ਅੱਜ ਦੇ ਅਹਿਮ ਘਟਨਾਕ੍ਰਮ
ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨਾਲ ਜੁੜਨ ਲਈ ਧੰਨਵਾਦ
- ਸੋਨੀਪਤ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੂਹੀਆ ਇਤਲਾਹ ਉੱਪਰ ਕਾਰਵਾਈ ਕਰਦਿਆਂ ਤਿੰਨ ਖਾਲਿਸਤਾਨੀ ਪੱਖੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
- ਆਮ ਆਦਮੀ ਪਾਰਟੀ ਦੀ ਸ਼ਿਕਾਇਤ ਉੱਪਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮਾਨਸਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਦਾ ਸਮਾਂ ਮੁੱਕਣ ਤੋਂ ਬਾਅਦ ਘਰੋ-ਘਰੀਂ ਜਾ ਕੇ ਮੂਸੇਵਾਲਾ ਲਈ ਚੋਣ ਪ੍ਰਚਾਰ ਦੇ ਇਲਜ਼ਾਮ ਤਹਿਤ ਕੇਸ ਦਰਜ ਕੀਤਾ ਗਿਆ ਹੈ।
- ਅੱਜ ਚੋਣ ਪਾਰਟੀਆਂ ਜਿਲ੍ਹਾ ਦਫ਼ਤਰਾਂ ਤੋਂ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋਈਆਂ ਤੇ ਰਵਾਨਾ ਹੋਣ ਤੋਂ ਪਹਿਲਾਂ ਅਮਲੇ ਦੇ ਮੈਂਬਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਫਗਾਨ ਸਿੱਖ-ਹਿੰਦੂ ਵਫ਼ਦ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਦਿੱਲੀ ਵਿਖੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਹੀ ਹੋਈ।
- ਵੋਟਿੰਗ ਤੋਂ ਇੱਕ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਕੋਟਕਪੂਰਾ 'ਚ ਥਾਂ-ਥਾਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਾਂਡ ਨੂੰ ਨਾ ਭੁੱਲਣ ਦੇ ਪੋਸਟਰ ਦਿਖਾਈ ਦਿੱਤੇ।