You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਹੁਣ ਤੱਕ 2 ਲੱਖ ਪਰਵਾਸੀ ਮਜ਼ਦੂਰਾਂ ਨੇ ਛੱਡਿਆ ਪੰਜਾਬ- ਕੈਪਟਨ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਜੌਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ 47 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 3 ਲੱਖ 15 ਹਜ਼ਾਰ ਨੂੰ ਪਾਰ ਕੀਤਾ।

ਲਾਈਵ ਕਵਰੇਜ

  1. ਅਸੀਂ ਇਹ ਲਾਈਵ ਪੇਜ ਇੱਥੇ ਹੀ ਖ਼ਤਮ ਕਰ ਰਹੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। 19 ਮਈ ਦੇ ਲਾਈਵ ਅਪਡੇਟ ਲਈ ਇੱਥੇ ਕਲਿੱਕ ਕਰੋ।

  2. ਭਾਰਤੀ ਮੁਸਲਮਾਨਾਂ ਦੇ ਹਾਲਾਤ ਬਾਰੇ ਕੀ ਕਿਹਾ UAE ਦੀ ਰਾਜਕੁਮਾਰੀ ਨੇ?

    ਭਾਰਤ ਵਿੱਚ ਕੋਰੋਨਾਵਾਇਰਸ ਦੀ ਸ਼ੁਰੂਆਤ ਵੇਲੇ ਤਬਲੀਗ਼ੀ ਜਮਾਤ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਕਈ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਭਾਰਤੀ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤੀ ਸੰਦੇਸ਼ ਫੈਲਾਉਣ ਲੱਗੇ। ਅਜਿਹੇ ਸੰਦੇਸ਼ ਸੰਯੁਕਤ ਅਰਬ ਅਮੀਰਾਤ ‘ਚ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵੀ ਫੈਲਾਏ।

    ਇਸ ‘ਤੇ UAE ਦੀ ਰਾਜਕੁਮਾਰੀ ਹੇਂਦ ਅਲ-ਕਾਸਿਮੀ ਨੇ ਨਾਰਾਜ਼ਗੀ ਜਤਾਈ।

  3. ਲੌਕਡਾਊਨ ‘ਚ ਢਿੱਲ ਮਿਲਣ ’ਤੇ ਆਸਟਰੇਲੀਆ ਦੇ ਲੋਕ ਮਾਣ ਰਹੇ ਆਜ਼ਾਦੀ

    ਆਸਟਰੇਲੀਆ ਦੇ ਰਾਜਾਂ ਅਤੇ ਪ੍ਰਦੇਸ਼ਾਂ ਨੇ ਪਿਛਲੇ ਹਫ਼ਤੇ ਵੱਖੋ ਵੱਖਰੇ ਪੱਧਰਾਂ ‘ਤੇ ਪਾਬੰਦੀਆਂ ਨੂੰ ਸੌਖਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

    ਬਹੁਤਿਆਂ ਲਈ, ਮਾਰਚ ਤੋਂ ਬਾਅਦ ਦਾ ਇਹ ਪਹਿਲਾ ਸ਼ਨੀਵਾਰ ਸੀ ਜਦੋ ਉਨ੍ਹਾਂ ਨੇ ਪਰਿਵਾਰ ਅਤੇ ਦੋਸਤਾਂ ਨੂੰ ਦੇਖਿਆ।

    ਆਸਟਰੇਲੀਆ ਵਿੱਚ ਕੋਰੋਨਾਵਾਇਰਸ ਦੇ ਚਲਦਿਆਂ ਹੁਣ ਤੱਕ 7,000 ਤੋਂ ਵੱਧ ਸੰਕਰਮਣ ਦੇ ਮਾਮਲੇ ਅਤੇ 99 ਮੌਤਾਂ ਹੋਈਆ ਹਨ।

  4. ਹੁਣ ਤੱਕ 2 ਲੱਖ ਪਰਵਾਸੀਆਂ ਨੇ ਛੱਡੀਆ ਪੰਜਾਬ- ਕੈਪਟਨ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫਤਰ ਮੁਤਾਬਕ ਤਕਰੀਬਨ ਦੋ ਲੱਖ ਪਰਵਾਸੀ ਮਜ਼ਦੂਰਾਂ ਨੇ ਪੰਜਾਬ ਛੱਡ ਦਿੱਤਾ ਹੈ।

    ਸਰਕਾਰ ਵੱਲੋਂ ਬਣਾਏ ਪੋਰਟਲ ਤੋਂ ਕੁੱਲ 11 ਲੱਖ ਪਰਵਾਸੀਆਂ ਨੇ ਰਜਿਸਟਰੇਸ਼ਨ ਕਰਵਾਇਆ ਸੀ।

    ਖ਼ਬਰ ਏਜੰਸੀ ਏਐੱਨਆਈ ਨੇ ਸੀਐੱਮਓ ਪੰਜਾਬ ਦੇ ਹਵਾਲੇ ਤੋਂ ਦੱਸਿਆ ਹੈ ਕਿ ਸੂਬੇ ਤੋਂ ਰੋਜ਼ਾਨਾ 20 ਟਰੇਨਾਂ ਚਲਾਈਆਂ ਜਾ ਰਹੀਆਂ ਹਨ।

    ਮੁੱਖ ਮੰਤਰੀ ਦਾ ਕਹਿਣਾ ਹੈ ਕਿ ਬਿਹਾਰ ਲਈ ਹੋਰ ਵੀ ਟਰੇਨਾਂ ਚਲਾਏ ਜਾਣ ਦੀ ਲੋੜ ਹੈ ਪਰ ਫਿਲਹਾਲ ਉੱਥੇ ਦੀ ਸਰਕਾਰ ਪਰਵਾਸੀਆਂ ਨੂੰ ਹੋਰ ਨਹੀਂ ਸੱਦਣਾ ਚਾਹੁੰਦੀ ਕਿਉਂਕਿ ਉੱਥੇ ਕੁਆਰੰਟੀਨ ਸੈਂਟਰ ਭਰ ਚੁੱਕੇ ਹਨ।

  5. ਕੋਰੋਨਾਵਾਇਰਸ ਤੋਂ ਬਚਾਅ: ਕਿਸ ਤਰ੍ਹਾਂ ਦਾ ਮਾਸਕ ਸਾਨੂੰ ਕਿੰਨੀ ਸੁਰੱਖਿਆ ਦਿੰਦਾ ਹੈ

    ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਫੇਸ ਮਾਸਕ ਉਪਲਬਧ ਹਨ, ਡਿਸਪੋਜ਼ੇਬਲ ਤੋਂ ਲੈ ਕੇ ਸਰਜੀਕਲ ਮਾਸਕ ਤੱਕ। ਪਰ ਕਿਹੜਾ ਮਾਸਕ ਤੁਹਾਨੂੰ ਕਿੰਨਾ ਸੁਰੱਖਿਅਤ ਰੱਖਦਾ ਹੈ ਜਾਣੋ ਇਸ ਰਿਪੋਰਟ ਵਿੱਚ।

  6. ਕੋਰੋਨਾਵਾਇਰਸ ਕਿੱਥੋਂ ਆਇਆ, ਇਸ ਸਵਾਲ ਤੇ ਚੀਨ ਦੀ ਪ੍ਰਤੀਕਿਰਿਆ

    ਕੋਰੋਨਾਵਨਾਇਰਸ ਸਬੰਧਤ ਅੱਜ ਪੰਜਾਬ ਤੋਂ ਲੈ ਕੇ ਦੁਨੀਆਂ ਭਰ ਵਿੱਚ ਕੀ ਕੁਝ ਹੋਇਆ, ਵੇਖੋ ਇਸ ਰਾਊਂਡਅਪ ਵਿੱਚ।

  7. ਅਮਰੀਕਾ ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਆਉਣ ਵਾਲਿਆਂ ਦਾ ਮਸਲਾ ਕੀ ਹੈ?

    ਅਮਰੀਕਾ ਤੋਂ 161 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ ਇਹ ਵਿਸ਼ੇਸ਼ ਜਹਾਜ਼ ਅੰਮ੍ਰਿਤਸਰ ਉਤਰੇਗਾ।

  8. ਕੋਰੋਨਾਵਇਰਸ ਦਾ ਐਂਡੇਮਿਕ ਬਣ ਸਕਣ ਤੋਂ ਕੀ ਮਤਲਬ ਹੈ

    ਕੋਰੋਨਾ ਕਾਲ 'ਚ ਸਮਝੋ ਮਲੇਰੀਆ, ਚੇਚਕ ਤੇ ਏਡਜ਼ ਵਰਗੀਆਂ ਬਿਮਾਰੀਆਂ ਨਾਲ ਜੀਉਣਾ ਸਿੱਖਿਆ ਹੈ।

    ਵਿਸ਼ਵ ਸਿਹਤ ਸੰਗਠਨ ਮੁਤਾਬਕ ਹੋ ਸਕਦਾ ਹੈ ਕੋਰੋਨਾਵਾਇਰਸ ਸ਼ਾਇਦ ਸਾਡੇ ਵਿੱਚੋਂ ਕਦੇ ਜਾਵੇ ਹੀ ਨਾ ਅਤੇ ਸਾਡੇ ਭਾਈਚਾਰਿਆਂ ਵਿੱਚ ਇੱਕ ਹੋਰ ਸਥਾਨਕ ਵਾਇਰਸ (endemic virus) ਬਣ ਜਾਵੇ।

  9. ਪੰਜਾਬ ’ਚ 2 ਮਹੀਨੇ ਬਾਅਦ ਖੁੱਲ੍ਹੇ ਸਲੋਨ ’ਤੇ ਆਏ ਗਾਹਕ ਤੇ ਕਰਮੀ ਕੀ ਕਹਿੰਦੇ

    ਪੰਜਾਬ ਵਿੱਚ ਤਕਰੀਬਨ 2 ਮਹੀਨੇ ਲੌਕਡਾਊਨ ਦੌਰਾਨ ਬੰਦ ਰਹੇ ਸਲੋਨ ਅੱਜ ਸਰਕਾਰੀ ਹਦਾਇਤਾਂ ਮੁਤਾਬਕ ਖੁੱਲੇ ਗਏ ਹਨ, ਸਲੋਨ ਮਾਲਕਾਂ ਨੇ ਕਿਹਾ ਉਨ੍ਹਾਂ ਨੂੰ ਆਪਣੇ ਕਰਮੀਆਂ ਨੂੰ ਤਨਖਾਹਾਂ ਦੇਣੀਆਂ ਵੀ ਔਖੀਆਂ ਹੋ ਗਈਆਂ ਸਨ ਤੇ ਹੁਣ ਉਹ ਰਾਹਤ ਮਹਿਸੂਸ ਕਰ ਰਹ ਹਨ।

  10. ਲੌਕਡਾਊਨ -4 ਵਿਚ ਦਿੱਲੀ ਵਾਲਿਆਂ ਨੂੰ ਕੀ ਛੋਟ ਮਿਲੇਗੀ? ਸੀਐੱਮ ਕੇਜਰੀਵਾਲ ਨੇ ਦੱਸਿਆ

    ਕੇਂਦਰ ਸਰਕਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਦਿੱਲੀ ਸਰਕਾਰ ਨੇ ਲੌਕਡਾਊਨ -4 ਲਈ ਇੱਕ ਵਿਸਥਾਰਤ ਯੋਜਨਾ ਤਿਆਰ ਕੀਤੀ ਹੈ, ਜਿਸ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਕੀਤੀ।

    ਅਰਵਿੰਦ ਕੇਜਰੀਵਾਲ ਨੇ ਕੀ ਕਿਹਾ, ਪੜ੍ਹੋ:

    • ਕੋਰੋਨਾ ਇੱਕ ਦੋ ਮਹੀਨੇ ਵਿੱਚ ਨਹੀਂ ਜਾ ਰਿਹਾ ਹੈ। ਜਦ ਤੱਕ ਇਸ ਬਿਮਾਰੀ ਦਾ ਟੀਕਾ ਨਹੀਂ ਆਉਂਦਾ, ਇਹ ਬਿਮਾਰੀ ਸਾਡੇ ਕੋਲ ਰਹੇਗੀ।
    • ਲੌਕਡਾਊਨ ਦੌਰਾਨ ਸਾਨੂੰ ਆਪਣੀਆਂ ਤਿਆਰੀਆਂ ਕਰਨ ਦਾ ਸਮਾਂ ਮਿਲਿਆ।
    • ਲੌਕਡਾਊਨ ਹਮੇਸ਼ਾ ਲਈ ਨਹੀਂ ਰਹਿ ਸਕਦਾ, ਇਸਲਈ ਹੁਣ ਸਾਨੂੰ ਆਪਣੀ ਆਰਥਿਕਤਾ ਦਾ ਪ੍ਰਬੰਧਨ ਵੀ ਕਰਨਾ ਪਏਗਾ।
    • ਮੈਟਰੋ, ਕੋਚਿੰਗ-ਟ੍ਰੇਨਿੰਗ ਇੰਸਟੀਚਿਊਟ, ਹੋਟਲ, ਸਿਨੇਮਾ ਹਾਲ, ਮਾਲ, ਜਿਮ, ਸਵੀਮਿੰਗ ਪੂਲ, ਸਲੋਨ, ਬਾਰ, ਥੀਏਟਰ, ਆਡੀਟੋਰੀਅਮ, ਅਸੈਂਬਲੀ ਹਾਲ, ਸਕੂਲ ਅਤੇ ਵਿਦਿਅਕ ਸੰਸਥਾਵਾਂ ਬੰਦ ਰਹਿਣਗੀਆਂ।
    • ਬਾਜ਼ਾਰ ਔਡ-ਈਵਨ ਦੀ ਤਰਜ਼ ਤੇ ਖੁੱਲ੍ਹਣਗੇ, ਮਤਲਬ ਅੱਧੀਆਂ ਦੁਕਾਨਾਂ ਇੱਕ ਦਿਨ ਬਾਕੀ ਦੂਜੇ ਦਿਨ।
    • ਕਿਸੇ ਵੀ ਧਾਰਮਿਕ, ਰਾਜਨੀਤਿਕ ਜਾਂ ਸਮਾਜਿਕ ਸਮਾਗਮ ਦੀ ਆਗਿਆ ਨਹੀਂ ਹੋਵੇਗੀ। ਧਾਰਮਿਕ ਅਸਥਾਨ ਬੰਦ ਰਹਿਣਗੇ।
    • ਸ਼ਾਮ ਨੂੰ 7 ਵਜੇ ਤੋਂ ਸਵੇਰੇ 7 ਵਜੇ ਤੱਕ, ਤੁਹਾਨੂੰ ਸਿਰਫ ਬਹੁਤ ਮਹੱਤਵਪੂਰਨ ਕੰਮ ਲਈ ਘਰ ਤੋਂ ਬਾਹਰ ਜਾਣ ਦੀ ਆਗਿਆ ਹੋਵੇਗੀ।
    • 65 ਸਾਲ ਤੋਂ ਉਪਰ ਦੀ ਉਮਰ ਦੇ, 10 ਸਾਲ ਤੋਂ ਘੱਟ ਉਮਰ ਦੀਆਂ, ਗਰਭਵਤੀ ਔਰਤਾਂ, ਦਿਲ ਦੀ ਬਿਮਾਰੀ ਵਾਲੇ ਲੋਕਾਂ, ਸ਼ੂਗਰ ਦੇ ਮਰੀਜ਼ਾਂ ਨੂੰ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ, ਕਿਉਂਕਿ ਕੋਰੋਨਾ ਇਨ੍ਹਾਂ ਲੋਕਾਂ ਲਈ ਜ਼ਿਆਦਾ ਘਾਤਕ ਸਿੱਧ ਹੁੰਦੀ ਹੈ।
    • ਸਟੇਡੀਅਮ ਖੋਲ੍ਹੇ ਜਾ ਰਹੇ ਹਨ, ਪਰ ਦਰਸ਼ਕਾਂ ਨੂੰ ਸਟੇਡੀਅਮ ਵਿਚ ਜਾਣ ਦੀ ਆਗਿਆ ਨਹੀਂ ਹੈ।
    • ਕੈਬ ਚੱਲਣਗੀਆਂ ਪਰ ਇੱਕ ਕੈਬ ਅੰਦਰ ਦੋ ਤੋਂ ਵੱਧ ਸਵਾਰੀਆਂ ਨਾ ਹੋਣ। ਡਰਾਈਵਰ ਨੂੰ ਹਰ ਸਫ਼ਰ ਤੋਂ ਬਾਅਦ ਕਾਰ ਨੂੰ ਸਾਫ਼ ਕਰਨਾ ਚਾਹੀਦਾ ਹੈ।
    • ਬੱਸਾਂ ਸ਼ੁਰੂ ਹੋਣਗੀਆਂ, 20 ਤੋਂ ਵੱਧ ਯਾਤਰੀ ਬੱਸ ਵਿਚ ਸਵਾਰ ਨਹੀਂ ਹੋਣਗੇ। ਸਾਰੇ ਸਵਾਰੀਆਂ ਦੀ ਬੱਸ ਵਿਚ ਚੜ੍ਹਨ ਤੋਂ ਪਹਿਲਾਂ ਜਾਂਚ ਕੀਤੀ ਜਾਵੇਗੀ।
    • ਸਾਰੇ ਸਰਕਾਰੀ ਅਤੇ ਨਿੱਜੀ ਦਫਤਰ ਖੁੱਲ੍ਹਣਗੇ। ਪਰ ਪ੍ਰਾਈਵੇਟ ਕੰਪਨੀਆਂ ਜਿੰਨਾ ਸੰਭਵ ਹੋ ਸਕੇ, ਅਜੇ ਘਰ ਤੋਂ ਕੰਮ ਜਾਰੀ ਰੱਖਣ ਦੀ ਕੋਸ਼ਿਸ਼ ਕਰੋ।
    • ਨਿਰਮਾਣ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਕੰਮਾਂ ਵਿਚ ਸਿਰਫ ਦਿੱਲੀ ਵਿਚ ਰਹਿਣ ਵਾਲੇ ਕਾਮੇ ਕੰਮ ਕਰ ਸਕਣਗੇ। ਗੁਆਂਢੀ ਰਾਜ ਦੇ ਮਜ਼ਦੂਰਾਂ ਨੂੰ ਹਾਲੇ ਇਜਾਜ਼ਤ ਨਹੀਂ ਹੈ.
    • ਵਿਆਹ ਲਈ 50 ਮਹਿਮਾਨਾਂ ਦੇ ਦਾਵਤ ਦੀ ਆਗਿਆ ਹੋਵੇਗੀ। ਅੰਤਮ ਸੰਸਕਾਰ ਵਿਚ ਸਿਰਫ 20 ਲੋਕਾਂ ਨੂੰ ਇਜਾਜ਼ਤ ਹੋਵੇਗੀ। ਇਸ ਵਿੱਚ, ਸਮਾਜਕ ਦੂਰੀਆਂ ਦਾ ਧਿਆਨ ਰੱਖਣਾ ਹੋਵੇਗਾ।
    • ਕੰਟੇਨਮੈਂਟ ਜ਼ੋਨ ਵਿਚ ਕਿਸੇ ਵੀ ਗਤੀਵਿਧੀ ਦੀ ਆਗਿਆ ਨਹੀਂ ਹੈ।
    • ਮਾਸਕ ਪਾਉਣਾ ਲਾਜ਼ਮੀ ਹੈ।
  11. 'ਭੁੱਖੇ ਮਾਰਨ ਦੀ ਥਾਂ ਸਾਨੂੰ ਨਦੀ 'ਚ ਡੋਬ ਦਿਓ ਜਾਂ ਸਾਡਾ ਸਿਰ ਪਟੜੀ 'ਤੇ ਧਰ ਦਿਓ'

    '10 ਦਿਨਾਂ ਤੋਂ ਤੁਰ ਰਹੇ ਹਾਂ, ਪੈਰਾਂ 'ਚ ਵੀ ਛਾਲੇ ਪੈ ਗਏ ਨੇ, ਪੁਲਿਸ ਵੀ ਡੰਡੇ ਮਾਰ ਰਹੀ ਹੈ'

    ਇਹ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ ਪਰ ਹਰਿਆਣਾ ਦੀ ਸਰਹੱਦ ’ਤੇ ਇਨ੍ਹਾਂ ਨੂੰ ਰੋਕ ਦਿੱਤਾ ਗਿਆ ਹੈ।

    ਇਨ੍ਹਾਂ ਵਿੱਚ ਔਰਤਾਂ ਅਤੇ ਛੋਟੇ-ਛੋਟੇ ਬੱਚਿਆਂ ਦੀ ਤਾਦਾਦ ਕਾਫੀ ਨਜ਼ਰ ਆ ਰਹੀ ਹੈ।

    ਇਹ ਲੋਕ ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਦੇ ਪਿੰਡ ਭੈਰਾ ਬਾਂਕੀਪੁਰ ਹੁੰਦੇ ਹੋਏ ਉੱਤਰ ਪ੍ਰਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਸੀ।

  12. ਇੱਕ ਬੱਚੇ ਦੇ ਕੋਰੋਨਾ ਟੈਸਟ ਪੌਜ਼ਿਟਿਵ ਆਉਣ ਤੋਂ ਬਾਅਦ ਫਰਾਂਸ ਦੇ ਸਕੂਲ ਹੋਏ ਬੰਦ

    ਉੱਤਰ-ਪੂਰਬੀ ਫਰਾਂਸ ਦੇ ਸ਼ਹਿਰ ਰਾਉਬਾਈਕਸ ਵਿੱਚ ਇੱਕ ਬੱਚੇ ਦੇ ਕੋਰੋਨਾਵਾਇਰਸ ਦਾ ਪੌਜ਼ਿਟਿਵ ਟੈਸਟ ਆਉਣ ਤੋਂ ਬਾਅਦ ਸਾਵਧਾਨੀ ਵਜੋਂ ਸੱਤ ਸਕੂਲ ਬੰਦ ਕੀਤੇ ਗਏ ਹਨ।

    ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਵੀ ਦੱਸਣਗੇ ਜੋ ਉਸ ਬੱਚੇ ਦੇ ਸੰਪਰਕ ਵਿੱਚ ਆਏ ਸਨ। ਇਹ ਸਕੂਲ ਹੁਣ ਬੱਚਿਆਂ ਨੂੰ ਆਨਲਾਈਨ ਹੀ ਪੜਾਈ ਕਰਾਉਣਗੇ।

    ਲੌਕਡਾਊਨ ਹਟਾਉਣ ਤੋਂ ਬਾਅਦ, ਫ੍ਰੈਂਚ ਸਕੂਲ ਪਿਛਲੇ ਹਫ਼ਤੇ ਦੀ ਦੁਬਾਰਾ ਖੋਲ੍ਹੇ ਗਏ ਸਨ। ਬਹੁਤ ਸਾਰੇ ਲੋਕ ਇਸ ਕਦਮ ਬਾਰੇ ਪਹਿਲਾਂ ਹੀ ਚਿੰਤਤ ਸਨ।

    ਸਿੱਖਿਆ ਮੰਤਰੀ ਜੀਨ-ਮਿਸ਼ੇਲ ਬਲੈਂਕੁਏਰ ਨੇ ਸੋਮਵਾਰ ਨੂੰ ਫ੍ਰੈਂਚ ਪ੍ਰਸਾਰਕ ਆਰ.ਟੀ.ਐਲ. ਨੂੰ ਦੱਸਿਆ ਕਿ ਪਿਛਲੇ ਹਫ਼ਤੇ ਤੋਂ ਖੁੱਲ੍ਹਣ ਵਾਲੇ ਤਕਰੀਬਨ 40,000 ਸਕੂਲਾਂ ਵਿੱਚ ਵਾਇਰਸ ਦੇ 70 ਮਾਮਲੇ ਸਾਹਮਣੇ ਆਏ ਹਨ।

    ਉਨ੍ਹਾਂ ਨੇ ਦੱਸਿਆ ਕਿ ਪ੍ਰਭਾਵਿਤ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ।

  13. ਕੋਰੋਨਾਵਾਇਰਸ - ਯੂਕੇ ਨੇ ਲੱਛਣਾਂ ਦੀ ਸੂਚੀ ਵਿਚ ਸੁੰਘਣ ਅਤੇ ਸੁਆਦ ‘ਤੇ ਅਸਰ ਨੂੰ ਕੀਤਾ ਸ਼ਾਮਲ

    ਯੂਕੇ ਨੇ ਸੁੰਘਣ ਅਤੇ ਸੁਆਦ ਦੀ ਕਮੀ ਨੂੰ ਹੁਣ ਕੋਵਿਡ-19 ਦੇ ਲੱਛਣਾਂ ਦੀ ਅਧਿਕਾਰਤ ਸੂਚੀ ਵਿਚ ਸ਼ਾਮਲ ਕੀਤਾ ਹੈ।

    ਹੁਣ ਤੱਕ, ਲੋਕਾਂ ਨੂੰ ਬੁਖਾਰ ਜਾਂ ਖੰਘ ਦੇ ਲੱਛਣਾਂ ਦੇ ਅਧਾਰ ‘ਤੇ ਲਾਗ ਦੇ ਫੈਲਣ ਨੂੰ ਰੋਕਣ ਲਈ ਕੁਆਰੰਟੀਨ ਰਹਿਣ ਦੀ ਸਲਾਹ ਦਿੱਤੀ ਗਈ ਸੀ।

    ਪਰ ਕੰਨ, ਨੱਕ ਅਤੇ ਗਲੇ ਦੇ ਡਾਕਟਰ ਹਫ਼ਤਿਆਂ ਤੋਂ ਚੇਤਾਵਨੀ ਦੇ ਰਹੇ ਸਨ ਕਿ ਸੂਚੀ ਵਿਚ ਹੋਰ ਲੱਛਣਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

    ਇਸ ਤੋਂ ਪਹਿਲਾਂ, ਇਕ ਵਿਗਿਆਨਕ ਮਾਹਰ ਵਲੋਂ ਚੇਤਾਵਨੀ ਦਿੱਤੀ ਗਈ ਸੀ ਕਿ ਯੂਕੇ ਕਰੀਬ 70,000 ਕੋਰੋਨਾਵਾਇਰਸ ਦੀ ਲਾਗ ਤੋਂ ਅਨਜਾਨ ਰਿਹਾ ਹੋ ਸਕਦਾ ਹੈ, ਕਿਉਂਕਿ ਇਹ ਸਿਰਫ ਬੁਖਾਰ ਅਤੇ ਖਾਂਸੀ 'ਤੇ ਕੇਂਦ੍ਰਤ ਸੀ।

  14. ਕੋਰੋਨਾਵਾਇਰਸ ਕਿੱਥੋਂ ਆਇਆ? ਭਾਰਤ ਵੀ ਚਾਹੁੰਦਾ ਹੈ ਕੌਮਾਂਤਰੀ ਜਾਂਚ

    ਕੋਰੋਨਾਵਾਇਰਸ ਦਾ ਮੁੱਦਾ ਜੇਨੇਵਾ ਵਿਚ ਵਿਸ਼ਵ ਸਿਹਤ ਸੰਗਠਨ ਦੀ ਹੋਣ ਵਾਲੀ ਮਹੱਤਵਪੂਰਨ ਬੈਠਕ ਵਿਚ ਤੂਲ ਫੜਦਾ ਨਜ਼ਰ ਆ ਰਿਹਾ ਹੈ।

    ਕੋਰੋਨਾਵਾਇਰਸ ਦਾ ਸਰੋਤ ਕੀ ਹੈ, ਇਹ ਕਿੱਥੋਂ ਪੈਦਾ ਹੋਇਆ? ਭਾਰਤ ਇਸ ਪ੍ਰਸ਼ਨ 'ਤੇਨਿਰਪੱਖ, ਸੁਤੰਤਰ ਅਤੇ ਪੂਰੀ ਜਾਂਚ ਦੀ ਮੰਗ ਕਰਨ ਵਾਲੇ ਦੇਸ਼ਾਂ ਵਿਚ ਸ਼ਾਮਲ ਹੋ ਸਕਦਾ ਹੈ।

    ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ ਇਸ ਸਮੇਂ 60 ਤੋਂ ਵੱਧ ਦੇਸ਼ ਇਸ ਮੰਗ ਦਾ ਸਮਰਥਨ ਕਰ ਰਹੇ ਹਨ।

    ਦੋ ਰੋਜ਼ਾ ਵਿਸ਼ਵ ਸਿਹਤ ਅਸੈਂਬਲੀ ਦਾ 73ਵਾਂ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਣ ਵਾਲਾ ਹੈ। ਯੂਐਸ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦੀ ਜਾਂਚ ਦੀ ਮੰਗ ਕੀਤੀ ਹੈ ਕਿ ਵੁਹਾਨ ਸ਼ਹਿਰ ਵਿਚ ਕੋਰੋਨਾਵਾਇਰਸ ਕਿਵੇਂ ਪੈਦਾ ਹੋਇਆ?

    ਵਿਸ਼ਵਭਰ ਵਿਚ, ਕੋਰੋਨਾ ਵਾਇਰਸ ਨਾਲ ਸੰਕਰਮਣ ਕਾਰਨ 3,10,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 47 ਲੱਖ ਲੋਕ ਸੰਕਰਮਿਤ ਹੋ ਚੁੱਕੇ ਹਨ।

  15. ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰੂ ਘਰ ਵੀ ਖੁੱਲ੍ਹਣੇ ਚਾਹੀਦੇ ਹਨ

  16. ਅਮਰੀਕਾ ਤੋਂ 191 ਗੈਰ-ਕਾਨੂੰਨੀ ਪਰਵਾਸੀ ਆਉਣਗੇ ਭਾਰਤ

    ਯੂਨਾਈਟਿਡ ਸਟੇਟਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ. ਸੀ. ਈ.) ਦੁਆਰਾ ਕਰਵਾਏ ਗਏ ਇਕ ਵਿਸ਼ੇਸ਼ ਚਾਰਟਰ (ਐਸ.ਐਚ.ਆਰ.ਸੀ.) ਮਿਸ਼ਨ ਤਹਿਤ 19 ਮਈ ਨੂੰ 161 ਗੈਰ ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ।

    ਇੰਨ੍ਹਾਂ ਪਰਵਾਸੀਆਂ ਵਿਚ 132 ਲੋਕ ਪੰਜਾਬ ਅਤੇ ਹਰਿਆਣਾ ਤੋਂ ਹਨ। ਪੰਜਾਬ ਦੇ 56 ਪਰਵਾਸੀ ਹਨ ਅਤੇ ਹਰਿਆਣਾ ਦੇ 76 ਪਰਵਾਸੀ ਹਨ।

    ਅਮਰੀਕੀ ਏਜੰਸੀ ਦੀ ਹਵਾਈ ਆਵਾਜਾਈ ਸ਼ਾਖਾ ਦੀ ਆਈਸੀਈ ਚਾਰਟਰਡ ਉਡਾਣ ਨੂੰ ਗੈਰ ਕਾਨੂੰਨੀ ਪਰਵਾਸੀਆਂ ਨੂੰ ਅਮਰੀਕੀ ਧਰਤੀ ਤੋਂ ਹਟਾਉਣ ਦਾ ਕੰਮ ਸੌਂਪਿਆ ਗਿਆ ਹੈ।

    ਇਹ ਫਲਾਈਟ ਮੰਗਲਵਾਰ ਸ਼ਾਮ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਵੇਗੀ।

  17. ਕੋਵਿਡ -19 ਦੀ ਲੜਾਈ ਵਿਚ ਵਿਖੀ 'ਘੱਟ ਵਿਸ਼ਵਵਿਆਪੀ ਏਕਤਾ': ਸੰਯੁਕਤ ਰਾਸ਼ਟਰ ਦੇ ਮੁਖੀ

    ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਨੇ ਵਿਸ਼ਵ ਸਿਹਤ ਸੰਗਠਨ ਦੀ ਸਾਲਾਨਾ ਵਿਸ਼ਵ ਸਿਹਤ ਅਸੈਂਬਲੀ ਦੀ ਸ਼ੁਰੂਆਤ ਇਹ ਕਹਿ ਕੇ ਕੀਤੀ ਕਿ ਕੋਵਿਡ -19 ਨਾਲ ਲੜਨ ਵਿਚ ਵਧੇਰੇ ਵਿਸ਼ਵਵਿਆਪੀ ਏਕਤਾ ਹੋਣ ਦੀ ਜ਼ਰੂਰਤ ਹੈ।

    ਐਂਟੀਨੀਓ ਗੁਟਰੇਸ ਨੇ ਕਿਹਾ ਕਿ ਕੋਵਿਡ -19 ਨਾਲ ਲੜਨ ਲਈ "ਘੱਟ ਵਿਸ਼ਵਵਿਆਪੀ ਏਕਤਾ" ਵਿਖਾਈ ਦਿੱਤੀ ਹੈ।

    ਉਨ੍ਹਾਂ ਨੇ ਅੱਗੇ ਕਿਹਾ ਕਿ ਮਹਾਂਮਾਰੀ ਸੰਭਾਵਤ ਤੌਰ 'ਤੇ "ਵਿਕਾਸਸ਼ੀਲ ਦੇਸ਼ਾਂ ਵਿੱਚ ਹੋਰ ਵਿਨਾਸ਼ਕਾਰੀ" ਹੋਵੇਗੀ।

  18. ਕੋਰੋਨਾਵਾਇਰਸ ਕਿੱਥੋਂ ਆਇਆ? ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬੋਲੇ

    ਵਿਸ਼ਵ ਸਿਹਤ ਸੰਗਠਨ ਅਸੈਂਬਲੀ ਦੀ ਵਰਚੁਅਲ ਮੀਟਿੰਗ ‘ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣਾ ਪੱਖ ਰੱਖਿਆ।

    ਉਹਨਾਂ ਕਿਹਾ, "ਸਭ ਦੇ ਨਾਲ ਅਸੀਂ ਖੁੱਲੇਪਣ, ਪਾਰਦਰਸ਼ਿਤਾ ਅਤੇ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ।"

    ਕੋਰੋਨਾਵਾਇਰਸ ਦਾ ਸਰੋਤ ਕੀ ਹੈ, ਇਹ ਕਿੱਥੋਂ ਪੈਦਾ ਹੋਇਆ? ਭਾਰਤ ਵੀ ਇਸ ਪ੍ਰਸ਼ਨ 'ਤੇ ਨਿਰਪੱਖ, ਸੁਤੰਤਰ ਅਤੇ ਪੂਰੀ ਜਾਂਚ ਦੀ ਮੰਗ ਕਰਨ ਵਾਲੇ ਦੇਸ਼ਾਂ ਵਿਚ ਸ਼ਾਮਲ ਹੋ ਸਕਦਾ ਹੈ।

    ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ ਇਸ ਸਮੇਂ 60 ਤੋਂ ਵੱਧ ਦੇਸ਼ ਇਸ ਮੰਗ ਦਾ ਸਮਰਥਨ ਕਰ ਰਹੇ ਹਨ।

    ਦੋ ਰੋਜ਼ਾ ਵਿਸ਼ਵ ਸਿਹਤ ਅਸੈਂਬਲੀ ਦਾ 73ਵਾਂ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋ ਚੁੱਕਿਆ ਹੈ। ਯੂਐਸ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਦੀ ਜਾਂਚ ਦੀ ਮੰਗ ਕੀਤੀ ਸੀ ਕਿ ਵੂਹਾਨ ਸ਼ਹਿਰ ਵਿਚ ਕੋਰੋਨਾਵਾਇਰਸ ਕਿਵੇਂ ਪੈਦਾ ਹੋਇਆ?

  19. ਕੋਰੋਨਾਵਾਇਰਸ: ਸਾਨੂੰ ਟੈਲੀਫੋਨ ਨੇ ਚਿੱਠੀਆਂ ਭੁਲਾ ਦਿੱਤੀਆਂ ਤਾਂ ਕੀ ਕੋਰੋਨਾ ਸਾਨੂੰ ਹੱਥ ਮਿਲਾਉਣਾ ਭੁਲਾ ਦੇਵੇਗਾ

    ਕੋਰੋਨਾਵਇਰਸ ਮਹਾਂਮਾਰੀ ਕਾਰਨ ਦੁਨੀਆਂ ਭਰ ਵਿੱਚ ਮਨੁੱਖ ਇੱਕ ਦੂਜੇ ਨੂੰ ਛੋਹਣ ਦੇ ਆਪਣੇ ਕਦੀਮੀਂ ਸੁਭਾਅ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਸੁਭਾਅ ਦਾ ਇੱਕ ਅੰਗ ਹੈ ਹੱਥ ਮਿਲਾਉਣਾ।

    ਲੇਖਕ ਜੇਮਜ਼ ਜੈਫ਼ਰੀ ਇਸ ਲੇਖ ਵਿੱਚ ਮਹਾਂਮਾਰੀ ਦਾ ਸਮਾਂ ਲੰਘ ਜਾਣ ਤੋਂ ਬਾਅਦ ਇਸ ਦੇ ਬਦਲਾਂ ਦੀ ਚਰਚਾ ਕਰ ਰਹੇ ਹਨ।

    ਹੱਥ ਦੋ ਅਜਨਬੀ ਵੀ ਮਿਲਾ ਲੈਂਦੇ ਹਨ, ਜਿਨ੍ਹਾਂ ਨੇ ਸ਼ਾਇਦ ਕਦੇ ਮੁੜ ਨਾ ਮਿਲਣਾ ਹੋਵੇ ਤੇ ਕਿਸੇ ਵੱਡੇ ਸਮਝੌਤੇ ਦੇ ਪੂਰ ਚੜ੍ਹਨ 'ਤੇ ਵੀ ਦੋਵੇਂ ਧਿਰਾਂ ਹੱਥ ਹੀ ਮਿਲਾਉਂਦੀਆਂ ਹਨ। ਹੱਥ ਮਿਲਾਉਣਾ ਸ਼ਿਸ਼ਟਾਚਾਰ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

  20. ਗ੍ਰਹਿ ਮੰਤਰਾਲੇ ਨੇ ਕਿਹਾ- ਕੋਈ ਵੀ ਰਾਜ ਲੌਕਡਾਊਨ -4 ਦੇ ਦਿਸ਼ਾ-ਨਿਰਦੇਸ਼ਾਂ ਨੂੰ ਘੱਟ ਨਹੀਂ ਕਰੇਗਾ

    ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ 'ਕੋਈ ਵੀ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ 31 ਮਈ ਤੱਕ ਦੇਸ਼ ਵਿਆਪੀ ਤਾਲਾਬੰਦੀ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਘੱਟ ਨਹੀਂ ਕਰੇਗਾ।'

    ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਦਿੱਤੇ ਸੰਦੇਸ਼ ਵਿੱਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ ਕਿ 11 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀਆਂ ਨਾਲ ਆਯੋਜਿਤ ਇੱਕ ਵੀਡੀਓ ਕਾਨਫਰੰਸ ਤੋਂ ਬਾਅਦ ਰਾਜਾਂ ਦੀ ਰਾਏ ਅਤੇ ਸਹਿਮਤੀ ਲੈਣ ਤੋਂ ਬਾਅਦ ਤਾਲਾਬੰਦੀ ਦੇ ਚੌਥੇ ਪੜਾਅ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

    ਉਨ੍ਹਾਂ ਨੇ ਲਿਖਿਆ, “ਜਿਵੇਂ ਕਿ ਮੇਰੇ ਪਹਿਲੇ ਪੱਤਰਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ, ਮੈਂ ਦੁਹਰਾਉਣਾ ਚਾਹਾਂਗਾ ਕਿ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਘਟਾ ਜਾਂ ਬਦਲ ਨਹੀਂ ਸਕਦੇ। ਸਥਿਤੀ ਦੇ ਮੁਲਾਂਕਣ ਦੇ ਅਧਾਰ ਤੇ, ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵੱਖ-ਵੱਖ ਖੇਤਰਾਂ ਵਿੱਚ ਕੁਝ ਹੋਰ ਗਤੀਵਿਧੀਆਂ ਨੂੰ ਸੀਮਤ ਕਰ ਸਕਦੇ ਹਨ। ”

    ਉਨ੍ਹਾਂ ਕਿਹਾ ਕਿ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਪੋ ਆਪਣੇ ਖੇਤਰਾਂ ਵਿਚ ਕੋਰੋਨਾਵਾਇਰਸ ਦੀ ਲਾਗ ਦੀ ਸਥਿਤੀ ਦੇ ਮੱਦੇਨਜ਼ਰ ਰੈੱਡ, ਔਰੰਜ ਅਤੇ ਗ੍ਰੀਨ ਜ਼ੋਨ ਦਾ ਫ਼ੈਸਲਾ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।