You’re viewing a text-only version of this website that uses less data. View the main version of the website including all images and videos.

Take me to the main website

ਅਮ੍ਰਿਤਪਾਲ ਸਿੰਘ ਦੇ ਸਾਥੀ ਜੋਗਾ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ, ਅਮ੍ਰਿਤਪਾਲ ਨਾਲ ਜੁੜੇ ਇਹ ਦਾਅਵੇ ਕੀਤੇ

ਖਾਲਿਸਤਾਨ ਪੱਖੀ ਅਮ੍ਰਿਤਪਾਲ ਸਿੰਘ 18 ਮਾਰਚ ਨੂੰ ਹੋਈ ਪੁਲਿਸ ਕਾਰਵਾਈ ਤੋਂ ਬਾਅਦ ਫਰਾਰ ਹੈ।

ਲਾਈਵ ਕਵਰੇਜ

  1. ਅੱਜ ਦਾ ਅਹਿਮ ਘਟਨਾਕ੍ਰਮ

    ਦੇਸ਼-ਵਿਦੇਸ਼ ਦੀਆਂ ਅਹਿਮ ਖ਼ਬਰਾਂ ਦੀ ਲਾਈਵ ਕਵਰੇਜ ਦੇ ਇਸ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ:

    • ਪੰਜਾਬ ਪੁਲਿਸ ਨੇ ਅਮ੍ਰਿਤਪਾਲ ਦੇ ਸਾਥੀ ਜੋਗਾ ਸਿੰਘ ਨੂੰ ਸਰਹਿੰਦ ਤੋਂ ਗ੍ਰਿਫ਼ਤਾਰ ਕੀਤਾ ਹੈ।
    • ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜੋਗਾ ਸਿੰਘ ਨੇ ਅਮ੍ਰਿਤਪਾਲ ਲਈ ਗੱਡੀਆਂ ਤੇ ਪੀਲੀਭੀਤ ਵਿੱਚ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ।
    • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਨੇ ਸ਼ਰਾਬ ਕੇਸ ਵਿੱਚ 16 ਅਪ੍ਰੈਲ ਨੂੰ ਪੁੱਛਗਿੱਛ ਲਈ ਸੱਦਿਆ ਹੈ।
    • ਆਮ ਆਦਮੀ ਪਾਰਟੀ ਦਾ 10 ਅਪ੍ਰੈਲ ਨੂੰ ਪੱਲਾ ਫੜ੍ਹਨ ਵਾਲੇ ਚੌਧਰੀ ਸੁਰਿੰਦਰ ਸਿੰਘ ਮੁੜ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ।
    • ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਰੈਲੀ ਦੌਰਾਨ ਜ਼ੋਰਦਾਰ ਧਮਾਕਾ ਹੋਇਆ ਹੈ।
  2. ਅਮ੍ਰਿਤਪਾਲ ਦਾ ਸਾਥੀ ਜੋਗਾ ਸਿੰਘ ਗ੍ਰਿਫ਼ਤਾਰ, ਪੁਲਿਸ ਦੇ ਇਹ ਹਨ ਦਾਅਵੇ

    ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ ਸਾਥੀ ਜੋਗਾ ਸਿੰਘ ਨੂੰ ਸਰਹਿੰਦ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਅਮ੍ਰਿਤਪਾਲ ਸਿੰਘ ਦੇ ਨਾਲ ਫਰਾਰ ਹੋਣ ਵਾਲਿਆਂ ਵਿੱਚੋਂ ਜੋਗਾ ਸਿੰਘ ਇੱਕ ਸੀ। ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਨਾਲ ਜੁੜੇ ਕੁਝ ਖੁਲਾਸੇ ਵੀ ਕੀਤੇ।

    (ਵੀਡੀਓ- ਏਐਨਆਈ, ਐਡਿਟ- ਸਦਫ਼ ਖ਼ਾਨ)

  3. ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ ਸਾਥੀ ਜੋਗਾ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ

    ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ ਸਾਥੀ ਜੋਗਾ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਜੋਗਾ ਸਿੰਘ ਦੀ ਗ੍ਰਿਫ਼ਤਾਰੀ ਅੱਜ ਦੁਪਹਿਰ ਸਮੇਂ ਸਰਹਿੰਦ ਤੋਂ ਹੋਈ ਹੈ।

    ਪੁਲਿਸ ਮੁਤਾਬਕ ਜੋਗਾ ਸਿੰਘ ਤੋਂ ਪੁੱਛਗਿੱਛ ਕੀਤੀ ਜਾਵੇਗੀ।

    ਇਹ ਸਾਰੀ ਜਾਣਕਾਰੀ ਡੀਆਈਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਵਿੱਚ ਦਿੱਤੀ ਗਈ। ਉਨ੍ਹਾਂ ਮੁਤਾਬਕ ਹੁਸ਼ਿਆਰਪੁਰ ਪੁਲਿਸ ਨਾਲ ਇੱਕ ਜੁਆਇੰਟ ਆਪਰੇਸ਼ਨ ਦੌਰਾਨ ਉਨ੍ਹਾਂ ਨੂੰ ਸਰਹਿੰਦ ਤੋਂ ਗ੍ਰਿਫ਼ਤਾਰ ਕੀਤਾ ਹੈ।

    ਡੀਆਈਜੀ ਭਾਰਗਵ ਮੁਤਾਬਕ ਅਮ੍ਰਿਤਪਾਲ ਸਿੰਘ, ਪਪਲਪ੍ਰੀਤ ਸਿੰਘ ਅਤੇ ਜੋਗਾ ਸਿੰਘ ਇਕੱਠੇ ਸਨ। ਇਨ੍ਹਾਂ ਵਿੱਚੋਂ ਸਿਰਫ਼ ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।

    ਨਰਿੰਦਰ ਭਾਰਗਵ ਨੇ ਕਿਹਾ, “18 ਮਾਰਚ ਨੂੰ ਅਮ੍ਰਿਤਪਾਲ ਸਿੰਘ ਦੀ ਫਰਾਰੀ ਤੋਂ ਬਾਅਦ 28 ਮਾਰਚ ਤੱਕ ਜੋਗਾ ਸਿੰਘ ਅਮ੍ਰਿਤਪਾਲ ਸਿੰਘ ਦੇ ਨਾਲ ਸੀ। ਉਸ ਨੇ ਅਮ੍ਰਿਤਪਾਲ ਸਿੰਘ ਦੇ ਲਈ ਪੀਲੀਭੀਤ ਵਿੱਚ ਰੁਕਣ ਦਾ ਇੰਤਜ਼ਾਮ ਕੀਤਾ ਸੀ ਅਤੇ ਬਾਅਦ ਵਿੱਚ ਦਿੱਲੀ ਲੈ ਕੇ ਆਇਆ ਸੀ।”

    “ਸਾਨੂੰ ਜੋਗਾ ਸਿੰਘ ਦੇ ਹਰਿਆਣਾ ਵਿੱਚ ਲੁਕੇ ਹੋਣ ਬਾਰੇ ਜਾਣਕਾਰੀ ਕੀਤੀ ਸੀ। ਸਾਡੀਆਂ ਟੀਮਾਂ ਨੇ ਦਬਿਸ਼ ਮਾਰੀ ਤੇ ਟਰੈਪ ਲਗਾ ਕੇ ਸਰਹਿੰਦ ਤੋਂ ਗ੍ਰਿਫ਼ਤਾਰ ਕਰ ਲਿਆ।”

  4. ਚੌਧਰੀ ਸੁਰਿੰਦਰ ਸਿੰਘ : 4 ਦਿਨ ਪਹਿਲਾਂ ‘ਆਪ’ ’ਚ ਗਏ ਤੇ ਹੁਣ ਮੁੜ ਕਾਂਗਰਸ ’ਚ ਵਾਪਸੀ

    ਕਰਤਾਰਪੁਰ ਤੋਂ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਅੱਜ ਮੁੜ ਕਾਂਗਰਸ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਨੂੰ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਉਣ ਵੇਲੇ ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਸਣੇ ਕਈ ਆਗੂ ਮੌਜੂਦ ਸਨ।

    ਚੌਧਰੀ ਸੁਰਿੰਦਰ ਸਿੰਘ 10 ਅਪ੍ਰੈਲ ਨੂੰ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਮਹਿਜ਼ ਚਾਰ ਦਿਨਾਂ ਬਾਅਦ ਹੀ ਉਨ੍ਹਾਂ ਦੀ ਕਾਂਗਰਸ ਵਿੱਚ ਵਾਪਸੀ ਹੋਈ ਹੈ।

    ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਦੀ ਵਾਪਸੀ ’ਤੇ ਟਵੀਟ ਵੀ ਕੀਤਾ। ਸੀਐੱਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਚੌਧਰੀ ਸੁਰਿੰਦਰ ਸਿੰਘ ਦੀਆਂ ਪਾਰਟੀ ਨਾਲ ਕੁਝ ਸ਼ਿਕਾਇਤਾਂ ਸਨ ਜੋ ਜਾਇਜ਼ ਵੀ ਹਨ ਤੇ ਪਾਰਟੀ ਹਾਈ ਕਮਾਨ ਉਨ੍ਹਾਂ ਨੂੰ ਜ਼ਰੂਰ ਦੂਰ ਕਰੇਗੀ।

  5. ‘ਸ਼ੁਭਮਨ ਗਿੱਲ ਵਿਰਾਟ ਕੋਹਲੀ ਮਗਰੋਂ ਅਗਲੇ ਬਿਹਤਰੀਨ ਬੱਲੇਬਾਜ਼ ਹੋ ਸਕਦੇ ਹਨ’

    ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮਮੈਨ ਰਮੀਜ਼ ਰਜਾ ਨੇ ਕਿਹਾ ਕਿ ਕਈ ਇਹ ਸੰਭਾਵਨਾ ਜਤਾਉਂਦੇ ਹਨ ਕਿ ਕ੍ਰਿਕਟ ਖਿਡਾਰੀ ਸ਼ੁਭਮਨ ਗਿੱਲ ਵਿਰਾਟ ਕੋਹਲੀ ਮਗਰੋਂ ਸ਼ਾਨਦਾਰ ਬੱਲੇਬਾਜ਼ ਹੋ ਸਕਦੇ ਹਨ।

    ਆਪਣੇ ਯੂ-ਟਿਊਬ ਚੈਨਲ ਉੱਤੇ ਰਮੀਜ਼ ਰਜਾ ਨੇ ਕਿਹਾ, ‘‘ਗਿੱਲ ਵਿੱਚ ਬਹੁਤ ਸਮਰੱਥਾ ਹੈ। ਜਦੋਂ ਉਹ ਖੇਡਦੇ ਹਨ ਤਾਂ ਬਹੁਤ ਸਹਿਜ ਤੇ ਖ਼ੂਬਸੂਰਤੀ ਨਾਲ ਖੇਡਦੇ ਹਨ। ਬਹੁਤ ਸਾਰੇ ਲੋਕ ਇਹ ਸੰਭਾਵਨਾ ਜਤਾਉਂਦੇ ਹਨ ਕਿ ਸ਼ੁਭਮਨ ਗਿੱਲ ਅਗਲੇ ਬਿਹਤਰ ਵਿਰਾਟ ਕੋਹਲੀ ਹੋ ਸਕਦੇ ਹਨ।’’

    ਰਮੀਜ਼ ਨੇ ਇਹ ਵੀ ਕਿਹਾ ਕਿ ਗਿੱਲ ਵਿੱਚ ਕਈ ਚੀਜ਼ਾਂ ਰੋਹਿਤ ਸ਼ਰਮਾ ਵਾਂਗ ਵੀ ਹਨ।

  6. ਅਰਵਿੰਦ ਕੇਜਰੀਵਾਲ: ‘ਸੀਬੀਆਈ ਤੇ ਈਡੀ ਖ਼ਿਲਾਫ਼ ਉਚਿਤ ਕੇਸ ਦਾਇਰ ਕਰਾਂਗੇ।’

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਵਿੱਚ ਲਿਖਿਆ, “ਅਸੀਂ ਸੀਬੀਆਈ ਅਤੇ ਈਡੀ ਦੇ ਅਧਿਕਾਰੀਆਂ ਵਿਰੁੱਧ ਝੂਠ ਬੋਲਣ ਅਤੇ ਅਦਾਲਤਾਂ ਵਿੱਚ ਝੂਠੇ ਸਬੂਤ ਪੇਸ਼ ਕਰਨ ਬਦਲੇ ਉਚਿਤ ਕੇਸ ਦਾਇਰ ਕਰਾਂਗੇ।”

    ਅਜਿਹਾ ਉਨ੍ਹਾਂ ਨੇ ਸੀਬੀਆਈ ਵਲੋਂ ਸ਼ਰਾਬ ਨੀਤੀ ਮਾਮਲੇ ਵਿੱਚ 16 ਅਪ੍ਰੈਲ ਨੂੰ ਪੁੱਛਗਿੱਛ ਲਈ ਸ਼ੁਕਰਵਾਰ ਨੂੰ ਸੰਮਨ ਭੇਜਣ ਤੋਂ ਬਾਅਦ ਕੀਤਾ ਹੈ।

    ਦਿੱਲੀ ਦੀ ਆਬਕਾਰੀ ਨੀਤੀ ਅਤੇ ਕਥਿਤ ਸ਼ਰਾਬ ਘੋਟਾਲੇ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

  7. ਅਮ੍ਰਿਤਪਾਲ ਸਿੰਘ: ਪਨਾਹ ਦੇਣ ਦੇ ਇਲਜ਼ਾਮਾਂ ਹੇਠ ਤਿੰਨ ਵਿਅਕਤੀ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ

    ਹੁਸ਼ਿਆਰਪੁਰ ਪੁਲਿਸ ਨੇ ਅਮ੍ਰਿਤਪਾਲ ਸਿੰਘ ਨੂੰ ਪਨਾਹ ਦੇਣ ਦੇ ਮਾਮਲੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਾਬਕ ਵਾਸੀ ਰਾਜਦੀਪ ਸਿੰਘ ਤੇ ਦੋ ਹੋਰ ਵਿਅਕੀਤਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

    ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ ਰਾਜਦੀਪ ਪੇਸ਼ੇ ਤੋਂ ਵਕੀਲ ਹਨ। ਉਨ੍ਹਾਂ ਦੇ ਵਕੀਲ ਤਣਹੀਰ ਸਿੰਘ ਬਰਿਆਣਾ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪੁਲਿਸ ਦਾ ਇਲਜ਼ਾਮ ਹੈ ਕਿ ਇਨ੍ਹਾਂ ਨੇ ਅਮ੍ਰਿਤਪਾਲ ਸਿੰਘ ਲਈ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ।

    ਦੋ ਹੋਰ ਵਿਅਕਤੀ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜਲੰਧਰ ਜ਼ਿਲ੍ਹੇ ਦੇ ਪਿੰਡ ਟੁੱਟ ਕਲ੍ਹਾਂ ਦੇ ਉਂਕਾਰ ਸਿੰਘ ਤੇ ਜਲੰਧਰ ਦੇ ਹੀ ਬਸਤੀ ਦਾਨਿਸ਼ਮੰਦਾ ਦੇ ਰਹਿਣ ਵਾਲੇ ਸਰਬਜੀਤ ਸਿੰਘ ਹਨ।

    ਗ੍ਰਿਫ਼ਤਾਰ ਵਿਅਕਤੀਆਂ ਨੂੰ ਬੀਤੀ ਰਾਤ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿੱਤੇ ਉਨ੍ਹਾਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ 'ਚ ਭੇਜਿਆ ਗਿਆ।

  8. ਮਹਾਰਾਸ਼ਟਰ: ਨਿੱਜੀ ਬੱਸ ਦੇ ਖੱਡ 'ਚ ਡਿੱਗਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਹੋਈ ਮੌਤ

    ਪੁਰਾਣੇ ਪੁਣੇ-ਮੁੰਬਈ ਹਾਈਵੇ 'ਤੇ ਸ਼ਿੰਗਰੋਬਾ ਮੰਦਰ ਦੇ ਪਿੱਛੇ ਇੱਕ ਨਿੱਜੀ ਬੱਸ ਦੇ ਖੱਡ 'ਚ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ।

    ਬਚਾਅ ਦਲ ਦੇ ਇੱਕ ਕਰਮਚਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਹਾਦਸੇ ਵਿੱਚ ਘੱਟੋ-ਘੱਟ 13 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

    ਬਚਾਅ ਦਲ ਨੇ ਇਹ ਵੀ ਸੰਭਾਵਨਾ ਪ੍ਰਗਟਾਈ ਹੈ ਕਿ ਮ੍ਰਿਤਕਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ 40 ਤੋਂ 45 ਲੋਕ ਸਵਾਰ ਸਨ।

    ਬਚਾਅ ਦਲ ਦਾ ਕਹਿਣਾ ਹੈ ਕਿ ਬੱਸ 'ਚ ਫਸੇ ਯਾਤਰੀਆਂ ਨੂੰ ਕੱਢਣ ਦਾ ਕੰਮ ਅਜੇ ਵੀ ਜਾਰੀ ਹੈ।

    ਜ਼ਖਮੀ ਯਾਤਰੀਆਂ ਨੂੰ ਖੋਪਲੀ ਨਗਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

  9. ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਰੈਲੀ ਦੌਰਾਨ ਧਮਾਕਾ ਹੋਇਆ

    ਜਪਾਨ ਦੇ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਰੈਲੀ ਦੌਰਾਨ ਆਪਣਾ ਭਾਸ਼ਣ ਦੇ ਰਹੇ ਸਨ, ਜਦੋਂ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।

    ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਧਮਾਕੇ ਦੀ ਆਵਾਜ਼ ਸੁਣਦਿਆਂ ਹੀ ਪ੍ਰਧਾਨ ਮੰਤਰੀ ਕਿਸ਼ਿਦਾ ਨੂੰ ਸੁਰੱਖਿਆ ਘੇਰੇ 'ਚ ਲੈ ਜਾਇਆ ਗਿਆ ਤੇ ਉਥੋਂ ਬਾਹਰ ਕੱਢਿਆ ਗਿਆ।

    ਇਹ ਘਟਨਾ ਸ਼ਨੀਵਾਰ ਸਵੇਰੇ ਦੇਸ਼ ਦੇ ਪੱਛਮੀ ਸ਼ਹਿਰ ਵਾਕਾਯਾਮਾ ਵਿੱਚ ਵਾਪਰੀ। ਫ਼ਿਲਹਾਲ ਘਟਨਾ ਦੀ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

    ਮੀਡੀਆ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨੇੜੇ ਇੱਕ ਪਾਈਪ ਵਰਗੀ ਚੀਜ਼ ਡਿੱਗਦੀ ਦੇਖੀ ਗਈ ਹੈ।

    ਜਪਾਨ ਦੇ ਸਰਕਾਰੀ ਮੀਡੀਆ ਐੱਨਸੀਐੱਚਕੇ ਅਨੁਸਾਰ, ਪੁਲਿਸ ਨੂੰ ਘਟਨਾ ਸਥਾਨ 'ਤੇ ਇੱਕ ਵਿਅਕਤੀ ਨੂੰ ਆਪਣੇ ਕਬਜ਼ੇ ਵਿੱਚ ਲੈਂਦੇ ਦੇਖਿਆ ਗਿਆ ਸੀ।

  10. ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਲਾਰੇਂਸ ਬਿਸ਼ਨੋਈ ਦੇ ਇੱਕ ਸਹਿਯੋਗੀ ਦਾ ਤਿਹਾੜ ਜੇਲ੍ਹ ਵਿੱਚ ਕਤਲ

    ਸ਼ੁੱਕਰਵਾਰ ਨੂੰ ਤਿਹਾੜ ਜੇਲ 'ਚ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁਲਜ਼ਿਮ ਲਾਰੇਂਸ ਵਿਸ਼ਨੋਈ ਦੇ ਸਹਿਯੋਗੀ ਦਾ ਕਤਲ ਕਰ ਦਿੱਤਾ ਗਿਆ।

    ਪੁਲਿਸ ਨੇ ਕਿਹਾ ਹੈ ਕਿ ਪ੍ਰਿੰਸ ਤੇਵਤੀਆ ਦੀ ਹੱਤਿਆ ਵਿਰੋਧੀ ਗਿਰੋਹ ਨੇ ਕੀਤੀ ਸੀ। ਪ੍ਰਿੰਸ ਗਾਜ਼ੀਆਬਾਦ ਦੇ ਰਹਿਣ ਵਾਲੇ ਸਨ।

    33 ਸਾਲਾ ਪ੍ਰਿੰਸ ਤੇਵਤੀਆ ਤਿਹਾੜ ਜੇਲ੍ਹ ਨੰਬਰ 3 ਦੇ ਵਾਰਡ ਨੰਬਰ ਛੇ ਵਿੱਚ ਕੈਦ ਸਨ। ਜੇਲ੍ਹ ਵਿੱਚ 380 ਕੈਦੀ ਬੰਦ ਹਨ।

    ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਜੇਲ੍ਹ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ 5.30 ਵਜੇ ਤੇਵਤੀਆ ਦਾ ਵਿਰੋਧੀ ਧੜੇ ਦੇ ਕੈਦੀ ਅਤਾ ਉਰਹਿਮਾਨ ਨਾਲ ਝਗੜਾ ਹੋ ਗਿਆ।

    ਝਗੜੇ ਦੌਰਾਨ ਜੇਲ੍ਹ 'ਚ ਹੀ ਤੇਵਤੀਆ 'ਤੇ ਜੁਗਾੜ ਤੋਂ ਬਣੇ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਹੋਈ ਝੜਪ ਵਿੱਚ ਤੇਵਤੀਆ ਅਤੇ ਰਹਿਮਾਨ ਸਮੇਤ ਚਾਰ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

    ਜ਼ਖਮੀਆਂ ਨੂੰ ਦੀਨਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਤੇਵਤੀਆ ਨੂੰ ਮ੍ਰਿਤਕ ਐਲਾਨ ਦਿੱਤਾ। ਰਹਿਮਾਨ, ਬੌਬੀ ਅਤੇ ਵਿਨੈ ਦਾ ਇਲਾਜ ਚੱਲ ਰਿਹਾ ਹੈ, ਜਦਕਿ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ।

  11. ਪੰਜਾਬ ਸਮੇਤ ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧੇ

    ਪੰਜਾਬ ਸਮੇਤ ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਇੱਕ ਵਾਰ ਫ਼ਿਰ ਤੋਂ ਲਗਾਤਾਰ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿੱਚ ਕੋਰੋਨਾਵਾਇਰਸ ਦੇ 322 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

    ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਪੀੜਤਾਂ ਦੀ ਗਿਣਤੀ 2319 ਹੋ ਗਈ ਹੈ।

    14 ਅਪ੍ਰੈਲ ਨੂੰ ਦੇਸ਼ ਵਿੱਚ ਕੋਰੋਨਾਵਾਇਰਸ ਦੇ 11 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਜਿਨ੍ਹਾਂ ਨਾਲ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 49622 ਤੱਕ ਪਹੁੰਚ ਗਈ ਹੈ।

    ਤਾਮਿਲਨਾਡੂ ਤੇ ਮਹਾਂਰਾਸ਼ਟਰ ਵਿੱਚ ਕੋਰੋਨਾ ਦੇ ਸਭ ਤੋਂ ਵੱਧ ਕੇਸ ਹਨ।

  12. 14 ਅਪ੍ਰੈਲ ਦਾ ਮੁੱਖ ਘਟਨਾਕ੍ਰਮ

    • ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਪੰਜਾਬੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ।
    • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਨੇ ਸ਼ਰਾਬ ਨੀਤੀ ਕੇਸ ਵਿੱਚ 16 ਅਪ੍ਰੈਲ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ।
    • ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੋਹਾਲੀ ਵਿਖੇ ਵਿਜੀਲੈਂਸ ਸਾਹਮਣੇ ਪੇਸ਼ ਹੋਏ।
    • ਰਾਹੁਲ ਗਾਂਧੀ ਨੇ ਆਪਣੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ ਹੈ।
    • ਵਿਸਾਖੀ ਦੇ ਮੌਕੇ ਤਖਤ ਦਮਦਮਾ ਸਾਹਿਬ ਵਿਖੇ ਸੰਬੋਧਨ ਕਰਦਿਆਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, “ਪੰਜਾਬ ਨੂੰ ਹਿੰਦੁਸਤਾਨ ਦਾ ਗੜਬੜੀ ਵਾਲਾ ਸੂਬਾ ਕਿਹਾ ਜਾ ਰਿਹਾ ਹੈ ਜੋ ਕਿ ਗ਼ਲਤ ਹੈ ਤੇ ਪੰਜਾਬ ਵਿੱਚ ਮੁਕੰਮਲ ਅਮਨ ਅਮਾਨ ਹੈ।”
    • ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ, ‘‘ਸਿੱਖ ਸਰੰਡਰ ਨਹੀਂ ਕਰਦੇ, ਮਾਰੇ ਜਾਂਦੇ ਹਨ ਜਾਂ ਫੜੇ ਜਾਂਦੇ ਹਨ’’
  13. ਤੁਹਾਡਾ ਸਵਾਗਤ ਹੈ!

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਾਗਤ ਹੈ। ਸਾਡੇ ਇਸ ਲਾਈਵ ਪੰਨੇ ਰਾਹੀਂ ਅਸੀਂ ਤੁਹਾਨੂੰ ਪੰਜਾਬ ਦੇ ਨਾਲ-ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਅਹਿਮ ਖ਼ਬਰਾਂ ਬਾਰੇ ਜਾਣਕਾਰੀ ਦੇਵਾਂਗੇ।

    14 ਅਪ੍ਰੈਲ ਦੇ ਲਾਈਵ ਪੇਜ ਲਈ ਇੱਥੇ ਕਲਿੱਕ ਕਰੋ