ਅਮ੍ਰਿਤਪਾਲ ਦੀ ਨਵੀਂ ਵੀਡੀਓ; ‘ ਜਥੇਦਾਰ ਜੀ ਤੁਹਾਡੇ ਲਈ ਵੀ ਇਹ ਪ੍ਰੀਖਿਆ ਦਾ ਸਮਾਂ ਹੈ’

ਅਮ੍ਰਿਤਪਾਲ ਸਿੰਘ ਖਿਲਾਫ ਪੁਲਿਸ ਕਾਰਵਾਈ 18 ਮਾਰਚ ਨੂੰ ਸ਼ੁਰੂ ਹੋਈ ਸੀ। ਉਸ ਨੇ ਹੁਣ ਆਪਣਾ ਵੀਡੀਓ ਜਾਰੀ ਕੀਤਾ ਹੈ

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ, ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਇਹ ਰਹੀਆਂ ਅੱਜ ਦਿਨ ਭਰ ਦੀਆਂ ਅਹਿਮ ਖ਼ਬਰਾਂ

    • ਅਮ੍ਰਿਤਪਾਲ ਸਿੰਘ ਨੇ ਅੱਜ ਇੱਕ ਹੋਰ ਵੀਡੀਓ ਬਿਆਨ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਨੇ ਜਥੇਦਾਰ ਨੂੰ ਕਿਹਾ ਕਿ ਇਹ 'ਤੁਹਾਡੀ ਪ੍ਰੀਖਿਆ ਦਾ ਸਮਾਂ ਹੈ।'
    • ਇਸ ਵੀਡੀਓ ਵਿੱਚ ਉਨ੍ਹਾਂ ਨੇ ਜਥੇਦਾਰ ਨੂੰ ਮੁੜ ਤੋਂ ਸਰਬੱਤ ਖਾਲਸਾ ਸੱਦਣ ਦੀ ਅਪੀਲ ਕੀਤੀ।
    • ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਕੁਝ ਮਰਜ਼ੀ ਕਰਨਾ ਪਵੇ ਪਰ ਪੰਜਾਬ ਦਾ ਅਮਨ-ਚੈਨ ਅਤੇ ਭਾਈਚਾਰਕ ਸਾਂਝ ਨਹੀਂ ਟੁੱਟਣ ਦਿਆਂਗੇ। ਪੰਜਾਬ ਦੀ ਤਰੱਕੀ ਇੱਥੋਂ ਦੀ ਅਮਨ-ਸ਼ਾਂਤੀ 'ਤੇ ਨਿਰਭਰ ਹੈ।
    • ਪਾਕਿਸਤਾਨ ਸਰਕਾਰ ਦਾ ਟਵਿੱਟਰ ਹੈਂਡਲ ਭਾਰਤ ਵਿੱਚ 'ਵਿਦਹੈੱਡਲ' ਕਰ ਦਿੱਤਾ ਗਿਆ ਹੈ। ਯਾਨੀ ਇਹ ਭਾਰਤ ਵਿੱਚ ਬੰਦ ਹੈ।
    • ਉਧਰ ਅਮ੍ਰਿਤਪਾਲ ਸਿੰਘ ਦੀ ਭਾਲ ’ਚ ਅੰਮ੍ਰਿਤਸਰ ਤੇ ਬਠਿੰਡਾ ਸਮੇਤ ਸੂਬੇ ਦੇ ਕਈ ਸ਼ਹਿਰਾਂ ਵਿੱਚ ਪੁਲਿਸ ਛਾਪੇਮਾਰੀ ਜਾਰੀ ਰਹੀ।
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਇੱਕ ਵੀਡੀਓ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਹੈ।
  2. ਅਮ੍ਰਿਤਪਾਲ ਸਿੰਘ ਇੱਕ ਹੋਰ ਵੀਡੀਓ ਬਿਆਨ ਆਇਆ ਸਾਹਮਣੇ

    ਵੀਡੀਓ ਕੈਪਸ਼ਨ, ਅਮ੍ਰਿਤਪਾਲ ਦੀ ਨਵੀਂ ਵੀਡੀਓ; ‘ ਜਥੇਦਾਰ ਜੀ ਤੁਹਾਡੇ ਲਈ ਵੀ ਇਹ ਪ੍ਰੀਖਿਆ ਦਾ ਸਮਾਂ ਹੈ’

    ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਨੇ ਅੱਜ ਇੱਕ ਹੋਰ ਵੀਡੀਓ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਮੁੜ ਸਰਬੱਤ ਖਾਲਸਾ ਬੁਲਾਉਣ ਦੀ ਅਪੀਲ ਕੀਤੀ ਹੈ।

    ਇਸ ਤੋਂ ਪਹਿਲਾਂ ਅਮ੍ਰਿਤਪਾਲ ਨੇ ਬੁੱਧਵਾਰ ਨੂੰ ਵੀਡੀਓ ਬਿਆਨ ਜਾਰੀ ਕਰਕੇ ਇਹੀ ਮੰਗ ਕੀਤੀ ਸੀ।

    ਵੀਰਵਾਰ ਦੇ ਵੀਡੀਓ ਵਿੱਚ ਅਮ੍ਰਿਤਪਾਲ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ-

    "ਮੇਰੀ ਸੰਗਤ ਨੂੰ ਅਪੀਲ ਹੈ ਕਿ ਜੇ ਅੱਜ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਘੇਰੇ ਤੋਂ ਬਾਹਰ ਰੱਖਿਆ ਹੈ, ਉਸ ਦਾ ਅਰਥ ਇਹ ਹੈ ਕਿ ਮੈਂ ਆਪਣੇ ਸਾਥੀਆਂ ਲਈ, ਕੌਮ ਦੇ ਨੌਜਵਾਨਾਂ ਲਈ ਕੁਝ ਕਰ ਸਕਾਂ ਤੇ ਛੇਤੀ ਹੀ ਸੰਸਾਰ ਸਾਹਮਣੇ ਵੀ ਪਗਰਟ ਹੋਵਾਂਗੇ ਤੇ ਸੰਗਤਾਂ ਵਿੱਚ ਵਿਚਰਾਂਗੇ।"

    "ਜਥੇਦਾਰ ਸਾਹਿਬ ਨੇ ਕਿਹਾ ਕਿ ਅਸੀਂ ਛੋਟੀਆਂ ਵਹੀਰਾਂ ਕੱਢਾਂਗੇ। ਜਥੇਦਾਰ ਸਾਹਿਬ ਜੀ ਜੇ ਵਹੀਰ ਕੱਢਣੀ ਹੈ ਤਾਂ ਮੇਰੀ ਇੱਕ ਬੇਨਤੀ ਹੈ, ਕਿ ਇਹ ਤੁਹਾਡੀ ਵੀ ਪ੍ਰੀਖਿਆ ਹੈ ਤੇ ਸਾਡੀ ਪ੍ਰੀਖਿਆ ਵਿੱਚੋਂ ਅਸੀਂ ਲੰਘ ਰਹੇ ਹਾਂ। ਪਰ ਤੁਹਾਡੀ ਵੀ ਇਹ ਪ੍ਰੀਖਿਆ ਹੈ ਕਿਉਂਕਿ ਤੁਸੀਂ ਜਥੇਦਾਰ ਤੇ ਅਹੁਦੇ 'ਤੇ ਹੋ।"

    "ਜਥੇਦਾਰ ਦੇ ਅਹੁਦੇ 'ਤੇ ਹੁੰਦਿਆਂ ਤੁਹਾਡੀ ਇਹ ਪ੍ਰੀਖਿਆ ਹੈ ਕਿ ਤੁਸੀਂ ਅੱਜ ਕੌਮ ਦੇ ਹੱਕ ਲਈ ਕਿੰਨਾ ਡਟ ਕੇ ਖੜ੍ਹ ਸਕਦੇ ਹੋ। ਜੇ ਤੁਸੀਂ ਵਹੀਰ ਕੱਢਣੀ ਹੈ ਤਾਂ ਤੁਹਾਨੂੰ ਇਹ ਵਹੀਰ ਇਸ ਤਰ੍ਹਾਂ ਕੱਢਣੀ ਚਾਹੀਦੀ ਹੈ ਕਿ ਇਹ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ ਕੁਝ ਦਿਨਾਂ ਵਿੱਚ ਦਮਦਮਾ ਸਾਹਿਬ ਪਹੁੰਚੇ, ਵਿਸਾਖੀ 'ਤੇ ਉੱਥੇ ਸਰਬੱਤ ਖਾਲਸਾ ਹੋਵੇ।"

    "ਇਹ ਛੱਡ ਦਈਏ ਕਿ ਮੈਂ ਭਗੌੜਾ ਹੋ ਜਾਵਾਂਗਾ, ਸੱਚੇ ਪਾਤਸ਼ਾਹ ਨੇ ਇੰਨੀ ਬਰਕਤ, ਇੰਨੀ ਕ੍ਰਿਪਾ ਤੇ ਇੰਨੀ ਰਹਿਮਤ ਮੇਰੇ 'ਤੇ ਕੀਤੀ ਹੈ ਕਿ ਮੈਂ ਸੁਪਨੇ ਵਿੱਚ ਭਗੌੜਾ ਹੋਣਾ ਨਹੀਂ ਸੋਚ ਸਕਦਾ।"

    "ਹਕੂਮਤ ਨੂੰ ਸੰਬੋਧਨ ਕਰ ਦਿੰਦਾ ਹਾਂ ਕਿ ਮੈਂ ਹਕੂਮਤ ਤੋਂ ਨਾ ਕੱਲ ਡਰਦਾ ਸੀ ਤੇ ਨਾ ਅੱਜ ਡਰਦਾ ਹਾਂ। ਹਕੂਮਤ ਨੇ ਜੋ ਕਰਨਾ ਕਰ ਲਵੇ। ਹਾਂ ਇਹ ਗੱਲ ਹੈ ਕਿ ਮੈਂ ਗ੍ਰਿਫ਼ਤਾਰੀ ਤੋਂ ਨਹੀਂ ਡਰਦਾ ਤੇ ਗ੍ਰਿਫ਼ਤਾਰੀ ਲਈ ਮੈਂ ਕੋਈ ਸ਼ਰਤਾਂ ਨਹੀਂ ਰੱਖੀਆਂ।”

    "ਮੇਰੀ ਓਟ ਉਸ (ਸਤਿਗੁਰੂ) ਹੱਥ ਹੈ, ਮੇਰੀ ਓਟ ਨਾ ਤਾਂ ਦੁਨਿਆਵੀ ਅਦਾਲਤਾਂ 'ਤੇ ਹੈ ਨਾ ਕਿਸੇ ਹੋਰ ਗੱਲ ਹੈ 'ਤੇ ਹੈ। ਮੇਰੀ ਓਟ ਉਸ ਸੱਚੇ ਪਾਤਸ਼ਾਹ ਦੀ ਕਚਹਿਰੀ 'ਤੇ ਹੈ। ਉਸ ਨੇ ਹੀ ਮੇਰੇ ਨਾਲ ਹਿਸਾਬ ਕਰਨਾ।"

  3. ਲਾਹੌਰ ਹਾਈ ਕੋਰਟ ਨੇ ਦੇਸ਼ਧ੍ਰੋਹ ਕਾਨੂੰਨ ਨੂੰ ਗ਼ੈਰ-ਸੰਵਿਧਾਨਕ ਕਰਾਰ ਦਿੱਤਾ

    ਅਦਾਲਤ

    ਤਸਵੀਰ ਸਰੋਤ, Getty Images

    ਲਾਹੌਰ ਹਾਈ ਕੋਰਟ ਦੇ ਜਸਟਿਸ ਸ਼ਾਹਿਦ ਕਰੀਮ ਨੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਤਹਿਤ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਦੇਸ਼ਧ੍ਰੋਹ ਕਾਨੂੰਨ ਦੀ ਧਾਰਾ 124ਏ ਨੂੰ ਗ਼ੈਰ-ਸੰਵਿਧਾਨਕ ਕਰਾਰ ਦਿੱਤਾ ਹੈ।

    ਗੌਰਤਲਬ ਹੈ ਕਿ ਲਾਹੌਰ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨਾਂ ਵਿੱਚ ਕਿਹਾ ਗਿਆ ਸੀ ਕਿ ਇਸ ਕਾਨੂੰਨ ਦੀ ਵਰਤੋਂ ਸਿਆਸੀ ਮੰਤਵਾਂ ਲਈ ਕੀਤੀ ਜਾ ਰਹੀ ਹੈ।

    ਗੌਰਤਲਬ ਹੈ ਕਿ ਸੁਣਵਾਈ ਦੌਰਾਨ ਸਰਕਾਰੀ ਵਕੀਲਾਂ ਨੇ ਦੇਸ਼ਧ੍ਰੋਹ ਐਕਟ ਦੀ ਧਾਰਾ 124ਏ ਦਾ ਬਚਾਅ ਕੀਤਾ ਪਰ ਪਟੀਸ਼ਨਰ ਦਾ ਪੱਖ ਸੀ ਕਿ ਦੇਸ਼ਧ੍ਰੋਹ ਐਕਟ 1860 ਵਿੱਚ ਬਣਿਆ ਸੀ, ਜੋ ਕਿ ਅੰਗਰੇਜ਼ਾਂ ਦੇ ਦੌਰ ਦੀ ਨਿਸ਼ਾਨੀ ਹੈ।

    ਪਟੀਸ਼ਨਰ ਨੇ ਕਿਹਾ ਕਿ 'ਧ੍ਰੋਹ ਦਾ ਕਾਨੂੰਨ ਗੁਲਾਮਾਂ ਲਈ ਵਰਤਿਆ ਗਿਆ ਸੀ ਅਤੇ ਕਿਸੇ ਦੇ ਕਹਿਣ 'ਤੇ ਕੇਸ ਦਰਜ ਕੀਤਾ ਗਿਆ ਸੀ।'

    ਦੂਜੇ ਪਾਸੇ, ਫਵਾਦ ਚੌਧਰੀ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਹੋਇਆਂ ਸੋਸ਼ਲ ਮੀਡੀਆ 'ਤੇ ਕਿਹਾ, "ਲਾਹੌਰ ਹਾਈ ਕੋਰਟ ਨੇ ਫੌਜਦਾਰੀ ਜ਼ਾਬਤੇ (ਕ੍ਰਿਮੀਨਲ ਕੋਡ) ਦੀ ਧਾਰਾ 124ਏ ਨੂੰ ਗ਼ੈਰ-ਸੰਵਿਧਾਨਕ ਕਰਾਰ ਦਿੱਤਾ ਹੈ ਅਤੇ ਰਾਜ ਸੰਸਥਾਵਾਂ ਦੀ ਆਲੋਚਨਾ ਕਰਨ ਦੇ ਸੰਵਿਧਾਨਕ ਅਧਿਕਾਰ ਨੂੰ ਮਾਨਤਾ ਦਿੱਤੀ ਗਈ ਹੈ।"

  4. ਅਮ੍ਰਿਤਪਾਲ ਸਿੰਘ: ਭਗੌੜਾ ਹੈ ਜਾਂ ਫਰਾਰ, ਜਾਣੋ ਮਾਹਰ ਕੀ ਫਰਕ ਦੱਸਦੇ ਹਨ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਦੀ ਇੱਕ ਪੁਰਾਣੀ ਤਸਵੀਰ

    ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ 18 ਮਾਰਚ ਤੋਂ ਆਪ੍ਰੇਸ਼ਨ ਚਲਾਇਆ ਹੋਇਆ ਹੈ।

    ਪੁਲਿਸ ਨੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਉੱਤੇ ਸ਼ਾਂਤੀ ਭੰਗ ਕਰਨ, ਕਤਲ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨਾ ਅਤੇ ਪੁਲਿਸ ਨੂੰ ਡਿਊਟੀ ਕਰਨ ਤੋਂ ਰੋਕਣ ਸਣੇ ਵੱਖ-ਵੱਖ ਇਲਜ਼ਾਮਾਂ ਤਹਿਤ ਕਰੀਬ 16 ਮਾਮਲੇ ਦਰਜ ਕੀਤੇ ਹਨ।

    ਅਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

    ਪੰਜਾਬ ਪੁਲਿਸ ਅਮ੍ਰਿਤਪਾਲ ਨੂੰ ‘ਫਰਾਰ’ ਕਰਾਰ ਦੇ ਰਹੀ ਹੈ। ਸੋਸ਼ਲ ਮੀਡੀਆ ਉੱਤੇ ਅਤੇ ਕਈ ਮੀਡੀਆ ਅਦਾਰਿਆਂ ਵੱਲੋਂ ਅਮ੍ਰਿਤਪਾਲ ਲਈ ‘ਭਗੌੜਾ’ ਸ਼ਬਦ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

    ਸੀਆਰਪੀਸੀ ਮੁਤਾਬਕ ਅਮ੍ਰਿਤਪਾਲ ਅਜੇ ਤੱਕ ‘ਭਗੌੜਾ’ ਨਹੀਂ ਹੈ ਅਤੇ ਉਹ ‘ਫਰਾਰ’ ਹੈ।

  5. ਸੁਖਬੀਰ ਬਾਦਲ: 'ਸਾਨੂੰ ਜੋ ਕੁਝ ਮਰਜ਼ੀ ਕਰਨਾ ਪਵੇ...ਅਮਨ-ਚੈਨ ਅਤੇ ਭਾਈਚਾਰਕ ਸਾਂਝ ਨਹੀਂ ਟੁੱਟਣ ਦਿਆਂਗੇ'

    ਸੁਖਬੀਰ ਬਾਦਲ

    ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, "ਸਾਨੂੰ ਜੋ ਕੁਝ ਮਰਜ਼ੀ ਕਰਨਾ ਪਵੇ ਪਰ ਅਸੀਂ ਪੰਜਾਬ ਦਾ ਅਮਨ-ਚੈਨ ਅਤੇ ਭਾਈਚਾਰਕ ਸਾਂਝ ਨਹੀਂ ਟੁੱਟਣ ਦਿਆਂਗੇ। ਪੰਜਾਬ ਦੀ ਤਰੱਕੀ ਇੱਥੋਂ ਦੀ ਅਮਨ-ਸ਼ਾਂਤੀ 'ਤੇ ਨਿਰਭਰ ਹੈ।"

    ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਸ਼ਬਦਾਂ ਦਾ ਜ਼ਿਕਰ ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

    ਅਮ੍ਰਿਤਪਾਲ ਵੱਲੋਂ ਜਾਰੀ ਕੀਤੀ ਵੀਡੀਓ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ, "ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਪਤਾ ਨਹੀਂ ਹੁੰਦਾ ਕਿ ਵੀਡੀਓ ਸਹੀ ਹੈ ਜਾਂ ਫੇਕ।"

    ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ, 'ਮੈਂ ਭਗਵੰਤ ਮਾਨ ਨੂੰ ਸਿਰਫ਼ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਬੇਕਸੂਰ ਨੌਜਵਾਨ ਬੱਚਿਆਂ ਨੂੰ ਫੜ੍ਹ-ਫੜ੍ਹ ਕੇ ਜਿਹੜੇ ਤੁਸੀਂ ਜੇਲ੍ਹਾਂ 'ਚ ਪਾ ਰਹੇ ਹੋ, ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ। ਬੇਕਸੂਰ ਬੱਚਿਆਂ ਨੂੰ ਤੁਰੰਤ ਛੱਡਣਾ ਚਾਹੀਦਾ ਹੈ।"

    "ਘੱਟੋ-ਘੱਟ 100 ਬੱਚੇ ਤਾਂ ਮੈਨੂੰ ਲੱਗਦਾ ਅਸੀਂ ਛੁਡਵਾਏ ਹਨ। ਮੈਂ ਆਪ ਐੱਸਡੀਐੱਮ ਨਾਲ ਗੱਲ ਕੀਤੀ, ਸਾਡੀ ਲੀਗਲ ਟੀਮ ਨੇ ਗੱਲ ਕੀਤੀ ਕਿਉਂਕਿ ਉਹ ਤਾਂ ਬੇਸਕੂਰ ਨੇ ਅਤੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਨਹੀਂ ਹੋਣਾ ਚਾਹੀਦਾ।"

  6. ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਉਂਟ ਭਾਰਤ ਵਿੱਚ ਹੋਇਆ ਬੰਦ

    ਟਵਿੱਟਰ

    ਤਸਵੀਰ ਸਰੋਤ, @GovtofPakistan

    ਤਸਵੀਰ ਕੈਪਸ਼ਨ, ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਉਂਟ

    ਪਾਕਿਸਤਾਨ ਸਰਕਾਰ ਦਾ ਟਵਿੱਟਰ ਹੈਂਡਲ ਭਾਰਤ ਵਿੱਚ 'ਵਿਦਹੈੱਡਲ' ਕਰ ਦਿੱਤਾ ਗਿਆ ਹੈ। ਯਾਨੀ ਇਹ ਭਾਰਤ ਵਿੱਚ ਬੰਦ ਹੈ।

    ਪਾਕਿਸਤਾਨ ਸਰਕਾਰ ਦੇ ਟਵਿੱਟਰ ਹੈਂਡਲ @GovtofPakistan ਨੂੰ ਖੋਲ੍ਹਣ ’ਤੇ ਕਾਨੂੰਨੀ ਮੰਗ ਦੇ ਆਧਾਰ ਉੱਤੇ 'ਵਿਦਹੈੱਡਲ' ਕੀਤਾ ਗਿਆ ਹੈ।

    ਜ਼ਿਕਰਯੋਗ ਹੈ ਕਿ ਪਾਕਿਸਤਾਨ ਸਿਆਸੀ ਤਣਾਅ ਤੇ ਮਹਿੰਗਾਈ ਦੇ ਦੌਰ ਵਿੱਚੋਂ ਨਿਕਲ ਰਿਹਾ ਹੈ। ਮੁਲਕ ਦੇ ਸਾਬਕਾ ਮੁੱਖ ਮੰਤਰੀ ਤੋਸ਼ਾਖਾਨਾ ਮਾਮਲੇ ਵਿੱਚ ਘਿਰੇ ਹੋਏ ਹਨ।

  7. ਅਮ੍ਰਿਤਪਾਲ ਸਿੰਘ ਦੀ ਭਾਲ ’ਚ ਅੰਮ੍ਰਿਤਸਰ ਤੇ ਬਠਿੰਡਾ ਸਮੇਤ ਸੂਬੇ ਦੇ ਕਈ ਸ਼ਹਿਰਾਂ ਵਿੱਚ ਪੁਲਿਸ ਛਾਪੇਮਾਰੀ ਜਾਰੀ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਕਰਮੀ ਤੈਨਾਤ ਹਨ

    ਖਾਲਿਸਤਾਨ ਹਮਾਇਤੀ ਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਖਿਲਾਫ਼ ਪੁਲਿਸ ਨੇ 18 ਮਾਰਚ ਤੋਂ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਉਸ ਦਿਨ ਤੋਂ ਹੁਣ ਤੱਕ ਅਮ੍ਰਿਤਪਾਲ ਸਿੰਘ ਫਰਾਰ ਹਨ। ਪੁਲਿਸ ਨੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ।

    ਅਮ੍ਰਿਤਪਾਲ ਸਿੰਘ ਵਲੋਂ 29 ਮਾਰਚ ਨੂੰ ਆਪਣਾ ਇੱਕ ਵੀਡੀਓ ਬਿਆਨ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆ ਸਨ ਕਿ ਉਹ ਅਕਾਲ ਤਖ਼ਤ, ਅੰਮ੍ਰਿਤਸਰ ਜਾਂ ਫ਼ਿਰ ਤਲਵੰਡੀ ਸਾਬੋ ਆਤਮ ਸਮਰਪਣ ਕਰ ਸਕਦੇ ਹਨ। ਪਰ ਅਜਿਹਾ ਨਹੀਂ ਹੋਇਆ ਸੀ।

    ਪੁਲਿਸ ਉਨ੍ਹਾਂ ਦੀ ਭਾਲ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਬਠਿੰਡਾ ਤੇ ਤਲਵੰਡੀ ਸਾਬੋ ਇਲਕਾਇਆਂ ਵਿੱਚ ਕਰ ਰਹੀ ਹੈ ਜਿੱਥੇ ਭਾਰੀ ਪੁਲਿਸ ਬਲ ਤੈਨਾਤ ਹੈ ਤੇ ਇਨ੍ਹਾਂ ਇਲਾਕਿਆਂ ਵਿੱਚ ਛਾਪੇਮਾਰੀ ਵੀ ਚੱਲ ਰਹੀ ਹੈ।

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Iqbal Khaira/BBC

    ਪੁਲਿਸ ਵੱਲੋਂ ਮਾਲਵਾ ਖਿੱਤੇ ਵਿੱਚ ਤਲਵੰਡੀ ਸਾਬੋ ਵਿਖੇ ਪੈਂਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਜਾਣ ਵਾਲੇ ਸਮੁੱਚੇ ਰਸਤਿਆਂ 'ਤੇ ਇੱਥੋਂ ਲੰਘਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

    ਜ਼ਿਲਾ ਬਠਿੰਡਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਆਮ ਵਾਂਗ ਹੀ ਚੈਕਿੰਗ ਕੀਤੀ ਜਾ ਰਹੀ ਹੈ।

    ਉਨ੍ਹਾਂ ਕਿਹਾ, "ਅਸੀਂ ਤਲਵੰਡੀ ਸਾਬੋ ਸ਼ਹਿਰ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ ਕਿਉਂਕਿ ਵਿਸਾਖੀ ਦਾ ਤਿਉਹਾਰ ਨੇੜੇ ਆ ਰਿਹਾ ਹੈ। ਸਾਡੀ ਕੋਸ਼ਿਸ਼ ਇਹੀ ਹੈ ਕੇ ਇਸ ਮੌਕੇ ਕੋਈ ਗੈਰ-ਸਮਾਜੀ ਅਨਸਰ ਮਾਹੌਲ ਖ਼ਰਾਬ ਨਾ ਕਰ ਸਕੇ।"

    ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਦੇ 26 ਮਾਰਚ ਨੂੰ ਕੀਤੇ ਟਵੀਟ ਮੁਤਾਬਕ ਪੁਲਿਸ ਨੇ 353 ਜਣੇ ਹਿਰਾਸਤ ਵਿੱਚ ਲਏ ਸਨ, ਉਨ੍ਹਾਂ ਵਿੱਚੋਂ 197 ਰਿਹਾਅ ਕੀਤੇ ਗਏ ਹਨ।

  8. ਸਲਮਾਨ ਖਾਨ ਖ਼ਿਲਾਫ਼ ਬੰਬੇ ਹਾਈ ਕੋਰਟ ਨੇ ਇਹ ਮਾਮਲਾ ਕੀਤਾ ਖ਼ਾਰਜ

    ਸਲਮਾਨ ਖਾਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਦਾਕਾਰ ਸਲਮਾਨ ਖਾਨ

    ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਵੱਡੀ ਰਾਹਤ ਦਿੰਦੇ ਹੋਏ ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਇੱਕ ਪੱਤਰਕਾਰ ਦੀ ਸ਼ਿਕਾਇਤ 'ਤੇ ਉਨ੍ਹਾਂ ਖਿਲਾਫ਼ ਦਾਇਰ ਅਪਰਾਧਿਕ ਮਾਮਲਾ ਖਾਰਜ ਕਰ ਦਿੱਤਾ।

    ਬੀਬੀਸੀ ਸਹਿਯੋਗੀ ਸੁਚਿਤਰਾ ਮੋਹੰਤੀ ਨੇ ਦੱਸਿਆ ਕਿ ਸਲਮਾਨ ਖਾਨ ਦੇ ਵਕੀਲ ਆਬਾਦ ਪੋਂਡਾ ਮੁਤਾਬਕ ਸਾਲ 2019 ਵਿੱਚ ਇੱਕ ਪੱਤਰਕਾਰ ਨੇ ਸਲਮਾਨ ਖਾਨ ਖਿਲਾਫ਼ ਧਮਕੀ ਦੇਣ ਦਾ ਮਾਮਲਾ ਦਰਜ ਕਰਵਾਇਆ ਸੀ।

    ਉਨ੍ਹਾਂ ਦੱਸਿਆ, "ਮੈਂ ਆਪਣੇ ਮੁਵੱਕਿਲ ਲਈ ਖੁਸ਼ ਹਾਂ। ਬੰਬੇ ਹਾਈ ਕੋਰਟ ਨੇ ਉਨ੍ਹਾਂ ਨੂੰ ਰਾਹਤ ਦਿੱਤੀ ਹੈ ਅਤੇ ਉਸ ਵਿਰੁੱਧ ਕੇਸ ਖਾਰਜ ਕਰ ਦਿੱਤਾ ਹੈ।"

    ਸ਼ਿਕਾਇਤਕਰਤਾ ਪੱਤਰਕਾਰ ਨੇ ਇਲਜ਼ਾਮ ਲਗਾਇਆ ਸੀ ਕਿ ਸਾਲ 2019 'ਚ ਸਲਮਾਨ ਖਾਨ ਨਾਲ ਉਸ ਦੀ ਲੜਾਈ ਹੋਈ ਸੀ ਜਦੋਂ ਸਲਮਾਨ ਸੜਕ 'ਤੇ ਸਾਈਕਲ ਚਲਾ ਰਹੇ ਸਨ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਸੀ ਕਿ ਸਲਮਾਨ ਖਾਨ ਨੇ ਉਸਦਾ ਫ਼ੋਨ ਖੋਹ ਲਿਆ ਸੀ।

  9. ਅਕਾਲ ਤਖ਼ਤ ਸਾਹਿਬ ਦੀ ਸਿੱਖ ਭਾਈਚਾਰੇ ਵਿੱਚ ਕੀ ਅਹਿਮੀਅਤ ਹੈ, ਜਥੇਦਾਰ ਦੇ ਕੀ ਅਧਿਕਾਰ ਹਨ

    ਅਕਾਲ ਤਖ਼ਤ
    ਤਸਵੀਰ ਕੈਪਸ਼ਨ, ਅਕਾਲ ਤਖ਼ਤ ਦੀ ਉਹ ਥਾਂ ਜਿਥੇ ਖੜ੍ਹੇ ਹੋ ਕੇ ਜਥੇਦਾਰ ਵਲੋਂ ਐਲਾਣ ਕੀਤੇ ਜਾਂਦੇ ਹਨ

    27 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਪੰਥਕ ਇਕੱਠ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ, ਕਿ ਉਹ ਪੰਜਾਬ ਵਿੱਚ ਪਿਛਲੇ ਦਿਨੀਂ ਗ੍ਰਿਫ਼ਤਾਰ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰੇ।

    ਪੰਜਾਬ ਵਿੱਚ ਅਮ੍ਰਿਤਪਾਲ ਸਿੰਘ ਅਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਸੈਂਕੜੇ ਕਾਰਕੁਨਾਂ ਖ਼ਿਲਾਫ਼ 18 ਮਾਰਚ ਤੋਂ ਪੁਲਿਸ ਕਾਰਵਾਈ ਚੱਲ ਰਹੀ ਹੈ।

    ਜਥੇਦਾਰ ਦਾ ਇਹ ਅਲਟੀਮੇਟਮ ਅਜੇ ਖ਼ਤਮ ਹੋਣ ਵਾਲਾ ਹੀ ਸੀ ਕਿ ਮੁੱਖ ਮੰਤਰੀ ਨੇ ਟਵੀਟ ਕਰਕੇ ਸਖ਼ਤ ਸ਼ਬਦਾਂ ਵਿੱਚ ਜਥੇਦਾਰ ਦੀ ਮਨਸ਼ਾ ਉੱਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਜਿਸ ਦਾ ਜਵਾਬ ਜਥੇਦਾਰ ਨੇ ਟਵੀਟ ਰਾਹੀ ਹੀ ਦਿੰਦਿਆਂ ਮੁੱਖ ਮੰਤਰੀ ਉੱਤੇ ਪਲਟਵਾਰ ਕੀਤਾ ਸੀ।

    ਇਸ ਰਿਪੋਰਟ ਵਿੱਚ ਅਸੀਂ ਅਕਾਲ ਤਖ਼ਤ ਦੀ ਸਿੱਖਾਂ ਲਈ ਧਾਰਮਿਕ ਤੇ ਸਿਆਸੀ ਅਹਿਮਤੀਅਤ ਦੀ ਗੱਲ ਕਰਾਂਗੇ।

    ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

  10. ਅਮ੍ਰਿਤਪਾਲ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਸਰਬੱਤ ਖ਼ਾਲਸਾ ਸੱਦਣ ਦੀ ਕੀਤੀ ਅਪੀਲ

    ਵੀਡੀਓ ਕੈਪਸ਼ਨ, ਅਮ੍ਰਿਤਪਾਲ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਚੜ੍ਹਦੀ ਕਲਾ ਵਿੱਚ ਹੋਣ ਦੀ ਗੱਲ ਆਖੀ ਤੇ ਅਕਾਲ ਤਖ਼ਤ ਨੂੰ ਸਰਬੱਤ ਖ਼ਾਲਸਾ ਸੱਦਣ ਦੀ ਕੀਤੀ ਅਪੀਲ

    ’ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਉਹ ਸਿੱਖਾਂ ਦੇ ਕੌਮੀ ਮਸਲਿਆਂ ਬਾਰੇ ਵਿਚਾਰਨ ਲਈ ਸਰਬਤ ਖਾਲਸਾ ਸੱਦਣ।

    ਉਨ੍ਹਾਂ ਨੇ ਇਹ ਸਰਬੱਤ ਖਾਲਸਾ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਸੱਦਣ ਦੀ ਅਪੀਲ ਕੀਤੀ ਹੈ।

    ਅਮ੍ਰਿਤਪਾਲ ਸਿੰਘ 18 ਮਾਰਚ ਤੋਂ ਉਨ੍ਹਾਂ ਖਿਲਾਫ਼ ਵਿੱਢੀ ਗਈ ਪੁਲਿਸ ਕਾਰਵਾਈ ਮਗਰੋਂ ਫਰਾਰ ਹਨ।

    ਐਡਿਟ - ਸ਼ਾਹਨਵਾਜ਼ ਅਹਿਮਦ

  11. ਕਿਸਾਨਾਂ ਸਿਰੋਂ ਆਰਥਿਕਤਾ ਦੀ ਤਲਵਾਰ ਲਾਹਾਂਗੇ: ਭਗਵੰਤ ਮਾਨ

    ਖੇਤੀਬਾੜੀ

    ਤਸਵੀਰ ਸਰੋਤ, BHAGWANT MANN/FACEBOOK

    ਤਸਵੀਰ ਕੈਪਸ਼ਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਵਲੋਂ ਚੱਕੇ ਜਾ ਰਹੇ ਕਦਮਾਂ ਬਾਰੇ ਇੱਕ ਵੀਡੀਓ ਕਾਨਫ਼ਰਨਸਿੰਗ ਕਰਕੇ ਜਾਣਕਾਰੀ ਦਿੱਤੀ ਹੈ।

    • ਪਾਣੀ ਦੀ ਚੋਰੀ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ
    • ਨਰਮੇ ਦੇ ਬੀਜਾਂ ’ਤੇ 33 ਫ਼ੀਸਦ ਦੀ ਸਬਸਿਡੀ ਦਿੱਤੀ ਜਾਵੇਗੀ
    • ਚਿੱਟੀ ਮੱਖੀ ਜਾਂ ਗੁਲਾਬੀ ਸੂੰਡੀ ਦੀ ਰੋਕਥਾਮ ਲਈ ਖੇਤੀਬਾੜੀ ਯੁਨੀਵਰਸਿਟੀ ਵਿੱਚ ਨਵੇਂ ਕੀਟਨਾਸ਼ਕ ਤਿਆਰ ਕੀਤੇ ਜਾਣਗੇ
    • ਨਰਮਾ ਕਪਾਹ ਤੇ ਹੋਰ ਕਈ ਫ਼ਸਲਾ ਲਈ ਬੀਮੇ ਦੀ ਸ਼ੁਰੂਆਤ ਕੀਤੀ ਜਾਵੇਗੀ
    • ਬਾਸਮਤੀ ਦੀ ਪੈਦਾਵਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ
  12. ਅਮਿਤ ਸ਼ਾਹ ਨੇ ਅਮ੍ਰਿਤਪਾਲ ਸਿੰਘ ਖਿਲਾਫ ਹੋ ਰਹੀ ਕਾਰਵਾਈ ਬਾਰੇ ਕੀ ਕਿਹਾ

    ਅਮ੍ਰਿਤਪਾਲ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਤੇ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਹੈ। ਉਨ੍ਹਾਂ ਨੇ ਇੱਕ ਨਿੱਜੀ ਚੈੱਨਲ ਨੂੰ ਦਿੱਤੇ ਇੰਟਰਵਿਊ ਵਿੱਚ ਇਹ ਗੱਲਾਂ ਕਹੀਆਂ:-

    • ਭਾਰਤ ਦੇ ਸਿੱਖ ਨਾਗਰਿਕ ਭਾਰਤ ਨਾਲ ਹੀ ਰਹਿਣਾ ਚਾਹੁੰਦੇ ਹਨ।
    • ਪੰਜਾਬ ਸਰਕਾਰ ਜੋ ਵੀ ਕਦਮ ਚੁੱਕਣਾ ਚਾਹੁੰਦੀ ਹੈ, ਕੇਂਦਰ ਸਰਕਾਰ ਉਸ ਦੇ ਨਾਲ ਹੈ।
    • ਕਿਸੇ ਵੀ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਮੱਸਿਆ ਆਉਂਦੀ ਹੈ ਤਾਂ ਪਾਰਟੀ ਸਿਆਸਤ ਤੋਂ ਪਰ੍ਹੇ ਅਸੀਂ ਉਸ ਸੂਬੇ ਨਾਲ ਚਟਾਨ ਦੀ ਤਰ੍ਹਾਂ ਖੜੇ ਹੁੰਦੇ ਹਾਂ ਕਿਉਂਕਿ ਉਹ ਮਾਮਲਾ ਦੇਸ਼ ਦਾ ਹੁੰਦਾ ਹੈ, ਸਿਆਸਤ ਦਾ ਨਹੀਂ।
    • ਅਮ੍ਰਿਤਪਾਲ ਖਿਲਾਫ ਕਾਰਵਾਈ ਬਾਰੇ: ਢੇਰ ਸਾਰੇ ਲੋਕ ਫੜੇ ਗਏ ਹਨ, ਢੇਰ ਸਾਰੇ ਲੋਕਾਂ ’ਤੇ ਐੱਨਐੱਸਏ ਲੱਗਿਆ ਹੈ, ਜੇਲ੍ਹ ਵਿੱਚ ਵੀ ਸੁੱਟਿਆ ਹੈ, ਅਲੱਗ-ਅਲੱਗ ਮਾਮਲੇ ਦਰਜ ਕੀਤੇ ਗਏ ਹਨ, ਵੱਡੇ ਪੱਧਰ ਉੱਤੇ ਹਥਿਆਰ ਜ਼ਬਤ ਕੀਤੇ ਗਏ ਹਨ। ਮੈਂ ਮੰਨਦਾ ਹਾਂ ਕਿ ਸਖ਼ਤ ਕਾਰਵਾਈ ਕੀਤੀ ਗਈ ਹੈ।
    • ਅਮ੍ਰਿਤਪਾਲ ਦੀ ਗ੍ਰਿਫ਼ਾਤਰੀ ਦੀ ਸੰਭਾਵਨਾ ਬਾਰੇ: ਪੁਲਿਸ ਤੇ ਏਜੰਸੀਆਂ ਕੰਮ ਕਰ ਰਹੀਆਂ ਹਨ। ਇਹ ਸੰਵੇਦਨਸ਼ੀਲ ਮਾਮਲਾ ਹੈ। ਅਜਿਹੇ ਮਸਲਿਆਂ ਬਾਰੇ ਜਨਤਕ ਸਮਾਗਮਾਂ ਵਿੱਚ ਚਰਚਾ ਨਹੀਂ ਕੀਤੀ ਜਾਣੀ ਚਾਹੀਦੀ।
    • ਭਾਰਤ ਦਾ ਦੂਤਾਵਾਸ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਹੋਵੇ, ਉਹ ਭਾਰਤ ਦਾ ਹਿੱਸਾ ਹੈ। ਉਸ ਦੀ ਇਮਾਰਤ ਉੱਤੇ ਹਮਲਾ, ਭਾਰਤ ਦੀ ਪ੍ਰਭੂਸੱਤਾ ’ਤੇ ਹਮਲਾ ਹੈ।
    • ਪੰਜਾਬੀਆਂ ਨੇ ਦੇਸ਼ ਦੀ ਸੁਰੱਖਿਆ ਵਿੱਚ ਬਹੁਤ ਯੋਗਦਾਨ ਪਾਇਆ ਹੈ। ਜਿਨ੍ਹਾਂ ਬਲਿਦਾਨ ਸਿੱਖ ਭਰਾਵਾਂ ਨੇ ਦਿੱਤਾ ਹੈ, ਸ਼ਾਇਦ ਹੀ ਕਿਸੇ ਨੇ ਦਿੱਤਾ ਹੋਵੇ। ਹਰ ਭਾਰਤੀ ਨੂੰ ਇਸ ’ਤੇ ਮਾਣ ਹੈ।
  13. ਅਮ੍ਰਿਤਪਾਲ ਸਿੰਘ ਮਾਮਲਾ: ਹੁਣ ਤੱਕ ਕੀ-ਕੀ ਪਤਾ ਹੈ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਅਮ੍ਰਿਤਪਾਲ ਸਿੰਘ ਖਿਲਾਫ ਪੁਲਿਸ ਦੀ ਕਾਰਵਾਈ 18 ਮਾਰਚ ਤੋਂ ਜਾਰੀ ਹੈ। ਜਾਣੋ ਇਸ ਮਾਮਲੇ ਬਾਰੇ ਹੁਣ ਤੱਕ ਕੀ-ਕੀ ਪਤਾ ਹੈ:-

    • ਅਮ੍ਰਿਤਪਾਲ ਸਿੰਘ ਨੇ 18 ਮਾਰਚ ਤੋਂ ਬਾਅਦ ਪਹਿਲੀ ਵਾਰ ਵੀਡੀਓ ਜਾਰੀ ਕਰਕੇ ਸਰਬੱਤ ਖਾਲਸਾ ਸੱਦਣ ਦੀ ਅਪੀਲ।
    • ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੇ ਬਠਿੰਡਾ ਸਣੇ ਕੁਝ ਹੋਰ ਇਲਾਕਿਆਂ ਵਿੱਚ ਪੁਲਿਸ ਸੁਰੱਖਿਆ ਵਧਾ ਦਿੱਤੀ ਹੈ।
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਪਣਾ ਅਮਨ ਸ਼ਾਂਤੀ ਰੱਖਣੀ ਹੈ, ਭਾਈਚਾਰਾ ਰੱਖਣਾ ਹੈ।
    • ਪੰਜਾਬ ਸਰਕਾਰ ਵਲੋਂ ਐੱਸਐੱਸਪੀ ਜਲੰਧਰ (ਦਿਹਾਤੀ) ਸਮੇਤ ਕਈ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
    • ਪੰਜਾਬੀ ਗਾਇਕ ਬੱਬੂਮਾਨ ਦੇ ਟਵਿੱਟਰ ਹੈਂਡਲ ਉੱਤੇ ਵੀ ਰੋਕ ਲਾ ਦਿੱਤੀ ਗਈ ਹੈ। ਯਾਨੀ ਵਿਦਹੈੱਡਲ ਕਰ ਦਿੱਤਾ ਗਿਆ ਹੈ।
    • ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ 27 ਮਾਰਚ ਨੂੰ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਇੱਕ ਇਕੱਕਤਰਤਾ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਉਨ੍ਹਾਂ ਨੇ ਇੱਕ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ। ਇਸ ਟਵੀਟ ਨੂੰ ਟਵਿੱਟਰ ਵਲੋਂ ਹਟਾ ਦਿੱਤਾ ਗਿਆ ਹੈ।
  14. ਲਾਈਵ ਪੇਜ 'ਤੇ ਤੁਹਾਡਾ ਸੁਆਗਤ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ।

    ਇਸ ਪੇਜ ਰਾਹੀਂ ਅਸੀਂ ਤੁਹਾਨੂੰ ਅਮ੍ਰਿਤਪਾਲ ਸਿੰਘ ਖਿਲਾਫ ਜਾਰੀ ਪੁਲਿਸ ਦੀ ਕਾਰਵਾਈ ਬਾਰੇ ਤਾਜ਼ਾ ਅਪਡੇਟ ਦੇਵਾਂਗੇ।