ਵਿਸਾਖੀ ਮੌਕੇ ਤਖ਼ਤ ਦਮਦਮਾ ਸਾਹਿਬ ’ਚ ਸੰਗਤਾਂ ਦੀ ਵੱਡੀ ਆਮਦ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ, ਜਾਣੋ ਕੀ ਹੈ ਮਾਹੌਲ

ਅਮ੍ਰਿਤਪਾਲ ਸਿੰਘ ਮਾਮਲੇ ਵਿੱਚ ਦੋ ਭਰਾ ਗ੍ਰਿਫ਼ਤਾਰ ਅਤੇ ਜਲੰਧਰ ਜ਼ਿਮਨੀ ਚੋਣ ਲਈ ਭਾਜਪਾ ਨੇ ਇੰਦਰ ਇਕਬਾਲ ਅਟਵਾਲ ਨੂੰ ਦਿੱਤੀ ਟਿਕਟ

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਅਸੀਂ ਆਪਣੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਇੱਥੇ ਹੀ ਵਿਰਾਮ ਦੇ ਰਹੇ ਹਨ। ਦੇਸ਼ ਅਤੇ ਦੁਨੀਆਂ ਦੀਆਂ ਹੋਰ ਖ਼ਬਰਾਂ ਲਈ ਬੀਬੀਸੀ ਪੰਜਾਬੀ ਦੀ ਵੈਬਸਾਈਟ ਨਾਲ ਜੁੜੇ ਰਹੋ। ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੇ ਮੁੱਖ ਘਟਨਾਕ੍ਰਮ 'ਤੇ-

    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਰਤਾਨਵੀਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨਾਲ ਭਾਰਤ ਵਿਰੋਧੀ ਅਨਸਰਾਂ ’ਤੇ ਕਾਰਵਾਈ ਲਈ ਸਹਿਮਤੀ ਬਣੀ
    • ਵਿਸਾਖੀ ਮੌਕੇ ਦਮਦਮਾ ਸਾਹਿਬ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਵਿੱਚ ਆਮਦ ਹੋਈ, ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ
    • ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਾਲਸਾ ਸਾਜਨਾ ਦਿਵਸ ਮੌਕੇ ਵਧ-ਚੜ੍ਹ ਕੇ ਤੇ ਬੇਖੌਫ਼ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਣ
    • ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਸੂਬਾ ਪ੍ਰਧਾਨ ਰਾਜਾ ਵੜਿੰਗ,ਸਣੇ ਕਈ ਕਾਂਗਰਸੀਆਂ ਆਗੂਆਂ ਨਾਲ ਅਪਣੇ ਚੋਣ ਨਾਮਜ਼ਦਗੀ ਲਈ ਕਾਗਜ਼ ਦਾਖਲ ਕੀਤੇ।
    • ਪੰਜਾਬ ਪੁਲਿਸ ਨੇ ਵਿਸਾਖੀ ਮੌਕੇ ਅਮ੍ਰਿਤਪਾਲ ਸਿੰਘ ਦੇ ਜਨਤਕ ਥਾਵਾਂ ਉੱਤੇ ਪੋਸਟਰ ਲਾਏ ਹਨ।
  2. ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨਾਲ ਭਾਰਤ-ਵਿਰੋਧੀ ਅਨਸਰਾਂ ’ਤੇ ਕਾਰਵਾਈ ਲਈ ਸਹਿਮਤੀ ਬਣੀ - ਮੋਦੀ

    ਮੋਦੀ

    ਤਸਵੀਰ ਸਰੋਤ, Getty Images

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ – ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਨ ਅਤੇ ਬ੍ਰਿਟੇਨ ਵਿੱਚ ਭਾਰਤੀ ਸਫਾਰਤਖਾਨਿਆਂ ਦੀ ਸੁਰੱਖਿਆ ਤੈਅ ਕਰਨ ਲਈ ਬਰਤਾਨਵੀਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨਾਲ ਉਨ੍ਹਾਂ ਦੀ ਸਹਿਮਤੀ ਬਣੀ ਹੈ।

    ਨਰਿੰਦਰ ਮੋਦੀ ਨੇ ਕਿਹਾ ਕਿ ਆਰਥਿਕ ਗੜਬੜੀਆਂ ਕਰਨ ਵਾਲਿਆਂ ਬਾਰੇ ਵੀ ਚਰਚਾ ਹੋਈ ਹੈ।

    ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਰਿਸ਼ੀ ਸੂਨਕ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ਬ੍ਰਿਟੇਨ ਤੇ ਭਾਰਤ ਵਿਚਾਲੇ ਮਸਲਿਆਂ ਬਾਰੇ ਚਰਚਾ ਹੋਈ।

  3. ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਅਤੇ ਜੀਐੱਸਟੀ ਪ੍ਰਾਈਮ ਦੀ ਸ਼ੁਰੂਆਤ

    ਹਰਪਾਲ ਸਿੰਘ ਚੀਮਾ

    ਪੰਜਾਬ ਦੇ ਵਿੱਤ, ਯੋਜਨਾ, ਪ੍ਰੋਗਰਾਮ ਲਾਗੂਕਰਨ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (ਐੱਸਆਈਪੀਯੂ) ਅਤੇ ਜੀਐੱਸਟੀ ਪ੍ਰਾਈਮ ਦੀ ਸ਼ੁਰੂਆਤ ਕੀਤੀ ਗਈ ਹੈ।

    ਇਹ ਸੂਬੇ ਦੇ ਜੀਐੱਸਟੀ ਅਧਿਕਾਰੀਆਂ ਵਾਸਤੇ ਆਪਣੇ ਅਧਿਕਾਰ ਖੇਤਰ ਅੰਦਰ ਕਰ ਵਸੂਲੀ ਅਤੇ ਪਾਲਣਾ ਦੇ ਵਿਸ਼ਲੇਸ਼ਣ ਤੇ ਨਿਗਰਾਨੀ ਕਰਨ ਲਈ ਇੱਕ ਵਿਸ਼ਲੇਸ਼ਣਾਤਮਕ ਪੋਰਟਲ ਹੈ।

    ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਡਿਫਾਲਟਰਾਂ ਅਤੇ ਟੈਕਸ ਚੋਰੀ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਖੇਤਰੀ ਪੱਧਰ ਦੇ ਦਫਤਰਾਂ ਅਤੇ ਇਨਫੋਰਸਮੈਂਟ ਅਤੇ ਖੁਫੀਆ ਦਫਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

  4. ਵਿਸਾਖੀ ’ਤੇ ਤਖ਼ਤ ਦਮਦਮਾ ਸਾਹਿਬ ਵਿਖੇ ਮਾਹੌਲ ਅਤੇ ਤਿਆਰੀਆਂ ਕੀ ਹਨ

    ਵੀਡੀਓ ਕੈਪਸ਼ਨ, ਵਿਸਾਖੀ ’ਤੇ ਤਖ਼ਤ ਦਮਦਮਾ ਸਾਹਿਬ ਵਿਖੇ ਮਾਹੌਲ ਅਤੇ ਤਿਆਰੀਆਂ ਕੀ ਹਨ

    ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੌਰਾਨ ਉੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ।

    18 ਮਾਰਚ ਨੂੰ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਸ਼ੁਰੂ ਹੋਈ ਕਾਰਵਾਈ ਤੋਂ ਬਾਅਦ ਅਮ੍ਰਿਤਪਾਲ ਨੇ ਇੱਕ ਵੀਡੀਓ ਵਿੱਚ ਅਕਾਲ ਤਖ਼ਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸਾਖੀ ਮੌਕੇ ਦਮਦਮਾ ਸਾਹਿਬ ਵਿਖੇ ਸਰਬੱਤ ਖ਼ਾਲਸਾ ਸੱਦਣ ਦੀ ਗੱਲ ਕਹੀ ਸੀ।

    ਹਾਲਾਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸਾਫ਼ ਕੀਤਾ ਹੈ ਕਿ ਕੋਈ ਸਰਬੱਤ ਖਾਲਸਾ ਨਹੀਂ ਸੱਦਿਆ ਜਾ ਰਿਹਾ ਹੈ।

    ਵਿਸਾਖੀ ਸਮਾਗਮ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ, ਸੁਰੱਖਿਆ ਪ੍ਰਬੰਧਾਂ ਅਤੇ ਹੋਰ ਪਹਿਲੂਆਂ ਬਾਰੇ ਬੀਬੀਸੀ ਸਗਿਯੋਗੀ ਸੁਰਿੰਦਰ ਮਾਨ ਜ਼ਿਆਦਾ ਜਾਣਕਾਰੀ ਦੇ ਰਹੇ ਹਨ।

    (ਕੈਮਰਾ – ਇਕਬਾਲ ਸਿੰਘ ਖਹਿਰਾ, ਐਡਿਟ – ਰਾਜਨ ਪਪਨੇਜਾ)

  5. ਬਠਿੰਡਾ ਵਿੱਚ 144 ਧਾਰਾ ਲਾਗੂ ਹੋਣ ਬਾਰੇ ਫੇਕ ਨਿਊਜ਼ ਫੈਲਾਈ ਜਾ ਰਹੀ ਹੈ- ਪੁਲਿਸ

    ਬਠਿੰਡਾ ਰੇਂਜ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਬਠਿੰਡਾ ਵਿੱਚ ਧਾਰਾ 144 ਬਾਰੇ ਫੇਕ ਨਿਊਜ਼ ਫੈਲਾਈ ਜਾ ਰਹੀ ਹੈ।

    ਉਨ੍ਹਾਂ ਨੇ ਲਿਖਿਆ, "ਸੋਸ਼ਲ ਮੀਡੀਆ 'ਤੇ ਇੱਕ ਜਾਅਲੀ ਖ਼ਬਰ ਫੈਲਾਈ ਜਾ ਰਹੀ ਹੈ ਕਿ ਬਠਿੰਡਾ ਵਿੱਚ ਧਾਰਾ 144 ਲਗਾਈ ਗਈ ਹੈ। ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਅਸਥਿਰ ਕਰਨ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ। ਹਾਲਾਂਕਿ ਜਨਤਕ ਥਾਵਾਂ 'ਤੇ ਹਥਿਆਰ ਲੈ ਕੇ ਜਾਣ 'ਤੇ ਸਖ਼ਤ ਪਾਬੰਦੀ ਹੈ।"

    ਦੂਜੇ ਪਾਸੇ ਬਠਿੰਡਾ ਦੇ ਡੀਸੀ ਦਫ਼ਤਰ ਵੱਲੋਂ ਹੁਕਮ ਜਾਰੀ ਕੀਤੇ ਹੋਏ ਹਨ ਕਿ 11 ਅਪ੍ਰੈਲ 2023 ਤੋਂ 10 ਜੂਨ 2023 ਤੱਕ ਬਠਿੰਡਾ ਵਿੱਚ ਧਾਰਾ 144 ਲਗਾਈ ਗਈ ਹੈ। ਉਸ ਹੁਕਮ ਵਿੱਚ ਕਿਸੇ ਇਕੱਠ ਉੱਤੇ ਪਾਬੰਦੀ ਲਗਾਉਣ ਦੀ ਗੱਲ ਨਹੀਂ ਹੈ। ਉਸ ਵਿੱਚ ਵੀ ਜਨਤਕ ਥਾਂਵਾਂ ਉੱਤੇ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਅਤੀਕ ਅਹਿਮਦ: ਟਾਂਗਾ ਚਲਾਉਣ ਵਾਲੇ ਦਾ ਪੁੱਤ ਕਿਵੇਂ ਬਣਿਆ ਗੈਂਗਸਟਰ, ਜਾਣੋ ਸਿਆਸਤ ਤੋਂ ਜੇਲ੍ਹ ਤੱਕ ਦਾ ਸਫ਼ਰ

    ਅਤੀਕ ਅਹਿਮਦ

    ਤਸਵੀਰ ਸਰੋਤ, FACEBOOK/SANSAD ATEEQ AHMAD YOUTH BRIDGE/BBC

    ਸਲਾਖਾਂ ਪਿੱਛੇ ਬੰਦ ਅਤੀਕ ਅਹਿਮਦ ਦਾ ਸਿਆਸੀ ਰਸੂਖ਼ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਕਤਲ, ਕਤਲ ਦੀ ਕੋਸ਼ਿਸ਼, ਅਗਵਾ ਕਰਨਾ, ਜਬਰੀ ਵਸੂਲੀ ਵਰਗੇ ਤਕਰੀਬਨ 100 ਤੋਂ ਵੀ ਵੱਧ ਗੰਭੀਰ ਇਲਜ਼ਾਮਾਂ ਦੇ ਚੱਲਦਿਆਂ ਦੋਸ਼ੀ ਅਤੀਕ ਅਹਿਮਦ 5 ਵਾਰ ਵਿਧਾਇਕ ਅਤੇ 1 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ।

    1989 ਤੋਂ ਆਪਣਾ ਸਿਆਸੀ ਸਫ਼ਰ ਸ਼ੂਰੂ ਕਰਨ ਵਾਲੇ ਅਤੀਕ ਅਹਿਮਦ ਬਸਪਾ, ਅਪਨਾ ਦਲ ਅਤੇ ਸਪਾ ਪਾਰਟੀ ਦੇ ਮੈਂਬਰ ਰਹਿ ਚੁੱਕੇ ਹਨ।

    ਅਤੀਕ ਅਹਿਮਦ ਦੇਸ਼ ਦੇ ਉਨ੍ਹਾਂ ਨੇਤਾਵਾਂ ’ਚੋਂ ਇੱਕ ਹਨ, ਜੋ ਕਿ ਅਪਰਾਧ ਦੀ ਦੁਨੀਆ ਤੋਂ ਨਿਕਲ ਕੇ ਰਾਜਨੀਤੀ ਦੀਆਂ ਗਲੀਆਂ ’ਚ ਆਏ ਹਨ। ਹਾਲਾਂਕਿ ਰਾਜਨੀਤੀ ’ਚ ਵੀ ਉਨ੍ਹਾਂ ਦੀ ਬਾਹੂਬਲੀ ਵਾਲੀ ਸਾਖ਼ ਬਰਕਰਾਰ ਰਹੀ ਹੈ ਅਤੇ ਉਹ ਸਮੇਂ-ਸਮੇਂ ’ਤੇ ਸੁਰਖੀਆਂ ਬਟੋਰਦੇ ਰਹੇ ਹਨ। ਅਤੀਕ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

  7. ਯੂਪੀ ਪੁਲਿਸ ਨੇ ਦੱਸਿਆ, ਅਤੀਕ ਅਹਿਮਦ ਦੇ ਬੇਟੇ ਅਸਦ ਦਾ ਕਿਵੇਂ ਹੋਇਆ 'ਐਨਕਾਉਂਟਰ'

    ਯੂਪੀ ਦੇ ਬਾਹੁਬਲੀ ਨੇਤਾ ਅਤੀਕ ਅਹਿਮਦ ਦੇ ਬੇਟੇ ਅਸਦ ਤੇ ਉਨ੍ਹਾਂ ਦੇ ਸਾਥੀ ਗੁਲਾਮ ਦਾ ਪੁਲਿਸ ਨੇ ਐਨਕਾਊਂਟਰ ਕਰਨ ਦਾ ਦਾਅਵਾ ਕੀਤਾ ਹੈ।ਉਮੇਸ਼ ਪਾਲ ਕਤਲ ਕਾਂਡ ਵਿੱਚ ਪੁਲਿਸ ਨੂੰ ਇਨ੍ਹਾਂ ਦੋਵੇਂ ਮੁਲਜ਼ਮਾਂ ਦੀ ਤਲਾਸ਼ ਸੀ।

    ਇਨ੍ਹਾਂ ਦੋਵਾਂ ਉੱਤੇ 5-5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।

    ਉਮੇਸ਼ ਪਾਲ ਬੀਐੱਸਪੀ ਵਿਧਾਇਕ ਰਾਜੂ ਪਾਲ ਦੇ ਕਤਲ ਕੇਸ ਵਿੱਚ ਮੁੱਖ ਗਵਾਹ ਸੀ। ਉਨ੍ਹਾਂ ਦਾ ਕਤਲ 24 ਫਰਵਰੀ 2023 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਕੀਤਾ ਗਿਆ ਸੀ।

    ਅਸਦ ਅਹਿਮਦ ਦੇ ਕਥਿਤ ਐਨਕਾਊਂਟਰ ਬਾਰੇ ਯੂਪੀ ਪੁਲਿਸ ਐੱਸਟੀਐੱਫ ਦੇ ਏਡੀਜੀ ਅਮਿਤਾਭ ਯਸ਼ ਨੇ ਦੱਸਿਆ, “ਇਹ ਯੂਪੀ ਪੁਲਿਸ ਅਤੇ ਐੱਸਟੀਐੱਫ ਦੇ ਲਈ ਜ਼ਰੂਰੀ ਕੇਸ ਸੀ ਕਿਉਂਕਿ ਇੱਕ ਕੇਸ ਵਿੱਚ ਇੱਕ ਮੁੱਖ ਗਵਾਹ ਜਿਸ ਨੂੰ ਯੂਪੀ ਪੁਲਿਸ ਨੇ ਸੁਰੱਖਿਆ ਦਿੱਤੀ ਸੀ, ਉਸ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। ਇਸ ਕੇਸ ਵੱਚ ਅੱਜ ਦੋ ਸ਼ੂਟਰਾਂ ਨੂੰ ਐਨਕਾਊਂਟਰ ਵਿੱਚ ਮਾਰਿਆ ਗਿਆ ਹੈ।”

    ਯੂਪੀ ਪੁਲਿਸ ਦੇ ਸਪੈਸ਼ਲ ਡੀਜੀਲਾਅ ਐਂਡ ਆਰਡਰ, ਉੱਤਰ ਪ੍ਰਦੇਸ਼ ਪ੍ਰਸ਼ਾਂਤ ਕੁਮਾਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ 'ਐਨਕਾਉਂਟਰ' ਕਿਵੇਂ ਕੀਤਾ।

    ਪੁਲਿਸ ਦਾ ਦਾਅਵਾ ਹੈ ਕਿ ਰਾਤ 1:30ਵਜੇ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ।

    ਉਨ੍ਹਾਂ ਕਿਹਾ, "ਅੱਜ ਦੁਪਹਿਰ 12:30 ਤੋਂ 1 ਵਜੇਦੇ ਵਿਚਕਾਰ ਸੂਚਨਾ ਦੇ ਆਧਾਰ 'ਤੇ ਕੁਝ ਲੋਕਾਂ ਨੂੰ ਇਨਟਰਸੈਪਟ ਕੀਤਾ ਗਿਆ, ਉਸ ਦੌਰਾਨ ਦੋਵਾਂ ਪਾਸਿਓਂ ਗੋਲੀਆਂ ਚੱਲੀਆਂ। ਉਸ ਆਪਰੇਸ਼ਨ ਵਿੱਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਕੀਤੀ ਗਈ, ਸਾਡੀ ਐੱਸਟੀਐੱਫ ਟੀਮ ਸੀ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਪ੍ਰਸ਼ਾਂਤ ਕੁਮਾਰ ਨੇ ਕਿਹਾ, "ਇਸ ਮੁਠਭੇੜ ਵਿੱਚ 24 ਫਰਵਰੀ ਨੂੰ ਉਮੇਸ਼ ਪਾਲ ਦੇ ਕਤਲ ਕਰਨ ਵਾਲੇ ਦੋ ਲੋਕ ਜਖ਼ਮੀ ਹੋਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਅਸਦ ਅਹਿਮਦ, ਪੁੱਤਰ ਅਤੀਕ ਅਹਿਮਦ ਅਤੇ ਗੁਲਾਮ, ਪੁੱਤਰ ਮਕਸੂਦਨ ਵਜੋਂ ਹੋਈ। ਮੁਲਜ਼ਮਾਂ ਦੇ ਕੋਲ ਅਤਿਆਧੁਨਿਕ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਹਨ।"

    ਇਸ ਵਿਚਾਲੇ, ਉਮੇਸ਼ ਪਾਲ ਕਤਲਕਾਂਡ ਮਾਮਲੇ ਵਿੱਚ ਅਤੀਕ ਅਤੇ ਉਨ੍ਹਾਂ ਦੇ ਭਰਾ ਅਸ਼ਰਫ਼ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

  8. ਜਲੰਧਰ ਵਿੱਚ ਨਾਮਜ਼ਦਗੀ ਦੌਰਾਨ ਇੱਕਠੇ ਦਿਖੇ ਕਾਂਗਰਸ ਆਗੂ

    ਨਵਜੋਤ ਸਿੱਧੂ ਤੇ ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, Pardeep Sharma

    ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ,ਸੂਬਾ ਪ੍ਰਧਾਨ ਰਾਜਾ ਵੜਿੰਗ,ਪਰਤਾਪ ਸਿੰਘ ਬਾਜਵਾ,ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਅਪਣੀ ਚੋਣ ਨਾਮਜ਼ਦਗੀ ਲਈ ਕਾਗਜ਼ ਦਾਖਲ ਕਰਦੇ ਹੋਏ

    ਕਰਮਜੀਤ ਕੌਰ ਚੌਧਰੀ, ਜਲੰਧਰ ਦੇ ਮਰਹੂਮ ਲੋਕ ਸਭਾ ਮੈਂਬਰ ਚੌਧਰੀ ਸੰਤੋਖ਼ ਸਿੰਘ ਦੀ ਪਤਨੀ ਹਨ।

    ਉਨ੍ਹਾਂ ਦੇ ਦੇਹਾਂਤ ਕਾਰਨ ਹੀ ਜਲੰਧਰ ਲੋਕ ਸਭੇ ਦੀ ਜ਼ਿਮਨੀ ਚੋਣ ਹੋ ਰਹੀ ਹੈ।

    ਅਕਾਲੀ ਦਲ ਅਤੇ ਬਸਪਾ ਨੇ ਇੱਥੋਂ ਬੰਗਾ ਦੇ ਵਿਧਾਇਕ ਸੁਖਵਿੰਦਰ ਸੁੱਖੀ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਕਿ ਭਾਜਪਾ ਨੇ ਸਾਬਕਾ ਅਕਾਲੀ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਉਮੀਦਵਾਰ ਬਣਾਇਆ ਹੈ।

  9. ਤਾਜ਼ਾ, ਭਗਵੰਤ ਮਾਨ ਦੀ ਕੇਂਦਰ ਸਰਕਾਰ ਨੂੰ ਚੇਤਾਵਨੀ

    ਭਗਵੰਤ ਮਾਨ

    ਤਸਵੀਰ ਸਰੋਤ, Kuldeep barar

    ਕੇਂਦਰ ਸਰਕਾਰ ਜਿੰਨਾਂ ਖਰਾਬ ਅਨਾਜ ਦੇ ਭਾਅ ਦਾ ਕੱਟ ਲਾਵੇਗੀ, ਉਸ ਦੀ ਭਰਪਾਈ ਪੰਜਾਬ ਸਰਕਾਰ ਕਰੇਗੀ

    ਪਰ ਮੈਂ ਕੇਂਦਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ, ‘‘ਕਦੇਂ ਦਾਦੇ ਦੀਆਂ ਅਤੇ ਕਦੇ ਪੋਤੇ ਦੀਆਂ’’

    ਅੱਗੇ ਝੋਨੇ, ਨਰਮੇ ਤੇ ਦਾਲਾਂ ਦੀਆਂ ਫਸਲਾਂ ਮੰਗਣਗੇ ਉਦੋਂ ਹਿਸਾਬ ਕਰਾਂਗੇ ਅਤੇ ਕਹਾਂਗੇ ਪਹਿਲਾਂ ਪਿਛਲੇ ਕੱਟ ਵਾਲੇ ਰੱਖੋ।

    ਨਹੀਂ ਤਾਂ ਸਾਨੂੰ ਪੱਛਮੀ ਬੰਗਾਲ ਵਾਲੇ ਤਮਲਿਨਾਡੂ ਵਾਲੇ ਅਤੇ ਹੋਰ ਸੂਬਿਆਂ ਵਾਲੇ ਕਹਿ ਰਹੇ ਕਿ ਸਿੱਧੇ ਹੀ ਭੇਜ ਦਿਓ

    ਅਸੀਂ ਇਹ ਫਸਲਾਂ ਸਿੱਧੀਆਂ ਹੀ ਭੇਜ ਦਿਆਂਗੇ।

    ਦੱਸ ਦਈਏ ਕਿ ਕੇਂਦਰ ਸਰਕਾਰ ਨੇ ਭਾਵੇਂ ਖਰਾਬ ਕਣਕ ਦੀ ਖਰੀਦ ਲਈ 18 ਫੀਸਦ ਦੀ ਛੂਟ ਦਿੱਤੀ ਹੈ, ਪਰ ਨਾਲ ਹੀ ਦਾਣਿਆਂ ਦੇ ਖ਼ਰਾਬੇ ਦੀ ਫੀਸਦ ਦੇ ਹਿਸਾਬ ਨਾਲ ਭਾਅ ਵਿੱਚ ਕੱਟ ਲਾਉਣ ਦਾ ਨਿਯਮ ਰੱਖਿਆ ਹੈ।

    ਪੰਜਾਬ ਦੇ ਕਿਸਾਨ ਅਤੇ ਸੂਬਾ ਸਰਕਾਰ ਨੇ ਇਸ ਦਾ ਸਖ਼ਤ ਵਿਰੋਧ ਦਰਜ ਕਰਵਾਇਆ ਸੀ, ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਭਾਅ ਦੇ ਕੱਟ ਦੇ ਪੈਸੇ ਪੰਜਾਬ ਸਰਕਾਰ ਭਰੇਗੀ।

  10. ਤਾਜ਼ਾ, ਖ਼ਰਾਬੇ ਤੋਂ 20 ਦਿਨਾਂ ਦੇ ਅੰਦਰ ਮੁਆਵਜ਼ਾ ਮਿਲਣਾ ਸ਼ੁਰੂ

    ਬੇਮੌਸਮੇਂ ਮੀਂਹ ਅਤੇ ਗੜੇਬਾਰੀ ਕਾਰਨ ਫਸਲਾਂ ਦੇ ਹੋਏ ਖ਼ਰਾਬੇ ਦਾ ਮੁਆਵਜ਼ਾ ਵੰਡ ਸਮਾਗਮ ਦੌਰਾਨ ਬੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ :

    • ਗਦਾਵਰੀ ਸਿਸਟਮ ਨੂੰ ਪਾਰਦਰਸ਼ਤਾ ਨਾਲ ਲਾਗੂ ਕੀਤਾ
    • ਠੇਕੇ ਉੱਤੇ ਖੇਤੀ ਕਰ ਰਹੇ ਕਾਸ਼ਤਕਾਰ ਨੂੰ ਪੈਸੇ ਦਿੱਤੇ ਜਾ ਗਏ
    • 20 ਦਿਨਾਂ ਦਾ ਵਾਅਦਾ ਕੀਤਾ ਸੀ ਅਤੇ ਉਸ ਤੋਂ ਪਹਿਲਾਂ ਹੀ ਮੁਆਵਜ਼ਾ ਦੇਣਾ ਸ਼ੁਰੂ ਕੀਤਾ
    • ਇਹ ਪਹਿਲੀ ਵਾਰ ਹੋਇਆ ਅਤੇ 40 ਕਰੋੜ ਰੁਪਏ ਵਿੱਚ ਖਾਤਿਆਂ ਵਿੱਚ ਪੈ ਗਿਆ
    • ਨੁਕਸਾਨ ਹੋਏ ਕਿਸਾਨਾਂ ਦੀ ਬਾਂਹ ਫੜ੍ਹਨ ਲ਼ਈ 13 ਅਪ੍ਰੈਲ ਦਾ ਦਿਨ ਸ਼ੁਰੂ
  11. ਅਕਾਲ ਤਖਤ ਜਥੇਦਾਰ ਦਾ ਲੋਕਾਂ ਨੂੰ ਸੰਦੇਸ਼- 'ਬੇਖੌਫ਼ ਹੋ ਕੇ ਦਮਦਮਾ ਸਾਹਿਬ ਪਹੁੰਚੋ'

    ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

    ਤਸਵੀਰ ਸਰੋਤ, SGPC

    ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਾਲਸਾ ਸਾਜਨਾ ਦਿਵਸ ਮੌਕੇ ਵਧ-ਚੜ੍ਹ ਕੇ ਤੇ ਬੇਖੌਫ਼ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚਣ।

    ਉਨ੍ਹਾਂ ਕਿਹਾ, ''ਪੰਜ ਪਿਆਰੇ ਸਹਿਬਾਨ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ 13,14,15 ਤਾਰੀਖ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਕਰਵਾਇਆ ਜਾਣਾ ਹੈ।''

    ''ਸਿੱਖ ਸੰਗਤ ਨੂੰ ਅਪੀਲ ਹੈ ਕਿ ਬੇਖੌਫ਼ ਹੋ ਕੇ, ਬੇਪਰਵਾਹ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਖਾਲਸਾ ਸਾਜਣਾ ਦਿਵਸ ਮਨਾਉਣ ਲਈ ਹੁੰਮ-ਹੁਮਾ ਕੇ ਪਹੁੰਚੀਏ।''

    ਉਨ੍ਹਾਂ ਕਿਹਾ ''ਸਮਾਜ 'ਚ ਤੇ ਖਾਸ ਤੌਰ 'ਤੇ ਸਾਡੇ ਸਿੱਖਾਂ ਦੇ ਅੰਦਰ ਜੋ ਅਸੀਂ ਹਫੜਾ-ਦਫੜੀ ਦਾ ਮਾਹੌਲ ਦੇਖ ਰਹੇ ਹਾਂ, ਇਸ ਦਾ ਮੁੱਖ ਕਾਰਨ ਹੈ ਕਿ ਅਸੀਂ ਸਿੱਖ ਫਲਸਫੇ, ਪਰੰਪਰਾਵਾਂ, ਮਰਿਆਦਾ ਤੋਂ ਦੂਰ ਜਾ ਚੁੱਕੇ ਹਾਂ, ਖਾਸ ਤੌਰ 'ਤੇ ਨੌਜਵਾਨ।''

    ਉਨ੍ਹਾਂ ਕਿਹਾ ਕਿ ਅੱਜ ਇਹੀ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਸਿੱਖ ਫਲਸਫੇ ਤੇ ਪਰੰਪਰਾਵਾਂ ਤੋਂ ਜਾਣੂ ਹੋਇਆ ਜਾਵੇ।

  12. ਅਮ੍ਰਿਤਪਾਲ ਸਿੰਘ ਮਾਮਲਾ: ਹੁਸ਼ਿਆਰਪੁਰ ਤੋਂ ਦੋ ਸਕੇ ਭਰਾ ਗ੍ਰਿਫ਼ਤਾਰ

    ਅਮ੍ਰਿਤਪਾਲ ਸਿੰਘ ਮਾਮਲਾ

    ਤਸਵੀਰ ਸਰੋਤ, Getty Images

    ਅਮ੍ਰਿਤਪਾਲ ਸਿੰਘ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਹੁਸ਼ਿਆਰਪੁਰ ਦੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

    ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ, ਇਨ੍ਹਾਂ ਦੋਵਾਂ ਦੇ ਨਾਮ ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਦੱਸੇ ਗਏ ਹਨ।

    ਇਨ੍ਹਾਂ 'ਤੇ ਇਲਜ਼ਾਮ ਹਨ ਕਿ ਪੁਲਿਸ ਦੀ ਕਾਰਵਾਈ ਦੌਰਾਨ ਇਨ੍ਹਾਂ ਨੇ ਅਮ੍ਰਿਤਪਾਲ ਨੂੰ ਪਨਾਹ ਦਿੱਤੀ ਸੀ।

    ਜਾਣਕਾਰੀ ਮੁਤਾਬਕ, 28 ਮਾਰਚ ਨੂੰ ਜਦੋਂ ਪੰਜਾਬ ਪੁਲਿਸ ਅਮ੍ਰਿਤਪਾਲ ਸਿੰਘ ਦੀ ਭਾਲ਼ ਕਰ ਰਹੀ ਸੀ, ਉਸ ਵੇਲੇ ਰਾਤ ਸਮੇਂ ਅਮ੍ਰਿਤਪਾਲ ਸਿੰਘ ਨੇ ਪਿੰਡ ਮਰਨਾਈਆਂ ਤੋਂ 4-5 ਕਿਲੋਮੀਟਰ ਦੂਰ ਪਿੰਡ ਰਾਜਪੁਰ ਭਾਈਆਂ 'ਚ ਇਨ੍ਹਾਂ ਦੋਵੇਂ ਭਰਾਵਾਂ ਕੋਲ ਪਨਾਹ ਲਈ ਸੀ।

    ਇੱਥੋ ਹੀ ਇੱਕ ਗੱਡੀ ਅਮ੍ਰਿਤਪਾਲ ਨੂੰ ਅੱਗੇ ਲੈ ਗਈ ਸੀ।

    ਗੁਰਦੀਪ ਤੇ ਕੁਲਦੀਪ ਰਾਤ ਸਮੇਂ ਮਾਈਨਿੰਗ ਮਜ਼ਦੂਰੀ ਕਰਦੇ ਹਨ।

    ਪੁਲਿਸ ਨੇ 30 ਮਾਰਚ ਨੂੰ ਦਰਜ ਕੀਤੀ ਗਈ ਐਫਆਈਆਰ 'ਚ ਇਨ੍ਹਾਂ ਦੇ ਨਾਮ ਵੀ ਸ਼ਾਮਲ ਕਰ ਲਏ ਹਨ।

    ਅੱਜ ਇਨ੍ਹਾਂ ਦੋਵਾਂ ਨੂੰ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ।

  13. ਤਾਜ਼ਾ, ਹੁਣ ਤੱਕ ਦੇ ਕੁਝ ਅਹਿਮ ਅਪਡੇਟ

    • ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਮਾਮਲੇ 10 ਕੇਸਾਂ ਦਾ ਅੰਕੜਾ ਪਾਰ ਕਰ ਗਏ ਹਨ
    • ਉੱਤਰੀ ਕੋਰੀਆ ਦੀ ਮਿਜ਼ਾਇਲ ਲਾਚਿੰਗ ਤੋਂ ਬਾਅਦ ਜਪਾਨ ਨੇ ਆਪਣੇ ਸ਼ਹਿਰੀਆਂ ਨੂੰ ਲੁਕਣ ਲਈ ਕਿਹਾ
    • ਗੜਸ਼ੰਕਰ ਨੇੜੇ ਹੋਏ ਸੜ੍ਹਕ ਹਾਦਸੇ ਵਿੱਚ 7 ਜਣਿਆਂ ਦੀ ਮੌਤ ਹੋਈ ਹੈ, 5 ਗੰਭੀਰ ਜ਼ਖ਼ਮੀ ਹਨ
    • ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਅਚਾਨਕ ਰਾਇਫਲ ਚੱਲਣ ਨਾਲ ਇੱਕ ਜਵਾਨ ਦੀ ਮੌਤ ਹੋ ਗਈ
    • ਵਿਸਾਖੀ ਦੇ ਮੱਦੇਨਜ਼ਰ ਅਮ੍ਰਿਤਸਰ, ਸ੍ਰੀ ਅਨੰਦਪੁਰ ਸਾਹਿਬ ਅਤੇ ਦਮਦਮਾ ਸਾਹਿਬ ਵਿੱਚ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਹਨ
  14. ਗੜ੍ਹਸੰਕਰ: ਟਰੱਕ ਹੇਠ ਆਉਣ ਕਾਰਨ 7 ਸ਼ਰਧਾਲੂਆਂ ਦੀ ਮੌਤ

    ਹਾਦਸੇ ਦੇ ਜ਼ਖ਼ਮੀ
    ਤਸਵੀਰ ਕੈਪਸ਼ਨ, ਹਾਦਸੇ ਦੇ ਜ਼ਖ਼ਮੀ

    ਹੁਸ਼ਿਆਰਪੁਰ ਦੇ ਗੜ੍ਹਸ਼ੰਕj ਵਿਖੇ ਵਾਪਰੇ ਇੱਕ ਸੜਕ ਹਾਦਸੇ ਵਿੱਚ 7 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ।

    ਬੀਬੀਸੀ ਸਹਿਯੋਗੀ ਬਿਮਲ ਸੈਣੀ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਇਹ ਸ਼ਰਧਾਲੂ ਵਿਸਾਖੀ ਮੌਕੇ ਖੁਰਾਲਗੜ੍ਹ ਸਾਹਿਬ ਤੋਂ ਚਰਨਛੋਹ ਗੰਗਾ ਵੱਲ ਜਾ ਰਹੇ ਸਨ।

    ਖੁਰਾਲਗੜ੍ਹ ਵਿਚਲੀ ਉਹ ਥਾਂ ਹੈ,ਜਿਸ ਬਾਰੇ ਕਿਹਾ ਜਾਂਦਾ ਹੈ ਕਿ ਆਪਣੇ ਪੰਜਾਬ ਦੌਰਾਨ ਦੌਰਾਨ ਭਗਤ ਰਵਿਦਾਸ ਜੀ ਇੱਥੇ ਆਏ ਸਨ

    ਇਸੇ ਦੌਰਾਨ ਪਿਛਲੇ ਪਾਸਿਓਂ ਆ ਰਿਹਾ ਇੱਕ ਟਰੱਕ ਸ਼ਰਧਾਲੂਆਂ 'ਤੇ ਚੜ੍ਹ ਗਿਆ, ਜਿਸ ਨਾਲ 4 ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 13 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

    ਇਲਾਜ ਦੌਰਾਨ 3 ਹੋਰ ਜ਼ਖਮੀਆਂ ਦੀ ਮੌਤ ਹੋ ਗਈ ਜਦਕਿ 5 ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਏ 5 ਵਿਅਕਤੀ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ।

    ਹਾਦਸੇ 'ਚ ਜ਼ਖਮੀ ਹੋਏ ਇੱਕ ਸ਼ਖਸ ਮੁਤਾਬਕ, ਉਹ ਇਸ ਇਲਾਕੇ 'ਚ ਭੱਠੇ 'ਤੇ ਮਜ਼ਦੂਰੀ ਕਰਨ ਆਏ ਸਨ ਅਤੇ ਇਸੇ ਦੌਰਾਨ ਉਨ੍ਹਾਂ ਸੋਚਿਆ ਕਿ ਗੁਰੂ ਦੇ ਦਰਸ਼ਨ ਕਰ ਲਏ ਜਾਣ।

    ਪੁਲਿਸ ਵੱਲੋਂ ਇਸ ਪੂਰੇ ਮਾਮਲੇ 'ਚ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

  15. ਬਠਿੰਡਾ ਮਿਲਟਰੀ ਸਟੇਸ਼ਨ 'ਚ ਇੱਕ ਹੋਰ ਜਵਾਨ ਦੀ ਮੌਤ, ਗਲਤੀ ਨਾਲ ਚੱਲੀ ਆਪਣੀ ਹੀ ਰਾਈਫਲ

    ਬਠਿੰਡਾ ਕੈਂਟੋਰਨਮੈਂਟ ਪੁਲਿਸ ਥਾਣੇ ਦੇ ਐਸਐਚਓ ਗੁਰਦੀਪ ਸਿੰਘ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਬਠਿੰਡਾ ਕੈਂਟੋਰਨਮੈਂਟ ਪੁਲਿਸ ਥਾਣੇ ਦੇ ਐਸਐਚਓ ਗੁਰਦੀਪ ਸਿੰਘ

    ਲੰਘੇ ਦਿਨੀਂ ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਗੋਲੀਬਾਰੀ ਅਤੇ ਫੌਜ ਦੇ 4 ਜਵਾਨਾਂ ਦੀ ਮੌਤ ਤੋਂ ਬਾਅਦ ਹੁਣ ਇੱਕ ਹੋਰ ਜਵਾਨ ਦੀ ਮੌਤ ਹੋ ਗਈ ਹੈ।

    ਜਿਸ ਜਵਾਨ ਦੀ ਮੌਤ ਹੋਈ ਹੈ, ਉਨ੍ਹਾਂ ਦੀ ਆਪਣੀ ਹੀ ਰਾਈਫਲ ਤੋਂ ਗਲਤੀ ਨਾਲ ਫਾਇਰ ਹੋ ਗਿਆ ਅਤੇ ਗੋਲੀ ਜਵਾਨ ਦੇ ਲੱਗੀ।

    ਖ਼ਬਰ ਏਜੰਸੀ ਏਐਨਆਈ ਮੁਤਾਬਕ, ਬਠਿੰਡਾ ਕੈਂਟੋਰਨਮੈਂਟ ਪੁਲਿਸ ਥਾਣੇ ਦੇ ਐਸਐਚਓ ਗੁਰਦੀਪ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

    ਉਨ੍ਹਾਂ ਦੱਸਿਆ ਕਿ ਮ੍ਰਿਤਕ ਜਵਾਨ ਦਾ ਨਾਮ ਲਘੂ ਰਾਜ ਸ਼ੰਕਰ ਹੈ।

    ਲੰਘੀ 12 ਅਪ੍ਰੈਲ ਨੂੰ ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਸਵੇਰੇ ਲਗਭਗ ਸਾਢੇ ਚਾਰ ਵਜੇ ਫਾਇਰਿੰਗ ਹੋਈ ਸੀ, ਜਿਸ ਵਿੱਚ 4 ਜਵਾਨਾਂ ਦੀ ਮੌਤ ਹੋ ਗਈ ਹੈ।

    ਇਸ ਮਾਮਲੇ 'ਚ ਦਰਜ ਐੱਫਆਈਆਰ ਮੁਤਾਬਕ, 2 ਨਕਾਬਪੋਸ਼ ਵਿਅਕਤੀਆਂ ਨੂੰ ਰਾਇਫਲ ਤੇ ਕੁਹਾੜੇ ਨਾਲ ਵੇਖਿਆ ਗਿਆ ਸੀ ਅਤੇ ਉਨ੍ਹਾਂ ਦੀ ਭਾਲ਼ ਜਾਰੀ ਹੈ।

    ਪੁਲਿਸ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਗੋਲੀਬਾਰੀ ਦੀ ਇਸ ਘਟਨਾ ਨੂੰ ਕੁਝ ਦਿਨ ਪਹਿਲਾਂ ਗਾਇਬ ਹੋਈ ਇੱਕ ਰਾਈਫਲ ਨਾਲ ਅੰਜਾਮ ਦਿੱਤਾ ਗਿਆ ਹੈ ਅਤੇ ਇੱਕ ਇੰਨਸਾਸ ਰਾਇਫਲ ਨੂੰ ਬਰਾਮਦ ਵੀ ਕਰ ਲਿਆ ਗਿਆ ਹੈ ਤੇ ਜਾਂਚ ਲਈ ਭੇਜ ਦਿੱਤਾ ਗਿਆ ਹੈ।

    ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਹੈ।

  16. ਖਾਲਿਸਤਾਨੀ ਸਮਰਥਕਾਂ ਦੇ ਬ੍ਰਿਟੇਨ ਦੇ ਸ਼ਰਨਾਰਥੀ ਦਰਜੇ ਦੀ ਦੁਰਵਰਤੋਂ ਉੱਤੇ ਭਾਰਤ ਚਿੰਤਤ

    ਲੰਡਨ ਵਿਖੇ ਭਾਰਤੀ ਸਫਾਰਤਖਾਨਾ

    ਤਸਵੀਰ ਸਰੋਤ, Gaggan Sabherwal

    ਭਾਰਤ ਨੇ ਬ੍ਰਿਟੇਨ ਕੋਲ ਚਿੰਤਾ ਪ੍ਰਗਟਾਈ ਹੈ ਕਿ ਖਾਲਿਸਤਾਨੀ ਸਮਰਥਕ ਯੂਕੇ ਦੇ ਸ਼ਰਨਾਰਥੀ ਦਰਜੇ ਦੀ ਦੁਰਵਰਤੋਂ ਕਰਕੇ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਵਿੱਚ ਮਦਦ ਦੇਣ ਅਤੇ ਫੰਡ ਮੁਹੱਈਆ ਕਰਵਾ ਰਹੇ ਹਨ।

    ਭਾਰਤ ਦੇ ਰੱਖਿਆ ਸਕੱਤਰ ਅਜੇ ਭੱਲਾ ਨੇ ਯੂਕੇ ਦੇ ਗ੍ਰਹਿ ਵਿਭਾਗ ਦੇ ਸਥਾਈ ਸਕੱਤਰ ਸਰ ਮੈਥਿਊ ਰਾਏਕਰਾਫਟ ਨਾਲ ਗੱਲਬਾਤ ਦੌਰਾਨ ਖਾਲਿਸਤਾਨੀਆਂ ਦੀਆਂ ਯੂਕੇ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਦਾ ਮੁੱਦਾ ਚੁੱਕਿਆ ।

    ਖ਼ਬਰ ਏਜੰਸੀ ਏਐਨਆਈ ਮੁਤਾਬਕ, 12 ਅਪ੍ਰੈਲ ਨੂੰ ਭਾਰਤ-ਯੂਕੇ ਹੋਮ ਅਫੇਅਰ ਡਾਇਲਾਗ ਦੀ 5ਵੀਂ ਵਾਰਤਾ ਦੌਰਾਨ ਭਾਰਤ ਨੇ ਬ੍ਰਿਟੇਨ ਤੋਂ ਇਸ ਮਾਮਲੇ 'ਚ ਵਧੇਰੇ ਸਹਿਯੋਗ ਦੀ ਅਪੀਲ ਕੀਤੀ ਹੈ।

    ਇਸ ਦੇ ਨਾਲ ਹੀ ਭਾਰਤ ਨੇ ਉਮੀਦ ਕੀਤੀ ਗਈ ਹੈ ਕਿ ਬ੍ਰਿਟੇਨ ਖਾਲਿਸਤਾਨੀ ਸਮਰਥਕਾਂ ਦੀ ਨਿਗਰਾਨੀ ਵਧਾਏਗਾ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕਰੇਗਾ।

    ਬੀਤੇ 19 ਮਾਰਚ ਨੂੰ ਲੰਡਨ ਵਿੱਚ ਭਾਰਤੀ ਸਫਾਰਤਖਾਨੇ ਅੱਗੇ ਖਾਲਿਸਤਾਨੀਆਂ ਵਲੋਂ ਮੁਜ਼ਾਹਰਾ ਕੀਤਾ ਗਿਆ ਸੀ। ਜਿਸ ਦੌਰਾਨ ਇੱਕ ਵਿਅਕਤੀ ਨੇ ਸਫ਼ਾਰਤਖਾਨੇ ਦੀ ਇਮਾਰਤ ਤੋਂ ਭਾਰਤੀ ਤਿਰੰਗੇ ਨੂੰ ਉਤਾਰ ਦਿੱਤਾ ਸੀ।

    ਇਸ ਦੌਰਾਨ ਕੁਝ ਲੋਕਾਂ ਦੀ ਭੰਨ-ਤੋੜ ਕਾਰਨ ਇਮਾਰਤ ਦੀਆਂ ਕੁਝ ਬਾਰੀਆਂ ਦੇ ਸ਼ੀਸ਼ੇ ਵੀ ਟੁੱਟ ਗਏ ਸਨ, ਜਿਸ ਦਾ ਭਾਰਤ ਵਲੋਂ ਤਿੱਖਾ ਪ੍ਰਤੀਕਰਮ ਕੀਤਾ ਗਿਆ ਸੀ।

    ਹੁਣ ਦੁਵੱਲੀ ਗੱਲਬਾਤ ਦੌਰਾਨ ਵੀ ਭਾਰਤ ਵੱਲੋਂ ਆਪਣੇ ਸਫਾਰਤਖਾਨੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ।

    ਵਾਰਤਾ ਦੌਰਾਨ ਦੋਵੇਂ ਪੱਖਾਂ ਨੇ ਵਰਤਮਾਨ ਵਿੱਚ ਆਪਸੀ ਸਹਿਯੋਗ ਅਤੇ ਇਸ ਸਬੰਧੀ ਭਵਿੱਖ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਗੱਲ ਕੀਤੀ ਤਾਂ ਜੋ ਅੱਤਵਾਦ ਵਿਰੋਧੀ ਮਾਮਲਿਆਂ 'ਚ ਦੋਵੇਂ ਦੇਸ਼ਾਂ ਦਾ ਸਹਿਯੋਗ ਹੋਰ ਵਧੇ।

    ਇਸ ਦੌਰਾਨ ਭਾਰਤ ਵਿਰੋਧੀ ਗਤੀਵਿਧੀਆਂ ਤੋਂ ਇਲਾਵਾ ਸਾਇਬਰ ਅਪਰਾਧ, ਡਰੱਗ ਟ੍ਰੈਫਿਕਿੰਗ ਅਤੇ ਗੈਰ ਕਾਨੂੰਨੀ ਪਰਵਾਸ ਆਦਿ ਮੁੱਦਿਆਂ 'ਤੇ ਵੀ ਚਰਚਾ ਹੋਈ।

  17. ਜਲੰਧਰ ਜ਼ਿਮਨੀ ਚੋਣ: ਭਾਜਪਾ ਨੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਐਲਾਨਿਆ ਉਮੀਦਵਾਰ

    ਭਾਰਤੀ ਜਨਤਾ ਪਾਰਟੀ

    ਤਸਵੀਰ ਸਰੋਤ, BJP Punjab

    ਜਲੰਧਰ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਅਪਣਾ ਉਮੀਦਵਾਰ ਐਲਾਨ ਦਿੱਤਾ ਹੈ। ਉਹ ਅਕਾਲੀ ਦਲ ਦੀ ਟਿਕਟ 'ਤੇ ਵਿਧਾਨ ਸਭਾ ਹਲਕਾ ਕੂਮਕਲਾਂ ਤੋਂ ਹੀ ਸਾਬਕਾ ਵਿਧਾਇਕ ਰਹੇ ਹਨ।

    ਇੰਦਰ ਇਕਬਾਲ ਸਿੰਘ ਅਟਵਾਲ ਦੋ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਭਾਜਪਾ 'ਚ ਸ਼ਾਮਲ ਹੋਏ ਹਨ।

    ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ, ਇੰਦਰ ਇਕਬਾਲ ਦਾ ਅਕਾਲੀ ਦਲ ਤੋਂ ਭਾਜਪਾ ਵਿੱਚ ਸ਼ਾਮਲ ਹੋਣਾ ਵੱਡਾ ਫੇਰਬਦਲ ਮੰਨਿਆ ਜਾ ਰਿਹਾ ਹੈ।

    ਇੰਦਰ ਇਕਬਾਲ ਸਿੰਘ ਅਟਵਾਲ, ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਸਪੁੱਤਰ ਹਨ।

    ਚਰਨਜੀਤ ਸਿੰਘ ਅਟਵਾਲ ਜਲੰਧਰ ਲੋਕ ਸਭਾ ਸੀਟ ’ਤੇ ਅਕਾਲੀ ਦਲ ਵਲੋਂ ਐੱਮਪੀ ਦੀ ਚੋਣ ਲੜ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦਾ ਇਥੇ ਚੰਗਾ ਆਧਾਰ ਮੰਨਿਆ ਜਾ ਰਿਹਾ ਹੈ।

    ਰੋਚਕ ਗੱਲ ਹੈ ਇਸ ਤੋਂ ਪਹਿਲਾਂ ਸੱਤਾਧਾਰੀ ਆਮ ਆਦਮੀ ਪਾਟਰੀ ਨੇ ਵੀ ਕਾਂਗਰਸ ਤੋਂ ਬਾਗੀ ਹੋ ਕੇ ਪਾਰਟੀ ਵਿੱਚ ਆਉਣ ਵਾਲੇ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਹੈ।

    ਅਕਾਲੀ ਦਲ ਅਤੇ ਬਸਪਾ ਗਠਜੋੜ ਵਲੋਂ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਅਕਾਲੀ ਦਲ ਮਾਨ ਨੇ ਗੁਰਜੰਟ ਸਿੰਘ ਕੱਟੂ ਉੱਤੇ ਦਾਅ ਲਾਇਆ ਹੈ।

  18. ਹੁਣ ਤੱਕ ਦੇ ਅਪ਼ਡੇਟ

    ਇੰਦਰ ਇਕਬਾਲ ਸਿੰਘ ਅਟਵਾਲ

    ਤਸਵੀਰ ਸਰੋਤ, Tarun Chugh /FB

    • ਇੰਦਰ ਇਕਬਾਲ ਸਿੰਘ ਅਟਵਾਲ ਨੂੰ ਭਾਜਪਾ ਨੇ ਜਲੰਧਰ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਬਣਾਇਆ ਹੈ
    • ਜਾਣੀ-ਪਛਾਣੀ ਅਦਾਕਾਰਾ ਉਤਰਾ ਬਾਓਕਰ ਦਾ ਦੇਹਾਂਤ ਹੋ ਗਿਆ ਹੈ
    • ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਫਾਇਰਿੰਗ ਵਿੱਚ 4 ਜਵਾਨਾਂ ਦੀ ਮੌਤ ਹੋ ਗਈ ਹੈ।
    • ਐੱਫਆਈਆਰ ਮੁਤਾਬਕ 2 ਨਕਾਬਪੋਸ਼ ਵਿਅਕਤੀਆਂ ਨੂੰ ਰਾਇਫਲ ਤੇ ਕੁਹਾੜੇ ਨਾਲ ਵੇਖਿਆ ਗਿਆ ਸੀ।
    • ਪੁਲਿਸ ਮੁਤਾਬਕ ਇੱਕ ਇੰਨਸਾਸ ਰਾਇਫਲ ਨੂੰ ਬਰਾਮਦ ਕਰ ਲਿਆ ਗਿਆ ਹੈ ਜਿਸ ਨੂੰ ਜਾਂਚ ਲਈ ਭੇਜ ਦਿੱਤਾ ਹੈ।
    • ਇਸ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਹੈ।
    • ਬਟਾਲਾ, ਪਠਾਨਕੋਟ ਤੇ ਹੋਰ ਨੇੜਲੇ ਸਟੇਸ਼ਨਾਂ 'ਤੇ ਪੁਲਿਸ ਵੱਲੋਂ ਪੋਸਟਰ ਲਗਾਏ ਗਏ ਹਨ।
    • ਵਿਸਾਖੀ ਦੇ ਮੱਦੇਨਜ਼ਰ ਤਖਤ ਸ੍ਰੀ ਦਮਦਮਾ ਸਾਹਿਬ ਨੇੜੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
    • ਤੇਜ਼ ਮੀਂਹ, ਹਵਾਵਾਂ ਅਤੇ ਗੜੇਮਾਰੀ ਕਾਰਨ ਪੰਜਾਬ ਸਣੇ ਹਰਿਆਣਾ, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਫਸਲਾਂ ਦੇ ਨੁਕਸਾਨ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਕਣਕ ਖਰੀਦ ਦੇ ਮਾਪਦੰਡਾਂ 'ਚ ਢਿੱਲ ਦੇ ਦਿੱਤੀ ਹੈ।
  19. ਤੁਹਾਡਾ ਸਵਾਗਤ ਹੈ!

    ਬੀਬੀਸੀ ਨਿਊਜ਼ ਪੰਜਾਬੀ ਦੇ ਇਸ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ, ਇਸ ਵੇਲੇ ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਅਤੇ ਅਨੂਰੀਤ ਸ਼ਰਮਾ ਤੁਹਾਡੇ ਨਾਲ ਲਾਈਵ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਨ। ਕੱਲ ਤੱਕ ਦੇ ਅਪਡੇਟ ਦੇਖਣ ਲ਼ਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।