'ਗੱਦਾਰ ਸ਼ਬਦ ਛੋਟਾ ਨਹੀਂ ਹੁੰਦਾ', ਬਿੱਟੂ ਅਤੇ ਰਾਹੁਲ ਗਾਂਧੀ ਨਾਲ ਜੁੜੇ ਮੁੱਦੇ ਬਾਰੇ ਰਾਜਸਭਾ ਵਿੱਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਮਕਰ ਦੁਆਰ 'ਤੇ ਕਾਂਗਰਸੀ ਐਮਪੀ ਪ੍ਰਦਰਸ਼ਨ ਕਰ ਰਹੇ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਨੇ ਜਦੋਂ ਰਵਨੀਤ ਬਿੱਟੂ ਨੂੰ ਹੱਥ ਮਿਲਾਉਣ ਦੀ ਪੇਸ਼ਕਸ਼ ਕੀਤੀ ਸੀ
ਪੜ੍ਹਨ ਦਾ ਸਮਾਂ: 8 ਮਿੰਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ 4 ਫਰਵਰੀ ਦਾ ਜ਼ਿਕਰ ਕੀਤਾ, ਜਦੋਂ ਰਾਹੁਲ ਗਾਂਧੀ ਨੇ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਗਏ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ 'ਗੱਦਾਰ' ਕਿਹਾ ਸੀ।

ਪੀਐਮ ਮੋਦੀ ਨੇ ਕਿਹਾ, "ਕਾਂਗਰਸ ਨੂੰ ਛੱਡ ਕੇ ਕਈ ਲੋਕ ਗਏ, ਕਾਂਗਰਸ ਦੇ ਕਿੰਨੇ ਟੁਕੜੇ ਹੋਏ ਹਨ, ਪਰ ਪਹਿਲਾਂ ਤਾਂ ਕਿਸੇ ਨੂੰ ਗੱਦਾਰ ਨਹੀਂ ਕਿਹਾ ਗਿਆ।"

ਉਨ੍ਹਾਂ ਕਿਹਾ, "ਪਰ ਕੱਲ੍ਹ ਉਨ੍ਹਾਂ ਸੰਸਦ ਮੈਂਬਰ ਨੂੰ ਇਸ ਲਈ ਗੱਦਾਰ ਕਿਹਾ ਕਿਉਂਕਿ ਉਹ ਸਿੱਖ ਸਨ। ਇਹ ਸਿੱਖਾਂ ਦਾ ਅਪਮਾਨ ਸੀ, ਗੁਰੂਆਂ ਦਾ ਅਪਮਾਨ ਸੀ। ਸਿੱਖਾਂ ਦੇ ਮਨਾਂ ਵਿੱਚ ਪ੍ਰਤੀ ਜੋ ਨਫ਼ਰਤ ਭਰੀ ਪਈ ਹੈ,ਇਹ ਉਸਦੀ ਦਾ ਪ੍ਰਗਟਾਵਾ ਸੀ।"

ਉਨ੍ਹਾਂ ਅੱਗੇ ਕਿਹਾ, "ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਦਰਦ ਨਹੀਂ ਹੈ, ਨਹੀਂ ਤਾਂ ਅੱਜ ਖੜ੍ਹੇ ਹੋ ਕੇ ਕਹਿ ਸਕਦੇ ਸਨ ਕਿ ਕੱਲ੍ਹ ਜੋ ਹੋਇਆ, ਉਹ ਸੰਸਦ ਦੀ ਗਰਿਮਾ ਦੇ ਮੁਤਾਬਕ ਨਹੀਂ ਸੀ, ਸਾਨੂੰ ਖੇਦ ਹੈ। ਇੱਕ ਸ਼ਬਦ ਤਾਂ ਕਹਿ ਦਿੰਦੇ। ਉਨ੍ਹਾਂ ਨੇ ਆਪਣੇ ਰਾਜਨੀਤਿਕ ਵਿਚਾਰਾਂ ਵਿੱਚ ਬਦਲਾਅ ਕੀਤਾ, ਇਸ ਲਈ ਉਹ ਗੱਦਾਰ ਹੋ ਗਏ?"

ਉਨ੍ਹਾਂ ਕਿਹਾ, "ਗੱਦਾਰ ਸ਼ਬਦ ਛੋਟਾ ਨਹੀਂ ਹੁੰਦਾ। ਮੇਰੇ ਦੇਸ਼ ਦੇ ਨਾਗਰਿਕ ਨੂੰ ਕੋਈ ਗੱਦਾਰ ਕਹੇ, ਇਹ ਦੇਸ਼ ਕਿਵੇਂ ਸਹੇਗਾ। ਬਹੁਤ ਦੁੱਖ ਦੀ ਗੱਲ ਹੈ ਕਿ ਸਿਰਫ਼ ਇਸ ਲਈ ਗੱਦਾਰ ਕਿਹਾ ਗਿਆ ਕਿਉਂਕਿ ਉਹ ਸਿੱਖ ਹਨ।"

ਦਰਅਸਲ 4 ਫਰਵਰੀ ਨੂੰ ਲੋਕ ਸਭਾ ਦੇ ਬਾਹਰ ਮਕਰ ਦੁਆਰ 'ਤੇ ਕਾਂਗਰਸ ਦੇ ਸੰਸਦ ਮੈਂਬਰ ਪ੍ਰਦਰਸ਼ਨ ਕਰ ਰਹੇ ਸਨ, ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਾਂਗਰਸੀਆਂ ਦੇ ਕੋਲੋਂ ਲੰਘਦੇ ਹਨ ਤਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਨੇਤਾ ਰਾਹੁਲ ਗਾਂਧੀ ਬੁੱਧਵਾਰ ਨੂੰ ਸੰਸਦ ਵਿੱਚ ਸਾਬਕਾ ਫੌਜ ਮੁਖੀ ਐਮ.ਐਮ. ਨਰਵਣੇ ਦੀ ਉਸ ਅਣਪ੍ਰਕਾਸ਼ਿਤ ਕਿਤਾਬ ਦੀ ਕਾਪੀ ਲੈ ਕੇ ਪਹੁੰਚੇ, ਜਿਸ 'ਤੇ ਪਿਛਲੇ ਤਿੰਨ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ।

ਇਸੇ ਮੁੱਦੇ ਨੂੰ ਲੈ ਕੇ ਮਕਰ ਦੁਆਰ 'ਤੇ ਕਾਂਗਰਸੀ ਐਮਪੀ ਪ੍ਰਦਰਸ਼ਨ ਕਰ ਰਹੇ ਸਨ ਤਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕੋਲੋਂ ਨਿਕਲਣ 'ਤੇ ਰਾਹੁਲ ਗਾਂਧੀ ਨੇ ਕਿਹਾ, ''ਇੱਧਰ ਦੇਖੋ..ਇੱਕ ਗੱਦਾਰ ਲੰਘ ਰਿਹਾ ਹੈ, ਉਸਦਾ ਚੇਹਰਾ ਦੇਖੋ…।''

ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨਾਲ ਹੱਥ ਮਿਲਾਉਣ ਦੀ ਪੇਸ਼ਕਸ਼ ਕੀਤੀ ਅਤੇ ਕਿਹਾ, ''ਹੈਲੋ ਬ੍ਰਦਰ, ਮੇਰੇ ਗੱਦਾਰ ਦੋਸਤ.. ਚਿੰਤਾ ਨਾ ਕਰੋ, ਤੁਸੀਂ ਵਾਪਸ (ਕਾਂਗਰਸ 'ਚ) ਆਓਗੇ।''

ਇਸ 'ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ "ਦੇਸ਼ ਦੇ ਦੁਸ਼ਮਣ...ਦੇਸ਼ ਦੇ ਦੁਸ਼ਮਣ..." ਕਹਿੰਦੇ ਹੋਏ ਰਾਹੁਲ ਗਾਂਧੀ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਰਵਨੀਤ ਬਿੱਟੂ ਸੰਸਦ ਅੰਦਰ ਚਲੇ ਗਏ।

ਇਸ ਮਾਮਲੇ ਤੋਂ ਬਾਅਦ ਸਿਆਸਤ ਗਰਮਾ ਗਈ ਹੈ।

ਰਵਨੀਤ ਬਿੱਟੂ ਪੂਰੇ ਵਿਵਾਦ 'ਤੇ ਕੀ ਬੋਲੇ

ਰਾਹੁਲ ਗਾਂਧੀ ਤੇ ਰਵਨੀਤ ਬਿੱਟੂ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਦੇ ਸ਼ਬਦਾਂ ਤੋਂ ਬਾਅਦ ਦੋਵਾਂ ਲੀਡਰਾਂ 'ਚ ਤਿੱਖੀ ਬਹਿਸ ਹੋਈ

ਇਸ ਮੁੱਦੇ 'ਤੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ''ਸੰਸਦ ਦੇ ਅੰਦਰ ਜਾਣ ਲਈ ਮੁੱਖ ਮਾਰਗ ਮਕਰ ਦੁਆਰ ਹੀ ਹੈ, ਜਿੱਥੇ ਕਾਂਗਰਸੀ ਪ੍ਰਦਰਸ਼ਨ ਕਰ ਰਹੇ ਸਨ। ਬਿੱਟੂ ਨੇ ਕਿਹਾ, ਗਾਂਧੀ ਪਰਿਵਾਰ ਦਸਤਾਰ, ਸਿੱਖਾਂ ਨੂੰ ਹਮੇਸ਼ਾਂ ਜਿਸ ਤਰ੍ਹਾਂ ਟਾਰਗੇਟ ਕਰਦਾ ਆ ਰਿਹਾ ਹੈ ਉਸੇ ਤਰ੍ਹਾਂ ਅੱਜ ਮੈਨੂੰ ਨਿਸ਼ਾਨਾਂ ਬਣਾਇਆ ਗਿਆ।''

ਉਨ੍ਹਾਂ ਕਿਹਾ ਕਿ ਜਿਹੜੇ ਸ਼ਬਦ ਰਾਹੁਲ ਗਾਂਧੀ ਨੇ ਬੋਲੋ ਹਨ ਉਹ ਸ਼ਬਦ ਉੱਥੇ ਮੌਜੂਦ ਹੋਰ ਕਿਸੇ ਐਮਪੀ ਨੇ ਨਹੀਂ ਬੋਲੋ। ਅਸੀਂ ਸਾਰੇ ਸਾਥੀ ਹਾਂ, ਸੰਸਦ 'ਚ ਹਰ ਰੋਜ਼ ਮਿਲਦੇ ਹਾਂ, ਅਜਿਹਾ ਕਦੇ ਕਿਸੇ ਨੇ ਨਹੀਂ ਬੋਲਿਆ।

ਰਵਨੀਤ ਬਿੱਟੂ ਨੇ ਅੱਗੇ ਕਿਹਾ, ''ਪਤਾ ਨਹੀਂ ਅੱਜ ਰਾਹੁਲ ਗਾਂਧੀ ਨੂੰ ਕੀ ਹੋ ਗਿਆ ਸੀ। ਕਿਹੜਾ ਗੁੱਸਾ ਆਪਣੇ ਮਨ ਵਿੱਚ ਲੈ ਕੇ ਬੈਠੇ ਹੋਏ ਸਨ ਅਤੇ ਅਜਿਹੇ ਸ਼ਬਦਾਂ ਦੀ ਵਰਤੋਂ ਮੇਰੇ ਲਈ ਕਰਦੇ ਹੋਏ ਮੈਨੂੰ ਹੱਥ ਮਿਲਾਉਣ ਦੀ ਪੇਸ਼ਕਸ਼ ਕੀਤੀ। ਤਾਂ ਮੈਂ ਕਿਹਾ ਕਿ ਮੇਰੀ ਗੱਲ ਛੱਡੋ ਤੁਸੀਂ ਕੌਣ ਹੋ, ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਗੱਦਾਰ ਹੋ।''

ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ, ਜੇਕਰ ਕਾਂਗਰਸੀ ਵਰਕਰ ਰਾਜੀਵ ਗਾਂਧੀ ਨੂੰ 'ਸ਼ਹੀਦ' ਕਹਿੰਦੇ ਹਨ ਤਾਂ ਬੇਅੰਤ ਸਿੰਘ ਨੂੰ ਵੀ 'ਸ਼ਹੀਦ' ਬੋਲਦੇ ਹਨ।

ਰਵਨੀਤ ਬਿੱਟੂ ਨੇ ਕਿਹਾ, ''ਜਦੋਂ ਮੈਂ ਤੁਹਾਡੇ ਨਾਲ ਯਾਨੀ ਕਾਂਗਰਸ 'ਚ ਸੀ ਤਾਂ ਉਦੋਂ ਬਹੁਤ ਚੰਗਾ ਸੀ ਹੁਣ ਜਦੋਂ ਭਾਜਪਾ ਵਿੱਚ ਆ ਗਿਆ ਤਾਂ ਹੁਣ ਤੁਹਾਨੂੰ ਖ਼ਰਾਬ ਲੱਗਣ ਲੱਗ ਪਿਆ, ਨਾਲ ਤੁਸੀਂ ਇਹ ਕਿਹੜੀ ਤਾਕਤ ਨਾਲ ਕਹਿ ਸਕਦੇ ਹੋ ਕਿ ਮੇਰੇ ਨਾਲ ਹੱਥ ਮਿਲਾਓ ਤੇ ਤੁਸੀਂ ਵਾਪਸ ਇੱਥੇ ਹੀ ਆਵੋਗੇ?

ਭਾਜਪਾ ਨੇ ਰਾਹੁਲ ਗਾਂਧੀ ਨੂੰ ਘੇਰਿਆ

ਭਾਜਪਾ ਲੀਡਰ

ਤਸਵੀਰ ਸਰੋਤ, YT/BJP

ਤਸਵੀਰ ਕੈਪਸ਼ਨ, ਦਿੱਲੀ 'ਚ ਭਾਜਪਾ ਵੱਲੋਂ ਪ੍ਰੈੱਸ ਕਾਨਫੰਰਸ ਕਰਕੇ ਰਾਹੁਲ ਗਾਂਧੀ 'ਤੇ ਸਵਾਲ ਖੜ੍ਹੇ ਕੀਤੇ ਗਏ

ਰਾਹੁਲ ਗਾਂਧੀ ਵੱਲੋਂ ਕੀਤੀ ਗਈ ਟਿੱਪਣੀ 'ਤੇ ਸਿਆਸੀ ਹੰਗਾਮਾ ਤੇਜ਼ ਹੋ ਗਿਆ ਹੈ। ਰਵਨੀਤ ਸਿੰਘ ਬਿੱਟੂ ਲਈ ਅਜਿਹੇ ਸ਼ਬਦ ਦੀ ਵਰਤੋਂ ਕੀਤੇ ਜਾਣ 'ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਖ਼ਤ ਇਤਰਾਜ਼ ਜਤਾਇਆ ਹੈ।

ਦਿੱਲੀ ਭਾਜਪਾ ਦਫ਼ਤਰ 'ਚ ਇੱਕ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਹਰਦੀਪ ਪੁਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਅਜਿਹੀ ਭਾਸ਼ਾ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ।

ਹਰਦੀਪ ਸਿੰਘ ਪੁਰੀ ਨੇ ਰਾਹੁਲ ਗਾਂਧੀ ਦੀ ਆਲੋਚਨਾ ਕਰਦਿਆਂ ਕਿਹਾ, 'ਗੱਦਾਰ' ਸ਼ਬਦ ਦੀ ਵਰਤੋਂ ਇੰਨੀ ਹਲਕੇ ਵਿੱਚ ਨਹੀਂ ਕੀਤੀ ਜਾਣੀ ਚਾਹੀਦੀ। ਇਸ ਦਾ ਅਰਥ ਉਹ ਵਿਅਕਤੀ ਹੈ ਜੋ ਦੇਸ਼ ਨਾਲ ਧ੍ਰੋਹ ਕਰਦਾ ਹੈ। ਇਹ ਸਿੱਖ ਭਾਈਚਾਰੇ ਲਈ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ।

ਹਰਦੀਪ ਪੁਰੀ ਨੇ ਕਿਹਾ ਕਿ ਰਾਹੁਲ ਗਾਂਧੀ ਸ਼ਾਇਦ ਇਸ ਗੱਲੋਂ ਪਰੇਸ਼ਾਨ ਹਨ ਕਿ ਬਿੱਟੂ ਜੀ ਉਨ੍ਹਾਂ ਦੀ ਪਾਰਟੀ ਛੱਡ ਗਏ ਹਨ। ਉਨ੍ਹਾਂ ਨੇ ਬਿੱਟੂ ਨੂੰ ਇਹ ਵੀ ਕਿਹਾ ਕਿ ਤੁਸੀਂ ਵਾਪਸ ਆ ਜਾਓਗੇ, ਪਰ ਸਿਰਫ ਇਸ ਲਈ ਕਿ ਇੱਕ 'ਦਸਤਾਰਧਾਰੀ' ਵਿਅਕਤੀ ਨੇ ਤੁਹਾਡੀ ਪਾਰਟੀ ਛੱਡੀ ਹੈ, ਤੁਸੀਂ ਉਸਨੂੰ ਗੱਦਾਰ ਨਹੀਂ ਕਹਿ ਸਕਦੇ।

ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਭਾਈਚਾਰੇ ਦੇ ਵਿਅਕਤੀ ਨੂੰ 'ਗੱਦਾਰ' ਕਹਿਣਾ ਸਵੀਕਾਰਯੋਗ ਨਹੀਂ ਹੈ। ਸੰਸਦ ਦੇ ਅੰਦਰ ਅਤੇ ਬਾਹਰ, ਰਾਜਨੀਤਿਕ ਗੱਲਬਾਤ ਵਿੱਚ ਸੱਭਿਅਕ ਭਾਸ਼ਾ ਅਤੇ ਮਰਯਾਦਾ ਦਾ ਹੋਣਾ ਬਹੁਤ ਜ਼ਰੂਰੀ ਹੈ।

ਭਾਜਪਾ ਆਗੂ ਅਤੇ ਦਿੱਲੀ ਸਰਕਾਰ ਵਿੱਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਰਾਹੁਲ ਗਾਂਧੀ ਦੇ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਉਨ੍ਹਾਂ 'ਤੇ ਤਿੱਖਾ ਪਲਟਵਾਰ ਕੀਤਾ ਹੈ।

ਮਨਜਿੰਦਰ ਸਿਰਸਾ ਨੇ ਕਿਹਾ ਕਿ ਸਦਨ ਵਿੱਚ ਇੱਕ ਸਿੱਖ ਮੰਤਰੀ ਦੇ ਖਿਲਾਫ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਹੈ, ਉਹ ਬਹੁਤ ਹੀ ਮੰਦਭਾਗੀ ਹੈ।

ਉਨ੍ਹਾਂ ਕਿਹਾ, "ਰਾਹੁਲ ਗਾਂਧੀ ਜੀ, ਜੇਕਰ ਕੋਈ 'ਗੱਦਾਰ' ਹੈ ਤਾਂ ਉਹ ਤੁਸੀਂ ਹੋ। ਇੱਕ ਸਿੱਖ ਸਰਦਾਰ ਕਦੇ ਵੀ 'ਗੱਦਾਰ' ਨਹੀਂ ਹੋ ਸਕਦਾ। ਸਿੱਖਾਂ ਪ੍ਰਤੀ ਤੁਹਾਡੇ ਅਜਿਹੇ ਬੋਲ ਇਹ ਦਰਸਾਉਂਦੇ ਹਨ ਕਿ ਕਾਂਗਰਸ ਦੀ ਮਾਨਸਿਕਤਾ ਵਿੱਚ ਅੱਜ ਵੀ ਕੋਈ ਬਦਲਾਅ ਨਹੀਂ ਆਇਆ ਹੈ।"

ਬਿੱਟੂ ਭਾਜਪਾ ਦਾ 'ਪੋਸਟਰ ਬੁਆਏ': ਕਾਂਗਰਸ

ਕਾਂਗਰਸੀ ਐਮਪੀ ਪ੍ਰਦਰਸ਼ਨ ਕਰਦੇ ਹੋਏ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸਾਬਕਾ ਫੌਜ ਮੁਖੀ ਐਮ.ਐਮ. ਨਰਵਣੇ ਦੀ ਅਣਪ੍ਰਕਾਸ਼ਿਤ ਕਿਤਾਬ ਦੀ ਕਾਪੀ 'ਤੇ ਸੰਸਦ 'ਚ ਪਿੱਛਲੇ ਤਿੰਨ ਦਿਨਾਂ ਤੋਂ ਹੰਗਾਮਾ ਹੋ ਰਿਹਾ ਹੈ

ਹਾਲਾਂਕਿ ਵਿਰੋਧ ਸਿਰਫ਼ ਰਾਹੁਲ ਗਾਂਧੀ ਦੇ ਸ਼ਬਦਾਂ ਦਾ ਹੀ ਨਹੀਂ ਹੋ ਰਿਹਾ ਹੈ। ਵਿਵਾਦ ਰਵਨੀਤ ਸਿੰਘ ਬਿੱਟੂ ਦੇ ਬਿਆਨ ਜੋ ਰਾਹੁਲ ਗਾਂਧੀ ਲਈ ਦਿੱਤੇ ਹਨ, ਉਨ੍ਹਾਂ ਦਾ ਵੀ ਹੋ ਰਿਹਾ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ "ਦੇਸ਼ ਦਾ ਦੁਸ਼ਮਣ" ਕਹੇ ਜਾਣ 'ਤੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਆਸ਼ੂ ਨੇ ਬਿੱਟੂ ਦੇ ਇਸ ਬਿਆਨ ਨੂੰ ਬੇਹੱਦ ਦੁਖਦਾਈ, ਮੰਦਭਾਗਾ ਅਤੇ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ।

ਭਾਰਤ ਭੂਸ਼ਣ ਆਸ਼ੂ ਨੇ ਰਵਨੀਤ ਬਿੱਟੂ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਸਲਾਹ ਦਿੰਦਿਆਂ ਕਿਹਾ, "ਇਹ ਬਹੁਤ ਹੈਰਾਨੀਜਨਕ ਹੈ ਕਿ ਜਿਸ ਆਗੂ ਦਾ ਪੂਰਾ ਸਿਆਸੀ ਕਰੀਅਰ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦੀ ਦੇਣ ਹੈ, ਉਹ ਅੱਜ ਉਨ੍ਹਾਂ ਦੇ ਖਿਲਾਫ ਹੀ ਅਜਿਹੀ ਭਾਸ਼ਾ ਵਰਤ ਰਿਹਾ ਹੈ।"

ਭਾਰਤ ਭੂਸ਼ਣ ਆਸ਼ੂ ਨੇ ਕਿਹਾ, "ਬਿੱਟੂ ਤਿੰਨ ਵਾਰ ਸੰਸਦ ਮੈਂਬਰ ਇਸ ਲਈ ਬਣੇ ਕਿਉਂਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਨੇ ਉਨ੍ਹਾਂ 'ਤੇ ਭਰੋਸਾ ਕੀਤਾ। ਅੱਜ ਜਿਸ ਵਿਅਕਤੀ ਨੇ ਉਨ੍ਹਾਂ ਦੀ ਬਦੌਲਤ ਸਭ ਕੁਝ ਹਾਸਲ ਕੀਤਾ, ਉਹੀ ਰਾਹੁਲ ਗਾਂਧੀ ਨੂੰ 'ਦੁਸ਼ਮਣ' ਕਹਿ ਰਿਹਾ ਹੈ।"

ਉਨ੍ਹਾਂ ਕਿਹਾ ਕਿ ਸਿਰਫ਼ ਭਾਜਪਾ ਦਾ 'ਪੋਸਟਰ ਬੁਆਏ' ਬਣਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਭੁੱਲ ਜਾਓ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਓ ਜਿਨ੍ਹਾਂ ਨੇ ਤੁਹਾਨੂੰ ਜਨਤਕ ਜੀਵਨ ਵਿੱਚ ਅੱਗੇ ਵਧਾਇਆ। ਬਿੱਟੂ ਆਪਣੇ ਦਿਲ ਵਿੱਚ ਜਾਣਦੇ ਹਨ ਕਿ ਗਾਂਧੀ ਪਰਿਵਾਰ ਨੇ ਉਨ੍ਹਾਂ ਨੂੰ ਵਾਰ-ਵਾਰ ਮੌਕੇ ਦਿੱਤੇ, ਪਰ ਉਨ੍ਹਾਂ ਨੇ ਸੱਤਾ ਦੀ ਖਾਤਰ ਸਭ ਕੁਝ ਭੁਲਾ ਕੇ ਧੋਖਾ ਦਿੱਤਾ।

ਆਸ਼ੂ ਨੇ ਕਿਹਾ ਕਿ ਇਹ ਹੋਰ ਵੀ ਦੁਖਦਾਈ ਹੈ ਕਿ ਅਜਿਹੇ ਸ਼ਬਦ ਉਸ ਵਿਅਕਤੀ ਵੱਲੋਂ ਆ ਰਹੇ ਹਨ ਜਿਸ ਦੇ ਦਾਦਾ ਸ਼ਹੀਦ ਬੇਅੰਤ ਸਿੰਘ ਨੇ ਉਸੇ ਵਿਚਾਰਧਾਰਾ (ਭਾਜਪਾ) ਦੇ ਖਿਲਾਫ ਲੜਦਿਆਂ ਆਪਣੀ ਜਾਨ ਕੁਰਬਾਨ ਕੀਤੀ ਸੀ। ਬਿੱਟੂ ਨੇ ਸੱਤਾ ਲਈ ਆਪਣੇ ਪਰਿਵਾਰ ਦੇ ਸਿਧਾਂਤਾਂ ਨੂੰ ਹੀ ਤਿਆਗ ਦਿੱਤਾ ਹੈ।

ਭਾਰਤ ਭੂਸ਼ਣ ਆਸ਼ੂ ਨੇ ਯਾਦ ਦਿਵਾਇਆ ਕਿ ਗਾਂਧੀ ਪਰਿਵਾਰ ਨੇ ਦੇਸ਼ ਦੀ ਏਕਤਾ ਲਈ ਆਪਣੀਆਂ ਜਾਨਾਂ ਦਿੱਤੀਆਂ ਹਨ। ਰਾਹੁਲ ਗਾਂਧੀ 'ਤੇ ਉਂਗਲ ਉਠਾਉਣ ਤੋਂ ਪਹਿਲਾਂ ਬਿੱਟੂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬੇਅੰਤ ਸਿੰਘ ਅਤੇ ਗਾਂਧੀ ਪਰਿਵਾਰ ਦੋਵੇਂ ਇੱਕੋ ਮਕਸਦ ਲਈ ਲੜੇ ਸਨ।

ਰਵਨੀਤ ਬਿੱਟੂ ਦਾ ਸਿਆਸੀ ਸਫ਼ਰ

ਰਵਨੀਤ ਸਿੰਘ ਬਿੱਟੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਰਾਜ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ

ਰਵਨੀਤ ਸਿੰਘ ਬਿੱਟੂ ਦਾ ਸਿਆਸੀ ਸਫ਼ਰ ਸਾਲ 2008 ਵਿੱਚ ਸ਼ੁਰੂ ਹੋਇਆ ਸੀ।

ਉਹ ਲੋਕਤੰਤਰੀ ਢੰਗ ਨਾਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣਨ ਵਾਲੇ ਪਹਿਲੇ ਪ੍ਰਧਾਨ ਸਨ।

ਰਵਨੀਤ ਸਿੰੰਘ ਬਿੱਟੂ ਨੇ ਸਾਲ 2009 ਵਿੱਚ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਲੋਕ ਸਭਾ ਮੈਂਬਰ ਦੀ ਚੋਣ ਲੜੀ ਸੀ।

ਉਨ੍ਹਾਂ ਦੀ ਸਿਆਸੀ ਸਫ਼ਲਤਾ ਵਿੱਚ ਰਾਹੁਲ ਗਾਂਧੀ ਦੀ ਵੱਡੀ ਭੂਮਿਕਾ ਦੱਸੀ ਜਾਂਦੀ ਹੈ।

2009 ਦੀ ਚੋਣ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਰਾਇਆ ਸੀ।

ਕਾਂਗਰਸ ਪਾਰਟੀ ਵੱਲੋਂ ਰਵਨੀਤ ਸਿ ਬਿੱਟੂ ਨੂੰ ਇਸ ਤੋਂ ਬਾਅਦ ਸਾਲ 2014 ਵਿੱਚ ਲੁਧਿਆਣਾ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਗਈ ਸੀ।

ਉਨ੍ਹਾਂ ਨੇ 19,000 ਵੋਟਾਂ ਦੇ ਫ਼ਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਫੂਲਕਾ ਨੂੰ ਹਰਾਇਆ ਸੀ।

ਆਪਣੀ ਜਿੱਤ ਦੇ ਇਸ ਸਿਲਸਿਲੇ ਨੂੰ ਜਾਰੀ ਰੱਖਦਿਆਂ ਰਵਨੀਤ ਸਿੰਘ ਬਿੱਟੂ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਹਲਕੇ ਤੋਂ ਹੀ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਚੋਣ ਲੜੀ ਸੀ।

ਇਸ ਮੌਕੇ ਉਨ੍ਹਾਂ ਨੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਲੋਕ ਇਨਸਾਫ਼ ਪਾਰਟੀ ਤੇ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਹਰਾਇਆ ਸੀ।

ਸਿਆਸੀ ਮਾਹਰ ਮੰਨਦੇ ਹਨ ਕਿ ਲਗਾਤਾਰ ਤਿੰਨ ਵਾਰੀ ਚੋਣ ਜਿੱਤੇ ਕੇ ਰਵਨੀਤ ਸਿੰਘ ਬਿੱਟ ਨੇ ਆਪਣੇ ਆਪ ਨੂੰ ਪੰਜਾਬ ਦੇ ਸਿਆਸੀ ਮੈਦਾਨ ਵਿੱਚ ਇੱਕ ਸਫ਼ਲ ਸਿਆਸਤਦਾਨ ਵਜੋਂ ਸਥਾਪਤ ਕਰ ਲਿਆ ਸੀ।

ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਮਾਰਚ 2024 'ਚ ਕਾਂਗਰਸ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦੇ ਇਸ ਫੈਸਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਬਿੱਟੂ 2024 ਦੀ ਚੋਣ ਲੁਧਿਆਣਾ ਤੋਂ ਭਾਜਪਾ ਦੀ ਟਿਕਟ 'ਤੇ ਲੜੀ ਸੀ ਹਲਾਂਕਿ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ।

ਹਾਰ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੂੰ ਕੇਂਦਰ ਸਰਕਾਰ ਵਿੱਚ ਰਾਜ ਰੇਲਵੇ ਮੰਤਰੀ ਦਾ ਅਹੁਦਾ ਦੇ ਦਿੱਤਾ ਗਿਆ।

ਰਵਨੀਤ ਬਿੱਟੂ ਦਾ ਪਰਿਵਾਰਕ ਪਿਛੋਕੜ ਤੇ ਸਿਆਸਤ

ਰਵਨੀਤ ਬਿੱਟੂ

ਤਸਵੀਰ ਸਰੋਤ, FB/Ravneet Singh Bittu

ਤਸਵੀਰ ਕੈਪਸ਼ਨ, 08 ਨਵੰਬਰ 2025 ਨੂੰ ਇੱਕ ਰੇਲਵੇ ਦੇ ਸਮਾਗਮ ਦੀ ਤਸਵੀਰ ਜੋ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ

ਰਵਨੀਤ ਬਿੱਟੂ ਦਾ ਜਨਮ ਸਤੰਬਰ 1975 ਵਿੱਚ ਲੁਧਿਆਣਾ ਜ਼ਿਲ੍ਹੇ ਦੀ ਪਾਇਲ ਤਹਿਸੀਲ 'ਚ ਪੈਂਦੇ ਕੋਟਲਾ ਅਫ਼ਗਾਨਾ 'ਚ ਹੋਇਆ ਸੀ।

ਉਨ੍ਹਾਂ ਦੇ ਚੋਣ ਹਲਫ਼ਨਾਮੇ ਮੁਤਾਬਕ ਉਨ੍ਹਾਂ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ।

ਰਵਨੀਤ ਸਿੰਘ ਬਿੱਟੂ ਦੇ ਦਾਦਾ ਮਰਹੂਮ ਬੇਅੰਤ ਸਿੰਘ ਕਾਂਗਰਸ ਸਰਕਾਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਨ।

ਉਨ੍ਹਾਂ ਦੀ 31 ਅਗਸਤ 1995 ਵਿੱਚ ਚੰਡੀਗੜ੍ਹ ਵਿੱਚ ਹੋਏ ਇੱਕ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ। ਇਸ ਵੇਲੇ ਰਵਨੀਤ ਬਿੱਟੂ ਦੀ ਉਮਰ 20 ਸਾਲ ਸੀ।

ਇਸ ਧਮਾਕੇ ਦੀ ਜ਼ਿੰਮੇਵਾਰੀ 'ਵੱਖਵਾਦੀ ਸੰਗਠਨ' ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਸੀ।

ਰਵਨੀਤ ਸਿੰਘ ਬਿੱਟੂ ਜਦੋਂ 10 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਸਵਰਨਜੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।

ਰਵਨੀਤ ਬਿੱਟੂ ਦੇ ਚਾਚਾ ਤੇਜਪ੍ਰਕਾਸ਼ ਨੂੰ ਬੇਅੰਤ ਸਿੰਘ ਦੀ ਮੋਤ ਤੋਂ ਬਾਅਦ ਕੈਬਨਿਟ ਮੰਤਰੀ ਬਣਾਇਆ ਗਿਆ ਸੀ।

ਤੇਜ ਪ੍ਰਕਾਸ਼ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਵਿਧਾਇਕ ਰਹੇ, ਗੁਰਕੀਰਤ ਕੋਟਲੀ ਦੇ ਪਿਤਾ ਹਨ।

ਰਵਨੀਤ ਸਿੰਘ ਬਿੱਟੂ ਪੰਜਾਬ ਵਿੱਚ ਸਿੱਖ ਵੱਖਵਾਦ ਦੱਸੀ ਜਾਂਦੀ ਸਿਆਸਤ ਦੀ ਸਖ਼ਤ ਮੁਖ਼ਾਲਫ਼ਤ ਕਰਨ ਕਰਕੇ ਚਰਚਾ ਵਿੱਚ ਵੀ ਰਹੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)