You’re viewing a text-only version of this website that uses less data. View the main version of the website including all images and videos.

Take me to the main website

'ਈਡੀ ਦੀ ਰੇਡ ਮੈਨੂੰ ਫਸਾਉਣ ਦੀ ਸਾਜ਼ਿਸ਼, ਸਾਡਾ ਚੋਣ ਖਰਾਬ ਕਰਨ ਦੀ ਚਾਲ'

ਪੰਜਾਬ ਵਿਚ 22 ਜਥੇਬੰਦੀਆਂ ਮੋਰਚਾ ਬਣਾ ਕੇ ਚੋਣ ਲੜ ਰਹੀਆਂ ਹਨ ਪਰ ਉੱਤਰ ਪ੍ਰਦੇਸ਼ ਵਿਚ ਰਣਨੀਤੀ ਕੁਝ ਅਲੱਗ ਨਜ਼ਰ ਆ ਰਹੀ ਹੈ

ਲਾਈਵ ਕਵਰੇਜ

  1. ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ

  2. ਭਾਜਪਾ ਪੰਜਾਬ ਨੂੰ ਬਦਨਾਮ ਕਰ ਰਹੀ ਹੈ- ਰੰਧਾਵਾ

    ਖ਼ਬਰ ਏਜੰਸੀ ਏਐਨਆਈ ਮੁਤਾਬਕ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਉੱਪਰ ਸਿਆਸੀ ਹਮਲਾ ਕੀਤਾ ਹੈ।

    ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਦੇ ਫਿਰੋਜ਼ਪੁਰ ਵਿੱਚ ਰੁਕਣ ਨੂੰ ਸੁਰੱਖਿਆ ਵਿੱਚ ਕੋਤਾਹੀ ਦੱਸੇ ਜਾਣ ਬਾਰੇ ਸਵਾਲਾਂ ਦੇ ਜਵਾਬ ਦੇ ਰਹੇ ਸਨ।

    ਰੰਧਾਵਾ ਨੇ ਕਿਹਾ,''ਉਹ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਹਨ? ਮੈਨੂੰ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਉੱਥੇ ਕਿਸਾਨ ਸਨ ਵੀ ਜਾਂ ਨਹੀਂ। ਉੱਥੇ ਤਾਂ ਭਾਜਪਾ ਦੇ ਝੰਡੇ ਸਨ।.. ਇਹ ਤਾਂ ਮੁਗਲਾਂ ਵਾਲੀਆਂ ਗੱਲਾਂ ਹਨ...ਪੰਜਾਬੀਆਂ ਨੇ ਬ੍ਰਿਟਿਸ਼ ਰਾਜ ਦੌਰਾਨ ਕੁਰਬਾਨੀਆਂ ਕੀਤੀਆਂ ਹਨ... ਬੀਜੇਪੀ ਦਾ ਕੀ ਯੋਗਦਾਨ ਹੈ?''

  3. ਅੱਜ ਦਾ ਪ੍ਰਮੁੱਖ ਸਿਆਸੀ ਘਟਨਾਕ੍ਰਮ

    • ਈਡੀ ਦੇ ਛਾਪਿਆਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨੂੰ ਫਸਾਉਣ ਦੀ ਸਾਜ਼ਿਸ਼ ਹੈ।
    • ਇਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਈਡੀ ਉਨ੍ਹਾਂ ਨੂੰ ਰਿਪੋਰਟ ਨਹੀਂ ਕਰਦੀ ਤੇ ਨਾਂ ਹੀ ਉਨ੍ਹਾਂ ਨੇ ਉਹ ਪੈਸੇ ਪਲਾਂਟ ਕਰਵਾਏ ਹਨ ਜੋ ਚੰਨੀ ਦੇ ਰਿਸ਼ਤੇਦਾਰ ਤੋਂ ਮਿਲੇ ਹਨ।
    • ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਪਹਿਲੇ ਗੇੜ ਦੇ ਚੋਣ ਪ੍ਰਚਾਰ ਲਈ 30 ਆਗੂਆਂ ਦੀ ਸੂਚੀ ਜਾਰੀ ਕੀਤੀ ਗਈ ਹੈ ਜੋ ਭਾਜਪਾ ਲਈ ਕੰਪੇਨ ਕਰਨਗੇ।
    • ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਕੋਰੋਨਾ ਹੋ ਗਿਆ ਹੈ।
    • ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕਿਸਾਨ ਕਿਸੇ ਵੀ ਸਿਆਸੀ ਪਾਰਟੀ ਦੀ ਚੋਣਾਂ ਵਿਚ ਹਮਾਇਤ ਨਹੀਂ ਕਰਨਗੇ।
  4. ਆਮ ਆਦਮੀ ਪਾਰਟੀ ਨੇ 7 ਸਾਲਾਂ ਵਿੱਚ ਬਦਲੇ 5 ਸੂਬਾ ਪ੍ਰਧਾਨ ਅਤੇ 3 ਵਿਰੋਧੀ ਧਿਰ ਆਗੂ

    ਪੰਜਾਬ ਦੀ ਸਿਆਸਤ ਵਿੱਚ ਤੀਜੀ ਧਿਰ ਦੇ ਕਦੇ ਪੈਰ ਨਹੀਂ ਲੱਗ ਸਕਦੇ। ਪੰਜਾਬ ਦੀਆਂ ਖੱਬੀਆਂ ਧਿਰਾਂ ਦੇ ਤਜਰਬੇ ਤੋਂ ਇਹ ਇੱਕ ਸਿਆਸੀ ਅਖਾਣ ਬਣ ਗਿਆ ਸੀ।

    ਪਰ 2014 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਵਿੱਚ ਉੱਭਰੀ ਆਮ ਆਦਮੀ ਪਾਰਟੀ ਨੇ ਇਸ ਅਖਾਣ ਨੂੰ ਗ਼ਲਤ ਸਾਬਿਤ ਕਰ ਦਿੱਤਾ।

    ਲੋਕ ਸਭਾ ਚੋਣਾਂ 2014 ਵਿੱਚ ਆਮ ਆਦਮੀ ਪਾਰਟੀ (ਆਪ) ਨੇ 4 ਲੋਕ ਸਭਾ ਸੀਟਾਂ ਜਿੱਤੀਆਂ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 20 ਸੀਟਾਂ ਨਾਲ ਮੁੱਖ ਵਿਰੋਧੀ ਪਾਰਟੀ ਬਣੀ।

    'ਆਪ' ਨੇ 100 ਸਾਲ ਪੁਰਾਣੇ ਅਕਾਲੀ ਦਲ ਨੂੰ ਪਿੱਛੇ ਛੱਡ ਦਿੱਤਾ ਅਤੇ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਤੀਜੀ ਧਿਰ ਦੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਰਹੀ ਹੈ।

  5. ਅਧਿਆਪਕਾਂ ਦੀ ਕੀ ਹਨ ਸਮੱਸਿਆਵਾਂ, ਅਰਵਿੰਦ ਛਾਬੜਾ

    ਕਈ ਸਰਕਾਰਾਂ ਬਦਲੀਆਂ ਅਤੇ ਕਈ ਚੋਣਾਂ ਹੋ ਚੁੱਕੀਆਂ ਹਨ ਪਰ ਪੰਜਾਬ ਦੇ ਟੀਚਰ ਹਰ ਸਰਕਾਰ ਦੌਰਾਨ ਹੀ ਧਰਨੇ ਮੁਜ਼ਾਹਰਿਆਂ ਵਿੱਚ ਹੀ ਰਹਿੰਦੇ ਹਨ।

    ਇਸ ਵਾਰ ਅਧਿਆਪਕ ਵੱਡੀ ਗਿਣਤੀ ਵਿੱਚ ਸਰਕਾਰ ਖ਼ਿਲਾਫ਼ ਧਰਨੇ ਮੁਜ਼ਾਹਰੇ ਕਰ ਰਹੇ ਹਨ।

    ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਜਲੰਧਰ ਸ਼ਹਿਰ ਦੇ ਕੁਝ ਪ੍ਰਾਇਮਰੀ ਟੀਚਰਾਂ ਨਾਲ ਗੱਲਬਾਤ ਕੀਤੀ...

  6. ਕੈਪਟਨ ਅਮਰਿੰਦਰ ਦਾ ਮੁੱਖ ਮੰਤਰੀ ਨੂੰ ਜਵਾਬ

    ਈਡੀ ਦੇ ਛਾਪਿਆਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨੂੰ ਫਸਾਉਣ ਦੀ ਸਾਜ਼ਿਸ਼ ਹੈ।

    ਇਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਈਡੀ ਉਨ੍ਹਾਂ ਨੂੰ ਰਿਪੋਰਟ ਨਹੀਂ ਕਰਦੀ ਤੇ ਨਾਂ ਹੀ ਉਨ੍ਹਾਂ ਨੇ ਉਹ ਪੈਸੇ ਪਲਾਂਟ ਕਰਵਾਏ ਹਨ ਜੋ ਚੰਨੀ ਦੇ ਰਿਸ਼ਤੇਦਾਰ ਤੋਂ ਮਿਲੇ ਹਨ।

    ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਕੈਪਟਨ ਅਮਰਿੰਦਰ ਦਾ ਜਵਾਬ ਟਵੀਟ ਕੀਤਾ।

  7. ਯੂਪੀ: ਭਾਜਪਾ ਨੇ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ

    ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਪਹਿਲੇ ਗੇੜ ਦੇ ਚੋਣ ਪ੍ਰਚਾਰ ਲਈ 30 ਆਗੂਆਂ ਦੀ ਸੂਚੀ ਜਾਰੀ ਕੀਤੀ ਗਈ ਹੈ ਜੋ ਭਾਜਪਾ ਲਈ ਕੰਪੇਨ ਕਰਨਗੇ।

    ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਸਮਰਿਤੀ ਇਰਾਨੀ ਤੇ ਐਮਪੀ ਹੇਮਾ ਮਾਲਿਨੀ ਸਣੇ ਕਈ ਹੋਰ ਲੋਕ ਸ਼ਾਮਲ ਹਨ।

  8. ਉੱਤਰ ਪ੍ਰਦੇਸ਼ ਚੋਣਾਂ: ਕਿਸਾਨੀ ਅੰਦੋਲਨ ਦਾ ਪ੍ਰਭਾਵ ਕੀ ਫਿਰ ਤੋਂ ਫੜ੍ਹ ਰਿਹਾ ਹੈ ਜ਼ੋਰ

    ਹਰ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦਾ ਆਗਾਜ਼ ਪੱਛਮ ਤੋਂ ਹੋਣ ਜਾ ਰਿਹਾ ਹੈ। ਇੱਥੇ ਮਤਦਾਨ 10 ਅਤੇ 14 ਫਰਵਰੀ ਨੂੰ ਹੋਵੇਗਾ।

    ਕਿਸਾਨੀ ਅੰਦੋਲਨ ਦਾ ਇਨ੍ਹਾਂ ਚੋਣਾਂ 'ਤੇ ਕੀ ਹੋ ਸਕਦਾ ਹੈ ਅਸਰ? ਇਸ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ

  9. ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਾਈਵ

  10. ਪ੍ਰਕਾਸ਼ ਸਿੰਘ ਬਾਦਲ ਕੋਰੋਨਾ ਪੌਜ਼ੀਟਿਵ ਪਾਏ ਗਏ

    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਕੋਰੋਨਾ ਹੋ ਗਿਆ ਹੈ।

    ਬੀਬੀਸੀ ਪੱਤਰਕਾਰ ਮਨਪ੍ਰੀਤ ਕੌਰ ਮੁਤਾਬਕ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦੇ ਸੂਤਰਾਂ ਨੇ ਬਾਦਲ ਦੀ ਰਿਪੋਰਟ ਕੋਰੋਨ ਪੌਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ।

    ਉਹ ਪਿਛਲੇ ਕਈ ਦਿਨਾਂ ਤੋਂ ਗੱਡੀ ਵਿਚ ਬੈਠ ਕੇ ਹੀ ਆਪਣੇ ਇਲਾਕੇ ਦੇ ਪਿੰਡ਼ਾਂ ਵਿਚ ਘੁੰਮ ਕੇ ਲੋਕਾਂ ਨੂੰ ਮਿਲ ਰਹੇ ਸਨ।

    ਹਸਪਤਾਲ ਦੇ ਸੂਤਰਾਂ ਮੁਤਾਬਕ ਅਕਾਲੀ ਆਗੂ ਖੰਘ-ਜੁਕਾਮ ਅਤੇ ਬੁਖਾਰ ਦੀ ਸ਼ਿਕਾਇਤ ਕਾਰਨ ਹਸਪਤਾਲ ਲਿਆਂਦਾ ਗਿਆ ਸੀ।

  11. ਕਿਸਾਨੀ ਲ਼ਈ ਕੀ ਹੈ ਸਿੱਧੂ ਦਾ ਪੰਜਾਬ ਮਾਡਲ -Live

  12. ਪ੍ਰਕਾਸ਼ ਸਿੰਘ ਬਾਦਲ ਨੂੰ ਚੈੱਕਅਪ ਲਈ ਡੀਐੱਮਸੀ ਲਿਆਂਦਾ ਗਿਆ

    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਚ ਲਿਆਂਦਾ ਗਿਆ ਹੈ।

    ਉਹ ਪਿਛਲੇ ਕਈ ਦਿਨਾਂ ਤੋਂ ਗੱਡੀ ਵਿਚ ਬੈਠ ਕੇ ਹੀ ਆਪਣੇ ਇਲਾਕੇ ਦੇ ਪਿੰਡ਼ਾਂ ਵਿਚ ਘੁੰਮ ਕੇ ਲੋਕਾਂ ਨੂੰ ਮਿਲ ਰਹੇ ਸਨ।

    ਹਸਪਤਾਲ ਦੇ ਸੂਤਰਾਂ ਮੁਤਾਬਕ ਅਕਾਲੀ ਆਗੂ ਨੂੰ ਰੂਟੀਨ ਚੈੱਕਅਪ ਲਈ ਹਸਪਤਾਲ ਲਈ ਲਿਆਂਦਾ ਗਿਆ ਹੈ।

  13. ਸੋਨੀਆਂ ਗਾਂਧੀ ਨੂੰ ਚਿੱਠੀ ਲਿਖਣ ਵਾਲੇ ਵਿਧਾਇਕਾਂ ਨੂੰ ਰਾਣਾ ਗੁਰਜੀਤ ਦੀ ਚੂਣੌਤੀ

    ਸੁਲਤਾਨ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਵਿਚ ਦੁਆਬੇ ਦੇ 4 ਕਾਂਗਰਸੀ ਵਿਧਾਇਕਾਂ ਵਲੋਂ ਰਾਣਾ ਗੁਰਜੀਤ ਸਿੰਘ ਖ਼ਿਲਾਫ਼ ਖੋਲਿਆ ਮੋਰਚਾ ਗੰਭੀਰ ਰੁਖ ਅਖ਼ਤਿਆਰ ਕਰਦਾ ਜਾ ਰਿਹਾ ਹੈ।

    ਰਾਣਾ ਗੁਰਜੀਤ ਸਿੰਘ ਦੇ ਸੁਲਤਾਨਪੁਰ ਲੋਧੀ ਤੋਂ ਆਪਣੇ ਪੁੱਤਰ ਨੂੰ ਅਜ਼ਾਦ ਉਮੀਦਵਾਰ ਬਣਾਉਣ ਨਾਲ ਇਹ ਲੜਾਈ ਹੋਰ ਤਿੱਖੀ ਹੋ ਗਈ ਹੈ।

    4 ਵਿਧਾਇਕਾਂ ਨੇ ਹਾਈਕਮਾਂਡ ਨੂੰ ਚਿੱਠੀ ਲਿਖ ਕੇ ਰਾਣਾ ਗੁਰਜੀਤ ਖ਼ਿਲਾਫ਼ ਗੰਭੀਰ ਇਲਜ਼ਾਮ ਲਾਉਂਦਿਆਂ ਉਨ੍ਹਾਂ ਨੂੰ ਪਾਰਟੀ ਦੇ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਕੀਤੀ ਹੈ।

    ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਦੁਆਬੇ ਦੇ 4 ਵਿਧਾਇਕਾਂ ਵਲੋਂ ਕਾਂਗਰਸ ਹਾਈਕਮਾਂਡ ਨੂੰ ਲਿਖੀ ਚਿੱਠੀ ਦਾ ਸਖ਼ਤ ਲਹਿਜ਼ੇ ਵਿਚ ਜਵਾਬ ਦਿੱਤਾ ਹੈ।

    ਮੀਡੀਆ ਨਾਲ ਗੱਲਬਾਤ ਦੌਰਾਨ ਰਾਣਾ ਨੇ ਕਿਹਾ ਕਿ ਹਾਈਕਮਾਂਡ ਨੂੰ ਚਿੱਠੀ ਲਿਖਣਾ ਹਰ ਇੱਕ ਦਾ ਹੱਕ ਹੈ। ਵਿਧਾਇਕਾਂ ਵਲੋਂ ਲਿਖੀ ਚਿੱਠੀ ਦਾ ਮੈਨੂੰ ਇਸ ਉੱਤੇ ਕੋਈ ਇਤਰਾਜ਼ ਨਹੀਂ ਹੈ।

    ‘‘ਇਹ ਹੁਣ ਸੋਨੀਆਂ ਗਾਂਧੀ ਨੇ ਦੇਖਣਾ ਹੈ, ਜੇ ਮੈਂ ਨਿਕੰਮਾ ਹੋਇਆ ਤਾਂ ਸੋਨੀਆਂ ਗਾਂਧੀ ਨੇ ਮੈਨੂੰ ਕੱਢ ਦੇਣਾ ਜੇ ਕੰਮ ਦਾ ਹੋਇਆ ਤਾਂ ਨਹੀਂ ਕੱਢਣਗੇ।’’

    ਉਨ੍ਹਾਂ ਵਿਧਾਇਕਾਂ ਨੂੰ ਮੁਖਾਤਬ ਹੁੰਦਿਆਂ ਕਿਹਾ, ‘‘ਤੁਸੀਂ ਚੀਕਾਂ ਮਾਰਦੇ ਹੋ ਕਿ ਰਾਣਾ ਦੁਆਬੇ ਦਖ਼ਲਅੰਦਾਜ਼ੀ ਕਰਦਾ ਹੈ।’’

    ‘‘ਰਾਣੇ ਨੂੰ ਲੋਕ ਦੁਆਬੇ ਵਿਚ ਪਿਆਰ ਕਰਦੇ ਹਨ, ਮੈਂ ਮਿਹਨਤ ਕੀਤੀ ਹੈ। ਸੇਵਾ ਕਰਦਾ ਹਾਂ। ਚੀਕਾਂ ਨਾ ਮਾਰੋ, ਜੇ ਹਿੰਮਤ ਹੈ ਤਾਂ ਚਾਰੇ ਦੇ ਚਾਰੇ ਇਕੱਠੇ ਹੋ ਜਾਓ ਤੇ ਕਪੂਰਥਲਾ ਆਕੇ ਰਾਣੇ ਨੂੰ ਹਰਾਓ, ਫੇਰ ਤੁਹਾਨੂੰ ਲੋਕ ਦੱਸਣਗੇ।’’

  14. ਪੰਜਾਬ ਚੋਣਾਂ 2022 : ਨਵਜੋਤ ਸਿੱਧੂ ਦੇ ਇਕੱਲੇ ਹੀ ਪ੍ਰੈਸ ਕਾਨਫਰੰਸਾਂ ਬਾਰੇ ਕੀ ਬੋਲੇ ਪਰਗਟ ਸਿੰਘ, ( ਇਹ ਇੰਟਰਵਿਊ 13 ਜਨਵਰੀ ਨੂੰ ਕੀਤੀ ਗਈ ਸੀ)

    ਪੰਜਾਬ ਵਿੱਚ ਕੁਝ ਹੀ ਦਿਨਾਂ ਵਿੱਚ ਚੋਣਾਂ ਆਉਣ ਵਾਲੀਆਂ ਹਨ। ਸਿਆਸੀ ਪਾਰਟੀਆਂ ਵਾਅਦਿਆਂ ਦੀ ਝੜੀ ਲਾ ਰਹੀਆਂ ਹਨ।

    ਮੌਜੂਦਾ ਕਾਂਗਰਸ ਸੱਤਾ ਉੱਤੇ ਕਾਬਜ਼ ਹੈ, ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣੀ ਹੀ ਸਰਕਾਰ ਉੱਤੇ ਸਵਾਲ ਚੁੱਕ ਰਹੇ ਹਨ।

    ਪੰਜਾਬ ਵਿੱਚ ਕੈਬਨਿਟ ਮੰਤਰੀ ਪਰਗਟ ਸਿੰਘ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕੀ ਕਹਿੰਦੇ ਹਨ।

    ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਅਤੇ ਐਡਿਟ- ਗੁਲਸ਼ਨ ਕੁਮਾਰ

  15. ਪੰਜਾਬ ਵਿਧਾਨ ਸਭਾ ਚੋਣਾਂ 2022: ਅਹਿਮ ਸਵਾਲਾਂ ਦੇ ਜਵਾਬ

    ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

    ਪੰਜਾਬ ਸਣੇ ਚਾਰ ਹੋਰ ਰਾਜਾਂ ਵਿੱਚ ਵੀ ਚੋਣਾ ਹੋਣੀਆਂ ਹਨ ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਤੇ ਗੋਆ ਸ਼ਾਮਲ ਹਨ।

    ਚੋਣ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਕੋਰੋਨਾਵਾਇਰਸ ਨੂੰ ਧਿਆਨ ਵਿੱਚ ਰੱਖ ਕੇ ਕਰਵਾਈਆਂ ਜਾਣਗੀਆਂ।

    ਹਰ ਚੋਣ ਹਲਕੇ ਵਿੱਚ ਇੱਕ ਪੋਲਿੰਗ ਸਟੇਸ਼ਨ ਹੋਵੇਗਾ ਜੋ ਔਰਤਾਂ ਵੱਲੋਂ ਸਾਂਭਿਆ ਜਾਵੇਗਾ।

    ਪੰਜਾਬ ਦੇ ਉਮੀਦਵਾਰ 40 ਲੱਖ ਰੁਪਏ ਆਪਣੇ ਚੋਣ ਪ੍ਰਚਾਰ ਉੱਪਰ ਖ਼ਰਚ ਕਰ ਸਕਣਗੇ।

  16. ਪੰਜਾਬ ਚੋਣਾਂ 2022: ਚੋਣਾਂ ਦੇ ਮੌਸਮ ‘ਚ ਡੇਰਿਆਂ ਦੇ ਅਹਿਮੀਅਤ ਕਿਉਂ ਵੱਧ ਜਾਂਦੀ ਹੈ

    ਪੰਜਾਬ ਵਿੱਚ ਚੋਣਾਂ ਆਉਂਦਿਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਸੂਬੇ ਵਿੱਚ ਸਥਿਤ ਡੇਰਿਆਂ ਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੰਦੇ ਹਨ।

    ਇਹ ਮੰਨਿਆ ਗਿਆ ਹੈ ਕਿ ਪੰਜਾਬ ਵਿੱਚ ਡੇਰਿਆਂ ਜੇ ਵਧਣ-ਫੁੱਲਣ ਦੀ ਇੱਕ ਵੱਡਾ ਕਾਰਨ ਸਮਾਜਿਕ ਭੇਦਭਾਵ ਹੈ ਅਤੇ ਇਸੇ ਲਈ ਇਨ੍ਹਾਂ ਡੇਰਿਆਂ ਦੇ ਜ਼ਿਆਦਾਤਰ ਸ਼ਰਧਾਲੂ ਸਮਾਜ ਦੇ ਹੇਠਲੇ ਤਬਕਿਆਂ ਤੋਂ ਆਉਂਦੇ ਹਨ।

    ਇਨ੍ਹਾਂ ਡੇਰਿਆਂ ਦੇ ਹਜ਼ਾਰਾਂ ਸ਼ਰਧਾਲੂਆਂ ਦੀ ਵੋਟਾਂ ਨੂੰ ਕੋਈ ਵੀ ਸਿਆਸੀ ਪਾਰਟੀ ਗੁਆਉਣਾ ਨਹੀਂ ਚਾਹੁੰਦੀ ਅਤੇ ਇਸੇ ਲਈ ਚੋਣਾਂ ਦੇ ਮੌਸਮ ਵਿੱਚ ਡੇਰਿਆਂ ਦੀ ਅਹਿਮੀਅਤ ਕਈ ਗੁਣਾ ਵੱਧ ਜਾਂਦੀ ਹੈ।

    (ਰਿਪੋਰਟ – ਰਾਘਵੇਂਦਰ ਰਾਓ, ਸ਼ੂਟ ਤੇ ਐਡਿਟ – ਸ਼ੁਭਮ ਕੌਲ)

  17. ਕਿਸਾਨ ਕਿਸੇ ਪਾਰਟੀ ਦੀ ਨਹੀਂ ਕਰਨਗੇ ਹਮਾਇਤ - ਟਿਕੈਤ

    ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕਿਸਾਨ ਕਿਸੇ ਵੀ ਸਿਆਸੀ ਪਾਰਟੀ ਦੀ ਚੋਣਾਂ ਵਿਚ ਹਮਾਇਤ ਨਹੀਂ ਕਰਨਗੇ।

    ਉਨ੍ਹਾਂ ਕਿਹਾ ਕਿ ਤਿੰਨ ਦਿਨ ਦੀ ਵਿਚਾਰ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

    ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਹੁਣ ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਬਾਰੇ ਸੋਚਣ ਲੱਗੀਆਂ ਹਨ।

  18. ਵਿਧਾਨ ਸਭਾ ਚੋਣਾਂ - ਅਪਡੇਟ

    • ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਆਪਣਾ ਮੁੱਖ ਮੰਤਰੀ ਚਿਹਰਾ ਐਲਾਨਿਆ ਹੈ
    • ਭਗਵੰਤ ਮਾਨ ਉੱਤੇ ਨਵਜੋਤ ਸਿੱਧੂ ਨੇ ਕਿਹਾ ਆਪ ਨੇ ਲਾੜਾ ਤਾਂ ਬਣਾ ਲਿਆ ਵਿਆਹ ਹੋਵੇਗਾ ਜਾਂ ਨਹੀਂ ਇਹ ਲੋਕ ਦੱਸਣਗੇ
    • ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਸਣੇ ਕਈ ਥਾਵਾਂ ਉੱਤੇ ਈਡੀ ਦੀ ਛਾਪੇਮਾਰੀ ਨੂੰ ਉਨ੍ਹਾਂ ਸਿਆਸੀ ਕਾਰਵਾਈ ਕਿਹਾ ਹੈ
    • ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਲਾਗਾਤਾਰ ਪੰਥਕ ਦਿੱਖ ਵਾਲੇ ਲੋਕਾਂ ਨੂੰ ਪਾਰਟੀ ਵਿਚ ਸ਼ਾਮਲ ਕਰ ਰਹੀ ਹੈ
    • ਅਕਾਲੀ ਦਲ ਨੇ ਪੰਜਾਬ ਵਿਚ ਵਰਚੂਅਲ ਪ੍ਰਚਾਰ ਤਹਿਤ ਹਲਕਾ ਸੰਵਾਦ ਪ੍ਰੋਗਰਾਮ ਸ਼ੁਰੂ ਕੀਤਾ ਹੈ
  19. ਪੰਜਾਬ ਵਿਧਾਨ ਸਭਾ ਚੋਣਾਂ- ਤੁਹਾਡਾ ਸਵਾਗਤ ਹੈ

    ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਖੁਸ਼ਹਾਲ ਲਾਲੀ ਅਤੇ ਅਨੁਰੀਤ ਭਾਰਦਵਾਜ ਤੁਹਾਡੇ ਲਈ ਅਹਿਮ ਅਪਡੇਟ ਲਿਆ ਰਹੇ ਹਨ। ਕੱਲ ਤੱਕ ਦੇ ਅਹਿਮ ਘਟਨਾਕ੍ਰਮ ਬਾਰੇ ਜਾਣਨ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।