ਅਸੀਂ ਅਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ।
You’re viewing a text-only version of this website that uses less data. View the main version of the website including all images and videos.
ਬੀਐਸਪੀ ਨੇ 14 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ
ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ।
ਲਾਈਵ ਕਵਰੇਜ
ਅੱਜ ਦਾ ਪ੍ਰਮੁੱਖ ਘਟਨਾਕ੍ਰਮ
- ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਵੀਰਵਾਰ ਨੂੰ ਹੋਏ ਇੱਕ ਧਮਾਕੇ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ।
- ਬੀਐਸਪੀ ਨੇ ਅਕਾਲੀ ਦਲ ਨਾਲ ਗਠਬੰਧਨ ਸਮਝੌਤੇ ਤਹਿਤ ਆਪਣੇ ਹਿੱਸੇ ਦੀਆਂ ਵੀਹ ਸੀਟਾਂ ਵਿੱਚੋਂ 14 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ।
- ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਭਗਵੰਤ ਮਾਨ ਧੂਰੀ ਵਿਧਾਨ ਸਭਾ ਹਲਕੇ ਤੋਂ ਮੈਦਾਨ ਵਿੱਚ ਉਤਰਨਗੇ।
- ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਵੀਰਵਾਰ ਨੂੰ ਦੇਸ਼ ਦੀ ਦਿੱਲੀ ਦੇ ਉੱਤਰ-ਪੂਰਬੀ ਖੇਤਰਾਂ ਵਿੱਚ ਫਰਵਰੀ 2020 ਵਿੱਚ ਹੋਏ ਦੰਗਿਆਂ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਪਹਿਲੇ ਵਿਅਕਤੀ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਕੋਵਿਡ ਪੌਜ਼ੀਟਿਵ ਹੋਣ ਤੋਂ ਬਾਅਦ ਫ਼ੋਨ ਉੱਪਰ ਉਨ੍ਹਾਂ ਦਾ ਹਾਲ ਚਾਲ ਜਾਣਿਆ।
ਪੰਜਾਬ ਚੋਣਾਂ 2022: ਚੰਨੀ ਦੀ ਚੜ੍ਹਤ ਦੇ ਬਾਵਜੂਦ ਕਾਂਗਰਸ ਦਾ ਭਵਿੱਖ ਤੈਅ ਕਰਨਗੇ ਇਹ ਫੈਕਟਰ
2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਦੋ ਮੁੱਖ ਫੈਕਟਰ ਪ੍ਰਭਾਵਿਤ ਕਰ ਰਹੇ ਹਨ।
ਪਹਿਲਾ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੈਪਟਨ ਅਮਰਿੰਦਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਪੈਦਾ ਹੋਏ ਲੋਕ ਰੋਹ ਨੂੰ ਕੁਝ ਮੱਠਾ ਕਰਨਾ।
ਦੂਜਾ ਹੈ ਕਾਂਗਰਸ ਪਾਰਟੀ ਦੀ ਰਵਾਇਤੀ ਸੂਬਾਈ ਲੀਡਰਸ਼ਿਪ ਦਾ ਆਪਸੀ ਕਾਟੋਕਲੇਸ਼ ਅਤੇ ਇੱਕ-ਦੂਜੇ ਦੀਆਂ ਟੰਗਾਂ ਖਿੱਚਣਾ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਐਸਪੀ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ
ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੀ ਹੈ।
ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਨੇ ਦੱਸਿਆ ਕਿ ਪਾਰਟੀ ਵੱਲੋਂ ਗਠਬੰਧਨ ਸਮਝੌਤੇ ਤਹਿਤ ਆਪਣੇ ਹਿੱਸੇ ਦੀਆਂ ਵੀਹ ਸੀਟਾਂ ਵਿੱਚੋਂ 14 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
1996 ਵਿੱਚ ਵੀ ਦੋਵਾਂ ਪਾਰਟੀਆਂ ਨੇ ਗਠਜੋੜ ਕੀਤਾ ਸੀ ਜੋ ਸਫ਼ਲ ਵੀ ਰਿਹਾ ਸੀ।
ਭਾਜਪਾ ਦਾ ਸਿੱਖ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਕਿੰਨਾ ਲਾਹੇਵੰਦ ਹੋਵੇਗਾ, ਗੁਰਕਿਰਪਾਲ ਸਿੰਘ, ਬੀਬੀਸੀ ਪੱਤਰਕਾਰ
ਕਿਸਾਨ ਅੰਦੋਲਨ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਮੋਹਰੀ ਭੂਮਿਕਾ ਵਿੱਚ ਸਨ। ਪੰਜਾਬ ਅਤੇ ਹਰਿਆਣਾ ਵਿੱਚ ਅਤੇ ਕਈ ਥਾਂਈਂ ਪੱਛਮੀ ਯੂਪੀ ਵਿੱਚ ਵੀ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਰੋਹ ਨੂੰ ਸਹਿਣ ਕਰਨਾ ਪਿਆ।
ਹਾਲਾਂਕਿ ਦੇਖਣ ਵਿੱਚ ਆ ਰਿਹਾ ਹੈ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ ਅਤੇ ਉਸ ਤੋਂ ਕੁਝ ਸਮਾਂ ਪਹਿਲਾਂ ਤੋਂ ਭਾਜਪਾ ਪੰਜਾਬ ਵਿੱਚ ਆਪਣੀਆਂ ਸਿਆਸੀ ਫ਼ਸੀਲਾਂ ਨੂੰ ਮਜ਼ਬੂਤ ਕਰ ਰਹੀ ਹੈ।
ਇਸੇ ਰਣਨੀਤੀ ਦੇ ਤਹਿਤ ਪਾਰਟੀ ਦਿਨੋਂ ਦਿਨ ਸਿੱਖ ਆਗੂਆਂ ਨੂੰ ਆਪਣੇ ਵਿੱਚ ਸ਼ਾਮਲ ਕਰ ਰਹੀ ਹੈ ਜਾਂ ਪੰਥਕ ਆਗੂਆਂ ਦੇ ਬਿਆਨਾਂ ਰਾਹੀਂ ਉਨ੍ਹਾਂ ਦੀ ਹਮਾਇਤ ਹਾਸਲ ਕਰ ਰਹੀ ਹੈ।
ਕੀ ਇਹ ਰਣਨੀਤੀ ਭਾਜਪਾ ਲਈ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲਾਹੇਵੰਦ ਸਾਬਤ ਹੋਵੇਗੀ? ਉਸ ਤੋਂ ਵੀ ਪਹਿਲਾ ਸਵਾਲ ਇਹ ਹੈ ਕਿ ਭਾਜਪਾ ਅਜਿਹਾ ਕਰਕੇ ਸਾਬਤ ਕੀ ਕਰਨਾ ਚਾਹੁੰਦੀ ਹੈ?
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਭਗਵੰਤ ਮਾਨ ਨੇ ਧੂਰੀ ਤੋਂ ਚੋਣ ਲੜਨ ਦਾ ਫੈਸਲਾ ਕਿਉਂ ਲਿਆ
ਸੰਗਰੂਰ ਦਾ ਵਿਧਾਨ ਸਭਾ ਹਲਕਾ ਧੂਰੀ ਇਸ ਵਾਰ ਚਰਚਾ ਵਿੱਚ ਹੈ ਕਿਉਂਕਿ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਚੋਣ ਲੜਨ ਜਾ ਰਹੇ ਹਨ।
ਭਗਵੰਤ ਮਾਨ ਨੇ ਧੂਰੀ ਤੋਂ ਚੋਣ ਲੜਨ ਦਾ ਫੈਸਲਾ ਕਿਉਂ ਲਿਆ? ਇਸ ਦੇ ਪਿੱਛੇ ਤਿੰਨ ਕਾਰਨ ਮੰਨੇ ਜਾ ਰਹੇ ਹਨ। ਪਹਿਲਾ ਤਾਂ ਇਹ ਸੰਗਰੂਰ ਲੋਕ ਸਭਾ ਹਲਕੇ ਦਾ ਹਿੱਸਾ ਹੈ ਜਿੱਥੋਂ ਭਗਵੰਤ ਮਾਨ ਮੌਜੂਦਾ ਐੱਮਪੀ ਹਨ ਅਤੇ ਲਗਾਤਾਰ ਦੋ ਵਾਰ ਜਿੱਤੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਭਗਵੰਤ ਮਾਨ ਧੂਰੀ ਤੋਂ ਲੜਨਗੇ ਚੋਣ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਧੂਰੀ ਤੋਂ ਲੜਨਗੇ ਚੋਣ। ਇਸ ਬਾਰੇ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਐਲਾਨ ਕੀਤਾ।
ਦਿੱਲੀ ਦੰਗਾ ਮਾਮਲੇ ’ਚ ਪਹਿਲੇ ਦੋਸ਼ੀ ਵਿਅਕਤੀ ਨੂੰ ਪੰਜ ਸਾਲ ਦੀ ਸਜ਼ਾ
ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਵੀਰਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਉੱਤਰ-ਪੂਰਬੀ ਖੇਤਰਾਂ ਵਿੱਚ ਫਰਵਰੀ 2020 ਵਿੱਚ ਹੋਏ ਦੰਗਿਆਂ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਪਹਿਲੇ ਵਿਅਕਤੀ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ।
ਇਸ ਵਿਅਕਤੀ ਦਾ ਨਾਂ ਦਿਨੇਸ਼ ਯਾਦਵ ਹੈ। ਦਿਨੇਸ਼ ਯਾਦਵ ਦੀ ਵਕੀਲ ਸ਼ਿਖਾ ਗਰਗ ਨੇ ਬੀਬੀਸੀ ਨੂੰ ਦੱਸਿਆ, "ਦਿਨੇਸ਼ ਯਾਦਵ ਨੂੰ 12,000 ਰੁਪਏ ਦਾ ਜੁਰਮਾਨਾ ਵੀ ਭਰਨਾ ਪਵੇਗਾ।"
ਦਿਨੇਸ਼ ਯਾਦਵ ਨੂੰ ਦੰਗਿਆਂ ਵਿੱਚ ਸ਼ਾਮਿਲ ਹੋਣ ਅਤੇ ਮਨੋਰੀ ਨਾਮ ਦੀ ਔਰਤ ਦੇ ਘਰ ਨੂੰ ਲੁੱਟਣ ਅਤੇ ਸਾੜਨ ਵਿੱਚ ਸ਼ਾਮਿਲ ਹੋਣ ਲਈ ਪਿਛਲੇ ਮਹੀਨੇ ਦੋਸ਼ੀ ਠਹਿਰਾਇਆ ਗਿਆ ਸੀ।
ਦਿੱਲੀ ਦੇ ਉੱਤਰ-ਪੂਰਬੀ ਖੇਤਰ ਵਿੱਚ 23 ਫਰਵਰੀ ਤੋਂ 26 ਫਰਵਰੀ 2020 ਦਰਮਿਆਨ ਹੋਏ ਦੰਗਿਆਂ ਵਿੱਚ 53 ਲੋਕਾਂ ਦੀ ਮੌਤ ਹੋਈ ਸੀ। ਦਿੱਲੀ ਪੁਲਿਸ ਵੱਲੋਂ ਪਿਛਲੇ ਸਾਲ 13 ਜੁਲਾਈ ਨੂੰ ਹਾਈ ਕੋਰਟ ਵਿੱਚ ਦਾਇਰ ਕੀਤੇ ਹਲਫ਼ਨਾਮੇ ਮੁਤਾਬਕ ਮਾਰੇ ਗਏ ਲੋਕਾਂ ਵਿੱਚੋਂ 40 ਮੁਸਲਮਾਨ ਅਤੇ 13 ਹਿੰਦੂ ਸਨ।
ਬਲਬੀਰ ਰਾਜੇਵਾਲ ਨੇ ਆਮ ਆਦਮੀ ਪਾਰਟੀ ਨਾਲ ਨਾ ਜਾਣ ਦਾ ਇਹ ਕਾਰਨ ਦੱਸਿਆ
ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਆਮ ਆਦਮੀ ਪਾਰਟੀ ਨਾਲ ਇਸ ਲਈ ਨਾਤਾ ਨਾ ਜੋੜਨ ਬਾਰੇ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ।
ਉਨ੍ਹਾਂ ਕਿਹਾ, “ਅਸੀਂ ਅੰਦੋਲਨ ਲੜ ਰਹੇ ਸੀ ਤਾਂ ਉਨ੍ਹਾਂ ਨੇ ਮੇਰੇ ਬਾਰੇ ਇਹ ਫੈਲਾਅ ਦਿੱਤਾ ਕਿ ਮੈਂ ਮੁੱਖ ਮੰਤਰੀ ਦਾ ਚਿਹਰਾ ਹਾਂ, ਇਸ ਬਾਰੇ ਮੇਰੇ ਤੋਂ ਪੁੱਛਿਆ ਨਹੀਂ।”
“ਉਨ੍ਹਾਂ ਨਾਲ ਮੇਰੀ ਦਿੱਲੀ ਵਿੱਚ ਤਿੰਨ ਮੁਲਾਕਾਤਾਂ ਹੋਈਆਂ। ਮੈਂ ਅਰਵਿੰਦ ਕੇਜਰੀਵਾਲ ਨੂੰ ਪਾਰਟੀ ਵਿੱਚ ਭ੍ਰਿਸ਼ਟਾਚਾਰ ਬਾਰੇ ਜਾਣੂ ਕਰਵਾਇਆ ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ।”
“ਦੂਜੀ ਗੱਲ, ਲਿਸਟ ਤੇ ਲਿਸਟ ਜਾਰੀ ਕਰ ਰਹੇ ਸੀ। ਮੈਂ ਕਿਹਾ ਜੇ ਮੈਂ ਸੀਐੱਮ ਬਣਨਾ ਹੈ ਤਾਂ ਮੈਂ ਐੱਮਐੱਲਏ ਨਾਲ ਡੀਲ ਕਰਨਾ ਹੈ, ਜੇ ਇੱਥੇ ਕੋਈ 10 ਕਰੋੜ ਖਰਚ ਕੇ ਐੱਮਐੱਲਏ ਬਣੇਗਾ, ਲਾਜ਼ਮੀ ਤੌਰ 'ਤੇ ਉਹ ਪੈਸੇ ਬਣਾਏਗਾ। ਮੇਰਾ ਅਜਿਹੇ 'ਚ ਉਨ੍ਹਾਂ ਨਾਲ ਝਗੜਾ ਹੋ ਜਾਵੇਗਾ। ਤੁਸੀਂ ਇਹ ਕਿਉਂ ਕਰਦੇ ਹੋ? ਮੇਰੇ ਕਹਿਣ 'ਤੇ ਲਿਸਟਾਂ ਜਾਰੀਂ ਹੋਣੀਆਂ ਵੀ ਨਹੀਂ ਰੁਕੀਆਂ।”
ਸੀਐਮ ਫੇਸ ਕੌਣ?
“ਸਾਡੇ ਐੱਸਐੱਸਐੱਮ ਤੇ ਸਾਰੀ ਪਾਰਟੀ ਨੇ ਮੈਨੂੰ ਚੁਣਿਆ ਹੈ ਅਤੇ ਮੈਂ ਤਿਆਰ ਹਾਂ। ਅਸੀਂ ਮੋਰਚੇ ਲਾਉਣ ਵਾਲੇ ਲੋਕ ਹਾਂ, ਅਸੀਂ ਮੋਰਚਾ ਜਿੱਤ ਕੇ ਦਿਖਾਇਆ ਹੈ। ਮੈਂ ਕਿਹਾ ਸੀ ਕਿ ਇਹ ਮੇਰਾ ਆਖਰੀ ਮੋਰਚਾ ਹੈ, ਮੈਂ ਕਲੰਕ ਲਵਾ ਕੇ ਨਹੀਂ ਜਾਣਾ, ਮੈਂ ਜਾਂ ਤਾਂ ਜਿੱਤ ਕੇ ਜਾਵਾਂਗਾ ਜਾਂ ਮੇਰੀ ਲਾਸ਼ ਜਾਵੇਗੀ।”
ਭਗਵੰਤ ਮਾਨ ਅੱਧੀ ਰਾਤ ਦਾ ਅਲਾਰਮ ਕਿਸ ਖ਼ਾਸ ਕਾਰਨ ਲਈ ਲਗਾਉਂਦੇ ਹਨ
ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਆਪਣੇ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਐਲਾਨ ਦਿੱਤਾ ਹੈ। ਭਗਵੰਤ ਨੇ ਆਪਣਾ ਕਰੀਅਰ ਕਾਮੇਡੀ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਅਦਾਕਾਰ ਵਜੋਂ ਕਾਫੀ ਨਾਮਣਾ ਖੱਟਿਆ ਸੀ।
ਇਸ ਵੀਡੀਓ ਵਿੱਚ ਉਨ੍ਹਾਂ ਦੇ ਜੀਵਨ ਦੀਆਂ ਉਹ ਅਣਕਹੀਆਂ ਗੱਲਾਂ ਸੁਣੋ ਜੋ ਸ਼ਾਇਦ ਤੁਸੀਂ ਨਾ ਸੁਣੀਆਂ ਹੋਣ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਹਾਲ ਪੁੱਛਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ।
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਵਿਡ ਪੌਜ਼ਿਟਿਵ ਹਨ ਅਤੇ ਹਸਪਤਾਲ ਵਿੱਚ ਦਾਖਲ ਹਨ।
ਭਗਵੰਤ ਮਾਨ ਦੇ ਚੋਣ ਹਲਕੇ ਬਾਰੇ ਆਮ ਆਦਮੀ ਪਾਰਟੀ ਕਰੇਗੀ ਐਲਾਨ
ਆਮ ਆਦਮੀ ਪਾਰਟੀ ਹੁਣ ਭਗਵੰਤ ਮਾਨ ਦੇ ਚੋਣ ਹਲਕੇ ਬਾਰੇ ਐਲਾਨ ਕਰ ਸਕਦੀ ਹੈ। ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਘੋਸ਼ਿਤ ਕਰ ਦਿੱਤਾ ਗਿਆ ਹੈ।
ਚੋਣ ਹਲਕੇ ਦੇ ਐਲਾਨ ਬਾਰੇ ਟਵੀਟ ਕਰਦਿਆਂ ਰਾਘਵ ਚੱਢਾ ਨੇ ਲਿਖਿਆ, ''ਅਸੀਂ ਮੋਹਾਲੀ 'ਚ ਦੁਪਹਿਰ ਪ੍ਰੈੱਸ ਕਾਨਫਰੰਸ ਕਰਕੇ 'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਦੇ ਵਿਧਾਨ ਸਭਾ ਹਲਕੇ ਦਾ ਐਲਾਨ ਕਰਾਂਗੇ। ਜੁੜੇ ਰਹੇ!''
ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਜਸਪਾਲ ਸਿੰਘ ਤੇ ਅਨੁਰੀਤ ਭਾਰਦਵਾਜ ਤੁਹਾਡੇ ਲਈ ਅਹਿਮ ਅਪਡੇਟ ਲਿਆ ਰਹੇ ਹਨ। ਕੱਲ ਤੱਕ ਦੇ ਅਹਿਮ ਘਟਨਾਕ੍ਰਮ ਬਾਰੇ ਜਾਣਨ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।