ਅੱਜ ਦੀਆਂ ਕੁਝ ਅਹਿਮ ਖ਼ਬਰਾਂ ਤੇ ਮੁੱਖ ਘਟਨਾਕ੍ਰਮ
ਅਸੀਂ ਆਪਣੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਇੱਥੇ ਹੀ ਵਿਰਾਮ ਦੇ ਰਹੇ ਹਨ। ਦੇਸ਼ ਅਤੇ ਦੁਨੀਆਂ ਦੀਆਂ ਹੋਰ ਖ਼ਬਰਾਂ ਲਈ ਬੀਬੀਸੀ ਪੰਜਾਬੀ ਦੀ ਵੈਬਸਾਈਟ ਨਾਲ ਬਣੇ ਰਹੋ। ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੇ ਮੁੱਖ ਘਟਨਾਕ੍ਰਮ 'ਤੇ -
- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਪੰਜਾਬੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ।
- ਮੋਹਾਲੀ ਵਿਖੇ ਵਿਜੀਲੈਂਸ ਸਾਹਮਣੇ ਪੇਸ਼ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੀਡੀਆ ਦੇ ਮੁਖ਼ਾਤਬ ਹੋਏ। ਬਾਹਰ ਆ ਕੇ ਉਨ੍ਹਾਂ ਨੇ ਕਿਹਾ ਕਿ, ‘‘ਭਗਵੰਤ ਦੀ ਸਰਕਾਰ ਮੁਗ਼ਲਾਂ ਦੀ ਸਰਕਾਰ ਤੋਂ ਵੀ ਬਦਤਰ ਹੋ ਕੇ ਪੇਸ਼ ਆ ਰਹੀ ਹੈ ਅਤੇ ਹਰ ਤਰੀਕੇ ਜ਼ਲੀਲ, ਬਦਨਾਮ ਤੇ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’’
- ਰਾਹੁਲ ਗਾਂਧੀ ਨੇ ਆਪਣੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਅੱਜ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ ਹੈ।
- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਨੇ ਸ਼ਰਾਬ ਨੀਤੀ ਕੇਸ ਵਿੱਚ 16 ਅਪ੍ਰੈਲ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ।
- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਤਲਵੰਡੀ ਸਾਬੋ ਵਿਖੇ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਅਮ੍ਰਿਤਪਾਲ ਦੇ ਸਰੰਡਰ ਕਰਨ ਬਾਰੇ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘‘ਸਿੱਖ ਕਦੇ ਸਰੰਡਰ ਨਹੀਂ ਕਰਦੇ।’’ ਮਾਨ ਨੇ ਕਿਹਾ ਕਿ ਕੁਝ ਭਾਰਤੀ ਮੀਡੀਆ ਅਦਾਰੇ ਹਿੰਦੁਤਵ ਦੇ ਏਜੰਡੇ ਨਾਲ ਚੱਲ ਰਹੇ ਹਨ।
- ਪਾਕਿਸਤਾਨ ਦੇ ਪੰਜਾ ਸਾਹਿਬ ਵਿੱਚ ਸਥਿਤ ਗੁਰਦੁਆਰਾ ਤੋਂ ਇਹ ਸ਼ਾਨਦਾਰ ਤਸਵੀਰਾਂ ਉੱਥੋਂ ਦੇ ਅਲੌਕਿਕ ਦ੍ਰਿਸ਼ ਨੂੰ ਬਿਆਨ ਕਰ ਰਹੀਆਂ ਹਨ। ਉੱਥੇ ਵੱਡੀ ਗਿਣਤੀ ਵਿੱਚ ਵਿਸਾਖੀ ਦੇ ਸਬੰਧ ਵਿੱਚ ਭਾਰਤੀ ਪੰਜਾਬ ਸਣੇ ਵੱਖ-ਵੱਖ ਮੁਲਕਾਂ ਤੋਂ ਸ਼ਰਧਾਲੂ ਖ਼ਾਸ ਤੌਰ ਉੱਤੇ ਪਹੁੰਚੇ ਹੋਏ ਹਨ।
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਪੁਲਿਸ ਕਰਮੀਆਂ ਦੀ ਤੈਨਾਤੀ ’ਤੇ ਇਤਰਾਜ਼ ਜ਼ਾਹਰ ਕੀਤਾ।ਉਨ੍ਹਾਂ ਨੇ ਕਿਹਾ, "ਖ਼ਾਲਸਾ ਸਾਜਨਾ ਦਿਵਸ ਮੌਕੇ ਗੁਰੂ ਘਰਾਂ ਅੰਦਰ ਪੁਲਿਸ ਦਾ ਬੇਲੋੜਾ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"
- ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਖਾਲਸਾ ਸਾਜਨਾ ਦਿਵਸ ਮੌਕੇ ਦਮਦਮਾ ਸਾਹਿਬ ਵਿਖੇ ਸਿੱਖ ਸੰਗਤ ਨੂੰ ਸੰਬੋਧਿਤ ਕਰਦਿਆਂ ਦਾਅਵਾ ਕੀਤਾ ਕਿ,“ਹਰ ਸਾਲ ਜਦੋਂ ਸੰਗਤ ਗੁਰੂ ਘਰ ਵਿੱਚ ਆਉਂਦੀ ਹੈ ਤਾਂ ਰਾਹ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਸੀ ਤੇ ਉਨ੍ਹਾਂ ਦੀ ਸੇਵਾ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਂਦੇ ਸਨ। ਪਰ ਅੱਜ ਸਰਕਾਰ ਨੇ ਆਉਣ ਵਾਲੀ ਸੰਗਤ ਦੀਆਂ ਤਲਾਸ਼ੀਆਂ ਲਈਆਂ ਹਨ।”
- ਵਿਸਾਖੀ ਮੌਕੇ ਅਕਾਲ ਤਖਤ ਜਥੇਦਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਅੱਜ ਦੇ ਦਿਨ ਅੰਮ੍ਰਿਤ ਛਕਾ ਕੇ ਸਿੱਖਾਂ ਨੂੰ ਸਮਝਾ ਦਿੱਤਾ ਸੀ ਕਿ ‘ਕਿਰਪਾਨ ਸਿੱਖਾਂ ਦਾ ਅੰਗ ਹੈ।’ ਗੁਰੂ ਗੋਬਿੰਦ ਸਿੰਘ ਨੇ ਇਹ ਵੀ ਹੁਕਮ ਦਿੱਤੇ ਸਨ ਕਿ ਕਿਰਪਾਨ ਦੀ ਰਾਖੀ ਵੀ ਕਰਨੀ ਹੈ ਤੇ ਸਤਿਕਾਰ ਵੀ ਤੇ ਇਸ ਦੀ ਜੁਰਮ ਵਿਰੁੱਧ ਵਰਤੋਂ ਕਰਨੀ ਹੈ। ਗੁਰੂ ਗੋਬਿੰਦ ਸਿੰਘ ਦਾ ਹੀ ਆਦੇਸ਼ ਹੈ ਕਿ ਹਰ ਸਿੱਖ ਨੂੰ ਆਪਣੇ ਘਰ ਵਿੱਚ ਕਿਰਪਾਨ ਰੱਖਣੀ ਚਾਹੀਦੀ ਹੈ ਤੇ ਅਸੀਂ ਉਨ੍ਹਾਂ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰ ਸਕਦੇ।
- ਦਮਦਮਾ ਸਾਹਿਬ, ਤਲਵੰਡੀ ਸਾਬੋ ਨਤਮਸਤਕ ਹੋਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੁਲਿਸ ਵੱਲੋਂ ਲਗਾਏ ਨਾਕਿਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ, “ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਆਉਂਦੀਆਂ ਹਨ ਪਰ ਇਸ ਵਾਰ ਪੰਜਾਬ ਸਰਕਾਰ ਨੇ ਥਾਂ-ਥਾਂ 'ਤੇ ਨਾਕੇ ਲਾਏ ਹੋਏ ਹਨ ਜਿਸ ਦੇ ਚਲਦਿਆਂ ਸੰਗਤ ਪਹੁੰਚ ਹੀ ਨਹੀਂ ਸਕੀ।”