ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਸੀਬੀਆਈ ਨੇ ਸਾਢੇ 9 ਘੰਟਿਆਂ ’ਚ ਕੀ-ਕੀ ਪੁੱਛਿਆ

ਪੰਜਾਬ ਅਤੇ ਦੇਸ਼-ਦੁਨੀਆਂ ਦੀਆਂ ਅੱਜ ਦੀਆਂ ਖ਼ਾਸ ਖ਼ਬਰਾਂ ਨੂੰ ਪੜ੍ਹੋ

ਲਾਈਵ ਕਵਰੇਜ

  1. ਚੋਣ ਨਤੀਜੇ: ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਜਿੱਤ ਦੇ ਭਾਜਪਾ ਨੇ 3 ਕਾਰਨ ਗਿਣਾਏ ਤੇ ਕਾਂਗਰਸ ਨੇ ਹਾਰ ਤੋਂ ਬਾਅਦ ਇਹ ਕਿਹਾ

  2. ਅੱਜ ਦਾ ਮੁੱਖ ਘਟਨਾਕ੍ਰਮ

    ਦੇਸ਼-ਵਿਦੇਸ਼ ਦੀਆਂ ਅਹਿਮ ਖ਼ਬਰਾਂ ਦੀ ਲਾਈਵ ਕਵਰੇਜ ਦੇ ਇਸ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ:

    • ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਕੋਲੋਂ ਆਬਕਾਰੀ ਨੀਤੀ 'ਚ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਸੀਬੀਆਈ ਨੇ ਅੱਜ ਸਾਢੇ 9 ਘੰਟੇ ਪੁੱਛਗਿੱਛ ਕੀਤੀ। ਪੁੱਛਗਿੱਛ ਮਗਰੋਂ ਕੇਜਰੀਵਾਲ ਨੇ ਬਾਹਰ ਆ ਕੇ ਦੱਸਿਆ ਕਿ ਉਨ੍ਹਾਂ ਕੋਲੋਂ ਕਰੀਬ 56 ਸਵਾਲ ਪੁੱਛੇ ਗਏ ਸਨ।
    • ਅਮਰੀਕਾ ਦੇ ਅਲਬਾਮਾ ਸੂਬੇ 'ਚ ਗੋਲੀਬਾਰੀ ਦੀ ਘਟਨਾ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।
    • ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੇ ਪੋਸਟਮਾਰਟਮ ਮਗਰੋਂ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਕਸਰੀ-ਮਸਾਰੀ ਕਬਰਿਸਤਾਨ ਵਿੱਚ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ।
    • ਦੁਬਈ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ ਚਾਰ ਭਾਰਤੀਆਂ ਸਣੇ 16 ਲੋਕਾਂ ਦੀ ਮੌਤ ਹੋ ਗਈ ਹੈ।
  3. ਕੇਜਰੀਵਾਲ ਨੇ ਦੱਸਿਆ ਸੀਬੀਆਈ ਨੇ ਪੁੱਛੇ ਕਰੀਬ 56 ਸਵਾਲ

    ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਕੋਲੋਂ ਆਬਕਾਰੀ ਨੀਤੀ 'ਚ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਸੀਬੀਆਈ ਨੇ ਅੱਜ ਸਾਢੇ 9 ਘੰਟੇ ਪੁੱਛਗਿੱਛ ਕੀਤੀ। ਪੁੱਛਗਿੱਛ ਮਗਰੋਂ ਕੇਜਰੀਵਾਲ ਨੇ ਬਾਹਰ ਆ ਕੇ ਦੱਸਿਆ ਕਿ ਉਨ੍ਹਾਂ ਕੋਲੋਂ ਕਿਹੜੇ-ਕਿਹੜੇ ਸਵਾਲ ਪੁੱਛੇ ਗਏ ਸਨ।

    ਐਡਿਟ - ਸਦਫ਼ ਖ਼ਾਨ

    ਵੀਡੀਓ ਕੈਪਸ਼ਨ, ਕੇਜਰੀਵਾਲ ਨੇ ਦੱਸਿਆ ਸਾਢੇ 9 ਘੰਟਿਆਂ ਵਿੱਚ ਸੀਬੀਆਈ ਨੇ ਕੀ-ਕੀ ਪੁੱਛਿਆ
  4. ਅਮਰੀਕਾ ਦੇ ਅਲਬਾਮਾ ਵਿੱਚ ਹੋਈ ਗੋਲੀਬਾਰੀ ‘ਚ ਚਾਰ ਦੀ ਮੌਤ, ਕਈ ਜ਼ਖਮੀ

    ਅਮਰੀਕਾ ਦੇ ਅਲਬਾਮਾ ਸੂਬੇ 'ਚ ਗੋਲੀਬਾਰੀ ਦੀ ਘਟਨਾ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।

    ਸਥਾਨਕ ਮੀਡੀਆ ਮੁਤਾਬਕ ਗੋਲੀਬਾਰੀ ਦੀ ਇਹ ਵਾਰਦਾਤ ਅਲਬਾਮਾ ਦੇ ਡੈਡਵਿਲੇ ਸ਼ਹਿਰ 'ਚ ਇੱਕ ਜਨਮਦਿਨ ਪਾਰਟੀ ਵਿੱਚ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਰਾਤ 10:30 ਵਜੇ ਵਾਪਰੀ।

    ਅਲਬਾਮਾ ਦੇ ਗਵਰਨਰ ਕੇਵ ਆਈਵੀ ਨੇ ਇਸ ਬਾਰੇ ਟਵਿੱਟਰ 'ਤੇ ਲਿਖਿਆ, "ਅੱਜ ਸਵੇਰੇ, ਮੈਂ ਡੈਡਵਿਲੇ ਦੇ ਲੋਕਾਂ ਅਤੇ ਅਲਬਾਮਾ ਦੇ ਆਪਣੇ ਸਾਥੀ ਨਾਗਰਿਕਾਂ ਨਾਲ ਸੋਗ ਮਨਾ ਰਿਹਾ ਹਾਂ। ਸਾਡੇ ਰਾਜ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ।"

    ਅਮਰੀਕਾ ਦੇ ਅਲਬਾਮਾ ‘ਚ ਹੋਈ ਗੋਲੀਬਾਰੀ ‘ਚ ਚਾਰ ਦੀ ਮੌਤ

    ਤਸਵੀਰ ਸਰੋਤ, Twitter

    ਡੈਡਵਿਲੇ ਪੁਲਿਸ ਅਤੇ ਉੱਥੋਂ ਦੇ ਹਾਈ ਸਕੂਲ ਦੀ ਫੁੱਟਬਾਲ ਟੀਮ ਲਈ ਚੈਪਲਿਨ ਵਜੋਂ ਕੰਮ ਕਰਨ ਵਾਲੇ ਬੇਨ ਹੇਅਸ ਨੇ ਕਿਹਾ ਕਿ ਮਾਰੇ ਗਏ ਜ਼ਿਆਦਾਤਰ ਨੌਜਵਾਨ ਸਨ।

    ਉਨ੍ਹਾਂ ਨੇ ਕਿਹਾ, "ਮਾਰਿਆ ਗਿਆ ਇੱਕ ਨੌਜਵਾਨ ਸਾਡੇ ਸਟਾਰ ਖਿਡਾਰੀਆਂ ਵਿੱਚੋਂ ਇੱਕ ਸੀ। ਉਹ ਬਹੁਤ ਵਧੀਆ ਇਨਸਾਨ ਸੀ। ਮੈਂ ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਜਾਣਦਾ ਸੀ। ਡੈਡਵਿਲੇ ਇੱਕ ਛੋਟਾ ਜਿਹਾ ਸ਼ਹਿਰ ਹੈ ਅਤੇ ਇਸ ਘਟਨਾ ਦਾ ਇੱਥੇ ਹਰ ਕਿਸੇ ਨੂੰ ਪ੍ਰਭਾਵਿਤ ਕਰੇਗੀ।"

    ਲਗਭਗ 3,200 ਲੋਕਾਂ ਦੀ ਆਬਾਦੀ ਵਾਲਾ ਇਹ ਕਸਬਾ ਅਲਬਾਮਾ ਦੇ ਪੂਰਬੀ ਹਿੱਸੇ ਵਿੱਚ ਤੱਲਾਪੋਸਾ ਕਾਉਂਟੀ ਵਿੱਚ ਸਥਿਤ ਹੈ।

  5. ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਸੀਬੀਆਈ ਵੱਲੋਂ ਕੀਤੀ ਪੁੱਛਗਿੱਛ ’ਚ ਕੀ-ਕੀ ਹੋਇਆ

    ਅਰਵਿੰਦ ਕੇਜਰੀਵਾਲ

    ਤਸਵੀਰ ਸਰੋਤ, ANI

    ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਕੋਲੋਂ ਆਬਕਾਰੀ ਨੀਤੀ 'ਚ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਸੀਬੀਆਈ ਨੇ ਅੱਜ ਸਾਢੇ 9 ਘੰਟੇ ਪੁੱਛਗਿੱਛ ਕੀਤੀ।

    ਪੁੱਛਗਿੱਛ ਮਗਰੋਂ ਕੇਜਰੀਵਾਲ ਨੇ ਬਾਹਰ ਆ ਕੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਕੋਲੋਂ ਕਿਹੜੇ-ਕਿਹੜੇ ਸਵਾਲ ਪੁੱਛੇ ਗਏ ਸਨ।

    ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਸੀਬੀਆਈ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਬਹੁਤ ਸਤਿਕਾਰ ਭਰੇ ਮਾਹੌਲ ਵਿੱਚ ਸਵਾਲ ਪੁੱਛੇ।

    ਉਨ੍ਹਾਂ ਨੇ ਕਿਹਾ, "ਉਨ੍ਹਾਂ ਜੋ ਸਵਾਲ ਪੁੱਛੇ ਮੈਂ ਉਨ੍ਹਾਂ ਸਿੱਧਾ-ਸਿੱਧਾ ਜਵਾਬ ਦਿੱਤਾ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਸਾਡੇ ਕੋਲ ਕੁਝ ਲਕਾਉਣ ਲਈ ਨਹੀਂ ਹੈ।"

    ਕੇਜਰੀਵਾਲ ਨੇ ਮੁੜ ਦੁਹਰਾਇਆ ਕਿ ਇਹ ਕਥਿਤ ਸ਼ਰਾਬ ਘੁਟਾਲਾ, ਝੂਠ ਹੈ, ਫਰਜ਼ੀ ਹੈ ਅਤੇ ਗੰਦੀ ਰਾਜਨੀਤੀ ਨਾਲ ਪ੍ਰੇਰਿਤ ਹੈ।

    ਉਨ੍ਹਾਂ ਨੇ ਕਿਹਾ, "ਆਮ ਆਦਮੀ ਪਾਰਟੀ ਇੱਕ ਕੱਟੜ ਇਮਾਨਦਾਰੀ ਪਾਰਟੀ ਹੈ। ਕੱਟੜ ਇਮਾਨਦਾਰੀ ਸਾਡੀ ਬੁਨਿਆਦੀ ਵਿਚਾਰਧਾਰਾ ਹੈ।"

    "ਜਿਹੜੇ ਚੰਗੇ ਕੰਮ ਅਸੀਂ ਕਰ ਰਹੇ ਹਾਂ ਉਹ ਇਹ ਕਰ ਨਹੀਂ ਸਕਦੇ, ਤਾਂ ਇੱਕ ਹੀ ਤਰੀਕਾ ਹੈ ਕਿ ਸਾਨੂੰ ਬਦਨਾਮ ਕਰੋ, ਆਮ ਆਦਮੀ ਪਾਰਟੀ ਨੂੰ ਕੁਚਲ ਦਿਓ, ਬਰਬਾਦ ਕਰ ਦਿਓ।"

    ਪੁੱਛਗਿੱਛ ਬਾਰੇ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ, "ਸਾਰਾ ਕੁਝ ਪੁੱਛਿਆ ਉਨ੍ਹਾਂ ਨੇ ਕਿ ਇਹ ਨੀਤੀ ਸ਼ੁਰੂ ਕਿਵੇਂ ਹੋਈ, ਕਿੱਥੋਂ ਸ਼ੁਰੂ ਹੋਈ, ਕਿਉਂ ਕੀਤਾ ਸਾਰਾ ਕੁਝ ਪੁੱਛਿਆ। 2020 ਤੋਂ ਲੈ ਕੇ ਹੁਣ ਤੱਕ ਸਾਰੇ ਵਿਕਾਸ ਬਾਰੇ ਲਗਭਗ 56 ਸਵਾਲ ਉਨ੍ਹਾਂ ਨੇ ਪੁੱਛੇ।"

    "ਮੈਨੂੰ ਕੋਈ ਸੰਕੇਤ ਨਹੀਂ ਮਿਲਿਆ ਕਿ ਉਹ ਮੈਨੂੰ ਅੱਗੇ ਬਲਾਉਣਗੇ। ਮੇਰਾ ਮੰਨਣਾ ਹੈ ਕਿ ਪੂਰਾ ਦਾ ਪੂਰਾ ਕੇਸ ਫਰਜ਼ੀ ਹੈ। ਉਨ੍ਹਾਂ ਕੋਲ ਜ਼ਰਾ ਜਿਹਾ ਸਬੂਤ ਉਨ੍ਹਾਂ ਕੋਲ ਨਹੀਂ ਹੈ, ਜੋ ਕਿਹਾ ਜਾ ਸਕੇ ਆਮ ਆਦਮੀ ਪਾਰਟੀ ਨੇ ਕੁਝ ਗ਼ਲਤ ਕੀਤਾ ਹੈ।"

  6. ਅਤੀਕ ਅਹਿਮਦ ਅਤੇ ਉਸ ਦੇ ਭਰਾ ਦੇ ਮ੍ਰਿਤਕ ਦੇਹ ਨੂੰ ਕੀਤਾ ਸਪੁਰਦ-ਏ-ਖ਼ਾਕ

    ਅਤੀਕ ਅਤੇ ਅਸ਼ਰਫ਼ ਦਾ ਹੋਇਆ ਅੰਤਿਮ ਸੰਸਕਾਰ

    ਤਸਵੀਰ ਸਰੋਤ, ANI

    ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਨੂੰ ਸਪੂਰਦ-ਏ-ਖ਼ਾਕ ਕੀਤਾ ਗਿਆ।

    ਪਹਿਲਾਂ ਉਨ੍ਹਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਹੋਇਆ ਤੇ ਫਿਰ ਅਤੀਕ ਅਤੇ ਅਸ਼ਰਫ ਦੀਆਂ ਮ੍ਰਿਤਕ ਦੇਹਾਂ ਨੂੰ ਅੰਤਿਮ ਸੰਸਕਾਰ ਲਈ ਕਸਰੀ-ਮਸਾਰੀ ਕਬਰਿਸਤਾਨ ਲਿਆਂਦਾ ਗਿਆ।

    ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਦੀਆਂ ਲਾਸ਼ਾਂ ਨੂੰ ਐਂਬੂਲੈਂਸ ਵਿੱਚ ਲਿਆਂਦਾ ਗਿਆ ਜਿਸ ਵਿੱਚ ਪਰਿਵਾਰ ਦਾ ਇੱਕ ਬਜ਼ੁਰਗ ਵਿਅਕਤੀ ਵੀ ਦੇਖਿਆ ਗਿਆ।

    ਪੁਲਿਸ ਮੁਤਾਬਕ ਕਥਿਤ ਮੁਕਾਬਲੇ 'ਚ ਮਾਰੇ ਗਏ ਅਤੀਕ ਅਹਿਮਦ ਦੇ ਬੇਟੇ ਅਸਦ ਅਹਿਮਦ ਨੂੰ ਵੀ ਸ਼ਨੀਵਾਰ ਨੂੰ ਇਸੇ ਕਬਰਸਤਾਨ 'ਚ ਦਫਨਾਇਆ ਗਿਆ।

    ਅਤੀਕ ਅਹਿਮਦ ਦੇ ਜੱਦੀ ਪਿੰਡ ਕਸਰੀ ਮਸਾਰੀ ਕਬਰਸਤਾਨ ਹੈ ਅਤੇ ਉਸ ਦੇ ਮਾਤਾ-ਪਿਤਾ ਨੂੰ ਵੀ ਇੱਥੇ ਦਫ਼ਨਾਏ ਗਏ ਸੀ।

    ਕਬਰੀਸਤਾਨ 'ਤੇ ਵੱਡੀ ਗਿਣਤੀ 'ਚ ਪੁਲਿਸ ਤੈਨਾਤ ਕੀਤੀ ਗਈ ਅਤੇ ਕੁਝ ਰਿਸ਼ਤੇਦਾਰਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ।

    ਅਤੀਕ ਅਹਿਮਦ ਅਤੇ ਅਸ਼ਰਫ ਅਹਿਮਦ ਦੀ ਸ਼ਨੀਵਾਰ ਨੂੰ ਪੁਲਿਸ ਹਿਰਾਸਤ 'ਚ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

  7. ਅਤੀਕ ਅਹਿਮਦ ਉੱਤੇ ਗੋਲੀ ਚਲਾਉਣ ਵਾਲਿਆਂ ਦੇ ਪਰਿਵਾਰ ਵਾਲਿਆਂ ਨੇ ਕੀ ਕਿਹਾ

    ਉੱਤਰ ਪ੍ਰਦੇਸ਼ ਪੁਲਿਸ ਨੇ ਅਤੀਕ ਅਹਿਮਦ ਦੇ ਤਿੰਨਾਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਕਾਸਗੰਜ ਦੇ ਅਰੁਣ ਮੌਰਿਆ, ਹਮੀਰਪੁਰ ਦੇ ਸੰਨੀ ਅਤੇ ਬਾਂਦਾ ਦੇ ਤਵਲੇਸ਼ ਤਿਵਾਰੀ ਵਜੋਂ ਹੋਈ ਹੈ।

    22 ਸਾਲ ਦੇ ਲਵਲੇਸ਼ ਤਿਵਾਰੀ ਦੇ ਪਿਤਾ ਦਾ ਕਹਿਣਾ ਹੈ ਕਿ ਬੇਟੇ ਦਾ ਪਰਿਵਾਰ ਨਾਲ ਕੋਈ ਰਿਸ਼ਤਾ ਨਹੀਂ ਹੈ।

    ਉੱਥੇ ਹੀ ਉਸ ਦੀ ਮਾਂ ਰੋ-ਰੋ ਕਹਿ ਰਹੀ ਸੀ, "ਉਹ ਤਾਂ ਇੰਨਾ ਵੱਡਾ ਭਗਤ ਵੀ ਸੀ। ਭਗਵਾਨ ਦਾ ਬਹੁਤ ਵੱਡਾ ਭਗਤ ਸੀ...ਮੇਰੇ ਨਾਲ ਹਰ ਥਾਂ ਜਾਂਦਾ ਸੀ। ਸੰਕਟਮੋਚਨ ਦਰਸ਼ਨ ਕਰਨ ਜਾਂਦਾ ਸੀ। ਮੰਡਲੀ ਵਿੱਚ ਗਉਂਦਾ-ਵਜਾਉਂਦਾ ਵੀ ਸੀ ਪਰ ਪਤਾ ਨਹੀਂ ਉਸ ਦੇ ਨਸੀਬ ਵਿੱਚ ਕੀ ਲਿਖਿਆ ਹੈ।"

    "ਪਤਾ ਨਹੀਂ ਕਿਸਮਤ ਵਿੱਚ ਕੀ ਲਿਖਿਆ ਹੈ। ਕੀ ਨਸੀਬ ਵਿੱਚ ਹੈ, ਸਮਝ ਹੀ ਨਹੀਂ ਆਉਂਦਾ। ਇੱਕ ਹਫ਼ਤਾ ਹੋ ਗਿਆ, ਜਦੋਂ ਦਾ ਗਿਆ ਉਦੋਂ ਤੋਂ ਕੋਈ ਗੱਲਬਾਤ ਨਹੀਂ ਹੈ। ਫੋਨ ਵੀ ਬੰਦ ਆਉਂਦਾ ਹੈ।"

    ਉਧਰ 23 ਸਾਲ ਦੇ ਮੁਲਜ਼ਮ ਸੰਨੀ ਸਿੰਘ ਦੇ ਭਰਾ ਪਿੰਟੂ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਨੇ ਰਿਸ਼ਤਾ ਖ਼ਤਮ ਕਰ ਲਿਆ ਹੈ।

    18 ਸਾਲ ਦੇ ਅਰੁਣ ਮੌਰਿਆ ਦੇ ਰਿਸ਼ਤੇਦਾਰ ਮੀਡੀਆ ਨਾਲ ਗੱਲਬਾਤ ਦੌਰਾਨ ਕਹਿ ਰਹੇ ਹਨ ਕਿ ਉਹ ਕਈ ਦਿਨਾਂ ਤੋਂ ਘਰ ਨਹੀਂ ਆਇਆ।

    ਵੀਡੀਓ ਕੈਪਸ਼ਨ, ਅਤੀਕ ਅਹਿਮਦ ਉੱਤੇ ਗੋਲੀ ਚਲਾਉਣ ਵਾਲਿਆਂ ਦੇ ਪਰਿਵਾਰ ਵਾਲਿਆਂ ਨੇ ਕੀ ਕਿਹਾ
  8. ਅਤੀਕ ਅਹਿਮਦ ਦੇ ਕਤਲ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਦਾ ਗਠਨ

    ਅਤੀਕ ਅਹਿਮਦ

    ਤਸਵੀਰ ਸਰੋਤ, ANI

    ਉੱਤਰ ਪ੍ਰਦੇਸ਼ ਸਰਕਾਰ ਨੇ ਸਾਬਕਾ ਸੰਸਦ ਮੈਂਬਰ ਅਤੇ ਬਾਹੁਬਲੀ ਨੇਤਾ ਅਤੀਕ ਅਹਿਮਦ ਦੇ ਪੁਲਿਸ ਹਿਰਾਸਤ ਵਿੱਚ ਹੋਏ ਕਤਲ ਦੀ ਜਾਂਚ ਲਈ ਇੱਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਹੈ।

    ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗ੍ਰਹਿ ਵਿਭਾਗ ਨੇ ਕਮਿਸ਼ਨ ਆਫ਼ ਇਨਕੁਆਰੀ ਐਕਟ, 1952 ਦੇ ਤਹਿਤ 15 ਅਪ੍ਰੈਲ ਨੂੰ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਵਾਪਰੀ ਸਾਰੀ ਘਟਨਾ ਦੀ ਵਿਸਤ੍ਰਿਤ ਜਾਂਚ ਲਈ ਇੱਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਹੈ।

    ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਸ ਸਬੰਧੀ ਰਸਮੀ ਹੁਕਮ ਜਾਰੀ ਕਰ ਦਿੱਤੇ ਹਨ।

    ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦੋ ਮਹੀਨਿਆਂ ਦੇ ਅੰਦਰ ਪੂਰੇ ਘਟਨਾਕ੍ਰਮ ਦੀ ਜਾਂਚ ਕਰਕੇ ਰਿਪੋਰਟ ਸਰਕਾਰ ਨੂੰ ਸੌਂਪੇਗਾ।

    ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਅਰਵਿੰਦ ਕੁਮਾਰ ਤ੍ਰਿਪਾਠੀ ਇਸ ਨਿਆਂਇਕ ਕਮਿਸ਼ਨ ਦੀ ਅਗਵਾਈ ਕਰਨਗੇ।

    ਉਨ੍ਹਾਂ ਤੋਂ ਇਲਾਵਾ ਸੇਵਾਮੁਕਤ ਡੀਜੀਪੀ ਸੁਭਾਸ਼ ਕੁਮਾਰ ਸਿੰਘ ਆਈਪੀਐਸ ਅਤੇ ਸੇਵਾਮੁਕਤ ਜ਼ਿਲ੍ਹਾ ਜੱਜ ਬ੍ਰਿਜੇਸ਼ ਕੁਮਾਰ ਸੋਨੀ ਇਸ ਨਿਆਂਇਕ ਕਮਿਸ਼ਨ ਦੇ ਮੈਂਬਰ ਹੋਣਗੇ।

  9. ਅਤੀਕ ਕਤਲ ਕੇਸ: ਹਮਲਾਵਰਾਂ ਨੇ ਦੱਸਿਆ ਗੋਲੀਬਾਰੀ ਦਾ ਕਾਰਨ

    ਅਤੀਕ ਅਹਿਮਦ ਕੇਸ

    ਤਸਵੀਰ ਸਰੋਤ, ANI

    ਅਰੁਣ ਮੌਰਿਆ, ਲਵਲੇਸ਼ ਤਿਵਾਰੀ ਅਤੇ ਸੰਨੀ।

    ਇਹ ਉਹ ਤਿੰਨ ਨਾਮ ਹਨ ਜੋ ਸ਼ਨੀਵਾਰ ਰਾਤ ਤੋਂ ਅਖ਼ਬਾਰ ਤੋਂ ਲੈ ਕੇ ਟੀਵੀ ਤੱਕ ਸੁਰਖੀਆਂ ਵਿੱਚ ਹਨ।

    ਉੱਤਰ ਪ੍ਰਦੇਸ਼ ਪੁਲਿਸ ਮੁਤਾਬਕ ਤਿੰਨਾਂ ਨੌਜਵਾਨਾਂ ਨੇ ਸ਼ਨੀਵਾਰ ਰਾਤ ਨੂੰ ਪੱਤਰਕਾਰਾਂ ਦਾ ਭੇਸ ਧਾਰਿਆ ਹੋਇਆ ਸੀ।

    ਐੱਫਆਈਆਰ ਮੁਤਾਬਕ ਕਤਲ ਦੇ ਮਕਸਦ ਬਾਰੇ ਪੁੱਛੇ ਜਾਣ 'ਤੇ ਤਿੰਨਾਂ ਮੁਲਜ਼ਮਾਂ ਨੇ ਦੱਸਿਆ, "ਅਸੀਂ ਅਤੀਕ ਅਤੇ ਅਸ਼ਰਫ ਗੈਂਗ ਨੂੰ ਖ਼ਤਮ ਕਰ ਕੇ ਸੂਬੇ 'ਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਸੀ, ਜਿਸ ਦਾ ਭਵਿੱਖ 'ਚ ਸਾਨੂੰ ਫਾਇਦਾ ਮਿਲਦਾ।"

    "ਅਸੀਂ ਪੁਲਿਸ ਦੀ ਘੇਰਾਬੰਦੀ ਦਾ ਅੰਦਾਜ਼ਾ ਨਹੀਂ ਲਗਾ ਸਕੇ ਅਤੇ ਕਤਲ ਕਰ ਕੇ ਭੱਜਣ ਵਿੱਚ ਸਫ਼ਲ ਨਹੀਂ ਹੋਏ। ਪੁਲਿਸ ਦੀ ਤੇਜ਼ੀ ਨਾਲ ਕੀਤੀ ਗਈ ਕਾਰਵਾਈ ਦੌਰਾਨ ਅਸੀਂ ਫੜ੍ਹੇ ਗਏ।"

    "ਅਤੀਕ ਅਤੇ ਅਸ਼ਰਫ ਦੇ ਪੁਲਿਸ ਹਿਰਾਸਤ ਰਿਮਾਂਡ ਦੀ ਸੂਚਨਾ ਜਦੋਂ ਤੋਂ ਮਿਲੀ ਸੀ, ਉਦੋਂ ਤੋਂ ਹੀ ਅਸੀਂ ਮੀਡੀਆ ਕਰਮੀ ਬਣ ਕੇ ਸਥਾਨਕ ਮੀਡੀਆ ਕਰਮੀਆਂ ਦੀ ਭੀੜ ਵਿੱਚ ਰਹਿ ਕੇ ਇਨ੍ਹਾਂ ਦੋਵਾਂ ਨੂੰ ਮਾਰਨ ਦੀ ਫਿਰਾਕ ਵਿੱਚ ਸੀ।"

  10. ਕੌਣ ਹੈ ਗੁੱਡੂ ਮੁਸਲਿਮ, ਜਿਨ੍ਹਾਂ ਦਾ ਨਾਮ ਅਤੀਕ ਅਹਿਮਦ ਦੇ ਭਰਾ ਅਸ਼ਰਫ਼ ਨੇ ਗੋਲੀਆਂ ਚੱਲਣ ਤੋਂ ਪਹਿਲਾਂ ਲਿਆ

    ਤੀਕ ਅਹਿਮਦ ਅਤੇ ਭਰਾ ਅਸ਼ਰਫ਼

    ਤਸਵੀਰ ਸਰੋਤ, ANI

    ਗੋਲੀਆਂ ਚੱਲਣ ਤੋਂ ਕੁਝ ਸਕਿੰਟ ਪਹਿਲਾਂ ਹੀ ਅਤੀਕ ਅਹਿਮਦ ਨੇ ਮੀਡੀਆ ਨਾਲ ਗੱਲ ਕੀਤੀ ਸੀ।

    ਇਸ ਤੋਂ ਬਾਅਦ ਉਨ੍ਹਾਂ ਦੇ ਭਰਾ ਅਸ਼ਰਫ਼ ਨੇ ਕੈਮਰੇ ਵਿੱਚ ਗੁੱਡੂ ਮੁਸਲਿਮ ਨਾਮ ਦੇ ਇੱਕ ਵਿਅਕਤੀ ਬਾਰੇ ਕੁਝ ਕਹਿਣਾ ਸ਼ੁਰੂ ਹੀ ਕੀਤਾ ਸੀ ਕਿ ਇਸ ਵਿੱਚ ਇੱਕ ਹਮਲਾਵਰ ਨੇ ਅਤੀਕ ਅਹਿਮਦ 'ਤੇ ਗੋਲੀ ਚਲਾ ਦਿੱਤੀ।

    ਜਿਸ ਗੁੱਡੂ ਮੁਸਲਿਮ ਦਾ ਨਾਮ ਅਸ਼ਰਫ਼ ਅਹਿਮਦ ਲੈ ਰਹੇ ਸਨ ਉਨ੍ਹਾਂ ਨੂੰ ਬੰਬ ਬਣਾਉਣ ਦਾ ਮਾਹਰ ਮੰਨਿਆ ਜਾਂਦਾ ਹੈ।

    ਗੁੱਡੂ ਮੁਸਲਿਮ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਉੱਤਰ ਪੱਦੇਸ਼ ਦੇ ਵੱਡੇ-ਵੱਡੇ ਮਾਫ਼ੀਆ ਗਿਰੋਹਾਂ ਲਈ ਕੰਮ ਕੀਤਾ ਹੈ। ਬਾਅਦ ਵਿੱਚ ਉਨ੍ਹਾਂ ਨੇ ਅਤੀਕ ਅਹਿਮਦ ਦੇ ਖ਼ਾਸ ਬੁਲਾਵੇ 'ਤੇ ਉਨ੍ਹਾਂ ਨਾਲ ਕੰਮ ਕੀਤਾ ਸੀ।

    ਇਹ ਵੀ ਕਿਹਾ ਜਾਂਦਾ ਹੈ ਕਿ ਸਿਰਫ਼ 15 ਸਾਲ ਦੀ ਉਮਰ ਵਿੱਚ ਗੁੱਡੂ ਮੁਸਲਿਮ ਨੇ ਛੋਟੀਆਂ-ਮੋਟੀਆਂ ਚੋਰੀਆਂ ਨਾਲ ਜੁਰਮ ਦੀ ਦੁਨੀਆ ਵਿੱਚ ਪੈਰ ਰੱਖੇ ਸਨ।

    ਪਰ ਕੁਝ ਸਮੇਂ ਬਾਅਦ ਬਾਹੁਬਲੀਆਂ ਦੀ ਸ਼ਰਨ ਲੈਣ ਤੋਂ ਬਾਅਦ ਉਨ੍ਹਾਂ ਨੇ ਬੰਬ ਬਣਾਉਣੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ ਉਹ ਇਨ੍ਹਾਂ ਗਿਰੋਹਾਂ 'ਚ ਇੰਨਾ ਮਸ਼ਹੂਰ ਹੋ ਗਏ ਕਿ ਉੱਤਰ ਪ੍ਰਦੇਸ਼ ਦੇ ਹਰ ਵੱਡੇ ਅਪਰਾਧਿਕ ਮਾਮਲੇ 'ਚ ਗੁੱਡੂ ਮੁਸਲਿਮ ਦਾ ਨਾਂ ਵੀ ਜੁੜਣ ਲੱਗਾ।

    ਗੁੱਡੂ ਮੁਸਲਿਮ

    ਤਸਵੀਰ ਸਰੋਤ, Twitter

    ਬੀਬੀਸੀ ਦੇ ਸਹਿਯੋਗੀ ਪੱਤਰਕਾਰ ਪ੍ਰਭਾਤ ਵਰਮਾ ਮੁਤਾਬਕ ਗੁੱਡੂ ਮੁਸਲਿਮ ਨੇ ਸ੍ਰੀ ਪ੍ਰਕਾਸ਼ ਸ਼ੁਕਲਾ, ਮੁਖ਼ਤਾਰ ਅੰਸਾਰੀ, ਧਨੰਜੈ ਸਿੰਘ ਅਤੇ ਅਭੈ ਸਿੰਘ ਸਮੇਤ ਕਈ ਕਥਿਤ ਮਾਫੀਆ ਲਈ ਲਗਭਗ 2ਦਹਾਕਿਆਂ ਤੱਕ ਕੰਮ ਕੀਤਾ ਹੈ।

    ਹਾਲਾਂਕਿ ਹੁਣ ਗੁੱਡੂ ਮੁਸਲਿਮ ਨੂੰ ਅਤੀਕ ਅਹਿਮਦ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ। ਗੁੱਡੂ ਦਾ ਨਾਂ ਲਖਨਊ ਪੀਟਰ ਗੋਮਸ ਕਤਲ ਕੇਸ ਵਿੱਚ ਵੀ ਆਇਆ ਸੀ।

    ਫਰਵਰੀ ਮਹੀਨੇ 'ਚ ਉਮੇਸ਼ ਪਾਲ ਦੇ ਕਤਲ ਤੋਂ ਬਾਅਦ ਸਾਹਮਣੇ ਆਈ ਸੀਸੀਟੀਵੀ ਫੁਟੇਜ 'ਚ ਗੁੱਡੂ ਮੁਸਲਿਮ ਨੂੰ ਮੌਕੇ 'ਤੇ ਬੰਬ ਸੁੱਟਦਾ ਵੀ ਦੇਖਿਆ ਗਿਆ ਸੀ।

    ਇਲਜ਼ਾਮ ਹੈ ਕਿ ਉਮੇਸ਼ ਪਾਲ ਕਤਲ ਕਾਂਡ 'ਚ ਅਤੀਕ ਅਹਿਮਦ ਦੇ ਬੇਟੇ ਅਸਦ ਅਹਿਮਦ ਅਤੇ ਉਸ ਦੇ ਸਾਥੀ ਗੁਲਾਮ ਦੇ ਨਾਲ ਗੁੱਡੂ ਮੁਸਲਿਮ ਵੀ ਸ਼ਾਮਲ ਸੀ। ਉਮੇਸ਼ ਪਾਲ ਦੇ ਕਤਲ ਤੋਂ ਬਾਅਦ ਗੁੱਡੂ ਮੁਸਲਿਮ ਲਗਾਤਾਰ ਫਰਾਰ ਹੈ। ਪੁਲਿਸ ਨੇ ਉਮੇਸ਼ ਪਾਲ ਦੇ ਕਤਲ ਤੋਂ ਬਾਅਦ ਗੁੱਡੂ ਮੁਸਲਿਮ 'ਤੇ 5 ਲੱਖ ਦਾ ਇਨਾਮ ਵੀ ਐਲਾਨ ਕੀਤਾ ਹੈ।

  11. ਭਾਜਪਾ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਕਿ ਆਮ ਆਦਮੀ ਪਾਰਟੀ ਸਿਰਫ਼ 10 ਸਾਲਾਂ ਵਿੱਚ ਕੌਮੀ ਪਾਰਟੀ ਬਣ ਗਈ- ਭਗਵੰਤ ਮਾਨ

    ਭਗਵੰਤ ਮਾਨ

    ਤਸਵੀਰ ਸਰੋਤ, Bhagwant Mann/Twitter

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਸੀਬੀਆਈ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦੀ ਨਿੰਦਾ ਕਰਦਿਆਂ ਕਿਹਾ, "ਇਹ ਲੋਕਤੰਤਰ ਨਹੀਂ ਇਹ ਤਾਂ ਤਾਨਾਸ਼ਾਹੀ ਹੈ। ਦੋ ਨੇਤਾ ਬੈਠੇ ਹਨ, ਜੋ ਤਾਨਾਸ਼ਾਹੀ ਕਰ ਰਹੇ ਹਨ।"

    "ਅੱਜ ਦੇਸ਼ ਦੇ ਕ੍ਰਾਂਤੀਕਾਰੀ ਨੇਤਾ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਦੀ ਮੁਹਿੰਮ ਤੋਂ ਸ਼ੁਰੂਆਤ ਕੀਤੀ, ਦੇਸ਼ ਦੀ ਦਸ਼ਾ ਅਤੇ ਦਿਸ਼ਾ ਬਦਲਣ ਦਾ ਅਹਿਦ ਲਿਆ ਅਤੇ ਬਦਲ ਕੇ ਵੀ ਦਿਖਾਈ।"

    "ਪੰਜਾਬ ਵਿੱਚ ਵੀ ਪਾਰਟੀ ਦੇ ਲੋਕਾਂ ਨੇ ਭਰੋਸਾ ਕੀਤਾ ਅਤੇ ਉਸ ਦਾ ਕਾਰਨ ਇਹੀ ਹੈ ਕਿ ਪਾਰਟੀ ਇਮਾਨਦਾਰ ਹੈ ਅਤੇ ਪਾਰਦਰਸ਼ਤਿਤਾ ਨਾਲ ਕੰਮ ਕਰਦੀ ਹੈ।"

    "ਦਿੱਲੀ ਦਾ ਬਜਟ ਤਿੰਨ ਗੁਣਾ ਵੱਧ ਗਿਆ ਹੈ। ਜੇਕਰ ਕੋਈ ਮਾਫੀਆ ਬਣਾਇਆ ਹੁੰਦਾ ਜਾਂ ਦੋਸਤ-ਮਿੱਤਰ ਪਾਲੇ ਹੁੰਦੇ ਤਾਂ ਅਜਿਹਾ ਨਹੀਂ ਹੁੰਦਾ। ਭਾਜਪਾ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਕਿ ਆਮ ਆਦਮੀ ਪਾਰਟੀ ਸਿਰਫ਼ 10 ਸਾਲਾਂ ਵਿੱਚ ਕੌਮੀ ਪਾਰਟੀ ਬਣ ਗਈ।"

    "ਹੁਣ ਉਹ ਕਹਿ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਰਾਜਸਥਾਨ, ਛਤੀਸਗੜ੍ਹ, ਮੱਧ ਪ੍ਰਦੇਸ਼, ਕਰਨਾਟਕ ਜਾ ਰਹੇ ਹਨ... ਤਾਂ ਹੁਣ ਉਨ੍ਹਾਂ ਨੂੰ ਅੰਦਰ ਕਰਨ ਦੀ ਤਿਆਰੀ ਕਰ ਰਹੇ ਹਨ।"

    ਉਨ੍ਹਾਂ ਨੇ ਕਿਹਾ, "ਹਰ ਰੋਜ਼ ਫਰਮਾਨ ਜਾਰੀ ਹੁੰਦੇ ਹਨ ਟੀਵੀ ਚੈਨਲ ਬੰਦ ਕਰ ਦਿਓ, ਇਹ ਕਰ ਦਿਓ, ਉਹ ਕਰ ਦਿਓ। 75 ਸਾਲ ਦੀ ਆਜ਼ਾਦੀ ਤੋਂ ਬਾਅਦ ਹਰ ਗੱਲ ਲਈ ਸੁਪਰੀਮ ਕੋਰਟ ਜਾਣਾ ਪੈਂਦਾ ਹੈ।"

  12. ਅੱਜ ਲੋਕਤੰਤਰ ਦਾ ਦਿਨ-ਦਿਹਾੜੇ ਕਤਲ ਹੋਇਆ ਹੈ- ਹਰਪਾਲ ਚੀਮਾ

    ਹਰਪਾਲ ਚੀਮਾ

    ਤਸਵੀਰ ਸਰੋਤ, AAP/FB

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਵੱਲੋਂ ਅੱਜ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਹ ਪੁੱਛਗਿੱਛ ਦਿੱਲੀ ਦੀ ਆਬਕਾਰੀ ਨੀਤੀ ਮਾਮਲੇ ਨਾਲ ਸਬੰਧਿਤ ਹੈ।

    ਪਰ ਇਸ ਦੇ ਨਾਲ ਆਮ ਆਦਮੀ ਪਾਰਟੀ ਇਸ ਦਾ ਵਿਰੋਧ ਕਰਨ ਰਹੀ ਹੈ ਅਤੇ ਵਿਰੋਧ-ਪ੍ਰਦਰਸ਼ਨ ਕੀਤੇ ਜਾ ਰਹੇ ਹਨ।

    ਅਜਿਹੇ ਵਿੱਚ ਪੰਜਾਬ ਤੋਂ ਦਿੱਲੀ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ, 'ਆਪ' ਆਗੂਆਂ ਨੂੰ ਦਿੱਲੀ ਦੇ ਸਿੰਘੂ ਬਾਰਡਰ 'ਤੇ ਰੋਕ ਦਿੱਤਾ ਗਿਆ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮ ਨੇ ਇਸ ਦੀ ਨਿੰਦਾ ਕੀਤੀ।

    ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਭਾਜਪਾ ਦਾ ਤਾਨਾਸ਼ਾਹ ਰਵੱਈਆਂ ਅਤੇ ਹਿਟਲਰ ਸ਼ਾਹੀ ਉਜਾਗਰ ਹੋਈ ਹੈ।

    ਉਨ੍ਹਾਂ ਨੇ ਅੱਗੇ ਕਿਹਾ, "10 ਸਾਲਾਂ ਦੀ ਉਮਰ ਵਿੱਚ ਪੰਜਾਬ ਅਤੇ ਦਿੱਲੀ ਵਿੱਚ ਸਰਕਾਰ ਹੈ, ਗੋਆ ਵਿੱਚ 13 ਫੀਸਦ ਵੋਟ ਮਿਲੀ ਹੈ। ਪਾਰਟੀ ਨੇ 10 ਸਾਲ ਦੇ ਅੰਦਰ ਕੌਮੀ ਪਾਰਟੀ ਹੋਣ ਦਾ ਖਿਤਾਬ ਹਾਸਿਲ ਕੀਤਾ ਹੈ।"

    "ਕੇਜਰੀਵਾਲ ਦੀ ਦਿਨੋਂ-ਦਿਨ ਤੇਜ਼ੀ ਨਾਲ ਵਧ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਾਂਚ ਏਜੰਸੀਆਂ ਦਾ ਦੁਰਵਰਤੋਂ ਹੋ ਰਹੀ ਹੈ। ਜਿਹੜੇ ਦੇਸ ਲਈ ਕੰਮ ਕਰ ਰਹੇ ਹਨ ਇਹ ਜੇਲ੍ਹਾਂ ਵਿੱਚ ਹਨ ਅਤੇ ਜਿਹੜੇ ਦੇਸ਼ ਨੂੰ ਖਾ ਰਹੇ ਹਨ ਉਹ ਐਸ਼ ਲੈ ਰਹੇ ਹਨ।"

    ਚੀਮਾ ਨੇ ਅੱਗੇ ਕਿਹਾ, "ਪ੍ਰਦਰਸ਼ਨ ਕਰਨ ਦਾ ਹੱਕ ਸਾਰਿਆਂ ਨੂੰ ਹੈ। ਪੰਜਾਬ os ਕਈ ਆਗੂ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਗਏ ਸਨ ਪਰ ਉਨ੍ਹਾਂ ਨੂੰ ਸਿੰਘੂ ਬਾਰਡਰ 'ਤੇ ਰੋਕ ਦਿੱਤਾ ਗਿਆ।"

    "ਅੱਜ ਦੇਸ਼ ਦੇ ਲੋਕਤੰਤਰ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਅੱਜ ਪੰਜਾਬ ਬਹੁਤ ਸਰੇ ਲੀਡਰ, ਮੰਤਰੀ, ਵਿਧਾਇਕ ਅਤੇ ਆਗੂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੀਤੇ ਹਨ। ਜਿਸ ਸ਼ਰਾਬ ਦੀ ਨੀਤੀ ਬਾਰੇ ਭਾਜਪਾ ਗੱਲ ਕਰ ਰਹੀ ਹੈ, ਉਹੀ ਨੀਤੀ ਪੰਜਾਬ ਵਿੱਚ ਲਾਗੂ ਹੋਈ ਤਾਂ ਉਸ ਨਾਲ ਪੰਜਾਬ ਵਿੱਚ ਕਾਫੀ ਵੱਡਾ ਵਾਧਾ ਦਰਜ ਕੀਤਾ ਗਿਆ ਹੈ।"

  13. ਦੁਬਈ: ਇਮਾਰਤ ਨੂੰ ਅੱਗ ਲੱਗਣ ਕਾਰਨ ਚਾਰ ਭਾਰਤੀਆਂ ਸਣੇ 16 ਲੋਕਾਂ ਦੀ ਮੌਤ

    ਦੁਬਈ

    ਤਸਵੀਰ ਸਰੋਤ, ALI HAIDER/EPA-EFE/REX/Shutterstock

    ਦੁਬਈ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ ਚਾਰ ਭਾਰਤੀਆਂ ਸਣੇ 16 ਲੋਕਾਂ ਦੀ ਮੌਤ ਹੋ ਗਈ ਹੈ।

    ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਇਸ ਘਟਨਾ ਵਿਚ 9 ਲੋਕ ਜ਼ਖਮੀ ਵੀ ਹੋਏ ਹਨ। ਮਰਨ ਵਾਲਿਆਂ ਵਿੱਚ ਇੱਕ ਪਰਿਵਾਰ ਕੇਰਲ ਦਾ ਹੈ।

    ਅੱਗ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਸ਼ੁਰੂ ਹੋਈ ਅਤੇ ਫਿਰ ਇਹ ਹੋਰ ਹਿੱਸਿਆਂ ਵਿੱਚ ਵੀ ਫੈਲ ਗਈ।

    ਖਲੀਜ ਟਾਈਮਜ਼ ਨੇ ਇੱਕ ਭਾਰਤੀ ਸਮਾਜ ਸੇਵਕ ਨਸੀਰ ਵਤਾਨਾਪੱਲੀ ਦੇ ਹਵਾਲੇ ਨਾਲ ਕਿਹਾ ਕਿ ਅੱਗ ਵਿੱਚ ਮਰਨ ਵਾਲੇ ਚਾਰ ਭਾਰਤੀ ਲੋਕਾਂ ਵਿੱਚ ਇੱਕ ਜੋੜਾ ਵੀ ਸ਼ਾਮਲ ਸੀ।

    ਦੁਬਈ ਸਿਵਲ ਡਿਫੈਂਸ ਦੇ ਬੁਲਾਰੇ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਮਾਰਤ ਵਿੱਚ ਅੱਗ ਤੋਂ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਨਹੀਂ ਸਨ। ਅੱਗ ਨਾਲ ਇਮਾਰਤ ਨੂੰ ਹੋਏ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ।

  14. ਸੂਡਾਨ 'ਚ ਹਿੰਸਕ ਤਣਾਅ: ਇੱਕ ਭਾਰਤੀ ਨਾਗਰਿਕ ਸਮੇਤ ਘੱਟੋ-ਘੱਟ 56 ਦੀ ਮੌਤ

    ਸੂਡਾਨ 'ਚ ਹਿੰਸਕ ਤਣਾਅ

    ਤਸਵੀਰ ਸਰੋਤ, Getty Images

    ਸੂਡਾਨ ਵਿੱਚ ਫੌਜ ਅਤੇ ਅਰਧਸੈਨਿਕ ਬਲਾਂ ਵਿਚਕਾਰ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੀ ਅਗਵਾਈ ਨੂੰ ਲੈ ਕੇ ਤਣਾਅ ਜਾਰੀ ਹੈ, ਜਿਸ ਦੇ ਚੱਲਦਿਆਂ ਲੰਘੇ ਸ਼ਨੀਵਾਰ ਨੂੰ ਦੇਸ਼ 'ਚ ਗੋਲ਼ੀਬਾਰੀ ਅਤੇ ਧਮਾਕੇ ਵੀ ਹੋਏ।

    ਇਸ ਦੌਰਾਨ ਹੁਣ ਤੱਕ ਘੱਟੋ-ਘੱਟ 56 ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ, ਜਿਨ੍ਹਾਂ ਵਿੱਚ ਇੱਕ ਭਾਰਤੀ ਨਾਗਰਿਕ ਅਲਬਰਟ ਆਗਸਟਿਨ ਵੀ ਸ਼ਾਮਲ ਸਨ।

    ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ ਅਤੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦੀ ਗੱਲ ਕਹੀ ਹੈ।

    ਇਸ ਦੇ ਨਾਲ ਹੀ ਸੂਡਾਨ 'ਚ ਭਾਰਤੀ ਸਫ਼ਾਰਤਖਾਨੇ ਨੇ ਭਾਰਤੀ ਨਾਗਰਿਕਾਂ ਨੂੰ ਆਪਣੇ-ਆਪਣੇ ਘਰਾਂ ਵਿੱਚ ਰਹਿਣ ਦੀਆਂ ਹਿਦਾਇਤਾਂ ਦਿੱਤੀਆਂ ਹਨ।

    ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ, ਰਾਜਧਾਨੀ ਖਾਤੂਰਮ ਵਿੱਚ ਫੌਜ ਦੇ ਹੈੱਡ-ਕੁਆਰਟਰ 'ਚ ਗੋਲ਼ੀਆਂ ਚੱਲਣ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ।

    ਸੂਡਾਨ ਦੇ ਅਰਧਸੈਨਿਕ ਰੈਪਿਡ ਸਪੋਰਟ ਫੋਰਸਿਜ਼ ਨੇ ਕਿਹਾ ਕਿ ਫੌਜ ਨਾਲ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ, ਸੈਨਾ ਮੁਖੀ ਦੀ ਰਿਹਾਇਸ਼ ਅਤੇ ਖਾਤੂਰਮ ਹਵਾਈ ਅੱਡੇ 'ਤੇ ਕਬਜ਼ਾ ਕਰ ਲਿਆ ਹੈ।

    ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਹਿਰ 'ਚ ਹੀ ਆਪਣੇ ਇੱਕ ਕੈਂਪ 'ਤੇ ਹਮਲਾ ਹੋਣ ਦੀ ਗੱਲ ਕਹੀ ਸੀ।

    ਫਿਲਹਾਲ ਦੇਸ਼ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

  15. ਅਤੀਕ ਨੂੰ ਗੋਲ਼ੀ ਲੱਗਣ ਤੋਂ ਪਹਿਲਾਂ ਤੇ ਬਾਅਦ 'ਚ ਕੀ-ਕੀ ਹੋਇਆ ਤੇ ਚਸ਼ਮਦੀਦ ਨੇ ਕੀ ਦੱਸਿਆ

    ਅਤੀਕ ਅਹਿਮਦ ਅਤੇ ਅਸ਼ਰਫ਼ ਦਾ ਕਤਲ

    ਤਸਵੀਰ ਸਰੋਤ, ANI

    ਉੱਤਰ ਪ੍ਰਦੇਸ਼ ਦੇ ਸਾਬਕਾ ਸੰਸਦ ਮੈਂਬਰ ਅਤੇ ਬਾਹੂਬਲੀ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦਾ ਸ਼ਨੀਵਾਰ, 15 ਅਪ੍ਰੈਲ ਦੀ ਰਾਤ ਨੂੰ ਪ੍ਰਯਾਗਰਾਜ 'ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

    ਇਸ ਹਮਲੇ ਵਿੱਚ ਹੁਣ ਤੱਕ 3 ਹਮਲਾਵਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

    ਜਿਸ ਸਮੇਂ ਇਹ ਕਤਲ ਹੋਇਆ ਉਸ ਸਮੇਂ ਪੁਲਿਸ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲੈ ਜਾ ਰਹੀ ਸੀ ਅਤੇ ਦੋਵੇਂ ਭਰਾ ਪੁਲਿਸ ਦੇ ਸੁਰੱਖਿਆ ਘੇਰੇ ਵਿੱਚ ਸਨ।

    ਦੱਸ ਦੇਈਏ ਕਿ ਅਤੀਕ ਅਤੇ ਅਸ਼ਰਫ, ਸਾਬਕਾ ਵਿਧਾਇਕ ਰਾਜੂ ਪਾਲ ਦੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਸਨ ਅਤੇ ਉਸੇ ਸਿਲਸਿਲੇ 'ਚ ਡਾਕਟਰੀ ਜਾਂਚ ਲਈ ਉਨ੍ਹਾਂ ਨੂੰ ਲੈ ਕੇ ਜਾਇਆ ਜਾ ਰਿਹਾ ਸੀ, ਜਦੋਂ ਉਨ੍ਹਾਂ ਦਾ ਕਤਲ ਕੀਤਾ ਗਿਆ।

    ਇਸ ਤੋਂ ਦੋ ਦਿਨ ਪਹਿਲਾਂ (ਵੀਰਵਾਰ ਨੂੰ) ਅਤੀਕ ਅਹਿਮਦ ਦੇ ਪੁੱਤਰ ਅਸਦ ਅਹਿਮਦ ਅਤੇ ਉਸ ਦੇ ਨਾਲ ਮੌਜੂਦ ਸਾਥੀ ਗੁਲਾਮ ਮੁਹੰਮਦ ਨੂੰ ਉੱਤਰ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਝਾਂਸੀ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ।

    ਸ਼ਨੀਵਾਰ ਰਾਤ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੇ ਕਤਲ ਸਮੇਂ ਕਿਸ ਨੇ ਕੀ ਦੇਖਿਆ ਅਤੇ ਕੀ ਕਿਹਾ? ਉਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀ ਹੋਇਆ? ਅਸੀਂ ਇਸ ਨੂੰ ਕ੍ਰਮਵਾਰ ਤਰੀਕੇ ਨਾਲ ਦੱਸ ਰਹੇ ਹਾਂ।

  16. ਰਾਜਘਾਟ ਪਹੁੰਚੇ ਕੇਜਰੀਵਾਲ, ਭਗਵੰਤ ਮਾਨ ਵੀ ਨਾਲ

    ਕੇਜਰੀਵਾਲ, ਭਗਵੰਤ ਮਾਨ

    ਤਸਵੀਰ ਸਰੋਤ, ANI

    ਦਿੱਲੀ 'ਚ ਆਬਕਾਰੀ ਨੀਤੀ 'ਚ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਅੱਜ ਸੀਬੀਆਈ ਪੁੱਛਗਿੱਛ ਕਰ ਰਹੀ ਹੈ।

    ਸੀਬੀਆਈ ਦਫ਼ਤਰ ਜਾਣ ਤੋਂ ਪਹਿਲਾਂ ਕੇਜਰੀਵਾਲ ਨੇ 'ਆਪ' ਆਗੂਆਂ ਨਾਲ ਗੱਲਬਾਤ ਕੀਤੀ ਅਤੇ ਨਾਲ ਹੀ ਰਾਜਘਾਟ 'ਤੇ ਸ਼ਰਧਾਂਜਲੀ ਭੇਟ ਕੀਤੀ।

    ਇਸ ਦੌਰਾਨ 'ਆਪ' ਦੇ ਵੱਖ-ਵੱਖ ਆਗੂਆਂ ਸਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

    ਕੇਜਰੀਵਾਲ ਨੇ ਸੀਬੀਆਈ ਦਫ਼ਤਰ ਜਾਣ ਤੋਂ ਪਹਿਲਾਂ ਕਿਹਾ, ''ਦੇਸ਼ ਵਿਰੋਧੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਦੇਸ਼ ਤਰੱਕੀ ਕਰੇ''।

    ਇਸ ਤੋਂ ਇਲਾਵਾ ਕੇਜਰੀਵਾਲ ਦੇ ਸਮਰਥਕ ਅਤੇ ਪਾਰਟੀ ਦੇ ਹੋਰ ਵਰਕਰ ਉਨ੍ਹਾਂ ਤੋਂ ਕੀਤੀ ਜਾਣ ਵਾਲੀ ਪੁੱਛਗਿੱਛ ਦਾ ਵਿਰੋਧ ਕਰ ਰਹੇ ਹਨ।

    ਅਰਵਿੰਦ ਕੇਜਰੀਵਾਲ

    ਤਸਵੀਰ ਸਰੋਤ, ANI

  17. ਅਤੀਕ-ਅਸ਼ਰਫ਼ ਕਤਲ: ਇੱਕ 'ਹਮਲਾਵਰ' ਦੇ ਪਿਤਾ ਬੋਲੇ 'ਕੁਝ ਕਹਿਣ ਜੋਗੇ ਨਹੀਂ ਰਹੇ'

    ਯਗਿਆ ਤਿਵਾਰੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਹਮਲਾਵਰ ਦੱਸੇ ਜਾਂਦੇ ਲਵਲੇਸ਼ ਤਿਵਾਰੀ ਦੇ ਪਿਤਾ ਯਗਿਆ ਤਿਵਾਰੀ

    ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੇ ਕਤਲ ਮਾਮਲੇ ਵਿੱਚ ਸ਼ਾਮਲ ਹਮਲਾਵਰਾਂ ਵਿੱਚੋਂ ਇੱਕ ਦੇ ਪਰਿਵਾਰ ਨਾਲ ਮੀਡੀਆ ਨੇ ਗੱਲਬਾਤ ਕੀਤੀ ਹੈ।

    ਖ਼ਬਰ ਏਜੰਸੀ ਏਐਨਆਈ ਮੁਤਾਬਕ, ਇਸ ਹਮਲਾਵਰ ਦਾ ਨਾਮ ਲਵਲੇਸ਼ ਤਿਵਾਰੀ ਦੱਸਿਆ ਜਾ ਰਿਹਾ ਹੈ।

    ਲਵਲੇਸ਼ ਦੇ ਪਿਤਾ ਯਗਿਆ ਤਿਵਾਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਪਿਛਲੇ ਕੁਝ ਦਿਨਾਂ ਤੋਂ ਘਰ ਨਹੀਂ ਆਉਂਦਾ ਹੈ।

    ਉਨ੍ਹਾਂ ਇਹ ਵੀ ਦੱਸਿਆ ਕਿ ਉਸੇ ਨੇ ਕਿਸੇ ਵਿਅਕਤੀ ਦੇ ਥੱਪੜ ਮਾਰ ਦਿੱਤਾ ਸੀ ਅਤੇ ਉਸ ਦਾ ਵੀ ਮੁਕੱਦਮਾ ਚੱਲ ਰਿਹਾ ਹੈ ਤੇ ਇਸ ਮਾਮਲੇ 'ਚ ਉਹ ਜੇਲ੍ਹ ਵੀ ਗਿਆ ਸੀ।

    ਹਮਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ''ਅਸੀਂ ਟੀਵੀ 'ਤੇ ਦੇਖਿਆ। ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਉਸ (ਲਵਲੇਸ਼) ਨਾਲ ਕੋਈ ਲੈਣਾ-ਦੇਣਾ ਹੈ।''

    ''ਉਸ ਦਾ ਸਾਡੇ ਨਾਲ ਕੋਈ ਮਤਲਬ ਹੀ ਨਹੀਂ ਸੀ। ਜਦ ਵੀ ਚਾਰ-ਛੇ ਦਿਨਾਂ ਮਗਰੋਂ ਆਉਂਦਾ ਸੀ, ਬਸ ਨਹਾ-ਧੋ ਕੇ ਨਿਕਲ ਜਾਂਦਾ ਸੀ।''

    ਯਗਿਆ ਤਿਵਾਰੀ ਮੁਤਾਬਕ, ਉਨ੍ਹਾਂ ਦਾ ਪੁੱਤਰ ''ਕੁਝ ਨਹੀਂ ਕਰਦਾ, ਨਸ਼ਾ ਕਰਦਾ ਹੈ। ਇਸੇ ਲਈ ਘਰਦਿਆਂ ਨੇ ਉਸ ਨੂੰ ਤਿਆਗ ਰੱਖਿਆ ਹੈ।''

    ਉਸ ਦੀ ਮਾਤਾ ਆਸ਼ਾ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦਾ ਮੁੰਡਾ ਚੰਗਾ ਤੇ ਧਰਮ ਕਰਮ ਵਾਲਾ ਸੀ, ਫਿਰ ਪਤਾ ਨਹੀਂ ਉਸ ਨੂੰ ਕੀ ਹੋ ਗਿਆ।

  18. ਗੋਲ਼ੀ ਮਾਰੇ ਜਾਣ ਤੋਂ ਪਹਿਲਾਂ ਮੀਡੀਆ ਨੂੰ ਕੀ ਕਹਿ ਰਿਹਾ ਸੀ ਅਤੀਕ ਅਹਿਮਦ

    ਅਤੀਕ ਅਹਿਮਦ ਅਤੇ ਅਸ਼ਰਫ ਅਹਿਮਦ ਕਤਲ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਹਮਲੇ ਤੋਂ ਠੀਕ ਪਹਿਲਾਂ ਦੀ ਤਸਵੀਰ

    ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਨੂੰ ਪ੍ਰਯਾਗਰਾਜ 'ਚ ਮੈਡੀਕਲ ਜਾਂਚ ਲਈ ਲੈ ਕੇ ਜਾਣ ਦੌਰਾਨ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

    ਹਮਲੇ ਤੋਂ ਠੀਕ ਪਹਿਲਾਂ ਅਤੀਕ ਪੱਤਰਕਾਰਾਂ ਨਾਲ ਗੱਲਬਾਤ ਕਰ ਰਿਹਾ ਸੀ। ਉਸੇ ਦੌਰਾਨ ਅਤੀਕ ਅਤੇ ਉਸ ਦੇ ਭਰਾ ਨੂੰ ਗੋਲੀ ਮਾਰ ਦਿੱਤੀ ਗਈ।

    ਦੋਵਾਂ ਨੂੰ ਗੋਲੀ ਮਾਰਨ ਦੀ ਘਟਨਾ ਉੱਥੇ ਮੌਜੂਦ ਮੀਡੀਆ ਕਰਮੀਆਂ ਦੇ ਕੈਮਰਿਆਂ 'ਚ ਕੈਦ ਹੋ ਗਈ।

    ਗੋਲ਼ੀ ਲੱਗਣ ਤੋਂ ਐਨ ਪਹਿਲਾਂ, ਇੱਕ ਵੀਡੀਓ ਵਿੱਚ ਅਤੀਕ ਨੂੰ ਪੱਤਰਕਾਰ ਪੁੱਛ ਰਹੇ ਹਨ ਕਿ 'ਤੁਹਾਡੇ ਪੁੱਤਰ ਨੂੰ ਸਪੁਰਦ-ਏ-ਖ਼ਾਕ ਕਰਨ ਦੌਰਾਨ ਤੁਹਾਨੂੰ ਉੱਥੇ ਨਹੀਂ ਲਿਜਾਇਆ ਗਿਆ, ਤੁਸੀਂ ਕੀ ਕਹੋਗੇ।'

    ਇਸ 'ਤੇ ਅਤੀਕ ਅਹਿਮਦ ਨੇ ਕਿਹਾ, "ਨਹੀਂ ਲੈ ਗਏ ਤਾਂ ਨਹੀਂ ਲੈ ਗਏ।"

    ਇਸ ਦੇ ਨਾਲ ਹੀ ਅਸ਼ਰਫ ਨੇ ਕਿਹਾ, "ਮੇਨ ਗੱਲ ਇਹ ਹੈ ਕਿ ਗੁੱਡੂ ਮੁਸਲਿਮ.." ਅਤੇ ਇਸ ਤੋਂ ਬਾਅਦ ਹੀ ਹਮਲਾਵਰ ਨੇ ਅਤੀਕ ਨੂੰ ਗੋਲ਼ੀ ਮਾਰ ਦਿੱਤੀ।

    ਅਤੀਕ ਅਤੇ ਉਸ ਦੇ ਭਰਾ 'ਤੇ ਬਸਪਾ ਵਿਧਾਇਕਾਂ ਰਾਜੂ ਪਾਲ ਅਤੇ ਉਮੇਸ਼ ਪਾਲ ਦੀ ਹੱਤਿਆ ਦਾ ਦੋਸ਼ ਹੈ। ਉਮੇਸ਼ ਪਾਲ ਰਾਜੂ ਪਾਲ ਕਤਲ ਕੇਸ ਦਾ ਮੁੱਖ ਗਵਾਹ ਸੀ।

    ਦੋਵੇਂ ਭਰਾ, ਸਾਬਕਾ ਵਿਧਾਇਕ ਰਾਜੂ ਪਾਲ ਦੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਸਨ। ਉਨ੍ਹਾਂ ਨੂੰ ਰਾਜੂ ਪਾਲ ਕਤਲ ਦੇ ਗਵਾਹ ਉਮੇਸ਼ ਪਾਲ ਦੇ ਕਤਲ ਕੇਸ ਵਿੱਚ ਪੁੱਛਗਿੱਛ ਲਈ ਸਾਬਰਮਤੀ ਜੇਲ੍ਹ ਤੋਂ ਪ੍ਰਯਾਗਰਾਜ ਲਿਆਂਦਾ ਗਿਆ ਸੀ।

  19. ਕੇਜਰੀਵਾਲ: ਸ਼ਾਇਦ ਭਾਜਪਾ ਨੇ ਮੇਰੀ ਗ੍ਰਿਫ਼ਤਾਰੀ ਦੇ ਹੁਕਮ ਵੀ ਦੇ ਦਿੱਤੇ ਹੋਣ

    ਅਰਵਿੰਦ ਕੇਜਰੀਵਾਲ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਵੱਲੋਂ ਅੱਜ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਹ ਪੁੱਛਗਿੱਛ ਦਿੱਲੀ ਦੀ ਆਬਕਾਰੀ ਨੀਤੀ ਮਾਮਲੇ ਵਿੱਚ ਕੀਤੀ ਜਾਣੀ ਹੈ।

    ਕੇਜਰੀਵਾਲ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਇੱਕ ਵੀਡੀਓ ਜਾਰੀ ਕਰਕੇ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਸੀਬੀਆਈ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਹੁਕਮ ਵੀ ਦੇ ਦਿੱਤਾ ਗਿਆ ਹੋਵੇ।

    ਕੇਜਰੀਵਾਲ ਨੇ ਕਿਹਾ, ''ਇਨ੍ਹਾਂ ਨੇ ਅੱਜ ਮੈਨੂੰ ਸੀਬੀਆਈ ਬੁਲਾਇਆ ਹੈ ਅਤੇ ਮੈਂ ਜਾਵਾਂਗਾ ਤੇ ਪੂਰੀ ਇਮਾਨਦਾਰੀ ਤੇ ਸੱਚਾਈ ਨਾਲ ਇਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ। ਜਦੋਂ ਕੁਝ ਗਲਤ ਕੀਤਾ ਨਹੀਂ ਤਾਂ ਲੁਕਾਉਣਾ ਕੀ।''

    ''ਇਹ ਲੋਕ ਬਹੁਤ ਤਾਕਤਵਰ ਹਨ, ਕਿਸੇ ਨੂੰ ਵੀ ਜੇਲ੍ਹ ਭੇਜ ਸਕਦੇ ਹਨ।''

    ਉਨ੍ਹਾਂ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ, ''ਸ਼ਾਇਦ ਭਾਜਪਾ ਨੇ ਸੀਬੀਆਈ ਨੂੰ ਮੈਨੂੰ ਗ੍ਰਿਫਤਾਰ ਕਰਨ ਦਾ ਹੁਕਮ ਵੀ ਦੇ ਦਿੱਤਾ ਹੋਵੇ, ਫਿਰ ਤਾਂ ਸੀਬੀਆਈ ਗ੍ਰਿਫ਼ਤਾਰ ਕਰੇਗੀ ਹੀ।''

    ਉਨ੍ਹਾਂ ਕਿਹਾ ਕਿ ''ਇਨ੍ਹਾਂ ਨੂੰ ਬਹੁਤ ਹੰਕਾਰ ਹੋ ਗਿਆ ਹੈ। ਜੱਜ, ਮੀਡੀਆ, ਪੱਤਰਕਾਰ, ਵਪਾਰੀਆਂ ਆਦਿ ਕਿਸੇ ਨੂੰ ਵੀ ਜੇਲ੍ਹ ਦੀ ਧਮਕੀ ਦਿੰਦੇ ਰਹਿੰਦੇ ਹਨ।''

  20. ਅਤੀਕ ਅਹਿਮਦ ਕਤਲ ਮਾਮਲਾ: ਓਵੈਸੀ ਨੇ ਮੰਗਿਆ ਅਦਿੱਤਿਆਨਾਥ ਦਾ ਅਸਤੀਫ਼ਾ

    ਅਸਦੁਦੀਨ ਓਵੈਸੀ

    ਤਸਵੀਰ ਸਰੋਤ, ANI

    ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੇ ਕਤਲ ਮਾਮਲੇ ਵਿੱਚ ਲੋਕ ਸਭਾ ਮੈਂਬਰ ਅਤੇ ਏਆਈਐਮਆਈਐਮ ਆਗੂ ਅਸਦੁੱਦੀਨ ਓਵੈਸੀ ਨੇ ਉੱਤਰ ਪ੍ਰਦੇਸ਼ ਸਰਕਾਰ ਪ੍ਰਤੀ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ।

    ਉਨ੍ਹਾਂ ਕਿਹਾ ਕਿ ਪੂਰੀ ਜ਼ਿੰਮੇਦਾਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਬਣਦੀ ਹੈ ਕਿਉਂਕਿ ਉਨ੍ਹਾਂ ਨੇ ਯੂਪੀ ਵਿਧਾਨ ਸਭਾ 'ਚ ਖੜ੍ਹੇ ਹੋ ਕੇ ਕਿਹਾ ਸੀ ਕਿ 'ਮਿੱਟੀ 'ਚ ਮਿਲਾ ਦੇਵਾਂਗੇ'।

    ''ਅਸੀਂ ਯੂਪੀ ਦੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਦੇ ਹਾਂ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਉਥੇ ਮੌਜੂਦ ਸਾਰੇ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਵੇ।''

    ਓਵੈਸੀ ਨੇ ਕਿਹਾ ਕਿ ਸੁਪਰੀਮ ਕੋਰਟ ਇਸ ਮਾਮਲੇ ਦੀ ਜਾਂਚ ਕਰਨ ਲਈ ਇੱਕ ਟੀਮ ਬਣਾਵੇ।

    ਉਨ੍ਹਾਂ ਸਵਾਲ ਕੀਤੇ ਕਿ 'ਕਾਤਲਾਂ ਨੂੰ ਇਹ ਹਥਿਆਰ ਕਿਵੇਂ ਮਿਲੇ? ਕਤਲ ਤੋਂ ਬਾਅਦ ਉਹ ਧਾਰਮਿਕ ਨਾਅਰੇ ਕਿਉਂ ਲਗਾ ਰਹੇ ਸਨ? ਉਨ੍ਹਾਂ ਨੂੰ ਅੱਤਵਾਦੀ ਨਹੀਂ ਤਾਂ ਕੀ ਕਹੋਗੇ? ਕੀ ਤੁਸੀਂ ਉਨ੍ਹਾਂ ਨੂੰ ਦੇਸ਼ ਭਗਤ ਕਹੋਗੇ?'

    ਓਵੈਸੀ ਨੇ ਕਿਹਾ ਕਿ ਇਹ ਕਤਲ ਕਾਨੂੰਨ-ਵਿਵਸਥਾ 'ਤੇ ਵੱਡਾ ਸਵਾਲ ਖੜ੍ਹਾ ਕਰਦੇ ਹਨ।