ਵੈੱਬ ਸੀਰੀਜ਼ 'ਲਾਰੈਂਸ ਆਫ਼ ਪੰਜਾਬ' ਬਾਰੇ ਕੀ ਵਿਵਾਦ? ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਉਂ ਜਤਾਇਆ ਇਤਰਾਜ਼

ਤਸਵੀਰ ਸਰੋਤ, zee5
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 6 ਮਿੰਟ
"ਕਹਾਂ ਯਹਾਂ ਪੇ ਕਲਚਰ ਥਾ ਕ ਭਗਤ ਸਿੰਘ ਹੀਰੋ ਹੋਤੇ ਥੇ, ਔਰ ਕਹਾਂ ਅਭ ਲਾਰੈਂਸ ਬਿਸ਼ਨੋਈ ਹੀਰੋ ਹੈ।"
ਇਹ ਡਾਇਲੌਗ ਜ਼ੀ ਫਾਈਵ ਨਾਮ ਦੇ ਸਟ੍ਰੀਮਿੰਗ ਪਲੈਟਫਾਰਮ 'ਤੇ ਪ੍ਰਸਾਰਿਤ ਹੋਣ ਜਾ ਰਹੀ ਡਾਕੂਮੈਂਟਰੀ ਸੀਰੀਜ਼ 'ਲਾਰੈਂਸ ਆਫ਼ ਪੰਜਾਬ' ਦੇ ਟਰੇਲਰ ਵਿੱਚ ਬੋਲਿਆ ਗਿਆ ਹੈ।
'ਲਾਰੈਂਸ ਆਫ਼ ਪੰਜਾਬ' ਸੀਰੀਜ਼ ਵਿੱਚ ਉਪਰੋਕਤ ਡਾਇਲੌਗ ਪੰਜਾਬ ਬਾਰੇ ਹੈ।
'ਲਾਰੈਂਸ ਆਫ਼ ਪੰਜਾਬ' 27 ਅਪ੍ਰੈਲ ਨੂੰ ਓਟੀਟੀ ਪਲੇਟਫਾਰਮ ਜ਼ੀ ਫਾਈਵ ਉੱਤੇ ਰਿਲੀਜ਼ ਹੋਣ ਜਾ ਰਹੀ ਹੈ।
ਟਰੇਲਰ ਤੋਂ ਲੱਗ ਰਿਹਾ ਹੈ ਕਿ ਇਹ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਨਾਮਜ਼ਦ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਉਸ ਦੇ ਅਪਰਾਧਿਕ ਗਰੁੱਪ ਦੇ ਉਭਾਰ ਉੱਤੇ ਆਧਾਰਿਤ ਕਹਾਣੀ ਨੂੰ ਦਰਸਾਉਂਦੀ ਸੀਰੀਜ਼ ਹੈ।
ਸਟੂਡੈਂਟ ਪਾਲਿਟਿਕਸ ਤੋਂ ਅਪਰਾਧਕ ਜਗਤ ਵਿੱਚ ਦਾਖ਼ਲ ਹੋਇਆ ਲਾਰੈਂਸ ਬਿਸ਼ਨੋਈ ਭਾਰਤ ਵਿੱਚ ਸਾਲ 2015 ਤੋਂ ਜੇਲ੍ਹ ਵਿੱਚ ਹੈ।
ਉਹ ਫਿਲਹਾਲ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹਨ, ਦਰਜਨਾਂ ਅਪਰਾਧਕ ਮਾਮਲਿਆਂ ਦੇ ਨਾਲ-ਨਾਲ ਲਾਰੈਂਸ ਬਿਸ਼ਨੋਈ ਗੈਂਗ ਉੱਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਲਜ਼ਾਮ ਵੀ ਹਨ।
ਜ਼ੀ ਫਾਈਵ ਇੱਕ ਪ੍ਰਮੁੱਖ ਭਾਰਤੀ ਓਟੀਟੀ ਪਲੇਟਫਾਰਮ ਹੈ ਜਿਸਦੀ ਮਲਕੀਅਤ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼ ਕੋਲ ਹੈ।
ਸੀਰੀਜ਼ ਦੇ ਨਿਰਦੇਸ਼ਕ ਰਾਘਵ ਡਾਰ ਹਨ ਅਤੇ ਇਸਨੂੰ ਰੀਵਰਲੈਂਡ ਐਂਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਪਰ ਸੀਰੀਜ਼ ਦੇ ਟਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਪੰਜਾਬ ਦੇ ਕਈ ਰਾਜਨੀਤਕ ਆਗੂਆਂ ਨੇ ਇਸ ਸੀਰੀਜ਼ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ।
ਹਾਲਾਂਕਿ ਬੀਬੀਸੀ ਪੰਜਾਬੀ ਵੱਲੋਂ ਜ਼ੀ ਫਾਈਵ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਲਈ ਰਾਬਤਾ ਕਾਇਮ ਕੀਤਾ ਗਿਆ ਹੈ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ।
ਸੀਰੀਜ਼ ਦੇ ਟਰੇਲਰ ਵਿੱਚ ਬੋਲੇ ਗਏ ਡਾਇਲਾਗ ਅਤੇ ਗੀਤ
ਯੂਟਿਊਬ 'ਤੇ ਪ੍ਰਸਾਰਿਤ ਹੋਏ ਲਾਰੈਂਸ ਆਫ਼ ਪੰਜਾਬ ਸੀਰੀਜ਼ ਦਾ ਟਰੇਲਰ ਦੋ ਮਿੰਟ ਅਤੇ 13 ਸਕਿੰਟ ਦਾ ਹੈ।
ਟਰੇਲਰ ਦੇ ਸ਼ੁਰੂਆਤ ਵਿੱਚ ਪੰਜਾਬ ਵਿੱਚ ਖਾੜਕੂ ਲਹਿਰ ਦੇ ਸਮੇਂ ਬਾਰੇ ਗੱਲ ਕੀਤੀ ਗਈ ਹੈ ਜਿਸ ਦੌਰਾਨ ਡਾਇਲਾਗ ਬੋਲਿਆ ਗਿਆ ਹੈ ਕਿ "ਹਰ ਕਿਸੇ ਨੂੰ ਅਪਨੇ ਘਰ ਮੇਂ ਖਾਨੇ ਕੋ ਰੋਟੀ ਹੈ ਜਾਂ ਨਹੀਂ ਹੈ ਪਰ ਵੈਪਨ (ਹਥਿਆਰ) ਚਾਹੀਦੇ।"
ਸੀਰੀਜ਼ ਵਿੱਚ ਲਾਰੈਂਸ ਗਰੁੱਪ ਬਾਰੇ ਜਾਣਕਾਰੀ ਦਿੰਦੇ ਇੱਕ ਸਖਸ਼ ਦਾ ਡਾਇਲੌਗ ਹੈ, "ਲਾਰੈਂਸ ਬਿਸ਼ਨੋਈ ਗੈਂਗ ਦੀ ਇੱਕ ਖ਼ਾਸੀਅਤ ਹੈ ਕਿ ਉਹ ਇੱਕ ਕੰਪਨੀ ਦੀ ਤਰ੍ਹਾਂ ਇਸਨੂੰ ਚਲਾਉਂਦੇ ਹਨ।"
ਟਰੇਲਰ ਵਿੱਚ ਜਦੋਂ ਲਾਰੈਂਸ ਬਿਸ਼ਨੋਈ ਨੂੰ ਦਿਖਾਉਂਦੇ ਦ੍ਰਿਸ਼ ਚਲ ਰਹੇ ਹਨ ਉਦੋਂ ਪਿੱਛੇ ਸੰਗੀਤਕ ਧੁਨ ਵਿੱਚ ਗਾਣਾ ਚਲਦਾ ਹੈ ਜਿਸਦੇ ਬੋਲ ਹਨ 'ਕਾਲੀ ਜ਼ਿੰਦਗੀ ਤੇ ਕਾਲੇ ਕਾਰੋਬਾਰ ਸਾਡੇ'।
ਟਰੇਲਰ ਦੇ ਆਖਰੀ ਸਮੇਂ ਵਿੱਚ ਪੰਜਾਬ ਦੇ ਸਾਬਕਾ ਐੱਮਪੀ ਅਤੇ ਸੂਫੀ ਗਾਇਕ ਹੰਸ ਰਾਜ ਹੰਸ ਦਾ ਡਾਇਲੌਗ ਹੈ 'ਪੰਜਾਬ ਦੀ ਫਿਜ਼ਾ ਉਦਾਸ ਹੈ'।
ਟਰੇਲਰ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਨੂੰ ਵੀ ਹੂਬਹੂ ਦਿਖਾਇਆ ਗਿਆ ਹੈ।
ਰਾਜਾ ਵੜਿੰਗ ਨੇ ਸੀਰੀਜ਼ ਬੈਨ ਕਰਨ ਦੀ ਮੰਗ ਕੀਤੀ

ਤਸਵੀਰ ਸਰੋਤ, Reuters
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਸੀਰੀਜ਼ ਨੂੰ ਬੈਨ ਕਰਨ ਦੀ ਮੰਗ ਕਰਦਿਆਂ ਜ਼ੀ ਫਾਈਵ ਦੇ ਨਾਮਜ਼ਦ ਸ਼ਿਕਾਇਤ ਅਧਿਕਾਰੀ ਅਕਸ਼ਿਆ ਜੋਸ਼ੀ ਨੂੰ ਸ਼ਿਕਾਇਤ ਦੀ ਕਾਪੀ ਵੀ ਭੇਜੀ ਹੈ।
ਰਾਜਾ ਵੜਿੰਗ ਵੱਲੋਂ ਭੇਜੀ ਸ਼ਿਕਾਇਤ ਦੀ ਕਾਪੀ ਵਿੱਚ ਲਿਖਿਆ ਹੈ , "ਆਈਟੀ ਨਿਯਮਾਂ, 2021 ਦੀ ਉਲੰਘਣਾ ਅਤੇ ਜਨਤਕ ਵਿਵਸਥਾ ਲਈ ਖਤਰੇ ਦੇ ਕਾਰਨ "ਲਾਰੈਂਸ ਆਫ਼ ਪੰਜਾਬ" ਸਿਰਲੇਖ ਵਾਲੀ ਵੈੱਬ ਸੀਰੀਜ਼ ਦੀ ਰਿਲੀਜ਼ ਨੂੰ ਤੁਰੰਤ ਮੁਅੱਤਲ ਜਾਂ ਮੁਲਤਵੀ ਕੀਤਾ ਜਾਵੇ।"
ਰਾਜਾ ਵੜਿੰਗ ਨੇ ਅੱਗੇ ਲਿਖਿਆ ਹੈ, "ਮੈਨੂੰ ਪ੍ਰਚਾਰ ਸਮੱਗਰੀ ਅਤੇ ਭਰੋਸੇਯੋਗ ਜਨਤਕ ਸਰੋਤਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਉਕਤ ਲੜੀ ਕਥਿਤ ਤੌਰ 'ਤੇ ਸੰਗਠਿਤ ਅਪਰਾਧਿਕ ਨੈਟਵਰਕਾਂ ਵਿੱਚ ਸ਼ਾਮਲ ਇੱਕ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਗਤੀਵਿਧੀਆਂ 'ਤੇ ਅਧਾਰਤ ਹੈ, ਜਿਸ ਵਿਰੁੱਧ ਸਮਰੱਥ ਅਦਾਲਤਾਂ ਵਿੱਚ ਕਈ ਗੰਭੀਰ ਅਪਰਾਧਿਕ ਕਾਰਵਾਈਆਂ ਵਿਚਾਰ ਅਧੀਨ ਹਨ।"
ਰਾਜਾ ਵੜਿੰਗ ਨੇ ਜ਼ੀ ਫਾਈਵ ਵੈੱਬ ਪੇਜ 'ਤੇ ਵੈੱਬ ਸੀਰੀਜ਼ ਬਾਰੇ ਦਿੱਤੇ ਗਏ ਵੇਰਵੇ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਵੜਿੰਗ ਨੇ ਲਿਖਿਆ "ਵੈੱਬ ਸੀਰੀਜ਼ ਦਾ ਵਰਣਨ ਖੁਦ ਦਰਸਾਉਂਦਾ ਹੈ ਕਿ ਇਹ ਇੱਕ ਗੈਂਗਸਟਰ ਦੇ ਜੀਵਨ ਦੀ ਵਡਿਆਈ ਕਰੇਗਾ ਜੋ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਬਰਾਬਰ ਹੋਵੇਗਾ।"
ਰਾਜਾ ਵੜਿੰਗ ਨੇ ਕਿਹਾ, "ਇਹ ਸੀਰੀਜ਼ ਗੈਂਗਸਟਰਾਂ ਨੂੰ ਗਲੋਰੀਫਾਈ ਕਰਦੀ ਹੈ ਅਤੇ ਪੀੜਤਾਂ (ਜਿਵੇਂ ਮੂਸੇਵਾਲਾ ਪਰਿਵਾਰ) ਦੀ ਭਾਵਨਾਵਾਂ ਨਾਲ ਖਿਲਵਾੜ ਕਰਦੀ ਹੈ। ਇਸ ਲਈ ਇਸਨੂੰ ਬੈਨ ਕੀਤਾ ਜਾਣਾ ਚਾਹੀਦਾ ਹੈ। ਵੜਿੰਗ ਨੇ ਨਾਲ ਇਸ ਸੀਰੀਜ਼ ਖਿਲਾਫ ਹਾਈ ਕੋਰਟ ਵਿੱਚ ਪਬਲਿਕ ਇੰਟਰੈਸਟ ਲਿਟੀਗੇਸ਼ਨ ਦਾਖਲ ਕਰਨ ਦਾ ਐਲਾਨ ਵੀ ਕੀਤਾ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਤਾਇਆ ਇਤਰਾਜ਼

ਤਸਵੀਰ ਸਰੋਤ, Getty Images
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੰਗਲਵਾਰ ਨੂੰ ਮਾਨਸਾ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਇਸ ਸੀਰੀਜ਼ 'ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਉਨ੍ਹਾਂ ਕਿਹਾ, "ਇਸ ਸੀਰੀਜ਼ ਦਾ ਨਾਮ ਹੀ ਗਲਤ ਹੈ, ਲਾਰੈਂਸ ਕੋਈ ਨੈਸ਼ਨਲ ਐਵਾਰਡੀ ਜਾਂ ਹੀਰੋ ਨਹੀਂ, ਜੇ ਉਹ ਹੀਰੋ ਹੈ ਤਾਂ ਉਸ ਨੂੰ ਜੇਲ੍ਹ ਵਿੱਚ ਕਿਉਂ ਰੱਖਿਆ ਗਿਆ ਹੈ ?"
ਉਨ੍ਹਾਂ ਸਰਕਾਰ 'ਤੇ ਵੀ ਸਵਾਲ ਚੁੱਕਿਆ ਕਿ ਇਸ ਤਰ੍ਹਾਂ ਦੀਆਂ ਡਾਕੂਮੈਂਟਰੀਆਂ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ।

ਭਾਜਪਾ ਅਤੇ ਅਕਾਲੀ ਦਲ ਨੇ ਕੀਤਾ ਵਿਰੋਧ
ਪੰਜਾਬ ਭਾਜਪਾ ਦੇ ਆਗੂ ਫਤਿਹਜੰਗ ਬਾਜਵਾ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ। ਉਹਨਾਂ ਨੇ ਕਿਹਾ, "ਨੌਜਵਾਨ ਆਪਣਾ ਰੋਲ ਮਾਡਲ ਕਿਸਨੂੰ ਬਣਾਉਣ ਇੱਕ ਗੈਂਗਸਟਰ ਨੂੰ ਜਾਂ ਭਗਤ ਸਿੰਘ ਤੇ ਰਾਜਗੁਰੂ ਨੂੰ ਬਣਾਉਣ। ਮੈਂ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਕਰੜੇ ਕਦਮ ਲਓ ਤੇ ਇਸ ਤਰ੍ਹਾਂ ਦੀਆਂ ਸੀਰੀਜ਼ ਨੂੰ ਰੋਕੋ।"
ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਇਸ ਸੀਰੀਜ਼ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਪੰਜਾਬ ਦੇ ਖਿਲਾਫ ਗਿਣੀ ਮਿਥੀ ਸਾਜਿਸ਼ ਤਹਿਤ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਦੇ ਨੌਜਵਾਨ ਗੈਂਗਸਟਰ ਹਨ ਇਸ ਲਈ ਇਸ ਸੀਰੀਜ਼ ਨੂੰ ਤੁਰੰਤ ਬੈਨ ਕੀਤਾ ਜਾਣਾ ਚਾਹੀਦਾ ਹੈ।
ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਕੁਲਬੀਰ ਸਿੰਘ ਆਸ਼ੂ ਅੰਬਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਨੇ ਪੰਜਾਬ ਬਾਰਡਰ ਰੇਂਜ ਦੇ ਡੀਆਈਜੀ ਨੂੰ ਲਿਖਤੀ ਸ਼ਿਕਾਇਤ ਕਰਕੇ ਸੀਰੀਜ਼ ਬਣਾਉਣ ਵਾਲੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸੀਰੀਜ਼ ਦਾ ਹਿੱਸਾ ਬਣੇ ਲੋਕਾਂ ਨੇ ਕੀ ਕਿਹਾ?

ਤਸਵੀਰ ਸਰੋਤ, Getty Images
ਲਾਰੈਂਸ ਆਫ਼ ਪੰਜਾਬ ਸੀਰੀਜ਼ ਦੇ ਟਰੇਲਰ ਦਾ ਹਿੱਸੇ ਬਣੇ ਪੰਜਾਬ ਦੇ ਨਿਊਜ਼ ਚੈੱਨਲ ਦੇ ਮੈਨੇਜਿੰਗ ਐਡੀਟਰ ਨੀਤਿਕਾ ਮਹੇਸ਼ਵਰੀ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ, "ਇਹ ਸੀਰੀਜ਼ ਬੈਨ ਹੋਣੀ ਚਾਹੀਦੀ ਹੈ ਜਾਂ ਨਹੀਂ ਇਸ ਬਾਰੇ ਮੈਂ ਫਿਲਹਾਲ ਕੁਝ ਨਹੀਂ ਕਹਿ ਸਕਦੀ।"
"ਸੀਰੀਜ਼ ਦੀ ਕਹਾਣੀ ਕੀ ਹੈ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਸੀਰੀਜ਼ ਦੀ ਟੀਮ ਨੇ ਮੇਰੇ ਤੋਂ ਇੰਟਰਵਿਊ ਵਿੱਚ ਪੰਜਾਬ, ਗੈਂਗਵਾਦ ਅਤੇ ਹੋਰ ਅਪਰਾਧਿਕ ਘਟਨਾਵਾਂ ਬਾਰੇ ਜਾਣਕਾਰੀ ਮੰਗੀ ਸੀ ਜੋ ਮੈਂ ਉਹਨਾਂ ਨਾਲ ਸਾਂਝੀ ਕੀਤੀ। ਇਸ ਸੀਰੀਜ਼ ਵਿੱਚ ਮੇਰਾ ਸਹਿਯੋਗ ਏਨਾ ਹੀ ਸੀ।"
ਪੰਜਾਬ ਪੁਲਿਸ ਦੇ ਸਾਬਕਾ ਏਡੀਜੀਪੀ ਅਤੇ ਮੌਜੂਦਾ ਕਾਂਗਰਸੀ ਆਗੂ ਗੁਰਿੰਦਰ ਸਿੰਘ ਢਿੱਲੋਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਲਾਰੈਂਸ ਆਫ਼ ਪੰਜਾਬ ਟੀਮ ਵੱਲੋਂ ਉਹਨਾਂ ਨਾਲ ਵੀ ਇੰਟਰਵਿਊ ਕੀਤਾ ਗਿਆ।
ਉਹ ਕਹਿੰਦੇ ਹਨ, "ਮੈਂ ਟਰੇਲਰ ਵਿੱਚ ਨਹੀਂ ਹਾਂ, ਸੀਰੀਜ਼ ਵਿੱਚ ਹੋਵਾਂਗਾ ਜਾਂ ਨਹੀਂ ਇਹ ਵੀ ਨਹੀਂ ਪਤਾ। ਟੀਮ ਨੇ ਮੇਰੇ ਨਾਲ ਸੰਪਰਕ ਕਰਕੇ ਕੈਮਰੇ ਉੱਤੇ ਪੰਜਾਬ ਪੁਲਿਸ ਦਾ ਸਾਬਕਾ ਅਧਿਕਾਰੀ ਹੋਣ ਦੇ ਨਾਤੇ ਮੇਰੇ ਨਾਲ ਇੰਟਰਵਿਊ ਕੀਤਾ ਸੀ। ਸੀਰੀਜ਼ ਦੀ ਕਹਾਣੀ ਕੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮੈਂ ਇੱਕ ਸਾਬਕਾ ਪੁਲਿਸ ਅਧਿਕਾਰੀ ਹੋਣ ਦੇ ਨਾਤੇ ਉਹਨਾਂ ਨੂੰ ਪੰਜਾਬ ਵਿੱਚ ਵੱਧ ਰਹੇ ਗੈਂਗਟਰਵਾਦ ਅਤੇ ਅਪਰਾਧਿਕ ਗਤੀਵਿਧੀਆਂ ਦੀ ਜੜ ਅਤੇ ਹੱਲ ਬਾਰੇ ਜਾਣਕਾਰੀ ਦਿੱਤੀ।"
ਹਾਲਾਂਕਿ ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸੀਰੀਜ਼ ਨੂੰ ਬੈਨ ਕਰਨ ਦੀ ਮੰਗ 'ਤੇ ਬੋਲਦਿਆਂ ਕਿਹਾ ਕਿ ਕਈ ਵਾਰ ਸੀਰੀਜ਼ ਜਾਂ ਫਿਲਮ ਦਾ ਟਰੇਲਰ ਅਸਲ ਸੀਰੀਜ਼ ਤੋਂ ਵੱਖ ਹੁੰਦਾ ਹੈ। ਇਸ ਲਈ ਸੀਰੀਜ਼ ਨੂੰ ਪੂਰਾ ਦੇਖੇ ਬਿਨ੍ਹਾ ਉਹ ਕੁਝ ਨਹੀਂ ਕਹਿ ਸਕਦੇ।
ਬੀਬੀਸੀ ਪੰਜਾਬੀ ਨੇ ਲਾਰੈਂਸ ਆਫ਼ ਪੰਜਾਬ ਸੀਰੀਜ਼ ਦੇ ਨਿਰਦੇਸ਼ਕ ਰਾਘਵ ਡਾਰ ਅਤੇ ਰੀਵਰਲੈਂਡ ਐਂਟਰਟੇਨਮੈਂਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਜਵਾਬ ਆਉਣ ਮਗਰੋਂ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































