ਮੋਗੇ ਦੀ ਦਾਣਾ ਮੰਡੀ ਵਿੱਚ ਨੱਚ-ਗਾ ਕੇ ਤਕਦੀਰ ਲਿਖਦੇ ਨੌਜਵਾਨ

ਪੰਜਾਬ ਦੇ ਮਾਲਵਾ ਖਿੱਤੇ ਦੇ ਸ਼ਹਿਰ ਮੋਗਾ ਅਤੇ ਉਸ ਦੇ ਨੇੜਲੇ ਪਿੰਡਾਂ ਦੇ ਨੌਜਵਾਨ ਮੋਗੇ ਦੀ ਦਾਣਾ ਮੰਡੀ ਵਿੱਚ ਇਕੱਠੇ ਹੋ ਕੇ ਰੈਪ ਕਰਦੇ ਹਨ।
ਪੰਜਾਬ, ਆਪਣੇ ਸੰਘਰਸ਼, ਆਪਣੀ ਕੌਮ, ਅਣਖ ਅਤੇ ਮੁਹੱਬਤ ਦੀ ਗੱਲ ਕਰਦੇ ਇਹ ਰੈਪਰ ਸੋਸ਼ਲ ਮੀਡੀਆ ਰਾਹੀਂ ਮਿਊਜ਼ਿਕ ਇੰਡਸਟਰੀ ਵਿੱਚ ਕਾਮਯਾਬ ਹੋਣ ਲਈ ਅਤੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।
ਮੋਗਾ ਅਤੇ ਪੀਬੀ-29 ਅੱਜ-ਕੱਲ੍ਹ ਇਨ੍ਹਾਂ ਰੈਪਰਾਂ ਕਰਕੇ ਵੀ ਸੋਸ਼ਲ ਮੀਡੀਆ 'ਤੇ ਸੁਣਾਈ ਦੇ ਰਿਹਾ ਹੈ।
ਰੈਪ ਕਰਦੇ ਇਹ ਸਾਰੇ ਨੌਜਵਾਨ ਦਰਮਿਆਨੇ ਘਰਾਂ ਤੋਂ ਨਾਲ ਸੰਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਮਾਪੇ ਘਰ ਚਲਾਉਣ ਲਈ ਮਜ਼ਦੂਰੀ ਕਰਦੇ ਹਨ।
ਇਨ੍ਹਾਂ ਨੌਜਵਾਨਾਂ ਨੂੰ ਇੱਕ ਮੰਚ ਦੇਣ ਵਾਲੇ ਅਤੇ ਇੱਕ ਥਾਂ 'ਤੇ ਇਕੱਠੇ ਕਰਨ ਵਾਲੇ ਮੋਗਾ ਦੇ ਪਿੰਡ ਦੁੱਨੇਕੇ ਦੇ ਜਸ਼ਨਪ੍ਰੀਤ ਸਿੰਘ ਅਤੇ ਮੋਗਾ ਸ਼ਹਿਰ ਦੇ ਸੁਖਨੂਰਪ੍ਰੀਤ ਸਿੰਘ ਹਨ।
19 ਸਾਲਾ ਜਸ਼ਨਪ੍ਰੀਤ ਨੇ ਆਪਣਾ ਸਟੇਜ ਨਾਮ ਸਾਬ ਓਰਬਿਸ ਰੱਖਿਆ ਹੈ ਤੇ ਉਹ ਇਸ ਨਾਮ ਤੋਂ ਹੀ ਪਰਫਾਰਮ ਕਰਦੇ ਹਨ।
ਬੀਬੀਸੀ ਪੱਤਰਕਾਰ ਬਰਿੰਦਰ ਸਿੰਘ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਇਨ੍ਹਾਂ ਨੌਜਵਾਨਾਂ ਦਾ ਬਚਪਨ ਦਾ ਲਿਖਣ ਤੇ ਗਾਉਣ ਦਾ ਸ਼ੌਂਕ ਇਨ੍ਹਾਂ ਨੂੰ ਮਕਬੂਲੀਅਤ ਅਤੇ ਕਾਮਯਾਬੀ ਦੀ ਰਾਹ ਪਾ ਰਿਹਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



