ਗੁਰਦਾਸਪੁਰ 'ਚ ਏਐੱਸਆਈ ਨੇ ਕਥਿਤ ਤੌਰ 'ਤੇ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਕੇ ਖ਼ੁਦ ਦੀ ਵੀ ਲਈ ਜਾਨ, ਜਾਣੋ ਪੂਰੀ ਕਹਾਣੀ

ਇਸ ਲਾਈਵ ਪੇਜ ਰਾਹੀਂ ਅਸੀਂ ਪੰਜਾਬ, ਭਾਰਤ ਅਤੇ ਦੁਨੀਆਂ ਭਰ ਦੀਆਂ ਅਹਿਮ ਖ਼ਬਰਾਂ ਲੈ ਕੇ ਆਵਾਂਗੇ

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    • ਪੰਜਾਬ ਪੁਲਿਸ ਦੇ ਇੱਕ ਏਐੱਸਆਈ ਨੇ ਆਪਣੇ ਪਾਲਤੂ ਕੁੱਤੇ ਸਣੇ ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰਨ ਤੋਂ ਬਾਅਦ ਖ਼ੁਦ ਦੀ ਵੀ ਲਈ ਜਾਨ।
    • ਮੁਹਾਲੀ ਦੇ ਡੇਰਾਬੱਸੀ ਦੇ ਇੱਕ ਹਸਪਤਾਲ ਵਿੱਚ ਕਥਿਤ ਕਿਡਨੀ ਰੈਕਟ ਦਾ ਖੁਲਾਸਾ ਹੋਇਆ ਹੈ। ਦੋ ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।
    • ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਪੰਜਾਬੀ 'ਮੇਰਾ ਨਾਂ' 7 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ।
    • ਯੂਐੱਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ਼ਡੀਏ) ਨੇ ਭਾਰਤ ਵਿੱਚ ਬਣੀਆਂ ਆਈ ਡ੍ਰੌਪਸ ਦੀ ਵਰਤੋਂ ਵਿਰੁੱਧ ਚੇਤਾਵਨੀ ਜਾਰੀ ਕੀਤੀ ਹੈ।
  2. ਏਐੱਸਆਈ ਨੇ ਪਤਨੀ, ਪੁੱਤਰ ਤੇ ਕੁੱਤੇ ਦਾ ਕਤਲ ਕਰਕੇ ਖ਼ੁਦ ਨੂੰ ਮਾਰੀਆਂ ਗੋਲੀਆਂ

    ਵੀਡੀਓ ਕੈਪਸ਼ਨ, ASI ਨੇ ਪਤਨੀ, ਪੁੱਤਰ ਤੇ ਕੁੱਤੇ ਦਾ ਕਤਲ ਕਰਕੇ ਖ਼ੁਦ ਨੂੰ ਮਾਰੀਆਂ ਗੋਲੀਆਂ

    ਗੁਰਦਾਸਪੁਰ ਦੇ ਪਿੰਡ ਭੁੰਬਲੀ ਦੇ ਏਐੱਸਆਈ ਭੁਪਿੰਦਰ ਸਿੰਘ ਨੇ ਆਪਣੇ ਸਰਕਾਰੀ ਅਸਲੇ ਨਾਲ ਕਥਿਤ ਤੌਰ ’ਤੇ ਆਪਣੀ ਪਤਨੀ, ਪੁੱਤਰ ਤੇ ਪਾਲਤੂ ਕੁੱਤੇ ਦਾ ਕਤਲ ਕਰ ਦਿੱਤਾ।

    ਉਸ ਮਗਰੋਂ ਪਿੰਡ ਦੀ ਹੀ ਇੱਕ ਕੁੜੀ ਨੂੰ ਅਗਵਾ ਕਰਕੇ ਬਟਾਲਾ ਦੇ ਪਿੰਡ ਸ਼ਾਬਪੁਰ ਲੈ ਗਿਆ।

    ਪੁਲਿਸ ਮੁਤਾਬਕ ਭੁਪਿੰਦਰ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੋਲੀਆਂ ਮਾਰਨ ਤੋਂ ਬਾਅਦ ਬਟਾਲਾ ਵਿੱਚ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਅੰਦਰ ਕਈ ਘੰਟੇ ਕੈਦ ਰਹਿਣ ਮਗਰੋਂ ਖ਼ੁਦ ਨੂੰ ਤਿੰਨ ਗੋਲੀਆਂ ਮਾਰ ਲਈਆਂ।

    ਜ਼ਖ਼ਮੀ ਹਾਲਤ ਵਿੱਚ ਜਦੋਂ ਭੁਪਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੁਤਾਬਕ ਏਐਸਆਈ ਭੁਪਿੰਦਰ ਸਿੰਘ ਨੇ ਇਹ ਕਦਮ ਕਿਉਂ ਚੁੱਕਿਆ, ਇਸਦਾ ਸਪੱਸ਼ਟ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ ਹੈ।

    ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਰਾਜਨ ਪਪਨੇਜਾ

  3. ਡੇਰਾਬੱਸੀ ਦੇ ਇੱਕ ਹਸਪਤਾਲ ਵਿੱਚ ਹੋਇਆ ਕਥਿਤ ਕਿਡਨੀ ਰੈਕਟ ਦਾ ਖੁਲਾਸਾ

    ਡੇਰਾਬਸੀ ਦੀ ਏਐੱਸਪੀ ਦਰਪਨ ਆਹਲੂਵਾਲੀਆਂ

    ਤਸਵੀਰ ਸਰੋਤ, ANI

    ਮੁਹਾਲੀ ਦੇ ਡੇਰਾਬੱਸੀ ਦੇ ਇੱਕ ਹਸਪਤਾਲ ਵਿੱਚ ਕਥਿਤ ਕਿਡਨੀ ਰੈਕਟ ਦਾ ਖੁਲਾਸਾ ਹੋਇਆ ਹੈ।

    ਇਸ ਮਾਮਲੇ ਵਿੱਚ ਇੱਕ ਐੱਸਆਈਟੀ ਦਾ ਗਠਨ ਕੀਤਾ ਗਿਆ ਹੈ।

    ਏਐੱਸਪੀ ਦਰਪਨ ਆਹਲੂਵਾਲੀਆਂ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ, "ਸਾਨੂੰ 18 ਮਾਰਚ ਨੂੰ ਇੱਕ ਗੁਪਤ ਜਾਣਕਾਰੀ ਮਿਲੀ ਕਿ ਡੇਰਾਬੱਸੀ ਵਿੱਚ ਇੱਕ ਕਿਡਨੀ ਰੈਕਟ ਚੱਲ ਰਿਹਾ ਹੈ। ਜਿਸ ਜਾਣਕਾਰੀ ਦੇ ਆਧਾਰ ਉੱਤੇ ਅਸੀਂ ਇੱਕ ਐੱਫਆਈਆਰ ਦਰਜ ਕੀਤੀ।"

    "ਇਸ ਵਿੱਚ ਮੁਢਲੀ ਜਾਣਕਾਰੀ ਮਿਲੀ ਕਿ ਇਸ ਵਿੱਚ ਇੱਕ ਤਾਂ ਪਛਾਣ ਨਾਲ ਸਬੰਧਤ ਦਸਤਾਵੇਜ਼ਾਂ ਦੀ ਧੋਖਾਧੜੀ ਹੋ ਰਹੀ ਹੈ। ਜਿਸ ਵਿੱਚ ਕਿਡਨੀ ਦਾਨ ਕਰਨ ਵਾਲਾ ਇੱਕ ਨੇੜਲਾ ਰਿਸ਼ਤੇਦਾਰ ਦੱਸ ਕੇ ਸਾਹਮਣੇ ਲਿਆਂਦਾ ਜਾਂਦਾ ਹੈ।"

    "ਦੂਜਾ, ਇਸ ਵਿੱਚ ਡੀਐੱਨਏ ਸੈਂਪਲਾਂ ਵਿੱਚ ਧੋਖਾਧੜੀ ਕੀਤੀ ਜਾ ਰਹੀ ਹੈ। ਇਸ ਵਿੱਚ ਅਸੀਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਿੱਚ ਇਹ ਸਾਹਮਣੇ ਵੀ ਆਇਆ ਹੈ, ਕਿਡਨੀ ਲੈਣ ਵਾਲਾ ਹਸਪਤਾਲ ਦੇ ਖਰਚਿਆਂ ਸਣੇ 16 ਤੋਂ 25 ਲੱਖ ਰੁਪਏ ਦਿੰਦਾ ਸੀ। ਇਨ੍ਹਾਂ ਵਿੱਚੋਂ ਪੰਜ ਲੱਖ ਰੁਪਏ ਉਹ ਦਾਨ ਕਰਨ ਵਾਲੇ ਨੂੰ ਦਿੱਤੇ ਜਾਂਦੇ ਸਨ।"

    ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਇਸ ਹਸਪਤਾਲ ਵਿੱਚ 33 ਕੇਸਾਂ ਵਿੱਚ ਟਰਾਂਸਪਲਾਂਟ ਹੋ ਚੁੱਕੇ ਹਨ।

  4. ਅਮ੍ਰਿਤਪਾਲ ਦਾ ਸਾਥੀ ਦੱਸਿਆ ਜਾਂਦਾ ਪਪਲਪ੍ਰੀਤ ਕੌਣ ਹੈ

    ਪੰਜਾਬ ਪੁਲਿਸ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਨਾਲ-ਨਾਲ ਇੱਕ ਹੋਰ ਵਿਅਕਤੀ ਪਪਲਪ੍ਰੀਤ ਸਿੰਘ ਦੀ ਵੀ ਭਾਲ ਕਰ ਰਹੀ ਹੈ।

    ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੂੰ ਅੰਮ੍ਰਿਤਸਰ ਦੇ ਪਿੰਡ ਮਰੜੀ ਦੇ ਰਹਿਣ ਵਾਲੇ ਪਪਲਪ੍ਰੀਤ ਸਿੰਘ ਨੂੰ ਵੀ ਲੱਭ ਰਹੀ ਹੈ।

    ਆਪਣੇ ਆਪ ਨੂੰ ਇੱਕ ਪੱਤਰਕਾਰ ਦੱਸਣ ਵਾਲੇ ਪਪਲਪ੍ਰੀਤ ਬੀਤੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹੇ ਹਨ।

    ਹਾਲਾਂਕਿ ਹੁਣ ਉਨ੍ਹਾਂ ਦੇ ਫ਼ੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਅਕਾਉਂਟ ਬੰਦ ਹੋ ਚੁੱਕੇ ਹਨ। ਉਨ੍ਹਾਂ ਦਾ ਯੂਟਿਊਬ ਅਕਾਉਂਟ ਜਿਸ ਦਾ ਨਾਮ ‘ਪਪਲਪ੍ਰੀਤ ਸਿੰਘ’ ਹੈ ’ਤੇ ਵੀ ਪਿਛਲੇ ਇੱਕ ਮਹੀਨੇ ਤੋਂ ਕੋਈ ਨਵੀਂ ਵੀਡੀਓ ਸਾਂਝੀ ਨਹੀਂ ਕੀਤੀ ਗਈ ਹੈ।

    ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਤੇ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲਿਸ ਕਾਰਵਾਈ 18 ਮਾਰਚ ਨੂੰ ਸ਼ੁਰੂ ਹੋਈ ਸੀ। ਜੋ ਕਿ ਹਾਲੇ ਤੱਕ ਜਾਰੀ ਹੈ।

    ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੀ ਸਾਥੀ ਦੀ ਪੰਜਾਬ ਪੁਲਿਸ ਨੂੰ ਭਾਲ ਹੈ।

    ਪੂਰਾ ਲੇਖ ਇੱਥੇ ਕਲਿੱਕ ਕਰਕੇ ਪੜ੍ਹੋ

    ਪਪਲਪ੍ਰੀਤ

    ਤਸਵੀਰ ਸਰੋਤ, papalpreet/youtube

  5. ਏਐੱਸਆਈ ਭੁਪਿੰਦਰ ਸਿੰਘ ਨੇ ਖੁਦ ਨੂੰ ਵੀ ਮਾਰੀ ਗੋਲੀ

    ਗੁਰਦਾਸਪੁਰ ਵਿੱਚ ਏਐੱਸਆਈ ਭੁਪਿੰਦਰ ਸਿੰਘ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਹੈ। ਜਖਮੀ ਹਾਲਤ ਵਿੱਚ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਕੁਝ ਸਮਾਂ ਬਾਅਦ ਉਸਦੀ ਵੀ ਮੌਤ ਹੋ ਗਈ।ਇਲਜ਼ਾਮ ਹੈ ਕਿ ਏਐਸਆਈ ਭੁਪਿੰਦਰ ਸਿੰਘ ਨੇ ਅੱਜ ਪਿੰਡ ਭੁੰਬਲੀ ਵਿੱਚ ਪਤਨੀ ਅਤੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ।

    ਇਲਜ਼ਾਮ ਹੈ ਕਿ ਭੁਪਿੰਦਰ ਸਿੰਘ ਨੇ ਆਪਣੇ ਪਾਲਤੂ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ।

    ਉਹ ਕਥਿਤ ਤੌਰ ’ਤੇ ਪਿੰਡ ਦੀ ਇੱਕ ਕੁੜੀ ਨੂੰ ਵੀ ਆਪਣੇ ਨਾਲਅਗਵਾ ਕਰਕੇ ਬਟਾਲਾ ਲੈ ਗਿਆ।

    ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਜਾਂਦਿਆ ਦੀ CCTV ਵੀਡੀਓ ਸਾਹਮਣੇ ਆਈ ਹੈ।

    ਭੁਪਿੰਦਰ ਸਿੰਘ ਆਪਣੇ ਨਾਲ ਸਰਕਾਰੀ ਹਥਿਆਰ ਵੀ ਲੈ ਗਿਆ ਸੀ, ਪੁਲਿਸ ਨੇ ਉਸਦੇ ਇੱਕ ਘਰ ਵਿੱਚ ਹੋਣ ਦਾ ਪਤਾ ਲੱਗਿਆ ਤਾਂ ਉਸ਼ਨੂੰ ਸਰੰਡਰ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ, ਇਸੇ ਦੌਰਾਨ ਪੁਲਿਸ ਮੁਤਾਬਕ ਉਸਨੇ ਖੁਦ ਨੂੰ ਗੋਲੀ ਮਾਰ ਲਈ।

    ਗੁਰਦਾਸਪੁਰ

    ਤਸਵੀਰ ਸਰੋਤ, gurpreet chawla/bbc

  6. ਕੌਣ ਹੈ ਸਟੌਰਮੀ ਡੇਨੀਅਲਸ, ਜਿਸਦੇ ਮਾਮਲੇ ਵਿੱਚ ਟਰੰਪ ਚਰਚਾ ਵਿੱਚ ਹਨ

    ਸਟੌਰਮੀ ਡੈਨੀਅਲਸ, ਇਹ ਨਾਮ ਜਦੋਂ ਦਾ ਚਰਚਾ ਵਿੱਚ ਆਇਆ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਗਈਆਂ।

    ਸਟੌਰਮੀ ਦਾ ਇਲਜ਼ਾਮ ਹੈ ਕਿ ਟਰੰਪ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਸਨ ਅਤੇ ਚੁੱਪ ਰਹਿਣ ਲਈ ਪੈਸੇ ਦਿੱਤੇ ਸਨ।

    ਇਸ ਕੇਸ ਦਾ ਕੀ ਬਣੇਗਾ ਇਹ ਸਮੇਂ ਨਾਲ ਸਾਫ਼ ਹੁੰਦਾ ਜਾਵੇਗਾ, ਪਰ ਇਸ ਸਾਰੀ ਕਹਾਣੀ ਵਿੱਚ ਟਰੰਪ ਦੇ ਨਾਲ ਜੋ ਔਰਤ ਕੇਂਦਰ ਵਿੱਚ ਹੈ ਉਹ ਸਟੌਰਮੀ ਡੇਨੀਅਲ।

    ਸਟੌਰਮੀ ਡੈਨੀਅਲਸ ਦਾ ਅਸਲੀ ਨਾਮ ਸਟੈਫਨੀ ਕਲਿਫੋਰਡ ਹੈ ਤੇ ਉਨ੍ਹਾਂ ਦਾ ਜਨਮ ਲੁਈਸਿਆਨਾ ਵਿੱਚ 1979 ਵਿੱਚ ਹੋਇਆ ਸੀ।

    2004 ਵਿੱਚ ਨਿਰਦੇਸ਼ਨ ਅਤੇ ਲੇਖਣੀ ਵਿੱਚ ਆਉਣ ਤੋਂ ਪਹਿਲਾਂ ਉਹ ਪਹਿਲੀ ਵਾਰ ਪੋਰਨ ਫਿਲਮ ਇੰਡਸਟਰੀ ਵਿੱਚ ਇੱਕ ਕਲਾਕਾਰ ਦੇ ਰੂਪ ਵਿੱਚ ਸ਼ਾਮਲ ਹੋਏ ਸਨ।

    ਬਤੌਰ ਸਟੇਜ ਪਰਫਾਰਮਰ ਉਨ੍ਹਾਂ ਦੇ ਨਵੇਂ ਨਾਮ ਪਿੱਛੇ ਇੱਕ ਦਿਲਚਸਪ ਕਹਾਣੀ ਹੈ।

    ਆਓ ਜਾਣਦੇ ਹਾਂ ਕੌਣ ਹੈ ਸਟੌਰਮੀ ਡੇਨੀਅਲਸ?

    ਵੀਡੀਓ ਕੈਪਸ਼ਨ, ਟਰੰਪ ਦੇ ਕੇਸ ’ਚ ਕੇਂਦਰ ਬਿੰਦੂ ਬਣੀ ਪੋਰਨ ਸਟਾਰ ਕੌਣ
  7. ਸਿੱਧੂ ਮੂਸੇਵਾਲਾ ਦੇ ਬਰਨਾ ਬੁਆਏ ਨਾਲ ਨਵਾਂ ਗਾਣਾ 7 ਅਪ੍ਰੈਲ ਨੂੰ ਹੋਵੇਗਾ ਰਿਲੀਜ਼, ਜਾਣੋ ਕੌਣ ਹਨ ਬਰਨਾ ਬੁਆਏ

    ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ

    ਤਸਵੀਰ ਸਰੋਤ, Sidhu moosewala/ instagram

    ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਪੰਜਾਬੀ 'ਮੇਰਾ ਨਾਂ' 7 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ।

    ਇਸ ਬਾਰੇ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਇਸ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ।

    ਇਸ ਗਾਣੇ ਵਿੱਚ ਸਿੱਧੂ ਦੇ ਨਾਲ ਬਰਨਾ ਬੁਆਏ ਅਤੇ ਸਟੀਲ ਬੈਂਗਲੇਜ਼ ਨਾਲ ਕੋਲੈਬਰੇਸ਼ਨ ਕੀਤੀ ਹੈ।

    ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਨਾਈਜੀਰੀਆ ਦੇ ਰੈਪਰ ਬਰਨਾ ਬੁਆਏ ਨੇ ਆਪਣੇ ਇੱਕ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਸੀ। ਬਰਨਾ ਬੁਆਏ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

  8. ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਸਰਕਾਰ 'ਤੇ ਮੁੜ ਸਾਧਿਆ ਨਿਸ਼ਾਨਾ

    ਨਵਜੋਤ ਸਿੰਘ ਸਿੱਧੂ

    ਤਸਵੀਰ ਸਰੋਤ, Navjot Singh Sidhu media

    ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਮਰਹੂਮ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਹੋ ਰਹੀ ਜਾਂਚ 'ਤੇ ਸਵਾਲ ਚੁੱਕੇ ਹਨ।

    ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਹੈ, "ਮਾਣਯੋਗ ਮੁੱਖ ਮੰਤਰੀ, ਗ੍ਰਹਿ ਮੰਤਰੀ, ਜੇਲ੍ਹ ਮੰਤਰੀ ਭਗਵੰਤ ਮਾਨ,ਇੱਕ ਨੌਜਵਾਨ ਦੇ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕੀਤੇ ਜਾਣ 'ਤੇ ਪੀੜਤ/ਪਿਤਾ ਦੇ ਬਿਆਨਾਂ ਮੁਤਾਬਕ ਅਜੇ ਤੱਕ ਕੋਈ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ ਗਈ।"

    "ਕਿਸ ਦੇ ਇਸ਼ਾਰੇ 'ਤੇ ਜਾਂਚ ਨਾਲ ਇਹ ਸਮਝੌਤਾ ਕੀਤਾ ਜਾ ਰਿਹਾ ਹੈ? ਇਹ ਕਿਸ ਦੀ ਸਰਪ੍ਰਸਤੀ ਨੂੰ ਦਰਸਾਉਂਦਾ ਹੈ?"

    ਨਵਜੋਤ ਸਿੰਘ ਸਿੱਧੂ

    ਤਸਵੀਰ ਸਰੋਤ, Navjot Singh Sidhu/tweet

    ਉਨ੍ਹਾਂ ਨੇ ਅੱਗੇ ਲਿਖਿਆ, "ਜੇਕਰ ਜਾਣਬੁੱਝ ਕੇ ਨਿਆਂ ਦੇਣ ਤੋਂ ਇਨਕਾਰ ਕਰਨ ਦਾ ਸਿਲਸਿਲਾ ਜਾਰੀ ਰਿਹਾ ਤਾਂ ਅਸੀਂ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ।"

    ਸੋਮਵਾਰ ਨੂੰ ਦੇ ਨਵਜੋਤ ਸਿੰਘ ਸਿੱਧੂ, ਸਿੱਧੂ ਮੂਸੇਵਾਲਾ ਦੇ ਘਰ, ਉਨ੍ਹਾਂ ਦੇ ਮਾਪਿਆਂ ਨਾਲ ਮਿਲਣ ਲਈ ਪਹੁੰਚੇ ਸਨ।

    ਉੱਥੇ ਉਨ੍ਹਾਂ ਨੇ ਸਿੱਧੂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਅਤੇ ਉਸ ਤੋਂ ਸ਼ਾਮ ਨੂੰ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਸਰਕਾਰ 'ਤੇ ਕਈ ਸਵਾਲ ਵੀ ਚੁੱਕੇ ਸਨ।

    ਹਾਲਾਂਕਿ ਇਸ਼ ਕਤਲਕਾਂਡ ਮਾਮਲੇ ਵਿੱਚ ਪੁਲਿਸ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ, ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੂੰ ਇਸ ਕਤਲਕਾਂਡ ਦਾ ਮੁੱਖ ਮੁਲਜ਼ਮ ਦੱਸਿਆ ਜਾਂਦਾ ਹੈ, ਇੱਕ ਹੋਰ ਮੁਲਜ਼ਮ ਗੋਲਡੀ ਬਰਾੜ ਇਸ਼ ਵੇਲੇ ਭਾਰਤ ਤੋਂ ਬਾਹਰ ਹੈ, ਜਿਸਦੀ ਭਾਲ ਜਾਰੀ ਹੈ।

  9. ਗੁਰਦਾਸਪੁਰ 'ਚ ਪੁਲਿਸ ਮੁਲਾਜ਼ਮ 'ਤੇ ਪਤਨੀ ਅਤੇ 19 ਸਾਲਾ ਪੁੱਤਰ ਨੂੰ ਗੋਲੀ ਮਾਰਨ ਦਾ ਇਲਜ਼ਾਮ, ਮੌਕੇ ਤੋਂ ਫਰਾਰ

    ਗੁਰਦਾਸਪੁਰ ਪੁਲਿਸ

    ਤਸਵੀਰ ਸਰੋਤ, Gurpreet Singh Chawla/bbc

    ਗੁਰਦਾਸਪੁਰ ਦੇ ਪਿੰਡ ਭੁੰਬਲੀ ਵਿੱਚ ਪੰਜਾਬ ਪੁਲਿਸ ਦੇ ਏਐੱਸਆਈ ਭੁਪਿੰਦਰ ਸਿੰਘ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਮੰਗਲਵਾਰ ਸਵੇਰੇ ਆਪਣੀ ਪਤਨੀ ਬਲਜੀਤ ਕੌਰ ਅਤੇ ਬੇਟੇ ਬਲਪ੍ਰੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।

    ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਦੱਸਿਆ ਕਿ ਬਲਜੀਤ ਕੌਰ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾ ਸਨ ਤੇ 19 ਸਾਲਾ ਬਲਪ੍ਰੀਤ ਸਿੰਘ 12ਵੀਂ ਕਲਾਸ ਦੇ ਪੇਪਰ ਦੇ ਰਹੇ ਸਨ।

    ਗੁਰਦਾਸਪੁਰ ਪੁਲਿਸ

    ਤਸਵੀਰ ਸਰੋਤ, Gurpreet Singh Chawla/bbc

    ਇਲਜ਼ਾਮਾਂ ਮੁਤਾਬਕ ਭੁਪਿੰਦਰ ਸਿੰਘ ਨੇ ਆਪਣੇ ਘਰ ਦੇ ਪਾਲਤੂ ਕੁੱਤੇ ਦੀ ਵੀ ਹੱਤਿਆ ਕਰ ਦਿੱਤੀ ਹੈ।

    ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਨੇ ਇਨ੍ਹਾਂ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

    ਪੁਲਿਸ ਮੁਤਾਬਕ ਏਐੱਸਆਈ ਗੋਲੀਆਂ ਚਲਾਉਣ ਤੋਂ ਬਾਅਦ ਪਿੰਡ ਦੀ ਕੁੜੀ ਨੂੰ ਨਾਲ ਲੈ ਗਿਆ।

    ਐੱਸਐੱਸਪੀ ਗੁਰਦਾਸਪੁਰ ਹਰੀਸ਼ ਕੁਮਾਰ ਦਯਾਮਾ ਨੇ ਦੱਸਿਆ, "ਮੁਲਜ਼ਮ ਨੇ ਸਰਵਿਸ ਰਾਇਫਲ ਨਾਲ ਆਪਣੀ ਪਤਨੀ ਅਤੇ ਪੁੱਤਰ ਦਾ ਕਤਲ ਕੀਤਾ ਹੈ। ਮਕਸਦ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਨੇੜੇ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।"

    ਗੁਰਦਾਸਪੁਰ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਐੱਸਐੱਸਪੀ ਗੁਰਦਾਸਪੁਰ ਹਰੀਸ਼ ਕੁਮਾਰ ਦਯਾਮਾ

    ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਅਸਲ ਮਾਮਲੇ ਦਾ ਤਾਂ ਅਜੇ ਪਤਾ ਨਹੀਂ ਹੈ ਪਰ ਲੋਕਾਂ ਦੇ ਦੱਸਣ ਮੁਤਾਬਕ ਗੋਲੀਆਂ ਚੱਲਣ ਦੀ ਆਵਾਜ਼ ਆਈ ਤਾਂ ਇਸ ਘਟਨਾ ਦਾ ਪਤਾ ਲੱਗਾ।

    ਪਿੰਡ ਦੇ ਸਰਪੰਚ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ।"

    ਗੁਰਦਾਸਪੁਰ ਪੁਲਿਸ

    ਤਸਵੀਰ ਸਰੋਤ, Gurpreet Singh Chawla/bbc

  10. ਪੰਜਾਬ ਵਿੱਚ ਨਸ਼ਿਆਂ ਦਾ ਪ੍ਰਸਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ-ਭਗਵੰਤ ਮਾਨ

    ਪੰਜਾਬ ਵਿੱਚ ਨਸ਼ੇ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

    ਪੰਜਾਬਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਨਸ਼ਿਆ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਇੱਕ ਟਵੀਟ ਕਰਕੇ ਹਾਈਕੋਰਟ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੇ ਮਾਮਲੇ ਵਿੱਚ ਪੇਸ਼ ਕੀਤੀ ਰਿਪੋਰਟ ਬਾਰੇ ਇੱਕ ਟਵੀਟ ਕਰਕੇ ਲਿਖਿਆ,“ਪੰਜਾਬ ਵਿੱਚ ਡਰੱਗ ਨਾਲ ਸੰਬੰਧਿਤ ਕਈ ਸਾਲਾਂ ਤੋਂ ਬੰਦ ਪਏ ਮਾਣਯੋਗ ਹਾਈਕੋਰਟ ਦੁਆਰਾ ਖੋਲ੍ਹੇ ਗਏ, 3 ਲਿਫ਼ਾਫ਼ੇ ਮੇਰੇ ਕੋਲ ਪਹੁੰਚ ਗਏ ਹਨ।”

    “ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕਰਨ ਵਾਲਿਆਂ ਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਹੋਵੇਗੀ।”

    ਪੰਜਾਬ ਵਿੱਚ ਨਸ਼ੇ

    ਤਸਵੀਰ ਸਰੋਤ, Bhagwant Mann/Twitter

  11. ਅਮਰੀਕਾ ਨੇ ਭਾਰਤੀ ਅੱਖਾਂ ਦੀ ਦਵਾਈ ਲਈ ਜਾਰੀ ਕੀਤੀ ਚੇਤਾਵਨੀ, ਕਿਹਾ ਲਾਗ਼ ਤੇ ਅੰਨ੍ਹੇਪਣ ਲਈ ਹੈ ਜ਼ਿੰਮੇਵਾਰ

    ਆਈ ਟੀਅਰਜ਼

    ਤਸਵੀਰ ਸਰੋਤ, GLOBAL PHARMA HEALTHCARE

    ਤਸਵੀਰ ਕੈਪਸ਼ਨ, ਭਾਰਤੀ ਅੱਖਾਂ ਦੀ ਦਵਾਈ ਆਰਟੀਫ਼ੀਸ਼ੀਅਲ ਟੀਅਰਜ਼ ਨੂੰ ਅਮਰੀਕਾ ਵਿੱਚ ਚੇਤਾਵਨੀ ਦਿੱਤੀ ਗਈ ਹੈ

    ਯੂਐੱਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ਼ਡੀਏ) ਨੇ ਭਾਰਤ ਵਿੱਚ ਬਣੀਆਂ ਆਈ ਡ੍ਰੌਪਸ ਦੀ ਵਰਤੋਂ ਵਿਰੁੱਧ ਚੇਤਾਵਨੀ ਜਾਰੀ ਕੀਤੀ ਹੈ।

    ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ, ਇਨ੍ਹਾਂ ਬੂੰਦਾਂ ਨਾਲ ਅਮਰੀਕਾ ਵਿੱਚ ਘੱਟੋ-ਘੱਟ 55 ਲੋਕ ਲਾਗ਼ ਪ੍ਰਭਾਵਿਤ ਹੋਏ,ਕਈਆਂ ਨੂੰ ਅੰਨ੍ਹੇਪਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇੱਥੋਂ ਤੱਕ ਕਿ ਇੱਕ ਦੀ ਮੌਤ ਵੀ ਹੋਈ ਹੈ।

    ਐੱਫ਼ਡੀਏ ਨੇ ਵੀਰਵਾਰ ਨੂੰ ਕਿਹਾ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅੱਖਾਂ ਦੀ ਦਵਾਈ ਭਾਰਤ ਦੀ ਗਲੋਬਲ ਫ਼ਰਮਾ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਵਲੋਂ ਬਣਾਈ ਜਾਂਦੀ ਹੈ। ਇਸ ਨਾਲ ਬੈਕਟੀਰੀਅਲ ਲਾਗ਼ ਦਾ ਖ਼ਤਰਾ ਹੈ ਤੇ ਇਸ ਕੰਪਨੀ ਨੇ ਮੈਨੁਫ਼ੈਕਚਰਿੰਗ ਦੇ ਮਾਪਦੰਡਾਂ ਦਾ ਉਲੰਘਣ ਕੀਤਾ ਹੈ।

    ਬੀਤੇ ਵਰ੍ਹੇ, ਗਾਂਬੀਆ ਵਿੱਚ 70 ਬੱਚਿਆਂ ਦੀ ਮੌਤ ਅਜਿਹੇ ਇੱਕ ਭਾਰਤੀ ਖੰਘ ਸੀਰਪ ਨਾਲ ਹੋਈ ਸੀ।

  12. ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਮੁੜ ਵਾਧਾ, ਪੰਜਾਬ ਵਿੱਚ ਵੀ ਇੱਕ ਦਿਨ ’ਚ 53 ਨਵੇਂ ਮਾਮਲੇ ਹੋਏ ਦਰਜ

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਮੁੜ ਵਾਧਾ ਦਰਜ ਕੀਤਾ ਗਿਆ ਹੈ

    ਕੇਂਦਰੀ ਸਿਹਤ ਮੰਤਰਾਲੇ ਵਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਇੱਕ ਦਿਨ ਵਿੱਚ 3641 ਨਵੇਂ ਮਾਮਲੇ ਸਾਹਮਣੇ ਆਏ ਹਨ।

    ਸਭ ਤੋਂ ਵੱਧ ਮਾਮਲੇ ਕੇਰਲਾ ਵਿੱਚ 666 ਦਰਜ ਕੀਤੇ ਗਏ ਤੇ ਪੰਜਾਬ ਵਿੱਚ ਵੀ ਇੱਕ ਦਿਨ ਵਿੱਚ 53 ਨਵੇਂ ਕੋਵਿਡ ਦੇ ਮਾਮਲੇ ਆਏ ਹਨ।

    ਕੋਵਿਡ ਦੇ ਫ਼ੈਲਾਅ ਦਾ ਕਰਾਨ ਕੋਰੋਨਾਵਾਇਰਸ ਦਾ ਐੱਕਸਬੀਬੀਵੱਨ-16 (XBB1.16) ਵੇਰੀਐਂਟ ਦੱਸਿਆ ਜਾ ਰਿਹਾ ਹੈ। ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕਰੋਨਾ ਦੇ ਨਵੇਂ ਵੇਰੀਐਂਟ ਦੇ ਮਾਮਲੇ ਸਭ ਤੋਂ ਪਹਿਲਾਂ ਮਹਾਂਰਾਸ਼ਟਰ ਵਿੱਚ ਦਰਜ ਕੀਤੇ ਗਏ ਸਨ।

  13. ਕੌਣ ਹੈ ਪੋਰਨ ਸਟਾਰ ਸਟੌਰਮੀ ਡੈਨੀਅਲਸ, ਜਿਸ ਨੂੰ ਪੈਸੇ ਦੇਣ ਦੇ ਮਾਮਲੇ ਵਿੱਚ ਹੋ ਸਕਦੀ ਹੈ ਡੌਨਲਡ ਟਰੰਪ ਦੀ ਗ੍ਰਿਫ਼ਤਾਰੀ

    ਟਰੰਪ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ

    ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਖ਼ਦਸ਼ਾ ਜਤਾਇਆ ਕਿ ਉਨ੍ਹਾਂ ਨੂੰ 2016 ਵਿੱਚ ਪੋਰਨ ਸਟਾਰ ਸਟੌਰਮੀ ਡੈਨੀਅਲਸ ਨੂੰ 130,000 ਡਾਲਰ ਦੇ ਭੁਗਤਾਨ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।

    ਇਸ ਕੇਸ ਨੂੰ ਕਿਵੇਂ ਅੱਗੇ ਵਧਾਇਆ ਜਾਵੇ, ਇਸ ’ਤੇ ਫੈਸਲਾ ਨਿਊਯਾਰਕ ਸ਼ਹਿਰ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰਾਗ ’ਤੇ ਨਿਰਭਰ ਕਰਦਾ ਹੈ।

    ਪਰ ਜੇ ਟਰੰਪ ਉੱਤੇ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਉਹ ਗ੍ਰਿਫ਼ਤਾਰ ਹੋਣ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ ਹੋਣਗੇ। ਦੂਜੇ ਪਾਸੇ ਉਹ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦੇ ਹਨ।

    ਹੁਣ ਤੱਕ ਇਸ ਮਾਮਲੇ ਵਿੱਚ ਕੀ ਕੁਝ ਪਤਾ ਹੈ ਅਤੇ ਕੌਣ ਹਨ ਸਟੌਰਮੀ ਡੈਨੀਅਲਸ ਬਾਰੇ ਜਾਣਨ ਲਈ ਇਹ ਰਿਪੋਰਟ ਪੜ੍ਹੋ

  14. ਡੌਨਲਡ ਟਰੰਪ ਅਪਰਾਧਿਕ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਨਿਊਯਾਰਕ ਪਹੁੰਚੇ

    ਡੌਨਲਡ ਟਰੰਪ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ

    ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨਿਊਯਾਰਕ ਸਥਿਤ ਟਰੰਪ ਟਾਵਰ ਪਹੁੰਚ ਗਏ ਹਨ। ਉਨ੍ਹਾਂ ਖ਼ਿਲਾਫ਼ ਚੱਲ ਰਹੇ ਅਪਰਾਧਿਕ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਹੋਵੇਗੀ ਤੇ ਉਹ ਇਸ ਤੋਂ ਪਹਿਲਾ ਸੋਮਵਾਰ ਦੀ ਰਾਤ ਇੱਥੇ ਬਿਤਾਉਣਗੇ।

    ਮੰਗਲਵਾਰ ਨੂੰ ਨਿਊਯਾਰਕ ਦੀ ਗ੍ਰੈਂਡ ਜਿਊਰੀ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਕਥਿਤ ਤੌਰ 'ਤੇ ਮੂੰਹ ਬੰਦ ਰੱਖਣ ਲਈ ਟਰੰਪ ਵਲੋਂ ਦਿੱਤੇ ਗਏ ਪੈਸਿਆਂ ਦੇ ਮਾਮਲੇ ਦੀ ਸੁਣਵਾਈ ਕਰੇਗੀ।

    ਉਨ੍ਹਾਂ ਖ਼ਿਲਾਫ਼ ਲੱਗੇ ਇਲਜ਼ਾਮਾਂ ਨੂੰ ਸੀਲਬੰਦ ਰੱਖਿਆ ਗਿਆ ਹੈ।

    ਅਦਾਲਤੀ ਪ੍ਰੀਕਿਰਿਆ ਦੌਰਾਨ ਮੰਗਲਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ 2.15 ਵਜੇ (ਭਾਰਤੀ ਸਮੇਂ ਮੁਤਾਬਕ ਕਰੀਬ 11.45 ਵਜੇ) ਟਰੰਪ ਖ਼ਿਲਾਫ਼ ਲੱਗੇ ਇਲਜ਼ਾਮਾਂ ਨੂੰ ਰਸਮੀ ਤੌਰ 'ਤੇ ਜਨਤਕ ਕੀਤਾ ਜਾਵੇਗਾ।

    76 ਸਾਲਾ ਟਰੰਪ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੇ ਸਾਬਕਾ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਕਿਸੇ ਅਪਰਾਧਿਕ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਉਹ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੇ ਹਨ।

  15. ਬੀਬੀਸੀ ਪੰਜਾਬੀ ਦੇ LIVE ਪੇਜ 'ਤੇ ਤੁਹਾਡਾ ਸੁਆਗਤ ਹੈ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਪੰਜਾਬ, ਭਾਰਤ ਤੇ ਕੌਮਾਂਤਰੀ ਪੱਧਰ ਤੇ ਹੋ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਵਾਂਗੇ।

    ਤੁਹਾਡੇ ਨਾਲ ਲਾਈਵ ਅਪਡੇਟਸ ਸਾਂਝੀ ਕਰ ਰਹੇ ਹਨ ਬੀਬੀਸੀ ਪੱਤਰਕਾਰ ਦਲੀਪ ਸਿੰਘ ਅਤੇ ਰਾਜਵੀਰ ਕੌਰ।

    ਜੇਕਰ ਤੁਸੀਂ 3 ਅਪਰੈਲ ਦੀਆਂ ਅਪਡੇਟਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਸਲਿੰਕ ਉੱਤੇ ਕਲਿੱਕਕਰ ਸਕਦੇ ਹੋ।