ਬਟਾਲਾ, ਪਠਾਨਕੋਟ ਤੇ ਹੋਰ ਨੇੜਲੇ ਸਟੇਸ਼ਨਾਂ ’ਤੇ ਲੱਗੀਆਂ ਅਮ੍ਰਿਤਪਾਲ ਦੀਆਂ ਤਸਵੀਰਾਂ

ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਗੋਲੀਬਾਰੀ ਹੋਣ ਦੀ ਰਿਪੋਰਟ ਹੈ ਜਿਸ ਵਿੱਚ ਹੁਣ ਤੱਕ ਘੱਟੋ-ਘੱਟ ਚਾਰ ਮੌਤਾਂ ਹੋ ਗਈਆਂ ਹਨ।

ਲਾਈਵ ਕਵਰੇਜ

  1. ਅੱਜ ਦਾ ਘਟਨਾਕ੍ਰਮ

    ਬੁੱਧਵਾਰ ਨੂੰ ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਹੋਈ ਫਾਇਰਿੰਗ ਸੁਰਖ਼ੀਆਂ ਵਿੱਚ ਰਹੀ। ਇਸ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਪੇਸ਼ ਹੈ ਅੱਜ ਦੇ ਅਹਿਮ ਘਟਨਾਕ੍ਰਮ

    • ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਫਾਇਰਿੰਗ ਵਿੱਚ 4 ਜਵਾਨਾਂ ਦੀ ਮੌਤ ਹੋ ਗਈ ਹੈ।
    • ਐੱਫਆਈਆਰ ਮੁਤਾਬਕ 2 ਨਕਾਬਪੋਸ਼ ਵਿਅਕਤੀਆਂ ਨੂੰ ਰਾਇਫਲ ਤੇ ਕੁਹਾੜੇ ਨਾਲ ਵੇਖਿਆ ਗਿਆ ਸੀ।
    • ਪੁਲਿਸ ਮੁਤਾਬਕ ਇੱਕ ਇੰਨਸਾਸ ਰਾਇਫਲ ਨੂੰ ਬਰਾਮਦ ਕਰ ਲਿਆ ਗਿਆ ਹੈ ਜਿਸ ਨੂੰ ਜਾਂਚ ਲਈ ਭੇਜ ਦਿੱਤਾ ਹੈ।
    • ਇਸ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਹੈ।
    • ਬਟਾਲਾ, ਪਠਾਨਕੋਟ ਤੇ ਹੋਰ ਨੇੜਲੇ ਸਟੇਸ਼ਨਾਂ 'ਤੇ ਪੁਲਿਸ ਵੱਲੋਂ ਪੋਸਟਰ ਲਗਾਏ ਗਏ ਹਨ।
    • ਵਿਸਾਖੀ ਦੇ ਮੱਦੇਨਜ਼ਰ ਤਖਤ ਸ੍ਰੀ ਦਮਦਮਾ ਸਾਹਿਬ ਨੇੜੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
    • ਤੇਜ਼ ਮੀਂਹ, ਹਵਾਵਾਂ ਅਤੇ ਗੜੇਮਾਰੀ ਕਾਰਨ ਪੰਜਾਬ ਸਣੇ ਹਰਿਆਣਾ, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਫਸਲਾਂ ਦੇ ਨੁਕਸਾਨ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਕਣਕ ਖਰੀਦ ਦੇ ਮਾਪਦੰਡਾਂ 'ਚ ਢਿੱਲ ਦੇ ਦਿੱਤੀ ਹੈ।
  2. ਵਿਸਾਖੀ ਮੌਕੇ ਤਲਵੰਡੀ ਸਾਬੋ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ

    ਬਠਿੰਡਾ

    ਤਸਵੀਰ ਸਰੋਤ, ANI

    ਵਿਸਾਖੀ ਮੌਕੇ ਤਖ਼ਤ ਦਮਦਮਾ ਸਾਹਿਬ ਨੇੜੇ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਪੁਲਿਸ ਨੇ ਵੱਲੋਂ ਗੁਰਦੁਆਰਾ ਸਾਹਿਬ ਵੱਲ ਜਾਂਦੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

  3. ਬਠਿੰਡਾ ਮਿਲਟਰੀ ਸਟੇਸ਼ਨ ’ਚ ਫਾਇਰਿੰਗ: ਐੱਫਆਈਆਰ ਵਿੱਚ ਮੇਜਰ ਦੇ ਹਵਾਲੇ ਨਾਲ ਕੀ-ਕੀ ਖੁਲਾਸੇ ਹੋਏ

    ਵੀਡੀਓ ਕੈਪਸ਼ਨ, ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ: ਐੱਫ਼ਆਈਆਰ ਵਿੱਚ 2 ਨਕਾਬਪੋਸ਼ਾਂ ਦਾ ਜ਼ਿਕਰ

    ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਜਵਾਨਾਂ ਦੀ ਮੌਤ ਹੋਈ ਹੈ। ਬਠਿੰਡਾ ਮਿਲਟਰੀ ਸਟੇਸ਼ਨ 'ਚ ਫਾਇਰਿੰਗ ਦੀ ਘਟਨਾ ਬਾਰੇ ਬਠਿੰਡਾ ਪੁਲਿਸ ਵੱਲੋਂ ਮੇਜਰ ਆਸ਼ੂਤੋਸ਼ ਸ਼ੁਕਲਾ ਦੇ ਬਿਆਨ 'ਤੇ ਥਾਣਾ ਕੈਂਟ ਵਿੱਚ ਦੋ ਅਣਪਛਾਤੇ ਬੰਦਿਆਂ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।

    ਐੱਫਆਈਆਰ ਵਿੱਚ ਮੇਜਰ ਆਸ਼ੂਤੋਸ਼ ਸ਼ੁਕਲਾ ਨੇ ਬਿਆਨ ਵਿੱਚ ਕਿਹਾ, "ਅੱਜ ਸਵੇਰੇ 4:30 ਵਜੇ ਗਨਰ ਡਿਸਾਈ ਮੋਹਣ ਨੇ ਮੈਨੂੰ ਦੱਸਿਆ ਕਿ ਯੂਨਿਟ ਦੇ ਮੈੱਸ ਦੀ ਬੈਰਕ ਵਿੱਚ ਫਾਈਰਿੰਗ ਹੋਈ ਹੈ ਅਤੇ ਦੋ ਅਣਪਛਾਤੇ ਵਿਅਕਤੀਆਂ ਜਿਨਾਂ ਨੇ ਚਿੱਟੇ ਰੰਗ ਦੇ ਕੁੜਤੇ ਪਜਾਮੇ ਪਹਿਨੇ ਹੋਏ ਸਨ। ਉਨ੍ਹਾਂ ਦੇ ਮੂੰਹ ਸਿਰ-ਕੱਪੜੇ ਨਾਲ ਢੱਕੇ ਹੋਏ ਸਨ।"

    ਰਿਪੋਰਟ – ਗਗਨਦੀਪ ਸਿੰਘ, ਕੈਮਰਾ – ਇਕਬਾਲ ਸਿੰਘ ਖਹਿਰਾ, ਐਡਿਟ – ਨਿਮਿਤ ਵਤਸ

  4. ਦਿੱਲੀ ਦੇ ਸਕੂਲ ਵਿੱਚ ਬੰਬ ਮਿਲਣ ਦਾ ਝੂਠਾ ਕਾਲ ਆਇਆ

    ਬੌਂਬ ਸਕੁਐਡ

    ਤਸਵੀਰ ਸਰੋਤ, ani

    ਬੁੱਧਵਾਰ ਨੂੰ ਦਿੱਲੀ ਦੇ ਸਾਦਿਕ ਨਗਰ ਵਿੱਚ ਇੱਕ ਦਿ ਇੰਡੀਅਨ ਸਕੂਲ ਨੂੰ ਈਮੇਲ ਆਇਆ ਕਿ ਸਕੂਲ ਦੀ ਇਮਾਰਤ ਵਿੱਚ ਬੰਬ ਹੈ। ਇਸ ਮਗਰੋਂ ਵਿਦਿਆਰਥੀ ਤੇ ਮਾਪੇ ਕਾਫੀ ਘਬਰਾ ਗਏ ਸਨ।

    ਘੰਟਿਆਂ ਦੀ ਤਲਾਸ਼ੀ ਮਗਰੋਂ ਪੁਲਿਸ ਨੇ ਇਸ ਨੂੰ ਝੂਠੀ ਜਾਣਕਾਰੀ ਕਰਾਰ ਦਿੱਤਾ।

    ਸਕੂਲ ਦੀ ਪ੍ਰਿੰਸੀਪਲ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਇਹ ਈਮੇਲ ਮਿਲਿਆ, ਉਨ੍ਹਾਂ ਨੇ ਸਾਰੇ ਬੱਚਿਆਂ ਤੇ ਸਟਾਫ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

  5. ਮਿਲਟਰੀ ਸਟੇਸ਼ਨ 'ਚ ਫਾਇਰਿੰਗ ਦੌਰਾਨ ਮਾਰੇ ਗਏ ਜਵਾਨਾਂ ਦੇ ਨਾਮ

    ਬਠਿੰਡਾ ਮਿਲਟਰੀ ਸਟੇਸ਼ਨ 'ਚ ਫਾਇਰਿੰਗ ਦੌਰਾਨ ਮਰਨ ਵਾਲੇ ਚਾਰ ਜਵਾਨਾਂ ਦੀ ਪਛਾਣ ਦੱਸ ਦਿੱਤੀ ਗਈ ਹੈ।

    ਇਨ੍ਹਾਂ ਵਿੱਚ ਤੋਪਚੀ ਸਾਗਰ ਬੰਨੇ, ਤੋਪਚੀ ਕਮਲੇਸ਼ ਆਰ, ਤੋਪਚੀ ਯੋਗੇਸ਼ ਕੁਮਾਰ ਜੇ ਅਤੇ ਤੋਪਚੀ ਸੰਤੋਸ਼ ਐੱਮ ਨਾਗਰਲ ਸ਼ਾਮਿਲ ਹਨ।

    ਇਹ ਸਾਰੇ ਜਵਾਨ ਕਰੀਬ 33 ਸਾਲ ਦੇ ਉਮਰ ਵਰਗ ਵਿੱਚ ਆਉਂਦੇ ਹਨ।

  6. ਬਟਾਲਾ, ਪਠਾਨਕੋਟ ਤੇ ਹੋਰ ਨੇੜਲੇ ਸਟੇਸ਼ਨਾਂ 'ਤੇ ਲੱਗੇ ਅਮ੍ਰਿਤਪਾਲ ਬਾਰੇ ਪੋਸਟਰ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Gurpreet Singh Chawla/BBC

    ਰੇਲਵੇ ਪੁਲਿਸ ਵੱਲੋਂ ਬਟਾਲਾ ਰੇਲਵੇ ਸਟੇਸ਼ਨ 'ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਦੇ ਹਮਾਇਤ ਅਮ੍ਰਿਤਪਾਲ ਸਿੰਘ ਦੇ ਸੂਚਨਾ ਦੇਣ ਲਈ ਪੋਸਟਰ ਲਗਾਏ ਗਏ ਹਨ।

    ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ ਮੁਤਾਬਕ, ਪੋਸਟਰ 'ਤੇ ਲਿਖਿਆ ਗਿਆ ਹੈ ਕਿ ਅਮ੍ਰਿਤਪਾਲ ਸਿੰਘ ਵੱਖ-ਵੱਖ ਪੁਲਿਸ ਕੇਸਾਂ 'ਚ ਪੁਲਿਸ ਨੂੰ ਲੋੜੀਂਦਾ ਹੈ ਅਤੇ ਉਸ ਦੀ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਉਸ ਨੂੰ ਇਨਾਮ ਵੀ ਦਿਤਾ ਜਾਵੇਗਾ।

    ਉਥੇ ਹੀ ਰੇਲਵੇ ਪੁਲਿਸ ਦੇ ਪਠਾਨਕੋਟ ਰੇਲਵੇ ਸਟੇਸ਼ਨ ਕੈਂਟ ਦੇ ਇੰਚਾਰਜ ਪਲਵਿੰਦਰ ਸਿੰਘ ਮੁਤਾਬਕ ਆਲਾ ਅਧਕਾਰੀਆਂ ਦੇ ਆਦੇਸ਼ਾਂ 'ਤੇ ਵੱਖ-ਵੱਖ ਰੇਲਵੇ ਸਟੇਸ਼ਨਾਂ, ਜਿਵੇਂ ਪਠਾਨਕੋਟ, ਗੁਰਦਾਸਪੁਰ, ਧਾਰੀਵਾਲ ਅਤੇ ਬਟਾਲਾ ਰੇਲਵੇ ਸਟੇਸ਼ਨ ਤੇ ਇਹ ਪੋਸਟਰ ਲਗਾਏ ਗਏ ਹਨ।

  7. ਕਣਕ ਦੀ ਖਰੀਦ ਦੇ ਮਾਪਦੰਡਾਂ 'ਚ ਕੇਂਦਰ ਸਰਕਾਰ ਨੇ ਇਹ ਢਿੱਲ ਦਿੱਤੀ

    ਫਸਲਾਂ ਦਾ ਨੁਕਸਾਨ

    ਤਸਵੀਰ ਸਰੋਤ, Getty Images

    ਤੇਜ਼ ਮੀਂਹ, ਹਵਾਵਾਂ ਅਤੇ ਗੜੇਮਾਰੀ ਕਾਰਨ ਪੰਜਾਬ ਸਣੇ ਹਰਿਆਣਾ, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਫਸਲਾਂ ਦੇ ਨੁਕਸਾਨ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਕਣਕ ਖਰੀਦ ਦੇ ਮਾਪਦੰਡਾਂ 'ਚ ਢਿੱਲ ਦੇ ਦਿੱਤੀ ਹੈ।

    ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਦੱਸਿਆ ਕਿ ਖ਼ਰਾਬ ਫਸਲ ਦੇ ਦਾਣੇ ਅਤੇ ਸੁੰਗੜਨ 'ਤੇ 6 ਤੋਂ 18 ਫੀਸਦੀ ਤੱਕ ਰਿਆਇਤ ਦਿੱਤੀ ਗਈ ਹੈ।

    ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਕੇਂਦਰ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਇਸ ਮਾਮਲੇ ਵਿੱਚ ਢਿੱਲ ਦੇਣ ਤਾਂ ਜੋ ਕਿਸਾਨਾਂ ਦਾ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।

    ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਸਰਕਾਰ ਨੇ ਮਾਪਦੰਡਾਂ ਵਿੱਚ ਢਿੱਲ ਦਿੱਤੀ ਹੈ ਤਾਂ ਜੋ ਖਰਾਬ ਫਸਲਾਂ ਦੀ ਵਿਕਰੀ ਨੂੰ ਰੋਕਣ ਦੇ ਨਾਲ-ਨਾਲ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ।

    ਪਰ ਇਸ ਦੇ ਨਾਲ ਹੀ ਕੇਂਦਰ ਨੇ ਖਰਾਬ ਫਸਲ ਦੇ ਮੁੱਲ 'ਚ ਕਟੌਤੀ ਦੀ ਸ਼ਰਤ ਵੀ ਲਗਾ ਦਿੱਤੀ ਹੈ।

    ਇਸ ਮੁਤਾਬਕ, ਕੇਂਦਰ ਸਰਕਾਰ ਟੁੱਟੇ ਜਾਂ ਸੁੰਗੜੇ ਦਾਣੇ ਵਾਲੀ ਫਸਲ ਨੂੰ ਖਰੀਦ ਤਾਂ ਲਵੇਗੀ ਪਰ ਫਸਲ ਜਿੰਨੀ ਖਰਾਬ ਹੋਵੇਗੀ, ਉਸ ਮੁਤਾਬਕ ਉਸ ਦੇ ਖਰੀਦ ਮੁੱਲ 'ਚੋਂ ਕਟੌਤੀ ਕੀਤੀ ਜਾਵੇਗੀ।

    ਹਾਲਾਂਕਿ, 6 ਫੀਸਦੀ ਤੱਕ ਸੁੰਗੜੇ ਦਾਣੇ 'ਤੇ ਕੋਈ ਕਟੌਤੀ ਨਹੀਂ ਹੋਵੇਗੀ। ਉਸ ਤੋਂ ਵੱਧ ਖਰਾਬ ਦਾਣਿਆਂ 'ਤੇ 5.31 ਰੁਪਏ ਤੋਂ ਲੈ ਕੇ 31.87 ਰੁਪਏ ਪ੍ਰਤੀ ਕੁਇੰਟਲ ਤੱਕ ਦੀ ਕਟੌਤੀ ਕੀਤੀ ਜਾਵੇਗੀ।

    ਕਣਕ

    ਤਸਵੀਰ ਸਰੋਤ, Getty Images

    ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੇ ਦਾਣੇ 'ਚ ਨਮੀ ਅਤੇ ਦਾਣਾ ਛੋਟਾ ਹੋਣ ਕਰਕੇ ਕਣਕ ਦੇ ਭਾਅ 'ਚ ਜੋ ਕੱਟ ਲਾਇਆ ਗਿਆ ਹੈ ਉਸਦਾ ਖ਼ਰਚਾ ਪੰਜਾਬ ਸਰਕਾਰ ਆਪਣੇ ਪੱਲਿਓਂ ਕਰੇਗੀ।

    ਉਨ੍ਹਾਂ ਨੇ ਅੱਗੇ ਲਿਖਿਆ ਹੈ, "ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਅਸੀਂ ਹਰ ਮੁਸ਼ਕਿਲ ਸਮੇਂ 'ਚ ਨਾਲ ਖੜ੍ਹੇ ਹਾਂ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਮਿਲਟਰੀ ਸਟੇਸ਼ਨ ਅਤੇ ਕੈਂਟੋਨਮੈਂਟ ਵਿੱਚ ਕੀ ਫ਼ਰਕ ਹੁੰਦਾ ਹੈ

    ਬਠਿੰਡਾ ਮਿਲਟਰੀ ਸਟੇਸ਼ਨ 'ਚ ਫਾਇਰਿੰਗ
    • ਰੱਖਿਆ ਮੰਤਰਾਲੇ ਦੀ ਵੈਬਸਾਈਟ ਮੁਤਾਬਕ, ਮਿਲਿਟਰੀ ਸਟੇਸ਼ਨ ਵਿਸ਼ੇਸ ਹੁਕਮਾਂ ਤਹਿਤ ਤਿਆਰ ਕੀਤੇ ਹੁੰਦੇ ਹਨ
    • ਇਨ੍ਹਾਂ ਨੂੰ ਖਾਸ ਤੌਰ 'ਤੇ ਹਥਿਆਰਬੰਦ ਫੌਜਾਂ ਦੇ ਇਸਤੇਮਾਲ ਅਤੇ ਰਿਹਾਇਸ਼ ਲਈ ਇਸਤੇਮਾਲ ਕੀਤਾ ਜਾਂਦਾ ਹੈ
    • ਜਦਕਿ ਕੈਂਟੋਨਮੈਂਟ ਅਜਿਹਾ ਇਲਾਕਾ ਹੁੰਦਾ ਹੈ ਜਿਸ ਵਿੱਚ ਫੌਜੀ ਅਤੇ ਆਮ ਲੋਕ ਦੋਵੇਂ ਰਹਿ ਸਕਦੇ ਹਨ
  9. ਬਠਿੰਡਾ ਦੇ ਮਿਲਟਰੀ ਸਟੇਸ਼ਨ 'ਤੇ ਹਮਲੇ 'ਚ 4 ਦੀ ਮੌਤ, ਜਾਣੋ ਕੀ ਹਨ ਹਾਲਾਤ

    ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ 12 ਅਪ੍ਰੈਲ ਨੂੰ ਸਵੇਰੇ ਸਾਢੇ ਚਾਰ ਵਜੇ ਹੋਈ ਗੋਲੀਬਾਰੀ ਵਿੱਚ ਚਾਰ ਜਵਾਨਾਂ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਭਾਰਤੀ ਫੌਜ ਦੁਆਰਾ ਦਿੱਤੀ ਗਈ ਹੈ।

    ਵੀਡੀਓ ਰਾਹੀਂ ਜਾਣੋ ਇਸ ਪੂਰੀ ਘਟਨਾ ਬਾਰੇ ਹੁਣ ਤੱਕ ਕੀ-ਕੀ ਸਾਹਮਣੇ ਆਇਆ ਤੇ ਕੀ ਹਨ ਹਾਲਾਤ।

    ਵੀਡੀਓ ਕੈਪਸ਼ਨ, ਬਠਿੰਡਾ ਦੇ ਆਰਮੀ ਸਟੇਸ਼ਨ 'ਤੇ ਹਮਲੇ 'ਚ 4 ਦੀ ਮੌਤ, ਜਾਣੋ ਕੀ ਹਨ ਹਾਲਾਤ
  10. ਬਠਿੰਡਾ ਮਿਲਟਰੀ ਸਟੇਸ਼ਨ: 2 ਦਿਨ ਪਹਿਲਾਂ ਗਾਇਬ ਹੋਈ ਰਾਈਫਲ ਨਾਲ ਗੋਲੀਬਾਰੀ ਦਾ ਖਦਸ਼ਾ

    ਬਠਿੰਡਾ ਮਿਲਟਰੀ ਸਟੇਸ਼ਨ 'ਚ ਫਾਇਰਿੰਗ

    ਤਸਵੀਰ ਸਰੋਤ, ANI

    ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਅੱਜ ਸਵੇਰੇ ਹੋਈ ਗੋਲੀਬਾਰੀ ਤੋਂ ਬਾਅਦ ਭਾਰਤੀ ਫੌਜ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਚਾਰ ਜਵਾਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

    ਖ਼ਬਰ ਏਜੰਸੀ ਏਐਨਆਈ ਮੁਤਾਬਕ, ਫੌਜ ਵੱਲੋਂ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਹੋਰ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ।

    ਮਾਮਲੇ ਦੀ ਜਾਂਚ ਨੂੰ ਲੈ ਕੇ ਫੌਜ ਨੇ ਕਿਹਾ ਹੈ ਕਿ ਸਾਰੇ ਪਹਿਲੂਆਂ ਨੂੰ ਜਾਂਚਿਆ ਜਾਵੇਗਾ ਅਤੇ ਗਾਇਬ ਰਾਈਫਲ ਸਬੰਧੀ ਵੀ ਜਾਂਚ ਹੋਵੇਗੀ।

    ਪੁਲਿਸ ਸੁਤਰਾਂ ਦਾ ਕਹਿਣਾ ਹੈ ਕਿ ਕਰੀਬ ਦੋ ਦਿਨ ਪਹਿਲਾਂ 28 ਕਾਰਤੂਸਾਂ ਤੇ ਇੱਕ ਇੰਸਾਸ ਰਾਈਫਲ ਲਾਪਤਾ ਹੋ ਗਈ ਸੀ ਅਤੇ ਹਮਲਾ ਉਸੇ ਨਾਲ ਕੀਤਾ ਹੋ ਸਕਦਾ ਹੈ।

    ਪੁਲਿਸ ਸੂਤਰਾਂ ਮੁਤਾਬਕ, ਗੋਲੀਬਾਰੀ ਦੀ ਇਸ ਘਟਨਾ ਪਿੱਛੇ ਫੌਜ ਦੇ ਹੀ ਕੁਝ ਮੁਲਾਜ਼ਮਾਂ ਦਾ ਹੱਥ ਹੋ ਸਕਦਾ ਹੈ।

    ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮਾਮਲੇ ਦੀ ਜਾਣਕਾਰੀ ਮੰਗੀ ਹੈ ਅਤੇ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਘਟਨਾ ਬਾਰੇ ਸਾਰੀ ਜਾਣਕਾਰੀ ਦੇਣਗੇ।

  11. ਬਠਿੰਡਾ ਮਿਲਟਰੀ ਸਟੇਸ਼ਨ 'ਚ ਗੋਲੀਬਾਰੀ: ਐੱਸਐੱਸਪੀ ਨੇ ਕਿਹਾ 'ਇਹ ਅੱਤਵਾਦੀ ਹਮਲਾ ਨਹੀਂ'

    ਬਠਿੰਡਾ ਫੌਜੀ ਛਾਉਣੀ 'ਚ ਗੋਲੀਬਾਰੀ

    ਤਸਵੀਰ ਸਰੋਤ, ANI

    ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਬਠਿੰਡਾ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਲਈ ਐਸਅਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਨਾ ਨਾਲ ਗੱਲਬਾਤ ਕੀਤੀ।

    ਐੱਸਐੱਸਪੀ ਖੁਰਾਨਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਕਿਸੇ ਤਰ੍ਹਾਂ ਦਾ ਅੱਤਵਾਦੀ ਹਮਲਾ ਨਹੀਂ ਹੈ।

    ਉਨ੍ਹਾਂ ਜਾਨਕਾਰੀ ਦਿੱਤੀ ਕਿ ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ ਹੈ ਪਰ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਗੋਲੀਆਂ ਕਿਸ ਨੇ ਚਲਾਈਆਂ ਸਨ।

    ਦੱਸ ਦੇਈਏ ਕਿ ਅੱਜ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਬਠਿੰਡਾ ਦੀ ਫੌਜੀ ਛਾਉਣੀ 'ਚ ਗੋਲੀਬਾਰੀ ਹੋਈ ਹੈ ਅਤੇ ਇਸ ਘਟਨਾ 'ਚ 4 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ।

    ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਰਚ ਆਪ੍ਰੇਸ਼ਨ ਜਾਰੀ ਹਨ।

  12. ਬਠਿੰਡਾ ਦੇ ਆਰਮੀ ਕੈਂਪ 'ਚ ਗੋਲੀਬਾਰੀ, ਹੁਣ ਤੱਕ ਘੱਟੋ-ਘੱਟ 4 ਦੀ ਮੌਤ

    ਬਠਿੰਡਾ ਦੇ ਆਰਮੀ ਕੈਂਪ ਵਿੱਚ ਗੋਲੀਬਾਰੀ

    ਬਠਿੰਡਾ ਦੇ ਆਰਮੀ ਕੈਂਪ ਵਿੱਚ ਗੋਲੀਬਾਰੀ ਹੋਣ ਦੀ ਰਿਪੋਰਟ ਹੈ ਜਿਸ ਵਿੱਚ ਹੁਣ ਤੱਕ ਘੱਟੋ-ਘੱਟ ਚਾਰ ਮੌਤਾਂ ਹੋ ਗਈਆਂ ਹਨ।

    ਇਸ ਦੀ ਜਾਣਕਾਰੀ ਫੌਜ ਦੇ ਅਧਿਕਾਰੀਆਂ ਵੱਲੋਂ ਦਿਤੀ ਗਈ ਹੈ।

    ਫੌਜ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ, ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਅੱਜ ਸਵੇਰੇ ਲਗਭਗ ਸਾਢੇ ਚਾਰ ਵਜੇ ਦੇ ਕਰੀਬ ਵਾਪਰੀ। ਹਾਲਾਂਕਿ, ਇਸ ਪਿਛਲੇ ਕਾਰਨਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

    ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਰਚ ਆਪ੍ਰੇਸ਼ਨ ਜਾਰੀ ਹਨ।

  13. ਬਾਦਲਾਂ ਖ਼ਿਲਾਫ਼ ਧੋਖਾਧੜੀ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ

    ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ

    ਤਸਵੀਰ ਸਰੋਤ, Getty Images

    ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਖ਼ਿਲਾਫ਼ ਜਾਰੀ ਸੰਮਨਾਂ ਨੂੰ ਚੁਣੌਤੀ ਦੇਣ ਦੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।

    ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਇਹ ਸੰਮਨ ਜਾਅਲਸਾਜ਼ੀ ਦੇ ਮਾਮਲੇ ਵਿੱਚ ਜਾਰੀ ਕੀਤੇ ਗਏ ਸਨ।

    ਸਮਾਜਿਕ ਕਾਰਕੁਨ ਬਲਵੰਤ ਸਿੰਘ ਖੇੜਾ ਨੇ 2009 ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੋ ਸੰਵਿਧਾਨ ਰੱਖੇ ਹੋਏ ਹਨ। ਇੱਕ ਗੁਰਦੁਆਰਾ ਚੋਣ ਕਮਿਸ਼ਨ ਕੋਲ ਜਮ੍ਹਾਂ ਹੈ, ਜਿਸ ਤਹਿਤ ਪਾਰਟੀ ਗੁਰਦੁਆਰਿਆਂ ਦਾ ਪ੍ਰਬੰਧ ਦੇਖਣ ਲਈ ਰਜਿਸਟਰ ਹੈ, ਤੇ ਦੂਜਾ ਭਾਰਤ ਦੇ ਚੋਣ ਕਮਿਸ਼ਨ ਕੋਲ ਪਿਆ ਹੈ ਜਿਸ ਤਹਿਤ ਇਸ ਨੇ ਸਿਆਸੀ ਪਾਰਟੀ ਵਜੋਂ ਮਾਨਤਾ ਲਈ ਹੋਈ ਹੈ।

    ਖੇੜਾ ਨੇ ਦਲੀਲ ਦਿੱਤੀ ਕਿ ਇਹ ਧੋਖਾਧੜੀ ਦੇ ਬਰਾਬਰ ਹੈ।

    ਇਸੇ ਮਾਮਲੇ 'ਤੇ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਹੁਣ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਅਤੇ ਸ਼ਿਕਾਇਤਕਰਤਾ ਬਲਵੰਤ ਸਿੰਘ ਖੇੜਾ, ਬਾਦਲਾਂ ਅਤੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਪੇਸ਼ ਹੋਏ ਵਕੀਲਾਂ ਨੂੰ ਦੋ ਦਿਨਾਂ ਵਿੱਚ ਲਿਖਤੀ ਰੂਪ ਵਿੱਚ ਜਵਾਬ ਦਾਖ਼ਲ ਕਰਾਉਣ ਲਈ ਕਿਹਾ ਹੈ।

    ਇਸ ਦੌਰਾਨ ਅਦਾਲਤ ਦੀ ਬੈਂਚ ਨੇ ਕਿਹਾ ਕਿ 'ਮਹਿਜ਼ ਧਾਰਮਿਕ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਕੋਈ ਵਿਅਕਤੀ ਧਰਮ ਨਿਰਪੱਖ ਨਹੀਂ ਹੋ ਸਕਦਾ'।

    ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੇਸ਼ ਹੋਏ ਵਕੀਲ ਨੇ ਵੀ ਇਹੀ ਦਲੀਲ ਦਿੰਦਿਆਂ ਕਿਹਾ ਸੀ ਕਿ ਇਸ ਤਰ੍ਹਾਂ ਨਾਲ ਇਹ ਧੋਖਾਧੜੀ ਨਹੀਂ ਹੋ ਸਕਦੀ।

  14. 11 ਅਪ੍ਰੈਲ ਦਾ ਮੁੱਖ ਘਟਨਾਕ੍ਰਮ

    ਪੰਜਾਬ ਪੁਲਿਸ

    ਤਸਵੀਰ ਸਰੋਤ, DGP Gaurav Yadav

    • ਕੌਮੀ ਇਨਸਾਫ਼ ਮੋਰਚਾ ਨੇ ਕਿਹਾ ਸਰਬੱਤ ਖਾਲਸਾ ਬੁਲਾਉਣ ਦਾ ਹੱਕ ਸਿਰਫ਼ ਜਗਤਾਰ ਹਵਾਰਾ ਨੂੰ ਹੈ।
    • ਅਮ੍ਰਿਤਪਾਲ ਦੇ ਆਤਮ ਸਰਮਪਣ ਬਾਰੇ ਪਪਲਪ੍ਰੀਤ ਸਿੰਘ ਨੇ ਕਿਹਾ ਕਿ ਉਹ 28 ਮਾਰਚ ਨੂੰ ਵੱਖ ਹੋ ਗਏ ਸਨ।
    • ਭਾਰਤੀ ਰਾਜਦੂਤ ਨੇ ਕਿਹਾ, ਅਕਾਲ ਤਖ਼ਤ ਸਾਹਿਬ ਉੱਤੇ ਝੂਲਦਾ ਨਿਸ਼ਾਨ ਸਾਹਿਬ ਏਕੇ ਦਾ ਪ੍ਰਤੀਕ ਵੰਡੀਆਂ ਪਾਉਣ ਵਾਲਾ ਨਹੀਂ।
    • ਨਨਕਾਣਾ ਸਾਹਿਬ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਸਿੱਖ ਸ਼ਰਧਾਲੂ ਦੀ ਹੋਈ ਮੌਤ, ਜਿਸ ਦੀ ਮ੍ਰਿਤਕ ਦੇਹ ਅਟਾਰੀ ਬਾਰਡਰ ਰਾਹੀ ਵਾਪਸ ਲਿਆਂਦੀ ਗਈ।
    • ਜਲੰਧਰ ਜ਼ਿਮਨੀ ਚੋਣ 'ਚ ਡਾ. ਸੁਖਵਿੰਦਰ ਸੁੱਖੀ ਹੋਣਗੇ ਅਕਾਲੀ-ਬਸਪਾ ਦੇ ਸਾਂਝੇ ਉਮਦੀਵਾਰ।
    • ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਬਿਊਰੋ ਵੱਲੋਂ ਸੰਮਨ ਜਾਰੀ।
    • ਅਕਾਲੀ ਦਲ ਮਾਨ ਨੇ ਗੁਰਜੰਟ ਸਿੰਘ ਕੱਟੂ ਨੂੰ ਜਲੰਧਰ ਚੋਣ ਮੈਦਾਨ ਵਿੱਚ ਉਤਾਰਿਆ ਹੈ।
    • ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਅਨੰਦਪੁਰ ਸਾਹਿਬ ਦਾ ਕੀਤਾ ਦੌਰਾ, ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਮਿਲੇ।
    • ਜਥੇਦਾਰ ਰਘਬੀਰ ਸਿੰਘ ਨੇ ਅਨੰਦਪੁਰ ਸਾਹਿਬ ਵਿੱਚ ਪੁਲਿਸ ਤੇ ਪੈਰਾਮਿਲਟਰੀ ਫੋਰਸ ਦੀ ਤੈਨਾਤੀ ਘਟਾਉਣ ਲਈ ਕਿਹਾ।
  15. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਾਗਤ ਹੈ। ਸਾਡੇ ਇਸ ਲਾਈਵ ਪੰਨੇ ਰਾਹੀਂ ਅਸੀਂ ਤੁਹਾਨੂੰ ਪੰਜਾਬ ਦੇ ਨਾਲ-ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਅਹਿਮ ਖ਼ਬਰਾਂ ਬਾਰੇ ਜਾਣਕਾਰੀ ਦੇਵਾਂਗੇ।

    11 ਅਪ੍ਰੈਲ ਦੇ ਲਾਈਵ ਪੇਜ ਲਈ ਇੱਥੇ ਕਲਿੱਕ ਕਰੋ