ਵਿਆਹ ਦੇ ਜਸ਼ਨ ਮਾਤਮ ਵਿੱਚ ਬਦਲੇ, ਅੱਗ ਲੱਗਣ ਨਾਲ ਲਾੜੇ-ਲਾੜੀ ਸਣੇ 100 ਮੌਤਾਂ
ਇਰਾਕ ਵਿੱਚ ਵਿਆਹ ਸਮਾਗਮ ਦੌਰਾਨ ਭਿਆਨਕ ਅੱਗ ਲੱਗਣ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਲਾੜਾ ਅਤੇ ਲਾੜੀ ਵੀ ਸ਼ਾਮਲ ਹਨ। ਇਹੀ ਨਹੀਂ ਸੈਂਕੜੇ ਲੋਕ ਜ਼ਖਮੀਂ ਵੀ ਹੋ ਗਏ ਹਨ।
ਇਰਾਕ ਦੇ ਅਲ-ਹਮਦਾਨੀਆ ਵਿੱਚ ਇੱਕ ਵਿਆਹ ਦੌਰਾਨ ਜਸ਼ਨਾਂ ਵਾਲੀ ਥਾਂ ਉੱਤੇ ਭਿਆਨਕ ਅੱਗ ਲੱਗਣ ਤੋਂ ਬਾਅਦ ਮਾਤਮ ਛਾ ਗਿਆ।
ਸਿਹਤ ਅਧਿਕਾਰੀਆਂ ਮੁਤਾਬਕ ਘੱਟੋ-ਘੱਟ 50 ਲੋਕ ਗੰਭੀਰ ਹਾਲਤ ਵਿੱਚ ਹਨ ਅਤੇ ਇਸ ਘਟਨਾ ਦੇ ਬਹੁਤੇ ਪੀੜਤ ਨੌਜਵਾਨ ਹਨ।
ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗਿਆ ਹੈ ਪਰ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਸ ਦਾ ਕਾਰਨ ਪਟਾਖੇ ਹੋ ਸਕਦੇ ਹਨ।
ਸਥਾਨਕ ਸਮੇਂ ਮੁਤਾਬਕ ਇਹ ਹਾਦਸਾ ਪੌਣੇ 11 ਵਜੇ ਵਾਪਰਿਆ। ਵਿਆਹ ਵਾਲੇ ਹਾਲ ਵਿੱਚ ਅੱਗ ਲੱਗਣ ਦੌਰਾਨ ਬਚਕੇ ਬਾਹਰ ਨਿਕਲੇ 34 ਸਾਲ ਦੇ ਇਮਾਦ ਯੋਹਾਨਾ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਅੱਗ ਨੂੰ ਹਾਲ ਤੋਂ ਬਾਹਰ ਆਉਂਦੇ ਦੇਖਿਆ। ਜੋ ਨਿਕਲ ਸਕਦੇ ਸੀ ਉਹ ਨਿਕਲ ਗਏ ਪਰ ਕਈ ਫਸ ਗਏ।
ਹਾਦਸੇ ਵਿੱਚੋਂ ਬਚ ਕੇ ਨਿਕਲੇ ਇੱਕ ਹੋਰ 17 ਸਾਲ ਦੇ ਰਾਨੀਆ ਵਾਦ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ ਕਿ ਲਾੜਾ ਅਤੇ ਲਾੜੀ ਡਾਂਸ ਕਰ ਰਹੇ ਸਨ, ਜਦੋਂ ਪਟਾਖੇ ਛੱਤ ਨੂੰ ਛੂਹ ਗਏ ਅਤੇ ਪੂਰੇ ਹਾਲ ਵਿੱਚ ਅੱਗ ਫ਼ੈਲ ਗਈ ਅਤੇ ਉਹ ਕੁਝ ਨਹੀਂ ਦੇਖ ਸਕੇ।
ਰਾਨੀਆ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਘਬਰਾਹਟ ਹੋ ਰਹੀ ਸੀ ਤੇ ਨਹੀਂ ਪਤਾ ਚੱਲ ਰਿਹਾ ਸੀ ਕਿ ਬਾਹਰ ਕਿਵੇਂ ਨਿਕਲੇ ਜਾਵੇ।
ਉੱਤਰੀ ਇਰਾਕ ਵਿੱਚ ਹੋਏ ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ਤੋਂ ਬਾਅਦ ਫ਼ਿਲਹਾਲ ਬਚਾਅ ਕਾਰਜ ਚੱਲ ਰਹੇ ਹਨ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ ਸੁਦਾਨੀ ਨੇ ਅੱਗ ਲੱਗਣ ਦੇ ਮਾਮਲੇ ਬਾਰੇ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਤਸਵੀਰ ਸਰੋਤ, Getty Images




