You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ-ਰੂਸ ਜੰਗ: ਯੂਕਰੇਨ ਦੇ ਫੌਜੀ ਅੱਡੇ 'ਤੇ ਹਮਲੇ ਵਿੱਚ 9 ਦੀ ਮੌਤ, ਰਸਾਇਣਕ ਹਮਲਿਆਂ ਬਾਰੇ ਪੋਲੈਂਡ ਦੀ ਰੂਸ ਨੂੰ ਚੇਤਾਵਨੀ

ਭਗਵੰਤ ਮਾਨ ਤੇ ਅਰਿਵੰਦ ਕੇਜਰੀਵਾਲ ਦਾ ਅੰਮ੍ਰਿਤਸਰ ਦੌਰਾ ਅਤੇ ਯੂਕਰੇਨ-ਰੂਸ ਜੰਗ ਨਾਲ ਸਬੰਧਤ ਤਾਜ਼ਾ ਜਾਣਕਾਰੀਆਂ।

ਲਾਈਵ ਕਵਰੇਜ

  1. ਅੱਜ ਦਾ ਅਹਿਮ ਘਟਨਾਕ੍ਰਮ

    ਬੀਬੀਸੀ ਪੰਜਾਬੀ ਦੇ ਰੂਸ-ਯੂਕਰੇਨ ਜੰਗ ਅਤੇ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਬਾਰੇ ਅੱਜ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ।

    ਕੱਲ ਨੂੰ ਇੱਕ ਨਵੇਂ ਲਾਈਵ ਪੰਨੇ ਰਾਹੀਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਸਾਡਾ ਨਾਲ ਜੁੜੇ ਰਹਿਣ ਲਈ ਧੰਨਵਾਦ।

    ਜੇ ਤੁਸੀਂ ਹੁਣੇ ਸਾਡੇ ਨਾਲ ਜੁੜੇ ਹੋ ਤਾਂ ਤੁਹਾਡੇ ਲਈ ਰੂਸ-ਯੂਕਰੇਨ ਜੰਗ ਅਤੇ ਪੰਜਾਬ ਸਿਆਸਤ ਦੀਆਂ ਅੱਜ ਦੀਆਂ ਅਹਿਮ ਗੱਲਾਂ ਇਸ ਪ੍ਰਕਾਰ ਹਨ-

    ਰੂਸ-ਯੂਕਰੇਨ ਜੰਗ ਬਾਰੇ ਅਹਿਮ ਸੁਰਖੀਆਂ

    • ਰੂਸ- ਯੂਕਰੇਨ ਜੰਗ ਵਿੱਚ ਹਮਲੇ ਦੌਰਾਨ ਅਮਰੀਕੀ ਪੱਤਰਕਾਰ ਦੀ ਮੌਤ ਹੋਈ ਹੈ
    • ਆਨਲਾਈਨ ਵਪਾਰਕ ਵੈੱਬਸਾਈਟ ਈਬੇ (eBay) ਨੇ ਕਿਹਾ ਹੈ ਕਿ ਉਸ ਨੇ ਰੂਸ ਦੇ ਪਤਿਆਂ ਸਬੰਧਤ ਸਾਰੇ ਲੈਣ-ਦੇਣ ਨੂੰ ਬਲੌਕ ਕਰ ਦਿੱਤਾ ਹੈ।
    • ਯੂਕਰੇਨ ਦੇ ਫੌਜੀ ਅੱਡੇ 'ਤੇ ਹੋਏ ਹਮਲੇ 'ਚ 9 ਲੋਕਾਂਦੀ ਮੌਤ ਹੋਈ ਹੈ।
    • ਬੀਬੀਸੀ ਯੂਕਰੇਨੀ ਨੂੰ ਚਸ਼ਮਦੀਦਾਂ ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ ਪੱਛਮੀ ਸ਼ਹਿਰ ਇਵਾਨੋ-ਫ੍ਰੈਂਕਿਵਸਕ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ।
    • ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਦੇਸ਼ ਦੇ ਉੱਤਰ 'ਚ ਖੁਦਮੁਖਤਿਆਰ ਕੁਰਦ ਖੇਤਰ ਦੇ ਇਰਬਿਲ ਸ਼ਹਿਰ 'ਚ ਅਮਰੀਕੀ ਵਪਾਰਕ ਦੂਤਘਰ 'ਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ ਹਨ।
    • ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜ਼ੇਲੇਂਸਕੀ ਨੇ ਅੱਠ ਫੌਜੀ ਡਿਫੈਂਡਰਾਂ ਨੂੰ ਦੇਸ਼ ਦੇ ਆਪਣੇ ਨਾਗਰਿਕਾਂ ਨੂੰ ਦਿੱਤੇ ਜਾਣ ਵਾਲੇ ਸਰਵਉੱਚ ਸਨਮਾਨ 'ਯੂਕਰੇਨ ਦੇ ਹੀਰੋ' ਦਾ ਖਿਤਾਬ ਦੇਣ ਲਈ ਇੱਕ ਆਦੇਸ਼ 'ਤੇ ਹਸਤਾਖਰ ਕੀਤੇ ਹਨ।

    ਪੰਜਾਬ ਸਿਆਸਤ ਬਾਰੇ ਅਹਿਮ ਸੁਰਖੀਆਂ

    • ਪੰਜਾਬ ਵਿੱਚ ਸਰਕਾਰ ਬਣਾਉਣ ਜਾ ਰਹੀ ਆਮ ਆਦਮੀ ਪਾਰਟੀ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਵਿਕਟਰੀ ਮਾਰਚ ਕੱਢਿਆ ਗਿਆ।
    • ਅੰਮ੍ਰਿਤਸਰ ਦੇ ਕਚਿਹਰੀ ਰੋਡ ਤੋਂ ਲੈ ਕੇ ਨਾਵਲਟੀ ਚੌਕ ਤੱਕ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਰੋਡ ਸ਼ੋਅ ਨੂੰ ਸੰਬੋਧਿਤ ਕੀਤਾ।
    • ਰੋਡ ਸ਼ੋਅ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਹਰਿਮੰਦਰ ਸਾਹਿਬ, ਦੁਰਘਿਆਨਾ ਮੰਦਰ ਅਤੇ ਰਾਮ ਤੀਰਥ ਵਿਖੇ ਮੱਥਾ ਟੇਕਿਆ।
    • ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਚੋਣ ਪ੍ਰਚਾਰ ਦੌਰਾਨ ਐਲਾਨੀ ਗਈ 1-1 ਗਾਰੰਟੀ ਨੂੰ ਪੂਰਾ ਕਰਨਗੇ।

    ਰੂਸ-ਯੂਕਰੇਨ ਜੰਗ ਅਤੇ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਹੋਰ ਖ਼ਬਰਾਂ ਲਈ ਤੁਸੀਂ ਸਾਡੀਵੈਬਸਾਈਟਉੱਪਰ ਆ ਸਕਦੇ ਹੋ।

    ਰੂਸ-ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਉੱਪਰਖ਼ਾਸ ਪਲੇਲਿਸਟਵੀ ਦੇਖ ਸਕਦੇ ਹੋ।

  2. ਰੂਸ- ਯੂਕਰੇਨ ਜੰਗ: ਹਮਲੇ ਦੌਰਾਨ ਅਮਰੀਕੀ ਪੱਤਰਕਾਰ ਦੀ ਮੌਤ

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਵਿੱਚ ਇਕ ਅਮਰੀਕੀ ਪੱਤਰਕਾਰ ਦੀ ਮੌਤ ਹੋ ਗਈ ਹੈ।

    ਯੂਕਰੇਨ ਦੇ ਪੁਲਿਸ ਅਧਿਕਾਰੀਆਂ ਮੁਤਾਬਕ ਬ੍ਰੈਂਟ ਰੀਨਾਰਡ ਦੀ ਕੀਵ ਨਜ਼ਦੀਕ ਕਸਬੇ ਇਰਪਿਨ ਵਿੱਚ ਮੌਤ ਹੋਈ ਹੈ। ਰੂਸੀ ਫ਼ੌਜੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਇਹ ਹੋਇਆ ਅਤੇ ਨਾਲ ਹੀ ਦੋ ਹੋਰ ਪੱਤਰਕਾਰ ਵੀ ਜ਼ਖ਼ਮੀ ਹਨ।

    ਰੂਸ ਅਤੇ ਯੂਕਰੇਨ ਦੀ ਜੰਗ ਵਿੱਚ ਇਹ ਪਹਿਲੀ ਘਟਨਾ ਹੈ ਜਦੋਂ ਕਿਸੇ ਵਿਦੇਸ਼ੀ ਪੱਤਰਕਾਰ ਦੀ ਮੌਤ ਹੋਈ ਹੈ।

    ਉਹ 2015 ਵਿੱਚ ਨਿਊਯਾਰਕ ਟਾਈਮਜ਼ ਲਈ ਕੰਮ ਕਰਦੇ ਸਨ। ਇਹ ਸਾਫ ਨਹੀਂ ਹੋਇਆ ਕਿ ਫਿਲਹਾਲ ਯੂਕਰੇਨ ਵਿੱਚੋਂ ਕਿਸ ਸੰਸਥਾ ਲਈ ਕੰਮ ਕਰ ਰਹੇ ਸਨ।

  3. ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਰੂਸ ਵਿੱਚ ਕੀ ਕੁਝ ਬਦਲਿਆ ਹੈ, ਕੀ ਰੂਸ ਦੀ 'ਤਰੱਕੀ' ਨੂੰ ਪੁੱਠਾ ਗੇੜ ਪੈ ਗਿਆ ਹੈ

    ਜਦੋਂ ਤੋਂ ਰੂਸ ਨੇ ਯੂਕਰੇਨ ਉੱਪਰ ਹਮਲਾ ਕੀਤਾ ਹੈ, ਰੂਸ ਵਾਸੀਆਂ ਲਈ ਜ਼ਿੰਦਗੀ ਬਹੁਤ ਬਦਲ ਗਈ ਹੈ।

    ਉਨ੍ਹਾਂ ਲਈ ਵਿਦੇਸ਼ਾਂ ਦੇ ਦਰਵਾਜ਼ੇ ਬੰਦ ਹੋ ਰਹੇ ਹਨ। ਮਹਿੰਗਾਈ ਰਾਕਟ ਵਾਂਗ ਵਧ ਰਹੀ ਹੈ। ਪੱਛਮੀ ਕੰਪਨੀਆਂ ਇੱਕ ਤੋਂ ਬਾਅਦ ਇੱਕ ਕਰਕੇ ਰੂਸ ਵਿੱਚ ਆਪਣੇ ਕਾਰੋਬਾਰ ਸਮੇਟ ਰਹੀਆਂ ਹਨ।

    ਹੋਰ ਕਿਸ ਤਰ੍ਹਾਂ ਬਦਲੀ ਲੋਕਾਂ ਦੀ ਜ਼ਿੰਦਗੀ ਜਾਣਨ ਲਈ,ਪੜ੍ਹੋ ਇਹ ਰਿਪੋਰਟ

  4. ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਦੀ ਹਾਰ 'ਤੇ ਸਿੱਧੂ ਤੇ ਹਾਈ ਕਮਾਂਡ ਉੱਤੇ ਕੱਢੀ ਭੜਾਸ

    'ਕਾਂਗਰਸ ਨੂੰ ਲੋਕ ਨਹੀਂ ਹਰਾਉਂਦੇ, ਕਾਂਗਰਸੀ ਹੀ ਮਾਰਦੇ ਹਨ', ਪੰਜਾਬ ਚੋਣਾਂ ਵਿੱਚ ਕਾਂਗਰਸ ਨੂੰ ਹਾਰ ਦਾ ਮੂੰਹ ਕਿਉਂ ਦੇਖਣਾ ਪਿਆ... ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗਿਣਵਾਏ ਕਈ ਕਾਰਨ ਅਤੇ ਸਿੱਧੂ ਤੇ ਹਾਈ ਕਮਾਂਡ ਉੱਤੇ ਕੱਢੀ ਭੜਾਸ।

  5. ਯੂਕਰੇਨ - ਰੂਸ ਜੰਗ: ਈਬੇ ਨੇ ਰੂਸ ਸਬੰਧਤ ਸਾਰੇ ਲੈਣ-ਦੇਣ 'ਤੇ ਲਗਾਈ ਰੋਕ

    ਆਨਲਾਈਨ ਵਪਾਰਕ ਵੈੱਬਸਾਈਟ ਈਬੇ (eBay) ਨੇ ਕਿਹਾ ਹੈ ਕਿ ਉਸ ਨੇ ਰੂਸ ਦੇ ਪਤਿਆਂ ਸਬੰਧਿਤ ਸਾਰੇ ਲੈਣ-ਦੇਣ ਨੂੰ ਬਲੌਕ ਕਰ ਦਿੱਤਾ ਹੈ।

    ਈਬੇ 'ਤੇ ਉਤਪਾਦ ਵੇਚੇ ਅਤੇ ਖਰੀਦੇ ਜਾਂਦੇ ਹਨ ਅਤੇ ਉਨ੍ਹਾਂ ਲਈ ਬੋਲੀ ਲਗਾਈ ਜਾਂਦੀ ਹੈ।

    ਕੈਲੀਫੋਰਨੀਆ ਦੀ ਇਸ ਕੰਪਨੀ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਬੀਬੀਸੀ ਨੂੰ ਦੱਸਿਆ, "ਅਸੀਂ ਯੂਕਰੇਨ ਦੇ ਨਾਲ ਖੜ੍ਹੇ ਹਾਂ ਅਤੇ ਯੂਕਰੇਨ ਦੇ ਲੋਕਾਂ ਅਤੇ ਉਸ ਖੇਤਰ ਵਿੱਚ ਸਾਡੇ ਵਿਕਰੇਤਾਵਾਂ ਦਾ ਸਮਰਥਨ ਕਰਨ ਲਈ ਕਈ ਕਦਮ ਚੁੱਕ ਰਹੇ ਹਾਂ।"

    ਉਨ੍ਹਾਂ ਕਿਹਾ, "ਪੇਮੈਂਟ ਵੈਂਡਰਜ਼ ਅਤੇ ਪ੍ਰਮੁੱਖ ਸ਼ਿਪਿੰਗ ਕੈਰੀਅਰਾਂ ਦੁਆਰਾ ਸੇਵਾ ਵਿੱਚ ਰੁਕਾਵਟਾਂ ਦੇ ਕਾਰਨ, ਅਸੀਂ ਰੂਸ ਦੇ ਪਤਿਆਂ ਨਾਲ ਜੁੜੇ ਸਾਰੇ ਲੈਣ-ਦੇਣ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ ਅਤੇ ਯੂਕਰੇਨੀ ਪਤਿਆਂ ਨਾਲ ਜੁੜੇ ਲੈਣ-ਦੇਣ ਵਿੱਚ ਦੇਰੀ ਹੋ ਸਕਦੀ ਹੈ''।

  6. ਰਸਾਇਣਕ ਹਮਲਿਆਂ ਬਾਰੇ ਪੋਲੈਂਡ ਦੀ ਰੂਸ ਨੂੰ ਚਿਤਾਵਨੀ

    ਪੋਲੈਂਡ ਦੇ ਰਾਸ਼ਟਰਪਤੀ ਦੇ ਐਂਡਰੇਸ ਡਿਓਡਾ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਜੇਕਰ ਰੂਸ ਯੂਕਰੇਨ ਉੱਪਰ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਨਾਟੋ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਹੋਵੇਗਾ।

    ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਆਖਿਆ ਕਿ ਜੇਕਰ ਰੂਸ ਅਜਿਹਾ ਕਰਦਾ ਹੈ, ਤਾਂ ਇਸ ਨਾਲ ਸਭ ਕੁਝ ਬਦਲ ਜਾਵੇਗਾ।

    ਕੀ ਰਸਾਇਣਕ ਹਥਿਆਰਾਂ ਦਾ ਹਮਲਾ ਹੋ ਸਕਦਾ ਹੈ, ਇਸ ਬਾਰੇ ਰਾਸ਼ਟਰਪਤੀ ਨੇ ਆਖਿਆ,"ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆਂ ਨੇ ਇਸ ਪੱਧਰ 'ਤੇ ਕੋਈ ਸੰਘਰਸ਼ ਨਹੀਂ ਦੇਖਿਆ। ਪੁਤਿਨ ਕਿਸੇ ਵੀ ਹਥਿਆਰ ਦੀ ਵਰਤੋਂ ਕਰ ਸਕਦੇ ਹਨ। ਮੇਰੇ ਮੁਤਾਬਕ ਉਹ ਸਿਆਸੀ ਜੰਗ ਹਾਰ ਚੁੱਕੇ ਹਨ ਅਤੇ ਫੌਜ ਇਹ ਜੰਗ ਨਹੀਂ ਜਿੱਤੇਗੀ।"

  7. ਰੂਸ-ਯੂਕਰੇਨ ਜੰਗ: ਸਤਾਰਵੇਂ ਦਿਨ ਵੀ ਰੂਸੀ ਹਮਲੇ ਜਾਰੀ,ਵੇਖੋ ਤਸਵੀਰਾਂ

  8. ਯੂਕਰੇਨ ਦੇ ਫੌਜੀ ਅੱਡੇ 'ਤੇ ਹੋਏ ਹਮਲੇ 'ਚ 9 ਦੀ ਮੌਤ

    ਲਵੀਵ ਖੇਤਰ ਦੇ ਗਵਰਨਰ ਦਾ ਕਹਿਣਾ ਹੈ ਕਿ ਪੱਛਮੀ ਯੂਕਰੇਨ ਵਿੱਚ ਇੱਕ ਫੌਜੀ ਅੱਡੇ 'ਤੇ ਹੋਏ ਹਮਲੇ ਵਿੱਚ 9 ਲੋਕ ਮਾਰੇ ਗਏ ਹਨ ਅਤੇ 57 ਜ਼ਖਮੀ ਹੋਏ ਹਨ।

    ਉਨ੍ਹਾਂ ਕਿਹਾ ਕਿ ਰੂਸ ਨੇ ਯਾਵੋਰਿਵ ਫੌਜੀ ਅੱਡੇ 'ਤੇ 30 ਰਾਕੇਟ ਦਾਗੇ ਹਨ।

    ਦੂਜੇ ਪਾਸੇ ਯੂਕਰੇਨ ਦੇ ਪੱਛਮੀ ਸ਼ਹਿਰ ਇਵਾਨੋ-ਫ੍ਰੈਂਕਿਵਸਕ ਦੇ ਮੇਅਰ ਨੇ ਕਿਹਾ ਕਿ ਸ਼ਹਿਰ ਦੇ ਹਵਾਈ ਅੱਡੇ 'ਤੇ ਹਮਲਾ ਕੀਤਾ ਗਿਆ ਹੈ।

    ਮੇਅਰ ਰਸਲਾਨ ਮਾਰਟਸਿਨਕੀਵ ਨੇ ਫੇਸਬੁੱਕ 'ਤੇ ਦੱਸਿਆ: "ਸ਼ੁਰੂਆਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਹੋਏ ਧਮਾਕੇ ਹਵਾਈ ਅੱਡੇ 'ਤੇ ਹੋਏ ਹਮਲੇ ਦੇ ਸਨ। ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਦੁਸ਼ਮਣ ਦਾ ਉਦੇਸ਼ ਡਰ ਅਤੇ ਦਹਿਸ਼ਤ ਪੈਦਾ ਕਰਨਾ ਹੈ।"

    ਇਹ ਸ਼ਹਿਰ ਲਵੀਵ ਤੋਂ 114 ਕਿਲੋਮੀਟਰ ਦੱਖਣ ਵਿੱਚ ਹੈ, ਜਿੱਥੇ ਮਿਲਟਰੀ ਟਰੇਨਿੰਗ ਗਰਾਊਂਡ 'ਤੇ ਹਮਲਾ ਹੋਇਆ ਹੈ।

  9. ਭਗਵੰਤ ਮਾਨ ਅਤੇ ਕੇਜਰੀਵਾਲ ਦਾ ਅੰਮ੍ਰਿਤਸਰ ਵਿਖੇ ਰੋਡ ਸ਼ੋਅ-ਵੇਖੋ ਤਸਵੀਰਾਂ

  10. ਅਸੀਂ ਸਾਰੀਆਂ ਗਾਰੰਟੀਆਂ ਪੂਰੀਆਂ ਕਰਾਂਗੇ -ਅਰਵਿੰਦ ਕੇਜਰੀਵਾਲ

    ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਜਿੱਤ ਤੋਂ ਬਾਅਦ ਰੋਡ ਸ਼ੋਅ ਕੀਤਾ ਗਿਆ।

    ਇਸ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਫਿਰ ਦੁਹਰਾਇਆ ਕਿ ਪੰਜਾਬ ਦੇ ਕਿਸੇ ਸਰਕਾਰੀ ਦਫ਼ਤਰ ਵਿੱਚ ਮੁੱਖ ਮੰਤਰੀ ਦੀ ਤਸਵੀਰ ਨਹੀਂ ਲੱਗੇਗੀ।

    ਅਰਵਿੰਦ ਕੇਜਰੀਵਾਲ ਨੇ ਆਖਿਆ ਸੀ ਕਿ ਚਰਨਜੀਤ ਸਿੰਘ ਚੰਨੀ ਦੋਹੇਂ ਸੀਟਾਂ ਹਾਰਨਗੇ,ਮੈਂ ਕਿਹਾ ਸੀ ਕਿ ਪੰਜੇ ਬਾਦਲ ਹਾਰਨਗੇ।

    ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿੰਨ ਕਰੋੜ ਪੰਜਾਬੀਆਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਦੁਨੀਆਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਸ ਪੱਧਰ ਦਾ ਵੱਡਾ ਇਨਕਲਾਬ ਆ ਗਿਆ।

    ਪੰਜਾਬ ਦੇ ਸਾਰੇ ਵੱਡੇ ਆਗੂ ਜੋ ਆਪਣੀਆਂ ਸੀਟਾਂ ਹਾਰੇ ਹਨ, ਉਨ੍ਹਾਂ ਦਾ ਜ਼ਿਕਰ ਕੇਜਰੀਵਾਲ ਨੇ ਕੀਤਾ।

    "ਕਈ ਵਰ੍ਹਿਆਂ ਬਾਅਦ ਪੰਜਾਬ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ। ਮੇਰਾ ਛੋਟਾ ਭਰਾ ਭਗਵੰਤ ਕੱਟੜ ਇਮਾਨਦਾਰ ਮੁੱਖ ਮੰਤਰੀ ਬਣੇਗਾ, ਇਮਾਨਦਾਰ ਸਰਕਾਰ ਮਿਲੇਗੀ।"

    "ਅਸੀਂ ਪੰਜਾਬੀਆਂ ਨਾਲ ਕੀਤੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕਰਾਂਗੇ ਕੁਝ ਛੇਤੀ ਹੋ ਸਕਦੇ ਹਨ ਕੁਝ ਵਿੱਚ ਦੇਰ ਲੱਗ ਸਕਦੀ ਹੈ।"

    ਅਰਵਿੰਦ ਕੇਜਰੀਵਾਲ ਨੇ ਸਾਰੇ ਪੰਜਾਬੀਆਂ ਨੂੰ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਨਿਓਤਾ ਦਿੱਤਾ।

  11. ਅੰਮ੍ਰਿਤਸਰ 'ਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋਅ

    ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਪਹੁੰਚੇ ਹੋਏ ਹਨ।

    ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਧਾਰਮਿਕ ਅਸਥਾਨਾਂ ਵਿਖੇ ਨਤਮਸਤਕ ਹੋਣ ਤੋਂ ਬਾਅਦ ਹੁਣ ਪਾਰਟੀ ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਹੈ।

  12. 16 ਮਾਰਚ ਨੂੰ ਸਿਰਫ ਭਗਵੰਤ ਮਾਨ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ

    ਪੰਜਾਬ 'ਚ ਬਣਨ ਜਾ ਰਹੀ ਨਵੀਂ ਸਰਕਾਰ ਲਈ ਭਗਵੰਤ ਮਾਨ 16 ਮਾਰਚ ਨੂੰ ਖਟਕੜ ਕਲਾਂ ਵਿੱਚ ਸਹੁੰ ਚੁੱਕਣਗੇ।

    ਜਾਣਕਾਰੀ ਮੁਤਾਬਕ, ਇਸ ਦਿਨ ਸਿਰਫ਼ ਭਗਵੰਤ ਮਾਨ ਹੀ ਮੁੱਖ ਮੰਤਰੀ ਪੰਜਾਬ ਵਜੋਂ ਸਹੁੰ ਚੁੱਕਣਗੇ ਅਤੇ ਬਾਕੀ ਵਿਧਾਇਕ ਕਿਸੇ ਹੋਰ ਦਿਨ ਮੰਤਰੀ ਅਹੁਦਿਆਂ ਲਈ ਸਹੁੰ ਚੁੱਕਣਗੇ।

    ਪਾਰਟੀ ਵੱਲੋਂ ਇਸ ਸਮਾਗਮ ਲਈ ਪੂਰੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ।

  13. ਸੁਖਬੀਰ ਬਾਦਲ ਨੂੰ ਹਰਾਉਣ ਵਾਲੇ ਗੋਲਡੀ ਕੰਬੋਜ ਬੋਲੇ- 'ਆਪਣਾ ਪਿਛਲਾ ਹਿਸਾਬ-ਕਿਤਾਬ ਕਰਨ ਲਈ ਤਿਆਰ ਹੋ ਜਾਓ'

    ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਾਲ ਅੱਜ ਮਨੀਸ਼ ਸਿਸੋਦੀਆ ਅਤੇ ਪਾਰਟੀ ਦੇ ਵਿਧਾਇਕ ਵੀ ਅੰਮ੍ਰਿਤਸਰ ਪਹੁੰਚੇ ਹਨ।

    ਜਲਾਲਾਬਾਦ ਤੋਂ ਸੁਖਬੀਰ ਬਾਦਲ ਨੂੰ ਹਰਾਉਣ ਵਾਲੇ ਗੋਲਡੀ ਕੰਬੋਜ ਨੇ ਇਸ ਦੌਰਾਨ ਕਿਹਾ ਕਿ, ''ਮੈਂ ਤਾ ਛੋਟਾ ਜਿਹਾ ਸਿਪਾਸੀ ਸੀ, ਇਹ ਅਰਵਿੰਦ ਕੇਜਰੀਵਾਲ ਦੀ ਫੌਜ ਹੈ।''

    ਜਲਾਲਾਬਾਦ 'ਚ ਕੰਮ ਕਰਨ ਨੂੰ ਲੈ ਕੇ ਉਨ੍ਹਾਂ ਕਿਹਾ, ''ਸਭ ਤੋਂ ਪਹਿਲਾ ਕੰਮ ਨਸ਼ੇ ਬਹੁਤ ਜ਼ਿਆਦਾ, ਪੀਣ ਵਾਲਾ ਪਾਣੀ ਹੈ ਨਹੀਂ ਅਤੇ ਆਜ਼ਾਦੀ ਮਿਲ ਗਈ।''

    ''ਸੁਖਬੀਰ ਬਾਦਲ ਹੋਰਾਂ ਨੂੰ ਇੱਕੋ ਸੁਨੇਹਾ ਹੈ ਕਿ ਆਪਣਾ ਪਿਛਲਾ ਹਿਸਾਬ-ਕਿਤਾਬ ਕਰਨ ਲਈ ਤਿਆਰ ਹੋ ਜਾਓ।''

  14. ਕੇਜਰੀਵਾਲ ਤੇ ਭਗਵੰਤ ਮਾਨ ਦੇ ਰੋਡ ਸ਼ੋਅ ਵਿਚ ਸ਼ਾਮਲ ਪਾਰਟੀ ਵਰਕਰ

  15. ਭਗਵੰਤ ਤੇ ਕੇਜਰੀਵਾਲ ਨੇ ਜੱਲ੍ਹਿਆਂਵਾਲਾ ਬਾਗ ਵਿਚ ਸ਼ਰਧਾ ਦੇ ਫੁੱਲ ਭੇਟ ਕੀਤੇ

  16. ਸ਼੍ਰੋਮਣੀ ਕਮੇਟੀ ਵੱਲੋਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਕੀਤਾ ਗਿਆ ਸਨਮਾਨਿਤ

    ਸ਼੍ਰੋਮਣੀ ਕਮੇਟੀ ਦੇ ਸੂਚਨਾ ਦਫ਼ਤਰ 'ਚ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਸਨਮਾਨਿਤ ਕੀਤਾ ਗਿਆ।

    ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਇਕ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਹੈ। ਇਸਤੋਂ ਬਾਅਦ ਉਹ ਜ਼ਿਲ੍ਹਿਆਂ ਵਾਲੇ ਬਾਗ਼ ਪਹੁੰਚੇ ਅਤੇ ਉੱਥੋਂ ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਪਹੁੰਚਣਗੇ।

  17. ਅੰਮ੍ਰਿਤਸਰ 'ਚ 'ਆਪ' ਦਾ ਸਵਾਗਤ

    ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਅੱਜ ਅੰਮ੍ਰਿਤਸਰ ਵਿਖੇ ਰੋਡ ਸ਼ੋਅ ਕਰਨ ਪਹੁੰਚੀ ਹੈ।

    ਰੋਡ ਸ਼ੋਅ ਤੋਂ ਪਹਿਲਾਂ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਪਾਰਟੀ ਵਿਧਾਇਕਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

    ਪਾਰਟੀ ਮੈਂਬਰਾਂ ਦੇ ਅੰਮ੍ਰਿਤਸਰ ਵਿਖੇ ਪਹੁੰਚਣ 'ਤੇ ਸ਼ਾਨਦਾਰ ਤਿਆਰੀਆਂ ਨਜ਼ਰ ਆ ਰਹੀਆਂ ਹਨ ਅਤੇ ਭਾਰੀ ਸੰਖਿਆ ਵਿੱਚ ਲੋਕ ਵੀ ਪਹੁੰਚੇ ਹੋਏ ਹਨ।

    ਤਸਵੀਰਾਂ 'ਚ ਦੇਖੋ ਕਿਹੋ ਜਿਹਾ ਹੈ ਮਾਹੌਲ

  18. ਭਗਵੰਤ ਮਾਨ ਤੇ ਕੇਜਰੀਵਾਲ ਮੱਥਾ ਟੇਕ ਪਰਿਕਰਮਾ ਕਰਦੇ ਹੋਏ

  19. ਸ੍ਰੀ ਦਰਬਾਰ ਸਾਹਿਬ ਤੋਂ ਲਾਇਵ

  20. ਨਿਮਾਣੇ ਸਿੱਖ ਵਜੋਂ ਦਰਬਾਰ ਸਾਹਿਬ ਜਾ ਰਿਹਾ ਹਾਂ - ਮਾਨ