ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਮਗਰੋਂ ਰਾਜਾ ਵੜਿੰਗ ਅਤੇ ਕੈਪਟਨ ਅਮਰਿੰਦਰ ਸਿੰਘ ਬਾਰੇ ਕੀ ਬੋਲੇ ਪਰਗਟ ਸਿੰਘ

ਰਾਜਾ ਵੜਿੰਗ ਅਤੇ ਪਰਗਟ ਸਿੰਘ
ਤਸਵੀਰ ਕੈਪਸ਼ਨ, ਰਾਜਾ ਵੜਿੰਗ ਦੀ ਥਾਂ ਪਰਗਟ ਸਿੰਘ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਾਏ ਗਏ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਕਾਂਗਰਸ ਹਾਈਕਮਾਨ ਵੱਲੋਂ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ ਮੀਤ ਪ੍ਰਧਾਨ ਅਤੇ ਚੋਣਾਂ ਨਾਲ ਸਬੰਧਤ ਗਠਿਤ ਕਮੇਟੀਆਂ ਦੇ ਚੇਅਰਪਰਸਨ ਅਤੇ ਸਹਿ-ਚੇਅਰਪਰਸਨ ਦੇ ਅਹੁਦਿਆਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰਾਜਾ ਵੜਿੰਗ ਵੱਲੋਂ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਸੌਂਪ ਦਿੱਤਾ ਗਿਆ ਸੀ।

ਭੂਪੇਸ਼ ਬਘੇਲ ਦੀ ਥਾਂ ਸਚਿਨ ਪਾਇਲਟ ਨੂੰ ਇੰਚਾਰਜ ਲਗਾਏ ਜਾਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਪ੍ਰਧਾਨ ਅਹੁਦੇ 'ਤੇ ਵੀ ਬਦਲਾਅ ਹੋ ਸਕਦਾ ਹੈ। ਵੜਿੰਗ ਦੇ ਅਸਤੀਫ਼ੇ ਤੋਂ ਬਾਅਦ, ਹੁਣ ਚੋਣਾਂ ਤੋਂ ਪਹਿਲਾਂ ਪਰਗਟ ਸਿੰਘ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਪ੍ਰਧਾਨ ਬਣਨ ਮਗਰੋਂ ਕੀ ਬੋਲੇ ਪਰਗਟ ਸਿੰਘ

ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਬਾਅਦ ਪਰਗਟ ਸਿੰਘ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਪਾ ਕੇ ਲਿਖਿਆ, "ਮੈਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਕੇ.ਸੀ. ਵੇਣੂਗੋਪਾਲ, ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਕਾਂਗਰਸ ਦੇ ਸਾਰੇ ਸੀਨੀਅਰ ਆਗੂਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ।"

"ਮੈਂ ਪੰਜਾਬ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਆਪਣੇ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਕੰਮ ਕਰਾਂਗਾ।"

ਕਾਂਗਰਸ ਦੀ ਧੜੇਬੰਦੀ ਤੇ ਰਾਜਾ ਵੜਿੰਗ ਬਾਰੇ ਕੀ ਬੋਲੇ ਪਰਗਟ ਸਿੰਘ

ਪਰਗਟ ਸਿੰਘ
ਤਸਵੀਰ ਕੈਪਸ਼ਨ, ਪਰਗਟ ਸਿੰਘ ਨੇ ਸਾਰਿਆਂ ਨੂੰ ਇਕਜੁੱਟ ਕਰਨ ਦੀ ਗੱਲ ਆਖੀ ਹੈ

ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨਣ ਤੋਂ ਬਾਅਦ ਪਰਗਟ ਸਿੰਘ ਨੇ ਮੀਡੀਆ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ ਪਾਰਟੀ ਵਿੱਚ ਕੋਈ ਧੜੇਬੰਦੀ ਨਹੀਂ ਹੈ।

ਉਨ੍ਹਾਂ ਕਿਹਾ, "ਪਾਰਟੀ ਵਿੱਚ ਕਿਤੇ ਵੀ ਧੜੇਬੰਦੀ ਨਹੀਂ ਹੈ। ਮੈਂ ਤਾਂ ਟੀਮ ਦਾ ਖਿਡਾਰੀ ਹਾਂ ਤੇ ਮੇਰੀ ਟੀਮ ਦੇ ਸਾਰੇ ਸੀਨੀਅਰ ਮੇਰੇ ਲਈ ਸਤਿਕਾਰਯੋਗ ਹਨ। ਮੈਂ ਤਾਂ ਹਮੇਸ਼ਾ ਪਿੱਛੇ ਖੜ੍ਹ ਕੇ ਖੇਡਦਾ ਫੁਲਬੈਕ ਦੀ ਤਰ੍ਹਾਂ ਤਾਂ ਮੈਨੂੰ ਲੱਗਦਾ ਕਿ ਮੇਰੇ ਕੋਲ ਕਈ ਚੰਗੇ ਖਿਡਾਰੀ ਹਨ। ਰਾਜਾ ਵੜਿੰਗ ਸਾਡੇ ਪ੍ਰਧਾਨ ਰਹੇ ਹਨ ਤੇ ਉਨ੍ਹਾਂ ਨੇ ਚੰਗਾ ਕੰਮ ਕੀਤਾ ਹੈ ਤੇ ਰਾਜਾ ਜੀ ਸਾਡੀ ਟੀਮ ਦੇ ਪਲੇਅਰ ਹਨ। ਮਸਲਾ ਪੰਜਾਬ ਹੈ, ਮਸਲਾ ਸਾਡੇ ਆਪਸੀ ਵਖਰੇਵੇਂ ਨਹੀਂ ਹਨ। ਮੈਂ ਖਿਡਾਰੀ ਹਾਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ।"

ਕੈਪਟਨ ਅਮਰਿੰਦਰ ਸਿੰਘ ਦੇ ਸਵਾਲ ਉਪਰ ਪਰਗਟ ਸਿੰਘ ਨੇ ਕਿਹਾ ਕਿ ਜੋ-ਜੋ ਵੀ ਪੰਜਾਬ ਲਈ ਯੋਗਦਾਨ ਪਾਉਣਾ ਚਾਹੁੰਦਾ, ਉਨ੍ਹਾਂ ਸਾਰਿਆਂ ਦਾ ਸਵਾਗਤ ਹੈ।

ਰਾਜਾ ਵੜਿੰਗ ਨੇ ਪਰਗਟ ਸਿੰਘ ਨੂੰ ਦਿੱਤੀ ਵਧਾਈ

ਰਾਜਾ ਵੜਿੰਗ ਅਤੇ ਪਰਗਟ ਸਿੰਘ
ਤਸਵੀਰ ਕੈਪਸ਼ਨ, ਰਾਜਾ ਵੜਿੰਗ ਨੇ ਪਰਗਟ ਸਿੰਘ ਨੂੰ ਪ੍ਰਧਾਨ ਬਣਨ ਉੱਤੇ ਵਧਾਈ ਦਿੱਤੀ ਹੈ

ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉੱਤੇ ਪਰਗਟ ਸਿੰਘ ਨਾਲ ਤਸਵੀਰ ਸਾਂਝੀ ਕਰਦਿਆਂ ਰਾਜਾ ਵੜਿੰਗ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਬਣਨ ਉੱਤੇ ਵਧਾਈ ਦਿੱਤੀ ਗਈ ਹੈ।

ਚਰਨਜੀਤ ਚੰਨੀ ਨੇ ਕੀ ਕਿਹਾ

ਚਰਨਜੀਤ ਚੰਨੀ

ਕਾਂਗਰਸ ਦੇ ਐੱਮਪੀ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਰਗਟ ਸਿੰਘ ਨੂੰ ਪ੍ਰਧਾਨ ਲਾਉਣ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਨੇ ਆਪਣੇ ਐਕਸ ਅਕਾਉਂਟ ਉਪਰ ਲਿਖਿਆ, "ਅਸੀਂ ਕਾਂਗਰਸ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ, ਰਾਹੁਲ ਗਾਂਧੀ, ਸਚਿਨ ਪਾਇਲਟ ਅਤੇ ਸਾਰੀ ਹਾਈਕਮਾਨ ਦਾ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦਾ ਪ੍ਰਧਾਨ ਲਾਉਣ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ।"

ਉੱਥੇ ਹੀ ਕਾਂਗਰਸੀ ਐੱਮਪੀ ਸੁਖਜਿੰਦਰ ਰੰਧਾਵਾ ਨੇ ਵੀ ਪਰਗਟ ਸਿੰਘ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਨੇ ਐਕਸ ਉਪਰ ਲਿਖਿਆ, 'ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਨਵੀਂ ਜ਼ਿੰਮੇਵਾਰੀ ਮਿਲਣ 'ਤੇ ਪਰਗਟ ਸਿੰਘ ਨੂੰ ਹਾਰਦਿਕ ਵਧਾਈ ਅਤੇ ਸ਼ੁੱਭਕਾਮਨਾਵਾਂ। ਵਿਸ਼ਵਾਸ ਹੈ ਕਿ ਤੁਹਾਡੇ ਤਜਰਬੇ ਅਤੇ ਅਗਵਾਈ ਹੇਠ ਪੰਜਾਬ ਕਾਂਗਰਸ ਏਕਤਾ, ਸਾਂਝ ਅਤੇ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਲੈ ਕੇ ਜਾਵੇਗੀ। ਨਵੀਂ ਜ਼ਿੰਮੇਵਾਰੀ ਲਈ ਬਹੁਤ-ਬਹੁਤ ਮੁਬਾਰਕਾਂ।'

ਪਰਗਟ ਸਿੰਘ ਦੇ ਪਤਨੀ ਕੀ ਬੋਲੇ

ਪਰਗਟ ਸਿੰਘ ਦੇ ਪਤਨੀ ਬਰਿੰਦਰ ਪ੍ਰੀਤ ਕੌਰ

ਪਰਗਟ ਸਿੰਘ ਨੂੰ ਪ੍ਰਧਾਨ ਲਾਉਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਬਰਿੰਦਰ ਪ੍ਰੀਤ ਕੌਰ ਨੇ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਹਾਈਕਮਾਨ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ,'ਪਾਰਟੀ ਤੇ ਪਾਰਟੀ ਪ੍ਰਧਾਨ ਦਾ ਧੰਨਵਾਦ ਕਿ ਉਨ੍ਹਾਂ ਨੇ ਪਰਗਟ ਸਿੰਘ ਉਪਰ ਭਰੋਸਾ ਦਿਖਾਇਆ। ਮੈਨੂੰ ਪੂਰਾ ਭਰੋਸਾ ਹੈ ਕਿ ਪਰਗਟ ਸਿੰਘ ਸਾਰੇ ਵਰਕਰਾਂ ਅਤੇ ਆਗੂਆਂ ਨੂੰ ਇਕਜੁੱਟ ਕਰਨਗੇ। ਅਸੀਂ ਅਕਸਰ ਇਸ ਗੱਲ 'ਤੇ ਚਰਚਾ ਕਰਨ ਲਈ ਮੀਟਿੰਗਾਂ ਕੀਤੀਆਂ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਬਹੁਮਤ ਕਿਵੇਂ ਦਿਵਾਇਆ ਜਾਵੇ। ਇਸ ਨਾਲ ਪਾਰਟੀ ਦਾ ਮਨੋਬਲ ਹੋਰ ਵਧੇਗਾ ਅਤੇ ਮੈਨੂੰ 100 ਫ਼ੀਸਦੀ ਯਕੀਨ ਹੈ ਕਿ ਕਾਂਗਰਸ ਬਹੁਮਤ ਨਾਲ ਸਰਕਾਰ ਬਣਾਏਗੀ।'

ਪੰਜਾਬ ਕਾਂਗਰਸ ਵਿੱਚ ਗੁੱਟਬਾਜ਼ੀ ਦੇ ਸਵਾਲ ਉਪਰ ਉਨ੍ਹਾਂ ਕਿਹਾ ਕਿ ਉਹ ਇੱਕ ਪਰਿਵਾਰ ਦੇ ਹਨ ਤੇ ਪਾਰਟੀ ਵਿੱਚ ਸਭ ਕੁਝ ਠੀਕ ਹੈ।

ਪ੍ਰਧਾਨ ਬਦਲਣ ਦੀ ਨੌਬਤ ਕਿਉਂ ਆਈ ?

ਕਰੀਬ ਚਾਰ ਮਹੀਨੇ ਪਹਿਲਾਂ ਕਾਂਗਰਸ ਹਾਈਕਮਾਨ ਵੱਲੋਂ ਜਦੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਤਾਂ ਉਸ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਿਆ ਸੀ ਅਤੇ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ।

ਸੂਚੀ ਜਾਰੀ ਹੋਣ ਦੇ 2 ਦਿਨ ਬਾਅਦ ਹੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਰਿਹਾਇਸ਼ ਵਿਖੇ ਕਾਂਗਰਸ ਆਗੂਆਂ ਦੀ ਇੱਕ ਬੈਠਕ ਹੋਈ। ਇਸ ਬੈਠਕ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਐਲਾਨਣ ਦੀ ਮੰਗ ਕੀਤੀ ਗਈ।

ਉਦੋਂ ਤੋਂ ਹੀ ਕਈ ਪ੍ਰੋਗਰਾਮਾਂ ਵਿੱਚ ਪਾਰਟੀ 'ਚ ਧੜੇਬੰਦੀ ਸਾਹਮਣੇ ਆਉਂਦੀ ਰਹੀ ਹੈ। ਹਾਲਾਂਕਿ ਪਾਰਟੀ ਵਿੱਚ ਬਗਾਵਤ ਅਤੇ ਵਿਰੋਧੀ ਸੁਰਾਂ ਪਹਿਲਾਂ ਵੀ ਉੱਠਦੀਆਂ ਰਹੀਆਂ ਹਨ।

ਇਸ ਸਭ ਵਿਚਾਲੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਵੀ ਹਟਾਇਆ ਗਿਆ ਅਤੇ ਸਚਿਨ ਪਾਇਲਟ ਨੂੰ ਨਵਾਂ ਇੰਚਾਰਜ ਲਗਾਇਆ ਗਿਆ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਪ੍ਰਧਾਨ ਅਹੁਦੇ ਉੱਤੇ ਵੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।

ਪਰਗਟ ਸਿੰਘ ਦਾ ਖੇਡ ਜਗਤ ਤੋਂ ਸਿਆਸਤ ਤੱਕ ਦਾ ਸਫ਼ਰ

ਪਰਗਟ ਸਿੰਘ
ਤਸਵੀਰ ਕੈਪਸ਼ਨ, ਪੰਜਾਬ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਪਰਗਟ ਸਿੰਘ ਭਾਰਤੀ ਹਾਕੀ ਦੇ ਇੱਕ ਪ੍ਰਸਿੱਧ ਖਿਡਾਰੀ ਅਤੇ ਭਾਰਤੀ ਕਪਤਾਨ ਵਜੋਂ ਆਪਣੀ ਪਛਾਣ ਬਣਾ ਚੁੱਕੇ ਸਨ।

ਪਰਗਟ ਸਿੰਘ ਪੰਜਾਬ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਭਾਰਤੀ ਹਾਕੀ ਦੇ ਇੱਕ ਪ੍ਰਸਿੱਧ ਖਿਡਾਰੀ ਅਤੇ ਭਾਰਤੀ ਕਪਤਾਨ ਵਜੋਂ ਆਪਣੀ ਪਛਾਣ ਬਣਾ ਚੁੱਕੇ ਸਨ।

ਜਲੰਧਰ ਨਾਲ ਸਬੰਧਤ ਪਰਗਟ ਸਿੰਘ ਨੇ ਹਾਕੀ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਓਲੰਪਿਕ ਪੱਧਰ 'ਤੇ ਕਪਤਾਨ ਵਜੋਂ ਦੇਸ਼ ਦੀ ਅਗਵਾਈ ਵੀ ਕੀਤੀ।

ਰੱਖਿਆਤਮਕ ਖੇਡ, ਲੀਡਰਸ਼ਿਪ ਅਤੇ ਪੈਨਲਟੀ ਕਾਰਨਰਾਂ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਉਹ ਜਾਣੇ ਜਾਂਦੇ ਰਹੇ।

ਖੇਡਾਂ ਤੋਂ ਸਿਆਸਤ ਵੱਲ ਆਉਂਦਿਆਂ ਪਰਗਟ ਸਿੰਘ ਨੇ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ।

ਬਾਅਦ ਵਿੱਚ ਉਨ੍ਹਾਂ ਨੇ ਅਕਾਲੀ ਦਲ ਤੋਂ ਦੂਰੀ ਬਣਾਈ ਅਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਿਲ ਹੋ ਗਏ।

ਕਾਂਗਰਸ ਦੀ ਟਿਕਟ 'ਤੇ ਉਨ੍ਹਾਂ ਨੇ ਜਲੰਧਰ ਕੈਂਟ ਤੋਂ ਮੁੜ ਚੋਣ ਜਿੱਤੀ। ਇਸ ਦੌਰਾਨ ਉਹ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਅਜਿਹੇ ਚਿਹਰੇ ਵਜੋਂ ਸਾਹਮਣੇ ਆਏ ਜਿਸ ਦੀ ਪਛਾਣ ਰਵਾਇਤੀ ਸਿਆਸੀ ਪਰਿਵਾਰ ਦੀ ਬਜਾਏ ਖੇਡਾਂ ਨਾਲ ਜੁੜੇ ਪਿਛੋਕੜ ਕਾਰਨ ਬਣੀ ਸੀ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਪਰਗਟ ਸਿੰਘ ਨੂੰ ਸਿੱਖਿਆ ਅਤੇ ਖੇਡਾਂ ਨਾਲ ਜੁੜੇ ਮੰਤਰਾਲਿਆਂ ਦੀ ਜ਼ਿੰਮੇਵਾਰੀ ਮਿਲੀ।

ਉਨ੍ਹਾਂ ਦੇ ਕਾਰਜਕਾਲ ਦੌਰਾਨ ਸਕੂਲੀ ਸਿੱਖਿਆ, ਉੱਚ ਸਿੱਖਿਆ ਅਤੇ ਖੇਡ ਢਾਂਚੇ ਨਾਲ ਸਬੰਧਤ ਮੁੱਦੇ ਉਨ੍ਹਾਂ ਦੇ ਸਿਆਸੀ ਕੰਮ ਦਾ ਹਿੱਸਾ ਰਹੇ। ਖੇਡ ਪਿਛੋਕੜ ਕਾਰਨ ਪੰਜਾਬ ਵਿੱਚ ਖਿਡਾਰੀਆਂ ਲਈ ਬਿਹਤਰ ਸਹੂਲਤਾਂ ਅਤੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਉਨ੍ਹਾਂ ਦੀ ਸਿਆਸਤ ਵਿੱਚ ਮਹੱਤਵਪੂਰਨ ਰਹੀ।

ਪਰਗਟ ਸਿੰਘ ਦੀ ਸ਼ਖਸੀਅਤ ਦਾ ਇੱਕ ਹੋਰ ਮਹੱਤਵਪੂਰਨ ਪੱਖ ਰਿਹਾ ਕਿ ਉਹ ਆਪਣੀ ਪਾਰਟੀ ਦੀ ਸਰਕਾਰ ਦੇ ਫ਼ੈਸਲਿਆਂ ਬਾਰੇ ਵੀ ਖੁੱਲ੍ਹ ਕੇ ਆਪਣੀ ਰਾਇ ਰੱਖਦੇ ਰਹੇ।

2021 ਵਿੱਚ ਪੰਜਾਬ ਕਾਂਗਰਸ ਦੇ ਅੰਦਰੂਨੀ ਸੰਕਟ ਦੌਰਾਨ ਉਨ੍ਹਾਂ ਦੀ ਸਰਗਰਮੀ ਖਾਸ ਤੌਰ 'ਤੇ ਚਰਚਾ ਵਿੱਚ ਰਹੀ। ਉਹ ਨਵਜੋਤ ਸਿੰਘ ਸਿੱਧੂ ਦੇ ਨੇੜੇ ਮੰਨੇ ਜਾਂਦੇ ਸਨ ਅਤੇ ਉਸ ਸਮੇਂ ਸਰਕਾਰ ਅਤੇ ਪਾਰਟੀ ਦੇ ਕੰਮਕਾਜ ਨਾਲ ਜੁੜੇ ਕਈ ਮੁੱਦਿਆਂ 'ਤੇ ਸਵਾਲ ਉਠਾਉਂਦੇ ਰਹੇ।

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਰਗਟ ਸਿੰਘ ਨੇ ਜਲੰਧਰ ਕੈਂਟ ਤੋਂ ਕਾਂਗਰਸ ਦੀ ਟਿਕਟ 'ਤੇ ਮੁੜ ਚੋਣ ਲੜੀ ਅਤੇ ਜਿੱਤ ਦਰਜ ਕੀਤੀ। ਇਸ ਨਾਲ ਉਹ ਇਸ ਹਲਕੇ ਤੋਂ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)