ਜਦੋਂ ਚੀਨ ਦੇ ਹੋਟਲ ਵਿੱਚ ਬਣਾਏ ਇੱਕ ਜੋੜੇ ਦੇ ਨਿੱਜੀ ਸਬੰਧ 'ਸਪਾਈ-ਕੈਮ ਰਾਹੀਂ' ਹਜ਼ਾਰਾਂ ਲੋਕਾਂ ਨੂੰ ਦਿਖਾ ਦਿੱਤੇ ਗਏ

ਚੀਨ ਵਿੱਚ ਪੋਰਨ ਬਣਾਉਣਾ ਅਤੇ ਵੇਚਣਾ ਗੈਰਕਾਨੂੰਨੀ ਹੈ
ਤਸਵੀਰ ਕੈਪਸ਼ਨ, ਚੀਨ ਵਿੱਚ ਪੋਰਨ ਬਣਾਉਣਾ ਅਤੇ ਵੇਚਣਾ ਗੈਰਕਾਨੂੰਨੀ ਹੈ
    • ਲੇਖਕ, ਵਾਨਚਿੰਗ ਜ਼ਾਂਗ
    • ਰੋਲ, ਬੀਬੀਸੀ ਗਲੋਬਲ ਚਾਈਨਾ ਯੂਨਿਟ ਅਤੇ ਆਈ ਇਨਵੈਸਟੀਗੇਸ਼ਨਜ਼
  • ਪੜ੍ਹਨ ਦਾ ਸਮਾਂ: 9 ਮਿੰਟ

ਸਾਲ 2023 ਦੀ ਇੱਕ ਰਾਤ, ਐਰਿਕ ਇੱਕ ਸੋਸ਼ਲ ਮੀਡੀਆ ਚੈਨਲ ਸਕ੍ਰੋਲ ਕਰ ਰਹੇ ਸਨ, ਜਿਸਨੂੰ ਉਹ ਨਿਯਮਿਤ ਤੌਰ 'ਤੇ ਪੋਰਨ ਦੇਖਣ ਲਈ ਵਰਤਦੇ ਸਨ। ਉਹ ਇੱਕ ਵੀਡੀਓ ਦੇਖ ਰਹੇ ਸਨ ਅਤੇ ਕੁਝ ਹੀ ਸਕਿੰਟਾਂ ਬਾਅਦ ਉਨ੍ਹਾਂ ਨੇ ਕੁਝ ਅਜਿਹਾ ਦੇਖਿਆ ਕਿ ਉਨ੍ਹਾਂ ਦੇ ਹੱਥ-ਪੈਰ ਸੁੰਨ ਪੈ ਗਏ।

ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਜਿਸ ਜੋੜੇ ਨੂੰ ਕਮਰੇ ਵਿੱਚ ਦਾਖਲ ਹੁੰਦੇ, ਬੈਗ ਰੱਖਦੇ, ਅਤੇ ਬਾਅਦ ਵਿੱਚ ਜਿਸਮਾਨੀ ਸਬੰਧ ਬਣਾਉਂਦੇ ਹੋਏ ਦੇਖ ਰਹੇ ਸਨ, ਉਹ ਕੋਈ ਹੋਰ ਨਹੀਂ ਸਗੋਂ ਖੁਦ ਐਰਿਕ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਸਨ।

ਇਸ ਘਟਨਾ ਤੋਂ ਤਿੰਨ ਹਫ਼ਤੇ ਪਹਿਲਾਂ ਐਰਿਕ ਨੇ ਦੱਖਣੀ ਚੀਨ ਦੇ ਸ਼ੇਨਜ਼ੇਨ ਦੇ ਇੱਕ ਹੋਟਲ ਵਿੱਚ ਰਾਤ ਗੁਜ਼ਾਰੀ ਸੀ, ਪਰ ਉਸ ਵੇਲੇ ਉਹ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਸਨ ਕਿ ਉਸ ਕਮਰੇ ਵਿੱਚ ਉਹ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਇੱਕਲੇ ਨਹੀਂ ਸਨ।

ਉਨ੍ਹਾਂ ਦੇ ਸਭ ਤੋਂ ਨਿੱਜੀ ਪਲ ਹੋਟਲ ਦੇ ਕਮਰੇ ਵਿੱਚ ਲੁਕਾਏ ਗਏ ਕੈਮਰੇ 'ਚ ਕੈਦ ਕਰ ਲਏ ਗਏ ਸਨ ਅਤੇ ਇਹ ਫੁਟੇਜ ਉਸੇ ਚੈਨਲ ਉੱਤੇ ਲਾਗ ਇਨ ਕਰਨ ਵਾਲੇ ਹਜ਼ਾਰਾਂ ਅਜਨਬੀ ਲੋਕਾਂ ਲਈ ਪੇਸ਼ ਕਰ ਦਿੱਤੀ ਗਈ ਸੀ। ਐਰਿਕ ਖੁਦ ਵੀ ਇਸਦਾ ਇਸਤੇਮਾਲ ਪੋਰਨ ਦੇਖਣ ਲਈ ਕਰਦੇ ਸਨ।

ਐਰਿਕ (ਬਦਲਿਆ ਹੋਇਆ ਨਾਮ) ਚੀਨ ਦੇ ਸਪਾਈ-ਕੈਮ ਪੋਰਨ ਉਦਯੋਗ ਦੇ ਹੁਣ ਸਿਰਫ਼ ਉਪਭੋਗਤਾ ਨਹੀਂ ਰਹੇ ਸੀ, ਸਗੋਂ ਇੱਕ ਪੀੜਤ ਵੀ ਬਣ ਗਏ ਸੀ।

ਚੇਤਾਵਨੀ: ਇਸ ਰਿਪੋਰਟ ਵਿੱਚ ਕੁਝ ਇਤਰਾਜ਼ਯੋਗ ਭਾਸ਼ਾ ਸ਼ਾਮਲ ਹੈ।

ਚੀਨ ਵਿੱਚ ਪੋਰਨ ਬਣਾਉਣਾ ਅਤੇ ਵੇਚਣਾ ਗੈਰਕਾਨੂੰਨੀ ਹੈ ਪਰ ਇਸ ਤੱਥ ਦੇ ਬਾਵਜੂਦ ਕਥਿਤ ਸਪਾਈ-ਕੈਮ ਪੋਰਨ ਚੀਨ ਵਿੱਚ ਘੱਟੋ-ਘੱਟ ਇੱਕ ਦਹਾਕੇ ਤੋਂ ਮੌਜੂਦ ਹੈ।

ਲੇਕਿਨ ਪਿਛਲੇ ਕੁਝ ਸਾਲਾਂ ਵਿੱਚ ਇਹ ਮੁੱਦਾ ਸੋਸ਼ਲ ਮੀਡੀਆ 'ਤੇ ਲਗਾਤਾਰ ਚਰਚਾ ਦਾ ਵਿਸ਼ਾ ਬਣ ਰਿਹਾ ਹੈ, ਜਿੱਥੇ ਲੋਕ - ਖ਼ਾਸ ਕਰਕੇ ਔਰਤਾਂ - ਪੈਂਸਿਲ ਦੇ ਰਬੜ ਜਿੰਨੇ ਛੋਟੇ ਕੈਮਰੇ ਲੱਭਣ ਦੇ ਤਰੀਕਿਆਂ ਬਾਰੇ ਸੁਝਾਅ ਸਾਂਝੇ ਕਰ ਰਹੀਆਂ ਹਨ।

ਕੁਝ ਲੋਕ ਤਾਂ ਇਸ ਤਰ੍ਹਾਂ ਫਿਲਮਾਏ ਜਾਣ ਤੋਂ ਬਚਣ ਲਈ ਹੋਟਲ ਦੇ ਕਮਰਿਆਂ ਵਿੱਚ ਟੈਂਟ ਤੱਕ ਲਗਾਉਣ ਲੱਗ ਪਏ ਹਨ।

ਲੇਕਿਨ ਹੋਟਲ ਦੇ ਕਮਰੇ ਦੀ ਨਿੱਜਤਾ ਵਿੱਚ ਗੁਪਤ ਤੌਰ 'ਤੇ ਫਿਲਮਾਏ ਜਾਣ ਦਾ ਖਤਰਾ ਅਜੇ ਵੀ ਖ਼ਤਮ ਨਹੀਂ ਹੋਇਆ।

ਬੀਬੀਸੀ ਵਰਲਡ ਸਰਵਿਸ ਨੂੰ ਕਈ ਵੈੱਬਸਾਈਟਾਂ 'ਤੇ ਹਜ਼ਾਰਾਂ ਤਾਜ਼ਾ ਸਪਾਈ-ਕੈਮ ਵੀਡੀਓਜ਼ ਮਿਲੇ ਹਨ, ਜੋ ਹੋਟਲ ਦੇ ਕਮਰਿਆਂ ਵਿੱਚ ਫਿਲਮਾਏ ਗਏ ਹਨ ਅਤੇ ਪੋਰਨ ਵਜੋਂ ਵੇਚੇ ਜਾ ਰਹੇ ਹਨ।

ਇੱਕ ਡਿਜ਼ਾਇਨ ਕੀਤੀ ਗਈ ਤਸਵੀਰ ਜਿਸ ਵਿੱਚ ਇੱਕ ਸਧਾਰਨ ਹੋਟਲ ਦਾ ਕਮਰਾ, ਪਹੀਆਂ ਵਾਲਾ ਕਾਲਾ ਸੂਟਕੇਸ, ਇੱਕ ਸਟੈਂਡਰਡ ਲੈਂਪ, ਚਿੱਟੀ ਚਾਦਰ ਵਾਲਾ ਇੱਕ ਡਬਲ ਬੈੱਡ ਅਤੇ ਨੀਲੇ, ਸੁਨਹਿਰੀ ਤੇ ਕਾਲੇ-ਚਿੱਟੇ ਚੈੱਕ ਵਾਲਾ ਸਰਹਾਣਾ ਦਿਖਾਇਆ ਗਿਆ ਹੈ; ਅਤੇ ਸਭ ਤੋਂ ਉੱਪਰ ਲਾਲ ਰਿਕਾਰਡਿੰਗ ਬਿੰਦੂ ਦੇ ਨਾਲ REC ਸ਼ਬਦ ਉਕਰਿਆ ਹੋਇਆ ਹੈ।
ਤਸਵੀਰ ਕੈਪਸ਼ਨ, ਸਾਡੀ 18 ਮਹੀਨਿਆਂ ਦੀ ਜਾਂਚ ਦੌਰਾਨ ਅਸੀਂ ਏਕੇਏ ਵਰਗੇ ਕਰੀਬ ਇੱਕ ਦਰਜਨ ਏਜੰਟਾਂ ਦੀ ਪਛਾਣ ਕੀਤੀ।

ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਫਿਲਮਾਇਆ ਜਾ ਰਿਹਾ

ਇਸ ਵਿੱਚੋਂ ਬਹੁਤ ਸਾਰੀ ਸਮੱਗਰੀ ਮੈਸੇਜਿੰਗ ਅਤੇ ਸੋਸ਼ਲ ਮੀਡੀਆ ਐਪ ਟੈਲੀਗ੍ਰਾਮ ਰਾਹੀਂ ਵੰਡੀ ਜਾਂਦੀ ਹੈ। ਪਿਛਲੇ 18 ਮਹੀਨਿਆਂ ਦੌਰਾਨ, ਮੈਂ ਟੈਲੀਗ੍ਰਾਮ 'ਤੇ ਪ੍ਰਚਾਰੇ ਜਾਂਦੇ ਛੇ ਵੱਖ-ਵੱਖ ਵੈੱਬਸਾਈਟਾਂ ਅਤੇ ਐਪਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਸਭ ਨੇ ਦਾਅਵਾ ਕੀਤਾ ਕਿ ਉਹ 180 ਤੋਂ ਵੱਧ ਹੋਟਲ ਕਮਰਿਆਂ ਵਿੱਚ ਲਗੇ ਸਪਾਈ-ਕੈਮ ਚਲਾ ਰਹੇ ਹਨ, ਜੋ ਸਿਰਫ਼ ਰਿਕਾਰਡ ਨਹੀਂ ਕਰ ਰਹੇ ਸਨ ਸਗੋਂ ਹੋਟਲ ਵਿੱਚ ਆਉਣ ਵਾਲੇ ਮਹਿਮਾਨਾਂ ਦੀਆਂ ਗਤੀਵਿਧੀਆਂ ਦਾ ਸਿੱਧਾ ਪ੍ਰਸਾਰਣ ਵੀ ਕਰ ਰਹੇ ਸਨ।

ਮੈਂ ਇਨ੍ਹਾਂ ਵਿੱਚੋਂ ਇੱਕ ਵੈੱਬਸਾਈਟ ਨੂੰ ਸੱਤ ਮਹੀਨਿਆਂ ਤੱਕ ਨਿਯਮਿਤ ਤੌਰ 'ਤੇ ਮੋਨੀਟਰ ਕੀਤਾ ਅਤੇ ਦੇਖਿਆ ਕਿ 54 ਵੱਖ-ਵੱਖ ਕੈਮਰਿਆਂ ਤੋਂ ਕੰਟੈਂਟ ਕੈਪਚਰ ਕੀਤਾ ਗਿਆ ਜਿਨ੍ਹਾਂ (ਕੈਮਰਿਆਂ) ਵਿੱਚੋਂ ਲਗਭਗ ਅੱਧੇ ਕਿਸੇ-ਨਾ-ਕਿਸੇ ਸਮੇਂ ਚਾਲੂ ਰਹਿੰਦੇ ਸਨ।

ਕਮਰਿਆਂ ਦੀ ਆਮ ਬੁੱਕਿੰਗ ਦੇ ਹਿਸਾਬ ਨਾਲ, ਬੀਬੀਸੀ ਦਾ ਅੰਦਾਜ਼ਾ ਹੈ, ਇਸਦਾ ਮਤਲਬ ਹੈ ਕਿ ਉਸ ਅਰਸੇ ਦੌਰਾਨ ਹਜ਼ਾਰਾਂ ਮਹਿਮਾਨ ਫਿਲਮਾਏ ਜਾ ਸਕਦੇ ਸਨ, ਬਹੁਤੇ ਲੋਕਾਂ ਨੂੰ ਸ਼ਾਇਦ ਕਦੇ ਪਤਾ ਹੀ ਨਾ ਲੱਗੇ ਕਿ ਉਹ ਕੈਮਰੇ ਵਿੱਚ ਕੈਦ ਹੋ ਚੁੱਕੇ ਹਨ।

ਹਾਂਗਕਾਂਗ ਦੇ ਰਹਿਣ ਵਾਲੇ ਐਰਿਕ ਕਿਸ਼ੋਰ ਅਵਸਥਾ ਤੋਂ ਹੀ ਗੁਪਤ ਰੂਪ ਨਾਲ ਫਿਲਮਾਈਆਂ ਵੀਡੀਓਜ਼ ਦੇਖਣ ਲੱਗ ਪਏ ਸਨ, ਉਨ੍ਹਾਂ ਨੂੰ 'ਰਾਅ' ਫੁਟੇਜ ਖਿੱਚ ਪਾਉਂਦੀ ਸੀ।

ਐਰਿਕ ਜੋ ਹੁਣ ਆਪਣੇ 30ਵਿਆਂ ਵਿੱਚ ਹਨ, ਕਹਿੰਦੇ ਹਨ ਕਿ "ਜੋ ਗੱਲ ਮੈਨੂੰ ਖਿੱਚਦੀ ਸੀ, ਉਹ ਇਹ ਸੀ ਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਫਿਲਮਾਇਆ ਜਾ ਰਿਹਾ ਹੈ। ਮੈਨੂੰ ਰਵਾਇਤੀ ਪੋਰਨ ਬਹੁਤ ਸਟੇਜਡ, ਬਹੁਤ ਨਕਲੀ ਲੱਗਦਾ ਹੈ।"

ਲੇਕਿਨ ਹੁਣ ਜਦੋਂ ਉਨ੍ਹਾਂ ਨੇ ਆਪਣੀ ਅਤੇ ਆਪਣੀ ਗਰਲਫ੍ਰੈਂਡ "ਐਮਿਲੀ" ਦਾ ਵੀਡੀਓ ਦੇਖਿਆ ਤਾਂ ਉਨ੍ਹਾਂ ਨੂੰ ਸਮਝ ਆਇਆ ਕਿ ਸਪਲਾਈ ਚੇਨ ਦੇ ਦੂਜੇ ਸਿਰੇ 'ਤੇ ਹੋਣਾ ਕਿਹੋ-ਜਿਹਾ ਲੱਗਦਾ ਹੈ। ਹੁਣ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸਮੱਗਰੀ ਤੋਂ ਕੋਈ ਸੰਤੁਸ਼ਟੀ ਨਹੀਂ ਮਿਲਦੀ।

ਜਦੋਂ ਉਨ੍ਹਾਂ ਨੇ ਆਪਣੀ ਗਰਲਫ੍ਰੈਂਡ ਐਮਿਲੀ ਨੂੰ ਦੱਸਿਆ ਕਿ ਉਨ੍ਹਾਂ ਦੇ ਹੋਟਲ ਵਿੱਚ ਰਿਹਾਸ਼ਿ ਨੂੰ ਫਿਲਮਾਇਆ ਗਿਆ, ਇੱਕ ਘੰਟੇ ਦੀ ਕਲਿੱਪ ਵਿੱਚ ਐਡਿਟ ਕੀਤਾ ਗਿਆ ਅਤੇ ਟੈਲੀਗ੍ਰਾਮ 'ਤੇ ਅਪਲੋਡ ਕਰ ਦਿੱਤੀ ਗਈ, ਤਾਂ ਐਮਿਲੀ ਨੂੰ ਲੱਗਿਆ ਕਿ ਐਰਿਕ ਮਜ਼ਾਕ ਕਰ ਰਹੇ ਹਨ। ਪਰ ਫਿਰ ਜਦੋਂ ਉਨ੍ਹਾਂ ਨੇ ਖੁਦ ਫੁਟੇਜ ਦੇਖੀ ਤਾਂ ਉਨ੍ਹਾਂ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ।

ਐਮਿਲੀ ਡਰ ਗਏ ਸਨ ਕਿ ਇਹ ਕਲਿੱਪ ਉਨ੍ਹਾਂ ਦੇ ਸਹਿਕਰਮੀਆਂ ਅਤੇ ਪਰਿਵਾਰਕ ਵਾਲਿਆਂ ਨੇ ਵੀ ਦੇਖੀ ਹੋ ਸਕਦੀ ਹੈ। ਇਸ ਕਾਰਨ ਦੋਵਾਂ ਨੇ ਕਈ ਹਫ਼ਤੇ ਆਪਸ ਵਿੱਚ ਗੱਲ ਵੀ ਨਹੀਂ ਕੀਤੀ।

ਇਸ ਦੇ ਪਿੱਛੇ ਕੌਣ ਹੈ?

ਤਾਂ ਫਿਰ ਇਹ ਉਦਯੋਗ—ਜੋ ਅਣਭੋਲ ਜੋੜਿਆਂ ਦੇ ਨਿੱਜੀ ਪਲਾਂ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਪੈਸੇ ਦੇਣ ਵਾਲੇ ਗਾਹਕਾਂ ਲਈ ਪਰੋਸਦਾ ਹੈ—ਕਿਵੇਂ ਕੰਮ ਕਰਦਾ ਹੈ, ਅਤੇ ਇਸ ਦੇ ਪਿੱਛੇ ਕੌਣ ਹੈ?

ਮੇਰੇ ਸਾਹਮਣੇ ਆਏ ਸਪਾਈ ਕੈਮ-ਪੋਰਨ ਦੇ ਸਭ ਤੋਂ ਪ੍ਰਮੁੱਖ ਵਪਾਰੀਆਂ ਵਿੱਚੋਂ ਇੱਕ "ਏਕੇਏ" ਵਜੋਂ ਜਾਣਿਆ ਜਾਂਦਾ ਇੱਕ ਏਜੰਟ ਸੀ।

ਇੱਕ ਗਾਹਕ ਬਣ ਕੇ, ਮੈਂ ਉਸ ਦੁਆਰਾ ਪ੍ਰਚਾਰਿਤ ਲਾਈਵ-ਸਟ੍ਰੀਮਿੰਗ ਵੈੱਬਸਾਈਟਾਂ ਵਿੱਚੋਂ ਇੱਕ ਤੱਕ ਪਹੁੰਚ ਹਾਸਲ ਕਰਨ ਲਈ 450 ਯੂਆਨ (65 ਅਮਰੀਕੀ ਡਾਲਰ) ਦੀ ਮਾਸਿਕ ਫੀਸ ਅਦਾ ਕੀਤੀ।

ਇੱਕ ਵਾਰ ਲੌਗਇਨ ਕਰਨ ਤੋਂ ਬਾਅਦ, ਮੇਰੇ ਕੋਲ ਪੰਜ ਵੱਖ-ਵੱਖ ਫਿਲਮਿੰਗ ਫੀਡਸ ਵਿੱਚੋਂ ਚੁਣਨ ਦਾ ਵਿਕਲਪ ਸੀ, ਜਿਨ੍ਹਾਂ ਵਿੱਚੋਂ ਹਰ ਇੱਕ ਕਈ ਹੋਟਲ ਰੂਮ ਦਿਖਾ ਰਹੀ ਸੀ - ਜੋ ਉਦੋਂ ਹੀ ਦਿਖਾਈ ਦੇਣ ਲੱਗਦੇ ਸਨ ਜਿਵੇਂ ਹੀ ਕੋਈ ਮਹਿਮਾਨ ਆਪਣਾ ਕੀ-ਕਾਰਡ ਲਗਾ ਕੇ ਬਿਜਲੀ ਦੀ ਸਪਲਾਈ ਚਾਲੂ ਕਰਦਾ ਸੀ। ਲਾਈਵ-ਸਟ੍ਰੀਮ ਨੂੰ ਸ਼ੁਰੂ ਤੋਂ ਪਿੱਛੇ ਕਰਕੇ ਦੇਖਿਆ ਜਾ ਸਕਦਾ ਸੀ ਅਤੇ ਪੁਰਾਣੀਆਂ ਕਲਿੱਪਾਂ ਨੂੰ ਡਾਊਨਲੋਡ ਕਰਨਾ ਵੀ ਸੰਭਵ ਸੀ।

ਬੀਬੀਸੀ (BBC) ਨੇ ਜਿਸ ਲਾਈਵ ਸਟ੍ਰੀਮ ਨੂੰ ਸਬਸਕ੍ਰਾਈਬ ਕੀਤਾ ਹੈ, ਉਸ ਵਿੱਚ ਹੋਟਲ ਦੇ ਦੋ ਵੱਖ-ਵੱਖ ਕਮਰੇ ਦਿਖਾਈ ਦੇ ਰਹੇ ਹਨ
ਤਸਵੀਰ ਕੈਪਸ਼ਨ, ਬੀਬੀਸੀ ਨੇ ਜਿਸ ਲਾਈਵ ਸਟ੍ਰੀਮ ਨੂੰ ਸਬਸਕ੍ਰਾਈਬ ਕੀਤਾ ਹੈ, ਉਸ ਵਿੱਚ ਹੋਟਲ ਦੇ ਦੋ ਵੱਖ-ਵੱਖ ਕਮਰੇ ਦਿਖਾਈ ਦੇ ਰਹੇ ਹਨ

ਟੈਲੀਗ੍ਰਾਮ, ਹਾਲਾਂਕਿ ਚੀਨ ਵਿੱਚ ਪਾਬੰਦੀਸ਼ੁਦਾ ਹੈ ਪਰ ਆਮ ਤੌਰ 'ਤੇ ਨਾਜਾਇਜ਼ ਗਤੀਵਿਧੀਆਂ ਲਈ ਵਰਤਿਆ ਜਾਂਦਾ ਹੈ, ਉੱਤੇ ਏਕੇਏ ਨੇ ਇਨ੍ਹਾਂ ਲਾਈਵ-ਸਟ੍ਰੀਮਾਂ ਦਾ ਵਿਗਿਆਪਨ ਦਿੱਤਾ। ਸਾਡੀ ਜਾਂਚ ਦੌਰਾਨ ਇੱਕ ਟੈਲੀਗ੍ਰਾਮ ਚੈਨਲ ਦੇ 10,000 ਦੇ ਕਰੀਬ ਮੈਂਬਰ ਸਨ।

ਉਸ ਦੀਆਂ ਐਡਿਟ ਕੀਤੀਆਂ ਲਾਈਵ-ਸਟ੍ਰੀਮ ਕਲਿੱਪਾਂ ਦੀਆਂ ਲਾਇਬ੍ਰੇਰੀਆਂ ਵੀ ਟੈਲੀਗ੍ਰਾਮ 'ਤੇ ਇੱਕ ਨਿਸ਼ਚਿਤ ਫੀਸ 'ਤੇ ਉਪਲਬਧ ਹਨ। ਮੈਂ ਆਰਕਾਈਵ ਵਿੱਚ 6,000 ਤੋਂ ਵੱਧ ਵੀਡੀਓ ਦੇਖ ਸਕਦਾ ਸੀ, ਜੋ 2017 ਤੱਕ ਪੁਰਾਣੇ ਸਨ।

ਏਕੇਏ ਦੇ ਸਬਸਕ੍ਰਾਈਬਰ ਟੈਲੀਗ੍ਰਾਮ ਦੇ ਚੈਨਲ ਫੰਕਸ਼ਨ ਵਿੱਚ ਟਿੱਪਣੀਆਂ ਕਰਦੇ ਹਨ ਜਦੋਂ ਉਹ ਅਨਜਾਣ ਹੋਟਲ ਮਹਿਮਾਨਾਂ ਨੂੰ ਦੇਖਦੇ ਹਨ - ਉਨ੍ਹਾਂ ਦੀ ਦਿੱਖ ਬਾਰੇ ਫੈਸਲੇ ਸੁਣਾਉਂਦੇ ਹਨ, ਉਨ੍ਹਾਂ ਦੀਆਂ ਗੱਲਾਂਬਾਤਾਂ ਬਾਰੇ ਗੱਪਾਂ ਮਾਰਦੇ ਹਨ, ਅਤੇ ਉਨ੍ਹਾਂ ਦੇ ਜਿਨਸੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਦੇ ਹਨ।

ਜਦੋਂ ਕੋਈ ਜੋੜਾ ਸੈਕਸ ਕਰਨਾ ਸ਼ੁਰੂ ਕਰਦਾ ਹੈ ਤਾਂ ਉਹ ਜਸ਼ਨ ਮਨਾਉਂਦੇ ਹਨ - ਅਤੇ ਜੇ ਉਹ ਲਾਈਟਾਂ ਬੰਦ ਕਰ ਦਿੰਦੇ ਹਨ, ਜਿਸ ਨਾਲ ਹਨੇਰਾ ਹੋ ਜਾਂਦਾ ਹੈ, ਤਾਂ ਉਹ ਸ਼ਿਕਾਇਤ ਕਰਦੇ ਹਨ। ਔਰਤਾਂ ਲਈ ਅਕਸਰ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਅਸੀਂ ਸਬਸਕ੍ਰਾਈਬਰਾਂ, ਸੋਸ਼ਲ ਮੀਡੀਆ ਗਾਹਕਾਂ ਅਤੇ ਆਪਣੀ ਖੋਜ ਤੋਂ ਕਈ ਸੁਰਾਗ ਇਕੱਠੇ ਕਰਕੇ ਮੱਧ ਚੀਨ ਦੇ ਝੇਂਗਝੂ ਦੇ ਇੱਕ ਹੋਟਲ ਦੇ ਕਮਰੇ ਵਿੱਚ ਲੱਗੇ ਇੱਕ ਸਪਾਈ-ਕੈਮ ਦਾ ਪਤਾ ਕਰਨ ਵਿੱਚ ਕਾਮਯਾਬ ਹੋਏ।

ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਖੋਜੀ ਉਸ ਕਮਰੇ ਤੱਕ ਪਹੁੰਚਣ ਵਿੱਚ ਸਫਲ ਰਹੇ, ਅਤੇ ਉਨ੍ਹਾਂ ਨੇ ਕੈਮਰਾ ਲੱਭ ਲਿਆ - ਜਿਸਦਾ ਲੈਂਸ ਬੈੱਡ ਵੱਲ ਸੀ - ਜੋ ਕੰਧ ਦੇ ਵੈਂਟੀਲੇਸ਼ਨ ਯੂਨਿਟ ਵਿੱਚ ਲੁਕਾਇਆ ਹੋਇਆ ਸੀ ਅਤੇ ਇਮਾਰਤ ਦੀ ਬਿਜਲੀ ਸਪਲਾਈ ਨਾਲ ਜੁੜਿਆ ਹੋਇਆ ਸੀ।

ਬਲੂ ਲੀ ਦਾ ਕੋਟ

ਇੱਕ ਲੁਕਵੇਂ ਕੈਮਰੇ ਦਾ ਪਤਾ ਲਾਉਣ ਵਾਲਾ ਉਪਕਰਨ, ਜੋ ਹੋਟਲ ਦੇ ਮਹਿਮਾਨਾਂ ਲਈ "ਜ਼ਰੂਰੀ" ਵਜੋਂ ਆਨਲਾਈਨ ਵਿਆਪਕ ਤੌਰ 'ਤੇ ਵੇਚਿਆ ਜਾਂਦਾ ਹੈ, ਨੇ ਇਸ ਜਸੂਸੀ ਬਾਰੇ ਕੋਈ ਚੇਤਾਵਨੀ ਨਹੀਂ ਦਿੱਤੀ।

ਟੀਮ ਨੇ ਗੁਪਤ ਕੈਮਰੇ ਨੂੰ ਬੰਦ ਕਰ ਦਿੱਤਾ, ਅਤੇ ਇਹ ਖ਼ਬਰ ਟੈਲੀਗ੍ਰਾਮ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਈ।

"ਜ਼ੋਂਗਹੁਆ [ਕੈਮਰੇ ਦਾ ਨਾਮ] ਹਟਾ ਦਿੱਤਾ ਗਿਆ ਹੈ!" ਇੱਕ ਸਬਸਕ੍ਰਾਈਬਰ ਨੇ ਏਕੇਏ ਦੁਆਰਾ ਚਲਾਏ ਜਾ ਰਹੇ ਮੁੱਖ ਚੈਨਲ 'ਤੇ ਲਿਖਿਆ।

"ਇਹ ਬਹੁਤ ਅਫਸੋਸ ਦੀ ਗੱਲ ਹੈ; ਉਸ ਕਮਰੇ ਦੀ ਆਵਾਜ਼ ਦੀ ਕੁਆਲਿਟੀ ਸਭ ਤੋਂ ਵਧੀਆ ਸੀ!" ਏਕੇਏ ਨੇ ਚੈਟ ਵਿੱਚ ਜਵਾਬ ਦਿੱਤਾ।

ਇਹ ਸ਼ਿਕਾਇਤਾਂ ਜਸ਼ਨ ਵਿੱਚ ਬਦਲ ਗਈਆਂ ਜਦੋਂ, ਕੁਝ ਹੀ ਘੰਟਿਆਂ ਵਿੱਚ, ਏਕੇਏ ਨੇ ਪੋਸਟ ਕੀਤਾ ਕਿ ਇੱਕ ਵੱਖਰੇ ਹੋਟਲ ਵਿੱਚ ਇੱਕ ਹੋਰ ਕੈਮਰਾ ਚਾਲੂ ਕਰ ਦਿੱਤਾ ਗਿਆ ਹੈ।

"ਇਹ ਰਫ਼ਤਾਰ ਹੈ... [ਸਾਡੇ ਲਾਈਵ-ਸਟ੍ਰੀਮਿੰਗ ਪਲੇਟਫਾਰਮ ਦੀ]," ਏਕੇਏ ਨੇ ਆਪਣੇ ਸਬਸਕ੍ਰਾਈਬਰਾਂ ਨੂੰ ਕਿਹਾ। "ਪ੍ਰਭਾਵਸ਼ਾਲੀ ਹੈ ਨਾ?"

ਲੰਮੀ ਜਾਂਚ ਤੇ ਨਤੀਜੇ

ਸਾਡੀ 18 ਮਹੀਨਿਆਂ ਦੀ ਜਾਂਚ ਦੌਰਾਨ ਅਸੀਂ ਏਕੇਏ ਵਰਗੇ ਕਰੀਬ ਇੱਕ ਦਰਜਨ ਏਜੰਟਾਂ ਦੀ ਪਛਾਣ ਕੀਤੀ।

ਸਬਸਕ੍ਰਾਈਬਰਾਂ ਨਾਲ ਉਨ੍ਹਾਂ ਦੀ ਗੱਲਬਾਤ ਤੋਂ ਇਹ ਸਪੱਸ਼ਟ ਹੋ ਗਿਆ ਕਿ ਉਹ ਸਪਲਾਈ ਚੇਨ ਵਿੱਚ ਉੱਚ ਪੱਧਰ 'ਤੇ ਬੈਠੇ ਦੂਜੇ ਲੋਕਾਂ ਲਈ ਕੰਮ ਕਰ ਰਹੇ ਸਨ, ਜਿਨ੍ਹਾਂ ਨੂੰ ਉਹ "ਕੈਮਰਾ ਮਾਲਕ" ਕਹਿੰਦੇ ਸਨ। ਏਜੰਟਾਂ ਦੀਆਂ ਟਿੱਪਣੀਆਂ ਤੋਂ ਸੰਕੇਤ ਮਿਲਦਾ ਹੈ ਕਿ ਇਹ ਲੋਕ ਸਪਾਈ-ਕੈਮ ਲਗਾਉਣ ਦਾ ਪ੍ਰਬੰਧ ਕਰਦੇ ਸਨ ਅਤੇ ਲਾਈਵ-ਸਟ੍ਰੀਮਿੰਗ ਪਲੇਟਫਾਰਮਾਂ ਦਾ ਪ੍ਰਬੰਧਨ ਕਰਦੇ ਸਨ।

ਏਕੇਏ ਨਾਲ ਸਾਡੀ ਸਿੱਧੀ ਗੱਲਬਾਤ ਦੌਰਾਨ, ਉਸਨੇ ਗਲਤੀ ਨਾਲ ਕਿਸੇ ਦੇ ਸੰਦੇਸ਼ ਦਾ ਸਕ੍ਰੀਨਸ਼ੌਟ ਸਾਂਝਾ ਕਰ ਦਿੱਤਾ ਜਿਸਨੂੰ ਉਸਨੇ "ਕੈਮਰਾ ਮਾਲਕ" ਕਿਹਾ ਸੀ, ਜਿਸਦਾ ਪ੍ਰੋਫਾਈਲ ਨਾਮ "ਬ੍ਰਦਰ ਚੁਨ" ਸੀ।

ਏਕੇਏ ਨੇ ਤੁਰੰਤ ਸੁਨੇਹਾ ਡਿਲੀਟ ਕਰ ਦਿੱਤਾ ਅਤੇ ਇਸ 'ਤੇ ਇਸ ਬਾਰੇ ਹੋਰ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਅਸੀਂ "ਬ੍ਰਦਰ ਚੁਨ" ਨਾਲ ਸਿੱਧਾ ਸੰਪਰਕ ਕਰਨ ਵਿੱਚ ਕਾਮਯਾਬ ਹੋ ਗਏ। ਸਾਡੇ ਕੋਲ ਇਸ ਗੱਲ ਦੇ ਸਬੂਤ ਹੋਣ ਦੇ ਬਾਵਜੂਦ ਕਿ ਉਸਨੇ ਏਕੇਏ ਨੂੰ ਲਾਈਵ-ਸਟ੍ਰੀਮਿੰਗ ਵੈੱਬਸਾਈਟ ਮੁਹੱਈਆ ਕਰਵਾਈ ਸੀ, ਬ੍ਰਦਰ ਚੁਨ ਨੇ ਦਾਅਵਾ ਕੀਤਾ ਕਿ ਉਹ ਸਿਰਫ਼ ਇੱਕ ਹੋਰ ਸੇਲਜ਼ ਏਜੰਟ ਸੀ, ਹਾਲਾਂਕਿ ਲਗਦਾ ਹੈ ਕਿ ਉਸਨੇ ਇਹ ਮੰਨ ਲਿਆ ਸੀ ਕਿ ਸਪਲਾਈ ਚੇਨ ਉਸ ਵਰਗੇ ਲੋਕਾਂ ਤੋਂ ਵੀ ਅੱਗੇ ਤੱਕ ਫੈਲੀ ਹੋਈ ਹੈ।

ਇਹ ਸਪੱਸ਼ਟ ਹੈ ਕਿ ਇਸ ਵਿੱਚ ਮੋਟੀ ਕਮਾਈ ਕੀਤੀ ਜਾ ਰਹੀ ਹੈ। ਚੈਨਲ ਮੈਂਬਰਸ਼ਿਪ ਅਤੇ ਸਬਸਕ੍ਰਿਪਸ਼ਨ ਫੀਸਾਂ ਦੇ ਆਧਾਰ 'ਤੇ, ਬੀਬੀਸੀ ਦਾ ਅੰਦਾਜ਼ਾ ਹੈ ਕਿ ਪਿਛਲੇ ਅਪ੍ਰੈਲ ਤੋਂ ਹੁਣ ਤੱਕ ਇਕੱਲੇ ਏਕੇਏ ਨੇ ਘੱਟੋ-ਘੱਟ 1,63,200 ਯੂਆਨ (22,000 ਅਮਰੀਕੀ ਡਾਲਰ) ਦੀ ਕਮਾਈ ਕੀਤੀ ਹੈ। ਜਦਕਿ, ਚੀਨ ਦੇ ਅੰਕੜਾ ਬਿਊਰੋ ਦੇ ਅਨੁਸਾਰ ਪਿਛਲੇ ਸਾਲ ਚੀਨ ਵਿੱਚ ਔਸਤ ਸਾਲਾਨਾ ਆਮਦਨ 43,377 ਯੂਆਨ (6,200 ਅਮਰੀਕੀ ਡਾਲਰ) ਸੀ।

ਐਰਿਕ ਅਤੇ ਐਮਿਲੀ ਦੀ ਪਿੱਛੇ ਤੋਂ ਲਈ ਗਈ ਇੱਕ ਤਸਵੀਰ - ਦੋਵਾਂ ਨੇ ਹਲਕੇ ਰੰਗ ਦੀਆਂ ਟੋਪੀਆਂ ਅਤੇ ਚਿੱਟੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਹਨ। ਉਹ ਪਾਣੀ ਦੇ ਪਾਰ ਸ਼ਹਿਰ ਦੀਆਂ ਇਮਾਰਤਾਂ (ਦਿਸਹੱਦੇ) ਵੱਲ ਦੇਖ ਰਹੇ ਹਨ।
ਤਸਵੀਰ ਕੈਪਸ਼ਨ, ਐਰਿਕ ਅਤੇ ਐਮਿਲੀ ਹੁਣ ਪਛਾਣੇ ਜਾਣ ਦੇ ਡਰ ਤੋਂ ਕਦੇ ਵੀ ਟੋਪੀ ਪਾਏ ਬਿਨਾਂ ਬਾਹਰ ਨਹੀਂ ਜਾਂਦੇ।

ਚੀਨ ਵਿੱਚ ਸਪਾਈ-ਕੈਮ ਵੇਚਣ ਅਤੇ ਵਰਤਣ ਦੇ ਸਖ਼ਤ ਨਿਯਮ ਹਨ, ਪਰ ਸਾਨੂੰ ਦੇਸ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕਸ ਮਾਰਕੀਟ ਹੁਆਕਿਆਂਗਬੇਈ ਵਿੱਚ ਇਸ ਨੂੰ ਖਰੀਦਣਾ ਕਾਫ਼ੀ ਸੌਖਾ ਲੱਗਿਆ।

ਸਪਾਈ-ਕੈਮ ਪੋਰਨ ਦੇ ਮਾਮਲਿਆਂ ਵਿੱਚ ਕਿੰਨੇ ਲੋਕਾਂ ਨੂੰ ਅਦਾਲਤਾਂ ਵਿੱਚ ਪੇਸ਼ ਕੀਤਾ ਗਿਆ ਹੈ, ਇਸ ਬਾਰੇ ਸਹੀ ਅੰਕੜੇ ਲੱਭਣੇ ਔਖੇ ਹਨ। ਚੀਨ ਦੇ ਅਧਿਕਾਰੀਆਂ ਨੇ ਹਾਲ ਹੀ ਦੇ ਸਾਲਾਂ ਵਿੱਚ ਕਾਨੂੰਨੀ ਕੇਸਾਂ ਦੇ ਬਹੁਤ ਘੱਟ ਵੇਰਵੇ ਸਾਂਝੇ ਕੀਤੇ ਹਨ, ਪਰ ਜੋ ਕੇਸ ਸਾਨੂੰ ਮਿਲੇ ਹਨ ਉਹ ਪੂਰੇ ਚੀਨ ਵਿੱਚ ਫੈਲੇ ਹੋਏ ਹਨ - ਉੱਤਰ ਵਿੱਚ ਜਿਲਿਨ ਸੂਬੇ ਤੋਂ ਲੈ ਕੇ ਦੂਰ ਦੱਖਣ ਵਿੱਚ ਗੁਆਂਗਡੋਂਗ ਤੱਕ।

ਹਾਂਗਕਾਂਗ ਸਥਿਤ ਰੇਨਲਿਲੀ ਨਾਮਕ ਇੱਕ ਗੈਰ ਸਰਕਾਰੀ ਸੰਗਠਨ ਦੀ ਬਲੂ ਲੀ—ਜੋ ਪੀੜਤਾਂ ਦੀ ਗੁਪਤ ਰੂਪ ਵਿੱਚ ਫਿਲਮਾਈ ਗਈ ਅਸ਼ਲੀਲ ਫੁਟੇਜ ਇੰਟਰਨੈਟ ਤੋਂ ਹਟਾਉਣ ਵਿੱਚ ਮਦਦ ਕਰਦੀ ਹੈ—ਕਹਿੰਦੀ ਹੈ ਕਿ ਉਸਦੇ ਸਮੂਹ ਦੀਆਂ ਸੇਵਾਵਾਂ ਦੀ ਮੰਗ ਵਧ ਰਹੀ ਹੈ, ਪਰ ਇਹ ਕੰਮ ਹੋਰ ਵੀ ਮੁਸ਼ਕਲ ਸਾਬਤ ਹੋ ਰਿਹਾ ਹੈ।

ਉਹ ਕਹਿੰਦੀ ਹੈ ਕਿ ਟੈਲੀਗ੍ਰਾਮ ਕਦੇ ਵੀ ਰੇਨਲਿਲੀ ਦੀਆਂ ਫੁਟੇਜ ਹਟਾਉਣ ਦੀਆਂ ਬੇਨਤੀਆਂ ਦਾ ਜਵਾਬ ਨਹੀਂ ਦਿੰਦਾ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰੀ ਵੱਸ ਗਰੁੱਪ ਐਡਮਿਨਿਸਟ੍ਰੇਟਰਾਂ ਨਾਲ ਸੰਪਰਕ ਕਰਨਾ ਪੈਂਦਾ ਹੈ - ਉਹੀ ਲੋਕ ਜੋ ਸਪਾਈ-ਕੈਮ ਪੋਰਨੋਗ੍ਰਾਫੀ ਵੇਚ ਰਹੇ ਜਾਂ ਸਾਂਝੀ ਕਰ ਰਹੇ ਹਨ - ਜਿਨ੍ਹਾਂ ਕੋਲ ਜਵਾਬ ਦੇਣ ਦਾ ਕੋਈ ਕਾਰਨ ਨਹੀਂ ਹੁੰਦਾ।

ਬਲੂ ਲੀ ਕਹਿੰਦੀ ਹੈ, "ਸਾਡਾ ਮੰਨਣਾ ਹੈ ਕਿ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਤਕਨੀਕੀ ਕੰਪਨੀਆਂ ਦੀ ਵੱਡੀ ਜ਼ਿੰਮੇਵਾਰੀ ਹੈ। ਕਿਉਂਕਿ ਇਹ ਕੰਪਨੀਆਂ ਨਿਰਪੱਖ ਪਲੇਟਫਾਰਮ ਨਹੀਂ ਹਨ; ਉਨ੍ਹਾਂ ਦੀਆਂ ਨੀਤੀਆਂ ਹੀ ਤੈਅ ਕਰਦੀਆਂ ਹਨ ਕਿ ਸਮੱਗਰੀ ਕਿਵੇਂ ਫੈਲੇਗੀ।"

ਬੀਬੀਸੀ ਨੇ ਖੁਦ ਟੈਲੀਗ੍ਰਾਮ ਨੂੰ ਇਸਦੇ ਰਿਪੋਰਟ ਫੰਕਸ਼ਨ ਰਾਹੀਂ ਦੱਸਿਆ ਕਿ ਏਕੇਏ ਅਤੇ ਬ੍ਰਦਰ ਚੁਨ - ਅਤੇ ਉਨ੍ਹਾਂ ਦੁਆਰਾ ਚਲਾਏ ਜਾਂਦੇ ਗਰੁੱਪ - ਇਸਦੇ ਪਲੇਟਫਾਰਮਾਂ ਰਾਹੀਂ ਸਪਾਈ-ਕੈਮ ਪੋਰਨ ਸਾਂਝਾ ਕਰ ਰਹੇ ਸਨ, ਪਰ ਇਸਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਕੋਈ ਕਾਰਵਾਈ ਕੀਤੀ।

ਦਸ ਦਿਨਾਂ ਬਾਅਦ ਬੀਬੀਸੀ ਦੀ ਪੂਰੀ ਜਾਂਚ ਦੇ ਨਤੀਜਿਆਂ ਨਾਲ ਦੁਬਾਰਾ ਸੰਪਰਕ ਕੀਤੇ ਜਾਣ 'ਤੇ, ਟੈਲੀਗ੍ਰਾਮ ਨੇ ਸਾਨੂੰ ਦੱਸਿਆ: "ਗੈਰ-ਸਹਿਮਤੀ ਵਾਲੀ ਪੋਰਨੋਗ੍ਰਾਫੀ ਸਾਂਝੀ ਕਰਨਾ ਟੈਲੀਗ੍ਰਾਮ ਦੀਆਂ ਸੇਵਾ ਦੀਆਂ ਸ਼ਰਤਾਂ ਦੁਆਰਾ ਸਪੱਸ਼ਟ ਤੌਰ 'ਤੇ ਮਨ੍ਹਾ ਹੈ" ਅਤੇ "ਇਹ ਸਰਗਰਮੀ ਨਾਲ ਨਿਗਰਾਨੀ ਕਰਦਾ ਹੈ... ਅਤੇ ਹਰ ਦਿਨ ਲੱਖਾਂ ਹਾਨੀਕਾਰਕ ਸਮੱਗਰੀ ਨੂੰ ਹਟਾਉਣ ਲਈ [ਅਣਉਚਿਤ ਸਮੱਗਰੀ ਦੀਆਂ] ਰਿਪੋਰਟਾਂ ਸਵੀਕਾਰ ਕਰਦਾ ਹੈ"।

ਅਸੀਂ ਬ੍ਰਦਰ ਚੁਨ ਅਤੇ ਏਕੇਏ ਨੂੰ ਰਸਮੀ ਤੌਰ 'ਤੇ ਆਪਣੀ ਜਾਂਚ ਦੇ ਨਤੀਜੇ ਦੱਸੇ ਕਿ ਉਹ ਅਣਭੋਲ ਹੋਟਲ ਮਹਿਮਾਨਾਂ ਦਾ ਸ਼ੋਸ਼ਣ ਕਰਕੇ ਮੁਨਾਫਾ ਕਮਾ ਰਹੇ ਸਨ। ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ, ਪਰ ਕੁਝ ਹੀ ਘੰਟਿਆਂ ਬਾਅਦ ਉਹ ਟੈਲੀਗ੍ਰਾਮ ਖਾਤੇ ਜਿਨ੍ਹਾਂ ਦੀ ਵਰਤੋਂ ਉਹ ਸਮੱਗਰੀ ਦੇ ਵਿਗਿਆਪਨ ਲਈ ਕਰਦੇ ਸਨ, ਡਿਲੀਟ ਕੀਤੇ ਗਏ ਜਾਪਦੇ ਸਨ। ਹਾਲਾਂਕਿ, ਜਿਸ ਵੈੱਬਸਾਈਟ ਦੀ ਪਹੁੰਚ ਏਕੇਏ ਨੇ ਮੈਨੂੰ ਵੇਚੀ ਸੀ, ਉਹ ਅਜੇ ਵੀ ਹੋਟਲ ਦੇ ਮਹਿਮਾਨਾਂ ਦਾ ਸਿੱਧਾ-ਪ੍ਰਸਾਰਣ ਕਰ ਰਹੀ ਹੈ।

ਐਰਿਕ ਅਤੇ ਐਮਿਲੀ ਆਪਣੇ ਅਨੁਭਵ ਤੋਂ ਅਜੇ ਵੀ ਸਦਮੇ ਵਿੱਚ ਹਨ। ਉਹ ਜਨਤਕ ਥਾਵਾਂ 'ਤੇ ਹਮੇਸ਼ਾ ਟੋਪੀਆਂ ਪਾ ਕੇ ਨਿਕਲਦੇ ਹਨ ਤਾਂ ਜੋ ਕੋਈ ਉਨ੍ਹਾਂ ਨੂੰ ਪਛਾਣ ਨਾ ਸਕੇ ਅਤੇ ਹੋਟਲਾਂ ਵਿੱਚ ਰਹਿਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਐਰਿਕ ਨੇ ਕਿਹਾ ਕਿ ਉਹ ਹੁਣ ਪੋਰਨ ਦੇਖਣ ਲਈ ਇਨ੍ਹਾਂ ਟੈਲੀਗ੍ਰਾਮ ਚੈਨਲਾਂ ਦੀ ਵਰਤੋਂ ਨਹੀਂ ਕਰਦੇ, ਪਰ ਫਿਰ ਵੀ ਕਦੇ-ਕਦਾਈਂ ਉਨ੍ਹਾਂ ਨੂੰ ਚੈੱਕ ਕਰਦੇ ਹਨ - ਇਸ ਡਰ ਨਾਲ ਕਿ ਕਿਤੇ ਉਹ ਕਲਿੱਪ ਦੁਬਾਰਾ ਸਾਹਮਣੇ ਨਾ ਆ ਜਾਵੇ।

ਕੇਟ ਬ੍ਰਾਊਨ, ਬ੍ਰਿਜੇਟ ਵਿੰਗ ਅਤੇ ਮੇਂਗਯੂ ਡੋਂਗ ਦੀ ਰਿਪੋਰਟਿੰਗ ਸਹਾਇਤਾ ਦੇ ਨਾਲ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)