You’re viewing a text-only version of this website that uses less data. View the main version of the website including all images and videos.

Take me to the main website

ਅਮਿਤ ਸ਼ਾਹ ਦਾ ਐਲਾਨ, ਚੰਡੀਗੜ੍ਹ ਵਿੱਚ ਕੇਂਦਰ ਦੇ ਸਰਵਿਸ ਰੂਲ ਲਾਗੂ ਹੋਣਗੇ, ਅਕਾਲੀ ਦਲ ਤੇ ਕਾਂਗਰਸ ਨੇ ਜਤਾਇਆ ਵਿਰੋਧ

ਯੂਕਰੇਨ-ਰੂਸ ਜੰਗ ਸਣੇ ਪੰਜਾਬ ਅਤੇ ਦੁਨੀਆਂ ਭਰ ਦੀਆਂ ਅਹਿਮ ਖ਼ਬਰਾਂ ਇਸ ਲਾਈਵ ਪੰਨੇ ਰਾਹੀਂ ਜਾਣੋ।

ਲਾਈਵ ਕਵਰੇਜ

ਪ੍ਰਿਅੰਕਾ ਧੀਮਾਨ and ਗੁਰਕਿਰਪਾਲ ਸਿੰਘ

  1. ਸਾਡੇ ਨਾਲ ਜੁੜਨ ਲਈ ਬਹੁਤ ਧੰਨਵਾਦ

    ਯੂਕਰੇਨ-ਰੂਸ ਜੰਗ ਅਤੇ ਪੰਜਾਬ ਵਿੱਚ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਨਾਲ ਜੁੜੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਭਲਕੇ ਨਵੇਂ ਘਟਨਾਕ੍ਰਮ ਨਾਲ ਤੁਹਾਡੇ ਮੁੜ ਮੁਖਾਤਿਬ ਹੋਵਾਂਗੇ।

    ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਪੰਜਾਬ ਚੋਣਾਂ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਸਾਡੇ ਨਾਲ ਜੁੜਨ ਲਈ ਧੰਨਵਾਦ

  2. ਪੰਜਾਬ ਸਿਆਸਤ ਦਾ ਅਹਿਮ ਘਟਨਾਕ੍ਰਮ

    • ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਆਪਣੀ ਇੱਕ ਦਿਨਾਂ ਚੰਡੀਗੜ੍ਹ ਫੇਰੀ ਮੌਕੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁਲਾਜ਼ਮਾਂ ਉੱਪਰ ਕੇਂਦਰ ਸਰਕਾਰ ਦੇ ਸੇਵਾ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ।
    • ਪੰਜਾਬ ਵਿੱਚ ਇਸ ਐਲਾਨ ਉੱਪਰ ਸਿਆਸਤ ਗਰਮਾ ਗਈ ਹੈ। ਇਸ ਨੂੰ ਪੰਜਾਬ ਦੇ ਚੰਡੀਗੜ੍ਹ ਉੱਪਰ ਦਾਅਵੇ ਨੂੰ ਕਮਜ਼ੋਰ ਕਰਨ ਦੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
    • ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਪਹੁੰਚਣ 'ਤੇ ਕਾਂਗਰਸ ਦੇ ਯੁਵਾ ਮੈਂਬਰਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾ ਕੇ ਪ੍ਰਦਰਸ਼ਨ ਕੀਤਾ ਜਿਸ ਕਾਰਨ ਯੂਥ ਕਾਂਗਰਸ ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ।
    • ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਟਿਆਲਾ ਜੇਲ੍ਹ ਦੇ ਦੌਰੇ ਤੋਂ ਬਾਅਦ ਸੁਪਰਡੈਂਟ ਸ਼ਿਵਰਾਜ ਸਿੰਘ ਦੀ ਥਾਂ ਸੁੱਚਾ ਸਿੰਘ ਨੂੰ ਲਗਾਏ ਜਾਣ ਤੋਂ ਬਾਅਦ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਉੱਪਰ ਵਿਰੋਧੀ ਹਮਲੇ ਕਰ ਰਹੇ ਹਨ।
  3. ਰੂਸ-ਯੂਕਰੇਨ ਜੰਗ ਨਾਲ ਜੁੜਿਆ ਅਹਿਮ ਘਟਨਾਕ੍ਰਮ

    • ਯੂਕਰੇਨ ਦੀ ਫ਼ੌਜੀ ਇੰਟੈਲੀਜੈਂਸ ਮੁਤਾਬਕ ਰੂਸ ਯੂਕਰੇਨ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
    • ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕਰੋਂ ਨੇ ਕਿਹਾ ਹੈ ਕਿ ਸ਼ਬਦੀ ਹਮਲੇ ਤੇਜ਼ ਹੋਣ ਨਾਲ ਯੁੱਧਬੰਦੀ ਵਿੱਚ ਰੁਕਾਵਟ ਖੜ੍ਹੀ ਹੋ ਸਕਦੀ ਹੈ।
    • ਵ੍ਹਾਈਟ ਹਾਊਸ ਨੇ ਸਪਸ਼ਟ ਕੀਤਾ ਹੈ ਕਿ ਅਮਰੀਕਾ ਦੀ ਰੂਸ ਵਿੱਚ ਰਾਜ ਪਲਟੇ ਦੀ ਕੋਈ ਯੋਜਨਾ
    • ਰੂਸੀ ਅਧਿਕਾਰ ਵਾਲੇ ਲੁਹਾਂਸਕ ਨੇ ਕਿਹਾ ਹੈ ਕਿ ਉਹ ਜਲਦੀ ਹੀ ਰੂਸ ਵਿੱਚ ਸ਼ਾਮਲ ਹੋਣ ਲਈ ਰਾਇ ਸ਼ੁਮਾਰੀ ਕਰਵਾਏਗਾ।
    • ਇਸ ਦੇ ਜਵਾਬ ਵਿੱਚ ਯੂਕਰੇਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਅਜਿਹੀ ਕੋਈ ਵੀ ਰਾਇ ਸ਼ੁਮਾਰੀ ਦੀ ਕੋਈ ਮਾਨਤਾ ਨਹੀਂ ਹੋਵੇਗੀ।
  4. ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਵਿਰੋਧ

    ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਅਮਿਤ ਸ਼ਾਹ ਦੇ ਐਲਾਨ ਦਾ ਵਿਰੋਧ ਕੀਤਾ ਹੈ।

    ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ''ਅਸੀਂ ਪੰਜਾਬ ਦੇ ਚੰਡੀਗੜ੍ਹ ਉੱਪਰ ਪੰਜਾਬ ਦੇ ਹੱਕ ਨੂੰ ਹੜੱਪਣ ਦੇ ਤਾਨਾਸ਼ਾਹੀ ਫ਼ੈਸਲੇ ਦੀ ਪੁਰਜ਼ੋਰ ਨਿੰਦਾ ਕਰਦੇ ਹਾਂ। ਇਹ ਪੰਜਾਬ ਦਾ ਹੈ ਅਤੇ ਇਹ ਇਕਤਰਫ਼ਾ ਫੈਸਲਾ ਨਾ ਸਿਰਫ਼ ਸੰਘਵਾਦ ਉੱਪਰ ਸਿੱਧਾ ਹਮਲਾ ਹੈ ਸਗੋਂ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਉੱਪਰ ਪੰਜਾਬ ਦੇ 60% ਕੰਟਰੋਲ ਉੱਪਰ ਵੀ ਹਮਲਾ ਹੈ।''

  5. ਅਕਾਲੀ ਦਲ ਵੱਲੋਂ ਕੇਂਦਰ ਦੇ ਫ਼ੈਸਲੇ ਦਾ ਵਿਰੋਧ

    ਚੰਡੀਗੜ੍ਹ ਦੇ ਮੁਲਾਜ਼ਮਾਂ ਉੱਪਰ ਕੇਂਦਰ ਸਰਕਾਰ ਦੇ ਨਿਯਮ ਲਾਗੂ ਹੋਣ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਐਲਾਨ ਉੱਪਰ ਪੰਜਾਬ ਵਿੱਚ ਸਿਆਸਤ ਗਰਮਾ ਗਈ ਹੈ।

    ਅਕਾਲੀ ਦਲ ਬਾਦਲ ਦੇ ਬੁਲਾਰੇ ਡਾ਼ ਦਲਜੀਤ ਸਿੰਘ ਨੇ ਕਿਹਾ, ''ਚੰਡੀਗੜ੍ਹ ਵਿੱਚ ਪੰਜਾਬ ਦਾ ਹਿੱਸਾ 60 ਫੀਸਦੀ ਹੈ। ਇਸ ਲਈ ਸਰਵਿਸ ਰੂਲ ਪੰਜਾਬ ਦੇ ਲਾਗੂ ਹੋਣਗੇ।''

    ''ਅੱਜ ਜੋ ਕੇਂਦਰ ਨੇ ਫ਼ੈਸਲਾ ਕੀਤਾ ਹੈ। ਇਹ ਚੰਡੀਗੜ੍ਹ ਉੱਪਰ ਪੰਜਾਬ ਦੇ ਦਾਅਵੇ ਨੂੰ ਹੌਲੀ-ਹੌਲੀ ਕਮਜ਼ੋਰ ਕਰਨ ਦੀ ਸਾਜਿਸ਼ ਹੈ।''

    ''ਸਮੁੱਚੇ ਪੰਜਾਬੀਆਂ ਦੇ ਮਨ ਨੂੰ ਇਸ ਫ਼ੈਸਲੇ ਨਾਲ ਸੱਟ ਵੱਜੀ। ਕੇਂਦਰ ਨੂੰ ਸੂਬਿਆਂ ਦੇ ਨਾਲ ਗੱਲ ਕੀਤੇ ਬਿਨਾਂ ਅਜਿਹੇ ਫ਼ੈਸਲੇ ਨਹੀਂ ਲੈਣੇ ਚਾਹੀਦੇ ਅਤੇ ਕੇਂਦਰ ਨੂੰ ਇਹ ਫ਼ੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।''

  6. ਅਮਿਤ ਸ਼ਾਹ ਦੇ ਚੰਡੀਗੜ੍ਹ ਵਿੱਚ ਮੁਲਾਜ਼ਮਾਂ ਲਈ ਐਲਾਨ

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਆਪਣੀ ਇੱਕ ਦਿਨਾਂ ਚੰਡੀਗੜ੍ਹ ਫੇਰੀ ਮੌਕੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁਲਾਜ਼ਮਾਂ ਲਈ ਹੇਠ ਲਿਖੇ ਐਲਾਨ ਕੀਤੇ-

    • ਚੰਡੀਗੜ੍ਹ ਦੇ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਨੂੰ ਕੇਂਦਰ ਸਰਕਾਰ ਦੀਆਂ ਸੇਵਾ ਸ਼ਰਤਾਂ ਨਾਲ ਜੋੜਿਆ ਜਾਵੇਗਾ। ਰਿਟਾਇਰਮੈਂਟ ਦੀ ਉਮਰ 60 ਸਾਲ ਹੋ ਜਾਵੇਗੀ।
    • ਸਿੱਖਿਆ ਖੇਤਰ ਦੇ ਅਧਿਆਪਕਾਂ, ਪ੍ਰੋਫ਼ੈਸਰਾਂ ਦੀ ਰਿਟਾਇਰਮੈਂਟ ਦੀ ਉਮਰ 65 ਸਾਲ ਹੋ ਜਾਵੇਗੀ।
    • ਔਰਤਾਂ ਨੂੰ ਬਾਲ ਸੰਭਾਲ ਲਈ ਇੱਕ ਦੀ ਥਾਂ ਦੋ ਸਾਲ ਦੀ ਛੁੱਟੀ ਮਿਲ ਸਕੇਗੀ।
  7. ਲਵੀਵ ਸ਼ਹਿਰ 'ਤੇ ਰੂਸੀ ਮਿਜ਼ਾਈਲ ਹਮਲੇ ਦੀਆਂ ਤਸਵੀਰਾਂ

    ਫ਼ੋਟੋ ਪੱਤਰਕਾਰਾਂ ਨੇ ਸ਼ਨਿੱਚਰਵਾਰ ਨੂੰ ਯੂਕਰੇਨ ਦੇ ਲਵੀਵ ਸ਼ਹਿਰ ਉੱਪਰ ਰੂਸ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਦੀਆਂ ਤਸਵੀਰਾਂ ਲਈਆਂ ਹਨ।

    ਇਸ ਹਮਲੇ ਵਿੱਚ ਰੂਸ ਵੱਲੋਂ ਇੱਕ ਈਂਧਣ ਸਟੋਰੇਜ ਵਾਲੀ ਥਾਂ ਨੂੰ ਕਰੂਜ਼ ਮਿਜ਼ਾਈਲਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਹਮਲੇ ਤੋਂ ਬਾਅਦ ਇਲਾਕੇ ਵਿੱਚ ਅੱਗ ਦੇ ਭਾਂਬੜ ਅਤੇ ਕਾਲੇ ਧੂੰਆਂ ਛਾ ਗਿਆ।

    ਲਵੀਵ ਦੇ ਗਵਰਨਰ ਮੁਤਾਬਕ ਇਸ ਹਮਲੇ ਵਿੱਚ ਪੰਜ ਜਣੇ ਜ਼ਖਮੀ ਹੋਏ ਹਨ।

  8. ਪਟਿਆਲਾ ਜੇਲ੍ਹ ਦੇ ਸੁਪਰਡੈਂਟ ਦੀ ਬਦਲੀ ਕਰਕੇ ਪੰਜਾਬ ਸਰਕਾਰ ਘਿਰੀ

    ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਟਿਆਲਾ ਜੇਲ੍ਹ ਦੇ ਦੌਰੇ ਤੋਂ ਬਾਅਦ ਸੁਪਰਡੈਂਟ ਸ਼ਿਵਰਾਜ ਸਿੰਘ ਦੀ ਥਾਂ ਸੁੱਚਾ ਸਿੰਘ ਨੂੰ ਲਗਾਏ ਜਾਣ ਤੋਂ ਬਾਅਦ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਉੱਪਰ ਵਿਰੋਧੀ ਹਮਲੇ ਕਰ ਰਹੇ ਹਨ।

    ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੁੱਚਾ ਸਿੰਘ ਦੀ ਪਿਛਲੇ ਦੋ ਦਹਾਕਿਆਂ ਤੋਂ ਬਾਦਲ ਪਰਿਵਾਰ ਨਾਲ ਨਜ਼ੀਦੀਆਂਕੀਆਂ ਹਨ। ਪੰਜਾਬ ਦੇ ਜੇਲ੍ਹ ਵਿਭਾਗ ਉੱਪਰ ਪਹਿਲਾਂ ਹੀ ਖਾਸਮ-ਖਾਸ ਕੈਦੀਆਂ ਦੀ ਵਿਸ਼ੇਸ਼ ਮਹਿਮਾਨ ਨਵਾਜ਼ੀ ਦੇ ਇਲਜ਼ਾਮ ਲਗਦੇ ਹਨ।

    ਵਿਰੋਧੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਬਾਦਲ ਪਰਿਵਾਰ ਦੇ ਇੱਕ ਕਰੀਬੀ ਅਫ਼ਸਰ ਨੂੰ ਉਸ ਜੇਲ੍ਹ ਦਾ ਸੁਪਰਡੈਂਟ ਲਗਾਇਆ ਹੈ ਜਿੱਥੇ ਨਸ਼ੇ ਦੇ ਕਾਰੋਬਾਰ ਦੇ ਇਲਜ਼ਾਮਾਂ ਤਹਿਤ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬੰਦ ਹਨ।

    ਸੁੱਚਾ ਸਿੰਘ ਨੇ ਅਖ਼ਬਾਰ ਨੂੰ ਦੱਸਿਆ, ‘’ਮੈਂ ਬਾਦਲ ਪਰਿਵਾਰ ਨਾਲ ਆਪਣੀਆਂ ਨਜ਼ਦੀਕੀਆਂ ਤੋਂ ਇਨਕਾਰ ਨਹੀਂ ਕਰਦਾ। ਮੈਨੂੰ ਜੇਲ੍ਹ ਵਿੱਚ ਸਾਲ 2003 ਵਿੱਚ ਉਸ ਸਮੇਂ ਲਗਾਇਆ ਗਿਆ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਜੇਲ੍ਹ ਵਿੱਚ ਸਨ। ਇੱਕ ਅਧਿਕਾਰੀ ਵਜੋਂ ਤੁਸੀਂ ਕੈਦੀਆਂ ਦੇ ਨਜ਼ਦੀਕ ਹੁੰਦੇ ਹੋ ਇਸ ਲਈ ਮੈਂ ਉਨ੍ਹਾਂ ਨੂੰ ਚਾਹ ਪਿਆਈ। ਮੈਂ ਆਪਣੇ ਕਿਸੇ ਵੀ ਸਾਬਕਾ ਕੈਦੀ ਨੂੰ ਚਾਹ ਪਿਆਵਾਂਗਾ।‘’

  9. ਯੂਕਰੇਨ ਦੀ ਅਨਾਜ ਬਰਾਮਦੀ ਦੀ ਸਮਰੱਥਾ ਵਿੱਚ ਆਏ ਦਿਨ ਆ ਰਹੀ ਹੈ ਕਮੀ

    ਯੂਕਰੇਨ ਦੇ ਖੇਤੀਬਾੜੀ ਮੰਤਰੀ ਮਿਅਕੋਲਾ ਸੋਲਸਕੀ ਨੇ ਕਿਹਾ ਹੈ ਕਿ ਜੰਗ ਕਾਰਨ ਦੇਸ ਦੀ ਅਨਾਜ ਬਾਹਰ ਭੇਜਣ ਦੀ ਮਸਰੱਥਾ ਦਿਨੋਂ-ਦਿਨ ਨਿੱਘਰਦੀ ਜਾ ਰਹੀ ਹੈ।

    ਟੈਲੀਵਿਜ਼ਨ ਉੱਪਰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਯੂਕਰੇਨ ਦੁਨੀਆਂ ਦਾ ਸਭ ਤੋਂ ਵੱਡਾ ਅਨਾਜ ਉਤਪਾਦਕ ਦੇਸ ਹੈ, ਜੋ ਕਿ ਹਰ ਮਹੀਨੇ 40-50 ਲੱਖ ਟਨ ਅਨਾਜ ਭੇਜਦਾ ਹੈ, ਜੋ ਕਿ ਘਟ ਕਿ ਕੁਝ ਸੈਂਕੜੇ ਟਨ ਰਹਿ ਗਿਆ ਹੈ।

    ਰੂਸ-ਯੂਕਰੇਨ ਸੰਕਟ ਕਾਰਨ ਖੜ੍ਹੇ ਹੋਣ ਜਾ ਰਹੇ ਭੋਜਨ ਸੰਕਟ ਬਾਰੇ ਸਮਝਣ ਲਈ ਵੀਡੀਓ ਦੇਖ ਸਕਦੇ ਹੋ।

  10. ਕੈਨੇਡਾ ਦੀ ਪੇਸ਼ਕਸ਼: ਰੂਸ ਤੋਂ ਤੇਲ ਤੇ ਗੈਸ ਨਾ ਲੈਣ ਵਾਲੇ ਦੇਸਾਂ ਦੀ ਮਦਦ ਕੀਤੀ ਜਾਵੇਗੀ

    ਕੈਨੇਡਾ ਨੇ ਕਿਹਾ ਹੈ ਕਿ ਵਿਸ਼ਵ ਦੇ ਊਰਜਾ ਸੰਕਟ ਨੂੰ ਸੁਲਝਾਉਣ ਲਈ ਉਹ ਵਧੇਰੇ ਤੇਲ, ਗੈਸ ਅਤੇ ਯੂਰੇਨੀਅਮ ਮੁਹੱਈਆ ਕਰਵਾ ਸਕਦਾ ਹੈ।

    ਰੂਸ ਵੱਲੋਂ ਯੂਕਰੇਨ ਉੱਪਰ ਹਮਲੇ ਕਾਰਨ ਵਿਸ਼ਵੀ ਮੰਡੀ ਵਿੱਚ ਤੇਲ ਅਤੇ ਗੈਸ ਦੀਆਂ ਕੀਮਤਾਂ ਚੜ੍ਹੀਆਂ ਹੋਈਆਂ ਹਨ।

    ਕੈਨੇਡਾ ਦੇ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਨੇ ਕਿਹਾ ਹੈ ਕਿ ਰੂਸੀ ਤੇਲ ਅਤੇ ਗੈਸ ਨੂੰ ਲਾਂਭੇ ਕਰਨ ਲਈ ਕਈ ਦੇਸ ਜਿੰਨੀ ਹੋ ਸਕਦੇ ਮਦਦ ਕਰ ਲਈ ਵਚਨਬੱਧ ਹਨ।

    ਕੈਨੇਡਾ ਤੇਲ ਦਾ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਉਤਪਾਦਕ ਦੇਸ ਹੈ ਅਤੇ ਉਹ ਦੋ ਲੱਖ ਬੈਰਲ ਹੋਰ ਬਰਾਮਦ ਕਰਨ ਲਈ ਤਿਆਰ ਹੈ।

    ਮੰਤਰੀ ਜੌਨਾਥਨ ਵਿਲਕਿਨਸਨ ਨੇ ਬੀਬੀਸੀ ਨੂੰ ਦੱਸਿਆ ਕਿ ਕੈਨੇਡਾ ਤੇਲ ਤੋਂ ਇਲਵਾ ਕੁਦਰਤੀ ਗੈਸ ਦੇ ਵੀ ਇੱਕ ਲੱਖ ਬੈਰਲ ਵਧੇਰੇ ਬਰਾਮਦ ਕਰੇਗਾ।

  11. ਪੰਜਾਬ ਦੇ ਦਰਪੇਸ਼ ਖੜ੍ਹੇ ਬਿਜਲੀ ਸੰਕਟ ਦੇ ਇਹ ਹਨ ਕਾਰਨ

    ਆਉਣ ਵਾਲੇ ਦਿਨਾਂ ਵਿੱਚ ਪੰਜਾਬ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰ ਸਕਦਾ ਹੈ। ਇਸ ਦਾ ਕਾਰਨ ਹੈ ਬਿਜਲੀ ਦੀ ਘੱਟ ਪੂਰਤੀ ਤੇ ਵੱਧ ਲੋੜ।

    ਘੱਟ ਬਿਜਲੀ ਹੋਣ ਦਾ ਵੱਡਾ ਕਾਰਨ ਕੋਲੇ ਦੀ ਕਮੀ ਹੈ ਜੋ ਕੋਲੇ ਦੀਆਂ ਵਧੀਆਂ ਕੀਮਤਾਂ ਕਾਰਨ ਦੱਸੀ ਜਾ ਰਹੀ ਹੈ।

    ਜਿੱਥੇ ਇਹ ਕਿਸਾਨਾਂ ਸਮੇਤ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਉੱਥੇ ਇਹ ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਲਈ ਇੱਕ ਪਹਿਲੀ ਵੱਡੀ ਚੁਣੌਤੀ ਵੀ ਹੈ।

    ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

  12. ਰੂਸ ਵਿੱਚ ਰਾਜ ਪਲਟੇ ਦੀ ਅਮਰੀਕਾ ਦੀ ਕੋਈ ਯੋਜਨਾ ਨਹੀਂ - ਵ੍ਹਾਈਟ ਹਾਊਸ

    ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਿਨ ਨੇ ਕਿਹਾ ਹੈ ਕਿ ਰੂਸ ਵਿੱਚ ਰਾਜ ਪਲਟੇ ਦੀ ਵ੍ਹਾਈਟ ਹਾਊਸ ਦੀ ਕੋਈ ਯੋਜਨਾ ਨਹੀਂ ਹੈ।

    ਸ਼ਨਿੱਚਰਵਾਰ ਨੂੰ ਰਾਸ਼ਟਰਪਤੀ ਬਾਇਡਨ ਨੇ ਵਰਸਾਇ ਵਿੱਚ ਬੋਲਦਿਆਂ ਕਿਹਾ ਸੀ ਕਿ ਰੂਸੀ ਰਾਸ਼ਟਰਪਤੀ ਪੁਤਿਨ ‘’ਸੱਤਾ ਵਿੱਚ ਨਹੀਂ ਰਹਿ ਸਕਦੇ’’।

    ਬਲਿੰਕਿਨ ਨੇ ਆਪਣੇ ਸਦਰ ਦੇ ਬਿਆਨ ਬਾਰੇ ਸਪੱਸ਼ਟੀਰਨ ਦਿੰਦਿਆਂ ਕਿਹਾ,‘’ਮੈਨੂੰ ਲਗਦਾ ਹੈ ਕਿ ਰਾਸ਼ਟਰਪਤੀ, ਵ੍ਹਾਈਟ ਹਾਊਸ ਨੇ ਕੱਲ੍ਹ ਰਾਤ ਆਪਣਾ ਨੁਕਤਾ ਸਪੱਸ਼ਟ ਕਰ ਦਿੱਤਾ ਸੀ ਕਿ ਰਾਸ਼ਟਰਪਤੀ ਪੁਤਿਨ ਨੂੰ ਯੂਕਰੇਨ ਖਿਲਾਫ਼ ਜੰਗ ਜਾਰੀ ਰੱਖਣ ਜਾਂ ਹਮਲਾਵਰ ਰਹਿਣ ਦੇ ਸਮਰੱਥ ਨਹੀਂ ਕੀਤਾ ਜਾ ਸਕਦਾ।‘’

  13. ਚੰਡੀਗੜ੍ਹ ਦੌਰੇ 'ਤੇ ਪਹੁੰਚੇ ਅਮਿਤ ਸ਼ਾਹ ਨੂੰ ਨੌਜਵਾਨ ਕਾਂਗਰਸੀਆਂ ਨੇ ਦਿਖਾਏ ਕਾਲੇ ਝੰਡੇ

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਪਹੁੰਚਣ 'ਤੇ ਕਾਂਗਰਸ ਦੇ ਯੁਵਾ ਮੈਂਬਰਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾ ਕੇ ਪ੍ਰਦਰਸ਼ਨ ਕੀਤਾ ਜਿਸ ਕਾਰਨ ਯੂਥ ਕਾਂਗਰਸ ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ।

    ਯੂਥ ਕਾਂਗਰਸ ਚੰਡੀਗੜ੍ਹ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਆਉਣ 'ਤੇ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

    ਇਸ ਮੌਕੇ ਉਪ ਪ੍ਰਧਾਨ ਦੀਪਕ ਲੁਬਾਣਾ ਨੇ ਕਿਹਾ ਕਿ ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ। ਦੂਜੇ ਪਾਸੇ ਸਰਕਾਰ ਨੇ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਇੰਨੀਆਂ ਵਧਾ ਦਿੱਤੀਆਂ ਹਨ ਕਿ ਆਮ ਆਦਮੀ ਨੂੰ ਖਾਣ-ਪੀਣ ਦੀਆਂ ਵਸਤੂਆਂ ਖਰੀਦਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

    ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਲੋਕਾਂ ਦਾ ਹਾਲ ਮਾੜਾ ਕਰ ਦਿੱਤਾ ਅਤੇ ਮੌਜੂਦਾ ਭਾਜਪਾ ਸਰਕਾਰ ਨੇ ਇਸ ਸਿਲਸਿਲੇ ਵਿੱਚ ਕੋਈ ਠੋਸ ਕਦਮ ਨਾ ਚੁੱਕ ਕੇ ਆਪਣੀ ਨਾਕਾਮੀ ਦਾ ਸਬੂਤ ਦਿੱਤਾ ਹੈ।

  14. ਚੰਡੀਗੜ੍ਹ ਦੌਰੇ 'ਤੇ ਅਮਿਤ ਸ਼ਾਹ, ਬੋਲੇ - ਸ਼ਹਿਰ 'ਚ ਡਿਸਿਪਲਿਨ ਦਾ ਨਵਾਂ ਵਾਤਾਵਰਨ ਬਣੇਗਾ

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੇ ਇੱਕ ਰੋਜ਼ਾ ਦੌਰੇ 'ਤੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ।

    ਸੈਕਟਰ 9 ਸਥਿਤ ਹਾਊਸਿੰਗ ਬੋਰਡ ਦੀ ਨਵੀਂ ਇਮਾਰਤ ਅਤੇ ਸੈਕਟਰ 17 ਦੇ ਅਰਬਨ ਪਾਰਕ ਦੇ ਉਦਘਾਟਨ ਦੇ ਨਾਲ ਉਨ੍ਹਾਂ ਨੇ ਸੈਕਟਰ 17 ਵਿੱਚ ਬਣੇ ਪੁਲਿਸ ਕਮਾਂਡ ਕੰਟਰੋਲ ਸੈਂਟਰ ਦਾ ਉਦਘਾਟਨ ਵੀ ਕੀਤਾ।

    ਆਪਣੇ ਸੰਬੋਧਨ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਏਕੀਕ੍ਰਿਤ ਕਮਾਂਡ ਸੈਂਟਰ ਆਉਣ ਵਾਲੇ ਦਿਨਾਂ 'ਚ ਨਾਗਰਿਕ ਪ੍ਰਸ਼ਾਸਨ ਦੇ ਸਾਰੇ ਖੇਤਰ 'ਚ ਚੰਗੀਗੜ੍ਹ ਵਿੱਚ ਪਰਿਵਰਤਨ ਕਰਨ ਵਾਲਾ ਹੈ। ਇਸ ਸੈਂਟਰ 'ਚੋਂ ਬਹੁਤ ਸਾਰੀਆਂ ਨਾਗਰਿਕ ਸੁਵਿਧਾਵਾਂ ਦੀ ਮਾਨੀਟਰਿੰਗ ਹੋਵੇਗੀ ਅਤੇ ਇਸਦੇ ਨਾਲ-ਨਾਲ ਇਸਨੂੰ ਅਪਗ੍ਰੇਡ ਕਰਨ ਦੀ ਬਹੁਤ ਸਾਰੀ ਵਿਵਸਥਾ ਵੀ ਹੋਵੇਗੀ।

    ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਸੁਰੱਖਿਆ ਅਤੇ ਟ੍ਰੈਫਿਕ 'ਚ ਡਿਸਿਪਲਿਨ ਲਈ ਵੀ ਇਹ ਕਮਾਂਡ ਸੈਂਟਰ ਕੰਮ ਕਰੇਗਾ ਅਤੇ ਕਿਸੇ ਨੂੰ ਕੋਈ ਪੁਲਿਸ ਦੀ ਲੋੜ ਨਹੀਂ ਹੋਵੇਗੀ, ਡਿਸਿਪਲਿਨ ਦਾ ਨਵਾਂ ਵਾਤਾਵਰਨ ਬਣੇਗਾ।

    ਇਸ ਤੋਂ ਇਲਾਵਾ ਅਮਿਤ ਸ਼ਾਹ 5 ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

  15. ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਤੋਂ ਹਥਿਆਰਾਂ ਦੀ ਮੰਗ ਕੀਤੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਨੂੰ ਉਨ੍ਹਾਂ ਨੂੰ ਪਲੇਨ, ਟੈਂਕ ਤੇ ਮਿਜ਼ਾਇਲ ਡਿਫੈਂਸ ਸਿਸਟਮ ਦੇਣ ਦੀ ਮੰਗ ਕੀਤੀ।

    ਦੇਰ ਰਾਤ ਇੱਕ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਹਥਿਆਰ, ਜੋ ਯੂਰਪ ਦੀ ਅਜ਼ਾਦੀ ਦੀ ਲੜਾਈ ਵਿੱਚ ਕੰਮ ਆ ਸਕਦੇ ਹਨ, 'ਤੇ ਧੂਲ ਹੀ ਪੈ ਰਹੀ ਹੈ।

    ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਪਲੇਨ ਮਸ਼ੀਨ ਗੰਨਾਂ ਨਾਲ ਨਹੀਂ ਸੁੱਟੇ ਜਾ ਸਕਦੇ।

    ਉਨ੍ਹਾਂ ਨੇ ਅੱਗੇ ਕਿਹਾ, "ਨਾਟੋ ਕੀ ਕਰ ਰਿਹਾ ਹੈ? ਉਹ ਕਿਸ ਚੀਜ਼ ਦਾ ਇੰਤਜ਼ਾਰ ਕਰ ਰਿਹਾ ਹੈ? 31 ਦਿਨ ਹੋ ਚੁੱਕੇ ਹਨ। ਅਸੀਂ ਜ਼ਿਆਦਾ ਨਹੀਂ, ਬੱਸ ਨਾਟੋ ਕੋਲ ਜੋ ਹੈ ਉਸ ਦਾ 1 ਫੀਸਦ ਮੰਗ ਰਹੇ ਹਾਂ।"

  16. ਰੂਸ ਯੂਕਰੇਨ ਜੰਗ: ਦੁਨੀਆਂ ਦੇ ਹਥਿਆਰਾਂ ਦੇ ਬਜ਼ਾਰ ਨੂੰ ਸਮਝੋ, ਸਭ ਤੋਂ ਵੱਡਾ ਖਿਡਾਰੀ ਕੌਣ?

    ਜਿਸ ਮੁਲਕ ਕੋਲ ਹਥਿਆਰਾਂ ਦਾ ਜਿੰਨਾ ਵੱਡਾ ਜ਼ਖ਼ੀਰਾ ਹੈ, ਦੁਸ਼ਮਣ ਨਾਲ ਲੜਾਈ ਵਿੱਚ ਉਹ ਦੇਸ਼ ਖ਼ੁਦ ਨੂੰ ਓਨਾ ਹੀ ਸਮਰੱਥ ਮੰਨਦਾ ਹੈ।

    ਇਸ ਲਈ ਦੁਨੀਆਂ ਦੇ 'ਡਰ ਦੇ ਇਸ ਬਜ਼ਾਰ' ਯਾਨੀ 'ਹਥਿਆਰਾਂ ਦੇ ਬਜ਼ਾਰ' ਨੂੰ ਸਮਝਣਾ ਬੇਹੱਦ ਜ਼ਰੂਰੀ ਹੈ।

  17. ਜੋਅ ਬਾਇਡਨ ਨੇ ਪੁਤਿਨ ਬਾਰੇ ਕਹੀਆਂ ਇਹ ਗੱਲਾਂ

    ਪੋਲੈਂਡ ਦੀ ਰਾਜਧਾਨੀ ਵਾਰਸਾ ਵਿੱਚ ਇੱਕ ਭਾਸ਼ਣ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਬਾਰੇ ਕਿਹਾ ਕਿ "ਰੱਬ ਦੇ ਵਾਸਤੇ, ਇਹ ਆਦਮੀ ਸੱਤਾ ਵਿੱਚ ਨਹੀਂ ਰਹਿ ਸਕਦਾ।"

    ਹਾਲਾਂਕਿ ਬਾਅਦ ਵਿੱਚ, ਵ੍ਹਾਈਟ ਹਾਊਸ ਦੁਆਰਾ ਕਿਹਾ ਗਿਆ ਕਿ ਬਾਇਡਨ ਆਪਣੇ ਇਨ੍ਹਾਂ ਸ਼ਬਦਾਂ ਨਾਲ ਰੂਸੀ ਸ਼ਾਸਨ ਵਿੱਚ ਤਬਦੀਲੀ ਦੀ ਮੰਗ ਨਹੀਂ ਕਰ ਰਹੇ ਸਨ, ਉਹ ਇਹ ਕਹਿ ਰਹੇ ਸਨ ਕਿ ਪੁਤਿਨ ਨੂੰ ਗੁਆਂਢੀਆਂ ਉੱਤੇ ਸ਼ਕਤੀ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।

    ਕ੍ਰੇਮਲਿਨ (ਮਾਸਕੋ) ਨੇ ਅਮਰੀਕੀ ਰਾਸ਼ਟਰਪਤੀ ਦੇ ਇਸ ਬਿਆਨ 'ਤੇ ਕਿਹਾ ਹੈ ਕਿ ਇਹ ਫੈਸਲਾ ਬਾਇਡਨ ਨੇ ਨਹੀਂ ਕਰਨਾ ਹੈ ਕਿ ਰੂਸ 'ਤੇ ਸ਼ਾਸਨ ਕੌਣ ਕਰਦਾ ਹੈ।

    ਪੋਲੈਂਡ ਦੇ ਬੁਲਾਰੇ ਲੁਕਾਸ ਜੈਸੀਨਾ ਨੇ ਬੀਬੀਸੀ ਨੂੰ ਕਿਹਾ ਕਿ "ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਨੇ ਵਾਰਸਾ ਆ ਕੇ ਰੂਸੀ ਹਮਲੇ ਬਾਰੇ ਬਹੁਤ ਸਪਸ਼ਟ ਸ਼ਬਦਾਂ ਵਿੱਚ ਗੱਲ ਕੀਤੀ।"

    ਉਨ੍ਹਾਂ ਕਿਹਾ, "[ਬਾਇਡਨ] ਨੇ ਰੂਸੀਆਂ ਨੂੰ ਕਿਹਾ ਕਿ ਇੱਕ ਤਾਨਾਸ਼ਾਹ ਨੂੰ ਬਦਲਣ ਦਾ ਕਦੇ ਨਾ ਕਦੇ ਸਮਾਂ ਆਉਂਦਾ ਹੈ। ਇਹ ਇੱਕ ਬਹੁਤ ਹੀ ਗਹਿਰਾ ਅਨੁਭਵ ਸੀ।"

    ਜੈਸੀਨਾ ਨੇ ਅੱਗੇ ਕਿਹਾ, "ਪੁਤਿਨ ਨੂੰ ਸਾਡੀ ਦੁਨੀਆ ਦੇ ਸਮਾਜ ਵਿੱਚ ਵਾਪਸ ਸਵੀਕਾਰ ਨਹੀਂ ਕੀਤਾ ਜਾ ਸਕਦਾ; ਉਨ੍ਹਾਂ ਦੀ ਗੱਲ ਸੁਣੀ ਨਹੀਂ ਜਾ ਸਕਦੀ, ਉਹ ਇੱਕ ਅਜਿਹਾ ਸਹਿਯੋਗੀ ਨਹੀਂ ਹੈ ਜਿਸ 'ਤੇ ਅਸੀਂ ਭਰੋਸਾ ਕਰ ਸਕੀਏ"।

  18. ICC ਮਹਿਲਾ ਵਿਸ਼ਵ ਕੱਪ: ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸਮ੍ਰਿਤੀ ਮੰਧਾਨਾ ਅਤੇ ਮਿਤਾਲੀ ਰਾਜ ਨੇ ਸੰਭਾਲਿਆ ਮੋਰਚਾ

    ਦੱਖਣੀ ਅਫਰੀਕਾ ਅਤੇ ਭਾਰਤ ਵਿਚਕਾਰ ਖੇਡੇ ਜਾਣ ਵਾਲੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਅਹਿਮ ਮੈਚ ਵਿੱਚ ਭਾਰਤੀ ਟੀਮ ਨੂੰ ਲੱਗੇ ਸ਼ੁਰੂਆਤੀ ਦੋ ਝਟਕਿਆਂ ਤੋਂ ਬਾਅਦ, ਹੁਣ ਸਮ੍ਰਿਤੀ ਮੰਧਾਨਾ ਅਤੇ ਮਿਤਾਲੀ ਰਾਜ ਨੇ ਮੋਰਚਾ ਸੰਭਾਲ ਰੱਖਿਆ ਹੈ।

    ਭਾਰਤ ਨੂੰ ਪਹਿਲਾ ਝਟਕਾ ਸ਼ੈਫਾਲੀ ਵਰਮਾ ਦੇ ਰੂਪ 'ਚ ਲੱਗਾ, ਜਿਨ੍ਹਾਂ ਨੇ 46 ਗੇਂਦਾਂ 'ਚ 53 ਦੌੜਾਂ ਬਣਾਈਆਂ। ਯਾਸਤਿਕਾ ਭਾਟੀਆ ਸਿਰਫ਼ ਦੋ ਦੌੜਾਂ ਬਣਾ ਕੇ ਸਟੰਪ ਆਊਟ ਹੋ ਗਏ।

    ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

    ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਟੀਮ ਇੰਡੀਆ ਲਈ ਇਹ ਮੈਚ ਜਿੱਤਣਾ ਜ਼ਰੂਰੀ। ਭਾਰਤੀ ਮਹਿਲਾ ਟੀਮ ਫਿਲਹਾਲ ਤਿੰਨ ਜਿੱਤਾਂ ਅਤੇ ਤਿੰਨ ਹਾਰਾਂ ਦੇ ਨਾਲ 6 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ।

  19. ਹੁਣ ਤੱਕ ਦਾ ਅਹਿਮ ਘਟਨਾਕ੍ਰਮ

    • ਰੂਸ ਵੱਲੋਂ ਆਖਿਆ ਗਿਆ ਹੈ ਕਿ ਯੁੱਧ ਦਾ ਪਹਿਲਾ ਗੇੜ ਪੂਰਾ ਹੋ ਗਿਆ ਹੈ ਅਤੇ ਹੁਣ ਦੋਨਾਬਾਸ ਦੀ 'ਆਜ਼ਾਦੀ' ਲਈ ਲੜਾਈ ਲੜੀ ਜਾਵੇਗੀ।
    • ਹਾਲਾਂਕਿ ਰੂਸ ਵੱਲੋਂ ਯੂਕਰੇਨ ਦੇ ਦਾਅਵਿਆਂ ਨੂੰ ਨਕਾਰਦਿਆਂ ਇਹ ਅੰਕੜਾ 351 ਦੱਸਿਆ ਗਿਆ ਹੈ।
    • ਲੰਡਨ ਵਿੱਚ ਯੂਕਰੇਨ ਦੇ ਪੱਖ ਵਿੱਚ ਇੱਕ ਰੈਲੀ ਰੱਖੀ ਗਈ। ਜਿਸ ਵਿੱਚ ਲੰਡਨ ਦੇ ਮੇਅਰ ਵੀ ਸ਼ਾਮਲ ਹੋਏ।
    • ਯੂਕਰੇਨ ਦੇ ਪੱਛਮੀ ਸ਼ਹਿਰ ਲਵੀਵ ਵਿੱਚ ਤਿੰਨ ਸ਼ਕਤੀਸ਼ਾਲੀ ਧਮਾਕੇ ਸੁਣੇ ਗਏ ਹਨ।
    • ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਦੇ ਮੰਤਰੀਆਂ ਨਾਲ ਪੋਲੈਂਡ ਵਿੱਚ ਮੁਲਾਕਾਤ ਕੀਤੀ।
    • ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਰੂਸ ਵੱਲੋਂ ਯੂਕਰੇਨ ਦੇ ਸ਼ਹਿਰੀ ਖੇਤਰਾਂ ਵਿੱਚ ਭਾਰੀ ਬੰਬਾਰੀ ਦੀ ਵਰਤੋਂ ਜਾਰੀ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਨੇ ਆਖਿਆ ਹੈ ਕਿ ਰੂਸ ਦਾ ਇਸ ਜੰਗ ਦੌਰਾਨ ਭਾਰੀ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੇ ਦਾਅਵੇ ਮੁਤਾਬਕ ਹੁਣ ਤੱਕ 16000 ਰੂਸੀ ਫੌਜੀ ਮਾਰੇ ਜਾ ਚੁੱਕੇ ਹਨ।
  20. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ

    ਯੂਕਰੇਨ-ਰੂਸ ਜੰਗ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਸੰਭਾਲਣ ਨਾਲ ਜੁੜੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ।

    ਬੀਬੀਸੀ ਪੱਤਰਕਾਰ ਖੁਸ਼ਬੂ ਸੰਧੂ ਤੇ ਅਨੁਰੀਤ ਭਾਰਦਵਾਜ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਨ।

    26 ਮਾਰਚ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ