ਯੂਕਰੇਨ ਰੂਸ ਜੰਗ: ਰੂਸ ਨੇ ਕਿਹਾ ਕੀਵ ਵਿੱਚ ਜੰਗੀ ਕਾਰਵਾਈਆਂ 'ਘਟਾਈਆਂ ਜਾਣਗੀਆਂ'

ਯੂਕਰੇਨ - ਰੂਸ ਵਿਚਾਲੇ ਕਈ ਦਿਨਾਂ ਤੋਂ ਜੰਗ ਜਾਰੀ ਹੈ ਤੇ ਉਸੇ ਵਿਚਾਲੇ ਦੋਹਾਂ ਦੇਸਾਂ ਵਿੱਚ ਗੱਲਬਾਤ ਵੀ ਚੱਲ ਰਹੀ ਹੈ।

ਲਾਈਵ ਕਵਰੇਜ

  1. ਸਾਡੇ ਨਾਲ ਜੁੜਨ ਲਈ ਧੰਨਵਾਦ

    ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਖ਼ਤਮ ਕਰ ਰਹੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। ਇਹ ਸੀ ਅੱਜ ਦਾ ਮੁੱਖ ਘਟਨਾਕ੍ਰਮ:-

    • ਰੂਸ ਦੇ ਉਪ ਰੱਖਿਆ ਮੰਤਰੀ ਅਲੈਗਜ਼ੈਂਡਰ ਫੋਮਿਨ ਨੇ ਕਿਹਾ ਹੈ ਕਿ ਰੂਸ "ਆਪਸੀ ਵਿਸ਼ਵਾਸ ਨੂੰ ਹੁਲਾਰਾ ਦੇਣ ਲਈ ਕੀਵ ਅਤੇ ਚੇਰਨੀਹੀਵ ਖੇਤਰਾਂ ਵਿੱਚ ਜੰਗੀ ਕਾਰਵਾਈਆਂ ਨੂੰ ਘੱਟ ਕਰੇਗਾ।"
    • ਰੂਸ ਦੀ ਸਰਕਾਰ ਨੇ ਰੂਸੀ ਅਰਬਪਤੀ ਰੋਮਨ ਅਬਰਾਮੋਵਿਚ ਨੂੰ ਜ਼ਹਿਰ ਦਿੱਤੇ ਜਾਣ ਨਾਲ ਜੁੜੀਆਂ ਖ਼ਬਰਾਂ ਨੂੰ ‘ਇਨਫਾਰਮੇਸ਼ਨ ਵਾਰ’ ਦਾ ਹਿੱਸਾ ਦੱਸਿਆ ਹੈ।
    • ਯੂਕਰੇਨ ਵਿੱਚ ਬੱਚਿਆਂ ਨੂੰ ਯੁੱਧ ਦੇ ਸਾਇਰਨਾਂ ਸਬੰਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
    • ਰੂਸ ਦੀਆਂ ਫ਼ੌਜਾਂ ਨੇ ਖਾਰਕੀਵ ਨਜ਼ਦੀਕ ਮਿਜ਼ਾਈਲ ਨਾਲ ਹਮਲੇ ਕੀਤੇ ਹਨ। ਯੂਕਰੇਨ ਵੱਲੋਂ ਕੀਤੇ ਦਾਅਵਿਆਂ ਮੁਤਾਬਕ ਇਨ੍ਹਾਂ ਹਮਲਿਆਂ ਕਾਰਨ ਕਈ ਘਰ ਤਬਾਹ ਹੋਏ ਹਨ।
  2. ਰੂਸ-ਯੂਕਰੇਨ ਜੰਗ: 'ਗੱਲਬਾਤ ਦੇ ਸਿੱਟੇ ਸਾਰਥਕ ਜਾਪਦੇ ਹਨ'

    ਰੂਸ-ਯੂਕਰੇਨ

    ਤਸਵੀਰ ਸਰੋਤ, Reuters

    ਬੀਬੀਸੀ ਮੱਧ ਪੂਰਬ ਪੱਤਰਕਾਰ ਟੌਮ ਬੇਟਮੈਨ ਦੀ ਰਿਪੋਰਟ ਮੁਤਾਬਕ, ਤੁਰਕੀ ਦੇ ਇਸਤਾਂਬੁਲ ਵਿੱਚ ਹੋਈ ਰੂਸ ਅਤੇ ਯੂਕਰੇਨ ਵਿਚਾਲੇ ਗੱਲਬਾਤ ਉਮੀਦ ਤੋਂ ਇਕ ਘੰਟਾ ਪਹਿਲਾਂ ਹੀ ਮੁੱਕ ਗਈ।

    ਯੂਕਰੇਨ ਦੇ ਕੁਝ ਵਫ਼ਦ ਮੀਡੀਆ ਨਾਲ ਗੱਲ ਕਰਨ ਲਈ ਸਾਹਮਣੇ ਆਏ। ਉਸ ਸਮੇਂ ਇਹ ਮਹਿਸੂਸ ਹੋਇਆ ਕਿ ਹੋਰ ਵੀ ਬੁਰੀ ਖ਼ਬਰ ਹੋ ਸਕਦੀ ਹੈ।

    ਪਰ ਹਮਲਾ ਸ਼ੁਰੂ ਹੋਣ ਤੋਂ ਬਾਅਦ ਇਹ ਸਭ ਤੋਂ ਮਹੱਤਵਪੂਰਨ ਕੂਟਨੀਤਕ ਪਲ ਬਣ ਗਿਆ ਹੈ।

    ਰੂਸ ਦਾ ਬਿਆਨ ਕਿ ਇਹ ਕੀਵ ਅਤੇ ਚੇਰਨੀਹੀਵ ਦੇ ਆਲੇ ਦੁਆਲੇ ਲੜਾਈ ਦੀਆਂ ਕਾਰਵਾਈਆਂ ਨੂੰ "ਬਹੁਤ ਘੱਟ" ਕਰੇਗਾ, ਇਹ ਦਰਸਾਉਂਦਾ ਹੈ ਕਿ ਇਹ ਵਿਚਾਰ-ਵਟਾਂਦਰੇ ਦੀ ਗਤੀ ਹੈ, ਹੁਣ ਇਹ ਦੇਖਣਾ ਹੋਵੇਗਾ ਕਿ ਜ਼ਮੀਨੀ ਪੱਧਰ 'ਤੇ ਕੀ ਕਾਰਵਾਈ ਹੁੰਦੀ ਹੈ।

    ਯੂਕਰੇਨ ਦੇ ਪ੍ਰਤੀਨਿਧੀ ਮੰਡਲ ਨੇ ਸਪੱਸ਼ਟ ਕੀਤਾ ਕਿ ਕਿਵੇਂ ਉਹ ਇੱਕ ਨਿਰਪੱਖ ਸਥਿਤੀ ਦੇ ਐਲਾਨ ਦੇ ਬਦਲੇ ਪੱਛਮ ਤੋਂ ਸੁਰੱਖਿਆ ਗਾਰੰਟੀ ਚਾਹੁੰਦੇ ਹਨ ਅਤੇ ਇਹ ਰੂਸ ਦੀ ਮੁੱਖ ਮੰਗ ਹੈ।

  3. ਰੂਸ ਨੇ ਕਿਹਾ ਕੀਵ ਵਿੱਚ ਜੰਗੀ ਕਾਰਵਾਈਆਂ ਘਟਾਈਆਂ ਜਾਣਗੀਆਂ

    ਰੂਸ

    ਤਸਵੀਰ ਸਰੋਤ, Getty Images

    ਰੂਸ ਦੇ ਉਪ ਰੱਖਿਆ ਮੰਤਰੀ ਅਲੈਗਜ਼ੈਂਡਰ ਫੋਮਿਨ ਨੇ ਕਿਹਾ ਹੈ ਕਿ ਰੂਸ "ਆਪਸੀ ਵਿਸ਼ਵਾਸ ਨੂੰ ਹੁਲਾਰਾ ਦੇਣ ਲਈ ਕੀਵ ਅਤੇ ਚੇਰਨੀਹੀਵ ਖੇਤਰਾਂ ਵਿੱਚ ਜੰਗੀ ਕਾਰਵਾਈਆਂ ਨੂੰ ਘੱਟ ਕਰੇਗਾ।"

    ਇਸ ਦੇ ਨਾਲ ਹੀ ਯੂਕਰੇਨ ਦੇ ਵਾਰਤਾਕਾਰਾਂ ਨੇ ਕਿਹਾ ਕਿ ਇਹ ਸੁਰੱਖਿਆ ਗਾਰੰਟੀ ਦੇ ਬਦਲੇ ਨਿਰਪੱਖ ਸਥਿਤੀ ਨੂੰ ਅਪਣਾਏਗਾ, ਮਤਲਬ ਕਿ ਇਹ ਕਿਸੇ ਵੀ ਫੌਜੀ ਗਠਜੋੜ, ਜਿਵੇਂ ਕਿ ਨਾਟੋ, ਜਾਂ ਮੇਜ਼ਬਾਨ ਫੌਜੀ ਠਿਕਾਣਿਆਂ ਵਿੱਚ ਸ਼ਾਮਲ ਨਹੀਂ ਹੋਵੇਗਾ।

    ਇਸ ਬਾਰੇ ਤੁਰਕੀ ਨੇ ਕਿਹਾ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਕਦਮ "ਸਭ ਤੋਂ ਸਾਰਥਕ " ਹਨ।

  4. ਰੂਸ ਅਤੇ ਯੂਕਰੇਨ ਵਿਚਾਲੇ ਗੱਲਬਾਤ ਦਾ ਕੀ ਸਿੱਟਾ ਰਿਹਾ

    ਤੁਰਕੀ

    ਤਸਵੀਰ ਸਰੋਤ, EPA

    ਤੁਰਕੀ ਨੇ ਕਿਹਾ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਹੋਈ ਹੁਣ ਤੱਕ ਦੀ ਗੱਲਬਾਤ ਸਾਰਥਕ ਰਹੀ।

    ਤੁਰਕੀ ਦੀ ਰਾਜਧਾਨੀ ਇਸਾਂਤਬੁਲ ਵਿੱਚ ਮੰਗਲਵਾਰ ਨੂੰ ਰੂਸ ਅਤੇ ਯੂਕਰੇਨ ਦੇ ਪ੍ਰਤੀਨਿਧੀਆਂ ਵਿਚਾਲੇ ਗੱਲਬਾਤ ਹੋਈ।

    ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਨੇ ਕਿਹਾ ਕਿ ਕੁਝ ਮੁੱਦਿਆਂ ‘ਤੇ ਦੋਵਾਂ ਦੇਸ਼ਾਂ ਵਿੱਚ ਸਮਝ ਵਿਕਸਿਤ ਹੋਈ ਹੈ ਅਤੇ ਉਹ ਇਸ ਦਾ ਸਵਾਗਤ ਕਰਦੇ ਹਨ।

    ਉਨ੍ਹਾਂ ਨੇ ਇਹ ਗੱਲ ਦੁਹਰਾਈ ਕਿ ਯੁੱਧ ਛੇਤੀ ਤੋਂ ਛੇਤੀ ਖ਼ਤਮ ਹੋਣਾ ਚਾਹੀਦਾ ਹੈ।

  5. ਰੂਸੀ ਅਰਬਪਤੀ ਨੂੰ ਜ਼ਹਿਰ ਦਿੱਤੇ ਜਾਣ ਦੀਆਂ ਖ਼ਬਰਾਂ ਨੂੰ ਦੱਸਿਆ 'ਇਨਫਾਰਮੇਸ਼ਨ ਵਾਰ’ ਦਾ ਹਿੱਸਾ

    ਅਬਰਾਮੋਵਿਚ

    ਤਸਵੀਰ ਸਰੋਤ, Getty Images

    ਰੂਸ ਦੀ ਸਰਕਾਰ ਨੇ ਰੂਸੀ ਅਰਬਪਤੀ ਰੋਮਨ, ਅਬਰਾਮੋਵਿਚ ਨੂੰ ਜ਼ਹਿਰ ਦਿੱਤੇ ਜਾਣ ਨਾਲ ਜੁੜੀਆਂ ਖ਼ਬਰਾਂ ਨੂੰ ‘ਇਨਫਾਰਮੇਸ਼ਨ ਵਾਰ’ ਦਾ ਹਿੱਸਾ ਦੱਸਿਆ ਹੈ।

    ਸਮਾਚਾਰ ਏਜੰਸੀ ਰੌਇਟਰਸ ਮੁਤਾਬਕ, ਰੂਸੀ ਸਰਕਾਰ ਨੇ ਕਿਹਾ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸ਼ਾਂਤੀ ਵਾਰਤਾ ਦੌਰਾਨ ਰੂਸੀ ਅਰਬਪਤੀ ਰੋਮਨ ਅਬਰਾਮੋਵਿਚ ਨੂੰ ਕਥਿਤ ਤੌਰ ‘ਤੇ ਜ਼ਹਿਰ ਦਿੱਤੇ ਜਾਣ ਦੀਆਂ ਖ਼ਬਰਾਂ ਦਾ ਸੱਚਾਈ ਨਾਲ ਕੋਈ ਵਾਸਤਾ ਨਹੀਂ ਹੈ।

    ਰੂਸ ਨੇ ਇਸ ਨੂੰ “ਇਨਫਾਰਮੇਸ਼ਨ ਵਾਰ” ਦਾ ਹਿੱਸਾ ਦੱਸਿਆ ਹੈ।

    ਰੂਸ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅਬਰਾਮੋਵਿਚ ਤੁਰਕੀ ਵਿੱਚ ਰੂਸੀ ਦਲ ਦੇ ਅਧਿਕਾਰਤ ਮੈਂਬਰ ਨਹੀਂ ਹਨ, ਹਾਲਾਂਕਿ, ਯੂਕਰੇਨ ਦੇ ਮੁੱਦੇ ‘ਤੇ ਵਾਰਤਾ ਦੌਰਾਨ ਮੌਕੇ ‘ਤੇ ਉਨ੍ਹਾਂ ਦੀ ਮੌਜੂਦਗੀ ਬਿਆਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

    ਦੱਸ ਦਈਏ ਕਿ ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਬੇਲਾਰੂਸ ਵਿੱਚ ਯੂਕਰੇਨ-ਰੂਸ ਵਾਰਤਾ ਵਿੱਚ ਹਿੱਸਾ ਲੈਣ ਤੋਂ ਬਾਅਦ ਪਰਤਣ ਰੂਸੀ ਅਰਬਪਤੀ ਰੋਮਨ ਅਬਰਾਮੋਵਿਚ ‘ਤੇ ਸ਼ੱਕੀ ਜ਼ਹਿਰ ਦੇ ਅਸਰ ਦੇ ਲੱਛਣ ਦਿਖਾਈ ਦਿੱਤੇ ਹਨ। ਇਹ ਜਾਣਕਾਰੀ ਉਨ੍ਹਾਂ ਨੇ ਇੱਕ ਕਰੀਬੀ ਸੂਤਰ ਨੇ ਦਿੱਤੀ ਸੀ।

  6. ਰੂਸ ਨਾਲ ਵਾਰਤਾ ਦੌਰਾਨ ਕੁਝ ਖਾਣਾ-ਪੀਣਾ ਨਹੀਂ: ਯੂਕਰੇਨੀ ਮੰਤਰੀ

    ਯੂਕਰੇਨ ਮੰਤਰੀ

    ਇਸਤਾਂਬੁਲ ਵਿੱਚ ਅੱਜ ਦੀ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ, ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਰੂਸੀ ਫੈਡਰੇਸ਼ਨ ਨਾਲ ਗੱਲਬਾਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ "ਕੁਝ ਵੀ ਨਾ ਖਾਣ ਅਤੇ ਪੀਣ ਦੀ ਸਲਾਹ ਦਿੱਤੀ, ਅਤੇ ਤਰਜੀਹੀ ਤੌਰ 'ਤੇ ਕਿਸੇ ਵੀ ਸਤਹ ਨੂੰ ਛੂਹਣ ਤੋਂ ਬਚਣ" ਦੀ ਸਲਾਹ ਦਿੱਤੀ।"

    ਉਨ੍ਹਾਂ ਨੇ ਇਸ ਬਾਰੇ ਯੂਕਰੇਨ ਦੇ ਨਿਊਜ਼ ਚੈਨਲ ਯੂਕਰੇਨੀਆ 24 'ਤੇ ਗੱਲ ਕੀਤੀ।

    ਇਹ ਚੇਤਾਵਨੀ ਇਸ ਮਹੀਨੇ ਦੇ ਸ਼ੁਰੂ ਵਿੱਚ ਯੂਕਰੇਨ-ਬੇਲਾਰੂਸ ਸਰਹੱਦ 'ਤੇ ਸ਼ਾਂਤੀ ਵਾਰਤਾ ਦੌਰਾਨ ਰੂਸੀ ਅਰਬਪਤੀ ਰੋਮਨ ਅਬਰਾਮੋਵਿਚ ਅਤੇ ਯੂਕਰੇਨੀ ਵਾਰਤਾਕਾਰਾਂ ਨੂੰ ਜ਼ਹਿਰ ਦੇਣ ਦੇ ਸ਼ੱਕ ਤੋਂ ਬਾਅਦ ਆਈ ਹੈ।

  7. ਰੂਸ-ਯੂਕਰੇਨ ਵਿਵਾਦ: ਆਪਣੇ ਤੋਂ 10 ਗੁਣਾਂ ਛੋਟੇ ਮੁਲਕ ਯੂਕਰੇਨ ਨਾਲ ਕਿਉਂ ਝਗੜ ਰਿਹਾ ਹੈ ਰੂਸ

    ਰੂਸ-ਯੂਕਰੇਨ ਵਿਵਾਦ

    ਤਸਵੀਰ ਸਰੋਤ, Reuters

    ਰੂਸ ਯੂਕਰੇਨ ਦਰਮਿਆਨ ਜਾਰੀ ਜੰਗ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਯੂਕਰੇਨ ਨਾਲ ਰੂਸ ਕਿਉਂ ਲੜ ਰਿਹਾ ਹੈ, ਸਮਝਣ ਲਈ ਪੜ੍ਹੋ ਬੀਬੀਸੀ ਦੀ ਇਹ ਰਿਪੋਰਟ

  8. ਯੂਕਰੇਨ ਵਿੱਚ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਯੁੱਧ ਦੇ ਸਾਇਰਨਾਂ ਸਬੰਧੀ ਟ੍ਰੇਨਿੰਗ

    ਬੱਚਿਆਂ ਨੇ ਇਸ ਨੂੰ ਇੱਕ ਖੇਡ ਵਾਂਗ ਲਿਆ

    ਯੂਕਰੇਨ ਉਪਰ ਹਮਲੇ ਤੋਂ ਬਾਅਦ ਸੋਮਵਾਰ ਨੂੰ ਕੁਝ ਸਕੂਲ ਪਹਿਲੀ ਵਾਰ ਖੁੱਲ੍ਹੇ ਹਨ।

    ਸੋਲੋਮੀਆ ਬੋਇਕੋਵਿਚ ਜੋ ਯੂਕਰੇਨ ਵਿੱਚ ਛੋਟੇ ਬੱਚਿਆਂ ਦੇ ਸਕੂਲ ਚਲਾਉਂਦੇ ਹਨ,ਨੇ ਬੀਬੀਸੀ ਨੂੰ ਦੱਸਿਆ ਕਿ ਇਹ ਜੰਗ ਤੋਂ ਬਾਅਦ ਉਨ੍ਹਾਂ ਨੇ ਛੋਟੇ ਬੱਚਿਆਂ ਨੂੰ ਸਾਇਰਨ ਬਾਰੇ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਹੈ।

    ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਬੱਚਿਆਂ ਨੂੰ ਪਤਾ ਹੋਵੇ ਕਿ ਸਾਇਰਨ ਵੱਜਣ 'ਤੇ ਉਨ੍ਹਾਂ ਨੇ ਕੀ ਕਰਨਾ ਹੈ।

    "ਅਸੀਂ ਇਸ ਇਸ ਦਾ ਅਭਿਆਸ ਕੀਤਾ ਹੈ। ਜਦੋਂ ਬੱਚੇ ਸ਼ਰਨ ਲੈਣ ਲਈ ਜਾ ਰਹੇ ਸਨ ਉਨ੍ਹਾਂ ਵਿਚ ਕੋਈ ਡਰਿਆ ਨਕਾਰਾਤਮਕ ਭਾਵਨਾਵਾਂ ਨਹੀਂ ਸਨ।"

    "ਬੱਚਿਆਂ ਨੇ ਇਸ ਨੂੰ ਇੱਕ ਖੇਡ ਵਾਂਗ ਲਿਆ ਅਤੇ ਉਹ ਸੈਂਟਰ ਵਿੱਚ ਜਾ ਕੇ ਵੀ ਖੇਡਣ ਲੱਗ ਗਏ।"

    ਉਨ੍ਹਾਂ ਨੇ ਅੱਗੇ ਦੱਸਿਆ ਕਿ ਜੰਗ ਕਾਰਨ ਯੂਕਰੇਨ ਵਿਚ ਬੱਚਿਆਂ ਦੀ ਪੜ੍ਹਾਈ ਬਹੁਤ ਪ੍ਰਭਾਵਿਤ ਹੋਈ ਹੈ।

    ਸੋਲੋਮੀਆ ਬੋਇਕੋਵਿਚ
  9. ਕਿਉਂ ਖਰੀਦਦਾ ਹੈ ਭਾਰਤ ਰੂਸ ਤੋਂ ਤੇਲ

    ਚੀਨ ਅਤੇ ਅਮਰੀਕਾ

    ਤਸਵੀਰ ਸਰੋਤ, Getty Images

    ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਦੁਨੀਆਂ ਵਿੱਚ ਤੇਲ ਦਾ ਸਭ ਤੋਂ ਵੱਡਾ ਖਪਤਕਾਰ ਹੈ ਅਤੇ ਭਾਰਤ ਦਾ 80% ਤੇਲ ਦਰਾਮਦ ਕਰਦਾ ਹੈ।

    ਭਾਰਤ ਨੇ 2021 ਵਿੱਚ ਰੂਸ ਤੋਂ ਇੱਕ ਕਰੋੜ ਵੀਹ ਲੱਖ ਬੈਰਲ ਤੇਲ ਬਰਾਮਦ ਕੀਤਾ ਹੈ।

    ਰੂਸ ਵੱਲੋਂ ਯੂਕਰੇਨ ਉਪਰ ਹਮਲੇ ਕਰਨ ਤੋਂ ਬਾਅਦ ਰੂਸ ਦੇ ਤੇਲ ਦੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਗਾਹਕ ਘਟ ਗਏ ਹਨ ਅਤੇ ਇਸ ਕਰਕੇ ਰੂਸ ਦੇ ਤੇਲ ਦੀ ਕੀਮਤ ਵੀ ਘਟੀ ਹੈ।

    ਰੂਸ ਉੱਪਰ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਤੋਂ ਬਾਅਦ ਭਾਰਤ ਇਨ੍ਹਾਂ ਹਾਲਾਤਾਂ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਨਵਰੀ ਅਤੇ ਫਰਵਰੀ ਵਿੱਚ ਭਾਰਤ ਨੇ ਰੂਸ ਤੋਂ ਕੋਈ ਤੇਲ ਦਰਾਮਦ ਨਹੀਂ ਕੀਤਾ ਪਰ ਉਸ ਤੋਂ ਬਾਅਦ ਸੱਠ ਲੱਖ ਬੈਰਲ ਤੇਲ ਦਾ ਆਰਡਰ ਦਿੱਤਾ ਗਿਆ ਹੈ।

    ਇਸ ਦੀ ਪੁਸ਼ਟੀ ਕੈਪਲਰ ਨੇ ਕੀਤੀ ਹੈ ਜੋ ਕਿ ਇੱਕ ਰਿਸਰਚ ਗਰੁੱਪ ਹੈ।

    ਭਾਰਤ ਸਰਕਾਰ ਦਾ ਕਹਿਣਾ ਹੈ ਕਿ ਰੂਸ ਤੋਂ ਦਰਾਮਦ ਹੋਣ ਵਾਲਾ ਤੇਲ ਭਾਰਤ ਦੀ ਜ਼ਰੂਰਤਾਂ ਇੱਕ ਛੋਟਾ ਹਿੱਸਾ ਹੈ।

    ਕੈਪਲਰ ਵਿਖੇ ਇੱਕ ਮਾਹਿਰ ਮੈਟ ਸਮਿੱਥ ਦਾ ਕਹਿਣਾ ਹੈ ਕਿ ਅਜਿਹੇ ਹਾਲਾਤਾਂ ਵਿੱਚ ਭਾਰਤ ਤੇ ਚੀਨ ਰੂਸ ਤੋਂ ਘੱਟ ਕੀਮਤਾਂ ਤੇ ਉਨ੍ਹਾਂ ਦਾ ਤੇਲ ਖ਼ਰੀਦ ਸਕਦੇ ਹਨ।

  10. ਖਾਰਕੀਵ ਵਿੱਚ ਰੂਸ ਨੇ ਕੀਤੇ ਮਿਜ਼ਾਈਲੀ ਹਮਲੇ

    ਸੋਮਵਾਰ ਨੂੰ ਰੂਸ ਦੀਆਂ ਫ਼ੌਜਾਂ ਨੇ ਖਾਰਕੀਵ ਨਜ਼ਦੀਕ ਮਿਜ਼ਾਈਲ ਨਾਲ ਹਮਲੇ ਕੀਤੇ ਹਨ।

    ਯੂਕਰੇਨ ਵੱਲੋਂ ਕੀਤੇ ਦਾਅਵਿਆਂ ਮੁਤਾਬਕ ਇਨ੍ਹਾਂ ਹਮਲਿਆਂ ਕਾਰਨ ਕਈ ਘਰ ਤਬਾਹ ਹੋਏ ਹਨ।

    ਖਾਰਕੀਵ ਦੇ ਸਥਾਨਕ ਪ੍ਰਾਸੀਕਿਊਟਰ ਦਾ ਕਹਿਣਾ ਹੈ ਕਿ ਇਸ ਹਮਲੇ ਦੌਰਾਨ ਸੱਤ ਲੋਕ ਜ਼ਖ਼ਮੀ ਵੀ ਹੋਏ ਹਨ ਅਤੇ ਇੱਕ ਨਾਗਰਿਕ ਦੀ ਮੌਤ ਹੋਈ ਹੈ।

    Kharkiv regional administration

    ਤਸਵੀਰ ਸਰੋਤ, Kharkiv regional administration

    Kharkiv regional administration

    ਤਸਵੀਰ ਸਰੋਤ, Kharkiv regional administration

  11. ਯੂਕਰੇਨ ਦਾ ਵਫ਼ਦ ਬੈਠਕ ਲਈ ਪਹੁੰਚਿਆ ਤੁਰਕੀ

    ਰੂਸ ਅਤੇ ਯੂਕਰੇਨ ਦਰਮਿਆਨ ਬੈਠਕ ਦੀ ਫਾਇਲ ਫੋਟੋ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰੂਸ ਅਤੇ ਯੂਕਰੇਨ ਦਰਮਿਆਨ ਬੈਠਕ ਦੀ ਫਾਇਲ ਫੋਟੋ

    ਰੂਸ ਅਤੇ ਯੂਕਰੇਨ ਦਰਮਿਆਨ ਜੰਗ ਜਾਰੀ ਹੈ ਅਤੇ ਇਸੇ ਵਿਚਾਲੇ ਯੂਕਰੇਨ ਦਾ ਇੱਕ ਵਫਦ ਇਸ ਸ਼ਾਂਤੀ ਵਾਰਤਾ ਲਈ ਤੁਰਕੀ ਦੇ ਇਸਤਾਂਬੁਲ ਪਹੁੰਚਿਆ ਹੈ।

    ਇਹ ਵਫ਼ਦ ਰੂਸੀ ਨੁਮਾਇੰਦਿਆਂ ਨਾਲ ਬੈਠਕ ਕਰੇਗਾ।

    ਇਸ ਵਫ਼ਦ ਦੀ ਅਗਵਾਈ ਯੂਕਰੇਨ ਦੇ ਰੱਖਿਆ ਮੰਤਰੀ ਕਰ ਰਹੇ ਹਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਮੁਖੀ ਵੀ ਮੌਜੂਦ ਹਨ।

    ਦੋਹਾਂ ਦੇਸ਼ਾਂ ਦਰਮਿਆਨ ਪਹਿਲਾਂ ਵੀ ਕਈ ਬੈਠਕਾਂ ਹੋਈਆਂ ਹਨ ਪਰ ਕੋਈ ਸਿੱਟਾ ਨਹੀਂ ਨਿਕਲਿਆ।

    ਪਿਛਲੇ ਦੋ ਹਫ਼ਤਿਆਂ ਤੋਂ ਬਾਅਦ ਇਹ ਪਹਿਲੀ ਬੈਠਕ ਹੈ। ਇਸ ਵਾਰਤਾ ਦੀ ਮੇਜ਼ਬਾਨੀ ਤੁਰਕੀ ਦੇ ਰਾਸ਼ਟਰਪਤੀ ਤਈਅਪ ਐਰਡੋਗਨ ਕਰਨਗੇ ਅਤੇ ਇਹ ਬਾਅਦ ਦੁਪਹਿਰ ਸ਼ੁਰੂ ਹੋਵੇਗੀ।

  12. ਖਾਰਕੀਵ ਦੇ ਮੈਟਰੋ ਸਟੇਸ਼ਨ ਦੀ ਸ਼ਰਨ ਵਿੱਚ ਯੂਕਰੇਨ ਨਿਵਾਸੀ-ਵੇਖੋ ਤਸਵੀਰਾਂ

    ਰੂਸ ਦੇ ਯੂਕਰੇਨ ਉੱਪਰ ਹਮਲੇ ਤੋਂ ਬਾਅਦ ਹਜ਼ਾਰਾਂ ਖਾਰਕੀਵ ਵਾਸੀਆਂ ਨੇ ਮੈਟਰੋ ਸਟੇਸ਼ਨ ਵਿੱਚ ਸ਼ਰਨ ਲਈ ਹੋਈ ਹੈ।

    ਜੰਗ ਦੀ ਸ਼ੁਰੂਆਤ ਤੋਂ ਹੀ ਲੋਕ ਮੈਟਰੋ ਸਟੇਸ਼ਨ ਵਿਖੇ ਲੁਕੇ ਹੋਏ ਹਨ।

    ਸੰਯੁਕਤ ਰਾਸ਼ਟਰ ਮੁਤਾਬਕ ਹੁਣ ਤੱਕ ਇੱਕ ਕਰੋੜ ਤੋਂ ਵੱਧ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ।

    ਖਾਰਕੀਵ

    ਤਸਵੀਰ ਸਰੋਤ, Getty Images

    ਖਾਰਕੀਵ

    ਤਸਵੀਰ ਸਰੋਤ, Getty Images

    ਖਾਰਕੀਵ

    ਤਸਵੀਰ ਸਰੋਤ, Getty Images

    ਖਾਰਕੀਵ

    ਤਸਵੀਰ ਸਰੋਤ, Getty Images

  13. ਰੂਸ-ਯੂਕਰੇਨ ਬੈਠਕ ਵਿੱਚ ਸ਼ਾਮਲ ਰੂਸੀ ਪੂੰਜੀਪਤੀ ਵਿੱਚ ਕਥਿਤ ਜ਼ਹਿਰ ਦੇ ਲੱਛਣ

    ਰੋਮਾਨ ਅਬਰਾਮੋਵਿਚ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਰੋਮਾਨ ਅਬਰਾਮੋਵਿਚ

    ਰੂਸੀ ਪੂੰਜੀਪਤੀ ਅਤੇ ਰੂਸ ਯੂਕਰੇਨ ਬੈਠਕ ਵਿੱਚ ਹਿੱਸਾ ਲੈਣ ਲੈਣ ਵਾਲੇ ਰੋਮਾਨ ਅਬਰਾਮੋਵਿਚ ਵਿੱਚ ਕਥਿਤ ਜ਼ਹਿਰ ਦੇ ਕਈ ਲੱਛਣ ਨਜ਼ਰ ਆਏ ਹਨ ।

    ਅਜਿਹੇ ਹੀ ਲੱਛਣ ਸ਼ਾਂਤੀ ਵਾਰਤਾ ਵਿੱਚ ਮੌਜੂਦ ਯੂਕਰੇਨ ਦੇ ਨੁਮਾਇੰਦਿਆਂ ਵਿੱਚ ਵੀ ਆਏ ਹਨ।

    ਯੂਕਰੇਨ ਦੇ ਰਾਸ਼ਟਰਪਤੀ ਦੀ ਉਨ੍ਹਾਂ ਨੂੰ ਮਿਲੇ ਸਨ ਪਰ ਉਨ੍ਹਾਂ ਵਿੱਚ ਅਜਿਹੇ ਕੋਈ ਲੱਛਣ ਨਹੀਂ ਹਨ।

    ਇੱਕ ਅਮਰੀਕੀ ਅਧਿਕਾਰੀ ਨੇ ਖ਼ਬਰ ਏਜੰਸੀ ਰਿਊਟਰਜ਼ ਨੂੰ ਦੱਸਿਆ ਹੈ ਕਿ ਯੂਕਰੇਨੀ ਅਤੇ ਰੂਸੀ ਨੁਮਾਇੰਦਿਆਂ ਵਿੱਚ ਇਹ ਲੱਛਣ ਜ਼ਹਿਰ ਕਰਕੇ ਨਹੀਂ ਹਨ ਸਗੋਂ ਵਾਤਾਵਰਣ ਕਰਕੇ ਹਨ।

    ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਇਹ ਖਤਰਨਾਕ ਨਹੀਂ ਹਨ।

  14. ਮਾਰੀਓਪੋਲ ਤੋਂ 1000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ

    ਮਾਰੀਓਪੋਲ

    ਤਸਵੀਰ ਸਰੋਤ, Getty Images

    ਯੂਕਰੇਨ ਦੇ ਸ਼ਹਿਰ ਮਾਰੀਓਪੋਲ ਵਿਖੇ ਲੱਖ ਤੋਂ ਵੱਧ ਲੋਕ ਫਸੇ ਹੋਏ ਹਨ ਅਤੇ ਸੋਮਵਾਰ ਨੂੰ 1000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ।

    ਇਸ ਦੀ ਪੁਸ਼ਟੀ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਉਪ ਮੁਖੀ ਨੇ ਕੀਤੀ ਹੈ। ਉਨ੍ਹਾਂ ਮੁਤਾਬਕ 1099 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ।

    ਸੋਮਵਾਰ ਨੂੰ ਅੰਤਰਰਾਸ਼ਟਰੀ ਰੈੱਡ ਕਰਾਸ ਸੰਸਥਾ ਨੇ ਵੀ ਆਖਿਆ ਸੀ ਕਿ ਲੋਕਾਂ ਨੂੰ ਸੁਰੱਖਿਅਤ ਕੱਢੇ ਜਾਣ ਲਈ ਰਾਹ ਨਹੀਂ ਦਿੱਤਾ ਜਾ ਰਿਹਾ ਅਤੇ ਉਹ ਪਾਣੀ, ਬਿਜਲੀ, ਦਵਾਈਆਂ ਦੀ ਕਮੀ ਨਾਲ ਜੂਝ ਰਹੇ ਹਨ।

  15. ਯੂਕਰੇਨ - ਰੂਸ ਜੰਗ ਬਾਰੇ ਹੁਣ ਤੱਕ ਦੇ ਅਹਿਮ ਘਟਨਾਕ੍ਰਮ

    ਤੁਰਕੀ ਵਿੱਚ ਪਹੁੰਚਿਆ ਯੂਕਰੇਨ ਦਾ ਵਫ਼ਦ

    ਤਸਵੀਰ ਸਰੋਤ, Getty Images

    ਯੂਕਰੇਨ-ਰੂਸ ਵਿਚਾਲੇ ਜੰਗਬੰਦੀ ਨੂੰ ਲੈ ਕੇ ਗੱਲਬਾਤ ਲਈ ਦੋਵੇਂ ਦੇਸਾਂ ਦੇ ਵਫ਼ਦ ਤੁਰਕੀ ਵਿੱਚ ਹਨ।

    ਯੂਕਰੇਨ ਦਾ ਕਹਿਣਾ ਹੈ ਕਿ ਗੱਲਬਾਤ ਵਿੱਚ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਜੰਗਬੰਦੀ ਨੂੰ ਅਮਲ ਵਿੱਚ ਲਿਆਉਣਾ ਹੈ ਪਰ ਯੂਕਰੇਨ ਤੇ ਅਮਰੀਕਾ ਨੂੰ ਗੱਲਬਾਤ ਤੋਂ ਵੱਧ ਉਮੀਦਾਂ ਨਹੀਂ ਹਨ।

    ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਦੁਨੀਆਂ ਦੇ ਦੇਸਾਂ ਨੂੰ ਰੂਸ ਉੱਤੇ ਹੋਰ ਸਖ਼ਤ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ ਹੈ।

    ਰੂਸੀ ਧਨਾਢ ਰੋਮਨ ਐਬਰਾਮੋਵਿਚ ਨੂੰ ਇਸ ਮਹੀਨੇ ਸ਼ਾਂਤੀ ਦੀ ਗੱਲਬਾਤ ਮਗਰੋਂ ਸ਼ੱਕੀ ਜ਼ਹਿਰ ਦੇਣ ਦੇ ਲੱਛਣ ਨਜ਼ਰ ਆਏ ਹਨ।

    ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਬਿਆਨ ਕੀ ਪੁਤਿਨ ਨੂੰ ਸੱਤਾ ਵਿੱਚ ਨਹੀਂ ਰਹਿਣਾ ਚਾਹੀਦਾ, ਇੱਕ ਨਿੱਜੀ ਬਿਆਨ ਸੀ ਨਾ ਕਿ ਅਮਰੀਕੀ ਨੀਤੀ ਦਾ ਹਿੱਸਾ।

    ਰੂਸ ਦਾ ਕਹਿਣਾ ਕਿ ਉਹ ਇਸ ਬਾਰੇ ਤਿਆਰੀ ਕਰ ਰਿਹਾ ਹੈ ਕਿ ਗ਼ੈਰ-ਦੋਸਤਾਨਾ ਰਵੱਈਏ ਵਾਲੇ ਦੇਸਾਂ ਦੇ ਲੋਕਾਂ ਨੂੰ ਰੂਸ ਵਿੱਚ ਦਾਖਿਲ ਨਾ ਹੋਣ ਦਿੱਤਾ ਜਾਵੇ।

  16. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

    ਯੂਕਰੇਨ - ਰੂਸ ਵਿਚਾਲੇ ਜਾਰੀ ਜੰਗ ਨਾਲ ਜੁੜੇ ਹਰ ਅਹਿਮ ਅਪਡੇਟ ਲਈ ਇਹ ਬੀਬੀਸੀ ਪੰਜਾਬੀ ਦਾ ਲਾਈਵ ਪੇਜ ਹੈ। ਯੂਕਰੇਨ - ਰੂਸ ਜੰਗ ਨਾਲ ਜੁੜੀਆਂ ਜਾਣਕਾਰੀਆਂ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਤੇ ਅਰਸ਼ਦੀਪ ਕੌਰ ਸਾਂਝੀਆਂ ਕਰ ਰਹੇ ਹਨ। 28 ਮਾਰਚ ਦੇ ਅਪਡੇਟ ਤੁਸੀਂ ਇਸ ਲਿੰਕ ’ਤੇ ਵੇਖ ਸਕਦੇ ਹੋ।