ਅਮ੍ਰਿਤਪਾਲ ਸਿੰਘ ਮਾਮਲਾ: ਅੱਜ ਕੀ-ਕੀ ਹੋਇਆ

ਤਸਵੀਰ ਸਰੋਤ, Surinder Mann/BBC
ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖਤਮ ਕਰਦੇ ਹਾਂ। ਜਾਣੋ ਅਮ੍ਰਿਤਪਾਲ ਸਿੰਘ ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ।
- ਤਰਨਤਾਰਨ, ਫ਼ਿਰੋਜ਼ਪੁਰ, ਮੋਗਾ, ਸੰਗਰੂਰ ਤੇ ਸਬ-ਡਿਵੀਜ਼ਨ ਅਜਨਾਲਾ ਤੋਂ ਇਲਾਵਾ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਇਨ੍ਹਾਂ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ 23 ਮਾਰਚ, ਦੁਪਹਿਰ ਤੱਕ ਬੰਦ ਰਹਿਣਗੀਆਂ।
- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜੇ ਕੋਈ ਪੰਜਾਬ ’ਤੇ ਮਾੜੀ ਅੱਖ ਰੱਖੇ ਤਾਂ ਪੰਜਾਬ ਇਸ ਨੂੰ ਬਰਦਾਸ਼ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਇਤਿਹਾਸ ਗਵਾਹ ਹੈ ਜੇ ਕਿਸੇ ਨੇ ਵੀ ਪੰਜਾਬ ਦੀ ਸਮਾਜਿਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪੰਜਾਬ ਨੇ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਹੈ।
- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਅਮ੍ਰਿਤਪਾਲ ਸਿੰਘ ਮਾਮਲੇ ਵਿੱਚ ਕਈ ਸਵਾਲ ਪੁੱਛੇ। ਅਦਾਲਤ ਨੇ ਪੁੱਛਿਆ ਕਿ ਅਮ੍ਰਿਤਪਾਲ ਸਿੰਘ ਬਚ ਕੇ ਕਿਵੇਂ ਨਿਕਲ ਗਿਆ ਜਦੋਂ ਕਿ ਉਸ ਤੋਂ ਬਿਨਾਂ ਹੋਰ ਬਾਕੀ ਸਾਰੇ ਕਿਵੇਂ ਫੜ੍ਹੇ ਗਏ।
- ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਅਮ੍ਰਿਤਪਾਲ ਸਿੰਘ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ।
- ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਅਮ੍ਰਿਤਪਾਲ ਸਿੰਘ ਭੱਜ ਕੇ ਨੰਗਲ ਅੰਬੀਆਂ ਗੁਰਦੁਆਰਾ ਸਾਹਿਬ ਗਿਆ ਸੀ ਜਿੱਥੇ ਉਸ ਨੇ ਕੱਪੜੇ ਬਦਲੇ ਸਨ। ਉਨ੍ਹਾਂ ਨੇ ਕਿਹਾ ਕਿ ਉਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ।














