You’re viewing a text-only version of this website that uses less data. View the main version of the website including all images and videos.

Take me to the main website

ਪੰਜਾਬ ਚੋਣਾਂ 2022: ਨਵਜੋਤ ਸਿੱਧੂ ਦੀ ਬੇਟੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਨਾ ਐਲਾਨੇ ਜਾਣ ਬਾਰੇ ਕੀ ਕਿਹਾ

ਪੰਜਾਬ ਵਿੱਚ 117 ਹਲਕਿਆਂ ਵਿੱਚ ਚੋਣਾਂ 20 ਫਰਵਰੀ ਨੂੰ ਹੋਣਗੀਆਂ ਤੇ ਨਤੀਜੇ 10 ਮਾਰਚ ਨੂੰ ਆਉਣਗੇ।

ਲਾਈਵ ਕਵਰੇਜ

  1. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

  2. ਹੁਣ ਤੱਕ ਦਾ ਪ੍ਰਮੁੱਖ ਘਟਨਾਕ੍ਰਮ

    • ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ 'ਚ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਲਈ ਪ੍ਰਚਾਰ ਕਰਨ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਪਤਨੀ ਸੁਨੀਤਾ ਕੇਜਰੀਵਾਲ ਧੂਰੀ ਪਹੁੰਚੇ।
    • ਲਗਭਗ ਇੱਕ ਮਹੀਨਾ ਪਹਿਲਾਂ ਟਿੱਕਟ ਮਿਲਣ ਦਾ ਭਰੋਸਾ ਮਿਲਣ 'ਤੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਾਪਸ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ
    • ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਸ਼ੁੱਕਰਵਾਰ ਨੂੰ ਯੂਪੀ ਵਿੱਚ ਵਰਚੂਅਲ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਯੂਪੀ ਦੇ ਵਿਕਾਸ ਬਾਰੇ ਕਾਂਗਰਸ ਦੀ ਕਲਸਟਰ ਯੋਜਨਾ ਬਾਰੇ ਦੱਸਿਆ।
    • ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸੁਨੀਲ ਜਾਖੜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿੱਚ ਗੁੱਟਬੰਦੀ ਹੋਣ ਦਾ ਦਾਅਵਾ ਕੀਤਾ
  3. ਬਲਵਿੰਦਰ ਸਿੰਘ ਲਾਡੀ ਮੁੜ ਭਾਜਪਾ ਵਿੱਚ ਹੋਏ ਸ਼ਾਮਲ

    ਲਗਭਗ ਇੱਕ ਮਹੀਨਾ ਪਹਿਲਾਂ ਟਿੱਕਟ ਮਿਲਣ ਦਾ ਭਰੋਸਾ ਮਿਲਣ 'ਤੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਾਪਸ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

    ਲਾਡੀ ਨੂੰ ਕਾਂਗਰਸ ਵੱਲੋਂ ਟਿਕਟ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਵਫ਼ਾ ਨਹੀਂ ਹੋ ਸਕਿਆ।

    ਬੀਬੀਸੀ ਦੇ ਸਹਿਯੋਗੀ ਗੁਰਪ੍ਰੀਤ ਚਾਵਲਾ ਦੇ ਮੁਤਾਬਕ ਇਸ ਦੇ ਚਲਦਿਆਂ ਉਹ ਸ਼ੁੱਕਰਵਾਰ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਤਰੁਣ ਚੁੱਘ ਅਤੇ ਫ਼ਤਿਜੰਗ ਬਾਜਵਾ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਵਾਪਸ ਸ਼ਾਮਲ ਹੋ ਗਏ ਹਨ।

    ਸ੍ਰੀ ਹਰਗੋਬਿੰਦਪੁਰ ਇੱਕ ਰਾਖਵਾਂ ਹਲਕਾ ਹੈ ਅਤੇ ਇੱਥੋਂ ਕਾਂਗਰਸ ਨੇ ਪੰਜਾਬ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਨਜ਼ਦੀਕੀ ਮੰਨੇ ਜਾਂਦੇ ਮਨਦੀਪ ਸਿੰਘ ਰੰਘੜ ਨੰਗਲ ਨੂੰ ਟਿਕਟ ਦਿੱਤੀ ਹੈ।

  4. ਕਰਨਾਟਕ ਹਿਜਾਬ ਵਿਵਾਦ: ਮਲੇਰਕੋਟਲਾ ਵਿੱਚ ਰੋਸ ਮਾਰਚ

    ਪੰਜਾਬ ਦੇ ਮਲੇਰਕੋਟਲਾ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਕਰਨਾਟਕ ਦੇ ਇੱਕ ਕਾਲਜ ਵਿੱਚ ਮੁਸਲਮਾਨ ਕੁੜੀਆਂ ਨੂੰ ਹਿਜਾਬ ਪਾਕੇ ਕਾਲਜ ਆਉਣ ਤੋਂ ਰੋਕੇ ਜਾਣ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਗਿਆ।

    ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਨੇ ਦੱਸਿਆ ਕਿ ਮਾਰਚ ਤੋਂ ਬਾਅਦ ਮੁਸਲਿਮ ਸਮਾਜ ਵੱਲੋਂ ਪ੍ਰਸ਼ਾਸਨ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਗਿਆ।

    ਇਹ ਰੋਸ ਮਾਰਚ ਸਰਹੰਦੀ ਗੇਟ ਤੋਂ ਡੀਸੀ ਦਫ਼ਤਰ ਕੱਢਿਆ ਗਿਆ। ਮਾਰਚ ਵਿੱਚ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਅਤੇ ਮਰਦਾਂ ਨੇ ਸ਼ਮੂਲੀਅਤ ਕੀਤੀ।

    ਮੰਗ ਪੱਤਰ ਵਿੱਚ ਮੰਗ ਕੀਤੀ ਗਈ, ''ਦੇਸ਼ ਵਿਰੋਧੀ ਅਜਿਹੇ ਫਿਰਕਾਪ੍ਰਸਤ ਅਤੇ ਸ਼ਰਾਰਤੀ ਅਨਸਰਾਂ ਖਿਲਾਫ਼ ਤੁਰੰਤ ਮਿਸਾਲੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਹੋਣ ਤੋਂ ਰੋਕਿਆ ਜਾ ਸਕੇ।"

    ਕਰਨਾਟਕ ਵਿੱਚ ਹਿਜਾਬ ਨੂੰ ਲੈ ਕੇ ਵਿਵਾਦ ਲਗਾਤਾਰ ਚੱਲ ਰਿਹਾ ਹੈ।

    ਮੰਗਲਵਾਰ ਨੂੰ ਇੱਕ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਬੁਰਕਾ ਪਹਿਨੇ ਇੱਕ ਵਿਦਿਆਰਥਣ ਨੂੰ ਦੇਖ ਕੇ ਕੁਝ ਨੌਜਵਾਨ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਉਣ ਲੱਗੇ।

    ਉਸ ਕੁੜੀ ਨੇ ਵੀ ਅੱਗੋਂ ‘ਅੱਲਾਹ-ਹੂ-ਅਕਬਰ’ ਦਾ ਨਾਅਰਾ ਲਗਾਇਆ। ਮੁਸਕਾਨ ਨਾਮ ਦੀ ਇਸ ਕੁੜੀ ਨਾਲ ਬੀਬੀਸੀ ਨੇ ਖ਼ਾਸ ਗੱਲਬਾਤ ਕੀਤੀ।

  5. ਯੋਗੀ ਦੇ ਬਿਆਨ ਤੋਂ ਸੰਸਦ ਵਿੱਚੋਂ ਵਿਰੋਧੀ ਧਿਰ ਦਾ ਵਾਕਆਊਟ

    ਵੀਰਵਾਰ ਨੂੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਟਵੀਟ ਕਰਕੇ ਕਿਹਾ ਸੀ, ਜੇ ਸੂਬੇ ਵਿੱਚ ਭਾਜਪਾ ਸਰਕਾਰ ਦੀ ਵਾਪਸੀ ਨਾ ਹੋਈ ਤਾਂ ਸੂਬੇ ਨੂੰ ਕਸ਼ਮੀਰ, ਕੇਰਲਾ ਜਾਂ ਬੰਗਾਲ ਬਣਦਿਆਂ ਦੇਰ ਨਹੀਂ ਲੱਗੇਗੀ।''

    ਖ਼ਬਰ ਏਜੰਸੀ ਏਐਨਆਈ ਮੁਤਾਬਕ ਸ਼ੁੱਕਰਵਾਰ ਨੂੰ ਵਿਰੋਧੀ ਧਿਰ ਨੇ ਇਸ ਮਾਮਲੇ 'ਤੇ ਸੰਸਦ ਵਿੱਚੋਂ ਵਾਕਆਊਟ ਕੀਤਾ।

    ਜ਼ਿਕਰਯੋਗ ਹੈ ਕਿ ਯੋਗੀ ਆਦਿਤਿਆਨਾਥ ਦੇ ਇਸ ਟਵੀਟ ਤੋਂ ਬਾਅਦ ਕੇਰਲ ਦੇ ਮੁੱਖ ਮੰਤਰੀ ਵਿਜੇਅਨ ਪਿਨਾਰੀ ਨੇ ਟਵੀਟ ਕਰਕੇ ਚੁਟਕੀ ਲਈ ਸੀ।

    ਉਨ੍ਹਾਂ ਨੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਕੀਤੇ ਵੱਖ-ਵੱਖ ਟਵੀਟਾਂ ਵਿੱਚ ਲਿਖਿਆ, ''ਜੇ ਯੂਪੀ ਕੇਰਲ ਵਰਗਾ ਹੋ ਜਾਂਦਾ ਹੈ, ਜਿਸਦਾ ਡਰ ਯੋਗੀ ਆਦਿਤਿਆਨਾਥ ਨੂੰ ਹੈ ਤਾਂ ਦੇਸ ਦੀ ਸਰਬੋਤਮ ਸਿੱਖਿਆ ਅਤੇ ਸਿਹਤ ਸਹੂਲਤਾਂ, ਸਮਾਜ ਕਲਿਆਣ, ਉੱਚ ਜੀਵਨ ਪੱਧਰ ਅਤੇ ਸੌਹਰਾਦਪੂਰਣ ਸਮਾਜ ਨੂੰ ਯੂਪੀ ਵਿੱਚ ਕਾਇਮ ਕੀਤਾ ਜਾ ਸਕੇਗਾ, ਜਿੱਥੇ ਜਾਤੀ ਅਤੇ ਧਰਮ ਦੇ ਨਾਮ ਉੱਪਰ ਲੋਕਾਂ ਦੇ ਕਤਲ ਨਹੀਂ ਹੋਣਗੇ। ਯੂਪੀ ਦੀ ਜਨਤਾ ਇਹੀ ਚਾਹੁੰਦੀ ਹੈ।''

  6. ਪ੍ਰਿਅੰਕਾ ਗਾਂਧੀ ਨੇ ਦੱਸਿਆ ਯੂਪੀ ਵਿੱਚ ਕਾਂਗਰਸ ਕਿਵੇਂ ਕਰੇਗੀ ਕਲਸਟਰ ਅਧਾਰਿਤ ਵਿਕਾਸ

    ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਸ਼ੁੱਕਰਵਾਰ ਨੂੰ ਯੂਪੀ ਵਿੱਚ ਵਰਚੂਅਲ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਯੂਪੀ ਦੇ ਵਿਕਾਸ ਬਾਰੇ ਕਾਂਗਰਸ ਦੀ ਕਲਸਟਰ ਯੋਜਨਾ ਬਾਰੇ ਦੱਸਿਆ।

    ਉਨ੍ਹਾਂ ਨੇ ਕਿਹਾ, ''ਅਸੀਂ ਕਿਹਾ ਹੈ (ਆਪਣੇ ਮੈਨੀਫੈਸਟੋ ਵਿੱਚ) ਜਿੱਥੇ ਕੋਈ ਹੁਨਰ ਹੈ। ਜਿਵੇਂ ਮੁਰਾਦਾਬਾਦ ਵਿੱਚ ਪਿੱਤਲ ਦਾ ਹੁਨਰ ਹੈ। ਵਪਾਰ ਵੀ ਹੈ ਹੁਨਰ ਵੀ ਹੈ। ਰਾਏਬ੍ਰੇਲੀ ਵਿੱਚ ਕੋਈ ਹੋਰ ਹੈ। ਪ੍ਰਤਾਪ ਗੜ੍ਹ ਵਿੱਚ ਕੁਝ ਹੋਰ ਹੈ। ਉਸ ਨੂੰ ਅੱਗੇ ਵਧਾਉਣ ਲਈ ਮਜ਼ੂਬਤ ਬਣਾਉਣ ਲਈ ਕੀ ਕਰਾਂਗੇ।‘’

    ‘’ਉਸ ਨੂੰ ਅਸੀਂ ਇੱਕ ਕਲਸਟਰ ਐਲਾਨ ਕਰਾਂਗੇ। ਪੂਰੇ ਯੂਪੀ ਵਿੱਚ ਇਸ ਤਰ੍ਹਾਂ ਦੇ ਲਗਭਗ ਸੌ ਕਲਸਟਰ ਬਣਨਗੇ।‘’

    ‘’ਜਿੱਥੇ ਅਸੀਂ ਉਨ੍ਹਾਂ ਛੋਟੇ ਵਪਾਰੀਆਂ ਨੂੰ, ਜੋ ਉਹ ਕੰਮ ਕਰਦੇ ਹਨ, ਜਿਨ੍ਹਾਂ ਦਾ ਉਹ ਹੁਨਰ ਹੈ। ਉਨ੍ਹਾਂ ਲਈ ਅਸੀਂ ਪੂਰੀਆਂ ਸੁਵਿਧਾਵਾਂ ਬਣਾਵਾਂਗੇ।‘’

    ਆਪਣਾ ਰੋਜ਼ਗਾਰ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨਾਂ ਨੂੰ ਸਰਕਾਰ ਪੰਜ ਲੱਖ ਰੁਪਏ ਇੱਕ ਫ਼ੀਸਦੀ ਵਿਆਜ ਉੱਪਰ ਦੇਵੇਗੀ।

  7. ਸੁਨੀਲ ਜਾਖੜ ਬੋਲੇ, 'ਬਟਨ ਚਾਹੇ ਕੋਈ ਦੱਬੋ, ਵੋਟਾਂ ਜਾ ਕੇ ਬੀਜੇਪੀ ਨੂੰ ਪੈਣੀਆਂ ਹਨ'

    ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸੁਨੀਲ ਜਾਖੜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿੱਚ ਗੁੱਟਬੰਦੀ ਹੋਣ ਦਾ ਦਾਅਵਾ ਕਰਦਿਆਂ ਕਿਹਾ, ''ਵੱਖਰੇ-ਵੱਖਰੇ ਆਪਸ਼ਨ ਦੇ ਰੱਖੇ ਹਨ, ਬਟਨ ਚਾਹੇ ਕੋਈ ਦੱਬੋ, ਵੋਟਾਂ ਜਾ ਕੇ ਬੀਜੇਪੀ ਨੂੰ ਪੈਣੀਆਂ ਹਨ। ਉਹ ਬੀਜੇਪੀ ਜਿਸ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਰੱਖਿਆ ਹੈ।''

    ਉਨ੍ਹਾਂ ਕਿਹਾ, ''ਜੇ ਤੁਸੀਂ ਵੋਟਾਂ ਬੀਜੇਪੀ ਨੂੰ ਹੀ ਦੇਣੀਆਂ ਹਨ ਤਾਂ ਵਿਚਾਲੇ ਇਹ ਏਜੰਟ ਕਿਉਂ।''

    ਨਾਲ ਹੀ ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਬਾਰੇ ਗੱਲ ਕਰਦਿਆਂ ਕਿਹਾ, 'ਪੰਜਾਬ 'ਚ ਦੋ ਹੀ ਨੇਤਾ ਹਨ, ਬਾਦਲ ਸਾਹਿਬ ਅਤੇ ਕੈਪਟਨ ਸਾਹਿਬ ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ।'

  8. ਅਰਵਿੰਦ ਕੇਜਰੀਵਾਲ ਦੀ ਪਤਨੀ ਕਰ ਰਹੇ ਚੋਣ ਪ੍ਰਚਾਰ

  9. ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ 'ਤੇ ਬੋਲੀ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ

    ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਕੌਰ ਸਿੱਧੂ ਨੇ ਚਰਨਜੀਤ ਚੰਨੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਬਾਰੇ ਕਿਹਾ ਕਿ ਹਾਈ ਕਮਾਂਡ ਨੇ ਜੋ ਕੀਤਾ, ਉਨ੍ਹਾਂ ਦੀਆਂ ਕਿਤੇ ਮਜਬੂਰੀਆਂ ਰਹੀਆਂ ਹੋਣੀਆਂ, ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦੀ।

    ਉਨ੍ਹਾਂ ਕਿਹਾ, "ਕੋਈ ਇਮਾਨਦਾਰ ਆਦਮੀ ਨੂੰ ਜ਼ਿਆਦਾ ਦੇਰ ਤੱਕ ਨਹੀਂ ਰੋਕ ਸਕਦੇ। ਬੇਈਮਾਨ ਆਦਮੀ ਨੂੰ ਆਖਰਕਾਰ ਰੁਕਣਾ ਹੀ ਪੈਂਦਾ ਹੈ।"

  10. ''ਕੇਜਰੀਵਾਲ ਤੇ ਨਰਿੰਦਰ ਮੋਦੀ ਵਿਚਕਾਰ ਇੱਕ ਗੁੱਟਬੰਦੀ ਹੈ''- ਕਾਂਗਰਸ

    ਪੰਜਾਬ ਕਾਂਗਰਸ ਦੇ ਆਗੂ ਸੁਨੀਲ ਜਾਖੜ ਨੇ ਇੱਕ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ, ''ਨੱਥਾਂ ਸਿੰਘ ਅਤੇ ਪ੍ਰੇਮ ਸਿੰਘ ਦੋਵੇਂ ਇੱਕੋ ਹਨ।''

    ਇਸ ਦੌਰਾਨ ਉਨ੍ਹਾਂ ਨਾਲ ਮੌਜੂਦ ਹਿਮਾਂਸ਼ੂ ਪਾਠਕ ਨੇ ਕਿਹਾ ਕਿ ''ਕੇਜਰੀਵਾਲ ਤੇ ਨਰਿੰਦਰ ਮੋਦੀ ਵਿਚਕਾਰ ਇੱਕ ਗੁੱਟਬੰਦੀ ਹੈ''।

    ਉਨ੍ਹਾਂ ਨੇ ਇਸ ਸਬੰਧੀ ਆਪ ਪਾਰਟੀ ਵੱਲੋਂ ਆਪਣੇ ਅਧਿਕਾਰਿਤ ਵੈੱਬਸਾਈਟ 'ਤੇ ਸ਼ੇਅਰ ਕੀਤਾ ਇੱਕ ਪੁਰਾਣਾ ਬੈਨਰ ਦੇ ਨਾਲ-ਨਾਲ ਕਈ ਹੋਰ ਲੇਖਾਂ ਦਾ ਹਵਾਲਾ ਦਿੱਤਾ।

    ਹਿਮਾਂਸ਼ੂ ਪਾਠਕ ਕਾਂਗਰਸ ਨਾਲ ਜੁੜਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਰਹੇ ਹਨ, ਉਨ੍ਹਾਂ ਦੀ ਕੋਰ ਬਾਡੀ ਦੇ ਵੀ ਮੈਂਬਰ ਰਹੇ ਹਨ।

  11. 'ਦਿਓਰ' ਭਗਵੰਤ ਮਾਨ ਲਈ ਪ੍ਰਚਾਰ ਕਰਨ ਪੰਜਾਬ ਪਹੁੰਚੇ ਸੁਨੀਤਾ ਕੇਜਰੀਵਾਲ

    ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬੇ 'ਚ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਲਈ ਪ੍ਰਚਾਰ ਕਰਨ, ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਪਤਨੀ ਸੁਨੀਤਾ ਕੇਜਰੀਵਾਲ ਅੱਜ ਧੂਰੀ ਪਹੁੰਚੇ ਹਨ।

    ਆਪ ਪਾਰਟੀ ਦੇ ਅਧਿਕਾਰਿਤ ਫੇਸਬੁੱਕ ਪੇਜ 'ਤੇ ਇਸ ਸਬੰਧੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਸੁਨੀਤਾ ਕੇਜਰੀਵਾਲ ਦੇ ਨਾਲ ਉਨ੍ਹਾਂ ਦੀ ਧੀ ਵੀ ਅੱਜ ਪੰਜਾਬ ਪਹੁੰਚੀ ਹੈ।

  12. ਭਾਜਪਾ ਐੱਮਪੀ ਦਾ ਬਿਆਨ, ‘ਅਡਾਨੀ-ਅੰਬਾਨੀ ਵਰਗੇ ਲੋਕਾਂ ਦੀ ਪੂਜਾ ਹੋਣੀ ਚਾਹੀਦੀ ਹੈ’

    ਭਾਜਪਾ ਦੇ ਆਗੂ ਅਤੇ ਸੰਸਦ ਮੈਂਬਰ ਕੇਜੇ ਅਲਫੋਂਸ ਨੇ ਕਿਹਾ ਹੈ ਕਿ ਨਿੱਜੀ ਖੇਤਰ ‘ਚ ਨੌਕਰੀਆਂ ਪੈਦਾ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ।

    ‘’ਸਰਕਾਰੀ ਨੌਕਰੀ ਪ੍ਰਾਪਤ ਕਰਨ ਵਾਲੇ ਲੋਕਾਂ ਦਾ ਪ੍ਰਤੀਸ਼ਤ ਬਹੁਤ ਘੱਟ ਹੈ। ਵਧੇਰੇ ਨੌਕਰੀਆਂ ਨਿੱਜੀ ਖੇਤਰ ਤੋਂ ਆਉਂਦੀਆਂ ਹੈ।”

    “ਇਸ ਲਈ ਮੈਂ ਕਿਹਾ ਕਿ ਸਾਨੂੰ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਜੋ ਰੋਜ਼ਗਾਰ ਪੈਦਾ ਕਰਦੇ ਹਨ, ਫਿਰ ਉਹ ਭਾਵੇਂ ਅੰਬਾਨੀ ਹੋਣ, ਅਦਾਨੀ, ਟਾਟਾ ਜਾਂ ਕੋਈ ਚਾਹ ਵੇਚਣ ਵਾਲਾ ਹੋਵੇ। ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਪੂਜਿਆ ਜਾਣਾ ਚਾਹੀਦਾ ਹੈ।’’

  13. ਪੰਜਾਬ ਚੋਣਾਂ 2022: ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿਉਂ ਨਹੀਂ ਹੋ ਰਹੀ ਕਮਾਈ ਤੇ ਘਰ ਚਲਾਉਣ ਲਈ ਕੀ ਕੁਝ ਵੇਚਣਾ ਪਿਆ

    ‘ਨਵਜੋਤ ਸਿੰਘ ਸਿੱਧੂ ਸੀਐੱਮ ਦੇ ਅਹੁਦੇ ਬਾਰੇ ਚੰਨੀ ਦੇ ਮੁਕਾਬਲੇ ਹਾਈਕਮਾਨ ਅੱਗੇ ਮਾਰਕਟਿੰਗ ਵਿੱਚ ਪਿੱਛੇ ਰਹਿ ਗਏ ਕਿਉਂਕਿ ਸਾਨੂੰ ਸਿਆਸੀ ਚਲਾਕੀਆਂ ਆਉਂਦੀਆਂ ਨਹੀਂ।‘

    ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪਾਰਟੀ ਦੇ ਕੁਝ ਆਗੂਆਂ ਨੇ ਹਾਈਕਮਾਂਡ ਅੱਗੇ ਸਿੱਧੂ ਬਾਰੇ ਗਲਤ ਜਾਣਕਾਰੀ ਪਹੁੰਚਾਈ।

    ਸੁਣੋ, ਨਵਜੋਤ ਕੌਰ ਸਿੱਧੂ ਨਾਲ ਖਾਸ ਗੱਲਬਾਤ

  14. ਨਿਰਮਲਾ ਸੀਤਾਰਮਨ- ਭਾਰਤ ਦੀ ਖੇਤੀ ਦੇ ਸੁਧਾਰ ਤੇ ਆਧੁਨਿਕੀਕਰਨ ਲਈ ਡਰੋਨ ਲਿਆ ਰਹੇ ਹਾਂ

    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜ ਸਭਾ ਵਿੱਚ ਕਿਹਾ ਕਿ, ''ਭਾਰਤ ਦੀ ਖੇਤੀ ਨੂੰ ਸੁਧਾਰਨ ਅਤੇ ਆਧੁਨਿਕੀਕਰਨ ਲਈ ਡਰੋਨ ਨੂੰ ਇੱਕ ਬਹੁਤ ਪ੍ਰਭਾਵਸ਼ਾਲੀ ਸਾਧਨ ਵਜੋਂ ਲਿਆ ਰਹੇ ਹਾਂ।''

    ''ਡਰੋਨ ਲਿਆਉਣ ਤੋਂ ਲੈ ਕੇ, ਅਸੀਂ ਖਾਦਾਂ, ਕੀਟਨਾਸ਼ਕਾਂ ਦੀ ਵਰਤੋਂ ਵਿੱਚ ਕੁਸ਼ਲਤਾ ਲਿਆਉਣ ਦੇ ਯੋਗ ਹਾਂ ਅਤੇ ਫਸਲ ਦੀ ਘਣਤਾ ਦਾ ਇੱਕ ਵਧੀਆ ਤਕਨੀਕ ਦੁਆਰਾ ਮੁਲਾਂਕਣ ਕਰਨ ਦੇ ਨਾਲ-ਨਾਲ ਸੰਭਾਵਤ ਤੌਰ 'ਤੇ ਉਤਪਾਦਨ ਦੇ ਆਕਾਰ ਦੀ ਭਵਿੱਖਬਾਣੀ ਵੀ ਕਰ ਸਕਦੇ ਹਾਂ।''

  15. ਪੰਜਾਬ ਚੋਣਾਂ 2022: ਡੇਰੇ ਪੰਜਾਬ ਦੀਆਂ ਕਿੰਨੀਆਂ ਸੀਟਾਂ ਦੇ ਨਤੀਜੇ ਤੈਅ ਕਰ ਸਕਦੇ ਹਨ

    ਪੰਜਾਬ ਵਿੱਚ ਜਿਨ ਡੇਰਿਆਂ ਦਾ ਅਸਰ ਜ਼ਿਆਦਾ ਹੈ ਉਨ੍ਹਾਂ ਵਿੱਚ ਡੇਰਾ ਸੱਚਾ ਸੌਦਾ, ਰਾਧਾ ਸੁਆਮੀ ਸਤਿਸੰਗ, ਡੇਰਾ ਨੂਰਮਹਿਲ, ਡੇਰਾ ਨਿਰੰਕਾਰੀ, ਡੇਰਾ, ਸੱਚਖੰਡ ਬੱਲਾਂ ਅਤੇ ਡੇਰਾ ਨਾਮਧਾਰੀ ਸ਼ਾਮਿਲ ਹਨ।

    ਚੰਡੀਗੜ੍ਹ ਸਥਿਤ ਇੰਸਟੀਚਿਊਟ ਫਾਰ ਡੈਵਲੇਪਮੈਂਟ ਐਂਡ ਕਮਿਊਨਿਕੇਸ਼ਨ ਦੀ ਰਿਸਰਚ ਮੁਤਾਬਕ ਪੰਜਾਬ ਦੀਆਂ ਕੁੱਲ 117 ਸੀਟਾਂ ਵਿੱਚੋਂ ਇਹ ਡੇਰੇ 56 ਸੀਟਾਂ ਵਿੱਚ ਅਸਰ ਰੱਖਦੇ ਹਨ ਅਤੇ ਚੋਣ ਨਤੀਜਿਆਂ ਉੱਤੇ ਅਸਰ ਪਾ ਸਕਦੇ ਹਨ।

    ਇਹ ਡੇਰੇ ਪੰਜਾਬ ਦੀਆਂ ਕਿੰਨੀਆਂ ਸੀਟਾਂ ਦੇ ਨਤੀਜੇ ਤੈਅ ਕਰ ਸਕਦੇ ਹਨ, ਪੜ੍ਹੋ ਇਹ ਖਾਸ ਰਿਪੋਰਟ

  16. ਅਰਵਿੰਦ ਕੇਜਰੀਵਾਲ ਦੀ ਪਤਨੀ ਧੀ ਨਾਲ ‘ਦਿਓਰ’ ਭਗਵੰਤ ਮਾਨ ਦੇ ਪ੍ਰਚਾਰ ਲਈ ਧੂਰੀ ਪਹੁੰਚ ਰਹੇ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਆਪਣੀ ਧੀ ਨਾਲ ਪੰਜਾਬ ਵਿੱਚ ਪ੍ਰਚਾਰ ਕਰਨ ਆ ਰਹੇ ਹਨ। ਉਹ ਧੂਰੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸੀਐੱਮ ਚਿਹਰਾ ਭਗਵੰਤ ਮਾਨ ਦੇ ਹੱਕ ਵਿੱਚ ਪ੍ਰਚਾਰ ਕਰਨਗੇ।

    ਇਸ ਬਾਰੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ।

  17. ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਚੋਣਾਂ ਨਾਲ ਜੁੜਿਆ ਹਰ ਅਹਿਮ ਅਪਡੇਟ ਦੇਵਾਂਗੇ।