
ਤਸਵੀਰ ਸਰੋਤ, FB/Navjot Singh Sidhu
ਨਵਜੋਤ ਸਿੰਘ ਸਿੱਧੂ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਤਾਜ਼ਾ ਟਵੀਟ ਮੁਤਾਬਕ ਉਹ ਪਟਿਆਲਾ ਜੇਲ੍ਹ ਤੋਂ ਕੱਲ ਰਿਹਾਅ ਹੋਣਗੇ।
ਇਸ ਟਵੀਟ ਵਿੱਚ ਲਿਖਿਆ ਹੈ, ‘‘ਇਹ ਸਭ ਨੂੰ ਦੱਸਿਆ ਜਾਂਦਾ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਕੱਲ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣਗੇ (ਜਿਵੇਂ ਕਿ ਸਬੰਧਿਤ ਪ੍ਰਸ਼ਾਸਨ ਵੱਲੋਂ ਦਸਿਆ ਗਿਆ ਹੈ)’’
21 ਮਈ 2022 ਨੂੰ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਜ਼ਿਲ੍ਹਾ ਅਦਾਲਤ ਵਿੱਚ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ ਸੀ।
ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੂੰ ਰੋਡਰੇਜ ਮਾਮਲੇ 'ਚ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਸੀ।
ਸੁਪਰੀਮ ਕੋਰਟ ਨੇ ਪੀੜਤ ਪਰਿਵਾਰ ਵੱਲੋਂ ਪਾਈ ਗਈ ਪੁਨਰਵਿਚਾਰ ਯਾਚਿਕਾ 'ਤੇ ਇਹ ਸੁਣਵਾਈ ਕੀਤੀ ਸੀ।
ਇਹ ਮਾਮਲਾ ਲਗਭਗ 3 ਦਹਾਕੇ ਪੁਰਾਣਾ ਹੈ।
ਪੀੜਤ ਪਰਿਵਾਰ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਸਾਲ 2018 ਦੇ ਫੈਸਲੇ ਖ਼ਿਲਾਫ਼ ਪੁਨਰਵਿਚਾਰ ਅਰਜ਼ੀ ਦਾਇਰ ਕੀਤੀ ਸੀ।
ਸਾਲ 2018 ਦੇ ਆਪਣੇ ਫੈਸਲੇ 'ਚ ਸੁਪਰੀਮ ਕੋਰਟ ਨੇ ਸਿੱਧੂ 'ਤੇ ਲੱਗੇ ਗੈਰ-ਇਰਾਦਤਨ ਕਤਲ ਦੇ ਇਲਜ਼ਾਮ ਨੂੰ ਖਾਰਜ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਤਿੰਨ ਸਾਲ ਦੀ ਸਜ਼ਾ ਨੂੰ ਬਦਲਦੇ ਹੋਏ ਉਨ੍ਹਾਂ ਉੱਪਰ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਸੀ।
ਨਵਜੋਤ ਸਿੰਘ ਸਿੱਧੂ ਨੇ ਫ਼ੈਸਲੇ ਤੋਂ ਬਾਅਦ ਟਵੀਟ ਕਰਕੇ ਕਿਹਾ ਸੀ ਕਿ ''ਕਾਨੂੰਨ ਦੀ ਆਗਿਆ ਦਾ ਪਾਲਣ'' ਕਰਨਗੇ।

ਤਸਵੀਰ ਸਰੋਤ, twitter/sherryontopp
ਨਵਜੋਤ ਸਿੱਧੂ ਦਾ ਪੂਰਾ ਮਾਮਲਾ ਕੀ ਹੈ?
ਨਵਜੋਤ ਸਿੱਧੂ 'ਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ 27 ਦਸੰਬਰ 1988 'ਚ ਪਟਿਆਲਾ ਵਿੱਚ ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ 65 ਸਾਲਾ ਗੁਰਨਾਮ ਸਿੰਘ ਨਾਲ ਕੁੱਟਮਾਰ ਕੀਤੀ ਸੀ ਅਤੇ ਉਸੇ ਕੁੱਟਮਾਰ ਵਿੱਚ ਵੱਜੀ ਸੱਟ ਕਾਰਨ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ।
ਟਰਾਇਲ ਕੋਰਟ ਨੇ ਨਵਜੋਤ ਸਿੱਧੂ ਨੂੰ ਬਰੀ ਕਰ ਦਿੱਤਾ ਸੀ ਪਰ ਹਾਈ ਕੋਰਟ ਨੇ ਨਵਜੋਤ ਸਿੱਧੂ ਨੂੰ ਦੋਸ਼ੀ ਮੰਨਦੇ ਹੋਏ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ।
ਸਰਕਾਰੀ ਵਕੀਲ ਦਾ ਦਾਅਵਾ ਸੀ ਕਿ ਸਿੱਧੂ ਅਤੇ ਉਨ੍ਹਾਂ ਦਾ ਦੋਸਤ ਰੁਪਿੰਦਰ ਸਿੰਘ ਸੰਧੂ ਪਟਿਆਲਾ ਦੇ ਸ਼ੇਰਾਂਵਾਲਾ ਗੇਟ ਨੇੜੇ ਜਿਪਸੀ ਵਿੱਚ ਜਾ ਰਹੇ ਸਨ ਦੂਜੇ ਪਾਸੇ ਗੁਰਨਾਮ ਸਿੰਘ ਆਪਣੇ ਦੋ ਹੋਰ ਸਾਥੀਆਂ ਨਾਲ ਮਾਰੂਤੀ ਕਾਰ ਵਿੱਚ ਸਵਾਰ ਸਨ।
ਗੱਡੀ ਨੂੰ ਹਟਾਉਣ ਦੇ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਾਥੀ ਦੀ ਗੁਰਨਾਮ ਸਿੰਘ ਨਾਲ ਬਹਿਸ ਹੋਈ। ਬਹਿਸ ਦੌਰਾਨ ਗਰਮਾ-ਗਰਮੀ ਹੋ ਗਈ ਅਤੇ ਦੋਵੇਂ ਧਿਰਾਂ ਵਿਚਕਾਰ ਹੱਥੋਪਾਈ ਵੀ ਹੋ ਗਈ।
ਇਸ ਦੌਰਾਨ ਗੁਰਨਾਮ ਸਿੰਘ ਡਿੱਗ ਗਏ ਅਤੇ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।