ਕਰੋੜਾਂ ਦਾ ਮਾਲਕ ਇਹ ਬਜ਼ੁਰਗ ਅੱਜ ਵੀ ਰਿਕਸ਼ਾ ਕਿਉਂ ਚਲਾਉਂਦਾ ਹੈ

ਤਸਵੀਰ ਸਰੋਤ, BBC/Surinder Mann
ਗੁਰਦੇਵ ਸਿੰਘ ਕਰੋੜਾਂ ਰੁਪਏ ਦੇ ਮਾਲਕ ਹਨ ਪਰ ਉਹ 90 ਸਾਲ ਦੀ ਉਮਰ ਵਿੱਚ ਰਿਕਸ਼ਾ ਚਲਾਉਂਦੇ ਹਨ।
ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਰਿਕਸ਼ਾ ਚਾਲਕ ਗੁਰਦੇਵ ਸਿੰਘ ਨੇ ਪੰਜਾਬ ਸਟੇਟ ਦਾ ਢਾਈ ਕਰੋੜ ਰੁਪਏ ਦਾ ਵਿਸਾਖੀ ਬੰਪਰ ਜਿੱਤਿਆ ਸੀ।
ਇਸ ਲਾਟਰੀ ਨੇ ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਕੱਚੇ ਘਰ ਵਿੱਚ ਰਹਿਣ ਵਾਲੇ ਗੁਰਦੇਵ ਸਿੰਘ ਦੇ ਪੁੱਤਰ ਤੇ ਧੀ ਹੁਣ ਨਵੇਂ ਬਣੇ ਪੱਕੇ ਮਕਾਨਾਂ ਦੇ ਮਾਲਕ ਹਨ।
ਹਾਲਾਂਕਿ, ਗੁਰਦੇਵ ਸਿੰਘ ਕਹਿੰਦੇ ਹਨ ਕਿ ਉਹ ਵਿਹਲੇ ਬੈਠ ਕੇ ਮੰਜੇ ਨਾਲ ਜੁੜਨਾ ਨਹੀਂ ਚਾਹੁੰਦੇ ਸਗੋਂ ਰਿਕਸ਼ਾ ਚਲਾਉਂਦਿਆ ਆਪਣੀ ਸਿਹਤ ਦਾ ਵੀ ਧਿਆਨ ਰੱਖਣ ਵਿੱਚ ਯਕੀਨ ਰੱਖਦੇ ਹਨ।
ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਦੋ ਦੋਸਤ ਡਾਕਟਰ ਸਵਰਨ ਸਿੰਘ ਅਤੇ ਡਾਕਟਰ ਰਾਜਪਾਲ ਨੂੰ ਕੁਝ ਮਹੀਨੇ ਪਹਿਲਾਂ ਪੰਜ ਕਰੋੜ ਦੀ ਲਾਟਰੀ ਨਿਕਲੀ ਸੀ।
ਇਹ ਦੋਵੇਂ ਡਾਕਟਰ ਦੋਸਤ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਆਈ ਕੇਅਰ ਸੈਂਟਰ ਚਲਾ ਰਹੇ ਹਨ।
ਪਰ ਹੁਣ ਉਹ ਜਲਾਲਾਬਾਦ ਵਿੱਚ ਆਧੁਨਿਕ ਮਸ਼ੀਨਾਂ ਵਾਲਾ ਅੱਖਾਂ ਦਾ ਹਸਪਤਾਲ ਬਣਾ ਰਹੇ ਹਨ।
ਡਾਕਟਰ ਰਾਜਪਾਲ ਦੱਸਦੇ ਹਨ ਕਿ ਉਹਨਾਂ ਨੂੰ ਪੰਜ ਕਰੋੜ ਦੀ ਲਾਟਰੀ ਨਿਕਲੀ ਸੀ ਜਿਸ ਵਿੱਚੋਂ ਦੋ ਕਰੋੜ ਰੁਪਿਆ ਟੈਕਸ ਵਜੋਂ ਕੱਟੇ ਗਏ ਅਤੇ ਬਾਕੀ ਬਚਿਆ ਪੈਸਾ ਅੱਖਾਂ ਦੇ ਹਸਪਤਾਲ ਉਪਰ ਲਗਾਇਆ ਜਾ ਰਿਹਾ ਹੈ।
ਡਾਕਟਰ ਰਾਜਪਾਲ ਕਹਿੰਦੇ ਹਨ, “ਇਹਨਾਂ ਪੈਸਿਆਂ ਨਾਲ ਜ਼ਮੀਨ ਅਤੇ ਮਸ਼ੀਨਾਂ ਖਰੀਦ ਲਈਆਂ ਗਈਆਂ ਹਨ। ਅਸੀਂ ਸੋਚਿਆਂ ਕਿ ਹਸਪਤਾਲ ਬਣਾਉਣ ਲਈ ਇਹ ਪੈਸਾ ਕਾਫੀ ਹੋਵੇਗਾ ਪਰ ਮਹਿੰਗਾਈ ਹੋਣ ਕਾਰਨ ਇਹ ਪੈਸਾ ਜਲਦੀ ਹੀ ਖਤਮ ਹੋ ਗਿਆ।”
(ਰਿਪੋਰਟ- ਸੁਰਿੰਦਰ ਮਾਨ ਤੇ ਕੁਲਦੀਪ ਬਰਾੜ, ਐਡਿਟ- ਰਾਜਨ ਪਪਨੇਜਾ)



