ਪੰਜਾਬ ’ਚ ਸੰਗਰੂਰ ਦੇ ਇਸ ਟੀਚਰ ਨੇ ਪੰਛੀਆਂ ਦੀ ਭਲਾਈ ਲਈ ਖੇਤੀ ਦਾ ਕਿਹੜਾ ਰਵਾਇਤੀ ਢੰਗ ਅਪਣਾਇਆ
ਸੰਗਰੂਰ ਦੇ ਪਿੰਡ ਚੱਠਾ ਨੰਨਹੇੜਾ ਵਾਤਾਵਰਨ ਪ੍ਰੇਮੀ ਲਛਮਣ ਸਿੰਘ ਚੱਠਾ ਨੇ ਪੰਛੀਆਂ ਨੂੰ ਬਚਾਉਣ ਲਈ ਆਪਣੀ ਜ਼ਮੀਨ ਵਿੱਚ ਬਾਜਰਾ ਬੀਜਿਆ ਹੈ। ਇੱਥੇ ਸਵੇਰੇ ਸ਼ਾਮ ਸੈਂਕੜੇ ਪੰਛੀ ਆ ਕੇ ਚੋਗਾ ਚੁਗਦੇ ਹਨ।
ਪੰਛੀ ਪ੍ਰੇਮੀ ਲਛਮਣ ਸਿੰਘ ਚੱਠਾ ਅਧਿਆਪਕ ਹਨ ਅਤੇ ਸਾਲ 2016 ਤੋਂ ਪੰਛੀਆਂ ਲਈ ਆਲ੍ਹਣੇ ਅਤੇ ਪਾਣੀ ਪੀਣ ਦੇ ਲਈ ਕਟੋਰੇ ਵੀ ਲੋਕਾਂ ਨੂੰ ਵੰਡਦੇ ਆ ਰਹੇ ਹਨ।

ਪਸ਼ੂ ਪੰਛੀਆਂ ਦੀ ਹਿੱਸੇਦਾਰੀ ਵਾਲੇ ਖੇਤੀ ਦੇ ਹਾਮੀ ਲਛਮਣ ਸਿੰਘ ਚਾਹੁੰਦੇ ਹਨ ਕਿ ਮਨੁੱਖ ਤੋਂ ਦੂਰ ਹੁੰਦੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਦੀ ਗਿਣਤੀ ਵਧੇ, ਉਹ ਕਹਿੰਦੇ ਹਨ ਕਿ ਉਹ ਚੋਗ਼ੇ ਦੇ ਨਾਲ-ਨਾਲ ਬਰੀਡਿੰਗ ਲਈ ਥਾਂਵਾਂ ਦਾ ਵੀ ਪ੍ਰਬੰਧ ਕਰ ਰਹੇ ਹਨ।
ਲਛਮਣ ਸਿੰਘ ਚੱਠਾ ਦੱਸਦੇ ਹਨ ਕਿ ਆਪਣੇ ਪਿਤਾ ਦੀ ਪ੍ਰੇਰਨਾ ਸਦਕਾ ਉਹ ਲੰਘੇ 18 ਸਾਲਾਂ ਤੋਂ ਪੰਛੀਆਂ ਅਤੇ ਵਾਤਾਵਰਣ ਨਾਲ ਜੁੜੇ ਰਹਿਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਹ ਆਪਣੇ ਪਰਿਵਾਰ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਘੜਿਆਂ ਦੇ ਆਲਣੇ ਬਣਾ ਕੇ ਪਿੰਡ ਵਿੱਚ ਵੱਖ ਵੱਖ ਥਾਂਵਾਂ ਉੱਤੇ ਟੰਗਦੇ ਹਨ, ਪੰਛੀਆਂ ਲਈ ਪਾਣੀ ਵਾਸਤੇ ਕਟੋਰੇ ਵੰਡਦੇ ਹਨ। ਨਾ ਸਿਰਫ਼ ਪੰਛੀਆਂ ਲਈ ਸਗੋਂ ਠੰਡ ਵਿੱਚ ਅਵਾਰਾ ਜਾਨਵਰਾਂ ਲਈ ਵੀ ਉਹ ਇਸੇ ਬਾਜਰੇ ਦੀ ਫਸਲ ਤੋਂ ਕੰਮ ਲੈੰਦੇ ਹਨ।
ਰਿਪੋਰਟ:ਚਰਨਜੀਵ ਕੌਸ਼ਲ, ਐਡਿਟ:ਅਲਤਾਫ਼
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



