ਕੀ ਅਸੀਂ ਕਦੇ ਪੁਲਾੜ ਵਿੱਚ ਬੱਚਿਆਂ ਨੂੰ ਜਨਮ ਦੇ ਸਕਾਂਗੇ?

ਤਸਵੀਰ ਸਰੋਤ, rbkomar / SCIEPRO/SCIENCE PHOTO LIBRARY via Getty Images
- ਲੇਖਕ, ਡੇਜ਼ੀ ਸਟੀਫ਼ਨਜ਼
- ਰੋਲ, ਬੀਬੀਸੀ ਵਰਲਡ ਸਰਵਿਸ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਪੁਲਾੜ ਵਿਗਿਆਨ ਭਾਈਚਾਰੇ ਵੱਲੋਂ ਵੱਡੇ ਵਾਅਦੇ ਕੀਤੇ ਜਾ ਰਹੇ ਹਨ।
ਮਈ ਵਿੱਚ, ਨਾਸਾ ਨੇ ਪਰਮਾਣੂ ਅਤੇ ਸੂਰਜੀ ਊਰਜਾ ਨਾਲ ਚੱਲਣ ਵਾਲਾ ਇੱਕ ਸਥਾਈ ਚੰਦਰਮਾ ਅੱਡਾ ਬਣਾਉਣ ਲਈ ਆਪਣੇ 20 ਅਰਬ ਡਾਲਰ ਦੇ ਪ੍ਰੋਗਰਾਮ ਦੀਆਂ ਯੋਜਨਾਵਾਂ ਦਾ ਵੇਰਵਾ ਦਿੱਤਾ ਸੀ।
2032 ਤੱਕ, ਪੁਲਾੜ ਏਜੰਸੀ ਚਾਹੁੰਦੀ ਹੈ ਕਿ ਮਨੁੱਖ ਚੰਦਰਮਾ ਉੱਤੇ "ਅਰਧ-ਸਥਾਈ" ਰਿਹਾਇਸ਼ਾਂ ਵਿੱਚ ਰਹਿਣ ਦੇ ਯੋਗ ਹੋਣ।
ਇਹ ਪਹਿਲੀ ਵਾਰ ਮਨੁੱਖਾਂ ਨੂੰ ਮੰਗਲ ਗ੍ਰਹਿ ਉੱਤੇ ਭੇਜਣ ਦੀਆਂ ਯੋਜਨਾਵਾਂ ਵੀ ਬਣਾ ਰਹੀ ਹੈ, ਇੱਕ ਅਜਿਹੀ ਯਾਤਰਾ ਜਿਸ ਬਾਰੇ ਇਸ ਦਾ ਕਹਿਣਾ ਹੈ ਕਿ ਇਸ ਵਿੱਚ ਲਗਭਗ ਸੱਤ ਤੋਂ ਦਸ ਮਹੀਨੇ ਲੱਗਣਗੇ।
ਪਰ ਜੇਕਰ ਅਸੀਂ ਕਦੇ ਧਰਤੀ ਤੋਂ ਦੂਰ ਲੰਬੇ ਸਮੇਂ ਲਈ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਉੱਥੇ ਪ੍ਰਜਨਨ ਵੀ ਕਰਨਾ ਪਵੇਗਾ, ਜਿਸ ਦਾ ਮਤਲਬ ਹੈ ਕਿ ਸਾਨੂੰ ਕੁਝ ਅਣਜਾਣ ਹਾਲਾਤਾਂ ਦਾ ਸਾਹਮਣਾ ਕਰਨ ਦਾ ਤਰੀਕਾ ਲੱਭਣਾ ਪਵੇਗਾ।
ਧਰਤੀ ਦੇ ਉਲਟ, ਜੋ ਇੱਕ ਚੁੰਬਕੀ ਖੇਤਰ ਅਤੇ ਸੰਘਣੇ ਵਾਯੂਮੰਡਲ ਦੁਆਰਾ ਸੁਰੱਖਿਅਤ ਹੋਣ ਕਰੇਕ ਚੰਦਰਮਾ ਅਤੇ ਮੰਗਲ ਵਰਗੀਆਂ ਥਾਵਾਂ ਦੀ ਸਤ੍ਹਾ ਉੱਤੇ ਪੁਲਾੜੀ ਰੇਡੀਏਸ਼ਨ ਦੇ ਉੱਚ ਪੱਧਰਾਂ ਦਾ ਲਗਾਤਾਰ ਅਸਰ ਪੈਂਦਾ ਹੈ।
ਉਹ ਧਰਤੀ ਨਾਲੋਂ ਛੋਟੇ ਹਨ, ਇਸ ਲਈ ਉੱਥੇ ਸਾਨੂੰ ਮਹਿਸੂਸ ਹੋਣ ਵਾਲੀ ਗੁਰੂਤਾਕਰਸ਼ਣ ਸ਼ਕਤੀ ਵੀ ਕਾਫ਼ੀ ਕਮਜ਼ੋਰ ਹੋਵੇਗੀ।
ਉੱਥੇ ਪਹੁੰਚਣ ਦੀ ਪ੍ਰਕਿਰਿਆ ਵੀ ਇੱਕ ਚੁਣੌਤੀ ਹੈ, ਲੰਬੀ ਦੂਰੀ ਦੀ ਪੁਲਾੜ ਯਾਤਰਾ ਮਨੁੱਖੀ ਸਰੀਰ ਅਤੇ ਇਸ ਕਰਕੇ ਪ੍ਰਜਨਨ ਸਮਰੱਥਾ ਉੱਤੇ ਅਜਿਹੇ ਪ੍ਰਭਾਵ ਪਾ ਸਕਦੀ ਹੈ, ਜਿਨ੍ਹਾਂ ਨੂੰ ਅਸੀਂ ਅਜੇ ਪੂਰੀ ਤਰ੍ਹਾਂ ਨਹੀਂ ਸਮਝਦੇ।
ਹਾਲਾਂਕਿ ਕਿਸੇ ਹੋਰ ਗ੍ਰਹਿ ਉੱਤੇ, ਜਾਂ ਇੱਥੋਂ ਤੱਕ ਕਿ ਖੁੱਲ੍ਹੇ ਪੁਲਾੜ ਵਿੱਚ ਗਰਭਵਤੀ ਹੋਣਾ ਵਿਗਿਆਨਕ ਕਲਪਨਾ ਦੀ ਗੱਲ ਜਿਹਾ ਲੱਗ ਸਕਦਾ ਹੈ, ਪਰ ਵਿਗਿਆਨੀਆਂ ਦਾ ਇੱਕ ਵਧਦਾ ਹੋਇਆ ਸਮੂਹ ਇਸ ਵਿਸ਼ੇ ਨੂੰ ਹੋਰ ਨੇੜਿਓਂ ਦੇਖ ਰਿਹਾ ਹੈ।

ਤਸਵੀਰ ਸਰੋਤ, NASA
ਵਿਗਿਆਨਕ ਕਲਪਨਾ ਤੋਂ ਵਿਗਿਆਨਕ ਖੋਜ ਤੱਕ
ਡਾ. ਨਿਕੋਲ ਮੈਕਫਰਸਨ ਆਸਟ੍ਰੇਲੀਆ ਦੀ ਐਡੀਲੇਡ ਯੂਨੀਵਰਸਿਟੀ ਵਿੱਚ ਸੀਨੀਅਰ ਲੈਕਚਰਾਰ ਹਨ ਅਤੇ ਫ੍ਰੀਮੇਸਨਜ਼ ਸੈਂਟਰ ਫਾਰ ਮੇਲ ਹੈਲਥ ਐਂਡ ਵੈੱਲਬੀਇੰਗ ਵਿੱਚ ਸਪਰਮ ਅਤੇ ਭਰੂਣ ਜੀਵ ਵਿਗਿਆਨ ਸਮੂਹ ਦੀ ਅਗਵਾਈ ਕਰਦੇ ਹਨ।
ਉਨ੍ਹਾਂ ਨੇ ਆਪਣੇ ਪਤੀ ਨਾਲ ਇੱਕ ਪੁਲਾੜ ਬਾਰੇ ਡਾਕੂਮੈਂਟਰੀ ਦੇਖਣ ਤੋਂ ਬਾਅਦ ਪੁਲਾੜ ਵਿੱਚ ਪ੍ਰਜਨਨ ਦੇ ਵਿਚਾਰ ਉੱਤੇ ਕੰਮ ਕਰਨਾ ਸ਼ੁਰੂ ਕੀਤਾ।
ਮੈਕਫਰਸਨ ਕਹਿੰਦੇ ਹਨ, "ਜੋ ਚੀਜ਼ ਇੱਕ ਛੋਟੇ ਅਤੇ ਦਿਲਚਸਪ ਵਿਗਿਆਨਕ ਕਲਪਨਾ (ਸਾਇੰਸ ਫਿਕਸ਼ਨ) ਵਾਲੇ ਸਹਾਇਕ ਪ੍ਰੋਜੈਕਟ ਵਜੋਂ ਸ਼ੁਰੂ ਹੋਈ ਸੀ... ਉਹ ਹੁਣ ਇੱਕ ਵੱਡੇ ਖੋਜ ਖੇਤਰ ਵਿੱਚ ਬਦਲ ਚੁੱਕੀ ਹੈ।"
ਖੋਜਕਾਰਾਂ ਦੀ ਇੱਕ ਟੀਮ ਨਾਲ ਮਿਲ ਕੇ, ਉਨ੍ਹਾਂ ਨੇ ਇੱਕ ਭੁਲੇਖ਼ਾ ਪਾਉਣ ਵਾਲੀ ਮੇਜ਼ ਵਿੱਚ ਸ਼ੁਕਰਾਣੂਆਂ ਦਾ ਰਸਤਾ ਲੱਭਣ ਦੀ ਸਮਰੱਥਾ ਨੂੰ ਮਾਪਿਆ। ਇਸ ਮੇਜ਼ ਨੂੰ ਪ੍ਰਜਨਨ ਮਾਰਗ ਦੀ ਨਕਲ ਕਰਨ ਲਈ ਤਿਆਰ ਕੀਤਾ ਗਿਆ ਸੀ ਅਤੇ ਇਸ ਨੂੰ ਪੁਲਾੜ ਵਿੱਚ ਅਨੁਭਵ ਕੀਤੀਆਂ ਜਾਣ ਵਾਲੀਆਂ ਸੂਖਮ ਗੁਰੂਤਾਕਰਸ਼ਣ (ਮਾਈਕ੍ਰੋਗ੍ਰੈਵਿਟੀ) ਸਥਿਤੀਆਂ ਦੇ ਸੰਪਰਕ ਵਿੱਚ ਰੱਖਿਆ ਗਿਆ ਸੀ।
ਉਨ੍ਹਾਂ ਨੇ ਦੇਖਿਆ ਕਿ ਕੁਝ ਸ਼ੁਕਰਾਣੂ ਅਸਲ ਵਿੱਚ ਰਸਤਾ ਭੁੱਲ ਗਏ। ਆਮ ਗੁਰੂਤਾਕਰਸ਼ਣ ਵਾਲੇ ਕੰਟਰੋਲ ਸਮੂਹ ਦੇ ਮੁਕਾਬਲੇ 50 ਫੀਸਦ ਘੱਟ ਸ਼ੁਕਰਾਣੂ ਮੇਜ਼ ਦੇ ਅੰਤ ਤੱਕ ਪਹੁੰਚ ਸਕੇ।
ਹਾਲਾਂਕਿ ਇਸ ਅਧਿਐਨ ਵਿੱਚ ਮੰਗਲ ਵਰਗੇ ਖ਼ਾਸ ਗ੍ਰਹਿਆਂ ਦੀਆਂ ਗੁਰੂਤਾਕਰਸ਼ਣ ਸਥਿਤੀਆਂ ਦੀ ਨਕਲ ਨਹੀਂ ਕੀਤੀ ਗਈ ਸੀ, ਮੈਕਫਰਸਨ ਕਹਿੰਦੇ ਹਨ ਕਿ ਇਸ ਨੇ ਇਹ ਦਰਸਾਇਆ ਕਿ ਧਰਤੀ ਦੀ ਗੁਰੂਤਾਕਰਸ਼ਣ ਸ਼ਕਤੀ ਆਮ ਸ਼ੁਕਰਾਣੂ ਵਿਹਾਰ ਵਿੱਚ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਉਹ ਕਹਿੰਦੇ ਹਨ, "ਇਹ ਦਰਸਾਉਂਦਾ ਹੈ ਕਿ ਕੁਦਰਤੀ ਗਰਭਧਾਰਣ ਦੌਰਾਨ ਸ਼ੁਕਰਾਣੂ ਇੱਕ ਬੁਨਿਆਦੀ ਗੁਰੂਤਾਕਰਸ਼ਣ ਖਿੱਚ ਦੀ ਵਰਤੋਂ ਕਰਦੇ ਹਨ।"
ਗੁਰੂਤਾਕਰਸ਼ਣ ਨਾਲ ਜੁੜੀਆਂ ਚੁਣੌਤੀਆਂ ਸਿਰਫ਼ ਗਰਭਧਾਰਨ ਤੱਕ ਹੀ ਸੀਮਤ ਨਹੀਂ ਹਨ। ਖੋਜਕਾਰਾਂ ਨੇ ਚੂਹਿਆਂ ਵਿੱਚ ਭਰੂਣ ਦੇ ਵਿਕਾਸ ਦੇ ਪਹਿਲੇ 24 ਘੰਟਿਆਂ ਉੱਤੇ ਮਾਈਕ੍ਰੋਗ੍ਰੈਵਿਟੀ ਦੇ ਪ੍ਰਭਾਵ ਦਾ ਵੀ ਅਧਿਐਨ ਕੀਤਾ।
ਮੈਕਫਰਸਨ ਕਹਿੰਦੇ ਹਨ, "ਅਸੀਂ ਨਤੀਜੇ ਹੋਰ ਮਾੜੇ ਵੇਖੇ, ਭਰੂਣ ਦਾ ਵਿਕਾਸ ਕਮਜ਼ੋਰ ਸੀ ਅਤੇ ਸ਼ੁਰੂਆਤੀ ਭਰੂਣ ਦੀਆਂ ਵਿਸ਼ੇਸ਼ਤਾਵਾਂ ਵੀ ਕਮਜ਼ੋਰ ਸਨ।"
ਨਾਸਾ ਦੇ ਸੀਨੀਅਰ ਖੋਜ ਵਿਗਿਆਨੀ ਡਾ. ਫਾਥੀ ਕਰੂਇਆ ਕਹਿੰਦੇ ਹਨ, "ਮਾਈਕ੍ਰੋਗ੍ਰੈਵਿਟੀ ਇਸ ਗੱਲ ਨੂੰ ਪ੍ਰਭਾਵਿਤ ਕਰਦੀ ਹੈ ਕਿ ਕੋਸ਼ਿਕਾਵਾਂ ਕਿਵੇਂ ਵੰਡਦੀਆਂ ਹਨ, ਆਪਣੇ ਆਪ ਨੂੰ ਕਿਵੇਂ ਵਿਵਸਥਿਤ ਕਰਦੀਆਂ ਹਨ ਅਤੇ ਆਪਸ ਵਿੱਚ ਕਿਵੇਂ ਸੰਚਾਰ ਕਰਦੀਆਂ ਹਨ। ਇਹ ਸਾਰੀਆਂ ਪ੍ਰਕਿਰਿਆਵਾਂ ਗਰਭਧਾਰਣ ਅਤੇ ਭਰੂਣ ਦੇ ਸ਼ੁਰੂਆਤੀ ਵਿਕਾਸ ਲਈ ਬਹੁਤ ਜ਼ਰੂਰੀ ਹਨ।"
ਰੇਡੀਏਸ਼ਨ ਦਾ ਪ੍ਰਭਾਵ
ਪੁਲਾੜ ਵਿੱਚ ਦੂਜੀ ਵੱਡੀ ਚੁਣੌਤੀ ਰੇਡੀਏਸ਼ਨ ਹੈ।
ਇਹ ਪਹਿਲਾਂ ਹੀ ਜਾਣਿਆ ਜਾਂਦਾ ਹੈ ਕਿ ਰੇਡੀਏਸ਼ਨ ਜਣਨ ਕੋਸ਼ਿਕਾਵਾਂ ਲਈ ਨੁਕਸਾਨਦਾਇਕ ਹੈ, ਇਹ ਉਹ ਵਿਸ਼ੇਸ਼ ਕੋਸ਼ਿਕਾਵਾਂ ਹੁੰਦੀਆਂ ਹਨ ਜੋ ਪੁਰਸ਼ਾਂ ਵਿੱਚ ਸ਼ੁਕਰਾਣੂਆਂ ਅਤੇ ਔਰਤਾਂ ਵਿੱਚ ਅੰਡਾਣੂਆਂ ਵਿੱਚ ਵਿਕਸਿਤ ਹੁੰਦੀਆਂ ਹਨ।
ਧਰਤੀ ਦਾ ਚੁੰਬਕੀ ਖੇਤਰ ਸਾਨੂੰ ਪੁਲਾੜ ਵਿੱਚ ਮੌਜੂਦ ਸਭ ਤੋਂ ਖ਼ਤਰਨਾਕ ਰੇਡੀਏਸ਼ਨ ਤੋਂ ਬਚਾਉਂਦਾ ਹੈ, ਪਰ ਇਸ ਸੁਰੱਖਿਆ ਕਵਚ ਤੋਂ ਬਾਹਰ, ਜਿਸ ਵਿੱਚ ਮੰਗਲ ਗ੍ਰਹਿ ਵੀ ਸ਼ਾਮਲ ਹੈ, ਹਾਲਾਤ ਬਿਲਕੁਲ ਵੱਖਰੇ ਹਨ।
ਤੁਰਕੀ ਦੀ ਹੈਲਥ ਸਾਇੰਸਜ਼ ਯੂਨੀਵਰਸਿਟੀ ਦੇ ਹਵਾਈ ਅਤੇ ਪੁਲਾੜੀ ਦਵਾਈਆਂ ਦੇ ਮਾਹਿਰ ਡਾ. ਅਬਦੁਰਰਹਮਾਨ ਇੰਗਿਨ ਕਹਿੰਦੇ ਹਨ ਕਿ ਗਲੈਕਟਿਕ ਕੌਸਮਿਕ ਰੇਡੀਏਸ਼ਨ (ਜੀਸੀਆਰ) ਬ੍ਰਹਿਮੰਡ ਵਿੱਚ ਵਾਪਰਨ ਵਾਲੀਆਂ ਘਟਨਾਵਾਂ, ਜਿਵੇਂ ਕਿ ਸੁਪਰਨੋਵਾ ਕਹੇ ਜਾਣ ਵਾਲੇ ਤਾਰਿਆਂ ਦੇ ਧਮਾਕਿਆਂ, ਤੋਂ ਪੈਦਾ ਹੁੰਦੀ ਹੈ।
ਇਨ੍ਹਾਂ ਧਮਾਕਿਆਂ ਦੌਰਾਨ ਅਜਿਹੇ ਕਣ ਨਿਕਲਦੇ ਹਨ ਜੋ ਪੁਲਾੜ ਯਾਨ ਦੀ ਸੁਰੱਖਿਆ ਪਰਤ ਨੂੰ ਪਾਰ ਕਰਕੇ ਮਨੁੱਖੀ ਸਰੀਰ ਦੇ ਅੰਦਰੂਨੀ ਟਿਸ਼ੂਆਂ ਤੱਕ ਪਹੁੰਚ ਸਕਦੇ ਹਨ। ਇਹ ਰੇਡੀਏਸ਼ਨ ਧਰਤੀ ਉੱਤੇ ਆਮ ਤੌਰ 'ਤੇ ਮਿਲਣ ਵਾਲੀ ਰੇਡੀਏਸ਼ਨ ਨਾਲੋਂ ਕਾਫ਼ੀ ਵੱਧ ਹੁੰਦੀ ਹੈ।
ਉਨ੍ਹਾਂ ਨੇ ਇੱਕ ਅਧਿਐਨ ਕੀਤਾ ਤਾਂ ਜੋ ਇੱਕ ਸਧਾਰਨ ਸਵਾਲ ਦਾ ਜਵਾਬ ਲੱਭਿਆ ਜਾ ਸਕੇ, ਕੀ ਭਵਿੱਖ ਵਿੱਚ ਮੰਗਲ ਗ੍ਰਹਿ ਦੀ ਕਿਸੇ ਯਾਤਰਾ ਦੌਰਾਨ ਹੋਣ ਵਾਲੀ ਇੱਕ ਕਲਪਨਾਤਮਕ ਗਰਭ ਅਵਸਥਾ ਵਿੱਚ ਮਿਲਣ ਵਾਲੀ ਜੀਸੀਆਰ ਰੇਡੀਏਸ਼ਨ ਦੀ ਮਾਤਰਾ, ਧਰਤੀ ਉੱਤੇ ਗਰਭ ਅਵਸਥਾ ਲਈ ਸੁਰੱਖਿਅਤ ਮੰਨੇ ਜਾਣ ਵਾਲੇ ਪੱਧਰ ਤੋਂ ਵੱਧ ਹੋਵੇਗੀ?
ਉਹ ਕਹਿੰਦੇ ਹਨ, "ਬਦਕਿਸਮਤੀ ਨਾਲ, ਇਸ ਦਾ ਜਵਾਬ ਹਾਂ ਵਿੱਚ ਨਜ਼ਰ ਆਉਂਦਾ ਹੈ।"

ਤਸਵੀਰ ਸਰੋਤ, DrPixel via Getty Images
ਧਰਤੀ ਤੋਂ ਮੰਗਲ ਗ੍ਰਹਿ ਤੱਕ ਲਗਭਗ ਛੇ ਮਹੀਨੇ ਦੀ ਯਾਤਰਾ ਦੌਰਾਨ, ਇੱਕ ਗਰਭਵਤੀ ਪੁਲਾੜ ਯਾਤਰੀ 90 ਤੋਂ 300 ਮਿਲੀਸੀਵਰਟ ਤੱਕ ਇਕੱਠੀ ਹੋਈ ਰੇਡੀਏਸ਼ਨ ਦੇ ਸੰਪਰਕ ਵਿੱਚ ਆ ਸਕਦੀ ਹੈ।
ਇਹ ਮਾਤਰਾ ਅਮਰੀਕਾ ਦੀ ਨੈਸ਼ਨਲ ਕੌਂਸਲ ਆਨ ਰੇਡੀਏਸ਼ਨ ਪ੍ਰੋਟੈਕਸ਼ਨ ਐਂਡ ਮੇਜ਼ਰਮੈਂਟਸ ਵੱਲੋਂ ਗਰਭ ਅਵਸਥਾ ਦੌਰਾਨ ਕੰਮਕਾਜੀ ਰੇਡੀਏਸ਼ਨ ਸੰਪਰਕ ਲਈ ਸਿਫ਼ਾਰਸ਼ ਕੀਤੀ ਗਈ 5 ਮਿਲੀਸੀਵਰਟ ਦੀ ਸੀਮਾ ਨਾਲੋਂ ਕਈ ਗੁਣਾ ਵੱਧ ਹੈ।
ਰੇਡੀਏਸ਼ਨ ਦਾ ਇੰਨਾ ਉੱਚ ਪੱਧਰ ਵਿਕਾਸ ਦੇ ਸ਼ੁਰੂਆਤੀ ਪੜਾਅ ਵਿੱਚ ਮੌਜੂਦ ਭਰੂਣ ਅਤੇ ਗਰਭਸਥ ਸ਼ਿਸ਼ੂ ਲਈ ਗੰਭੀਰ ਖ਼ਤਰੇ ਪੈਦਾ ਕਰ ਸਕਦਾ ਹੈ ਅਤੇ ਉਨ੍ਹਾਂ ਦੇ ਡੀਐੱਨਏ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਇੰਗਿਨ ਕਹਿੰਦੇ ਹਨ, "ਵਿਕਾਸ ਦੇ ਸ਼ੁਰੂਆਤੀ ਪੜਾਅ ਦੌਰਾਨ ਕੋਸ਼ਿਕਾਵਾਂ ਦੀ ਬਹੁਤ ਤੇਜ਼ੀ ਨਾਲ ਵੰਡ ਹੋ ਰਹੀ ਹੁੰਦੀ ਹੈ ਅਤੇ ਸਰੀਰ ਦੇ ਅੰਗ ਬਣ ਰਹੇ ਹੁੰਦੇ ਹਨ। ਅਜਿਹੇ ਸਮੇਂ ਵਿੱਚ ਡੀਐੱਨਏ ਦੀ ਬਣਤਰ, ਡੀਐੱਨਏ ਦੀ ਮੁਰੰਮਤ ਜਾਂ ਕੋਸ਼ਿਕਾਵਾਂ ਦੇ ਵਿਕਾਸ ਵਿੱਚ ਛੋਟੀ ਜਿਹੀ ਰੁਕਾਵਟ ਵੀ ਪੂਰੀ ਜ਼ਿੰਦਗੀ ਲਈ ਅਸਰ ਛੱਡ ਸਕਦੀ ਹੈ।"
ਸੱਭਿਆਚਾਰ ਵਿੱਚ ਅਜਿਹੇ ਚੈਨਲ ਜੋ ਤੁਸੀਂ ਦੇਖਣਾ ਚਾਹੁੰਦੇ ਹੋ।

ਤਸਵੀਰ ਸਰੋਤ, DrPixel via Getty Images
ਇਨ੍ਹਾਂ ਖ਼ਤਰਿਆਂ ਵਿੱਚ ਗਰਭਪਾਤ, ਬੱਚੇ ਦੇ ਵਿਕਾਸ ਵਿੱਚ ਰੁਕਾਵਟ, ਜਨਮ ਤੋਂ ਮੌਜੂਦ ਸਰੀਰਕ ਖਾਮੀਆਂ, ਦਿਮਾਗ਼ ਅਤੇ ਤੰਤੂ-ਤੰਤਰ ਨਾਲ ਜੁੜੀਆਂ ਸਮੱਸਿਆਵਾਂ ਅਤੇ ਬੱਚੇ ਵਿੱਚ ਪੂਰੀ ਜ਼ਿੰਦਗੀ ਦੌਰਾਨ ਕੈਂਸਰ ਦਾ ਵਧਿਆ ਹੋਇਆ ਖ਼ਤਰਾ ਸ਼ਾਮਲ ਹੈ।
ਡਾ. ਇੰਗਿਨ ਕਹਿੰਦੇ ਹਨ ਕਿ ਪੁਲਾੜ ਯਾਨ ਦੀ ਵਧੀਆ ਸੁਰੱਖਿਆ ਪਰਤ ਜਾਂ ਸੂਰਜੀ ਚੱਕਰ ਦੇ ਕੁਝ ਖ਼ਾਸ ਸਮਿਆਂ ਦੌਰਾਨ ਮਿਸ਼ਨਾਂ ਦੀ ਯੋਜਨਾ ਬਣਾਉਣ ਵਰਗੀਆਂ ਤਕਨੀਕਾਂ ਇਨ੍ਹਾਂ ਖ਼ਤਰਿਆਂ ਨੂੰ ਕੁਝ ਹੱਦ ਤੱਕ ਘਟਾ ਸਕਦੀਆਂ ਹਨ, ਪਰ ਗਲੈਕਟਿਕ ਕੌਸਮਿਕ ਰੇਡੀਏਸ਼ਨ (ਜੀਸੀਆਰ) ਨੂੰ ਪੂਰੀ ਤਰ੍ਹਾਂ ਰੋਕਣਾ "ਬਹੁਤ ਹੀ ਮੁਸ਼ਕਲ" ਹੈ।
ਕਰੂਇਆ ਦੇ ਮੁਤਾਬਕ, ਰੇਡੀਏਸ਼ਨ ਅਤੇ ਮਾਈਕ੍ਰੋਗ੍ਰੈਵਿਟੀ ਮਿਲ ਕੇ "ਜੀਵ ਵਿਗਿਆਨ ਨੂੰ ਬੁਨਿਆਦੀ ਪੱਧਰ ਉੱਤੇ ਪ੍ਰਭਾਵਿਤ ਕਰਦੇ ਹਨ", ਪਰ ਇਹ ਹੀ ਇਕੱਲੀਆਂ ਚੁਣੌਤੀਆਂ ਨਹੀਂ ਹਨ।
ਉਹ ਕਹਿੰਦੇ ਹਨ, "ਪੁਲਾੜ ਯਾਤਰਾ ਹਾਰਮੋਨਾਂ ਦੇ ਸੰਤੁਲਨ, ਨੀਂਦ ਦੇ ਚੱਕਰ ਅਤੇ ਸਰੀਰ ਦੀ ਜੈਵਿਕ ਘੜੀ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਇਹ ਸਾਰੀਆਂ ਚੀਜ਼ਾਂ ਪ੍ਰਜਨਨ ਸਿਹਤ ਨਾਲ ਡੂੰਘੇ ਤੌਰ ਉੱਤੇ ਜੁੜੀਆਂ ਹੋਈਆਂ ਹਨ।"
ਉਹ ਸਮਝਾਉਂਦੇ ਹਨ ਕਿ ਜਦੋਂ ਇਹ ਸਾਰੇ ਕਾਰਕ ਇਕੱਠੇ ਕੰਮ ਕਰਦੇ ਹਨ ਤਾਂ ਇਹ ਅੰਡਕੋਸ਼ਾਂ ਵਿੱਚ ਮੌਜੂਦ ਅੰਡਾਣੂਆਂ ਜਾਂ ਸ਼ੁਕਰਾਣੂਆਂ ਦੀ ਗੁਣਵੱਤਾ ਤੋਂ ਲੈ ਕੇ ਗਰਭ ਅਵਸਥਾ ਦੌਰਾਨ ਭਰੂਣ ਦੇ ਵਿਕਾਸ ਲਈ ਲੋੜੀਂਦੇ ਹਾਰਮੋਨਾਂ ਤੱਕ ਹਰ ਚੀਜ਼ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਜੀਵ ਵਿਗਿਆਨ ਤੋਂ ਸਿੱਖਿਆ

ਤਸਵੀਰ ਸਰੋਤ, VCG / Contributor via Getty Images
ਜਦੋਂ ਅਸੀਂ ਇਹ ਸੋਚਦੇ ਹਾਂ ਕਿ ਧਰਤੀ ਤੋਂ ਬਾਹਰ ਮਨੁੱਖੀ ਜੀਵਨ ਨੂੰ ਕਿਵੇਂ ਕਾਇਮ ਰੱਖਿਆ ਜਾ ਸਕਦਾ ਹੈ, ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕੀ ਮਨੁੱਖ ਪੁਲਾੜ ਵਿੱਚ ਪ੍ਰਜਨਨ ਕਰ ਸਕਦੇ ਹਨ ਜਾਂ ਨਹੀਂ।
ਪਰ ਸਵੀਡਨ ਦੀ ਉਪਸਾਲਾ ਯੂਨੀਵਰਸਿਟੀ ਵਿੱਚ ਅਣੂ ਅਤੇ ਕੋਸ਼ਿਕਾ ਜੀਵ ਵਿਗਿਆਨ ਦੇ ਪ੍ਰੋਫੈਸਰ ਜਾਨ ਬਰਨਡ ਸਟੂਕੇਨਬਰਗ ਕਹਿੰਦੇ ਹਨ ਕਿ ਇਹ ਸਿਰਫ਼ ਧਰਤੀ ਤੋਂ ਬਾਹਰ ਜੀਵਨ ਵਸਾਉਣ ਦਾ ਸਵਾਲ ਨਹੀਂ ਹੈ, ਸਗੋਂ ਪੁਲਾੜ ਯਾਤਰੀਆਂ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ।
ਉਹ ਕਹਿੰਦੇ ਹਨ ਕਿ ਭਾਵੇਂ ਮਨੁੱਖ ਅਜੇ ਪੁਲਾੜ ਵਿੱਚ ਪ੍ਰਜਨਨ ਨਹੀਂ ਕਰ ਰਹੇ, ਪਰ ਪੁਲਾੜ ਯਾਤਰੀ ਅਤੇ ਉਨ੍ਹਾਂ ਦੀਆਂ ਜਣਨ ਕੋਸ਼ਿਕਾਵਾਂ ਪਹਿਲਾਂ ਹੀ ਇਨ੍ਹਾਂ ਹਾਲਾਤਾਂ ਦੇ ਸੰਪਰਕ ਵਿੱਚ ਆ ਰਹੀਆਂ ਹਨ। ਜਣਨ ਕੋਸ਼ਿਕਾਵਾਂ ਉੱਤੇ ਰੇਡੀਏਸ਼ਨ ਦੇ ਪ੍ਰਭਾਵ ਬਾਰੇ ਖੋਜ ਕਰਨ ਨਾਲ ਉਨ੍ਹਾਂ ਦੀ ਸੁਰੱਖਿਆ ਲਈ ਨਵੇਂ ਤਰੀਕੇ ਵਿਕਸਿਤ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਸਟੂਕੇਨਬਰਗ ਕਹਿੰਦੇ ਹਨ, "ਜੇ ਪੁਲਾੜ ਯਾਤਰਾ ਕਾਰਨ ਚਮੜੀ ਦੀ ਕਿਸੇ ਕੋਸ਼ਿਕਾ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਉਹ ਕੋਸ਼ਿਕਾ ਤੁਹਾਡੇ ਨਾਲ ਹੀ ਖ਼ਤਮ ਹੋ ਜਾਵੇਗੀ।"
ਪਰ ਜਣਨ ਕੋਸ਼ਿਕਾਵਾਂ ਨੂੰ ਹੋਣ ਵਾਲਾ ਨੁਕਸਾਨ ਅਗਲੀ ਪੀੜ੍ਹੀ ਤੱਕ ਪਹੁੰਚ ਸਕਦਾ ਹੈ, ਭਾਵੇਂ ਪੁਲਾੜ ਯਾਤਰੀ ਅਜੇ ਪੁਲਾੜ ਵਿੱਚ ਪ੍ਰਜਨਨ ਕਰਨ ਦੀ ਕੋਸ਼ਿਸ਼ ਨਾ ਵੀ ਕਰ ਰਹੇ ਹੋਣ।
ਉਹ ਕਹਿੰਦੇ ਹਨ, "ਇਸ ਲਈ ਮੇਰੇ ਵਿਚਾਰ ਵਿੱਚ ਇਹ ਅਧਿਐਨ ਬਹੁਤ ਹੀ ਮਹੱਤਵਪੂਰਨ ਹਨ।"
ਮੈਕਫਰਸਨ ਕਹਿੰਦੀ ਹਨ ਕਿ ਇਸ ਖੇਤਰ ਵਿੱਚ ਹੋਰ ਖੋਜ ਸਾਨੂੰ ਮਨੁੱਖੀ ਜੀਵ ਵਿਗਿਆਨ ਨਾਲ ਜੁੜੀਆਂ ਕੁਝ ਹੋਰ ਬੁਨਿਆਦੀ ਗੱਲਾਂ ਨੂੰ ਸਮਝਣ ਵਿੱਚ ਵੀ ਮਦਦ ਕਰ ਸਕਦੀ ਹੈ।
ਉਦਾਹਰਨ ਵਜੋਂ, ਉਨ੍ਹਾਂ ਦੀ ਖੋਜ ਵਿੱਚ ਇਹ ਪਾਇਆ ਗਿਆ ਕਿ ਜਿਹੜੇ ਸ਼ੁਕਰਾਣੂ ਪ੍ਰਯੋਗਾਂ ਦੌਰਾਨ ਮੇਜ਼ ਦੇ ਅੰਤ ਤੱਕ ਪਹੁੰਚਣ ਵਿੱਚ ਸਫ਼ਲ ਰਹੇ, ਉਨ੍ਹਾਂ ਵਿੱਚ ਕੁਝ ਅਜਿਹੀਆਂ ਵਿਸ਼ੇਸ਼ਤਾਵਾਂ ਸਨ ਜੋ ਗਰਭਧਾਰਣ ਅਤੇ ਭਰੂਣ ਦੇ ਸ਼ੁਰੂਆਤੀ ਵਿਕਾਸ ਦੌਰਾਨ ਵੀ ਉਨ੍ਹਾਂ ਨੂੰ ਫ਼ਾਇਦਾ ਦਿੰਦੀਆਂ ਹਨ।
ਉਹ ਕਹਿੰਦੀ ਹਨ, "ਜੇ ਅਸੀਂ ਇਹ ਹੋਰ ਚੰਗੀ ਤਰ੍ਹਾਂ ਸਮਝ ਸਕੀਏ ਕਿ ਉਨ੍ਹਾਂ ਸ਼ੁਕਰਾਣੂਆਂ ਵਿੱਚ ਅਜਿਹਾ ਕੀ ਖ਼ਾਸ ਸੀ ਜੋ ਉਨ੍ਹਾਂ ਨੂੰ ਅੰਤ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ, ਤਾਂ ਅਸੀਂ ਆਈਵੀਐੱਫ ਜਾਂ ਖੇਤੀਬਾੜੀ ਵਿੱਚ ਵਰਤੀ ਜਾਣ ਵਾਲੀ ਆਈਵੀਐੱਫ ਪ੍ਰਕਿਰਿਆ ਦੌਰਾਨ ਅਜਿਹੇ ਸ਼ੁਕਰਾਣੂਆਂ ਦੀ ਚੋਣ ਕਰ ਸਕਦੇ ਹਾਂ।"
ਮਰਦਾਂ ਵੱਲ ਵੱਧ ਝੁਕਾਅ

ਤਸਵੀਰ ਸਰੋਤ, Soshi Yamada via Getty Images
ਮਾਹਰ ਹੁਣ ਇਹ ਵੀ ਮੰਨਦੇ ਹਨ ਕਿ ਜਿਵੇਂ-ਜਿਵੇਂ ਹੋਰ ਔਰਤਾਂ ਪੁਲਾੜ ਵਿੱਚ ਜਾ ਰਹੀਆਂ ਹਨ, ਪੁਲਾੜ ਵਿੱਚ ਪ੍ਰਜਨਨ ਨਾਲ ਜੁੜੀ ਖੋਜ ਦਾ ਦਾਇਰਾ ਵਧਾਉਣ ਦੀ ਲੋੜ ਹੈ ਤਾਂ ਜੋ ਖੋਜ ਸਿਰਫ਼ ਮਰਦਾਂ ਉੱਤੇ ਕੇਂਦਰਿਤ ਨਾ ਰਹੇ।
ਸਟੂਕੇਨਬਰਗ ਵੱਲੋਂ ਹਵਾਲਾ ਦਿੱਤੀ ਗਈ ਖੋਜ ਤੋਂ ਪਤਾ ਲੱਗਦਾ ਹੈ ਕਿ ਲੰਬੀਆਂ ਪੁਲਾੜ ਯਾਤਰਾਵਾਂ ਦੌਰਾਨ ਮਹਿਲਾ ਪੁਲਾੜ ਯਾਤਰੀ ਅਕਸਰ ਆਪਣੇ ਮਹਾਵਾਰੀ ਚੱਕਰ ਨੂੰ ਰੋਕਣ ਲਈ ਗਰਭਨਿਰੋਧਕ ਗੋਲੀਆਂ ਦੀ ਵਰਤੋਂ ਕਰਦੀਆਂ ਹਨ।
ਪਰ ਮੈਕਫਰਸਨ ਕਹਿੰਦੇ ਹਨ ਕਿ ਪੁਲਾੜ ਦੇ ਮਾਹੌਲ ਦਾ ਮਹਾਵਾਰੀ ਚੱਕਰ ਉੱਤੇ ਕੀ ਅਸਰ ਪੈਂਦਾ ਹੈ, ਇਸ ਬਾਰੇ ਹੋਰ ਖੋਜ ਦੀ ਲੋੜ ਹੈ।
ਉਹ ਕਹਿੰਦੇ ਹਨ, "ਇਹ ਅਜਿਹਾ ਵਿਸ਼ਾ ਹੈ ਜਿਸ ਦਾ ਅਸੀਂ ਅਜੇ ਤੱਕ ਢੰਗ ਨਾਲ ਮੁਲਾਂਕਣ ਨਹੀਂ ਕਰ ਸਕੇ।"
ਕਰੂਇਆ ਕਹਿੰਦੇ ਹਨ ਕਿ ਕੁਝ ਸਬੂਤ ਮਿਲੇ ਹਨ ਕਿ ਰੇਡੀਏਸ਼ਨ ਅੰਡਕੋਸ਼ਾਂ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਦਕਿ ਮਾਈਕ੍ਰੋਗ੍ਰੈਵਿਟੀ ਅੰਡਾਣੂਆਂ ਦੇ ਪੱਕਣ ਦੀ ਪ੍ਰਕਿਰਿਆ ਵਿੱਚ ਰੁਕਾਵਟ ਪਾ ਸਕਦੀ ਹੈ।
ਉਨ੍ਹਾਂ ਦੇ ਮੁਤਾਬਕ, ਸਭ ਤੋਂ ਵੱਡੀਆਂ ਅਣਜਾਣ ਗੱਲਾਂ ਵਿੱਚੋਂ ਇੱਕ ਖੁਦ ਗਰਭ ਅਵਸਥਾ ਹੈ।
ਉਹ ਕਹਿੰਦੇ ਹਨ, "ਸਾਡੇ ਕੋਲ ਲਗਭਗ ਕੋਈ ਵੀ ਆਧੁਨਿਕ ਜਾਣਕਾਰੀ ਨਹੀਂ ਹੈ ਕਿ ਪੁਲਾੜ ਵਿੱਚ ਇੱਕ ਥਣਧਾਰੀ ਜੀਵ ਦੀ ਗਰਭ ਅਵਸਥਾ ਪੂਰੀ ਤਰ੍ਹਾਂ ਕਿਵੇਂ ਅੱਗੇ ਵਧੇਗੀ, ਖ਼ਾਸ ਕਰਕੇ ਭਰੂਣ ਦੇ ਗਰਭ ਵਿੱਚ ਟਿਕਣ, ਪਲੇਸੈਂਟਾ ਦੇ ਵਿਕਾਸ ਅਤੇ ਸਰੀਰ ਦੇ ਅੰਗਾਂ ਦੇ ਬਣਨ ਸਬੰਧੀ।"
ਲਗਭਗ ਸਾਰੇ ਮਾਹਰ ਇੱਕ ਗੱਲ ਉੱਤੇ ਸਹਿਮਤ ਹਨ। ਇਸ ਖੇਤਰ ਵਿੱਚ ਹਾਲੇ ਬਹੁਤ ਕੰਮ ਕਰਨ ਦੀ ਲੋੜ ਹੈ ਅਤੇ ਇਹ ਕੰਮ ਕਰਨਾ ਬਹੁਤ ਜ਼ਰੂਰੀ ਹੈ।
ਸਟੂਕੇਨਬਰਗ ਕਹਿੰਦੇ ਹਨ, "ਇਹ ਕੋਈ ਅਜਿਹਾ ਵਿਸ਼ਾ ਨਹੀਂ ਹੋਣਾ ਚਾਹੀਦਾ ਜਿਸ ਬਾਰੇ ਗੱਲ ਕਰਨ ਤੋਂ ਝਿਜਕਿਆ ਜਾਵੇ... ਸਾਨੂੰ ਇਸ ਬਾਰੇ ਹੁਣੇ ਤੋਂ ਸੋਚਣਾ ਪਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












