ਇਸਲਾਮਾਬਾਦ ਵਿੱਚ 'ਆਤਮਘਾਤੀ ਧਮਾਕਾ', ਘੱਟੋ-ਘੱਟ 31 ਮੌਤਾਂ, 160 ਤੋਂ ਵੱਧ ਜ਼ਖਮੀ

ਤਸਵੀਰ ਸਰੋਤ, Getty Images
ਇਸਲਾਮਾਬਾਦ ਦੇ ਤਰਲਾਈ ਇਲਾਕੇ ਦੇ ਇਮਾਮਬਾੜਾ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 31 ਜਣਿਆਂ ਦੀ ਮੌਤ ਹੋ ਗਈ ਹੈ ਅਤੇ 160 ਤੋਂ ਵੱਧ ਜ਼ਖਮੀ ਹੋ ਗਏ ਹਨ।
ਬੀਬੀਸੀ ਉਰਦੂ ਦੇ ਮੁਤਾਬਕ ਪੁਲਿਸ ਅਧਿਕਾਰੀਆਂ ਨੇ ਇਸ ਨੂੰ 'ਖ਼ੁਦਕੁਸ਼ ਹਮਲਾ' ਦੱਸਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਹੁਣ ਤੱਕ ਵੱਖ-ਵੱਖ ਹਸਪਤਾਲਾਂ ਵਿੱਚ 15 ਜਣੇ ਮੁਰਦਾ ਸਥਿਤੀ ਵਿੱਚ ਪਹੁੰਚਾਏ ਗਏ ਹਨ।
ਬੁਲਾਰੇ ਮੁਤਾਬਕ ਸ਼ਹਿਰ ਦੇ ਤਿੰਨ ਹਸਪਤਾਲਾਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ, ਜਦਕਿ ਅਸਿਸਟੈਂਟ ਕਮਿਸ਼ਨਰਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਜ਼ਖਮੀਆਂ ਦੇ ਇਲਾਜ ਦੀ ਨਿਗਰਾਨੀ ਲਈ ਤਾਇਨਾਤ ਕੀਤਾ ਗਿਆ ਹੈ।

ਤਸਵੀਰ ਸਰੋਤ, EPA
ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਧਮਾਕੇ ਵਾਲੀ ਥਾਂ ਨੂੰ ਮੁਕੰਮਲ ਸੀਲ ਕਰ ਦਿੱਤਾ ਗਿਆ ਹੈ।
ਗ੍ਰਹਿ ਮੰਤਰੀ ਮੋਹਸਿਨ ਨਕਵੀ ਦੀਆਂ ਹਦਾਇਤਾਂ ਉੱਤੇ ਰਾਜ ਮੰਤਰੀ (ਗ੍ਰਹਿ) ਤਲਾਲ ਚੌਧਰੀ ਇਸਲਾਮਾਬਾਦ ਦੇ ਪਿਮਸ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਤਲਾਲ ਚੌਧਰੀ ਨੇ ਕਿਹਾ ਕਿ ਜ਼ਖਮੀਆਂ ਨੂੰ ਇਲਾਜ ਦੀਆਂ ਬਿਹਤਰ ਤੋਂ ਬਿਹਤਰ ਸਹੂਲਤਾਂ ਦਿੱਤੀਆਂ ਜਾਣਗੀਆਂ।
ਰੇਸਕਿਊ 1122 ਦੇ ਅਨੁਸਾਰ, ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ, ਜਦਕਿ ਆਈਜੀ ਇਸਲਾਮਾਬਾਦ ਨੇ ਸ਼ਹਿਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਤਸਵੀਰ ਸਰੋਤ, EPA
ਚਸ਼ਮਦੀਦ ਨੇ ਕੀ ਦੱਸਿਆ

ਤਸਵੀਰ ਸਰੋਤ, Rescue 1122
ਇਮਾਮਬਾੜੇ ਦੇ ਗੁਆਂਢ ਵਿੱਚ ਹੀ ਰਹਿਣ ਵਾਲੇ ਮੁਹੰਮਦ ਅਸ਼ਫ਼ਾਕ, ਜੋ ਖੁਦ ਨੂੰ ਇਮਾਮਬਾੜੇ ਦਾ ਪ੍ਰਬੰਧਕ ਦੱਸਦੇ ਹਨ, ਨੇ ਬੀਬੀਸੀ ਉਰਦੂ ਨੂੰ ਦੱਸਿਆ, "ਜਦੋਂ ਅੱਗ ਲੱਗੀ ਤਾਂ ਮੈਂ ਘਰੋਂ ਬਾਹਰ ਭੱਜਿਆ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਇਮਾਮਬਾੜੇ ਵਿੱਚ ਕੁਝ ਹੋਇਆ ਹੈ। ਇਮਾਮਬਾੜੇ ਦੇ ਬਾਹਰ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਦੱਸਿਆ ਕਿ ਤਿੰਨ ਹਮਲਾਵਰ ਸਨ। ਸੁਰੱਖਿਆ ਮੁਲਾਜ਼ਮ ਵੀ ਜ਼ਖਮੀ ਹੋਏ ਅਤੇ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਸੂਚਨਾ ਸੀ।"
ਅਸ਼ਫ਼ਾਕ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਚਾਰੇ ਪਾਸੇ ਜ਼ਖਮੀ ਲੋਕ ਪਏ ਸਨ। ਕਿਸੇ ਦੇ ਹੱਥ ਨਹੀਂ ਸਨ ਤਾਂ ਕਿਸੇ ਦੇ ਪੈਰ ਨਹੀਂ ਸਨ। ਅਸੀਂ ਗੰਭੀਰ ਰੂਪ ਵਿੱਚ ਜ਼ਖਮੀਆਂ ਨੂੰ ਆਪਣੀਆਂ ਗੱਡੀਆਂ ਰਾਹੀਂ ਹਸਪਤਾਲ ਪਹੁੰਚਾਇਆ। ਐਂਬੂਲੈਂਸਾਂ ਕਰੀਬ ਇੱਕ ਘੰਟੇ ਬਾਅਦ ਪਹੁੰਚੀਆਂ।
ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕੀ ਕਿਹਾ

ਤਸਵੀਰ ਸਰੋਤ, Farooq NAEEM / AFP via Getty Images
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਇਸ ਧਮਾਕੇ ਦੀ ਨਿੰਦਾ ਕੀਤੀ ਹੈ।
ਆਪਣੇ ਬਿਆਨ ਵਿੱਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਮੌਤਾਂ 'ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
ਉਨ੍ਹਾਂ ਨੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨਾਲ ਮੁਲਾਕਾਤ ਦੌਰਾਨ ਘਟਨਾ ਦੀ ਪੂਰੀ ਜਾਂਚ ਕਰਾਉਣ ਅਤੇ ਮੁਲਜ਼ਮਾਂ ਦੀ ਤੁਰੰਤ ਪਛਾਣ ਕਰਨ ਦੇ ਹੁਕਮ ਦਿੱਤੇ ਹਨ।
ਪ੍ਰਧਾਨ ਮੰਤਰੀ ਸ਼ਰੀਫ਼ ਨੇ ਜ਼ਖਮੀਆਂ ਨੂੰ ਬਿਹਤਰ ਤੋਂ ਬਿਹਤਰ ਇਲਾਜ ਸਹੂਲਤਾਂ ਦੇਣ ਦੇ ਨਿਰਦੇਸ਼ ਦਿੰਦਿਆਂ ਸਿਹਤ ਮੰਤਰੀ ਨੂੰ ਖ਼ੁਦ ਨਿਗਰਾਨੀ ਕਰਨ ਦਾ ਹੁਕਮ ਦਿੱਤਾ ਹੈ।
ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਕਿ ਧਮਾਕੇ ਦੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਾਲਾਤ ਖ਼ਰਾਬ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ
ਹਮਲੇ ਦੀ ਇਰਾਨ ਵੱਲੋਂ ਨਿੰਦਾ

ਤਸਵੀਰ ਸਰੋਤ, Aamir QURESHI / AFP via Getty Images
ਇਰਾਨ ਨੇ ਇਮਾਮਬਾੜੇ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਏ ਇਸ ਆਤਮਘਾਤੀ ਬੰਬ ਹਮਲੇ ਦੀ ਨਿੰਦਾ ਕੀਤੀ ਹੈ।
ਇਸਲਾਮਾਬਾਦ ਵਿੱਚ ਇਰਾਨ ਦੇ ਰਾਜਦੂਤ ਰਜ਼ਾ ਅਮੀਰੀ ਮੋਕਦਮ ਨੇ 'ਐਕਸ' (X) 'ਤੇ ਜਾਰੀ ਬਿਆਨ ਵਿੱਚ ਕਿਹਾ, "ਮੈਂ ਇਸਲਾਮਾਬਾਦ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਏ ਉਸ ਭਿਆਨਕ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿਸ ਵਿੱਚ ਦਰਜਨਾਂ ਬੇਕਸੂਰ ਨਾਗਰਿਕਾਂ ਦੀ ਜਾਨ ਚਲੀ ਗਈ।"
ਉਨ੍ਹਾਂ ਨੇ ਕਿਹਾ, "ਮੈਂ ਪਾਕਿਸਤਾਨ ਸਰਕਾਰ ਅਤੇ ਉੱਥੋਂ ਦੀ ਜਨਤਾ ਪ੍ਰਤੀ, ਖਾਸ ਕਰਕੇ ਦੁਖੀ ਪਰਿਵਾਰਾਂ ਪ੍ਰਤੀ, ਆਪਣੀ ਡੂੰਘੀ ਸੰਵੇਦਨਾ ਅਤੇ ਹਮਦਰਦੀ ਪ੍ਰਗਟ ਕਰਦਾ ਹਾਂ।"
ਇਰਾਨੀ ਰਾਜਦੂਤ ਨੇ ਅੱਗੇ ਕਿਹਾ, "ਸਾਡੀ ਹਮਦਰਦੀ ਉਨ੍ਹਾਂ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ ਅਤੇ ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































