ਬ੍ਰਹਿਮੰਡ ਦਾ ਨਵਾਂ ਵਿਸ਼ਾਲ ਨਕਸ਼ਾ ਸਾਨੂੰ ਰਹੱਸਮਈ ਡਾਰਕ ਐਨਰਜੀ ਬਾਰੇ ਕੀ ਤਾਜ਼ਾ ਸੁਰਾਗ ਦੇ ਰਿਹਾ ਹੈ

ਅਸਮਾਨ ਦੀ ਰਾਤ ਵੇਲੇ ਦੀ ਤਸਵੀਰ ਜਿਸ ਵਿੱਚ ਮੇਅਲ ਟੈਲੀਸਕੋਪ ਦੇ ਉੱਤੋਂ ਘੁੰਮਦੇ ਹੋਏ ਤਾਰਿਆਂ ਦੇ ਰਸਤੇ ਦਿਸ ਰਹੇ ਹਨ, ਜਿਸ ਦੇ ਅੰਦਰ ਡਾਰਕ ਐਨਰਜੀ ਸਪੈਕਟ੍ਰੋਸਕੋਪਿਕ ਇੰਸਟਰੂਮੈਂਟ ਲਗਾਇਆ ਗਿਆ ਹੈ।

ਤਸਵੀਰ ਸਰੋਤ, Luke Tyas/Berkeley Lab and KPNO/NOIRLab/NSF/AURA

ਤਸਵੀਰ ਕੈਪਸ਼ਨ, ਮੇਅਲ ਟੈਲੀਸਕੋਪ ਯੂਐਸ ਦੇ ਐਰੀਜ਼ੋਨਾ ਵਿੱਚ ਹੈ।
    • ਲੇਖਕ, ਕਾਰਲਸ ਸੈਰਾਨੋ
    • ਰੋਲ, ਬੀਬੀਸੀ ਨਿਊਜ਼ ਮੁੰਡੋ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਪੰਜ ਹਜ਼ਾਰ ਫ਼ਾਈਬਰ ਓਪਟਿਕ ਅੱਖਾਂ ਵਾਲੇ ਇੱਕ ਵਿਸ਼ਾਲ ਸ਼ਕਤੀਸ਼ਾਲੀ ਯੰਤਰ ਨੇ ਬ੍ਰਹਿਮੰਡ ਦਾ ਇੱਕ ਅਜਿਹਾ ਨਕਸ਼ਾ ਪੇਸ਼ ਕੀਤਾ ਹੈ ਜੋ ਬ੍ਰਹਿਮੰਡ ਬਾਰੇ ਸਾਡੇ ਵਿਚਾਰਾਂ ਨੂੰ ਚੁਣੌਤੀ ਦਿੰਦਾ ਹੈ।

ਅਮਰੀਕਾ ਦੇ ਐਰੀਜ਼ੋਨਾ ਵਿੱਚ ਕਿੱਟ ਪੀਕ ਨੈਸ਼ਨਲ ਆਬਜ਼ਰਵੇਟਰੀ ਵਿੱਚ ਮਾਯਲ ਟੈਲੀਸਕੋਪ 'ਤੇ ਲਗਾਏ ਗਏ ਡਾਰਕ ਐਨਰਜੀ ਸਪੈਕਟ੍ਰੋਸਕੋਪਿਕ ਇੰਸਟਰੂਮੈਂਟ ਨੇ 47 ਮਿਲੀਅਨ ਤੋਂ ਵੱਧ ਗਲੈਕਸੀਆਂ ਅਤੇ ਕੁਐਸਰ ਦੇ ਨਾਲ ਵੀਹ ਮਿਲੀਅਨ ਤੋਂ ਵੱਧ ਤਾਰਿਆਂ ਦੀਆਂ ਤਸਵੀਰਾਂ ਖਿੱਚੀਆਂ ਹਨ।

ਇਹ ਗਿਣਤੀ ਪਿਛਲੇ ਸਾਰੇ ਮਾਪਾਂ ਵੱਲੋਂ ਰਿਕਾਰਡ ਕੀਤੀਆਂ ਗਲੈਕਸੀਆਂ ਅਤੇ ਹੋਰ ਬਹ੍ਰਿਮੰਡੀ ਵਸਤੂਆਂ ਦੀ ਕੁੱਲ ਗਿਣਤੀ ਤੋਂ ਛੇ ਗੁਣਾ ਵੱਧ ਹੈ। ਇਹ ਤਸਵੀਰਾਂ 11 ਅਰਬ ਪ੍ਰਕਾਸ਼ ਵਰ੍ਹਿਆਂ ਦੀ ਦੂਰੀ ਕਵਰ ਕਰਦੀਆਂ ਹਨ।

ਕੋਲੰਬੀਆ ਦੀ ਈਸੀਸੀਆਈ ਯੂਨੀਵਰਸਿਟੀ ਵਿੱਚ ਖਗੋਲ ਖੋਜਾਰਥੀ ਲੂਜ਼ ਐਜੇਲਾ ਗਾਰਸੀਆ ਮੁਤਾਬਕ, ਇਸ ਦਾ ਮਤਲਬ ਹੈ ਕਿ ਇਹ ਬ੍ਰਹਿਮੰਡ ਦੀ ਉਤਪਤੀ ਦੇ ਬਹੁਤ ਸ਼ੁਰੂਆਤੀ ਪੜਾਵਾਂ ਦੀਆਂ ਗਲੈਕਸੀਆਂ ਦੀਆਂ ਤਸਵੀਰਾਂ ਕੈਦ ਕਰਨ ਵਿੱਚ ਸਫਲ ਰਿਹਾ ਹੈ ਜਿਸ ਦੀ ਉਮਰ ਲਗਭਗ 13.7 ਅਰਬ ਸਾਲ ਹੋਣ ਦਾ ਅਨੁਮਾਨ ਹੈ।

ਇਹ ਗਲੈਕਸੀਆਂ ਦੀ ਸੰਰਚਨਾ ਅਤੇ ਉਨ੍ਹਾਂ ਦੇ ਬਣਨ ਦੀ ਪ੍ਰਕਿਰਿਆ ਬਾਰੇ ਬਿਹਤਰ ਸਮਝ ਪ੍ਰਦਾਨ ਕਰਦਾ ਹੈ ਅਤੇ ਡਾਰਕ ਐਨਰਜੀ ਬਾਰੇ ਨਵੇਂ ਸੁਰਾਗ ਵੀ ਦਿੰਦਾ ਹੈ ਜੋ ਕਿ ਵਿਗਿਆਨ ਦੇ ਸਭ ਤੋਂ ਵੱਡੇ ਰਹੱਸਾਂ ਵਿੱਚੋਂ ਇੱਕ ਹੈ।

ਅਸਮਾਨ ਦੀ ਨਿਗਰਾਨੀ

DESI ਵੱਲੋਂ ਜਾਰੀ 3ਡੀ ਨਕਸ਼ੇ ਦੀ ਜਾਣਕਾਰੀ

ਤਸਵੀਰ ਸਰੋਤ, Claire Lamman/DESI collaboration

ਤਸਵੀਰ ਕੈਪਸ਼ਨ, ਨਕਸ਼ੇ ਦਾ ਇਹ ਛੋਟਾ ਹਿੱਸਾ ਅਕਾਸ਼ਗੰਗਾ ਦੀ ਸਤ੍ਹਾ ਦੇ ਉੱਪਰ ਅਤੇ ਹੇਠਾਂ ਦੀਆਂ ਗਲੈਕਸੀਆਂ ਅਤੇ ਕਵੇਸਰਾਂ ਨੂੰ ਦਰਸਾਉਂਦਾ ਹੈ।

ਪੰਜ ਸਾਲ ਤੋਂ ਡਾਰਕ ਐਨਰਜੀ ਸਪੈਕਟ੍ਰੋਸਕੋਪਿਕ ਇੰਸਟਰੂਮੈਂਟ(DESI) ਨੇ ਅਸਮਾਨ ਦੇ ਇੱਕ ਤਿਹਾਈ ਹਿੱਸੇ ਦਾ ਨਕਸ਼ਾ ਤਿਆਰ ਕੀਤਾ ਹੈ ਜਿਸ ਵਿੱਚ ਹਰ ਰਾਤ ਇੱਕ ਲੱਖ ਤੋਂ ਵੱਧ ਗਲੈਕਸੀਆਂ ਨੂੰ ਮਾਪਣ ਦੀ ਸਮਰੱਥਾ ਹੈ। ਆਪਣੇ ਫ਼ਾਈਬਰ ਓਪਟਿਕ ਡਿਟੈਕਟਰਾਂ ਨਾਲ ਇਹ ਯੰਤਰ ਗਲੈਕਸੀਆਂ ਦੇ ਸਪੈਕਟ੍ਰਮ ਨੂੰ ਮਾਪ ਸਕਦਾ ਹੈ ਅਤੇ ਹਿਸਾਬ ਲਗਾ ਸਕਦਾ ਹੈ ਕਿ ਬ੍ਰਹਿਮੰਡ ਕਿੰਨਾ ਫੈਲਿਆ ਹੈ, ਕਿਉਂਕਿ ਉਨ੍ਹਾਂ ਗਲੈਕਸੀਆਂ ਦੀ ਰੌਸ਼ਨੀ ਧਰਤੀ ਤੱਕ ਸਫਰ ਕਰਦੀ ਹੈ।

ਪਰ ਡਾਰਕ ਐਨਰਜੀ ਸਪੈਕਟ੍ਰੋਸਕੋਪਿਕ ਇੰਸਟਰੂਮੈਂਟ ਦੀ ਦੂਜੀ ਵੱਡੀ ਪ੍ਰਾਪਤੀ ਇਹ ਹੈ ਕਿ ਇਹ ਡਾਰਕ ਐਨਰਜੀ ਨੂੰ ਸਮਝਣ ਦੇ ਇੱਕ ਨਵੇਂ ਤਰੀਕੇ ਵੱਲ ਇਸ਼ਾਰਾ ਕਰਦਾ ਹੈ, ਇੱਕ ਅਜਿਹਾ ਤੱਤ ਜੋ ਬ੍ਰਹਿਮੰਡ ਦਾ 70 ਫ਼ੀਸਦੀ ਹਿੱਸਾ ਬਣਾਉਂਦਾ ਹੈ ਅਤੇ ਇੱਕ ਅਜਿਹੀ ਸ਼ਕਤੀ ਵਜੋਂ ਕੰਮ ਕਰਦਾ ਹੈ ਜੋ ਇਸ ਦੇ ਫੈਲਾਅ ਨੂੰ ਤੇਜ਼ ਕਰਦੀ ਹੈ।

ਇਸ ਤੋਂ ਇਲਾਵਾ ਡਾਰਕ ਐਨਰਜੀ ਬਾਰੇ ਵਿਗਿਆਨੀਆਂ ਨੂੰ ਹਾਲਾਂਕਿ ਬਹੁਤ ਘੱਟ ਪੱਕੀ ਜਾਣਕਾਰੀ ਹੈ। ਹੁਣ ਤੱਕ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਡਾਰਕ ਐਨਰਜੀ ਇੱਕ ਬਹ੍ਰਿਮੰਡੀ ਸਥਿਰ ਅੰਕ ਵਜੋਂ ਕੰਮ ਕਰਦੀ ਹੈ।

ਜਿਵੇਂ ਕਿ ਕਲੇਅਰ ਕੈਮਰਨ ਨੇ 'ਸਾਇੰਟਿਫਿਕ ਅਮੈਰੀਕਨ' ਮੈਗਜ਼ੀਨ ਦੇ ਇੱਕ ਲੇਖ ਵਿੱਚ ਦੱਸਿਆ ਹੈ ਇਹ 'ਕੌਸਮੋਕੋਲੀਜਕਲ ਕਾਂਸਟੈਂਟ', ਇੱਕ ਅਜਿਹਾ ਕਾਰਕ ਹੈ ਜੋ ਐਲਬਰਟ ਆਈਨਸਟਾਈਨ ਨੇ ਆਪਣੇ ਜਨਰਲ ਰਿਲੇਟੀਵਿਟੀ ਦੇ ਸਿਧਾਂਤ ਦੀਆਂ ਸਮੀਕਰਨਾਂ ਵਿੱਚ ਸ਼ਾਮਲ ਕੀਤਾ ਸੀ ਅਤੇ ਇਹ ਸਪਸ਼ਟ ਕਰਦਾ ਹੈ ਕਿ ਬ੍ਰਹਿਮੰਡ ਫੈਲਾਅ ਦੀ ਇੱਕ ਸਥਿਰ ਸਥਿਤੀ ਵਿੱਚ ਕਿਉਂ ਰਹਿੰਦਾ ਹੈ।

ਵਿਕਾਸ ਵਿੱਚ ਊਰਜਾ

ਗਲੈਕਸੀਆਂ, ਤਾਰਿਆਂ ਅਤੇ ਉਲਕਾਪਿੰਡਾਂ ਨਾਲ ਭਰੇ ਪੁਲਾੜ ਦੀ ਤਸਵੀਰ

ਤਸਵੀਰ ਸਰੋਤ, NOIRLab

ਤਸਵੀਰ ਕੈਪਸ਼ਨ, ਡਾਰਕ ਐਨਰਜੀ ਇੱਕ ਰਹੱਸਮਈ ਤਾਕਤ ਹੈ ਜੋ ਬਹ੍ਰਿਮੰਡ ਦੇ ਫੈਲਾਅ ਨੂੰ ਤੇਜ਼ ਕਰਦੀ ਹੈ।

ਨਵੇਂ ਨਿਰੀਖਣ ਉਸ ਵਿਚਾਰ ਨੂੰ ਹੋਰ ਮਜ਼ਬੂਤ ਕਰਦੇ ਹਨ ਜੋ ਡਾਰਕ ਐਨਰਜੀ ਸਪੈਕਟ੍ਰੋਸਕੋਪਿਕ ਇੰਸਟਰੂਮੈਂਟ ਪਿਛਲੇ ਕੁਝ ਸਮੇਂ ਤੋਂ ਮਹਿਸੂਸ ਕਰ ਰਿਹਾ ਸੀ। ਉਹ ਵਿਚਾਰ ਇਹ ਹੈ ਕਿ ਡਾਰਕ ਐਨਰਜੀ ਸਥਿਰ ਨਹੀਂ ਰਹਿੰਦੀ ਸਗੋਂ ਵਿਕਸਿਤ ਹੁੰਦੀ ਰਹਿੰਦੀ ਹੈ।

2025 ਵਿੱਚ DESI ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਡਾਰਕ ਐਨਰਜੀ ਦਾ ਐਂਟੀ-ਗ੍ਰੇਵੀਟੇਸ਼ਨਲ ਪ੍ਰਭਾਵ ਕਮਜ਼ੋਰ ਹੋ ਸਕਦਾ ਹੈ। ਜਿਵੇਂ ਜਿਵੇਂ ਪੁਲਾੜ ਫੈਲਦਾ ਹੈ, ਗਲੈਕਸੀਆਂ ਵਿਚਕਾਰ ਦੂਰੀਆਂ ਵਧੀਆਂ ਜਾਂਦੀਆਂ ਹਨ। ਬਦਲੇ ਵਿੱਚ, ਡਾਰਕ ਐਨਰਜੀ ਉਸ ਫੈਲਾਅ ਨੂੰ ਤੇਜ਼ ਕਰਦੀ ਹੈ।

ਪਰ ਜੇ ਡਾਰਕ ਐਨਰਜੀ ਅਸਲ ਵਿੱਚ ਕਮਜ਼ੋਰ ਹੋ ਰਹੀ ਹੈ ਤਾਂ ਇਹ ਬ੍ਰਹਿਮੰਡ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰ ਸਕਦੀ ਹੈ। ਹੁਣ ਤੱਕ ਸਭ ਤੋਂ ਵੱਧ ਪ੍ਰਵਾਨਿਤ ਵਿਚਾਰ ਇਹ ਰਿਹਾ ਹੈ ਕਿ ਡਾਰਕ ਐਨਰਜੀ ਲਗਭਗ ਸਥਿਰ ਰਹਿੰਦੀ ਹੈ।

ਗਾਰਸੀਆ ਸਮਝਾਉਂਦੇ ਹਨ, " ਇਸ ਲਈ ਇਹ ਨਵੇਂ ਸੁਰਾਗ ਸਾਡੇ ਬ੍ਰਹਿਮੰਡ ਲਈ ਉਸ ਭਵਿੱਖ ਤੋਂ ਵੱਖਰੀ ਭਵਿੱਖਵਾਣੀ ਕਰਦੇ ਹਨ ਜਿਸ ਦੀ ਕਲਪਨਾ ਡਾਰਕ ਐਨਰਜੀ ਨੂੰ ਸਾਡੇ ਬ੍ਰਹਿਮੰਡ ਬਜਟ ਵਿੱਚ ਸ਼ਾਮਲ ਕੀਤੇ ਜਾਣ ਸਮੇਂ ਕੀਤੀ ਗਈ ਸੀ।"

ਡਾਰਕ ਐਨਰਡੀ ਬਾਰੇ DESI ਦੇ ਐਲਾਨ ਬ੍ਰਹਿਮੰਡ ਦੇ ਕੰਮ ਕਰਨ ਦੇ ਮਾਡਲ, ਊਰਜਾ ਅਤੇ ਮੈਟਰ ਦੇ ਸੰਤੁਲਨ ਦੇ ਨਾਲ-ਨਾਲ ਇਸ ਦੇ ਅੰਤਲੇ ਰੂਪ ਵਿੱਚ ਇੱਕ ਬੁਨਿਆਦੀ ਤਬਦੀਲੀ ਦਾ ਸੰਕੇਤ ਦੇ ਸਕਦੇ ਹਨ।

ਦੱਖਣੀ ਕੋਰੀਆ ਦੀ ਯੋਨਸੇਈ ਯੂਨੀਵਰਸਿਟੀ ਦੇ ਯੰਗ ਵੂਕ ਲੀ ਨੇ 2025 ਵਿੱਚ ਬੀਬੀਸੀ ਨੂੰ ਦਸਿਆ ਸੀ, " ਜੇਕਰ ਡਾਰਕ ਐਨਰਜੀ ਸਥਿਰ ਨਹੀਂ ਹੈ ਅਤੇ ਇਹ ਕਮਜ਼ੋਰ ਹੋ ਰਹੀ ਹੈ ਤਾਂ ਇਹ ਅਧੁਨਿਕ ਬ੍ਰਹਿਮੰਡ ਵਿਗਿਆਨ ਦੇ ਪੂਰੇ ਸਿਧਾਂਤ ਨੂੰ ਬਦਲ ਦੇਵੇਗੀ।"

ਜੇ ਅਜਿਹਾ ਹੁੰਦਾ ਹੈ ਤਾਂ ਸੰਭਾਵਨਾ ਇਹ ਵੀ ਹੈ ਕਿ ਇੱਕ ਸਮਾਂ ਅਜਿਹਾ ਆਏਗਾ ਜਦੋਂ ਡਾਰਕ ਐਨਰਜੀ ਇੰਨੀ ਕਮਜ਼ੋਰ ਹੋ ਜਾਵੇਗੀ ਕਿ ਗੁਰੂਤਾ ਆਕਰਸ਼ਨ ਗਲੈਕਸੀਆਂ ਨੂੰ ਇੱਕ ਦੂਜੇ ਵੱਲ ਖਿੱਚਣਾ ਸ਼ੁਰੂ ਕਰ ਦੇਵੇਗਾ ਅਤੇ ਅੰਤ ਵਿੱਚ ਉਹ ਸਥਿਤੀ ਪੈਦਾ ਹੋਵੇਗੀ ਜਿਸ ਨੂੰ ਖਗੋਲ ਵਿਗਿਆਨੀ 'ਬਿਗ ਕਰੰਚ' ਕਹਿੰਦੇ ਹਨ।

ਵਿਸਥਾਰਿਤ ਨਕਸ਼ਾ

ਮੇਅਲ ਟੈਲੀਸਕੋਪ ਦੀ ਅੰਦੂਰਨੀ ਤਸਵੀਰ

ਤਸਵੀਰ ਸਰੋਤ, Marilyn Sargent/Berkeley Lab

ਤਸਵੀਰ ਕੈਪਸ਼ਨ, ਐਰੀਜ਼ੋਨਾ ਵਿੱਚ ਮੇਅਲ ਟੈਲੀਸਕੋਪ ਅੰਦਰ ਡਾਰਕ ਐਨਰਜੀ ਸਪੈਕਟ੍ਰੋਸਕੋਪਿਕ ਇੰਸਟਰੂਮੈਂਟ ਇੰਸਟਾਲ ਕੀਤਾ ਗਿਆ ਹੈ।

ਡਾਰਕ ਐਨਰਜੀ ਸਪੈਕਟ੍ਰੋਸਕੋਪਿਕ ਇੰਸਟਰੂਮੈਂਟ ਖੋਜਕਰਤਾ ਹੁਣ ਨਕਸ਼ੇ ਨੂੰ ਵੀਹ ਫ਼ੀਸਦੀ ਵਧਾ ਕੇ 17000 ਵਰਗ ਡਿਗਰੀ ਤੱਕ ਪਹੁੰਚਾਉਣ ਦੀ ਯੋਜਨਾ ਬਣਾ ਰਹੇ ਹਨ ਜੋ ਕਿ ਅਸਮਾਨ ਵਿੱਚ ਕਿਸੇ ਵਸਤੂ ਵੱਲੋਂ ਘੇਰੇ ਖੇਤਰ ਨੂੰ ਮਾਪਣ ਵਾਲੀ ਇਕਾਈ ਹੈ।

ਉਦਾਹਰਨ ਵਜੋਂ, ਚੰਦਰਮਾ ਲਗਭਗ 0.2 ਵਰਗ ਡਿਗਰੀ ਖੇਤਰ ਘੇਰਦਾ ਹੈ।

ਬਿਗ ਥਿੰਕ ਵੈਬਸਾਈਟ 'ਤੇ ਖਗੋਲ ਵਿਗਿਆਨੀ ਈਥਨ ਸੀਗਲ ਨੇ ਸਮਝਾਇਆ, "ਜੇ ਤੁਸੀਂ ਆਪਣੀ ਬਾਂਹ ਸਿੱਧੀ ਕਰਕੇ ਹੱਥ ਅੱਗੇ ਫੈਲਉਂਦੇ ਹੋ ਤਾਂ ਤੁਹਾਡੀ ਸਭ ਤੋਂ ਛੋਟੀ ਉਂਗਲੀ ਦਾ ਨਹੁੰ ਲਗਭਗ ਇਕ ਵਰਗ ਡਿਗਰੀ ਦੇ ਖੇਤਰ ਨੂੰ ਢਕ ਲੈਂਦਾ ਹੈ।"

ਨਕਸ਼ੇ ਦਾ ਇਹ ਵਿਸਤ੍ਰਿਤ ਰੂਪ ਅਕਾਸ਼ ਗੰਗਾ ਦੇ ਨੇੜਲੇ ਖੇਤਰਾਂ ਜਾਂ ਉਨ੍ਹਾਂ ਖੇਤਰਾਂ ਨੂੰ ਕਵਰ ਕਰੇਗਾ ਜਿੱਥੇ ਤਾਰਿਆਂ ਦੀ ਚਮਕ ਜਾਂ ਵਾਯੂ-ਮੰਡਲ ਕਾਰਨ ਦੂਰ ਦੀਆਂ ਵਸਤੂਆਂ ਦੇਖਣਾ ਮੁਸ਼ਕਿਲ ਹੁੰਦਾ ਹੈ।

ਉਹ ਬੌਣੀਆਂ ਗਲੈਕਸੀਆਂ ਅਤੇ ਸਟੈਲਰ ਸਟ੍ਰੀਮਜ਼ ਦੀ ਖੋਜ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ ਜੋ ਕਿ ਅਕਾਸ਼ਗੰਗਾ ਦੀ ਗੁਰੂਤਾ ਖਿੱਚ ਵੱਲੋਂ ਛੋਟੀਆਂ ਗਲੈਕਸੀਆਂ ਤੋਂ ਖਿੱਚੇ ਗਏ ਤਾਰਿਆਂ ਦੀਆਂ ਪੱਟੀਆਂ ਹਨ।

ਡਾਰਕ ਐਨਰਜੀ ਸਪੈਕਟ੍ਰੋਸਕੋਪਿਕ ਇੰਸਟਰੂਮੈਂਟ( DESI ) ਮੁਤਾਬਕ ਇਸ ਦਾ ਮਕਸਦ ਡਾਰਕ ਮੈਟਰ ਨੂੰ ਬਿਹਤਰ ਢੰਗ ਨਾਲ ਸਮਝਣਾ ਹੈ ਜੋ ਕਿ ਪਦਾਰਥ ਦਾ ਇੱਕ ਅਦਿੱਖ ਰੂਪ ਹੈ ਬ੍ਰਹਿਮੰਡ ਦੇ ਜ਼ਿਆਦਾਤਰ ਹਿੱਸੇ ਦਾ ਨਿਰਮਾਣ ਕਰਦਾ ਹੈ, ਜਿਸ ਦਾ ਕਦੇ ਵੀ ਸਿੱਧਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ।

DESI ਦੇ ਨਿਰਦੇਸ਼ਕ ਮਾਈਕਲ ਲੇਵੀ ਕਹਿੰਦੇ ਹਨ, "ਹੁਣ ਅਸੀਂ ਆਪਣੀ ਯੋਜਨਾ ਤੋਂ ਅੱਗੇ ਵਧ ਰਹੇ ਹਾਂ। ਅਸੀਂ ਨਹੀਂ ਜਾਣਦੇ ਕਿ ਸਾਨੂੰ ਕੀ ਮਿਲੇਗਾ, ਪਰ ਸਾਡਾ ਮੰਨਣਾ ਹੈ ਕਿ ਇਹ ਕਾਫ਼ੀ ਰੋਮਾਂਚਕ ਹੋਵੇਗਾ। "

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)