You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ ਰੂਸ ਜੰਗ: ਪੁਤਿਨ ਨੇ ਪਰਮਾਣੂ ਹਥਿਆਰਾਂ ਨੂੰ ਤਿਆਰ ਰੱਖਣ ਦੇ ਦਿੱਤੇ ਹੁਕਮ, ਕੀ ਹਨ ਇਸ ਦੇ ਮਾਅਨੇ

ਰੂਸ ਦਾ ਯੂਕਰੇਨ 'ਤੇ ਹਮਲੇ ਦਾ ਚੌਥਾ ਦਿਨ ਹੈ। ਰਾਜਧਾਨੀ ਕੀਵ 'ਚ ਕਰਫਿਊ ਲਗਿਆ ਹੋਇਆ ਹੈ।

ਲਾਈਵ ਕਵਰੇਜ

  1. ਅਹਿਮ ਘਟਨਾਕ੍ਰਮ ਉੱਪਰ ਇੱਕ ਨਜ਼ਰ...

    ਯੂਕਰੇਨ-ਰੂਸ ਜੰਗ ਬਾਰੇ ਅਸੀਂ ਆਪਣੇ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ। ਯੂਕਰੇਨ ਵਿੱਚੋਂ ਬੀਬੀਸੀ ਪੱਤਰਕਾਰ ਲਗਾਤਾਰ ਅਪਡੇਟ ਭੇਜ ਰਹੇ ਹਨ। ਸਾਡੇ ਇਸ ਲਾਈਵ ਪੇਜ ਨਾਲ ਜੁੜਨ ਲਈ ਤੁਹਾਡਾ ਧੰਨਵਾਦ।

    ਮੌਜੂਦਾ ਸੰਕਟ ਬਾਰੇ ਹੋਰ ਜਾਣਕਾਰੀ ਭਰਪੂਰ ਵਿਸ਼ਲੇਸ਼ਣ ਅਤੇ ਰਿਪੋਰਟਾਂ ਪੜ੍ਹਨ ਲਈ ਤੁਸੀਂ ਸਾਡੀ ਵੈਬਸਾਈਟ ਉੱਪਰ ਆ ਸਕਦੇ ਹੋ।

    ਫਿਲਹਾਲ ਲਈ ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ

    • ਅਮਰੀਕਾ ਨੇ ਕਿਹਾ ਹੈ ਕਿ ਰੂਸ ਵੱਲੋਂ ਪ੍ਰਮਾਣੂ ਹਥਿਆਰਾਂ ਨੂੁੰ ਚੌਕਸੀ ਤੇ ਰੱਖਣਾ ''ਕਤਈ ਨਾ-ਸਵੀਰਾਕਰਨਯੋਗ'' ਕਦਮ ਹੈ।
    • ਰਾਸ਼ਟਰਪਤੀ ਪੁਤਿਨ ਨੇ ਫ਼ੌਜਾਂ ਨੂੰ ਆਪਣੀਆਂ ਪ੍ਰਮਾਣੂ ਸ਼ਕਤੀਆਂ ''ਵਿਸ਼ੇਸ਼ ਚੌਕਸੀ'' 'ਤੇ ਰੱਖਣ ਦੇ ਹੁਕਮ ਦਿੱਤੇ ਹਨ। ਇਸ ਕਦਮ ਨੂੰ ਪੱਛਮ ਦੀਆਂ ਪਾਬੰਦੀਆਂ ਅਤੇ ਬਿਆਨਾਂ ਪ੍ਰਤੀ ਧਮਕੀ ਵਜੋਂ ਦੇਖਿਆ ਜਾ ਰਿਹਾ ਹੈ।
    • ਯੂਰਪ ਦੇ ਕਈ ਵੱਡੇ ਸ਼ਹਿਰਾਂ ਵਿੱਚ ਰੂਸ ਦੇ ਯੂਕਰੇਨ ਉੱਪਰ ਹਮਲੇ ਖਿਲਾਫ਼ ਲੋਕਾਂ ਨੇ ਸੜਕਾਂ ਉੱਪਰ ਆ ਕੇ ਮਾਰਚ ਕੀਤੇ।
    • ਰੂਸੀ ਸਰਹੱਦਾਂ ਉੱਪਰ ਰੂਸ ਦੀ ਹਵਾਈ ਫ਼ੌਜ ਨੇ ਗਸ਼ਤ ਤੇਜ਼ ਕਰ ਦਿੱਤੀ ਹੈ।
    • ਯੂਕਰੇਨ ਸਰਕਾਰ ਦੇ ਲੋਕਪਾਲ ਲੁਮਢਲਾ ਡੈਨੀਸੋਵਾ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਆਖਿਆ ਹੈ ਕਿ 200 ਤੋਂ ਵੱਧ ਯੂਕਰੇਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 1100 ਇਸ ਤੋਂ ਵੱਧ ਜ਼ਖ਼ਮੀ ਹਨ।
    • ਕੌਮਾਂਤਰੀ ਜੂਡੋ ਫੈਡਰੇਸ਼ਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਨਰੇਰੀ ਪ੍ਰਧਾਨਗੀ ਤੇ ਅੰਬੈਸਡਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਹੈ।
    • ਸੰਯੁਕਤ ਰਾਸ਼ਟਰ ਅਤੇ ਸਾਥੀ ਏਜੰਸੀਆਂ ਫਿਲਹਾਲ ਯੂਕਰੇਨ ਵਿੱਚ ਆਪਣਾ ਕੰਮ ਬੰਦ ਕਰ ਰਹੀਆਂ ਹਨ।
    • ਯੂੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ,'ਰੂਸ ਨਾਲ ਬੈਲਾਰੂਸ ਵਿੱਚ ਕੋਈ ਗੱਲ ਨਹੀਂ ਹੋਵੇਗੀ''।
  2. ਖਰਕੀਵ ਵਿੱਚ ਲੜਾਈ ਤੋਂ ਬਾਅਦ ਦੀਆਂ ਕੁਝ ਤਸਵੀਰਾਂ

    ਯੂਕਰੇਨ ਸਰਕਾਰ ਨੇ ਕਿਹਾ ਹੈ ਕਿ ਖਰਕੀਵ ਸ਼ਹਿਰ ਵਿੱਚੋਂ ਰੂਸੀ ਫ਼ੌਜਾਂ ਨੂੰ ਖਦੇੜ ਦਿੱਤਾ ਗਿਆ ਹੈ।

  3. ਯੂਕਰੇਨ ਰੂਸ ਸੰਕਟ - ਨਾਟੋ ਕੀ ਹੈ ਅਤੇ ਰੂਸ ਇਸ ਉੱਤੇ ਭਰੋਸਾ ਕਿਉਂ ਨਹੀਂ ਕਰ ਰਿਹਾ

    ਨਾਟੋ - ਨੌਰਥ ਐਟਲਾਂਟਿਕ ਟਰੀਟੀ ਆਰਗੇਨਾਈਜ਼ੇਸ਼ਨ, ਇੱਕ ਮਿਲਟਰੀ ਗਠਜੋੜ ਹੈ, ਜਿਸ ਦੀ ਸਥਾਪਨਾ 12 ਦੇਸ਼ਾਂ ਨੇ 1949 ਵਿੱਚ ਕੀਤੀ ਸੀ, ਇਨ੍ਹਾ ਦੇਸ਼ਾਂ ਵਿੱਚ ਅਮਰੀਕਾ, ਕੈਨੇਡਾ, ਯੂਕੇ ਅਤੇ ਫਰਾਂਸ ਵੀ ਸਾਮਲ ਹਨ।

    ਨਾਟੋ ਮੈਂਬਰ ਕਿਸੇ ਇੱਕ ਦੇਸ਼ ਵਿਰੁੱਧ ਹਥਿਆਰਬੰਦ ਹਮਲੇ ਦੀ ਸਥਿਤੀ ਵਿੱਚ ਇੱਕ-ਦੂਜੇ ਦੀ ਸਹਾਇਤਾ ਲਈ ਅੱਗੇ ਆਉਣ ਲਈ ਸਹਿਮਤ ਹੁੰਦੇ ਹਨ।

    1955 ਵਿੱਚ ਸੋਵੀਅਤ ਰੂਸ ਨੇ ਪੂਰਬੀ ਯੂਰਪੀਅਨ ਕਮਿਊਨਿਸਟ ਦੇਸ਼ਾਂ ਦਾ ਆਪਣਾ ਫੌਜੀ ਗਠਜੋੜ ਬਣਾ ਕੇ ਨਾਟੋ ਨੂੰ ਜਵਾਬ ਦਿੱਤਾ ਅਤੇ ਇਸ ਨੂੰ ਵਾਰਸਾ ਪੈਕਟ ਕਿਹਾ ਜਾਂਦਾ ਹੈ।

    1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ, ਕਈ ਵਾਰਸਾ ਪੈਕਟ ਦੇਸ਼ ਨਾਟੋ ਮੈਂਬਰ ਬਣ ਗਏ। ਨਾਟੋ ਦੇ ਇਸ ਵੇਲੇ 30 ਦੇਸ਼ ਮੈਂਬਰ ਹਨ।

    ਰੂਸ ਦਾ ਨਾਟੋ ਅਤੇ ਯੂਕਰੇਨ ਨਾਲ ਤਾਜ਼ਾ ਮਸਲਾ ਕੀ ਹੈ, ਪੜ੍ਹੋ ਇਸ ਰਿਪੋਰਟ 'ਚ

  4. ਰੂਸ - ਯੂਕਰੇਨ ਸੰਕਟ: ਕੀ ਅਮਰੀਕਾ ਯੂਕਰੇਨ ਵਿੱਚ ਫੌਜ ਭੇਜ ਸਕਦਾ ਹੈ, ਅਮਰੀਕੀ ਲੋਕ ਕੀ ਚਾਹੁੰਦੇ ਹਨ

    ਅਮਰੀਕਾ ਯੂਕਰੇਨ ਵਿੱਚ ਕਈ ਕਾਰਨਾਂ ਕਰਕੇ ਫ਼ੌਜ ਨਹੀਂ ਭੇਜੇਗਾ। ਸਭ ਤੋਂ ਪਹਿਲੀ ਗੱਲ, ਯੂਕਰੇਨ ਅਮਰੀਕਾ ਦੇ ਗੁਆਂਢ ਵਿੱਚ ਨਹੀਂ ਹੈ। ਇਸ ਦੀ ਅਮਰੀਕਾ ਨਾਲ ਸਰਹੱਦ ਨਹੀਂ ਲਗਦੀ ਹੈ।

    ਯੂਕਰੇਨ ਵਿੱਚ ਅਮਰੀਕੀ ਫੌਜ ਦਾ ਕੋਈ ਟਿਕਾਣਾ ਵੀ ਨਹੀਂ ਹੈ। ਯੂਕਰੇਨ ਕੋਲ ਰਣਨੀਤਕ ਤੇਲ ਭੰਡਾਰ ਨਹੀਂ ਹਨ, ਅਤੇ ਇਹ ਇੱਕ ਪ੍ਰਮੁੱਖ ਵਪਾਰਕ ਭਾਈਵਾਲ ਵੀ ਨਹੀਂ ਹੈ।

    ਹਾਲਾਂਕਿ ਰਾਸ਼ਟਰੀ ਹਿੱਤ ਨਾ ਹੋਣ ਦੇ ਬਾਵਜੂਦ ਅਤੀਤ ਵਿੱਚ ਸਾਬਕਾ ਰਾਸ਼ਟਰਪਤੀ ਦੂਜਿਆਂ ਲਈ ਖੂਨ ਵਹਾਉਣ ਅਤੇ ਪੈਸਾ ਖਰਚਣ ਤੋਂ ਨਹੀਂ ਰੁਕੇ।

    1995 ਵਿੱਚ ਬਿਲ ਕਲਿੰਟਨ ਨੇ ਯੂਗੋਸਲਾਵੀਆ ਦੇ ਪਤਨ ਤੋਂ ਬਾਅਦ ਹੋਈ ਲੜਾਈ ਵਿੱਚ ਫੌਜੀ ਦਖਲਅੰਦਾਜ਼ੀ ਕੀਤੀ ਸੀ।

    ਰੂਸ-ਯੂਕਰੇਨ ਲੜਾਈ ਵਿੱਚ ਅਮਰੀਕਾ ਦੀ ਸੰਭਾਵੀ ਫ਼ੌਜੀ ਭੂਮਿਕਾ ਦਾ ਵਿਸ਼ਲੇਸ਼ਣ ਕਰਦੀ ਇਹ ਖਾਸ ਰਿਪੋਰਟ ਪੜੋ।

  5. ਰੂਸ ਦੀ ਪ੍ਰਮਾਣੂ ਹਥਿਆਰਾਂ ਵਾਲੀ ਗੱਲ ''ਬਿਲਕੁਲ ਕਬੂਲ ਨਹੀਂ''- ਅਮਰੀਕਾ

    ਅਮਰੀਕਾ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਪ੍ਰਮਾਣੂ ਹਥਿਆਰਾਂ ਨੂੰ ਚੌਕਸ ਕਰਨ ਦੇ ਬਿਆਨ ਬਾਰੇ ਕਿਹਾ ਹੈ ਕਿ ਉਹ ''ਬਿਲਕੁਲ ਕਬੂਲ ਨਹੀਂ'' ਹੈ।

    ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਸਫ਼ੀਰ ਲਿੰਡਾ ਥੌਮਸ-ਗ੍ਰੀਨਫ਼ੀਲਡ ਨੇ ਸੀਬੀਸੀ ਨਿਊਜ਼ ਨੂੰ ਗੱਲਬਾਤ ਦੌਰਾਨ ਇਹ ਗੱਲ ਕਹੀ ਹੈ।

    ਉਨ੍ਹਾਂ ਨੇ ਕਿਹਾ, “ਇਸ ਦਾ ਮਤਲਬ ਹੈ ਕਿ ਰਾਸ਼ਟਰਪਤੀ ਪੁਤਿਨ ਇਸ ਲੜਾਈ ਨੂੰ ਵਧਾਉਣਾ ਜਾਰੀ ਰੱਖ ਰਹੇ ਹਨ ਜੋ ਕਿ 'ਬਿਲਕੁਲ ਕਬੂਲ ਨਹੀਂ' ਹੈ।”

  6. ਪੁਤਿਨ ਵੱਲੋਂ ਪ੍ਰਮਾਣੂ ਹਥਿਆਰਾਂ ਨੂੰ ਚੌਕਸ ਕਰਨ ਦੇ ਮਾਅਨੇ, ਗੌਰਡਨ ਕੁਰੇਰਾ, ਬੀਬੀਸੀ ਪੱਤਰਕਾਰ

    ਰੂਸੀ ਰਾਸ਼ਟਰਪਤੀ ਪੁਤਿਨ ਨੇ ਦੇਸ ਦੀਆਂ ਪ੍ਰਮਾਣੂ ਸ਼ਕਤੀਆਂ ਨੂੰ ਵਿਸ਼ੇਸ਼ ਤੌਰ ਤੇ ਚੌਕਸ ਰੱਖਣ ਦੇ ਹੁਕਮ ਆਪਣੀ ਫ਼ੌਜ ਨੂੰ ਦਿੱਤੇ ਹਨ।

    ਇਹ ਕਦਮ ਰੂਸ ਮੁਤਾਬਕ ਪੱਛਮ ਵੱਲੋਂ ਆਏ 'ਆਕ੍ਰਮਕ ਬਿਆਨਾਂ'' ਤੋਂ ਬਾਅਦ ਚੁੱਕਿਆ ਗਿਆ ਹੈ।

    ਪਿਛਲੇ ਹਫ਼ਤੇ ਉਨ੍ਹਾਂ ਨੇ ਕਿਹਾ ਸੀ ਕਿ ਜੋ ਕੋਈ ਵੀ ਸਾਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਨਤੀਜੇ ਭੁਗਤਣੇ ਪੈਣਗੇ।

    ਪੁਤਿਨ ਦੇ ਇਨ੍ਹਾਂ ਸ਼ਬਦਾਂ ਨੂੰ ਇੱਕ ਇਸ਼ਾਰੇ ਵਜੋਂ ਲਿਆ ਗਿਆ ਸੀ ਕਿ ਜੇ ਪੱਛਮ ਨੇ ਦਖ਼ਲ ਅੰਦਾਜ਼ੀ ਕੀਤੀ ਤਾਂ ਰੂਸ ਪ੍ਰਮਾਣੂ ਹਥਿਆਰ ਵਰਤ ਸਕਦਾ ਹੈ।

    ਪੁਤਿਨ ਦਾ ਤਾਜ਼ਾ ਬਿਆਨ ਵੀ ਚੇਤਾਵਨੀ ਭੇਜਣ ਦਾ ਇੱਕ ਤਰੀਕਾ ਹੈ। ਹਥਿਆਰਾਂ ਨੂੰ ਚੌਕਸ ਰੱਖਣ ਨਾਲ ਬਿਨਾਂ ਸ਼ੱਕ ਹਥਿਆਰਾਂ ਨੂੰ ਦਾਗਣਾ ਸੁਖਾਲਾ ਹੋ ਜਾਵੇਗਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਸਮੇਂ ਅਜਿਹਾ ਕੋਈ ਇਰਾਦਾ ਹੈ।

    ਰੂਸ ਕੋਲ ਦੁਨੀਆਂ ਵਿੱਚ ਪ੍ਰਮਾਣੂ ਹਥਿਆਰਾਂ ਦਾ ਸਭ ਤੋਂ ਵੱਡਾ ਜ਼ਖੀਰਾ ਹੈ ਅਤੇ ਪਰ ਨਾਟੋ ਕੋਲ ਵੀ ਇੰਨੇ ਹਥਿਆਰ ਹਨ ਕਿ ਰੂਸ ਨੂੰ ਤਬਾਹ ਕਰ ਸਕਦੇ ਹਨ।

    ਹਾਲਾਂਕਿ ਮੌਜੂਦਾ ਬਿਆਨ ਦਾ ਮਕਸਦ ਤਾਂ ਡਰ ਪੈਦਾ ਕਰਨਾ ਹੀ ਹੈ ਕਿ ਯੂਕਰੇਨ ਮਾਮਲੇ ਵਿੱਚ ਰੂਸ ਕਿੱਥੋਂ ਤੱਕ ਜਾ ਸਕਦਾ ਹੈ ਅਤੇ ਇਸ ਨਾਲ ਇੱਕ ਭਰਮ ਦਾ ਮਾਹੌਲ ਵਿੱਚ ਸਰਜਿਆ ਜਾ ਰਿਹਾ ਹੈ।

  7. ਪੁਤਿਨ ਦਾ ਰੂਸ ਦੀਆਂ ਪ੍ਰਮਾਣੂ ਸ਼ਕਤੀਆਂ ਲਈ 'ਵਿਸ਼ੇਸ਼ ਅਲਰਟ'

    ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸੀ ਫ਼ੌਜ ਨੇ ਆਪਣੀਆਂ ਪ੍ਰਮਾਣੂੂ ਸ਼ਕਤੀਆਂ ਨੂੰ ''ਵਿਸ਼ੇਸ਼ ਤੌਰ 'ਤੇ ਚੌਕਸ'' ਰੱਖਣ ਦੇ ਹੁਕਮ ਦਿੱਤੇ ਹਨ।

    ਰਾਸ਼ਟਰਪਤੀ ਨੇ ਇਹ ਹੁਕਮ ਦੇਸ ਦੇ ਸਿਰਮੌਰ ਫ਼ੌਜੀ ਅਧਿਕਾਰੀਆਂ ਨਾਲ ਬੈਠਕ ਦੌਰਾਨ ਦਿੱਤੇ ਹਨ। ਇਨ੍ਹਾਂ ਅਧਿਕਾਰੀਆਂ ਵਿੱਚ ਦੇਸ ਦੇ ਰੱਖਿਆ ਮੰਤਰੀ ਸਰਗੇ ਸ਼ੋਇਗੁ ਵੀ ਸ਼ਾਮਲ ਹਨ।

    ਉਨ੍ਹਾਂ ਨੇ ਕਿਹਾ ਕਿ ਕਿ ਪੱਛਮੀ ਦੇਸਾਂ ਨੇ ਰੂਸ ਪ੍ਰਤੀ ਗੈਰ-ਦੋਸਤਾਨਾ ਕਦਮ ਚੁੱਕੇ ਹਨ ਅਤੇ ਗੈਰ-ਕਾਨੂੰਨੀ ਪਾਬੰਦੀਆਂ ਲਗਾਈਆਂ ਹਨ।

  8. ਕੀਵ: ਲੋਕਾਂ ਨੇ ਘਰਾਂ ਦੀਆਂ ਖੜਿਕੀਆਂ ਦੇ ਸ਼ੀਸ਼ੇ ਟੇਪ ਕੀਤੇ

    ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਹਾਲਾਂਕਿ ਮੇਅਰ ਨੇ ਵੀ ਕਿਹਾ ਹੈ ਕਿ ਉੱਥੇ ਕੋਈ ਰੂਸੀ ਸੈਨਿਕ ਨਹੀਂ ਹੈ ਤੋ ਜੋ ਸਨ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ।

    ਪਰ ਸ਼ਹਿਰ ਵਿੱਚ ਜ਼ਿੰਦਗੀ ਆਮ ਵਰਗੀ ਤਾਂ ਕਤਈ ਨਹੀਂ ਹੈ।

    ਲੋਕਾਂ ਨੇ ਆਪਣੇ ਘਰਾਂ ਦੀਆਂ ਬਾਰੀਆਂ ਦੇ ਸ਼ੀਸਿਆਂ ਉੱਪਰ ਟੇਪਾਂ ਲਗਾ ਲਈਆਂ ਹਨ ਤਾਂ ਜੋ ਗੋਲੀਬਾਰੀ ਅਤੇ ਮਿਜ਼ਾਈਲ ਹਮਲੇ ਦੀ ਸੂਰਤ ਵਿੱਚ ਕੱਚ ਨਾ ਖਿੰਡਰੇ।

    ਇਸੇ ਤਰ੍ਹਾਂ ਇੱਕ ਵੀਡੀਓ ਵਿੱਚ.ਯੂਕਰੇਨ ਵਿੱਚ ਲੋਕ ਲੜਾਈ ਦਾ ਸਮਾਨ ਬਣਾਉਂਦੇ ਹੋਏ ਦੇਖੇ ਜਾ ਸਕਦੇ ਹਨ।

  9. 200 ਤੋਂ ਵੱਧ ਨਾਗਰਿਕਾਂ ਦੀ ਮੌਤ, ਤਿੰਨ ਲੱਖ ਤੋਂ ਵੱਧ ਨੇ ਛੱਡਿਆ ਯੂਕਰੇਨ

    ਯੂਕਰੇਨ ਸਰਕਾਰ ਦੇ ਲੋਕਪਾਲ ਲੁਮਢਲਾ ਡੈਨੀਸੋਵਾ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਆਖਿਆ ਹੈ ਕਿ 200 ਤੋਂ ਵੱਧ ਯੂਕਰੇਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 1100 ਇਸ ਤੋਂ ਵੱਧ ਜ਼ਖ਼ਮੀ ਹਨ।

    ਉਨ੍ਹਾਂ ਮੁਤਾਬਕ ਰੂਸ ਨੇ ਹਸਪਤਾਲ, ਸਕੂਲ ਅਤੇ ਘਰਾਂ ਉੱਪਰ ਵੀ ਹਮਲਾ ਕੀਤਾ ਹੈ।

    ਉਨ੍ਹਾਂ ਲਿਖਿਆ,"ਰੂਸ ਯੂਕਰੇਨ ਦੇ ਪੁੱਤਰਾਂ ਅਤੇ ਧੀਆਂ ਤੋਂ ਜ਼ਿੰਦਗੀ ਜਿਊਣ ਦਾ ਹੱਕ ਖੋਹ ਰਿਹਾ ਹੈ।"

    ਉਨ੍ਹਾਂ ਨੇ ਦੱਸਿਆ ਕਿ ਕੀਵ ਵਿੱਚ ਹਮਲੇ ਦੌਰਾਨ ਹਸਪਤਾਲ ਵਿੱਚ ਬੱਚੇ ਦੀ ਮੌਤ ਹੋਈ ਹੈ ਤੇ ਖਾਰਕੀਵ ਵਿੱਚ ਮਿਜ਼ਾਈਲ ਹਮਲੇ ਕਾਰਨ ਇੱਕ ਔਰਤ ਦੀ ਮੌਤ ਹੋਈ ਹੈ।

    ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਏਜੰਸੀ ਮੁਤਾਬਕ ਹੁਣ ਤੱਕ 3.68 ਲੱਖ ਲੋਕ ਯੂਕਰੇਨ ਛੱਡ ਚੁੱਕੇ ਹਨ।

    ਇਨ੍ਹਾਂ ਵਿਚੋਂ 1.5 ਲੱਖ ਲੋਕ ਪੋਲੈਂਡ ਗਏ ਹਨ ਅਤੇ 43 ਹਜ਼ਾਰ ਰੋਮਾਨਿਆ ਦੀ ਸਰਹੱਦ ਵੱਲ ਗਏ ਹਨ।

  10. ਜੇਕਰ ਤੁਸੀਂ ਹੁਣੇ ਸਾਡੇ ਨਾਲ ਜੁੜੇ ਹੋ ਤਾਂ...

    ਰੂਸ ਅਤੇ ਯੂਕਰੇਨ ਦਰਮਿਆਨ ਸੰਘਰਸ਼ ਦਾ ਐਤਵਾਰ ਨੂੰ ਚੌਥਾ ਦਿਨ ਹੈ। ਰੂਸ ਨੇ ਯੂਕਰੇਨ ਉਪਰ ਹਮਲਾ ਕਰ ਦਿੱਤਾ ਸੀ।

    ਤੁਹਾਡੇ ਲਈ ਹੁਣ ਤੱਕ ਦੀਆਂ ਅਹਿਮ ਘਟਨਾਵਾਂ ਦੀ ਜਾਣਕਾਰੀ ਇਸ ਪ੍ਰਕਾਰ ਹੈ-

    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬੈਲਾਰੂਸ ਵਿੱਚ ਰੂਸ ਨਾਲ ਗੱਲਬਾਤ ਕਰਨ ਤੋਂ ਇਨਕਾਰ ਕੀਤਾ।
    • ਸਥਾਨਕ ਮੀਡੀਆ ਮੁਤਾਬਕ ਐਤਵਾਰ ਨੂੰ ਰੂਸ ਦੀਆਂ ਫੌਜਾਂ ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ਵਿਚ ਦਾਖ਼ਲ ਹੋਈਆਂ। ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਇਸ ਸ਼ਹਿਰ ਵਿੱਚ ਪੜ੍ਹਦੇ ਹਨ।
    • ਪੋਲੈਂਡ ਦੇ ਭਾਰਤ ’ਚ ਰਾਜਦੂਤ ਮੁਤਾਬਕ ਭਾਰਤੀ ਵਿਦਿਆਰਥੀ ਬਿਨਾਂ ਵੀਜ਼ਾ ਤੋਂ ਪੋਲੈਂਡ ਵਿਚ ਦਾਖ਼ਲ ਹੋ ਸਕਦੇ ਹਨ।
    • ਯੂਕਰੇਨ ਨੇ ਦਾਅਵਾ ਕੀਤਾ ਕਿ ਹੁਣ ਤੱਕ 4300 ਰੂਸੀਆਂ ਦੀ ਮੌਤ ਹੋ ਚੁੱਕੀ ਹੈ।
    • ਰੂਸ ਦੀ ਸੈਂਟਰਲ ਬੈਂਕ ਵਿੱਚੋਂ ਲੋਕ ਵੱਡੀ ਸੰਖਿਆ ’ਚ ਪੈਸੇ ਕਢਵਾ ਰਹੇ ਹਨ ਜਿਸ ਤੋਂ ਬਾਅਦ ਸਰਕਾਰ ਨੇ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ।
    • ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ ਆਪਣੀ ਫ਼ੌਜ ਦੀ ਕਾਰਵਾਈ ਦੀ ਤਰੀਫ਼ ਕੀਤੀ ਹੈ।
    • ਸੰਯੁਕਤ ਰਾਸ਼ਟਰ ਮੁਤਾਬਕ ਹੁਣ ਤਕ ਤਕਰੀਬਨ ਚਾਰ ਲੱਖ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ।
    • ਯੂਕਰੇਨ ਮੁਤਾਬਕ ਹੁਣ ਤੱਕ 200 ਤੋਂ ਵੱਧ ਨਾਗਰਿਕਾਂ ਦੀ ਜਾਨ ਗਈ ਹੈ।
  11. ਪੁਤਿਨ ਨੂੰ ਕੌਮਾਂਤਰੀ ਜੂਡੋ ਫੈਡਰੇਸ਼ਨ ਨੇ ਸਸਪੈਂਡ ਕੀਤਾ

    ਕੌਮਾਂਤਰੀ ਜੂਡੋ ਫੈਡਰੇਸ਼ਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਨਰੇਰੀ ਪ੍ਰਧਾਨਗੀ ਤੇ ਅੰਬੈਸਡਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਹੈ।

    ਇਹ ਫ਼ੈਸਲਾ ਹਾਲ ਦੇ ਦਿਨਾਂ ਦੌਰਾਨ ਰੂਸ ਉੱਪਰ ਲਗਾਈਆਂ ਗਈਆਂ ਖੇਡ ਪਾਬੰਦੀਆਂ ਦਾ ਹਿੱਸਾ ਹੈ।

    ਰੂਸ ਵਿੱਚ ਹੋਣ ਵਾਲੀ ਫਾਰਮੂਲਾ-1 ਗਰੈਂਡ ਪਰਿਕਸ ਜੋ ਕਿ ਸਤੰਬਰ ਵਿੱਚ ਹੋਣੀ ਸੀ ਰੱਦ ਕਰ ਦਿੱਤੀ ਗਈ ਹੈ।

    ਜੂਡੋ ਵਿੱਚ ਬਲੈਕ ਬੈਲਟ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਾਬਕਾ ਸੋਵੀਅਤ ਸੰਘ ਦੌਰਾਨ ਖੂਫੀਆ ਏਜੰਸੀ ਦੇ ਇੱਕ ਜਾਸੂਸ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।

    ਇਸ ਰਿਪੋਰਟ ਵਿੱਚ ਪੜ੍ਹੋ ਉਨ੍ਹਾਂ ਦੀ ਜ਼ਿੰਦਗੀ ਦੇ ਕਈ ਦਿਲਚਸਪ ਕਿੱਸੇ ਅਤੇ ਜਾਣਕਾਰੀਆਂ। ਪੜ੍ਹਨ ਲਈ ਇੱਥੇ ਕਲਿੱਕ ਕਰੋ।

  12. ਯੂਕਰੇਨ ਵਿੱਚ ਫਿਲਹਾਲ ਆਪਣਾ ਕੰਮ ਬੰਦ ਕਰਨਗੀਆਂ ਸੰਯੁਕਤ ਰਾਸ਼ਟਰ ਏਜੰਸੀਆਂ

    ਯੂਕਰੇਨ ਅਤੇ ਰੂਸ ਦਰਮਿਆਨ ਜੰਗ ਕਾਰਨ ਵਿਗੜਦੇ ਹਾਲਾਤ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਅਤੇ ਸਾਥੀ ਏਜੰਸੀਆਂ ਫਿਲਹਾਲ ਯੂਕਰੇਨ ਵਿੱਚ ਆਪਣਾ ਕੰਮ ਬੰਦ ਕਰ ਰਹੀਆਂ ਹਨ।

    ਸੰਯੁਕਤ ਰਾਸ਼ਟਰ ਵੱਲੋਂ ਬਿਆਨ ਵਿੱਚ ਆਖਿਆ ਗਿਆ ਕਿ ਸੰਯੁਕਤ ਰਾਸ਼ਟਰ ਅਤੇ ਸਾਥੀ ਪੂਰੇ ਦੇਸ਼ ਵਿੱਚ ਆਪਣੇ ਕੰਮ ਹਾਲਾਤ ਠੀਕ ਹੋਣ ਤੋਂ ਬਾਅਦ ਦੁਬਾਰਾ ਸ਼ੁਰੂ ਕਰਨਗੇ।

    ਯੂਕਰੇਨ ਅਤੇ ਰੂਸ ਦਰਮਿਆਨ ਜੰਗ ਦਾ ਐਤਵਾਰ ਨੂੰ ਚੌਥਾ ਦਿਨ ਹੈ ਅਤੇ ਕਈ ਸ਼ਹਿਰਾਂ ਵਿੱਚ ਰੂਸ ਦੀਆਂ ਫ਼ੌਜਾਂ ਦਾਖ਼ਲ ਹੋ ਚੁੱਕੀਆਂ ਹਨ।

  13. ਯੂਕਰੇਨ ਦਾ ਦਾਅਵਾ,ਹੁਣ ਤੱਕ 4300 ਰੂਸੀਆਂ ਦੀ ਮੌਤ

    ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰਗ ਬਾਰੇ ਯੂਕਰੇਨ ਦੇ ਉਪ ਰੱਖਿਆ ਮੰਤਰੀ ਹਨਾ ਮੇਲਰ ਨੇ ਦਾਅਵਾ ਕੀਤਾ ਕਿ ਪਹਿਲੇ ਤਿੰਨ ਦਿਨਾਂ ਵਿੱਚ 4300 ਰੂਸੀ ਮਾਰੇ ਗਏ ਹਨ।

    ਆਪਣੀ ਫੇਸਬੁੱਕ ਪੋਸਟ ਵਿੱਚ ਹਨਾ ਮੇਲਰ ਨੇ ਇਹ ਦਾਅਵਾ ਕੀਤਾ ਹੈ।

    ਬੀਬੀਸੀ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਅਤੇ ਰੂਸ ਵੱਲੋਂ ਮੌਤਾਂ ਬਾਰੇ ਕੋਈ ਜਾਣਕਾਰੀ ਅਧਿਕਾਰਿਕ ਤੌਰ 'ਤੇ ਨਹੀਂ ਦਿੱਤੀ ਗਈ।

    ਇਹ ਵੀ ਦਾਅਵਾ ਕੀਤਾ ਗਿਆ ਕਿ ਹੁਣ ਤੱਕ ਰੂਸ ਦੇ 27 ਜਹਾਜ਼,26 ਹੈਲੀਕਾਪਟਰ,146 ਟੈਂਕ,49 ਤੋਪਾਂ,2ਡਰੋਨ ਅਤੇ ਦੋ ਕਿਸ਼ਤੀਆਂ ਵੀ ਯੂਕਰੇਨ ਨੇ ਤਬਾਹ ਕੀਤੀਆਂ ਹਨ।

  14. ਕੀਵ ਦੀ ਰਿਹਾਇਸ਼ੀ ਇਮਾਤਰ ’ਤੇ ਹਮਲਾ

    ਕੀਵ ਸਿਟੀ ਸਟੇਟ ਐਡਮਨਿਸਟਰੇਸ਼ਨ ਮੁਤਾਬਕ ਇੱਥੇ ਇੱਕ 16 ਮੰਜ਼ਲੀ ਰਿਹਾਇਸ਼ੀ ਇਮਾਰਤ ਦੇ ਵਿਹੜੇ ਵਿੱਚ ਬੰਬ ਆ ਕੇ ਡਿੱਗਿਆ। ਉੱਥੇ ਖੜ੍ਹੀਆਂ ਸੱਤ ਨਿੱਜੀ ਕਾਰਾਂ ਨੂੰ ਅੱਗ ਲੱਗ ਗਈ।

    ਪ੍ਰਭਾਵਿਤ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ।

    ਧਮਾਕੇ ਕਾਰਨ ਪਹਿਲੀ ਤੋਂ ਪੰਦਰਵ੍ਹੀਂ ਮੰਜ਼ਿਲ ਤੱਕ ਦੀਆਂ ਖਿੜਕੀਆਂ ਤੇ ਬਾਲਕੋਨੀਆਂ ਨੁਕਸਾਨੀਆਂ ਗਈਆਂ ਹਨ।

  15. ਬਿਨਾਂ ਵੀਜ਼ੇ ਤੋਂ ਪੋਲੈਂਡ ਦਾਖ਼ਲ ਹੋ ਸਕਦੇ ਹਨ ਭਾਰਤੀ ਵਿਦਿਆਰਥੀ

    ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰਗ ਤੋਂ ਬਾਅਦ ਯੂਕਰੇਨੀ ਅਤੇ ਦੂਜੇ ਦੇਸ਼ਾਂ ਦੇ ਨਾਗਰਿਕ ਪੋਲੈਂਡ ਵੱਲ ਜਾ ਰਹੇ ਹਨ।

    ਭਾਰਤ ਵਿੱਚ ਪੋਲੈਂਡ ਦੇ ਰਾਜਦੂਤ ਐਡਮ ਬੁਰਾਕੋਸਕੀ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਵਿਦਿਆਰਥੀ ਪੋਲੈਂਡ ਵਿੱਚ ਬਿਨਾਂ ਵੀਜ਼ਾ ਤੋਂ ਜਾ ਸਕਦੇ ਹਨ।

    ਇਹ ਉਨ੍ਹਾਂ ਵਿਦਿਆਰਥੀਆਂ ਬਾਰੇ ਹੈ ਜੋ ਰੂਸ ਦੇ ਹਮਲੇ ਤੋਂ ਬਾਅਦ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ।

    ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੀਆਂ ਕੁਝ ਉਡਾਣਾਂ ਪੋਲੈਂਡ ਤੋਂ ਨਵੀਂ ਦਿੱਲੀ ਵਿੱਚ ਵਿਦਿਆਰਥੀਆਂ ਨੂੰ ਲੈ ਕੇ ਆ ਰਹੀਆਂ ਹਨ।

  16. ਯੂਕਰੇਨ ਨੇ ਕੀਤੀ ਨਾਗਰਿਕਾਂ ਨੂੰ ਕਿਹਾ, 'ਸੜਕਾਂ ਦੇ ਸਾਈਨ ਬੋਰਡ ਹਟਾਅ ਦਿਓ'

    ਯੂਕਰੇਨ ਦੇ ਫ਼ੌਜ ਨੇ ਸਧਾਰਨ ਨਾਗਰਿਕਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਤੇ ਰੂਸੀ ਹਮਲੇ ਦਾ ਨਾਗਰਿਕੀ ਵਿਰੋਧ ਕਰਨ ਨੂੰ ਕਿਹਾ ਹੈ।

    ਕਿਹਾ ਗਿਆ ਹੈ,'' ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਕੋਲ ਹਥਿਆਰ ਜਾਂ ਅਸਲ੍ਹਾ ਹੈ, ਲੜਾਈ ਦੇ ਸਾਰੇ ਸੰਭਵ ਸਾਧਨ ਵਰਤੋ।''

    ਲੋਕਾਂ ਨੂੰ ਕਿਹਾ ਗਿਆ ਹੈ ਕਿ-

    • ਸੜਕਾਂ ਤੋਂ ਸਾਈਨ ਬੋਰਡ ਹਟਾਅ ਦਿਓ
    • ਰਾਹ ਰੋਕਣ ਲਈ ਦਰਖਤ ਵੱਢ ਕੇ ਸੁੱਟੋ
    • ਘਰ ਵਿੱਚ ਬਣਾਏ ਹਥਿਆਰ ਵਰਤੋ
    • ਰਾਤ ਜਾਂ ਘੁਸਮੁਸੇ ਵਿੱਚ ਜ਼ਿਆਦਾ ਸਰਗਰਮ ਰਹੋ
  17. ਨਿਹੱਥੇ ਯੂਕਰੇਨ ਵਾਸੀਆਂ ਨੇ ਪਿੱਛੇ ਮੋੜਿਆ ਰੂਸੀ ਟੈਂਕ

    ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਯੂਕਰੇਨ ਵਾਸੀ ਚੜ੍ਹੇ ਆ ਰਹੇ ਰੂਸੀ ਟੈਂਕ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਨ।

    ਲੋਕਾਂ ਦੇ ਇਕੱਠ ਤੋਂ ਟੈਂਕ ਪਿੱਛੇ ਵੱਲ ਜਾਣ ਲਗਦਾ ਹੈ। ਯੂਕਰੇਨ ਦੇ ਲੋਕ ਸ਼ਾਂਤੀ ਨਾਲ ਅੱਗੇ ਵਧਦੇ ਹਨ। ਵੀਡੀਓ ਵਿੱਚ ਕੋਈ ਵੀ ਵਿਅਕਤੀ ਹਥਿਆਰਬੰਦ ਨਜ਼ਰ ਨਹੀਂ ਆਉਂਦਾ ਹੈ।

    ਸਮਝਿ ਜਾ ਰਿਹਾ ਹੈ ਕਿ ਇਹ ਵੀਡੀਓ ਚਰਨੀਹਿਊ ਇਲਕੇ ਵਿੱਚ ਪੈਂਦੇ ਕੋਰੀਓਕੀਵਾਕਾ ਦਾ ਹੈ।

  18. ਰੂਸ ਨਾਲ ਬੈਲਾਰੂਸ ਵਿੱਚ ਨਹੀਂ ਹੋਵੇਗੀ ਕੋਈ ਗੱਲ -ਜ਼ੇਲੇਂਸਕੀ

    ਬੇਲਾਰੂਸ ਵਿੱਚ ਗੱਲਬਾਤ ਲਈ ਰੂਸ ਦਾ ਵਫ਼ਦ ਪਹੁੰਚਿਆ ਹੈ ਪਰ ਯੂਕਰੇਨ ਦੇ ਰਾਸ਼ਟਰਪਤੀ ਨੇ ਬੈਲਾਰੂਸ ਵਿੱਚ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

    ਹਾਲਾਂਕਿ ਗੱਲਬਾਤ ਦੇ ਰਾਹ ਖੁੱਲ੍ਹੇ ਹਨ।

    ਰਾਸ਼ਟਰਪਤੀ ਮੁਤਾਬਕ ਜੇਕਰ ਬੈਲਾਰੂਸ ਦੀ ਧਰਤੀ ਨੂੰ ਯੂਕਰੇਨ ਉਪਰ ਹਮਲੇ ਲਈ ਨਾ ਵਰਤਿਆ ਗਿਆ ਹੁੰਦਾ ਤਾਂ ਸ਼ਾਇਦ ਗੱਲ ਹੋ ਸਕਦੀ ਸੀ।

    ਉਨ੍ਹਾਂ ਨੇ ਕਿਹਾ,"ਬੇਸ਼ੱਕ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਮਿਲਣਾ ਚਾਹੁੰਦੇ ਹਾਂ ਸ਼ਾਂਤੀ ਚਾਹੁੰਦੇ ਹਾਂ। ਰੂਸ ਨਾਲ ਗੱਲ ਕਰਨਾ ਚਾਹੁੰਦੇ ਹਾਂ । ਬੁਡਾਪੈਸਟ, ਇਸਤਾਨਬੁਲ, ਬਾਕੂ, ਵਾਰਸਾ ਵਿੱਚ ਵੀ ਗੱਲਬਾਤ ਹੋ ਸਕਦੀ ਹੈ।"

    ਜਿਸ ਦੇਸ਼ ਦੀ ਧਰਤੀ ਸਾਡੇ ਉੱਪਰ ਮਿਜ਼ਾਈਲਾਂ ਛੱਡਣ ਲਈ ਨਾ ਵਰਤੀ ਗਈ ਹੋਵੇ,ਉਥੇ ਗੱਲ ਹੋ ਸਕਦੀ ਹੈ

  19. ਯੂਕਰੇਨ ਰੂਸ ਜੰਗ- ਪੰਜਾਬੀ ਬੋਲਿਆ, 'ਅਸੀਂ ਮੁਲਕ ਛੱਡ ਕੇ ਨਹੀਂ ਭੱਜਾਂਗੇ'

    ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ ਚੌਥਾ ਦਿਨ ਹੈ। ਰੂਸ ਵਲੋਂ ਯੂਕਰੇਨ ਵਿੱਚ ਹਮਲੇ ਕੀਤੇ ਜਾ ਰਹੇ ਹਨ। ਯੂਕਰੇਨ ਵਿੱਚ ਭਾਰਤੀ ਮੂਲ ਦੇ ਕਈ ਲੋਕ ਫ਼ਸੇ ਹੋਏ ਹਨ। ਬੀਬੀਸੀ ਪੰਜਾਬੀ ਨੇ ਯੂਕਰੇਨ ਦੇ ਓਡੇਸਾ ਵਿੱਚ ਰਹਿਣ ਵਾਲੇ ਬਲਜੀਤ ਸਿੰਘ ਨਾਲ ਗੱਲਬਾਤ ਕੀਤੀ, ਜੋ ਪਿਛਲੇ 28 ਸਾਲ ਤੋਂ ਯੂਕਰੇਨ ਵਿੱਚ ਰਹਿ ਰਹੇ ਹਨ।

  20. ਰੂਸ ਯੂਕਰੇਨ ਜੰਗ- ਜੇਕਰ ਤੁਸੀਂ ਹੁਣੇ ਜੁੜੇ ਹੋ ਤਾਂ ਜਾਣੋ ਹੁਣ ਤੱਕ ਕੀ-ਕੀ ਹੋਇਆ

    ਯੂਕਰੇਨ ਉਪਰ ਰੂਸ ਦੇ ਹਮਲੇ ਤੋਂ ਬਾਅਦ ਐਤਵਾਰ ਦੁਪਹਿਰ ਤੱਕ ਕਈ ਸਮੀਕਰਨ ਬਦਲੇ ਹਨ

    • ਰਾਜਧਾਨੀ ਕੀਵ ਦੇ ਨਜ਼ਦੀਕ ਤੇਲ ਡਿਪੂ ਉੱਪਰ ਹਮਲੇ ਤੋਂ ਬਾਅਦ ਅੱਗ ਲੱਗ ਗਈ ਹੈ। ਪ੍ਰਸ਼ਾਸਨ ਮੁਤਾਬਕ ਹਵਾ ਵਿੱਚ ਜ਼ਹਿਰੀਲਾ ਧੂੰਆਂ ਘੁਲ ਸਕਦਾ ਹੈ ਅਤੇ ਨਾਗਰਿਕਾਂ ਨੂੰ ਆਪਣੇ ਘਰ ਅੰਦਰ ਖਿੜਕੀਆਂ ਦਰਵਾਜ਼ੇ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ।
    • ਯੂਕਰੇਨੀ ਮੀਡੀਆ ਮੁਤਾਬਕ ਦੱਖਣੀ ਸ਼ਹਿਰ ਨੋਵਾ ਕਾਖੋਵਕਾ ਉੱਪਰ ਰੂਸੀ ਫ਼ੌਜ ਨੇ ਕਬਜ਼ਾ ਕਰ ਲਿਆ ਹੈ।
    • ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ਵਿੱਚ ਵੀ ਰੂਸੀ ਫੌਜ ਆ ਗਈ ਹੈ।ਧਮਾਕੇ ਤੋਂ ਬਾਅਦ ਮੰਨਿਆ ਜਾਂਦਾ ਹੈ ਕਿ ਸ਼ਹਿਰ ਵਿੱਚ ਮੌਜੂਦ ਗੈਸ ਪਾਈਪ ਲਾਈਨ ਪ੍ਰਭਾਵਿਤ ਹੋਈ ਹੈ।
    • ਉੱਤਰ ਪੂਰਬੀ ਯੂਕਰੇਨ ਦੇ ਸ਼ਹਿਰ ਉਖ਼ਤਰੀਕਾ ਵਿਚ ਘੱਟੋ-ਘੱਟ ਛੇ ਨਾਗਰਿਕਾਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਇਨ੍ਹਾਂ ਵਿੱਚ ਇੱਕ ਬੱਚੀ ਵੀ ਸ਼ਾਮਿਲ ਹੈ।
    • ਰੂਸ ਉਪਰ ਪਾਬੰਦੀਆਂ ਜਾਰੀ ਹਨ। ਅਮਰੀਕਾ ਅਤੇ ਸਾਥੀ ਦੇਸ਼ਾਂ ਵੱਲੋਂ ਰੂਸ ਦੀਆਂ ਬੈਂਕਾਂ ਨੂੰ ਅੰਤਰਰਾਸ਼ਟਰੀ ਅਦਾਇਗੀ ਸਿਸਟਮ ਸਵਿਫਟ ਤੋਂ ਹਟਾਉਣ ਦੀ ਗੱਲ ਆਖੀ ਗਈ ਹੈ।
    • ਆਸਟਰੇਲੀਆ ਵੱਲੋਂ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਵਾਏ ਜਾਣਗੇ ਇਸ ਦੀ ਪੁਸ਼ਟੀ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕੀਤੀ ਹੈ।
    • ਜਰਮਨੀ ਨੇ ਯੂਕਰੇਨ ਨੂੰ ਐਂਟੀ-ਟੈਂਕ ਮਿਜ਼ਾਈਲਾਂ ਅਤੇ ਹੋਰ ਹਥਿਆਰ ਭੇਜਣ ਦਾ ਐਲਾਨ ਕੀਤਾ।
    • ਰੂਸ ਦੇ ਅਮੀਰ ਲੋਕਾਂ ਲਈ ''ਗੋਲਡਨ ਪਾਸਪੋਰਟ'' ਨੂੰ ਵੀ ਸੀਮਤ ਕਰਨ ਤੇ ਯੂਰਪੀ ਸੰਘ ਤੇ ਸਹਿਯੋਗੀ ਮੁਲਕਾਂ ਨੇ ਸਹਿਮਤੀ ਜਤਾਈ