ਕਿੰਝ ਪਤਾ ਲੱਗੇ ਕਿ ਤੁਹਾਡਾ ਰਿਸ਼ਤਾ ਕੰਮ ਨਹੀਂ ਕਰ ਰਿਹਾ ਤੇ ਕਿਵੇਂ ਤੁਸੀਂ ਇਸ ਵਿੱਚ ਸੁਧਾਰ ਲਿਆ ਸਕਦੇ ਹੋ

ਪੱਤਰਕਾਰ ਈਵ ਸਿਮੰਸ

ਤਸਵੀਰ ਸਰੋਤ, Eve Simmons

ਤਸਵੀਰ ਕੈਪਸ਼ਨ, ਪੱਤਰਕਾਰ ਈਵ ਸਿਮੰਸ ਦੀ ਦੁਨੀਆ ਉਦੋਂ ਹਿੱਲ ਗਈ ਜਦੋਂ ਉਸਦੇ ਪਤੀ ਨੇ ਅਚਾਨਕ ਤਲਾਕ ਦੀ ਮੰਗ ਕੀਤੀ।
    • ਲੇਖਕ, ਐਲੇਕਸ ਟੇਲਰ
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 6 ਮਿੰਟ

ਇਮਾਨਦਾਰੀ ਨਾਲ ਦੱਸੋ: ਕੀ ਤੁਹਾਡਾ ਰਿਸ਼ਤਾ ਅਸਲ ਵਿੱਚ ਤੁਹਾਡੇ ਲਈ ਸਹੀ ਕੰਮ ਕਰ ਰਿਹਾ ਹੈ?

ਜਦੋਂ ਪੱਤਰਕਾਰ ਈਵ ਸਿਮੰਸ ਨੇ ਆਪਣੇ ਨੌਂ ਸਾਲ ਪੁਰਾਣੇ ਸਾਥੀ ਨਾਲ ਵਿਆਹ ਕੀਤਾ ਸੀ, ਤਾਂ ਉਸਦਾ ਜਵਾਬ 'ਹਾਂ' ਹੁੰਦਾ।

ਪਰ ਸਿਰਫ ਛੇ ਮਹੀਨਿਆਂ ਬਾਅਦ ਉਹ ਉਦੋਂ ਹੈਰਾਨ ਰਹਿ ਗਈ ਜਦੋਂ ਉਸਦੇ ਪਤੀ ਨੇ "ਅਚਾਨਕ" ਕਿਹਾ ਕਿ ਉਹ ਤਲਾਕ ਚਾਹੁੰਦਾ ਹੈ।

ਉਸਨੇ ਬੀਬੀਸੀ ਵੂਮੈਨਜ਼ ਆਵਰ ਨੂੰ ਦੱਸਿਆ, "ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਅਜਿਹਾ ਮਹਿਸੂਸ ਹੋਇਆ ਜਿਵੇਂ ਮੇਰੀ ਦੁਨੀਆ ਹੀ ਖਤਮ ਹੋ ਗਈ ਹੋਵੇ।" ਫਿਰ ਵੀ ਸਾਲਾਂ ਬਾਅਦ, ਉਹ ਹੁਣ ਇਸ ਅਲਹਿਦਗੀ ਨੂੰ ਆਪਣੇ ਨਾਲ ਹੋਈ ਕਿਸੇ "ਸਭ ਤੋਂ ਵਧੀਆ ਚੀਜ਼" ਵਜੋਂ ਦੇਖਦੀ ਹੈ।

ਜਦੋਂ ਉਸਨੇ ਇਸ ਬਾਰੇ ਦੂਜਿਆਂ ਨਾਲ ਗੱਲ ਕਰਨੀ ਸ਼ੁਰੂ ਕੀਤੀ, ਤਾਂ ਉਸਨੂੰ ਅਹਿਸਾਸ ਹੋਇਆ ਕਿ ਬਹੁਤ ਸਾਰੇ ਲੋਕਾਂ ਨਾਲ ਵੀ ਅਜਿਹਾ ਹੋਇਆ ਸੀ।

ਪਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਅਜਿਹੇ ਰਿਸ਼ਤੇ ਵਿੱਚ ਹੋ? ਇੱਥੇ ਸੰਕੇਤਾਂ ਨੂੰ ਪਛਾਣਨ ਅਤੇ ਇਹ ਪਤਾ ਕਰਨ ਦਾ ਤਰੀਕਾ ਦੱਸਿਆ ਗਿਆ ਹੈ ਕਿ ਕੀ ਇਸ ਨੂੰ ਬਚਾਉਣਾ ਠੀਕ ਹੈ ਜਾਂ ਕੀ ਤੁਹਾਨੂੰ ਦੂਰ ਚਲੇ ਜਾਣਾ ਚਾਹੀਦਾ ਹੈ।

1. ਕੀ ਤੁਸੀਂ ਸੱਚਮੁੱਚ ਗੱਲ ਕਰ ਰਹੇ ਹੋ?

ਰਿਸ਼ਤੇ ਹਰ ਰੂਪ ਵਿੱਚ ਹੁੰਦੇ ਹਨ: ਕੁਝ ਸਹੂਲਤ ਲਈ, ਕੁਝ ਸਿਰਫ਼ ਮਨੋਰੰਜਨ ਲਈ, ਥੋੜ੍ਹੇ ਸਮੇਂ ਲਈ, ਜਾਂ ਸਿੱਧੇ ਤੌਰ 'ਤੇ, ਵਧੀਆ ਸਰੀਰਕ ਸਬੰਧਾਂ ਲਈ।

ਹਾਲਾਂਕਿ, ਗੰਭੀਰ ਰਿਸ਼ਤਿਆਂ ਦੀਆਂ ਉਮੀਦਾਂ ਅਤੇ ਲੋੜਾਂ ਵੱਖਰੀਆਂ ਹੁੰਦੀਆਂ ਹਨ। ਪੈਸਾ, ਜੀਵਨ ਸ਼ੈਲੀ ਅਤੇ ਪਰਿਵਾਰਕ ਯੋਜਨਾਵਾਂ ਸਭ ਇਸ ਵਿੱਚ ਸ਼ਾਮਲ ਹੁੰਦੀਆਂ ਹਨ।

ਮਨੋ-ਚਿਕਿਤਸਕ ਅਤੇ ਰਿਸ਼ਤਿਆਂ ਬਾਰੇ ਸਲਾਹਕਾਰ ਕੋਚ ਲੂਸੀ ਬੇਰੇਸਫੋਰਡ

ਤਸਵੀਰ ਸਰੋਤ, ITV/Good Morning Britain

ਤਸਵੀਰ ਕੈਪਸ਼ਨ, ਮਨੋ-ਚਿਕਿਤਸਕ ਅਤੇ ਰਿਸ਼ਤਿਆਂ ਬਾਰੇ ਸਲਾਹਕਾਰ ਕੋਚ ਲੂਸੀ ਬੇਰੇਸਫੋਰਡ ਮੁਤਾਬਕ ਸੰਘਰਸ਼ ਕਰ ਰਹੇ ਜੋੜੇ ਅਕਸਰ ਇਸ ਗੱਲ ਨੂੰ ਘੱਟ ਸਮਝਦੇ ਹਨ ਕਿ ਉਹ ਕਿੰਨੀ ਚੰਗੀ ਤਰ੍ਹਾਂ ਗੱਲਬਾਤ ਕਰ ਰਹੇ ਹਨ।

ਮਨੋ-ਚਿਕਿਤਸਕ ਅਤੇ ਰਿਸ਼ਤਿਆਂ ਬਾਰੇ ਸਲਾਹਕਾਰ ਲੂਸੀ ਬੇਰੇਸਫੋਰਡ ਦਾ ਕਹਿਣਾ ਹੈ ਕਿ ਸੰਘਰਸ਼ਪੂਰਨ ਰਿਸ਼ਤਿਆਂ ਵਿੱਚ ਜੋੜੇ ਅਕਸਰ ਅਸਲ ਅਤੇ ਉਸਾਰੂ ਗੱਲਬਾਤ ਤੋਂ ਬਚਦੇ ਹਨ।

ਇੱਕ ਮਾਮੂਲੀ ਜਿਹਾ "ਕੀ ਤੁਸੀਂ ਠੀਕ ਹੋ?" ਅਤੇ ਉਸ ਤੋਂ ਬਾਅਦ "ਹਾਂ, ਮੈਂ ਠੀਕ ਹਾਂ" ਕਹਿਣਾ ਸਿਰਫ਼ ਓਪਰੀ-ਓਪਰੀ ਗੱਲਬਾਤ ਹੈ।

ਲੂਸੀ ਕਹਿੰਦੀ ਹੈ, "ਇਹ ਗੱਲਬਾਤ ਨਹੀਂ ਹੈ, ਇਹ ਇੱਕ ਦੂਜੇ ਨੂੰ ਨਜ਼ਰਅੰਦਾਜ਼ ਕਰਨਾ ਹੈ।"

ਲੂਸੀ ਦਾ ਕੋਟ

ਕੋਈ ਵੀ ਰਿਸ਼ਤੇ ਵਿੱਚ ਇਹ ਸੋਚ ਕੇ ਨਹੀਂ ਜਾਂਦਾ ਕਿ ਉਹ ਅਸਫਲ ਹੋ ਜਾਵੇ, ਇਸ ਲਈ ਮੁੱਦਿਆਂ 'ਤੇ ਗੱਲ ਕਰਨ ਦੀ ਬਜਾਏ ਚੁੱਪ ਰਹਿਣ ਨਾਲ ਤਣਾਅ ਵਧਦਾ ਜਾਂਦਾ ਹੈ।

ਇਸ ਗੱਲ ਵੱਲ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ। ਕੀ ਤੁਸੀਂ ਕੁਝ ਮੁੱਦਿਆਂ 'ਤੇ ਬਹੁਤ ਸਾਵਧਾਨੀ ਵਰਤ ਰਹੇ ਹੋ, ਜਾਂ ਜਾਣਬੁੱਝ ਕੇ ਉਨ੍ਹਾਂ ਵਿਸ਼ਿਆਂ ਤੋਂ ਬਚ ਰਹੇ ਹੋ ਕਿਉਂਕਿ ਉਨ੍ਹਾਂ 'ਤੇ ਚਰਚਾ ਕਰਨਾ ਬਹੁਤ ਖ਼ਤਰੇ ਭਰਿਆ ਲੱਗਦਾ ਹੈ?

ਲੂਸੀ ਕਹਿੰਦੀ ਹੈ ਕਿ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ "ਅਸੀਂ ਹੁਣ ਇੱਕੋ ਮੱਤ ਦੇ ਨਹੀਂ ਹਾਂ" ਤਾਂ ਹੋ ਸਕਦਾ ਹੈ ਕਿ ਤੁਸੀਂ ਉਸ ਰਿਸ਼ਤੇ ਤੋਂ ਅੱਗੇ ਵਧ ਗਏ ਹੋਵੋ।

ਉਹ ਕਹਿੰਦੀ ਹੈ, "ਜਦੋਂ ਤੁਹਾਡਾ ਰਿਸ਼ਤਾ ਤੁਹਾਨੂੰ ਉਤਸ਼ਾਹਿਤ ਕਰਨ ਦੀ ਬਜਾਏ ਤੁਹਾਨੂੰ ਮਾਨਸਿਕ ਤੌਰ 'ਤੇ ਥਕਾ ਰਿਹਾ ਹੈ, ਤਾਂ ਸੰਭਾਵਨਾ ਹੈ ਕਿ ਉੱਥੇ ਸੰਤੁਲਨ ਦੀ ਕਮੀ ਹੈ।"

2. ਕੀ ਤੁਸੀਂ ਘੱਟ ਸਰੀਰਕ ਸਬੰਧ ਬਣਾ ਰਹੇ ਹੋ?

ਇੱਕ ਆਦਮੀ ਬਿਸਤਰੇ 'ਤੇ ਬੈਠਾ ਨੀਵੀਂ ਪਾ ਕੇ ਡੂੰਘੀ ਸੋਚ ਵਿੱਚ ਡੁੱਬਿਆ ਹੋਇਆ ਹੈ, ਜਦੋਂ ਕਿ ਉਸਦੀ ਸਾਥੀ ਚੈਨ ਦੀ ਨੀਂਦ ਸੌਂ ਰਹੀ ਹੈ

ਤਸਵੀਰ ਸਰੋਤ, Getty Images

ਹੋ ਸਕਦਾ ਹੈ ਕਿ ਤੁਸੀਂ ਹਫ਼ਤਿਆਂ ਤੋਂ ਸਰੀਰਕ ਸਬੰਧ ਨਾ ਬਣਾਏ ਹੋਣ, ਜਾਂ ਤੁਹਾਡਾ ਸਾਥੀ ਹੁਣ ਪਹਿਲਾਂ ਵਾਂਗ ਰੈਸਟੋਰੈਂਟ ਬੁੱਕ ਨਹੀਂ ਕਰ ਰਿਹਾ ਅਤੇ ਫੁੱਲ ਨਹੀਂ ਖਰੀਦ ਰਿਹਾ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਰਿਸ਼ਤਾ ਕਾਇਮ ਰਹੇ, ਤਾਂ ਇਹਨਾਂ ਰੋਜ਼ਾਨਾ ਦੇ ਬਦਲਾਅ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਉਨ੍ਹਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੈ।

ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਲੰਬੇ ਸਮੇਂ ਦੇ ਰਿਸ਼ਤੇ ਵਿੱਚ ਆਉਣ ਵਾਲੇ ਕੁਦਰਤੀ ਉਤਾਰ-ਚੜ੍ਹਾਅ 'ਤੇ ਸਵਾਲ ਚੁੱਕਣੇ ਚਾਹੀਦੇ ਹਨ। ਪਰ ਸਾਥੀ ਦੇ ਵਿਹਾਰ ਵਿੱਚ ਲਗਾਤਾਰ ਹੋ ਰਹੇ ਬਦਲਾਅ ਨੂੰ ਦੇਖਣਾ ਅਤੇ ਉਸ ਬਾਰੇ ਗੱਲ ਕਰਨੀ ਚਾਹੀਦੀ ਹੈ।

ਕਾਉਂਸਲਰ ਜੌਰਜੀਨਾ ਸਟਰਮਰ ਹੇਠ ਲਿਖੇ ਸੁਝਾਅ ਦਿੰਦੀ ਹੈ:

ਹਰ ਵਾਕ ਦੀ ਸ਼ੁਰੂਆਤ 'ਮੈਂ' ਨਾਲ ਕਰੋ - "ਤੁਸੀਂ ਮੈਨੂੰ ਅਜਿਹਾ ਮਹਿਸੂਸ ਕਰਵਾਉਂਦੇ ਹੋ..." ਕਹਿਣਾ ਹਮਲੇ ਵਾਂਗ ਲੱਗ ਸਕਦੇ ਹਨ। ਇਸ ਦੀ ਬਜਾਏ ਹਰ ਵਾਕ ਨੂੰ 'ਮੈਂ' ਨਾਲ ਸ਼ੁਰੂ ਕਰੋ, ਤਾਂ ਜੋ ਤੁਸੀਂ ਬਿਨ੍ਹਾਂ ਕਿਸੇ ਇਲਜ਼ਾਮ ਦੇ ਇਹ ਸਾਂਝਾ ਕਰ ਸਕੋ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ।

  • ਸਹੀ ਸਮਾਂ ਚੁਣੋ - ਜਦੋਂ ਗੁੱਸਾ ਪਹਿਲਾਂ ਹੀ ਚੜ੍ਹਿਆ ਹੋਇਆ ਹੋਵੇ ਜਾਂ ਤੁਹਾਡੇ ਕੋਲ ਸਮਾਂ ਨਾ ਹੋਵੇ, ਤਾਂ ਸੰਵੇਦਨਸ਼ੀਲ ਗੱਲਬਾਤ ਕਰਨ ਦੀ ਕੋਸ਼ਿਸ਼ ਕੰਮ ਨਹੀਂ ਕਰੇਗੀ। ਸ਼ਾਂਤੀ ਨਾਲ ਗੱਲ ਕਰਨ ਲਈ ਥਾਂ- ਸਮਾਂ ਲੱਭਣ ਦੀ ਕੋਸ਼ਿਸ਼ ਕਰੋ।
  • ਟਾਈਮ-ਆਊਟ ਲਓ - ਜੇਕਰ ਗੱਲਾਂ ਜਲਦੀ ਅਸਹਿਮਤੀ ਜਾਂ ਬਹਿਸ ਵਿੱਚ ਬਦਲ ਜਾਂਦੀਆਂ ਹਨ, ਤਾਂ ਕੀ ਤੁਸੀਂ ਟਾਈਮ-ਆਊਟ ਦੇ ਤੌਰ 'ਤੇ ਕਿਸੇ ਇਸ਼ਾਰੇ ਜਾਂ ਸ਼ਬਦ 'ਤੇ ਸਹਿਮਤੀ ਬਣਾ ਸਕਦੇ ਹੋ?
  • ਜੁੜਨਾ ਸਿੱਖੋ - ਜਦੋਂ ਪਿਆਰ ਦਿਖਾਉਣ ਅਤੇ ਪ੍ਰਾਪਤ ਕਰਨ ਦੀ ਗੱਲ ਆਉਂਦੀ ਹੈ ਤਾਂ ਸਾਡੀ ਸਾਰਿਆਂ ਦੀਆਂ ਵੱਖੋ-ਵੱਖਰੀਆਂ ਪਸੰਦਾਂ ਹੁੰਦੀਆਂ ਹਨ, ਜਿਵੇਂ ਸਰੀਰਕ ਛੋਹ ਤੋਂ ਲੈ ਕੇ ਗੁਣਵੱਤਾ ਭਰਿਆ ਸਮਾਂ ਬਿਤਾਉਣ ਅਤੇ ਪ੍ਰਸ਼ੰਸਾ ਦੇ ਸ਼ਬਦਾਂ ਤੱਕ। ਜਦੋਂ ਅਸੀਂ ਇੱਕ ਦੂਜੇ ਬਾਰੇ ਇਹ ਜਾਣਦੇ ਹਾਂ, ਤਾਂ ਇੱਕ ਦੂਜੇ ਨੂੰ ਖੁਸ਼ ਰੱਖਣਾ ਆਸਾਨ ਹੁੰਦਾ ਹੈ।

ਇਸ ਤਰ੍ਹਾਂ ਦੀ ਗੱਲਬਾਤ ਨੇ 34 ਸਾਲਾ ਕੇਟੀ ਸਮਿਥ ਅਤੇ ਉਸਦੇ ਦਸ ਸਾਲਾਂ ਤੋਂ ਪਤੀ ਦੀ ਮਦਦ ਕੀਤੀ ਜਦੋਂ ਉਹ ਹਾਲ ਹੀ ਵਿੱਚ ਇੱਕ "ਮੁਸ਼ਕਲ ਦੌਰ" ਵਿੱਚੋਂ ਗੁਜ਼ਰੇ। ਮਾਪਿਆਂ ਵਜੋਂ, ਉਹ ਕਹਿੰਦੀ ਹੈ ਕਿ ਉਨ੍ਹਾਂ ਨੇ "ਇੱਕ ਦੂਜੇ ਦੀਆਂ ਲੋੜਾਂ ਨੂੰ ਸਮਝਣ ਲਈ ਕੰਮ ਕੀਤਾ ਅਤੇ ਸਾਨੂੰ ਮਜ਼ਬੂਤ ਰਹਿਣ ਵਿੱਚ ਮਦਦ ਕਰਨ ਲਈ ਕੁਝ ਉਮਰ ਭਰ ਦੇ ਬਦਲਾਅ ਕੀਤੇ"। ਕਪਲ ਥੈਰੇਪੀ ਦੇ ਇੱਕ ਸੈਸ਼ਨ ਨੇ ਵੀ ਮਦਦ ਕੀਤੀ।

3. ਕੀ ਇਸਦੀ ਮੁਰੰਮਤ ਕਰਨਾ ਫਾਇਦੇਮੰਦ ਹੈ?

ਰਿਸ਼ਤੇ ਹਮੇਸ਼ਾ ਸੰਪੂਰਨ ਨਹੀਂ ਹੋਣਗੇ ਜਾਂ ਇੱਕੋ ਜਿਹੇ ਨਹੀਂ ਰਹਿਣਗੇ। ਇਹ ਪਛਾਣਨਾ ਬਹੁਤ ਜ਼ਰੂਰੀ ਹੈ ਕਿ ਸਮੇਂ ਦੇ ਨਾਲ ਲੋੜਾਂ ਬਦਲਦੀਆਂ ਹਨ - ਇੱਕ ਦਹਾਕੇ ਵਿੱਚ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਉਹ ਅਗਲੇ ਦਹਾਕੇ ਵਿੱਚ ਬਹੁਤ ਵੱਖਰੀ ਹੋ ਸਕਦੀ ਹੈ।

ਕੋਈ ਤੁਹਾਡੇ ਨਾਲ ਅੱਗੇ ਵਧ ਸਕਦਾ ਹੈ, ਜਾਂ ਨਹੀਂ ਕਈ ਵਾਰ ਇਹ ਜਾਣਨ ਦਾ ਇਕੋ-ਇਕ ਤਰੀਕਾ ਉਨ੍ਹਾਂ ਨਾਲ ਰਿਸ਼ਤੇ ਵਿੱਚ ਰਹਿਣਾ ਹੀ ਹੁੰਦਾ ਹੈ।

ਲੂਸੀ ਚੇਤਾਵਨੀ ਦਿੰਦੀ ਹੈ, "ਕਦੇ ਵੀ ਸਮਝੌਤਾ ਨਾ ਕਰੋ। ਤੁਸੀਂ ਕਈ ਦਹਾਕੇ ਇਹ ਸੋਚਣ ਵਿੱਚ ਨਹੀਂ ਲੰਘਾਉਣਾ ਚਾਹੋਗੇ ਕਿ ਜੇਕਰ ਤੁਸੀਂ ਆਪਣੇ ਆਪ ਨੂੰ ਪਹਿਲ ਦਿੱਤੀ ਹੁੰਦੀ, ਤਾਂ ਕੀ ਤੁਹਾਨੂੰ ਚਾਹਿਆ ਜਾ ਸਕਦਾ ਸੀ, ਬੌਧਿਕ ਚੁਣੌਤੀ (ਇਨਸਾਨੀ ਵਿਕਾਸ ਲਈ ਉਸ ਦੀ ਸਮਝ ਨੂੰ ਚੁਣੌਤੀ ਮਿਲਣੀ ਜ਼ਰੂਰੀ ਹੁੰਦੀ ਹੈ ਤਾਂ ਜੋ ਉਹ ਨਵਾਂ ਸੋਚ ਸਕੇ) ਦਿੱਤੀ ਜਾ ਸਕਦੀ ਸੀ, ਜਾਂ ਤੁਹਾਡਾ ਮਨਚਾਹਿਆ ਪਰਿਵਾਰ ਹੋ ਸਕਦਾ ਸੀ।"

ਤੁਸੀਂ ਇਹ ਕਿਵੇਂ ਕਰਦੇ ਹੋ? ਉਹ ਕਹਿੰਦੀ ਹੈ, "ਆਪਣੀਆਂ ਕਦਰਾਂ-ਕੀਮਤਾਂ ਅਤੇ ਆਪਣੀਆਂ ਇੱਛਾਵਾਂ ਨੂੰ ਗੰਭੀਰਤਾ ਨਾਲ ਲਓ, ਅਤੇ ਆਪਣੇ ਸਾਥੀ ਦੀਆਂ ਵੀ।"

ਲੂਸੀ ਮੁਤਾਬਕ ਰਿਸ਼ਤੇ ਨੂੰ ਖਤਮ ਕਰਨ ਦੇ ਸੰਕੇਤ ਵਜੋਂ "ਟਿਪਿੰਗ ਪੁਆਇੰਟ" (ਅਜਿਹਾ ਮੋੜ ਜਿੱਥੇ ਸਬਰ ਖਤਮ ਹੋ ਜਾਵੇ) 'ਤੇ ਨਜ਼ਰ ਰੱਖਣੀ ਚਾਹੀਦੀ ਹੈ।

ਇਹ ਉਹ ਪਲ ਹੁੰਦਾ ਹੈ ਜਦੋਂ ਇਹ ਸਵਾਲ ਕਿ "ਮੈਨੂੰ ਕਦੋਂ ਛੱਡਣਾ ਚਾਹੀਦਾ ਹੈ?" ਜਾਂ "ਕੀ ਮੈਂ ਛੱਡ ਸਕਦਾ ਹਾਂ?" ਬਦਲ ਕੇ "ਮੈਨੂੰ ਜ਼ਰੂਰ ਛੱਡਣਾ ਚਾਹੀਦਾ ਹੈ" ਬਣ ਜਾਂਦਾ ਹੈ।

34 ਸਾਲਾ ਮਾਰਗੋਟ ਡੇਵਿਸ ਲਈ, ਇਹ ਉਸਦੇ ਤਿੰਨ ਸਾਲਾਂ ਦੇ ਸਾਥੀ ਨਾਲ ਵਿਆਹ ਅਤੇ ਬੱਚਿਆਂ ਬਾਰੇ ਗੰਭੀਰ ਚਰਚਾ ਤੋਂ ਬਾਅਦ ਆਇਆ।

ਉਹ ਹਾਲ ਹੀ ਵਿੱਚ ਇਕੱਠੇ ਰਹਿਣ ਲੱਗੇ ਸਨ, ਪਰ ਉਹ ਕਹਿੰਦੀ ਹੈ ਕਿ ਗੱਲਬਾਤ ਨੇ ਉਸਦੇ ਅਵਚੇਤਨ ਮਨ ਨੂੰ ਹਕੀਕਤ ਪ੍ਰਤੀ ਜਗਾ ਦਿੱਤਾ - ਹਾਲਾਂਕਿ ਉਹ ਇੱਕ "ਚੰਗਾ, ਪਿਆਰ ਕਰਨ ਵਾਲਾ ਪਿਤਾ" ਹੁੰਦਾ, ਪਰ ਉਹ ਸ਼ਾਂਤ ਅਤੇ ਦੱਬੂ ਸੁਭਾਅ ਦਾ ਸੀ ਅਤੇ ਉਹਨਾਂ ਦੀਆਂ ਵਿਰੋਧੀ ਸ਼ਖਸੀਅਤਾਂ ਮਾਤਾ-ਪਿਤਾ ਬਣਨ 'ਤੇ ਦਮ ਘੁੱਟਣ ਵਾਲੀਆਂ ਹੋ ਸਕਦੀਆਂ ਸਨ।

ਇੱਕ ਮਹੀਨੇ ਬਾਅਦ ਉਸਨੇ ਉਸਨੂੰ ਛੱਡ ਦਿੱਤਾ, ਅਤੇ ਹੁਣ ਉਹ ਆਪਣੇ ਨਵੇਂ ਸਾਥੀ ਨਾਲ ਪਰਿਵਾਰ ਦੀ ਯੋਜਨਾ ਬਣਾ ਰਹੀ ਹੈ।

4. ਯਾਦ ਰੱਖੋ ਕਿ ਤੁਸੀਂ ਖੁਸ਼ ਰਹਿਣ ਦੇ ਹੱਕਦਾਰ ਹੋ

ਇੱਕ ਸਿਆਹਫਾਮ ਮਹਿਲਾ ਆਪਣੇ ਫ਼ੋਨ 'ਤੇ ਆਪਣੇ ਪ੍ਰੇਮੀ ਵੱਲੋਂ ਭੇਜੇ ਪਿਆਰ ਭਰੇ ਸੰਦੇਸ਼ ਨੂੰ ਦੇਖ ਕੇ ਮੁਸਕਰਾ ਰਹੀ ਹੈ।

ਤਸਵੀਰ ਸਰੋਤ, Getty Images

ਆਧੁਨਿਕ ਡੇਟਿੰਗ ਐਪ ਸੱਭਿਆਚਾਰ ਸਿਰਫ਼ ਸੁਰੱਖਿਆ ਦੀ ਭਾਵਨਾ ਰੱਖਣ ਅਤੇ ਦੁਬਾਰਾ ਇਕੱਲੇ ਹੋਣ ਤੋਂ ਬਚਣ ਲਈ ਇੱਕ ਦੁਖੀ ਰਿਸ਼ਤੇ ਵਿੱਚ ਰਹਿਣਾ ਆਸਾਨ ਬਣਾ ਸਕਦਾ ਹੈ।

ਜਿਵੇਂ ਕਿ ਲੂਸੀ ਚੇਤਾਵਨੀ ਦਿੰਦੀ ਹੈ: "ਰਿਸ਼ਤੇ ਵਿੱਚ ਰਹਿੰਦੇ ਹੋਏ ਇਕੱਲਾ ਮਹਿਸੂਸ ਕਰਨ ਤੋਂ ਮਾੜਾ ਹੋਰ ਕੁਝ ਨਹੀਂ ਹੈ।"

ਉਹ ਕਹਿੰਦੀ ਹੈ ਕਿ ਗਾਹਕ ਅਕਸਰ ਰੈਸਟੋਰੈਂਟਾਂ ਵਿੱਚ ਖੁਸ਼ ਜੋੜਿਆਂ ਨੂੰ ਦੇਖਣ ਅਤੇ ਇਕੱਲੇ ਰਹਿਣ ਦੇ ਡਰ ਬਾਰੇ ਦੱਸਦੇ ਹਨ।

ਲੂਸੀ ਉਨ੍ਹਾਂ ਨੂੰ ਯਾਦ ਦਿਵਾਉਂਦੀ ਹੈ ਕਿ ਦਿਖਾਵਾ ਧੋਖਾ ਹੋ ਸਕਦਾ ਹੈ - ਬਹੁਤ ਘੱਟ ਲੋਕ ਉਨੇ ਖੁਸ਼ ਹੁੰਦੇ ਹਨ ਜਿੰਨੇ ਉਹ ਦਿਖਾਈ ਦਿੰਦੇ ਹਨ, ਖਾਸ ਕਰਕੇ ਜਦੋਂ ਉਹ "ਸੁਰੱਖਿਅਤ" ਖੇਡਣ ਦੀ ਕੋਸ਼ਿਸ਼ ਕਰ ਰਹੇ ਹੋਣ।

ਅਸਲ ਸਵਾਲ ਇਹ ਨਹੀਂ ਹੈ ਕਿ "ਜੇ ਮੈਂ ਅਸਫਲ ਹੋ ਗਿਆ ਤਾਂ ਕੀ ਹੋਵੇਗਾ" ਪਰ ਇਹ ਹੈ ਕਿ "ਜੇ ਮੈਂ ਉੱਡਣ ਲੱਗ ਪਿਆ ਤਾਂ ਕੀ ਹੋਵੇਗਾ"।

"ਆਪਣੇ ਆਪ ਨੂੰ ਉਸ ਪਿਆਰ ਅਤੇ ਖੁਸ਼ੀ ਦੇ ਹੱਕਦਾਰ ਬਣਨ ਦਿਓ ਜੋ ਤੁਸੀਂ ਚਾਹੁੰਦੇ ਹੋ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)