50 ਤੋਂ ਵੱਧ ਦਿਨਾਂ ਲਈ ਭੁੱਖੇ ਰਹਿਣ ਨਾਲ ਸਰੀਰ 'ਤੇ ਕੀ ਅਸਰ ਪੈਂਦਾ ਹੈ, ਦਿਲ ਦੇ ਦੌਰੇ ਸਣੇ ਹੋਰ ਕਿਹੜੀ ਬਿਮਾਰੀ ਦਾ ਵੱਧ ਜਾਂਦਾ ਖ਼ਤਰਾ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ
ਤਸਵੀਰ ਕੈਪਸ਼ਨ, ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਤਸਵੀਰ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਦੋ ਮਹੀਨੇ ਪੂਰੇ ਹੋਣ ਵਿਚ ਕੁੱਝ ਹੀ ਦਿਨ ਬਚੇ ਹਨ। ਸੁਪਰੀਮ ਕੋਰਟ ਲਗਾਤਾਰ ਉਹਨਾਂ ਦੀ ਸਿਹਤ ਬਾਰੇ ਚਿੰਤਾ ਪ੍ਰਗਟ ਕਰ ਰਿਹਾ ਹੈ।

ਪਰ ਡੱਲੇਵਾਲ ਨੇ ਮੰਗਾਂ ਨਾ ਮੰਨੇ ਜਾਣ ਤੱਕ ਮਰਨ ਵਰਤ ਖ਼ਤਮ ਨਾ ਕਰਨ ਦਾ ਐਲਾਨ ਕੀਤਾ ਹੋਇਆ ਹੈ, ਮਤਲਬ ਭੋਜਨ ਖਾਧੇ ਬਿਨ੍ਹਾਂ ਰਹਿਣਾ ।

ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਨੂੰ 50 ਦਿਨਾਂ ਤੋਂ ਵੱਧ ਦਾ ਵਕਤ ਹੋ ਗਿਆ, ਅਜਿਹੇ ਵਿੱਚ ਸਵਾਲ ਇਹ ਹੈ ਕਿ ਕੋਈ ਵਿਅਕਤੀ ਬਿਨ੍ਹਾਂ ਕੁਝ ਖਾਧੇ ਕਿਵੇਂ ਅਤੇ ਕਦੋਂ ਤੱਕ ਜਿਉਂਦਾ ਰਹਿ ਸਕਦਾ ਹੈ।

ਇਸ ਲਈ ਅਸੀਂ ਸਿਹਤ ਮਾਹਰਾਂ ਤੋਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਕੋਈ ਇਨਸਾਨ 50 ਜਾਂ ਉਸ ਤੋਂ ਵੱਧ ਦਿਨਾਂ ਤੱਕ ਕੁਝ ਨਹੀਂ ਖਾਂਦਾ ਤਾਂ ਉਸਦੀ ਸਿਹਤ 'ਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ ਅਤੇ ਕੈਂਸਰ ਨਾਲ ਜੂਝ ਚੁੱਕੇ ਲੋਕਾਂ ਲਈ ਮਰਨ ਵਰਤ ਰੱਖਣਾ ਕਿੰਨਾ ਨੁਕਸਾਨਦੇਹ ਹੋ ਸਕਦਾ ਹੈ?

ਇਹ ਜਾਨਣ ਲਈ ਬੀਬੀਸੀ ਨੇ ਸਰ ਗੰਗਾ ਰਾਮ ਹਸਪਤਾਲ ਦੇ ਐੱਮਬੀਬੀਐੱਸ ਐੱਮ.ਡੀ. ਡਾਕਟਰ ਐੱਮ.ਵਲੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਜੇਕਰ ਕੋਈ ਆਮ ਵਿਅਕਤੀ ਭੁੱਖ ਹੜਤਾਲ ਕਰਦਾ ਹੈ ਤਾਂ ਉਹ ਜ਼ਿਆਦਾ ਤੋਂ ਜ਼ਿਆਦਾ 39-40 ਦਿਨ ਭੁੱਖਾ ਰਹਿ ਸਕਦਾ ਹੈ।

ਪਰ ਜੇਕਰ ਕੋਈ ਕੈਂਸਰ ਦਾ ਮਰੀਜ਼ ਭੁੱਖਾ ਰਹਿੰਦਾ ਹੈ ਤਾਂ ਉਸਦੀ ਮੌਤ ਹੋਣ ਦੀ ਸੰਭਾਵਨਾ ਵੱਧ ਹੈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਭੁੱਖੇ ਰਹਿਣ ਨਾਲ ਸਰੀਰ ਵਿੱਚ 1 ਦਿਨ ਦੇ ਅੰਦਰ ਕੀ ਅਸਰ ਦਿਖਦਾ ਹੈ?

ਖਾਣਾ ਖਾਣ ਤੋਂ ਨਾਂ ਕਰ ਰਹੀ ਕੁੜੀ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਵਲੀ ਮੁਤਾਬਕ ਕੋਈ ਆਮ ਵਿਅਕਤੀ ਜ਼ਿਆਦਾ ਤੋਂ ਜ਼ਿਆਦਾ 39-40 ਦਿਨ ਭੁੱਖਾ ਰਹਿ ਸਕਦਾ ਹੈ

ਡਾਕਟਰ ਵਲੀ ਮੁਤਾਬਕ ਅਜਿਹੇ ਵਿਅਕਤੀ ਦੇ ਚਿਹਰੇ 'ਤੇ ਰੌਣਕ ਘੱਟਣੀ ਸ਼ੁਰੂ ਹੋ ਜਾਂਦੀ ਹੈ। ਸਰੀਰ ਸੁਸਤ ਪੈਣ ਲੱਗਦਾ ਹੈ, ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਸ਼ੂਗਰ ਦਾ ਪੱਧਰ ਘੱਟ ਹੋਣ ਲੱਗਦਾ ਹੈ ਅਤੇ ਲੀਵਰ ਨੂੰ ਸਿਗਨਲ ਜਾਣ ਲੱਗਦਾ ਹੈ। ਸ਼ੂਗਰ ਘੱਟਦੀ ਹੈ ਤਾਂ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਲਟੀਆਂ ਵੀ ਲੱਗ ਸਕਦੀਆਂ ਹਨ।

20 ਦਿਨਾਂ ਵਿੱਚ ਕੀ ਅਸਰ ਦਿਖਦਾ ਹੈ?

ਡਾਕਟਰ ਵਲੀ ਕਹਿੰਦੇ ਹਨ, "ਖਾਣਾ ਨਾ ਖਾਣ ਨਾਲ ਸਰੀਰ ਅੰਦਰ ਐਸਿਡ ਬਣਨੇ ਸ਼ੁਰੂ ਹੋ ਜਾਂਦੇ ਹਨ।"

"ਗੁਲੂਕੋਜ਼ ਨਾ ਮਿਲਣ ਕਾਰਨ ਸਰੀਰ ਅੰਦਰ ਜ਼ਿਆਦਾ ਮਾਤਰਾ ਵਿੱਚ ਕੀਟੋਨ ਬਣ ਜਾਂਦੇ ਹਨ, ਕੀਟੋਨ ਹਾਈਡਰੋਕਾਰਬਨ ਦੀ ਇੱਕ ਕਿਸਮ ਹੈ। ਇਹ ਉਦੋਂ ਬਣਦੇ ਹਨ ਜਦੋਂ ਸਰੀਰ ਅੰਦਰ ਸ਼ੂਗਰ ਨਹੀਂ ਪਹੁੰਚਦਾ ਅਤੇ ਸਰੀਰ ਨੂੰ ਊਰਜਾ ਨਹੀਂ ਮਿਲਦੀ।"

"ਜਿਸ ਕਰਕੇ ਸਰੀਰ ਵਿੱਚ ਐਸਿਡ ਵੱਧ ਜਾਂਦਾ ਹੈ ਅਤੇ ਸਰੀਰ ਕੀਟੋਨ ਉੱਤੇ ਜਿਊਂਦਾ ਰਹਿਣ ਲੱਗਦਾ ਹੈ।"

ਉਹ ਕਹਿੰਦੇ ਹਨ ਕਿ ਦਿਮਾਗ ਦੇ ਸੈੱਲਾਂ ਨੂੰ ਜਦੋਂ ਗੁਲੂਕੋਸ ਨਹੀਂ ਮਿਲਦਾ ਤਾਂ ਉਹ ਕੀਟੋਨ ਤੋਂ ਨਿਊਟਰੀਸ਼ਨ ਲੈਂਦੇ ਹਨ।

ਇਸ ਵੇਲੇ ਤੱਕ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਹੋ ਜਾਂਦੀ ਹੈ। ਜਿਸ ਕਰਕੇ ਥਕਾਵਟ ਰਹਿਣਾ ਆਮ ਹੋ ਜਾਂਦਾ ਹੈ। ਸਰੀਰ ਅੰਦਰ ਮਾਸਪੇਸ਼ੀਆਂ ਟੁੱਟ ਜਾਂਦੀਆਂ ਹਨ।

ਇਸ ਤੋਂ ਇਲਾਵਾ ਬੇਹੋਸ਼ੀ ਵੀ ਹੋ ਸਕਦੀ ਹੈ। ਦਿਲ ਨੂੰ ਨੁਕਸਾਨ ਹੋ ਸਕਦਾ ਹੈ, ਦਿਲ ਦਾ ਦੌਰਾ ਪੈ ਸਕਦਾ ਹੈ। ਸਾਹ ਦੀ ਗਤੀ ਤੇਜ਼ ਹੋ ਜਾਂਦੀ ਹੈ ਅਤੇ ਸਰੀਰ ਉੱਤੇ ਖੁਰਕ ਹੋਣ ਲੱਗਦੀ ਹੈ।

ਦਿਲ 'ਚ ਦਰਦ ਹੋਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭੁੱਖੇ ਰਹਿਣ ਨਾਲ ਦਿਲ ਨੂੰ ਨੁਕਸਾਨ ਹੋ ਸਕਦਾ ਹੈ, ਦਿਲ ਦਾ ਦੌਰਾ ਪੈ ਸਕਦਾ ਹੈ (ਸੰਕੇਤਿਕ ਤਸਵੀਰ)

40 ਦਿਨ ਦਾ ਕੀ ਅਸਰ ਹੈ?

ਡਾਕਟਰ ਵਲੀ ਨੇ ਬੀਬੀਸੀ ਨੂੰ ਦੱਸਿਆ, "ਭੁੱਖੇ ਰਹਿਣ ਵਾਲੇ ਲੋਕਾਂ ਨੂੰ ਮੈਡੀਕਲ ਖੇਤਰ ਵਿੱਚ 39-40 ਦਿਨ ਹੀ ਜਿਉਂਦੇ ਰਹਿੰਦੇ ਦੇਖਿਆ ਗਿਆ ਹੈ।

ਜਿਵੇਂ ਕਿਸੇ ਹਾਦਸੇ ਅਤੇ ਘਟਨਾ ਦੌਰਾਨ ਫਸਿਆ ਹੋਇਆ ਵਿਅਕਤੀ 40 ਦਿਨ ਬਿਨਾਂ ਕੁਝ ਖਾਧੇ ਜਿਊਂਦਾ ਰਹਿ ਸਕਦਾ ਹੈ, ਉਸ ਤੋਂ ਵੱਧ ਦਿਨ ਜਿਉਂਦਾ ਰਹਿਣਾ ਮੁਸ਼ਕਲ ਹੁੰਦਾ ਹੈ।"

60 ਦਿਨਾਂ ਦੇ ਅੰਦਰ ਕੀ ਅਸਰ ਦਿਖਦਾ ਹੈ, ਇਸ ਬਾਰੇ ਡਾਕਟਰ ਵਲੀ ਦੱਸਦੇ ਹਨ ਕਿ, "60 ਦਿਨ ਭੁੱਖੇ ਰਹਿਣ ਨਾਲ ਪਲਾਂ ਵਿੱਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸਦਾ ਮਤਲਬ ਹੈ ਕਿ ਕਿਸੇ ਵੀ ਵੇਲੇ ਮੌਤ ਹੋ ਸਕਦੀ ਹੈ।"

ਸਰੀਰ ਅੰਦਰ ਮੌਜੂਦ ਇਲੈਕਟ੍ਰੋਲਾਈਟ (ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਫਾਸਫੇਟ, ਮੈਗਨੀਸ਼ੀਅਮ) ਦਾ ਅਸੰਤੁਲਿਤ ਹੋ ਜਾਂਦੇ ਹਨ। ਸਰੀਰ ਦਾ ਸ਼ੁਗਰ ਪੱਧਰ ਡਿੱਗ ਜਾਂਦਾ ਹੈ। ਕੀਟੋਨ ਪੈਦਾ ਹੋ ਜਾਂਦੇ ਹਨ।

ਇੱਕ ਕੈਂਸਰ ਮਰੀਜ਼ ਦੇ ਸਰੀਰ 'ਤੇ 50 ਤੋਂ ਵੱਧ ਦਿਨ ਭੁੱਖੇ ਰਹਿਣ 'ਤੇ ਕੀ ਅਸਰ ਪੈਂਦਾ ਹੈ?

ਮਨੁੱਖੀ ਸਰੀਰ ਦੀ ਐਨੀਮੇਟਿਡ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਂਸਰ ਮਰੀਜ਼ ਦਾ ਮੈਟਾਬੌਲੀਜ਼ਮ ਬਹੁਤ ਘੱਟ ਹੁੰਦਾ ਹੈ

ਕੈਂਸਰ ਮਰੀਜ਼ ਲਈ ਭੁੱਖਾ ਰਹਿਣਾ ਮਤਲਬ ਮੌਤ ਦੀ ਸੰਭਾਵਨਾ ਨੂੰ ਵਧਾਉਣਾ ਹੈ। ਕੈਂਸਰ ਮਰੀਜ਼ ਦਾ ਮੈਟਾਬੌਲੀਜ਼ਮ ਬਹੁਤ ਘੱਟ ਹੁੰਦਾ ਹੈ ਤਾਂ ਉਨ੍ਹਾਂ ਨੂੰ ਕੈਲੋਰੀਜ਼ ਦੀ ਲੋੜ ਵੱਧ ਹੁੰਦੀ ਹੈ, ਪਰ ਭੁੱਖੇ ਰਹਿਣ ਨਾਲ ਉਹ ਕੈਲੋਰੀਜ਼ ਉਨ੍ਹਾਂ ਨੂੰ ਨਹੀਂ ਮਿਲਦੀਆਂ।

ਭੁੱਖੇ ਰਹਿਣ ਨਾਲ ਕੈਂਸਰ ਮਰੀਜ਼ ਦੇ ਸੈੱਲ ਬਹੁਤ ਤੇਜ਼ੀ ਨਾਲ ਟੁੱਟਦੇ ਹਨ। ਭਾਰ ਬਹੁਤ ਜਲਦੀ ਘੱਟਦਾ ਹੈ, ਜੇਕਰ ਲਗਾਤਾਰ ਕਈ ਦਿਨ ਖਾਣਾ ਸਰੀਰ ਦੇ ਅੰਦਰ ਨਹੀਂ ਜਾਵੇਗਾ ਤਾਂ ਮੌਤ ਵੀ ਹੋ ਸਕਦੀ ਹੈ।

50 ਦਿਨ ਤੋਂ ਵੱਧ ਭੁੱਖੇ ਰਹਿਣ ਨਾਲ ਮਾਨਸਿਕ ਸਿਹਤ 'ਤੇ ਕੀ ਅਸਰ ਪੈਂਦਾ ਹੈ?

ਰੋਪੜ ਸਿਵਲ ਹਸਪਤਾਲ ਦੇ ਸਾਬਕਾ ਐੱਮ.ਡੀ. ਮੈਡੀਸਿਨ ਡਾਕਟਰ ਅਮਰਿੰਦਰ ਗਿੱਲ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ 50 ਦਿਨਾਂ ਤੋਂ ਵੱਧ ਸਮੇਂ ਲਈ ਸਰੀਰ ਅੰਦਰ ਖਾਣਾ ਨਹੀਂ ਜਾ ਰਿਹਾ ਤਾਂ ਦਿਮਾਗ ਆਪਣੇ ਆਪ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ।

ਦਿਮਾਗ ਅਸੰਤੁਲਿਤ ਹੋ ਜਾਂਦਾ ਹੈ ਅਤੇ ਵਿਅਕਤੀ ਦੇ ਕੋਮਾ ਵਿੱਚ ਜਾਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਡਾਕਟਰ ਗਿੱਲ ਦੱਸਦੇ ਹਨ ਦਿਮਾਗ ਦੇ ਕੰਮ ਕਰਨ ਲਈ ਸਰੀਰ ਦਾ ਸ਼ੂਗਰ ਪੱਧਰ 40 ਤੋਂ ਉੱਤੇ ਹੋਣਾ ਜ਼ਰੂਰੀ ਹੈ। ਪਰ ਜੇਕਰ ਇਹ ਸ਼ੂਗਰ ਪੱਧਰ ਘੱਟਦਾ ਹੈ ਤਾਂ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ।

ਉਹ ਦੱਸਦੇ ਹਨ ਕਿ ਭੁੱਖ ਹੜਤਾਲ ਦੇ ਪਹਿਲੇ 10 ਦਿਨ ਅੰਦਰ ਵਿਅਕਤੀ ਦੀ ਮਾਨਸਿਕ ਤੌਰ ਉੱਤੇ ਪ੍ਰੇਸ਼ਾਨੀ ਵੱਧਣ ਲੱਗਦੀ ਹੈ। ਜ਼ਿਆਦਾ ਨੀਂਦ ਆਉਣ ਲੱਗਦੀ ਹੈ, ਦਿਮਾਗ ਸੁਸਤ ਹੋ ਜਾਂਦਾ ਹੈ।

ਭੁੱਖੇ ਰਹਿਣ ਦਾ ਸਿੱਧਾ ਅਸਰ ਦਿਮਾਗ, ਲੀਵਰ, ਦਿਲ, ਗੁਰਦੇ ਉੱਤੇ ਪੈਂਦਾ ਹੈ। ਇੱਕ ਵਿਅਕਤੀ ਦਾ ਦਿਮਾਗ ਸਰੀਰ ਦੀ 20% ਤਾਕਤ ਖਰਚਦਾ ਹੈ, ਜੇਕਰ ਸਰੀਰ ਵਿੱਚ ਹੀ ਤਾਕਤ ਨਹੀਂ ਹੋਵੇਗੀ ਤਾਂ ਦਿਮਾਗ ਕੰਮ ਕਰੇਗਾ ਹੀ ਨਹੀਂ।

ਇਸਦੇ ਨਾਲ ਵਿਅਕਤੀ ਨੂੰ ਸਿਰ ਦਰਦ ਹੋ ਸਕਦਾ ਹੈ, ਸਰੀਰ ਦੀ ਹਿਲਜੁਲ ਬੰਦ ਹੋ ਸਕਦੀ ਹੈ ਜਾਂ ਫਿਰ ਵਿਅਕਤੀ ਬਹੁਤ ਜ਼ਿਆਦਾ ਖਿਝਣਾ, ਚੀਕਣਾ ਵੀ ਸ਼ੁਰੂ ਕਰ ਸਕਦਾ ਹੈ।

ਉਦਾਸ ਨਜ਼ਰ ਆ ਰਹੀ ਕੁੜੀ(ਸੰਕੇਤਿਕ ਤਸਵੀਰ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਗਿੱਲ ਮੁਤਾਬਕ 50 ਦਿਨ ਤੋਂ ਵੱਧ ਭੁੱਖੇ ਰਹਿਣ ਨਾਲ ਪਾਚਣ ਕਿਰਿਆ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ

ਪਾਚਣ ਸ਼ਕਤੀ ਖ਼ਤਮ ਹੋਣਾ

ਡਾਕਟਰ ਗਿੱਲ ਮੁਤਾਬਕ 50 ਦਿਨ ਤੋਂ ਵੱਧ ਭੁੱਖੇ ਰਹਿਣ ਨਾਲ ਪਾਚਣ ਕਿਰਿਆ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਪੇਟ, ਅੰਤੜੀਆਂ ਦੀ ਖਾਣੇ ਅਤੇ ਪਾਣੀ ਨੂੰ ਹਜ਼ਮ ਕਰਨ ਦੀ ਯੋਗਤਾ ਖ਼ਤਮ ਹੋ ਜਾਂਦੀ ਹੈ। ਜਿਸਦੇ ਕਾਰਨ ਡਾਇਰੀਆ ਅਤੇ ਅੰਤੜੀਆਂ ਦੀ ਇਨਫੈਕਸ਼ਨ ਹੋ ਸਕਦੀ ਹੈ।

ਉਹ ਅਗਾਂਹ ਦੱਸਦੇ ਹਨ ਕਿ,"ਹੌਲੀ-ਹੌਲੀ ਭੁੱਖ ਅਤੇ ਪਿਆਸ ਘੱਟ ਜਾਂਦੀ ਹੈ, ਦਿਮਾਗ ਨੂੰ ਭੁੱਖ ਅਤੇ ਪਿਆਸ ਮਹਿਸੂਸ ਹੋਣਾ ਬੰਦ ਹੋ ਜਾਂਦਾ ਹੈ।"

ਦਿਲ ਫੇਲ੍ਹ ਹੋਣ ਦਾ ਖ਼ਤਰਾ

ਡਾਕਟਰ ਗਿੱਲ ਮੁਤਾਬਕ ਭੁੱਖੇ ਰਹਿਣ ਨਾਲ ਸਰੀਰ ਅੰਦਰ ਪਾਣੀ ਦੀ ਕਮੀ ਹੁੰਦੀ ਹੈ। ਸਰੀਰ ਦੇ ਵਾਈਟਲ ਇਲੈਕਟ੍ਰੋਲਾਈਟ ਜਿਵੇਂ ਸੋਡੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੇਟ ਘਟਣ ਲਗਦੇ ਹਨ। ਇਸ ਦਾ ਅਸਰ ਦਿਲ ਉੱਤੇ ਹੁੰਦਾ ਹੈ, ਦਿਲ ਦੀ ਧੜਕਣ ਅਸਥਿਰ ਹੋ ਜਾਂਦੀ ਹੈ, ਜਿਸ ਕਰਕੇ ਦਿਲ ਫੇਲ੍ਹ ਹੋ ਸਕਦਾ ਹੈ।

ਕਿਡਨੀ ਫੇਲ੍ਹ ਹੋਣ ਦਾ ਖ਼ਤਰਾ

ਡਾਕਟਰ ਅਮਰਿੰਦਰ ਗਿੱਲ ਦੱਸਦੇ ਹਨ, "ਭੁੱਖ ਹੜਤਾਲ ਦੇ 50 ਦਿਨਾਂ ਤੱਕ ਕਿਡਨੀ ਦੀ ਫਿਲਟਰ ਕਰਨ ਦੀ ਯੋਗਤਾ ਬਹੁਤ ਘੱਟ ਜਾਂਦੀ ਹੈ। ਕਿਡਨੀ ਰਾਹੀਂ ਜ਼ਿਆਦਾ ਪ੍ਰੋਟੀਨ ਬਾਹਰ ਨਿਕਲਣ ਲੱਗਦੇ ਹਨ।

"ਸਰੀਰ ਦੇ ਅੰਦਰ ਐਸਿਡ ਬਣਨ ਲੱਗਦਾ ਹੈ, ਜਿਸਦਾ ਅਸਰ ਦਿਮਾਗ ਉੱਤੇ ਹੋਣ ਲੱਗਦਾ ਹੈ। ਕਿਡਨੀ ਫੇਲ੍ਹ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।"

ਕੈਂਸਰ ਨਾਲ ਜੂਝ ਚੁੱਕੇ ਲੋਕਾਂ ਲਈ ਭੁੱਖ ਹੜਤਾਲ ਕਰਨਾ ਕਿੰਨਾ ਨੁਕਸਾਨਦੇਹ?

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭੁੱਖ ਹੜਤਾਲ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ

ਡਾਕਟਰ ਗਿੱਲ ਦੱਸਦੇ ਹਨ,"ਕੈਂਸਰ ਦੇ ਮਰੀਜ਼ ਦੀ ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ (ਇਮਊਨੀਟੀ) ਪਹਿਲਾਂ ਹੀ ਕਮਜ਼ੋਰ ਹੁੰਦੀ ਹੈ, ਸਰੀਰ ਅੰਦਰ ਨਵੇਂ ਸੈੱਲ ਨਹੀਂ ਬਣ ਰਹੇ ਹੁੰਦੇ, ਪੁਰਾਣੇ ਸੈੱਲ ਟੁੱਟਣ ਲੱਗ ਜਾਂਦੇ ਹਨ, ਜਿਸ ਕਰਕੇ ਇਨਫੈਕਸ਼ਨ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ।

ਡਾਕਟਰ ਗਿੱਲ ਕਹਿੰਦੇ ਹਨ,"ਜੇਕਰ ਕੋਈ ਵਿਅਕਤੀ ਕੈਂਸਰ ਦਾ ਮਰੀਜ਼ ਹੋ ਕੇ ਵੀ 50 ਦਿਨ ਤੋਂ ਜ਼ਿਆਦਾ ਭੁੱਖਾ ਰਹਿ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਥੋੜ੍ਹਾ ਪਾਣੀ ਪੀਂਦੇ ਰਹਿਣ ਨਾਲ ਉਨ੍ਹਾਂ ਦਾ ਸਰੀਰ ਹਾਈਡਰੇਟ ਹੋ ਰਿਹਾ ਹੈ। ਉਨ੍ਹਾਂ ਦੇ ਸਰੀਰ ਅੰਦਰ ਪਹਿਲਾਂ ਤੋਂ ਮੌਜੂਦ ਚਰਬੀ, ਮਾਸਪੇਸ਼ੀਆਂ , ਪ੍ਰੋਟੀਨ, ਲੀਵਰ 'ਚ ਗਲਾਈਕੋਜ਼ਿਨ ਸਰੀਰ ਨੂੰ ਤਾਕਤ ਦੇ ਰਹੇ ਹਨ।"

"ਥੋੜਾ ਪਾਣੀ ਪੀਣ ਨਾਲ ਵੀ ਸਰੀਰ ਦਾ ਹਾਈਡ੍ਰੇਸ਼ਨ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਬਰਕਰਾਰ ਰਹਿ ਸਕਦਾ ਹੈ। ਪਰ ਅੱਗੇ ਆਉਣ ਵਾਲੇ ਦਿਨਾਂ ਵਿੱਚ ਹਾਰਟ ਅਟੈਕ ਆਉਣ ਦਾ ਖ਼ਤਰਾ ਕਿਸੇ ਵੀ ਸਮੇਂ ਵੱਧ ਸਕਦਾ ਹੈ।"

ਡਾਕਟਰ ਗਿੱਲ ਇਹ ਵੀ ਕਹਿੰਦੇ ਹਨ ਕਿ 70 ਸਾਲ ਤੋਂ ਵੱਧ ਉਮਰ ਦੇ ਕੈਂਸਰ ਮਰੀਜ਼ ਲਈ ਭੁੱਖ ਹੜਤਾਲ ਕਰਨਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)