ਅਸੀਂ ਆਪਣਾ ਪੰਜਾਬ ਵਿਧਾਨ ਸਭਾ ਚੋਣਾਂ ’ਤੇ ਆਧਾਰਿਤ ਲਾਈਵ ਪੇਜ ਇੱਥੇ ਹੀ ਸਮਾਪਤ ਕਰ ਰਹੇ ਹਾਂ, ਤੁਹਾਡਾ ਬੀਬੀਸੀ ਪੰਜਾਬੀ ਨਾਲ ਜੁੜਨ ਲਈ ਧੰਨਵਾਦ
You’re viewing a text-only version of this website that uses less data. View the main version of the website including all images and videos.
ਭਗਵੰਤ ਮਾਨ ਨੂੰ ਸੀਐੱਮ ਦਾ ਚਿਹਰਾ ਬਣਾਉਣ ਦਾ 'ਆਪ' ਨੂੰ ਕੀ ਹੈ ਨਫ਼ਾ-ਨੁਕਸਾਨ, ਈਡੀ ਦੇ ਛਾਪਿਆਂ ’ਤੇ ਚੰਨੀ ਕੀ ਬੋਲੇ
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 20 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 10 ਮਾਰਚ ਨੂੰ ਚੋਣ ਨਤੀਜੇ ਆਉਣਗੇ
ਲਾਈਵ ਕਵਰੇਜ
ਜਨਰਲ ਜੇਜੇ ਸਿੰਘ ਭਾਜਪਾ ਵਿੱਚ ਸ਼ਾਮਿਲ ਹੋਏ
ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੋਗਿੰਦਰ ਜਸਵੰਤ ਸਿੰਘ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।
ਕੇਂਦਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਨਰਲ ਸਿੰਘ ਦਾ ਪਾਰਟੀ ਵਿੱਚ ਸਵਾਗਤ ਕੀਤਾ ਹੈ।
ਜਨਰਲ ਸਿੰਘ ਨੇ 2017 ਵਿੱਚ ਅਕਾਲੀ ਦਲ ਦੀ ਟਿਕਟ ਤੋਂ ਪਟਿਆਲਾ ਤੋਂ ਅਮਰਿੰਦਰ ਸਿੰਘ ਖਿਲਾਫ਼ ਚੋਣ ਲੜੀ। ਉਸ ਵਿੱਚ ਉਹ ਹਾਰ ਗਏ ਸਨ।
ਜਨਰਲ ਜੇਜੇ ਸਿੰਘ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਵੀ ਰਹਿ ਚੁੱਕੇ ਹਨ। ਉਹ ਸਾਲ 2005 ਵਿੱਚ ਭਾਰਤੀ ਫੌਜ ਦੇ ਮੁਖੀ ਬਣੇ ਸਨ।
'ਮੁੱਖ ਮੰਤਰੀ ਮਿਸ ਕਾਲਾਂ ਨਾਲ ਨਹੀਂ ਵੋਟਾਂ ਨਾਲ ਬਣਦੇ ਹਨ'
ਭਾਜਪਾ ਆਗੂ ਤਰੁਣ ਚੁਘ ਨੇ ਆਮ ਆਦਮੀ ਪਰਾਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨੇ ਜਾਣ ’ਤੇ ਤੰਜ ਕੱਸਦਿਆਂ ਕਿਹਾ ਕਿ ਹਰ ਪਾਰਟੀ ਨੂੰ, ਭਾਵੇਂ ਉਹ ਸੱਤਾ ਵਿੱਚ ਚੌਥੇ ਨੰਬਰ ‘ਤੇ ਆਉਣਾ ਹੋਵੇ, ਆਪਣਾ ਮੁੱਖ ਮੰਤਰੀ ਚੁਣਨ ਦਾ, ਐਲਾਨਣ ਦਾ ਹੱਕ ਹੈ।
ਉਨ੍ਹਾਂ ਕਿਹਾ, “ਜਨਤਾ ਨੇ ਫ਼ੈਸਲਾ ਕਰਨਾ ਹੈ ਕਿ ਕੌਣ ਮੁੱਖ ਮੰਤਰੀ ਬਣੇਗਾ, ਮੁੱਖ ਮੰਤਰੀ ਮਿਸ ਕਾਲਾਂ ਨਾਲ ਨਹੀਂ ਵੋਟਾਂ ਨਾਲ ਬਣਦੇ ਹਨ। ਮੁੱਖ ਮੰਤਰੀ ਬਣਨ ਤੇ ਐਲਾਨੇ ਜਾਣ ‘ਚ ਬੜਾ ਫਾਸਲਾ ਹੈ।“
“ਪੰਜਾਬ ਦੀ ਜਨਤਾ ਨੇ ਮੁੱਖ ਮੰਤਰੀ ਦਾ ਫ਼ੈਸਲਾ 20 ਫਰਵਰੀ ਨੂੰ ਕਰਨਾ ਹੈ।“
ਭਗਵੰਤ ਮਾਨ ਦੀ ਭੈਣ ਵੱਲੋਂ ਉਨ੍ਹਾਂ ਨੂੰ ਸਲਾਹ
ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਆਪਣੇ ਭਰਾ ਦਾ ਮੁੱਖ ਮੰਤਰੀ ਦੇ ਚਿਹਰੇ ਵਜੋਂ ਚੁਣਨ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਉਨ੍ਹਾਂ ਭਗਵੰਤ ਮਾਨ ਨੂੰ ਸਲਾਹ ਦਿੱਤੀ, “ਜਿਵੇਂ ਮੇਰੀ ਅੱਖ ਵਿੱਚ ਕਦੇ ਹੰਝੂ ਨਹੀਂ ਆਉਣ ਦਿੱਤਾ ਉਵੇਂ ਹੀ ਲੱਖਾਂ ਭੈਣਾਂ, ਜਿਨ੍ਹਾਂ ਦੀਆਂ ਦੁਆਵਾਂ ਨੇ ਇੱਥੋਂ ਤੱਕ ਪਹੁੰਚਾਇਆ ਹੈ, ਉਨ੍ਹਾਂ ਦੀ ਅੱਖ ਵਿੱਚ ਕਦੇ ਹੰਝੂ ਨਾ ਆਵੇ।“
ਪੂਰਾ ਸ਼ੋਅ ਹਿੰਦੀ ਵਿੱਚ ਪੰਜਾਬ ਧਰਤੀ ‘ਤੇ ਪ੍ਰਬੰਧਿਤ ਕੀਤਾ ਗਿਆ-ਹਰਚਰਨ ਬੈਂਸ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਮੁੱਖ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ ਕਿ ਆਪ ਦਾ ਹੈਰਾਨ ਕਰਨ ਵਾਲਾ ਕਬੂਲਨਾਮਾ!
ਉਨ੍ਹਾਂ ਅੱਗੇ ਲਿਖਿਆ, “ਅਰਵਿੰਦ ਕੇਜਰੀਵਾਲ ਨੇ ਸਵੀਕਾਰ ਕੀਤਾ ਹੈ ਕਿ ਪੰਜਾਬ ਵਿਚ 2.41 ਕਰੋੜ ਮੋਬਾਈਲ ਉਪਭੋਗਤਾਵਾਂ ਵਿੱਚੋਂ ਸਿਰਫ਼ 22 ਲੱਖ ਨੇ ਹੀ ਪ੍ਰਤੀਕਿਰਿਆ ਦਿੱਤੀ ਹੈ।"
“ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਕੇਜਰੀਵਾਲ ਦੇ ਝਾਂਸੇ ਪ੍ਰਤੀ ਕਿੰਨੇ ਉਦਾਸੀਨ ਹਨ ਇਸ ਤੋਂ ਇਲਾਵਾ ਕੇਜਰੀਵਾਲ ਨੇ ਇੱਕ ਮੌਕਾ ਮੰਗਿਆ ਸੀ, ਉਸ ਨੂੰ ਵੀ ਆਪ ਵਾਲਿਆਂ ਨੇ ਖਾਰਿਜ ਕਰ ਦਿੱਤਾ।“
ਆਪ ਆਦਮੀ ਪਾਰਟੀ ਦੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਨੇ ਆਪ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਲਈ ਜਨਤਾ ਦੀ ਰਾਇ ਮੰਗੀ ਸੀ ਅਤੇ ਇਸ ਲਈ ਇੱਕ ਮੋਬਾਈਲ ਨੰਬਰ ਜਾਰੀ ਕੀਤਾ ਸੀ।
ਇਸ ਤੋਂ ਬਾਅਦ ਆਪ ਨੇ ਭਗਵੰਤ ਮਾਨ ਨੂੰ ਆਮ ਆਦਮੀ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ।
ਬੈਂਸ ਨੇ ਅੱਗੇ ਲਿਖਿਆ, “ਦਰਅਸਲ, ਅਰਵਿੰਦ ਕੇਜਰੀਵਾਲ ਦਾ ਅਸਲੀ ਇਰਾਦਾ ਨਕਲੀ ਗੈਜੇਟਸ ਨਾਲ ਪੰਜਾਬੀਆਂ ਨੂੰ ਕ੍ਰੰਟ੍ਰੋਲ ਕਰਨਾ ਹੈ, ਇਸ ਲਈ ਟੇਲੀਪੋਲ ਦਾ ਆਇਡੀਆ ਸ਼ਾਨਦਾਰ ਸੀ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਪੰਜਾਬੀ ਅਤੇ ਪੰਜਾਬੀ ਨੇਤਾ ਕਿੰਨਾ ਮਹੱਤਵ ਰੱਖਦੇ ਹਨ।“
“ਪੂਰਾ ਸ਼ੋਅ ਹਿੰਦੀ ਵਿੱਚ ਪੰਜਾਬ ਦੀ ਧਰਤੀ ‘ਤੇ ਪ੍ਰਬੰਧਿਤ ਕੀਤਾ ਗਿਆ। 2017 ਤੋਂ ਆਪ ਪੰਜਾਬ ਕੇਵਲ ਸੋਸ਼ਲ ਮੀਡੀਆ ਬਬਲ ਬਣੀ ਹੋਈ ਹੈ।“
‘ਲਾੜਾ ਮਿਲ ਗਿਆ ਹੈ ਤੇ ਵਿਆਹ ਕਰਨਾ ਜਾਂ ਨਹੀਂ ਕਰਨਾ ਇਹ ਪੰਜਾਬ ਦੇ ਲੋਕ ਤੈਅ ਕਰਨਗੇ’
ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਾਰ ਐਲਾਨ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ, “ਲਾੜਾ ਮਿਲ ਗਿਆ ਹੈ ਤੇ ਵਿਆਹ ਕਰਨਾ ਜਾਂ ਨਹੀਂ ਕਰਨਾ ਇਹ ਪੰਜਾਬ ਦੇ ਲੋਕ ਤੈਅ ਕਰਨਗੇ, ਅਜੇ ਦਿੱਲੀ ਦੂਰ ਹੈ ਤੇ ਜੇ ਲਾੜਾ ਮਿਲ ਗਿਆ ਤਾਂ ਵਧਾਈ ਹੈ।“
“ਸਾਡੀ ਹਾਈ ਕਮਾਨ ਸਿਆਣੀ ਹੈ ਉਹ ਜੋ ਵੀ ਕਰੇਗੀ ਪੰਜਾਬ ਦੇ ਹਿੱਤ ਵਿੱਚ ਕਰੇਗੀ ਅਤੇ ਮੈਂ ਪੰਜਾਬ ਦੇ ਲੋਕਾਂ ‘ਤੇ ਭਰੋਸਾ ਰੱਖਦਾ ਹਾਂ ਕਿ ਉਹ ਪੰਜਾਬ ਦੇ ਮਾਡਲ ਨੂੰ ਵੋਟ ਪਾਉਣਗੇ, ਕਿਸੇ ਏਜੰਡੇ ਨੂੰ ਵੋਟ ਪਾਉਣਗੇ, ਰੋਡ ਮੈਪ ਨੂੰ ਵੋਟ ਪਾਉਣਗੇ।“
‘ਆਪ’ ਸਮਝੌਤੇ ਵਾਲੇ ਉਮੀਦਵਾਰ ਭਗਵੰਤ ਮਾਨ ‘ਤੇ ਹੀ ਆ ਗਈ- ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਕਿਹਾ ‘ਆਪ’ ਸਮਝੌਤੇ ਵਾਲੇ ਉਮੀਦਵਾਰ ਭਗਵੰਤ ਮਾਨ ‘ਤੇ ਆ ਗਈ ਹੈ ਕਿਉਂਕਿ ਪੰਜਾਬ ਵਿੱਚ ਪਾਰਟੀ ਦੀ ਅਗਵਾਈ ਕਰਨ ਲਈ ਕੋਈ ਵੀ ਤਿਆਰ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਦੇ ਵੀ ਭਗਵੰਤ ਮਾਨ ਨੂੰ ਪੰਜਾਬ 'ਚ ਪਾਰਟੀ ਦਾ ਚਿਹਰਾ ਨਹੀਂ ਬਣਾਉਣਾ ਚਾਹੁੰਦੇ ਸਨ।
"ਉਹ ਮਾਨ ਦੇ ਮੂੰਹ 'ਤੇ ਅਜਿਹਾ ਕਹਿ ਰਹੇ ਹਨ ਜਦਕਿ ਪਾਰਟੀ ਇਕ ਯੋਗ ਉਮੀਦਵਾਰ ਦੀ ਭਾਲ ਕਰ ਰਹੀ ਹੈ। ਇਹ ਵੀ ਇੱਕ ਹਕੀਕਤ ਹੈ ਕਿ 'ਆਪ' ਨੇ ਕਈ ਸੰਭਾਵੀ ਉਮੀਦਵਾਰ ਖੜ੍ਹੇ ਕੀਤੇ ਪਰ ਉਨ੍ਹਾਂ ਵਿੱਚੋਂ ਹਰੇਕ ਨੇ ਪਾਰਟੀ ਦੀ ਅਗਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਇੱਕ ਵਿਸ਼ਵਾਸ ਸਰਵੇਖਣ ਤੋਂ ਬਾਅਦ ਇਹ ਜ਼ਿੰਮੇਵਾਰੀ ਭਗਵੰਤ 'ਤੇ ਪਾਈ ਗਈ ਹੈ।"
‘ਦੇਸ਼ ਦੇ ਇੱਕਲੌਤੇ ਦਲਿਤ, ਗਰੀਬ ਮੁੱਖ ਮੰਤਰੀ ਕੋਲੋਂ ਬਦਲਾ ਲੈਣ ਲਈ ਈਡੀ ਨੂੰ ਪੰਜਾਬ ਭੇਜਿਆ’
ਪੰਜਾਬ ਵਿੱਚ 12 ਥਾਵਾਂ ਉੱਤੇ ਈਡੀ ਦੀ ਰੇਡਜ ਪੈਣ ਤੋਂ ਬਾਅਦ ਕਾਂਗਰਸ ਦੇ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਇਸ ਨੂੰ ਮੋਦੀ ਸਰਕਾਰ ਦਾ ਬਦਲਾ ਦੱਸਿਆ।
ਉਨ੍ਹਾਂ ਨੇ ਕਿਹਾ, “ਮੋਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਬਦਲੇ ਦੀ ਅੱਗ ਵਿੱਚ ਸੜ੍ਹ ਰਹੀ ਹੈ। ਉਹ ਦੋ ਵਰਗਾਂ ਤੋਂ ਬਦਲਾ ਲੈ ਰਹੇ ਹਨ, ਇੱਕ ਕਿਸਾਨ ਵਰਗ ਤੇ ਦੂਜਾ ਦਲਿਤ ਤੇ ਪਿੱਛੜੇ।”
“ਲੱਖਾਂ ਕਿਸਾਨ ਦਿੱਲੀ ਦੀ ਡਿਓੜੀ ‘ਤੇ ਬੈਠ ਕੇ ਨਿਆਂ ਮੰਗਦੇ ਰਹੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਨਾਲ ਮਿਲਣ ਦਾ ਸਮਾਂ ਨਹੀਂ ਮਿਲਿਆ।“
“ਅਖ਼ੀਰ ਜਦੋਂ ਕਿਸਾਨ ਨੇ ਜ਼ਿਮਨੀ ਚੋਣਾਂ ਵਿੱਚ ਚੋਣਾਂ ਦੀ ਸੱਟ ਨਾਲ ਹਰਾਇਆ ਤਾਂ ਕਾਲੇ ਕਾਨੂੰਨ ਵਾਪਸ ਹੋਏ ਅਤੇ ਹੁਣ ਦਲਿਤ ਤੇ ਪਿੱਛੜੇ ਵਰਗ ਕੋਲੋਂ ਬਦਲਾ ਲਿਆ ਜਾ ਰਿਹਾ ਹੈ।“
ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ,“ਅੱਜ ਦੇਸ਼ ਦੇ ਇੱਕਲੌਤੇ ਦਲਿਤ, ਗਰੀਬ ਮੁੱਖ ਮੰਤਰੀ ਕੋਲੋਂ ਬਦਲਾ ਲੈਣ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੇ ਈਡੀ ਨੂੰ ਪੰਜਾਬ ਭੇਜ ਦਿੱਤਾ ਹੈ। ਉਹ ਇੱਕ ਪੰਜ ਸਾਲ ਪੁਰਾਣੇ ਕੇਸ ਅੰਦਰ ਵਿੱਚ, ਜਿਸ ਦਾ ਮੁੱਖ ਮੰਤਰੀ ਚੰਨੀ ਨਾਲ ਕੋਈ ਲੈਣਾ-ਦੇਣਾ ਵੀ ਨਹੀਂ ਹੈ।“
“ਭਾਜਪਾ ਦੇ ਮਨ ਵਿੱਚ ਬਦਲੇ ਦੀ ਭਾਵਨਾ ਉਜਾਗਰ ਹੋ ਰਹੀ ਹੈ।“
ਚੋਣਾਂ ਦੇ ਰੰਗ: ਵਿਧਾਇਕ ਅਤੇ ਸਾਂਸਦ ਭਰਾ ਦੇ ਘਰ ਉਪਰ ਵੱਖ-ਵੱਖ ਪਾਰਟੀਆਂ ਦੇ ਝੰਡੇ
ਕਾਦੀਆਂ ਵਿਖੇ ਬਾਜਵਾ ਪਰਿਵਾਰ ਦੇ ਸਾਂਝੇ ਘਰ ਉਪਰ ਦੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਝੰਡੇ ਲੱਗੇ ਹੋਏ ਹਨ।
ਕਾਦੀਆਂ ਤੋਂ ਕਾਂਗਰਸ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਹੁਣ ਉਨ੍ਹਾਂ ਦੇ ਘਰ ਉਪਰ ਭਾਰਤੀ ਜਨਤਾ ਪਾਰਟੀ ਦਾ ਝੰਡਾ ਲਹਿਰਾ ਰਿਹਾ ਹੈ।
ਇਸ ਘਰ ਦੇ ਹੀ ਉੱਪਰ ਕਾਂਗਰਸ ਦਾ ਝੰਡਾ ਵੀ ਲੱਗਿਆ ਹੋਇਆ ਹੈ ਕਿਉਂਕਿ ਪਰਿਵਾਰ ਦੇ ਮੈਂਬਰ ਅਤੇ ਰਾਜ ਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਤੋਂ ਕਾਂਗਰਸ ਦੇ ਉਮੀਦਵਾਰ ਵੀ ਹਨ।
ਘਰ ਦੇ ਬਾਹਰ ਪ੍ਰਤਾਪ ਸਿੰਘ ਬਾਜਵਾ ਦਾ ਪੋਸਟਰ ਲੱਗਿਆ ਹੋਇਆ ਹੈ ਜਿਸ ਉਪਰ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਵੀ ਤਸਵੀਰ ਹੈ।
ਭਾਰਤੀ ਜਨਤਾ ਪਾਰਟੀ ਵੱਲੋਂ ਫਿਲਹਾਲ ਟਿਕਟਾਂ ਦਾ ਐਲਾਨ ਨਹੀਂ ਕੀਤਾ ਗਿਆ ਅਤੇ ਇਹ ਸਾਫ ਨਹੀਂ ਹੈ ਕਿ ਫਤਹਿਜੰਗ ਸਿੰਘ ਬਾਜਵਾ ਕਿੱਥੋਂ ਚੋਣਾਂ ਲੜਨਗੇ।
ਕੇਜਰੀਵਾਲ ਨਹੀਂ ਚਾਹੁੰਦੇ ਸਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਬਣਾਉਣਾ : ਸੁਖਬੀਰ
ਆਮ ਆਦਮੀ ਪਾਰਟੀ ਵੱਲੋਂਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਤੀਕਿਰਿਆ ਦਿੱਤੀ ਹੈ।
ਸੁਖਬੀਰ ਬਾਦਲ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਕਦੇ ਪੰਜਾਬ ਵਿੱਚ ਪਾਰਟੀ ਦਾ ਚਿਹਰਾ ਨਹੀਂ ਬਣਾਉਣਾ ਚਾਹੁੰਦੇ ਸਨ।
ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕਈ ਲੋਕਾਂ ਨਾਲ ਗੱਲ ਕੀਤੀ ਗਈ ਪਰ ਉਨ੍ਹਾਂ ਸਭ ਨੇ ਪਾਰਟੀ ਦੀ ਅਗਵਾਈ ਕਰਨ ਤੋਂ ਇਨਕਾਰ ਕਰਦਾ ਇਸ ਲਈ ਆਖ਼ਿਰ ਵਿੱਚ ਪਾਰਟੀ ਨੇ ਭਗਵੰਤ ਮਾਨ ਨੂੰ ਅੱਗੇ ਕੀਤਾ ਹੈ।
ਅਕਾਲੀ ਦਲ ਆਗੂ ਨੇ ਆਖਿਆ ਕਿ ਪਿਛਲੇ ਇਕ ਸਾਲ ਤੋਂ ਆਮ ਆਦਮੀ ਪਾਰਟੀ ਆਪਣੇ ਪ੍ਰਚਾਰ ਦੌਰਾਨ ਪੰਜਾਬੀਆਂ ਨੂੰ ਕੇਜਰੀਵਾਲ ਉਪਰ ਭਰੋਸਾ ਕਰਨ ਲਈ ਆਖ ਰਹੀ ਹੈ। ਹੁਣ ਭਗਵੰਤ ਮਾਨ ਨੂੰ ਪਾਰਟੀ ਵੱਲੋਂ ਅੱਗੇ ਕਰ ਦਿੱਤਾ ਗਿਆ ਹੈ।
ਤਿੰਨ ਸ਼ਖਸ਼ੀਅਤਾਂ, ਜਿਨ੍ਹਾਂ ਦਾ ਭਗਵੰਤ ਮਾਨ ਨੇ ਭਾਸ਼ਣ ਵਿਚ ਜ਼ਿਕਰ ਕੀਤਾ
ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੀ ਕਵਿਤਾ ਦੀਆਂ ਕੁਝ ਸਤਰਾਂ ਵੀ ਪੜ੍ਹੀਆਂ। ਉਨ੍ਹਾਂ ਨੇ ਨੈਲਸਨ ਮੰਡੇਲਾ, ਪ੍ਰੋਫ਼ੈਸਰ ਮੋਹਨ ਸਿੰਘ ਦਾ ਜ਼ਿਕਰ ਵੀ ਆਪਣੇ ਭਾਸ਼ਨ ਵਿੱਚ ਕੀਤਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਕਈ ਮਹੀਨਿਆਂ ਤੋਂ ਜਿੱਥੇ ਵੀ ਜਾਂਦਾ ਸੀ ਤਾਂ ਲੋਕ ਆਖਦੇ ਸਨ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ,"ਪੰਜਾਬ ਵਿੱਚ ਰਿਵਾਇਤੀ ਪਾਰਟੀਆਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮੁੱਖ ਮੰਤਰੀ ਚਿਹਰਾ ਬਣਾ ਦਿੰਦੀਆਂ ਹਨ। ਅਸੀਂ ਸੋਚਿਆ ਕਿ ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਪੁੱਛਾਂਗੇ ਕਿ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇ।"
"ਇਸ ਨੰਬਰ 'ਤੇ ਕੁਝ ਲੋਕਾਂ ਨੇ ਮੈਨੂੰ ਵੀ ਵੋਟ ਕੀਤਾ। ਇਸ ਵਿੱਚ 93 ਫ਼ੀਸਦ ਲੋਕਾਂ ਨੇ ਭਗਵੰਤ ਮਾਨ ਦਾ ਨਾਮ ਲਿਆ ਅਤੇ ਉਸ ਤੋਂ ਬਾਅਦ ਕੁਝ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਦਾ ਵੀ ਨਾਮ ਲਿਆ। ਆਮ ਆਦਮੀ ਪਾਰਟੀ ਔਪਚਾਰਿਕਤੌਰ 'ਤੇ ਭਗਵੰਤ ਮਾਨ ਨੂੰ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਦੀ ਹੈ।"
ਭਗਵੰਤ ਮਾਨ ਦੀ ਮਾਤਾ ਅਤੇ ਭੈਣ ਹੋਏ ਭਾਵੁਕ
ਮੰਗਲਵਾਰ ਨੂੰ ਮੁਹਾਲੀ ਵਿਖੇ ਆਮ ਆਦਮੀ ਪਾਰਟੀ ਨੇ ਰਸਮੀ ਤੌਰ ਤੇ ਭਗਵੰਤ ਮਾਨ ਨੂੰ ਵਿਧਾਨ ਸਭਾ ਚੋਣਾਂ ਲਈ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ," ਪਾਰਟੀ ਨੇ ਮੇਰੇ ਉਪਰ ਅੱਜ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਲੱਖਾਂ ਲੋਕਾਂ ਨੇ ਮੇਰੇ ਤੇ ਭਰੋਸਾ ਕੀਤਾ ਅਤੇ ਮੈਂ ਹੁਣ ਜ਼ਿਮੇਦਾਰੀ ਨਾਲ ਇਹ ਕੰਮ ਕਰਾਂਗਾ।"
ਉਨ੍ਹਾਂ ਨੇ ਪਾਰਟੀ ਦੇ ਸਮਰਥਕਾਂ ਨੂੰ ਮਿਹਨਤ ਕਰਨ ਅਤੇ ਪੰਜਾਬ ਨੂੰ ਬਚਾਉਣ ਦੀ ਅਪੀਲ ਵੀ ਲਗਾਤਾਰ ਕੀਤੀ।
ਮੁੱਖ ਮੰਤਰੀ ਦੇ ਚਿਹਰੇ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਸਟੇਜ 'ਤੇ ਆਏ ਅਤੇ ਭਾਵੁਕ ਹੋ ਗਏ।
ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਸਣੇ 12 ਥਾਵਾਂ ਉੱਤੇ ਈਡੀ ਦੇ ਛਾਪੇ
ਪੰਜਾਬ ਵਿਚ 12 ਥਾਵਾਂ ਉੱਤੇ ਈਡੀ ਰੇਡਜ਼ ਹੋਣ ਉੱਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਿਖੇਧੀ ਕੀਤੀ ਹੈ। ਜਿਨ੍ਹਾਂ ਘਰਾਂ ਜਾਂ ਦਫ਼ਤਰਾਂ ਉੱਤੇ ਰੇਡ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚੋਂ ਇੱਕ ਮੁੱਖ ਮੰਤਰੀ ਦਾ ਭਤੀਜਾ ਵੀ ਦੱਸਿਆ ਜਾ ਰਿਹਾ ਹੈ।
ਮੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਉਹ ਮੈਨੂੰ ਟਾਰਗੈੱਟ ਕਰ ਰਹੇ ਹਨ ਅਤੇ ਅਸੰਬਲੀ ਚੋਣਾਂ ਕਾਰਨ ਮੇਰੇ ਉੱਤੇ ਦਬਾਅ ਬਣਾ ਰਹੇ ਹਨ। ਇਹ ਲੋਕਤੰਤਰ ਵਿਚ ਚੰਗਾ ਰੁਝਾਨ ਨਹੀਂ ਹੈ। ਅਸੀਂ ਲੜਾਈ ਲਈ ਤਿਆਰ ਹਾਂ।
ਪੱਛਮੀ ਬੰਗਾਲ ਦੀਆਂ ਚੋਣਾਂ ਦੌਰਾਨ ਵੀ ਅਜਿਹਾ ਕੁਝ ਹੀ ਕੀਤਾ ਗਿਆ ਸੀ।
ਭਗਵੰਤ ਮਾਨ ਆਪ ਦਾ ਮੁੱਖ ਮੰਤਰੀ ਦਾ ਚਿਹਰਾ- ਵਰਕਰ ਖੁਸ਼
ਆਮ ਆਦਮਪੀ ਪਾਰਟੀ ਵਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਬਾਅਦ ਬਰਾਨਾਲ ਵਿਚ ਵਰਕਰਾਂ ਨੇ ਖੁਸ਼ੀ ਮਨਾਈ
ਪਾਰਟੀ ਵਰਕਰਾਂ ਨੇ ਲੱਡੂ ਵੰਡੇ ਅਤੇ ਭੰਗੜੇ ਪਾਕੇ ਖੁਸ਼ੀ ਦਾ ਇਜ਼ਾਹਰ ਕੀਤਾ
ਤਸਵੀਰਾਂ ਤੇ ਵੇਰਵਾ : ਸੁਖਚਰਨਪ੍ਰੀਤ ਬੀਬੀਸੀ ਪੰਜਾਬੀ ਲਈ
ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨ ਦੇ ਹਾਂ ਤੇ ਨਾਂਹ ਪੱਖ਼
ਭਗਵੰਤ ਮਾਨ ਦੇ ਨਾਂ ਦੇ ਐਲਾਨ ਦਾ ਨਫ਼ਾ
- ਭਗਵੰਤ ਮਾਨ ਸਟਾਰ ਕਲਾਕਾਰ ਰਹੇ ਹਨ ਅਤੇ ਤੇਜ਼ ਤਰਾਰ ਕੰਪਨੇਰ ਹਨ, ਉਨ੍ਹਾਂ ਨੂੰ ਅਗਵਾਈ ਦੇਣ ਨਾਲ ਪਾਰਟੀ ਦੀ ਚੋਣ ਮੁਹਿੰਮ ਕਾਫ਼ੀ ਹਮਲਾਵਰ ਹੇਵੋਗੀ।
- ਪੰਜਾਬ ਦੀ ਸਿਆਸਤ ਵਿਚ ਜੱਟ ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਭਾਰੂ ਰਿਹਾ ਹੈ, ਉਨ੍ਹਾਂ ਦਾ ਜੱਟ ਸਿੱਖ ਹੋਣਾ ਵੀ ਪਾਰਟੀ ਨੂੰ ਫਾਇਦਾ ਪਹੁੰਚਾ ਸਕਦਾ ਹੈ।
- ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਜੋ ਆਮ ਆਦਮੀ ਵਾਲੀ ਦਿੱਖ ਉਭਾਰੀ ਸੀ, ਭਗਵੰਤ ਮਾਨ ਉਸ ਨੂੰ ਵੀ ਟੱਕਰ ਦੇਣਗੇ।
- ਆਮ ਆਦਮੀ ਪਾਰਟੀ ਉੱਤੇ ਵਿਰੋਧੀਆਂ ਦੇ ਪੰਜਾਬ ਦੇ ਆਗੂਆਂ ਨੂੰ ਮਾਨਤਾ ਨਾ ਦੇਣ ਦੇ ਇਲਜ਼ਾਮ ਕਾਫ਼ੀ ਹੱਦ ਤੱਕ ਖ਼ਤਮ ਹੋ ਜਾਣਗੇ।
- ਪਾਰਟੀ ਵਰਕਰਾਂ ਵਿਚ ਲੀਡਰਸ਼ਿਪ ਦੀ ਦੁਬਿਧਾ ਖਤਮ ਹੋਵੇਗੀ ਅਤੇ ਵਰਕਰਾਂ ਵਿਚ ਜੋਸ਼ ਭਰੇਗਾ।
ਭਗਵੰਤ ਮਾਨ ਦੇ ਨਾਂ ਦੇ ਐਲਾਨ ਦਾ ਨੁਕਸਾਨ
- ਭਗਵੰਤ ਮਾਨ ਨੂੰ ਵਿਰੋਧੀ ਧਿਰ ਗੰਭੀਰ ਆਗੂ ਦੀ ਬਜਾਇ ਇੱਕ ਕਾਮੇਡੀਅਨ ਪੱਖੋਂ ਹੀ ਪੇਸ਼ ਕਰਦੇ ਰਹੇ ਹਨ।
- ਭਗਵੰਤ ਮਾਨ ਉੱਤੇ ਸ਼ਰਾਬ ਪੀਕੇ ਜਨਤਕ ਸਮਾਗਮਾਂ ਵਿਚ ਜਾਣ ਦੇ ਇਲਜ਼ਾਮ ਲੱਗਦੇ ਰਹੇ ਹਨ, ਉਨ੍ਹਾਂ ਦੀ ਇਹ ਦਿੱਖ ਚੋਣ ਮੁੱਦਾ ਬਣ ਸਕਦੀ ਹੈ।
- ਵਿਰੋਧੀ ਧਿਰ ਦੀ ਕੰਪੇਨ ਹੁਣ ਇਕੱਲੇ ਭਗਵੰਤ ਮਾਨ ਉੱਤੇ ਕ੍ਰੇਂਦਿਤ ਹੋ ਸਕਦੀ ਹੈ ਅਤੇ ਦਿੱਲੀ ਮਾਡਲ ਦਾ ਪ੍ਰਚਾਰ ਪਿੱਛੇ ਪੈ ਸਕਦਾ ਹੈ।
ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਬਣੇ ਭਗਵੰਤ ਮਾਨ
ਭਗਵੰਤ ਮਾਨ ਹੀ ਹੋਣਗੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ
ਆਮ ਆਦਮੀ ਪਾਰਟੀ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ ਲੜੇਗੀ। ਸੰਗਰੂਰ ਤੋਂ ਸੰਸਦ ਮੈਂਬਰ ਹੀ ਪੰਜਾਬ ਵਿੱਚ ਪਾਰਟੀ ਦੇ ਮੁੱਖ ਮੰਤਰੀ ਲਈ ਚਿਹਰਾ ਹੋਣਗੇ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਹਾਲੀ ਵਿਖੇ ਮੰਗਲਵਾਰ ਨੂੰ ਇਸ ਦਾ ਰਸਮੀ ਤੌਰ ਤੇ ਐਲਾਨ ਕਰ ਦਿੱਤਾ। ਮੁੱਖ ਮੰਤਰੀ ਦੇ ਨਾਮ ਨੂੰ ਲੈ ਕੇ ਕਈ ਵਾਰ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੀ ਹੈ।
13 ਜਨਵਰੀ ਨੂੰ ਲੋਕਾਂ ਦੀ ਰਾਏ ਲੈਣ ਲਈ ਪਾਰਟੀ ਵੱਲੋਂ ਇੱਕ ਫੋਨ ਨੰਬਰ ਵੀ ਲਾਂਚ ਕੀਤਾ ਗਿਆ ਸੀ।
ਕੇਜਰੀਵਾਲ ਮੁਤਾਬਤ 2159437 ਲੋਕਾਂ ਨੇ ਫੋਨ ਉੱਤੇ ਆਪਣੀ ਰਾਇ ਰੱਖੀ। ਜਿਨ੍ਹਾਂ ਵਿਚੋਂ ਕੁਝ ਲੋਕਾਂ ਨੇ ਕੇਜਰੀਵਾਲ ਨੂੰ ਆਪਣੀ ਪਸੰਦ ਦੱਸਿਆ।
ਪਰ ਉਨ੍ਹਾਂ ਵੋਟਾਂ ਨੂੰ ਯੋਗ ਨਹੀਂ ਮੰਨਿਆ ਗਿਆ ਅਤੇ ਯੋਗ ਵੋਟਾਂ ਵਿਚ 93.3% ਲੋਕਾਂ ਨੇ ਭਗਵੰਤ ਮਾਨ ਨੂੰ ਆਪਣੀ ਪਸੰਦ ਮੰਨਿਆ।
ਪੰਜਾਬ ਚੋਣਾਂ 2022: ਚੋਣਾਂ ਦੇ ਮੌਸਮ ‘ਚ ਡੇਰਿਆਂ ਦੇ ਅਹਿਮੀਅਤ ਕਿਉਂ ਵੱਧ ਜਾਂਦੀ ਹੈ
ਪੰਜਾਬ ਵਿੱਚ ਚੋਣਾਂ ਆਉਂਦਿਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਸੂਬੇ ਵਿੱਚ ਸਥਿਤ ਡੇਰਿਆਂ ਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੰਦੇ ਹਨ।
ਇਹ ਮੰਨਿਆ ਗਿਆ ਹੈ ਕਿ ਪੰਜਾਬ ਵਿੱਚ ਡੇਰਿਆਂ ਜੇ ਵਧਣ-ਫੁੱਲਣ ਦੀ ਇੱਕ ਵੱਡਾ ਕਾਰਨ ਸਮਾਜਿਕ ਭੇਦਭਾਵ ਹੈ ਅਤੇ ਇਸੇ ਲਈ ਇਨ੍ਹਾਂ ਡੇਰਿਆਂ ਦੇ ਜ਼ਿਆਦਾਤਰ ਸ਼ਰਧਾਲੂ ਸਮਾਜ ਦੇ ਹੇਠਲੇ ਤਬਕਿਆਂ ਤੋਂ ਆਉਂਦੇ ਹਨ।
ਇਨ੍ਹਾਂ ਡੇਰਿਆਂ ਦੇ ਹਜ਼ਾਰਾਂ ਸ਼ਰਧਾਲੂਆਂ ਦੀ ਵੋਟਾਂ ਨੂੰ ਕੋਈ ਵੀ ਸਿਆਸੀ ਪਾਰਟੀ ਗੁਆਉਣਾ ਨਹੀਂ ਚਾਹੁੰਦੀ ਅਤੇ ਇਸੇ ਲਈ ਚੋਣਾਂ ਦੇ ਮੌਸਮ ਵਿੱਚ ਡੇਰਿਆਂ ਦੀ ਅਹਿਮੀਅਤ ਕਈ ਗੁਣਾ ਵੱਧ ਜਾਂਦੀ ਹੈ।
(ਰਿਪੋਰਟ – ਰਾਘਵੇਂਦਰ ਰਾਓ, ਸ਼ੂਟ ਤੇ ਐਡਿਟ – ਸ਼ੁਭਮ ਕੌਲ)
ਪੰਜਾਬ ਵਿਧਾਨ ਸਭਾ ਚੋਣਾਂ: ਆਗੂਆਂ ਦੀ ਦਲਬਦਲੀ
ਚੋਣਾਂ ਤੋਂ ਪਹਿਲਾਂ ਸਿਆਸੀ ਆਗੂਆਂ ਦਾ ਪਾਰਟੀਆਂ ਬਦਲ ਕੇ ਦੂਸਰੀ ਪਾਰਟੀ ਵਿੱਚ ਜਾਣਾ ਅਕਸਰ ਦੇਖਿਆ ਜਾਂਦਾ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ।
ਸੋਮਵਾਰ ਨੂੰ ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਚ' ਸ਼ਾਮਲ ਹੋ ਗਏ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਆਸ਼ੂ ਬਾਂਗੜ ਵੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਦੋ ਵਾਰ ਵਿਧਾਇਕ ਰਹੇ ਲਵ ਕੁਮਾਰ ਗੋਲਡੀ ਵੀ ਕਾਂਗਰਸ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਲੋਕ ਕਾਂਗਰਸ ਚ ਸ਼ਾਮਲ ਹੋਏ।
ਪਟਿਆਲਾ ਦੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੇ ਵੀ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਕਾਂਗਰਸ ਦਾ ਹੱਥ ਫੜਿਆ।
ਇਸ ਦੇ ਨਾਲ ਹੀ ਘਰ ਵਾਪਸੀ ਦਾ ਸਿਲਸਿਲਾ ਵੀ ਜਾਰੀ ਹੈ।
ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਭਗਵੰਤਪਾਲ ਸਿੰਘ ਸੱਚਰ ਇਕ ਦਿਨ ਬਾਅਦ ਹੀ ਕਾਂਗਰਸ ਵਿੱਚ ਵਾਪਸ ਆ ਗਏ।
ਭਗਵੰਤ ਮਾਨ ਦੀ ਕਲਾ, ਸਿਆਸਤ ਤੇ ਨਿੱਜੀ ਜ਼ਿੰਦਗੀ ਬਾਰੇ ਸੰਖ਼ੇਪ ਝਾਤ
ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਪਾਰਟੀ ਦੇ ਇੱਕਲੌਤੇ ਅਜਿਹੇ ਆਗੂ ਹਨ, ਜਿੰਨ੍ਹਾਂ ਦੀ ਪੂਰੇ ਪੰਜਾਬ ਵਿੱਚ ਅਪੀਲ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਉਹੀ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੀ ਸ਼ਕਤੀ ਅਤੇ ਕਮਜ਼ੋਰੀ ਵਜੋਂ ਦੇਖੇ ਜਾਣ ਵਾਲੇ ਆਗੂ ਹਨ।
ਭਗਵੰਤ ਮਾਨ ਦੀ ਕਲਾ, ਸਿਆਸਤ ਅਤੇ ਨਿੱਜੀ ਜ਼ਿੰਦਗੀ ਬਾਰੇ ਇੱਥੇ ਸੰਖ਼ੇਪ ਝਾਤ ਪਾਈ ਗਈ ਹੈ। ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ