ਡੌਨਲਡ ਟਰੰਪ ਦੀ ਸ਼ਮੂਲੀਅਤ ਵਾਲੇ ਡਿਨਰ ਵਿੱਚ ਚੱਲੀਆਂ ਗੋਲ਼ੀਆਂ, ਟਰੰਪ ਬੋਲੇ 'ਮੇਰੀ ਨੌਕਰੀ ਸ਼ਾਇਦ ਸਭ ਤੋਂ ਖ਼ਤਰਨਾਕ', ਸ਼ੱਕੀ ਹਮਲਾਵਰ ਬਾਰੇ ਕੀ ਪਤਾ ਲੱਗਿਆ

ਡੌਨਲਡ ਟਰੰਪ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬੀਬੀਸੀ ਦੇ ਅਮਰੀਕਾ ਸਥਿਤ ਮੀਡੀਆ ਪਾਰਟਨਰ ਸੀਬੀਐਸ ਦਾ ਕਹਿਣਾ ਹੈ ਕਿ ਸੀਕ੍ਰੇਟ ਸਰਵਿਸ ਨੇ ਰਾਸ਼ਟਰਪਤੀ ਅਤੇ ਫਰਸਟ ਲੇਡੀ ਦੋਵਾਂ ਨੂੰ ਮੰਚ ਤੋਂ ਹਟਾ ਦਿੱਤਾ ਹੈ
ਪੜ੍ਹਨ ਦਾ ਸਮਾਂ: 8 ਮਿੰਟ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਜਿਸ ਡਿਨਰ ਵਿੱਚ ਸ਼ਾਮਲ ਸਨ, ਉੱਥੇ ਗੋਲ਼ੀਬਾਰੀ ਦੀਆਂ ਅਵਾਜ਼ਾਂ ਸੁਣਾਈ ਦੇਣ ਤੋਂ ਬਾਅਦ ਰਾਸ਼ਟਰਪਤੀ ਸਣੇ ਬਾਕੀ ਅਧਿਕਾਰੀਆਂ ਨੂੰ ਤੁੰਰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਅਧਿਕਾਰਤ ਜਾਣਕਾਰੀ ਮੁਤਾਬਕ, ਰਾਸ਼ਟਰਪਤੀ ਸਣੇ ਸਾਰੇ ਅਧਿਕਾਰੀ ਸੁਰੱਖਿਅਤ ਹਨ ਅਤੇ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਹੈ।

ਸ਼ਨੀਵਾਰ ਨੂੰ ਵਾਸ਼ਿੰਗਟਨ ਹਿਲਟਨ ਵਿੱਚ ਹੋਈ ਇਸ ਘਟਨਾ ਦੌਰਾਨ ਟਰੰਪ ਦੇ ਨਾਲ-ਨਾਲ ਉਨ੍ਹਾਂ ਦੇ ਪਤਨੀ ਮੇਲਾਨੀਆ ਟਰੰਪ, ਐਫਬੀਆਈ ਡਾਇਰੈਕਟਰ ਕਾਸ਼ ਪਟੇਲ ਅਤੇ ਉਪ ਰਾਸ਼ਟਰਪਤੀ ਜੇਡੀ ਵੈਂਸ ਸਣੇ ਹੋਰ ਸਰਕਾਰੀ ਅਧਿਕਾਰੀ ਮੌਜੂਦ ਸਨ।

ਸਬੰਧਿਤ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਸੁਰੱਖਿਆ ਅਧਿਕਾਰੀਆਂ ਦੁਆਰਾ ਸ਼ੱਕੀ ਵਿਅਕਤੀ ਬਾਰੇ ਦੱਸੇ ਜਾਣ ਤੋਂ ਬਾਅਦ ਟਰੰਪ ਸਣੇ ਹੋਰ ਅਧਿਕਾਰੀਆਂ ਨੂੰ ਡਿਨਰ ਹਾਲ ਵਿੱਚੋਂ ਬਾਹਰ ਕੱਢਿਆ ਗਿਆ।

ਜਾਣਕਾਰੀ ਮੁਤਾਬਕ, ਗੋਲ਼ੀਆਂ ਚਲਣ ਵਰਗੀਆਂ ਲਗਭਗ ਪੰਜ ਆਵਾਜ਼ਾਂ ਸੁਣਾਈ ਦਿੱਤੀਆਂ ਸਨ।

ਵਾਸ਼ਿੰਗਟਨ ਹਿਲਟਨ ਦੇ ਜਿਸ ਬਾਲਰੂਮ ਵਿੱਚ ਇਹ ਡਿਨਰ ਚੱਲ ਰਿਹਾ ਸੀ, ਗੋਲ਼ੀਆਂ ਚਲਣ ਵਰਗੀਆਂ ਆਵਾਜ਼ਾਂ ਆਉਣ 'ਤੇ ਡਿਨਰ ਵਿੱਚ ਆਏ ਮਹਿਮਾਨ ਮੇਜ਼ਾਂ ਦੇ ਹੇਠਾਂ ਲੁੱਕ ਗਏ ਸਨ।

ਘਟਨਾ ਤੋਂ ਬਾਅਦ ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਨਾਲ ਸਖਤੀ ਨਾਲ ਨਜਿੱਠਣਾ ਪਵੇਗਾ।

ਟਰੰਪ ਨੇ ਪ੍ਰੈਸ ਬ੍ਰੀਫਿੰਗ 'ਚ ਕੀ-ਕੀ ਕਿਹਾ

ਟਰੰਪ ਦੀ ਪ੍ਰੈਸ ਬ੍ਰੀਫਿੰਗ
ਤਸਵੀਰ ਕੈਪਸ਼ਨ, ਟਰੰਪ ਨੇ ਦੱਸਿਆ ਕਿ ਇਸ ਘਟਨਾ ਵਿੱਚ ਸੀਕ੍ਰੇਟ ਸਰਵਿਸ ਦੇ ਇੱਕ ਅਧਿਕਾਰੀ ਨੂੰ ਬਹੁਤ ਨੇੜੇ ਤੋਂ ਗੋਲ਼ੀ ਮਾਰੀ ਗਈ ਸੀ, ਪਰ ਉਨ੍ਹਾਂ ਦੀ ਬੁਲੇਟ-ਪਰੂਫ ਜੈਕਟ ਨੇ ਉਨ੍ਹਾਂ ਨੂੰ ਬਚਾ ਲਿਆ

ਘਟਨਾ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, "ਇਹ ਬੋਲਣ ਦੀ ਆਜ਼ਾਦੀ ਨੂੰ ਸਮਰਪਿਤ ਇੱਕ ਪ੍ਰੋਗਰਾਮ ਸੀ, ਜਿਸਦਾ ਮਕਸਦ ਲੋਕਾਂ ਨੂੰ ਇਕੱਠਾ ਕਰਨਾ ਸੀ।''

ਟਰੰਪ ਨੇ ਦੱਸਿਆ ਕਿ ਇੱਕ ਵਿਅਕਤੀ ਕਈ ਹਥਿਆਰਾਂ ਨਾਲ ਲੈਸ ਹੋ ਕੇ ਸਿਕਿਓਰਿਟੀ ਚੈਕ ਪੁਆਇੰਟ ਵੱਲ ਵਧ ਰਿਹਾ ਸੀ, ਜਿਸਨੂੰ ਸੀਕ੍ਰੇਟ ਸਰਵਿਸ ਦੇ "ਕੁਝ ਬਹੁਤ ਬਹਾਦਰ ਮੈਂਬਰਾਂ" ਨੇ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਸੀਕ੍ਰੇਟ ਸਰਵਿਸ ਦੇ ਇੱਕ ਅਧਿਕਾਰੀ ਨੂੰ ਬਹੁਤ ਨੇੜੇ ਤੋਂ ਗੋਲ਼ੀ ਮਾਰੀ ਗਈ ਸੀ, ਪਰ ਉਨ੍ਹਾਂ ਦੀ ਬੁਲੇਟ-ਪਰੂਫ ਜੈਕਟ ਨੇ ਉਨ੍ਹਾਂ ਨੂੰ ਬਚਾ ਲਿਆ।

ਟਰੰਪ ਨੇ ਦੱਸਿਆ, "ਮੈਂ ਹੁਣੇ ਉਸ ਅਧਿਕਾਰੀ ਨਾਲ ਗੱਲ ਕੀਤੀ ਹੈ, ਅਤੇ ਉਹ ਬਿਲਕੁਲ ਠੀਕ ਹਨ। ਉਨ੍ਹਾਂ ਦਾ ਮਨੋਬਲ ਬਹੁਤ ਉੱਚਾ ਹੈ। ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ, ਅਤੇ ਉਹ ਇੱਕ ਬਹੁਤ ਹੀ ਮਾਣਮੱਤੇ ਵਿਅਕਤੀ ਹਨ।"

ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਲਾਅ ਇਨਫੋਰਸਮੈਂਟ ਏਜੰਸੀਆਂ "150 ਸਾਲਾਂ" ਤੋਂ ਇੱਕ ਬਾਲਰੂਮ ਦੀ ਮੰਗ ਕਰ ਰਹੀਆਂ ਸਨ।

ਰਾਸ਼ਟਰਪਤੀ ਨੇ ਕਿਹਾ, "ਅੱਜ ਰਾਤ ਹੋਈ ਗੋਲੀਬਾਰੀ ਹੀ ਉਹ ਵਜ੍ਹਾ ਹੈ ਜਿਸਦੇ ਕਾਰਨ ਅਸੀਂ ਵ੍ਹਾਈਟ ਹਾਊਸ ਵਿੱਚ ਸੁਰੱਖਿਆ ਦੇ ਜਿਹੜੀ ਉਪਾਅ ਯੋਜਨਾ ਬਣਾ ਰਹੇ ਹਾਂ, ਉਹ ਸਭ ਲਾਜ਼ਮੀ ਹੋ ਜਾਂਦੇ ਹਨ।"

"ਸਾਨੂੰ ਅਜਿਹੀ ਸੁਰੱਖਿਆ ਵਿਵਸਥਾ ਦੀ ਲੋੜ ਹੈ, ਜਿਹੜੀ ਤੁਸੀਂ ਪਹਿਲਾਂ ਕਦੇ ਨਾ ਦੇਖੀ ਹੋਵੇ।"

'ਮੈਨੂੰ ਲੱਗਿਆ ਕੋਈ ਟਰੇਅ ਥੱਲੇ ਡਿੱਗੀ ਹੈ' - ਟਰੰਪ

ਮੀਡੀਆ ਨੂੰ ਸੰਬੋਧਨ ਕਰਦੇ ਟਰੰਪ

ਤਸਵੀਰ ਸਰੋਤ, Getty Images

ਟਰੰਪ ਨੇ ਪ੍ਰੈਸ ਬ੍ਰੀਫਿੰਗ ਦੌਰਾਨ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਲੱਗਿਆ ''ਜਿਵੇਂ ਕੋਈ ਸਰਵਿੰਗ ਟਰੇਅ ਜ਼ਮੀਨ 'ਤੇ ਡਿੱਗੀ ਹੈ'', ਪਰ ਅਜਿਹਾ ਨਹੀਂ ਸੀ।

ਟਰੰਪ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਰਿਪਬਲਿਕਨ 'ਤੇ ਕਿਸੇ "ਕਤਲ ਦੀ ਕੋਸ਼ਿਸ਼ ਕਰਨ ਵਾਲੇ" ਨੇ ਹਮਲਾ ਕੀਤਾ ਹੋਵੇ।

ਉਨ੍ਹਾਂ ਨੇ ਦੋ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਦੋਂ ਉਨ੍ਹਾਂ ਦੇ ਦੁਬਾਰਾ ਰਾਸ਼ਟਰਪਤੀ ਵਜੋਂ ਚੁਣੇ ਜਾਣ ਤੋਂ ਪਹਿਲਾਂ ਕਿਸੇ ਨੇ ਉਨ੍ਹਾਂ ਨੂੰ ਮਾਰਣ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਵਿੱਚੋਂ ਇੱਕ ਘਟਨਾ ਬਟਲਰ, ਪੈਨਸਿਲਵੇਨੀਆ ਵਿੱਚ ਇੱਕ ਰੈਲੀ ਦੌਰਾਨ ਹੋਈ ਸੀ, ਅਤੇ ਦੂਜੀ ਵਾਰ ਤਦੋਂ ਜਦੋਂ ਟਰੰਪ ਪਾਮ ਬੀਚ, ਫਲੋਰਿਡਾ ਵਿੱਚ ਗੋਲਫ ਖੇਡ ਰਹੇ ਸਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪੂਰਾ ਤਜ਼ਰਬਾ 'ਫਰਸਟ ਲੇਡੀ' ਮੇਲਾਨੀਆ ਟਰੰਪ ਲਈ ਬਹੁਤ ਹੀ ਤਣਾਵਪੂਰਨ ਅਤੇ ਦੁਖਦਾਈ ਰਿਹਾ।

ਰਾਸ਼ਟਰਪਤੀ ਨੇ ਦੱਸਿਆ ਕਿ ਸ਼ੁਰੂ ਵਿੱਚ ਉਹ ਉੱਥੋਂ ਜਾਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਕਿਹਾ, "ਮੈਂ ਜ਼ੋਰ ਦੇਕੇ ਰੁਕੇ ਰਹਿਣ ਲਈ ਕਿਹਾ'' ਪਰ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਉੱਥੋਂ ਚਲੇ ਜਾਣਾ ਹੀ ਸੁਰੱਖਿਆ ਪ੍ਰੋਟੋਕੋਲ ਦੇ ਅਨੁਸਾਰ ਠੀਕ ਰਹੇਗਾ, ਕਿਉਂਕਿ ਉਸ ਸਮੇਂ ਇਹ ਸਪੱਸ਼ਟ ਨਹੀਂ ਸੀ ਕਿ ਹਮਲਾ ਕਰਨ ਵਾਲਾ ਵਿਅਕਤੀ ਇਕੱਲਾ ਸੀ ਜਾਂ ਉਸਦੇ ਨਾਲ ਕੋਈ ਹੋਰ ਵੀ ਸੀ।

ਰਾਸ਼ਟਰਪਤੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਤੋਂ ਪਹਿਲਾਂ ਉਨ੍ਹਾਂ ਦੀ ਟੀਮ ਨੂੰ ਕਿਸੇ ਵੀ ਤਰ੍ਹਾਂ ਦੇ ਸੁਰੱਖਿਆ ਖਤਰੇ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਹਮਲਾਵਰ ਬਾਰੇ ਕੀ ਬੋਲੇ ਟਰੰਪ

ਟਰੰਪ

ਟਰੰਪ ਦਾ ਕਹਿਣਾ ਹੈ ਕਿ ਜਿਸ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਉਹ "ਬਹੁਤ ਹੀ ਬੀਮਾਰ ਮਾਨਸਿਕਤਾ ਵਾਲਾ ਵਿਅਕਤੀ" ਸੀ।

ਸ਼ੱਕੀ ਵਿਅਕਤੀ ਬਾਰੇ ਗੱਲ ਕਰਦੇ ਹੋਏ ਟਰੰਪ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਉਹ ਇਕੱਲਾ ਅਤੇ ਪੂਰੀ ਤਰ੍ਹਾਂ ਪਾਗਲ ਵਿਅਕਤੀ ਸੀ। ਇਹ ਲੋਕ ਪਾਗਲ ਹੁੰਦੇ ਹਨ। ਇਹ ਸੱਚਮੁੱਚ ਪਾਗਲ ਲੋਕ ਹਨ, ਅਤੇ ਇਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਣਾ ਹੀ ਪਵੇਗਾ।"

"ਅਸੀਂ ਕਿਸੇ ਨੂੰ ਵੀ ਆਪਣੇ ਸਮਾਜ 'ਤੇ ਹਾਵੀ ਨਹੀਂ ਹੋਣ ਦੇਵਾਂਗੇ।"

ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਮਾਹਿਰ ਹੀ ਵਿਅਕਤੀ ਬਾਰੇ ਵਧੇਰੇ ਜਾਣਕਰੀ ਦੇ ਸਕਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ "ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ।''

ਟਰੰਪ ਨੇ ਐਲਾਨ ਕੀਤਾ ਕਿ ਇਸ ਪ੍ਰੋਗਰਾਮ ਨੂੰ ਅਗਲੇ 30 ਦਿਨਾਂ ਦੇ ਅੰਦਰ ਦੁਬਾਰਾ ਆਯੋਜਿਤ ਕੀਤਾ ਜਾਵੇਗਾ ਅਤੇ ਇਹ "ਪਹਿਲਾਂ ਤੋਂ ਵੀ ਵੱਧ ਵੱਡਾ, ਬਿਹਤਰ ਅਤੇ ਸ਼ਾਨਦਾਰ ਹੋਵੇਗਾ।"

ਟਰੰਪ ਨੇ ਪ੍ਰੋਗਰਾਮ ਨਾਲ ਸਬੰਧਿਤ ਸਾਰੇ ਵਿਅਕਤੀਆਂ ਅਤੇ ਮੀਡੀਆ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਪੂਰੀ ਸਥਿਤੀ ਦੀ ਕਵਰੇਜ ਦੌਰਾਨ ਉਨ੍ਹਾਂ ਨੇ "ਬਹੁਤ ਜ਼ਿੰਮੇਵਾਰੀ ਭਰਾ ਰਵੱਈਆ" ਅਪਣਾਇਆ।

ਅਟਾਰਨੀ ਜਨਰਲ ਟੌਡ ਬਲੈਂਚ ਨੇ ਕਿਹਾ ਕਿ ਸ਼ੱਕੀ ਹਮਲਾਵਰ ਦੇ ਖਿਲਾਫ ਜਲਦ ਹੀ ਇਲਜ਼ਾਮ ਤੈਅ ਕੀਤੇ ਜਾਣਗੇ।

ਬਲੈਂਚ ਨੇ ਕਿਹਾ, "ਮੈਂ ਵਾਅਦਾ ਕਰਦਾ ਹਾਂ ਕਿ ਇਨਸਾਫ਼ ਜ਼ਰੂਰ ਮਿਲੇਗਾ।"

ਸ਼ੱਕੀ ਹਮਲਾਵਰ ਬਾਰੇ ਕੀ ਪਤਾ

ਸ਼ੱਕੀ ਵਿਅਕਤੀ 31 ਸਾਲਾ ਕੋਲ ਥੋਮਸ ਐਲਨ

ਤਸਵੀਰ ਸਰੋਤ, @realDonaldTrump/TruthSocial

ਤਸਵੀਰ ਕੈਪਸ਼ਨ, ਵਾਸ਼ਿੰਗਟਨ ਡੀਸੀ ਦੇ ਪੁਲਿਸ ਮੁਖੀ ਜੈਫਰੀ ਡਬਲਯੂ ਕੈਰੋਲ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਉਸ ਹੋਟਲ ਵਿੱਚ ਮਹਿਮਾਨ ਵਜੋਂ ਰੁਕਿਆ ਹੋਇਆ ਸੀ, ਜਿੱਥੇ ਇਹ ਪ੍ਰੋਗਰਾਮ ਚੱਲ ਰਿਹਾ ਸੀ

ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਕ, ਸ਼ੱਕੀ ਵਿਅਕਤੀ ਦੀ ਪਛਾਣ ਕੈਲੀਫ਼ੋਰਨੀਆ ਦੇ ਟੋਰੈਂਸ ਦੇ ਰਹਿਣ ਵਾਲੇ 31 ਸਾਲਾ ਕੋਲ ਥੋਮਸ ਐਲਨ ਵਜੋਂ ਹੋਈ ਹੈ।

ਵਾਸ਼ਿੰਗਟਨ ਡੀਸੀ ਦੇ ਪੁਲਿਸ ਮੁਖੀ ਜੈਫਰੀ ਡਬਲਯੂ ਕੈਰੋਲ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਉਸ ਹੋਟਲ ਵਿੱਚ ਮਹਿਮਾਨ ਵਜੋਂ ਰੁਕਿਆ ਹੋਇਆ ਸੀ, ਜਿੱਥੇ ਇਹ ਪ੍ਰੋਗਰਾਮ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੇ ਤਹਿਤ ਉਸ ਦਾ ਕਮਰਾ ਸੀਲ ਕਰ ਲਿਆ ਗਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸ਼ੱਕੀ ਵਿਅਕਤੀ ਕੋਲ ਕਈ ਹਥਿਆਰ ਸਨ। ਉਨ੍ਹਾਂ ਕਿਹਾ, "ਉਸਦੇ ਕੋਲ ਇੱਕ ਸ਼ਾਟਗਨ, ਇੱਕ ਹੈਂਡਗਨ ਅਤੇ ਕਈ ਚਾਕੂ ਸਨ।"

ਜਦੋਂ ਵਾਸ਼ਿੰਗਟਨ ਡੀਸੀ ਦੇ ਪੁਲਿਸ ਮੁਖੀ ਜੈਫਰੀ ਡਬਲਯੂ ਕੈਰੋਲ ਤੋਂ ਪੁੱਛਿਆ ਗਿਆ ਕਿ ਸ਼ੱਕੀ ਹਮਲਾਵਰ ਦਾ ਮਕਸਦ ਕੀ ਸੀ, ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਵਾਸ਼ਿੰਗਟਨ ਡੀਸੀ ਦੇ ਮੇਅਰ ਨੇ ਦੱਸਿਆ ਕਿ ਫਿਲਹਾਲ ਸ਼ੱਕੀ ਨੂੰ ਇੱਕ ਨੇੜਲੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਅਜੇ ਵੀ ਪੁਲਿਸ ਹਿਰਾਸਤ ਵਿੱਚ ਹੈ।

ਟਰੰਪ ਦੇ ਅਟਾਰਨੀ ਜਨਰਲ ਟੌਡ ਬਲਾਂਚ ਨੇ ਕਿਹਾ ਕਿ ਉਸ 'ਤੇ "ਬਹੁਤ ਜਲਦੀ" ਦੋਸ਼ ਲਗਾਏ ਜਾਣਗੇ।

ਵਾਸ਼ਿੰਗਟਨ ਦੀ ਯੂਐਸ ਅਟਾਰਨੀ ਜੇਨੀਨ ਪਿਰੋ ਨੇ ਦੱਸਿਆ ਕਿ ਸੰਦੇਹੀ 'ਤੇ ਦੋ ਇਲਜ਼ਾਮ ਲਗਾਏ ਗਏ ਹਨ- ਪਹਿਲਾ, ਹਿੰਸਕ ਅਪਰਾਧ ਦੌਰਾਨ ਹਥਿਆਰ ਦੀ ਵਰਤੋਂ ਕਰਨ ਦਾ; ਅਤੇ ਦੂਜਾ, ਖ਼ਤਰਨਾਕ ਹਥਿਆਰ ਨਾਲ ਫੈਡਰਲ ਅਫਸਰਾਂ 'ਤੇ ਹਮਲਾ ਕਰਨ ਦਾ।

ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਨੂੰ ਸ਼ਕੀ ਵਿਅਕਤੀ ਨੂੰ ਫੈਡਰਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਘਟਨਾ ਤੋਂ ਬਾਅਦ ਟਰੰਪ ਦੀ ਪਹਿਲੀ ਪ੍ਰਤੀਕਿਰਿਆ

ਡਿਨਰ ਵਿੱਚ ਸ਼ਾਮਲ ਹੋਣ ਦੌਰਾਨ ਟਰੰਪ ਅਤੇ ਉਨ੍ਹਾਂ ਦੇ ਪਤਨੀ ਮੇਲਾਨੀਆ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਿਨਰ ਵਿੱਚ ਸ਼ਾਮਲ ਹੋਣ ਦੌਰਾਨ ਟਰੰਪ ਅਤੇ ਉਨ੍ਹਾਂ ਦੇ ਪਤਨੀ ਮੇਲਾਨੀਆ ਦੀ ਤਸਵੀਰ

ਇਸ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਵਿੱਚ ਕਿਹਾ ਕਿ ਹਮਲਾਵਰ ਨੂੰ "ਫੜ ਲਿਆ ਗਿਆ ਹੈ''।

ਟਰੁੱਥ ਸੋਸ਼ਲ ਪਲੇਟਫਾਰਮ 'ਤੇ ਲਿਖਦੇ ਹੋਏ ਟਰੰਪ ਨੇ ਕਿਹਾ, "ਸੀਕ੍ਰੇਟ ਸਰਵਿਸ ਅਤੇ ਲਾਅ ਇੰਫੋਰਸਮੈਂਟ ਏਜੰਸੀਆਂ ਨੇ ਸ਼ਾਨਦਾਰ ਕੰਮ ਕੀਤਾ। ਉਨ੍ਹਾਂ ਨੇ ਤੇਜ਼ੀ ਅਤੇ ਬਹਾਦਰੀ ਨਾਲ ਕੰਮ ਕੀਤਾ।"

ਉਨ੍ਹਾਂ ਅੱਗੇ ਲਿਖਿਆ, "ਹਮਲਾਵਰ ਨੂੰ ਫੜ ਲਿਆ ਗਿਆ ਹੈ ਅਤੇ ਮੈਂ ਸੁਝਾਅ ਦਿੱਤਾ ਹੈ ਕਿ ਸਮਾਗਮ ਨੂੰ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ; ਹਾਲਾਂਕਿ, ਮੈਂ ਲਾਅ ਇੰਫੋਰਸਮੈਂਟ ਏਜੰਸੀਆਂ ਦੇ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਾਂਗਾ।"

ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਅੱਜ ਸ਼ਾਮ (ਸ਼ਨੀਵਾਰ) ਹੁਣ ਉਨ੍ਹਾਂ ਦੀ ਯੋਜਨਾ ਮੁਤਾਬਕ ਨਹੀਂ ਰਹੇਗੀ।

ਇੱਕ ਹੋਰ ਪੋਸਟ ਵਿੱਚ ਉਨ੍ਹਾਂ ਜਾਣਕਾਰੀ ਦਿੱਤੀ ਕਿ ਉਹ ਤੇ ਬਾਕੀ ਸਾਰੇ ਅਧਿਕਾਰੀ ਸੁਰੱਖਿਅਤ ਹਨ ਅਤੇ ਕੁਝ ਸਮੇਂ ਸਮੇਂ ਵਿੱਚ ਉਹ ਇੱਕ ਪ੍ਰੈਸ ਕਾਨਫਰੰਸ ਕਰਨਗੇ।

"ਸਾਡੇ ਸਾਰੇ ਸੁਰੱਖਿਆ ਪ੍ਰਾਪਤ ਵਿਅਕਤੀ ਸੁਰੱਖਿਅਤ ਹਨ" - ਸੀਕ੍ਰੇਟ ਸਰਵਿਸ

ਵ੍ਹਾਈਟ ਹਾਊਸ ਕੋਰਸਪੋਂਡੈਂਟਸ ਡਿਨਰ ਦੌਰਾਨ ਗੋਲੀਬਾਰੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜਾਣਕਾਰੀ ਮੁਤਾਬਕ, ਗੋਲ਼ੀਆਂ ਚਲਣ ਵਰਗੀਆਂ ਲਗਭਗ ਪੰਜ ਆਵਾਜ਼ਾਂ ਸੁਣਾਈ ਦਿੱਤੀਆਂ ਹਨ

ਘਟਨਾ ਤੋਂ ਕੁਝ ਸਮਾਂ ਬਾਅਦ ਸੀਕ੍ਰੇਟ ਸਰਵਿਸ ਦੇ ਬੁਲਾਰੇ ਐਂਥਨੀ ਗੁਗਲੀਏਲਮੀ ਨੇ ਦੱਸਿਆ ਕਿ ਰਾਸ਼ਟਰਪਤੀ, ਫਰਸਟ ਲੇਡੀ ਅਤੇ ਸੀਕ੍ਰੇਟ ਸਰਵਿਸ ਦੀ ਸੁਰੱਖਿਆ ਹੇਠ ਮੌਜੂਦ ਹੋਰ ਸਾਰੇ ਵਿਅਕਤੀ ਸੁਰੱਖਿਅਤ ਹਨ।

ਉਨ੍ਹਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਮੇਜ਼ਾਂ ਥੱਲੇ ਲੁਕੇ ਮਹਿਮਾਨ

ਵ੍ਹਾਈਟ ਹਾਊਸ ਕੋਰਸਪੋਂਡੈਂਟਸ ਡਿਨਰ ਦੌਰਾਨ ਗੋਲੀਬਾਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੋਲ਼ੀਆਂ ਚਲਣ ਵਰਗੀਆਂ ਆਵਾਜ਼ਾਂ ਆਉਣ 'ਤੇ ਡਿਨਰ ਵਿੱਚ ਆਏ ਮਹਿਮਾਨ ਮੇਜ਼ਾਂ ਦੇ ਹੇਠਾਂ ਲੁੱਕ ਗਏ

ਟਰੰਪ ਅਤੇ ਹੋਰ ਅਧਿਕਾਰੀਆਂ ਦੇ ਬਾਹਰ ਜਾਣ ਤੋਂ ਬਾਅਦ, ਕਾਊਂਟਰ ਅਸਾਲਟ ਟੀਮ (ਸੀਏਟੀ) ਦੇ ਹਥਿਆਰਬੰਦ ਏਜੰਟ ਮੰਚ 'ਤੇ ਖੜ੍ਹੇ ਨਜ਼ਰ ਆਏ, ਜਿਨ੍ਹਾਂ ਦੇ ਹੱਥਾਂ ਵਿੱਚ ਲੰਬੀਆਂ ਬੰਦੂਕਾਂ ਸਨ ਅਤੇ ਉਹ ਕਮਰੇ ਦੇ ਅੰਦਰਲੇ ਹਿੱਸੇ ਵੱਲ ਨਿਸ਼ਾਨਾ ਲਗਾਏ ਹੋਏ ਸਨ।

ਸੀਬੀਐਸ ਦੀ ਰਿਪੋਰਟ ਮੁਤਾਬਕ, ਘਟਨਾ ਤੋਂ ਕੁਝ ਹੀ ਦੇਰ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਇੱਕ ਹੋਰ ਮਹਿਮਾਨ ਨੂੰ ਤੇਜ਼ੀ ਨਾਲ ਕਮਰੇ ਦੇ ਅੱਗਲੇ ਹਿੱਸੇ ਵੱਲ ਲਿਜਾਣਾ ਸ਼ੁਰੂ ਕਰ ਦਿੱਤਾ। ਮਹਿਮਾਨ ਜ਼ਮੀਨ 'ਤੇ ਝੁਕਿਆ ਹੋਇਆ ਸੀ ਅਤੇ ਸੁਰੱਖਿਆ ਕਰਮਚਾਰੀ ਮੇਜ਼ਾਂ ਅਤੇ ਖਾਲੀ ਕੁਰਸੀਆਂ ਨੂੰ ਪਾਰ ਕਰਦੇ ਹੋਏ ਉਸਨੂੰ ਲੈਕੇ ਜਾ ਰਹੇ ਸਨ।

ਕੈਟ ਨੇ ਬੈਰੀਕੇਡ ਨੂੰ ਹਟਾਇਆ ਅਤੇ ਉਸ ਮਹਿਮਾਨ ਨੂੰ ਤੇਜ਼ੀ ਨਾਲ ਬਾਹਰ ਕੱਢ ਲਿਆ।

ਹਾਲੀਆ ਸਮੇਂ ਵਿੱਚ, ਜਾਂ ਸ਼ਾਇਦ ਹੁਣ ਤੱਕ ਦੇ ਇਤਿਹਾਸ ਵਿੱਚ ਡਿਨਰ ਦੌਰਾਨ ਸੁਰੱਖਿਆ ਵਿੱਚ ਸੇਂਧ ਲੱਗਣ ਦੀ ਇਹ ਪਹਿਲੀ ਘਟਨਾ ਹੈ। ਇਹ ਪਹਿਲੀ ਵਾਰ ਸੀ ਜਦੋਂ ਟਰੰਪ ਨੇ ਮੌਜੂਦਾ ਰਾਸ਼ਟਰਪਤੀ ਵਜੋਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।

ਮੌਕੇ 'ਤੇ ਮੌਜੂਦ ਇੱਕ ਪੱਤਰਕਾਰ ਨੇ ਕੀ ਦੱਸਿਆ

ਵ੍ਹਾਈਟ ਹਾਊਸ ਕੋਰਸਪੋਂਡੈਂਟਸ ਡਿਨਰ ਦੌਰਾਨ ਗੋਲੀਬਾਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੱਤਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਸੀਕ੍ਰੇਟ ਸਰਵਿਸ ਦੇ ਏਜੰਟਾਂ ਨੇ ਬੰਦੂਕਾਂ ਤਾਣੀਆਂ ਹੋਈਆਂ ਹਨ

ਵ੍ਹਾਈਟ ਹਾਊਸ ਪੂਲ (ਮੀਡੀਆ ਸਮੂਹ) ਦਾ ਕਹਿਣਾ ਹੈ ਕਿ ਅਮਰੀਕੀ ਸੀਕ੍ਰੇਟ ਸਰਵਿਸ ਨੇ ਉਨ੍ਹਾਂ ਨੂੰ ਰੋਕਿਆ ਹੋਇਆ ਹੈ, ਪਰ ਉਨ੍ਹਾਂ ਨੇ ਏਜੰਟਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਕਥਿਤ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਰਿਪੋਰਟ ਦੇ ਅਨੁਸਾਰ, ਰਾਬਰਟ ਕੇਨੇਡੀ ਜੂਨੀਅਰ ਨੂੰ ਲੰਗੜਾਉਂਦੇ ਹੋਏ ਵੇਖਿਆ ਗਿਆ ਅਤੇ ਜੀਨੀਨ ਪਿਰੋ ਨੂੰ ਪੂਲ ਦੇ ਕੋਲੋਂ ਲੰਘਾਇਆ ਗਿਆ।

ਪੱਤਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਸੀਕ੍ਰੇਟ ਸਰਵਿਸ ਦੇ ਏਜੰਟਾਂ ਨੇ ਬੰਦੂਕਾਂ ਤਾਣੀਆਂ ਹੋਈਆਂ ਹਨ ਅਤੇ ਪੂਲ ਨੂੰ ਤੇਜ਼ੀ ਨਾਲ ਕਮਰੇ ਤੋਂ ਬਾਹਰ ਕੱਢ ਲਿਆ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ ਗਿਆ, ਜਦਕਿ ਏਜੰਟ ਉੱਚੀ ਆਵਾਜ਼ ਵਿੱਚ ਚੀਕ ਰਹੇ ਸਨ, "ਗੋਲੀਆਂ ਚੱਲੀਆਂ ਹਨ!"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)