬੇ ਤੋਂ ਬਾਹਰਲੀਆਂ ਜੇਲ੍ਹਾਂ ਵਿਚ ਰੱਖਿਆ ਜਾ ਰਿਹਾ ਹੈ।"

    "ਇਹਨਾਂ ਨੌਜਵਾਨਾਂ ਨਾਲ ਇਨਸਾਫ਼ ਕੀਤਾ ਜਾਵੇ ਅਤੇ ਤਰੁੰਤ ਐੱਨਐੱਸਏ ਹਟਾਇਆ ਜਾਵੇ ਅਤੇ ਇਨ੍ਹਾਂ ਨੌਜਵਾਨਾਂ ਨੂੰ ਪੰਜਾਬ ਵਾਪਿਸ ਲਿਆਂਦਾ ਜਾਵੇ। ਜੇ ਕੋਈ ਬੇਕਸੂਰ ਨੌਜਵਾਨ ਪੁਲਿਸ ਨੇ ਫੜੇ ਹੋਏ ਹਨ ਉਨ੍ਹਾਂ ਨੂੰ ਜਲਦ ਰਿਹਾ ਕੀਤਾ ਜਾਵੇ ਤਾਂ ਕਿ ਉਹ ਆਪਣੀ ਕਿਰਤ ਕਮਾਈ ਨਾਲ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ।"

  7. ਅਮ੍ਰਿਤਪਾਲ ਨੇ ਕੀ ਗ਼ਲਤੀਆਂ ਕੀਤੀਆਂ, ਜੋ ਉਸ ਉੱਤੇ ਹੁਣ ਭਾਰੀ ਪੈ ਗਈਆਂ -ਨਜ਼ਰੀਆ

    ਅਮ੍ਰਿਤਪਾਲ

    ਤਸਵੀਰ ਸਰੋਤ, Getty Images

    ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ ਕਿ ਜੇਕਰ ਅਮ੍ਰਿਤਪਾਲ ਸਿੰਘ ਦੀ ਯੋਜਨਾ ਲੰਮੀ ਸੀ ਤਾਂ ਉਸ ਨੇ ਮਹਿੰਗੀਆਂ ਗੱਡੀਆਂ ਲੈ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਨਹੀਂ ਆਉਣਾ ਸੀ।

    ''ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਕਿ ਉਸ ਨੂੰ ਸਿਖਲਾਈ ਦੇ ਕੇ ਪੰਜਾਬ ਭੇਜਿਆ ਗਿਆ ਸੀ ਅਤੇ ਉਹ ਕਾਹਲ਼ਾ ਵਗ ਗਿਆ।''

    ਅਮ੍ਰਿਤਪਾਲ ਸਿੰਘ ਨੂੰ ਜਿੰਨਾਂ ਲੋਕਾਂ ਨੇ ਟਰੇਨਿੰਗ ਦੇ ਕੇ ਪੰਜਾਬ ਵਿੱਚ ਭੇਜਿਆ ਸੀ, ਉਹਨਾਂ ਤੋਂ ਇੱਕ ਗਲਤੀ ਹੋ ਗਈ। ਅਮ੍ਰਿਤਪਾਲ ਥੋੜਾ ਤੇਜ਼ੀ ਨਾਲ ਚੱਲਿਆ। ਜੇਕਰ ਉਹ ਅਰਾਮ ਨਾਲ ਚੱਲਦਾ ਤਾਂ ਹਥਿਆਰਾਂ ਦਾ ਦਿਖਾਵਾ ਕਰਨ ਦੀ ਲੋੜ ਨਹੀਂ ਸੀ।

    ਉਹਨਾਂ ਨੂੰ ਅਰਾਮ ਨਾਲ ਪਹਿਲਾਂ ਲੋਕਾਂ ਵਿੱਚ ਕੰਮ ਕਰਕੇ ਅਧਾਰ ਬਣਾਉਣਾ ਚਾਹੀਦਾ ਸੀ।

    “ਮੈਨੂੰ ਲੱਗਦਾ ਹੈ ਕਿ ਹੁਣ ਤੱਕ ਸਰਕਾਰ ਨੇ ਵੀ ਅਤੇ ਕੇਂਦਰ ਨੇ ਵੀ ਉਸ ਨੂੰ ਕਾਰਵਾਈਆਂ ਕਰਨ ਦਿੱਤੀਆਂ ਸਨ।”

    ਪੂਰਾ ਨਜ਼ਰੀਆ ਪੜ੍ਹਨ ਲਈ ਇੱਥੇ ਕਲਿੱਕ ਕਰੋ

  8. ਅਮ੍ਰਿਤਪਾਲ ਸਿੰਘ: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਗਠਨ ਦਾ ਕੀ ਮਕਸਦ ਸੀ ਤੇ ਹੁਣ ਇਸ ਵਿੱਚ ਕੀ ਮੋੜ ਆਇਆ

    ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਅਤੇ ਦੇਸ਼ ਦੀ ਸਿਆਸਤ ਵਿੱਚ ਖਾਲਿਸਤਾਨ ਦੀ ਮੰਗ ਕਾਰਨ ਅਮ੍ਰਿਤਪਾਲ ਸਿੰਘ ਕਾਫ਼ੀ ਚਰਚਾ ਅਤੇ ਅਲੋਚਨਾ ਦੀ ਵਿਸ਼ਾ ਬਣੇ ਹੋਏ ਹਨ।

    ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਵੱਲੋਂ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਫੜ੍ਹੋ-ਫੜ੍ਹੀ ਚੱਲ ਰਹੀ ਹੈ।

    ਅਮ੍ਰਿਤਪਾਲ ਸਿੰਘ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਹਨ ਅਤੇ ਸਿੱਖਾਂ ਲਈ ਵੱਖਰੇ ਰਾਜ ਦੀ ਮੰਗ ਕਰਦੇ ਰਹੇ ਹਨ।

    ਅਮ੍ਰਿਤਪਾਲ ਸਿੰਘ ਦੁਬਈ ਤੋਂ ਪਰਤੇ ਪੰਜਾਬੀ ਹਨ, ਜਿੰਨ੍ਹਾਂ ਨੇ ਪੰਜਾਬ ਆ ਕੇ ਅੰਮ੍ਰਿਤ ਸੰਚਾਰ ਅਤੇ ਨਸ਼ਾ ਵਿਰੋਧੀ ਲਹਿਰ ਚਲਾ ਰਹੇ ਹਨ ਅਤੇ ਉਹ ‘ਵਾਰਿਸ ਪੰਜਾਬ ਦੇ’ ਦੇ ਮੁਖੀ ਬਣੇ।

    ਉਹ ਆਪਣੇ ਗਰਮਸੁਰ ਵਾਲੇ ਬਿਆਨਾਂ ਕਰਾਨ ਸਿਆਸੀ ਤੇ ਮੀਡੀਆ ਹਲਕਿਆਂ ਦੀ ਚਰਚਾ ਵਿੱਚ ਸਨ, ਪਰ ਪਿਛਲੇ ਮਹੀਨੇ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਉੱਪਰ ਹਥਿਆਰਬੰਦ ਭੀੜ ਵੱਲੋਂ ਕੀਤੇ ਹਮਲੇ ਤੋਂ ਬਾਅਦ ਵਧੇਰੇ ਕੌਮੀ ਪੱਧਰ ਉੱਤੇ ਚਰਚਾ ਵਿੱਚ ਆ ਗਏ।

    ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਹ ਪ੍ਰਦਰਸ਼ਨ ਆਪਣੇ ਇੱਕ ਸਾਥੀ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਦੀ ਰਿਹਾਈ ਲਈ ਕੀਤਾ ਗਿਆ ਸੀ, ਜੋ ਕੁੱਟ-ਮਾਰ ਦੇ ਕੇਸ ਵਿੱਚ ਜੇਲ੍ਹ ਅੰਦਰ ਬੰਦ ਸੀ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

    ਅਮ੍ਰਿਤਪਾਲ

    ਤਸਵੀਰ ਸਰੋਤ, Getty Images

  9. ਹਲਵਾਰਾ ਏਅਰਪੋਰਟ ਦਾ ਨਾਮ ਕਰਤਾਰ ਸਿੰਘ ਸਰਾਭਾ ਦੇ ਨਾਮ ’ਤੇ ਕਰਨ ਲਈ ਮਤਾ

    ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੇ ਚੌਥੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਵਾਰਾ ਏਅਰਪੋਰਟ ਦਾ ਨਾਮ ਕਰਤਾਰ ਸਿੰਘ ਸਰਾਭਾ ਦੇ ਨਾਮ ’ਤੇ ਕਰਨ ਲਈ ਮਤੇ ਉੱਤੇ ਆਪਣੇ ਵਿਚਾਰ ਰੱਖੇ।

    ਮੁੱਖ ਮੰਤਰੀ ਨੇ ਇਸ ਬਾਬਤ ਮਤਾ ਪੇਸ਼ ਕੀਤਾ ਤੇ ਕਾਂਗਰਸ ਉੱਤੇ ਤੰਜ ਕਰਦਿਆਂ ਕਿਹਾ ਕਿ ਬਾਕੀ ਪਾਰਟੀਆਂ ਨੇ ਇਸ ਮਤੇ ਦੀ ਸ਼ਲਾਘਾ ਕੀਤੀ ਹੈ ਪਰ ਕਾਂਗਰਸ ਇੱਥੇ ਮੌਜੂਦ ਨਹੀਂ ਹੈ ਤੇ ਉਸ ਨੂੰ ਵਿਧਾਨ ਸਭਾ ਵਿੱਚ ਮੌਜੂਦ ਬੱਚਿਆਂ ਤੋਂ ਕੁਝ ਸਿੱਖਣ ਦੀ ਲੋੜ ਹੈ।

    ਇਸ ਤੋਂ ਬਾਅਦ ਇਸ ਮਤੇ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਾਸ ਕਰ ਦਿੱਤਾ ਗਿਆ।

    ਭਗਵੰਤ ਮਾਨ ਨੇ ਕਿਹਾ ਕਿ ਇਹ ਏਅਰਪੋਰਟ ਜੂਨ ਦੇ ਦੂਜੇ ਹਫ਼ਤੇ ਤੱਕ ਚਾਲੂ ਹੋ ਜਾਵੇਗਾ ਅਤੇ ਇੱਥੋਂ ਘਰੇਲੂ ਉਡਾਨਾਂ ਜਾਣਗੀਆਂ।

    ਭਗਵੰਤ ਮਾਨ

    ਤਸਵੀਰ ਸਰੋਤ, Govt. of Punjab

  10. ਪੰਜਾਬ ਸਰਕਾਰ ਦਾ ਕਾਂਗਰਸ ਉੱਤੇ ਪਲਟਵਾਰ

    ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਸਾਨੂੰ ਅਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਕਹਿ ਰਹੇ ਸਨ, ਅਜਿਹੇ ਨਾ ਕਰਨ ਦੀ ਸੂਰਤ ਵਿੱਚ ਨਕੰਮੇ ਦੱਸ ਰਹੇ ਸਨ, ਪਰ ਹੁਣ ਜਦੋਂ ਕਾਰਵਾਈ ਹੋਈ ਹੈ ਤਾਂ ਇਸ ਦੇ ਖਿਲਾਫ਼ ਹੋ ਗਏ ਹਨ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਆਪਰੇਸ਼ਨ ਅਮ੍ਰਿਤਪਾਲ ਪਿੱਛੇ ਬਾਜਵਾ ਨੇ ਦੱਸੇ ਦੋ ਮਕਸਦ

    ਪ੍ਰਤਾਪ ਬਾਜਵਾ

    ਤਸਵੀਰ ਸਰੋਤ, Partap Singh Bajwa

    ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਦੇ ਬਾਹਰ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਉੱਤੇ ਤਿੱਖਾ ਹਮਲਾ ਬੋਲਿਆ।

    ਪ੍ਰਤਾਪ ਸਿੰਘ ਬਾਜਵਾ ਨੇ ਇਲਜ਼ਾਮ ਲਾਇਆ ਕਿ ਅਮ੍ਰਿਤਪਾਲ ਸਿੰਘ ਖਿਲਾਫ਼ ਪੁਲਿਸ ਕਾਰਵਾਈ ਦੇ ਸੂਬਾ ਤੇ ਕੇਂਦਰ ਸਰਕਾਰ ਦੇ ਦੋ ਮਕਸਦ ਸਨ।

    ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰਪੰਜਾਬ ਵਿੱਚੋਂ ਦੇਸ ਖ਼ਿਲਾਫ਼ ਹੋ ਰਹੀ ਸਾਜ਼ਿਸ਼ ਦੱਸਦੇ ਹੋਏ ਸਫ਼ਲ ਕਾਰਵਾਈ ਕਰਨ ਦੀ ਗੱਲ ਕਹਿੰਦੇ ਹਨ, ਉਹ ਕਹਿੰਦੇ ਹਨ ਕਿ ਨਫ਼ਰਤ ਫੈਲਾਉਣ ਵਾਲੇ ਸਾਰੇ ਫੜ੍ਹੇ ਗਏ ਹਨ।

    ਅਮ੍ਰਿਤਪਾਲ ਆਪਰੇਸ਼ਨ ਕੇਂਦਰ ਦਾ ਮਕਸਦ

    ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ‘‘ਕੇਂਦਰ ਦਾ ਮੋਵਿਟ ਸੀ, ਸੰਸਦ ਵਿੱਚ ਅਡਾਨੀ ਦਾ ਮੁੱਦੇ ਤੋਂ ਧਿਆਨ ਭਟਕਾਉਣਾ ਸੀ। ਸਾਰੇ ਟੈਲੀਵਿਜ਼ਨ ਤੇ ਮੀਡੀਆ ਇਸ ਦਾ ਪ੍ਰਸਾਰਨ ਕਰ ਰਹੇ ਹਨ, ਉਨ੍ਹਾਂ ਬਾਕੀ ਸਾਰੇ ਮੁੱਦੇ ਵਿਸਾਰ ਦਿੱਤੇ।

    ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਲੰਡਨ ਵਿੱਚ ਜੋ ਹੋਇਆ, ਸਾਡੇ ਫਲੈਗ ਦਾ ਅਪਮਾਨ ਹੋਇਆ ਉਸ ਦੀ ਅਸੀਂ ਨਿੰਦਾ ਕਰਦੇ ਹਾਂ।

    ਬਾਜਪਾ ਨੇ ਕਿਹਾ,‘‘ਸਾਡਾ ਗੰਭੀਰ ਇਲਜ਼ਾਮ ਹੈ ਕਿ ਭਗਵੰਤ ਮਾਨ ਕੇਂਦਰ ਦੇ ਹੱਥਾਂ ਵਿੱਚ ਮੋਹਰਾ ਬਣ ਗਿਆ ਹੈ।’’

    ਭਗਵੰਤ ਮਾਨ ਦੀ ਸੂਬਾ ਦਾ ਮਕਸਦ

    ਬਾਜਵਾ ਨੇ ਕਿਹਾ ਕਿ ਜੇ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨਾ ਹੁੰਦਾ ਤਾਂ ਉਸ ਦੇ ਘਰੋਂ ਕੀਤਾ ਜਾ ਸਕਦਾ ਹੈ। ਉਸ ਨਾਲ 35-40 ਬੰਦੇ ਸਨ।

    ਪਰ ਉਸ ਨੂੰ ਸ਼ਾਹਕੋਟ, ਜਲੰਧਰ ਜ਼ਿਲ੍ਹੇ ਵਿੱਚ ਲਿਆ ਕੇ, ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ।

    ਭਗਵੰਤ ਮਾਨ ਜਲੰਧਰ ਦੀ ਜ਼ਿਮਨੀ ਚੋਣ ਲਈ ਲਾਹਾ ਲੈਣ ਲਈ ਕੇਂਦਰ ਨਾਲ ਮਿਲਕੇ ਇਸ ਆਪਰੇਸ਼ਨ ਨੂੰ ਅੰਜ਼ਾਮ ਦਿੱਤਾ ।

    ਉਨ੍ਹਾਂ ਦਾ ਆਪਣਾ ਮਕਸਦ ਸੀ ਅਤੇ ਇਨ੍ਹਾਂ ਦਾ ਜਲੰਧਰ ਜ਼ਿਮਨੀ ਚੋਣ ਜਿੱਤਣਾ।

    ਬਾਜਵਾ ਮੁਤਾਬਕ ਦੂਜੇ ਪਾਸੇ 18 ਤਾਰੀਕ ਇਸ ਲਈ ਚੁਣੀ ਗਈ ਕਿ ਸਿੱਧੂ ਮੂਸੇਵਾਲਾ ਦੀ ਬਰਸੀ ਨੂੰ ਸਾਬੋਤਾਜ਼ ਕੀਤਾ ਜਾਵੇ।18 ਤਾਰੀਕਾਂ ਨੂੰ ਇੰਟਰਨੈੱਟ ਬੰਦ ਕਰ ਦਿੱਤਾ। ਕੰਮਕਾਜ਼ ਕਰਨ ਵਾਲੇ, ਵਿਦਿਆਰਥੀ ਤੇ ਹਰ ਇੰਟਰਨੈੱਟ ਕੰਮ ਵਾਲਾ ਪ੍ਰਭਾਵਿਤ ਹੋਇਆ।

    ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਜੇ ਤੁਹਾਡੇ ਵਿੱਚ ਥੋੜੀ ਜਿਹੀ ਵੀ ਅਣਖ਼ ਹੈ ਤਾਂ ਜਵਾਬ ਦੇ । ਮੁੱਖ ਮੰਤਰੀ ਤੁਸੀਂ, ਗ੍ਰਹਿ ਮੰਤਰੀ ਤੁਸੀਂ ਹੋ ਅਤੇ ਜੇਲ੍ਹਾਂ ਵੀ ਤੁਹਾਡੇ ਕੋਲ ਹਨ।

    ਬਾਜਵਾ ਨੇ ਇਲਜ਼ਾਮ ਲਾਇਆ ਕਿ ਭਗਵੰਤ ਮਾਨ ਘਿਰ ਗਿਆ ਹੁਣ, ਦੋਵਾਂ ਵਿਚਾਲੇ। ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਕੇਂਦਰੀ ਏਜੰਸੀਆ ਨਾਲ ਤਾਲਮੇਲ ਵਾਲਾ। ਭਗਵੰਤ ਮਾਨ ਵਿੱਚ ਅਣਖ਼ ਹੈ ਤਾਂ ਅਸਤੀਫ਼ਾ ਦੇਵੇ।

  12. ਅਮ੍ਰਿਤਪਾਲ ਦੇ ਮੁੱਦੇ ’ਤੇ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਉੱਤੇ ਅੜਿਆ ਵਿਰੋਧੀ ਧਿਰ

    ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਵੱਲੋਂ ਵਾਕ ਆਊਟ ਕਰ ਦਿੱਤਾ ਗਿਆ। ਇਸ ਮਗਰੋਂ ਬਾਹਰ ਆ ਕੇ ਬਾਜਵਾ ਮੀਡੀਆ ਦੇ ਮੁਖ਼ਾਤਬ ਹੋਏ।

    ਬਾਹਰ ਆ ਕੇ ਉਨ੍ਹਾਂ ਦੀਆਂ ਗੱਲਾਂ ਦੇ ਮੁੱਖ ਅੰਸ਼...

    • ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ, ਹਰ ਚਿਹਰਾ ਮਾਯੂਸ ਹੈ
    • ਸਪੀਕਰ ਆਪਣਾ ਰੋਲ ਨਹੀਂ ਨਿਭਾ ਰਹੇ
    • ਕੁਝ ਅਨਸਰਾਂ ਨੇ ਤਿਰੰਗੇ ਝੰਡੇ ਦਾ ਬਾਹਰਲੀ ਧਰਤੀ ਉੱਤੇ ਨਿਰਾਦਰ ਕੀਤਾ, ਅਸੀਂ ਇਸ ਦਾ ਖੰਡਨ ਕਰਦੇ ਹਾਂ
    • ਪੰਜਾਬੀਆਂ ਅਤੇ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਈ
    • ਅਮ੍ਰਿਤਪਾਲ ਸਿੰਘ ਦੇ ਸਾਥੀ ਗ੍ਰਿਫ਼ਤਾਰ ਹੋਏ, ਪਰ ਅਮ੍ਰਿਤਪਾਲ ਫਰਾਰ ਕਿਉਂ
    • ਭਗਵੰਤ ਮਾਨ ਨੇ ਕੇਂਦਰ ਦੇ ਹੱਥਾਂ ਵਿੱਚ ਮੋਹਰਾ ਬਣ ਕੇ ਕੰਮ ਕੀਤਾ
    • ਭਗਵੰਤ ਮਾਨ ਨੂੰ ਆਪਣੀ ਪੰਜਾਬੀ ਭੁੱਲ ਗਈ ਅਤੇ ਹਿੰਦੀ ਵਿੱਚ ਭਾਸ਼ਣ ਦਿੱਤਾ
    • ਚਾਰ ਦਿਨ ਗੂੰਗਾ ਰਹਿਣ ਤੋਂ ਬਾਅਦ ਹਿੰਦੀ ਭਾਸ਼ਾ ਵਿੱਚ ਭਗਵੰਤ ਨੇ ਭਾਸ਼ਣ ਦਿੱਤਾ
    • ਜੇ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨਾ ਹੁੰਦਾ ਤਾਂ ਘਰੋਂ ਸਵੇਰ ਸਮੇਂ ਗ੍ਰਿਫ਼ਤਾਰ ਕਰ ਲੈਂਦੇ
    • ਜਲੰਧਰ ਵਿੱਚ ਅਮ੍ਰਿਤਪਾਲ ਨੂੰ ਲੈ ਕੇ ਆਪਰੇਸ਼ਨ ਹੋਣਾ ਜਲੰਧਰ ਵਿੱਚ ਜ਼ਿਮਨੀ ਚੋਣਾਂ ਵਿੱਚ ਲਾਭ ਲੈਣਾ ਹਨ
    • ਅਮ੍ਰਿਤਪਾਲ ਨੂੰ ਲੈ ਕੇ ਸਾਰੀ ਰਣਨੀਤੀ ਦਿੱਲੀ ਵਿੱਚ ਤਿੰਨ ਮਹੀਨੇ ਪਹਿਲਾਂ ਘੜੀ ਗਈ
    • ਲਾਰੈਂਸ ਬਿਸ਼ਨੋਈ ਦੀਆਂ ਪੰਜਾਬ ਦੀ ਜੇਲ੍ਹਾਂ ਤੋਂ ਇੰਟਰਵਿਊ ਹੋਈਆਂ
    • ਸਿੱਧੂ ਮੂਸੇਵਾਲਾ ਦੇ ਮਾਪੇ ਇਨਸਾਫ਼ ਲਈ ਗੁਹਾਰ ਲਗਾਉਂਦੇ ਰਹੇ, ਮੂਸੇਵਾਲਾ ਦੀ ਬਰਸੀ ਨੂੰ ਨਿਸ਼ਾਨਾ ਬਣਾਉਂਦੇ ਹੋਏ 18 ਮਾਰਚ ਨੂੰ ਆਪਰੇਸ਼ਨ ਅਮ੍ਰਿਤਪਾਲ ਚਲਾਇਆ ਗਿਆ
    • ਇੰਟਰਨੈੱਟ ਬੰਦ ਕਰ ਦਿੱਤਾ ਗਿਆ, ਜਿਸ ਕਰਕੇ ਪੜ੍ਹਾਈ ਅਤੇ ਹੋਰ ਕੰਮ ਪ੍ਰਭਾਵਿਤ ਹੋਏ
    • ਇਹ ਸਭ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋਇਆ ਤੇ ਜਿਸ ਨੂੰ ਗ੍ਰਿਫ਼ਤਾਰ ਕਰਨਾ ਸੀ ਉਹ ਹੋਇਆ ਨਹੀਂ
    • ਅਸੀਂ ਵਿਧਾਨ ਸਭਾ ਵਿੱਚ ਭਗਵੰਤ ਮਾਨ ਦੇ ਅਸਤੀਫ਼ੇ ਦੀ ਡਿਮਾਂਡ ਕਰਨ ਆਏ ਸੀ
    • ਸਾਡਾ ਇਹ ਦਾਅਵਾ ਹੈ ਕਿ ਸਪੀਕਰ ਵੀ ਮੁੱਖ ਮੰਤਰੀ ਭਗਵੰਤ ਮਾਨ ਵਾਂਗ ਫਰਜ਼ੀ ਹੈ
    • ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ
    ਪ੍ਰਤਾਪ ਸਿੰਘ ਬਾਜਵਾ

    ਤਸਵੀਰ ਸਰੋਤ, ANI

  13. ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਪੰਜ ਸਾਥੀਆਂ ’ਤੇ ਲਾਇਆ ਗਿਆ ਐੱਨਐੱਸਏ ਐਕਟ ਕੀ ਹੈ ਅਤੇ ਇਹ ਕਦੋਂ ਲੱਗਦਾ ਹੈ

    ਪੰਜਾਬ ਪੁਲਿਸ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ 5 ਸਾਥੀਆਂ ਖਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਲਗਾਇਆ ਗਿਆ ਹੈ।

    ਪੁਲਿਸ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਸਿੰਘ ਹਾਲੇ ਫਰਾਰ ਹਨ ਪਰ ਪੰਜ ਮੁਲਜ਼ਮਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ ਹੈ।

    ਅਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੈਬਕਸ ਕਾਰਪਸ ਪਟੀਸ਼ਨ ਲਗਾਈ ਹੋਈ ਹੈ।

    ਇਸ ਰਿਪੋਰਟ ਵਿੱਚ ਅਸੀਂ ਦੱਸਾਂਗੇ ਕਿ ਐੱਨਐੱਸਏ ਕੀ ਹੁੰਦਾ ਹੈ, ਇਹ ਕਦੋ ਲੱਗਦਾ ਹੈ ਅਤੇ ਇਸ ਅਧੀਨ ਕਿਸੇ ਇਨਸਾਨ ਨੂੰ ਕਿੰਨਾਂ ਸਮਾਂ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ?

    ਪੂਰੀ ਰਿਪੋਰਟ ਇੱਥੇ ਪੜ੍ਹੋ

    ਅਮ੍ਰਿਤਪਾਲ

    ਤਸਵੀਰ ਸਰੋਤ, Getty Images

  14. ਅਮ੍ਰਿਤਪਾਲ ਸਿੰਘ 'ਤੇ ਕਾਰਵਾਈ: ਇੱਥੇ ਕੁਝ ਲੋਕ ਕਿਉਂ ‘ਦਹਿਸ਼ਤ ਦੇ ਸਾਏ ਹੇਠ’ ਜੀਣ ਦੀ ਗੱਲ ਆਖ ਰਹੇ ਹਨ

    ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਵੱਲੋਂ ਸ਼ਾਹਕੋਟ ਅਤੇ ਪੁਲਿਸ ਜ਼ਿਲਾ ਦਿਹਾਤੀ ਜਲੰਧਰ ਅਧੀਨ ਪੈਂਦੇ ਕਸਬਾ ਮਹਿਤਪੁਰ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਵਿੱਚ ਜੰਗੀ ਪੱਧਰ 'ਤੇ ਗਸ਼ਤ ਕੀਤੀ ਜਾ ਰਹੀ ਹੈ।

    ਬੀਬੀਸੀ ਵੱਲੋਂ ਇਸ ਖੇਤਰ ਦੇ ਸ਼ਹਿਰੀ ਅਤੇ ਪੇਂਡੂ ਲੋਕਾਂ ਨੂੰ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉਪਰ ਕੀਤੀ ਕਾਰਵਾਈ ਬਾਅਦ ਪੈਦਾ ਹੋਏ ਹਾਲਾਤ ਬਾਰੇ ਪੁੱਛਿਆ ਗਿਆ ਤਾਂ ਇੱਕੋ ਜਵਾਬ ਮਿਲਿਆ, "ਅਸੀਂ ਡਰੇ ਹੋਏ ਹਾਂ ਕਿ ਕਿਤੇ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਜਾਵੇ।"

    ਮਹਿਤਪੁਰ ਨੇੜਲੇ ਪਿੰਡ ਬਘੇਲਾ ਦੇ ਵਸਨੀਕ ਮਨਜੀਤ ਸਿੰਘ ਕਹਿੰਦੇ ਹਨ, "ਮੈਂ 1984 ਦੇ ਦਿਨਾਂ ਤੋਂ ਬਾਅਦ ਪਹਿਲੀ ਵਾਰ ਪਿੰਡਾਂ ਵਿੱਚ ਫੌਜੀਆਂ ਵਰਗੀ ਬਾਹਰਲੀ ਪੁਲਿਸ ਦੇਖੀ ਹੈ। ਇਹ ਵਰਤਾਰਾ ਪੰਜਾਬੀਆਂ ਲਈ ਦਹਿਸ਼ਤ ਪੈਦਾ ਕਰ ਰਿਹਾ ਹੈ।"

    ਪੂਰੀ ਖ਼ਬਰ ਇੱਥੇ ਪੜ੍ਹੋ

    ਸ਼ਾਹਕੋਟ

    ਤਸਵੀਰ ਸਰੋਤ, SURINDER MANN/BBC

  15. ਕਾਂਗਰਸ ਵਲੋਂ ਵਿਧਾਨ ਸਭਾ ਵਿੱਚ ਨਾਅਰੇਬਾਜ਼ੀ

    ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਵਲੋਂ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

    ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਦੀ ਕਾਂਗਰਸ ਨੇ ਮੁੱਖ ਮੰਤਰੀ ਤੋਂ ਅਮ੍ਰਿਤਪਾਲ ਦੇ ਮੁੱਦੇ ਉੱਤੇ ਜਵਾਬ ਦੀ ਮੰਗ ਕੀਤੀ।

    ਕਾਂਗਰਸੀ ਵਿਧਾਇਕਾਂ ਨੇ ਆਪਣੀ ਗੱਲ ਰੱਖਣ ਲਈ ਸਮੇਂ ਦੀ ਮੰਗ ਕੀਤੀ ਪਰ ਸਪੀਕਰ ਨੇ ਪ੍ਰਸ਼ਨ ਕਾਲ ਸ਼ੁਰੂ ਕਰਵਾ ਦਿੱਤਾ।

    ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਨਾਅਰੇਬਾਜ਼ੀ ਕਰਨ ਲੱਗ ਪਏ, ਸਪੀਕਰ ਨੇ ਇਨ੍ਹਾਂ ਨੂੰ ਰਿਕਾਰਡ ਉੱਤੇ ਨਾ ਲੈਣ ਦੀ ਹਦਾਇਤ ਕੀਤੀ ਹੈ।

  16. ਭਗਵੰਤ ਨੇ ਅਮ੍ਰਿਤਪਾਲ ਖਿਲਾਫ਼ ਕਾਰਵਾਈ ਬਾਰੇ ਕੀ ਕਿਹਾ ਸੀ

    • ਪੰਜਾਬ ਦੇ ਅਮਨ-ਚੈਨ ਸਾਡੀ ਪਹਿਲ ਹੈ
    • ਦੇਸ਼ ਖ਼ਿਲਾਫ਼ ਪੰਜਾਬ ਵਿੱਚ ਪਨਪਣ ਵਾਲੀ ਕਿਸੇ ਵੀ ਤਾਕਤ ਨੂੰ ਬਖਸ਼ਿਆ ਨਹੀਂ ਜਾਵੇਗਾ।
    • ਆਮ ਆਦਮੀ ਪਾਰਟੀ ਧਰਮ ਨਿਰਪੱਖ਼ ਪਾਰਟੀ ਹੈ।
    • ਦੇਸ ਵਿਰੋਧੀ ਕਿਸੇ ਤਾਕਤ ਨੂੰ ਪੰਜਾਬ ਵਿੱਚ ਸਿਰ ਨਹੀਂ ਚੁੱਕਣ ਦਿਆਂਗੇ
    • ਪੰਜਾਬ ਨੇ ਹਮੇਸ਼ਾ ਸੰਕਟ ਦੇ ਮੌਕੇ ਦੇਸ ਦੀ ਅਗਵਾਈ ਕੀਤੀ ਹੈ। ਚਾਹੇ ਉਹ ਆਜ਼ਾਦੀ ਦਾ ਮੌਕਾ ਹੋਵੇ ਜਾਂ ਹਰੀ ਕ੍ਰਾਂਤੀ ਦਾ।
    • ਪੰਜਾਬ ਦੇ ਲੋਕ ਖ਼ੁੱਲ੍ਹ ਦਿਲ ਤੇ ਲੋਕਾਂ ਦੀ ਮਦਦ ਕਰਨ ਵਾਲੇ ਮੰਨੇ ਜਾਂਦੇ ਹਨ।
  17. ਪੰਜਾਬ ਤੇ ਸਿੱਖਾਂ ਦੇ ਮਸਲੇ ਹੱਲ ਹੋਣ ਤਾਂ ਪੰਜਾਬ ਵਿੱਚ ਅਮਨ-ਸ਼ਾਂਤੀ ਕਾਇਮ ਰਹੇਗੀ - ਇਆਲੀ

    ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਰਿਹਾ।

    ਉਨ੍ਹਾਂ ਕਿਹਾ, ‘‘ਪੰਜਾਬ ਨੇ ਪਹਿਲਾਂ ਹੀ ਸੰਤਾਪ ਹੰਢਾਇਆ ਹੈ ਤੇ ਦੁਬਾਰਾ ਉਹ ਮਾਹੌਲ ਨਾ ਸਿਰਜਿਆ ਜਾਵੇ। ਕਾਨੂੰਨ ਦੇ ਦਾਅਰੇ ਵਿੱਚ ਰਹਿ ਕੇ ਕਾਰਵਾਈ ਕੀਤੀ ਜਾਵੇ ਨਾ ਕਿ ਬੇਕਸੂਰਾਂ ਨੂੰ ਫੜ੍ਹਿਆ ਜਾਵੇ।’’

    ‘‘ਅੱਜ ਵੀ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਸਿੱਖਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਜੇ ਪੰਜਾਬ ਤੇ ਸਿੱਖਾਂ ਦੇ ਮਸਲੇ ਹੱਲ ਹੋਣ ਤਾਂ ਪੰਜਾਬ ਵਿੱਚ ਅਮਨ-ਸ਼ਾਂਤੀ ਕਾਇਮ ਰਹੇਗੀ।’’

    ‘‘ਐੱਨਐੱਸਏ ਨਹੀਂ ਲੱਗਣਾ ਚਾਹੀਦਾ, ਇੰਟਰਨੈੱਟ ਬੰਦ ਕਰ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਇਹ ਨਹੀਂ ਹੋਣਾ ਚਾਹੀਦਾ।’’

    ਮਨਪ੍ਰੀਤ ਸਿੰਘ ਇਆਲੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ
  18. ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ - ਬਾਜਵਾ

    ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪੰਜਾਬੀਆਂ ਅਤੇ ਸਿੱਖਾਂ ਖਿਲਾਫ਼ ਨਫ਼ਰਤੀ ਮੁਹਿੰਮ ਚੱਲ ਰਹੀ ਹੈ।

    ਉੱਧਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਡਰੱਗ ਮਾਫ਼ੀਆ ਦੇ ਨਾਮ ਉਜਾਗਰ ਕੀਤੇ ਜਾਣ। ਬਾਜਵਾ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।

    ਉਨ੍ਹਾਂ ਕਿਹਾ ਕਿ ਜੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਿਧਾਨ ਸਭਾ ਅੰਦਰ ਬੋਲਣ ਦਾ ਮੌਕਾ ਨਾ ਦਿੱਤਾ ਤਾਂ ਉਹ ਬਾਹਰ ਆ ਕੇ ਮੀਡੀਆ ਨਾਲ ਗੱਲ ਕਰਨਗੇ।

    ਅਮ੍ਰਿਤਪਾਲ ਅਤੇ ਉਨ੍ਹਾਂ ਦੀ ਸਾਥੀਆਂ ਉੱਤੇ ਕਾਰਵਾਈ ਬਾਰੇ ਬਾਜਵਾ ਨੇ ਕਿਹਾ ਕਿ ਲਾਅ ਐਂਡ ਆਰਡਰ ਦੀ ਇਹ ਨਾਕਾਮੀ ਹੈ ਕਿ 80,000 ਫੋਰਸ ਹੋਣ ਦੇ ਬਾਵਜੂਦ ਅਮ੍ਰਿਤਪਾਲ ਫਰਾਰ ਕਿਉਂ ਹਨ।

    ਪ੍ਰਤਾਪ ਸਿੰਘ ਬਾਜਵਾ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਪੰਜਾਬ ਵਿਧਾਨ ਸਭਾ ਬਾਹਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ
  19. ਅਮ੍ਰਿਤਪਾਲ ਮਾਮਲੇ ਵਿੱਚ ਮੰਗਲਵਾਰ ਤੱਕ ਦੇ ਅਪਡੇਟਸ

    ਅਮ੍ਰਿਤਪਾਲ

    ਤਸਵੀਰ ਸਰੋਤ, Getty Images

    ਅਮ੍ਰਿਤਪਾਲ ਸਿੰਘ ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ।

    • ਤਰਨਤਾਰਨ, ਫ਼ਿਰੋਜ਼ਪੁਰ, ਮੋਗਾ, ਸੰਗਰੂਰ ਤੇ ਸਬ-ਡਿਵੀਜ਼ਨ ਅਜਨਾਲਾ ਤੋਂ ਇਲਾਵਾ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਇਨ੍ਹਾਂ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ 23 ਮਾਰਚ, ਦੁਪਹਿਰ ਤੱਕ ਬੰਦ ਰਹਿਣਗੀਆਂ।
    • ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜੇ ਕੋਈ ਪੰਜਾਬ ’ਤੇ ਮਾੜੀ ਅੱਖ ਰੱਖੇ ਤਾਂ ਪੰਜਾਬ ਇਸ ਨੂੰ ਬਰਦਾਸ਼ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਇਤਿਹਾਸ ਗਵਾਹ ਹੈ ਜੇ ਕਿਸੇ ਨੇ ਵੀ ਪੰਜਾਬ ਦੀ ਸਮਾਜਿਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪੰਜਾਬ ਨੇ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਹੈ।
    • ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਅਮ੍ਰਿਤਪਾਲ ਸਿੰਘ ਮਾਮਲੇ ਵਿੱਚ ਕਈ ਸਵਾਲ ਪੁੱਛੇ। ਅਦਾਲਤ ਨੇ ਪੁੱਛਿਆ ਕਿ ਅਮ੍ਰਿਤਪਾਲ ਸਿੰਘ ਬਚ ਕੇ ਕਿਵੇਂ ਨਿਕਲ ਗਿਆ ਜਦੋਂ ਕਿ ਉਸ ਤੋਂ ਬਿਨਾਂ ਹੋਰ ਬਾਕੀ ਸਾਰੇ ਕਿਵੇਂ ਫੜ੍ਹੇ ਗਏ।
    • ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਅਮ੍ਰਿਤਪਾਲ ਸਿੰਘ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ।
    • ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਅਮ੍ਰਿਤਪਾਲ ਸਿੰਘ ਭੱਜ ਕੇ ਨੰਗਲ ਅੰਬੀਆਂ ਗੁਰਦੁਆਰਾ ਸਾਹਿਬ ਗਿਆ ਸੀ ਜਿੱਥੇ ਉਸ ਨੇ ਕੱਪੜੇ ਬਦਲੇ ਸਨ। ਉਨ੍ਹਾਂ ਨੇ ਕਿਹਾ ਕਿ ਉਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ।
  20. ਤੁਹਾਡਾ ਸਵਾਗਤ ਹੈ

    ਅਮ੍ਰਿਤਪਾਲ ਸਿੰਘ ਨਾਲ ਜੁੜੀਆਂ ਪੁਲਿਸ ਕਾਰਵਾਈਆਂ, ਪੰਜਾਬ ਵਿਧਾਨ ਸਭਾ ਇਜਲਾਸ ਅਤੇ ਪੰਜਾਬ ਸਣੇ ਕੌਮੀ ਤੇ ਕੌਮਾਂਤਰੀ ਖ਼ਬਰਾਂ ਨਾਲ ਸਬੰਧਤ ਇਸ ਲਾਈਵ ਪੰਨੇ ਵਿੱਚ ਤੁਹਾਡਾ ਸਵਾਗਤ ਹੈ। ਇਸ ਵੇਲੇ ਖੁਸ਼ਹਾਲ ਲਾਲੀ ਅਤੇ ਸੁਨੀਲ ਕਟਾਰੀਆ ਤੁਹਾਡੇ ਲਈ ਤਾਜ਼ਾ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਨ। ਕੱਲ ਤੱਕ ਦੇ ਅਪਡੇਟ ਜਾਣਨ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰੋ ਸਕਦੇ ਹੋ।