ਫ਼ਰਾਂਸ ਦੇ ਪੈਰਿਸ ’ਚ ਧਾਰਮਿਕ ਵਫ਼ਦ ਦੀ ਯਾਤਰਾ ਦੌਰਾਨ ਵਿਰੋਧ ਕਿਉਂ ਹੋਇਆ, ਆਈਫ਼ਲ ਟਾਵਰ ਵੀ ਕੀਤਾ ਬੰਦ

ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਰਾਇਣ ਸੰਸਥਾ (ਬਾਪਸ) ਦੇ ਮੈਂਬਰਾਂ ਨੇ ਪੈਰਿਸ ਵਿੱਚ ਸੀਨ ਨਦੀ ਉੱਤੇ ਆਯੋਜਿਤ ਧਾਰਮਿਕ ਝਾਂਕੀ ਤੋਂ ਪਹਿਲਾਂ ਐਫਿਲ ਟਾਵਰ ਦੇ ਸਾਹਮਣੇ ਇੱਕ ਧਾਰਮਿਕ ਸਮਾਗਮ ਵਿੱਚ ਹਿੱਸਾ ਲਿਆ

ਤਸਵੀਰ ਸਰੋਤ, Kenzo TRIBOUILLARD / AFP via Getty Images

ਤਸਵੀਰ ਕੈਪਸ਼ਨ, ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਰਾਇਣ ਸੰਸਥਾ (ਬਾਪਸ) ਦੇ ਮੈਂਬਰਾਂ ਨੇ ਪੈਰਿਸ ਵਿੱਚ ਸੀਨ ਨਦੀ ਉੱਤੇ ਆਯੋਜਿਤ ਧਾਰਮਿਕ ਝਾਂਕੀ ਤੋਂ ਪਹਿਲਾਂ ਐਫਿਲ ਟਾਵਰ ਦੇ ਸਾਹਮਣੇ ਇੱਕ ਧਾਰਮਿਕ ਸਮਾਗਮ ਵਿੱਚ ਹਿੱਸਾ ਲਿਆ
    • ਲੇਖਕ, ਡੈਨ ਸੇਲਸ ਅਤੇ ਮੀਮੀ ਸਵਾਬੇ
    • ਰੋਲ, ਗਲੋਬਲ ਅਫੇਅਰਜ਼ ਰਿਪੋਰਟਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ
ਆਈਫਲ ਟਾਵਰ

ਤਸਵੀਰ ਸਰੋਤ, Getty Images

ਪੈਰਿਸ ਦੇ ਮਸ਼ਹੂਰ ਆਈਫਲ ਟਾਵਰ ਦੇ ਪ੍ਰਬੰਧਕਾਂ ਅਤੇ ਸਟਾਫ ਨੇ ਦੱਸਿਆ ਕਿ ਹਿੰਦੂ ਧਾਰਮਿਕ ਸਮੂਹ ਦੀ ਯਾਤਰਾ ਦੌਰਾਨ ਮਹਿਲਾ ਮੁਲਾਜ਼ਮਾਂ ਨੂੰ ਹਟਾਏ ਜਾਣ ਦੇ ਵਿਰੋਧ ਵਿੱਚ ਸਟਾਫ਼ ਵੱਲੋਂ ਹੜਤਾਲ ਕਰਕੇ ਸੋਮਵਾਰ ਨੂੰ ਆਈਫ਼ਲ ਟਾਵਰ ਬੰਦ ਕਰ ਦਿੱਤਾ ਗਿਆ ਸੀ।

ਬੋਚਾਣਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਰਾਇਣ ਸੰਸਥਾ ਸਮੂਹ ਨਾਲ ਜੁੜੇ ਲਗਭਗ ਸੌ ਲੋਕਾਂ ਦੇ ਇੱਕ ਵਫ਼ਦ ਨੇ ਸ਼ਨੀਵਾਰ ਨੂੰ ਫਰਾਂਸ ਦੀ ਰਾਜਧਾਨੀ ਵਿੱਚ ਇਸ ਇਤਿਹਾਸਕ ਸਥਾਨ ਦਾ ਦੌਰਾ ਕੀਤਾ।

ਸਟਾਫ਼ ਯੂਨੀਅਨ ਦੀ ਨੁਮਾਇੰਦਾ ਡਾਇਨ ਡੇਵੋਇਨ ਨੇ ਕਿਹਾ ਕਿ ਜਿਵੇਂ ਹੀ ਇਹ ਸਮੂਹ ਇਸ ਇਤਿਹਾਸਕ ਥਾਂ 'ਤੇ ਪਹੁੰਚਿਆ ਮਹਿਲਾਵਾਂ ਨੂੰ ਉੱਥੋਂ ਹਟਣ ਲਈ ਕਿਹਾ ਗਿਆ।

ਡੇਵੋਇਨ ਨੇ ਰਾਇਟਰਜ਼ ਨੂੰ ਦੱਸਿਆ, "ਇਸ ਗਰੁੱਪ ਦੇ ਦੌਰੇ ਦੌਰਾਨ ਔਰਤਾਂ ਨੂੰ ਆਪਣੇ ਕੰਮ ਵਾਲੀ ਥਾਂ ਛੱਡਣ ਲਈ ਕਿਹਾ ਗਿਆ ਤਾਂ ਜੋ ਉੱਥੇ ਮਰਦਾਂ ਨੂੰ ਲਗਾਇਆ ਜਾ ਸਕੇ।"

ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਬੰਧਕਾਂ ਨੇ ਇਸ ਘਟਨਾ ਲਈ ਕਰਮਚਾਰੀਆਂ ਤੋਂ ਮਾਫ਼ੀ ਮੰਗ ਲਈ ਹੈ।

ਉਨ੍ਹਾਂ ਕਿਹਾ, "ਇਹ ਗੱਲ ਸਟਾਫ਼ ਖਾਸ ਕਰਕੇ ਮਹਿਲਾਵਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਈ ਜੋ ਸਪਸ਼ਟ ਤੌਰ 'ਤੇ ਇਸ ਘਟਨਾ ਕਾਰਨ ਅਤੇ ਜਿਸ ਤਰੀਕੇ ਨਾਲ ਉਨ੍ਹਾਂ ਵਿੱਚੋਂ ਕੁਝ ਨਾਲ ਵਿਵਹਾਰ ਕੀਤਾ ਗਿਆ ਉਸ ਕਾਰਨ ਅਪਮਾਨਤ ਮਹਿਸੂਸ ਕਰ ਰਹੀਆਂ ਹਨ।"

ਡੇਵੋਇਨ ਨੇ ਇਹ ਵੀ ਕਿਹਾ, "ਹਫਤੇ ਦੇ ਅੰਤ ਦੌਰਾਨ ਤਣਾਅ ਵਧ ਗਿਆ ਸੀ ਇਸ ਲਈ ਅੱਜ ਸਵੇਰੇ ਮੁਲਾਜ਼ਮਾਂ ਨੇ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ। ਪ੍ਰਬੰਧਕਾਂ ਨਾਲ ਗੱਲਬਾਤ ਸ਼ੁਰੂ ਕਰ ਕਰਨ ਲਈ ਅਤੇ ਇਹ ਯਕੀਨੀ ਬਣਾਉਣ ਲਈ ਕਿ ਕੰਪਨੀ ਵਿੱਚ ਮਹਿਲਾਵਾਂ ਨਾਲ ਦੁਬਾਰਾ ਕਦੇ ਵੀ ਅਜਿਹਾ ਵਿਵਹਾਰ ਨਾ ਕੀਤਾ ਜਾਵੇ।"

ਨਿਊਜ਼ ਏਜੰਸੀ ਏਐਫਪੀ ਮੁਤਾਬਕ, ਪੈਰਿਸ ਦੇ ਇਸ ਇਤਿਹਾਸਕ ਥਾਂ ਆਈਫਲ ਟਾਵਰ ਦਾ ਪ੍ਰਬੰਧ ਦੇਖਣ ਵਾਲੀ ਕੰਪਨੀ ਸੋਸਾਇਟੀ ਡੀ ਐਕਸਪਲੋਇਟੇਸ਼ਨ ਡੇ ਲਾ ਟੂਰ ਆਈਫਲ ਨੇ ਪੁਸ਼ਟੀ ਕੀਤੀ ਹੈ ਕਿ ਗਰੁੱਪ ਨੇ ਮਹਿਲਾਵਾਂ ਨਾਲ ਸੰਪਰਕ ਸੀਮਿਤ ਰੱਖਣ ਲਈ ਇਸ ਯਾਤਰਾ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਸੀ।

ਕੰਪਨੀ ਨੇ ਏਐਫਪੀ ਨੂੰ ਦੱਸਿਆ, "ਇਹ ਸ਼ਰਤਾਂ ਮੰਨੀਆਂ ਨਹੀਂ ਜਾਣੀਆਂ ਚਾਹੀਦੀਆਂ ਸੀ।"

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਨਾਂ ਤਾਂ ਐਸਈਟੀਈ ਦੇ ਸਿਧਾਂਤਾਂ ਦੇ ਅਨੁਕੂਲ ਸਨ ਅਤੇ ਨਾ ਹੀ ਮਰਦਾਂ-ਔਰਤਾਂ ਵਿਚਕਾਰ ਸਮਾਨਤਾ ਦੇ ਸਿਧਾਂਤਾਂ ਦੇ ਅਨੁਕੂਲ ਸਨ।

ਐਸਈਟੀਈ ਦੇ ਪ੍ਰਧਾਨ ਏਰੀਅਲ ਵੇਲ ਨੇ ਕਿਹਾ, "ਇਹ ਸਪਸ਼ਟ ਤੌਰ 'ਤੇ ਕੋਈ ਪ੍ਰਵਾਨਿਤ ਕਾਰਵਾਈ ਨਹੀਂ ਹੈ।"

ਉਨ੍ਹਾਂ ਕਿਹਾ, "ਮੈਂ ਗਣਤੰਤਰਿਕ ਮੁੱਲਾਂ ਅਤੇ ਮਰਦ ਤੇ ਔਰਤ ਦੀ ਸਮਾਨਤਾ ਪ੍ਰਤੀ ਆਈਫਲ ਟਾਵਰ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹਾਂ।"

ਬੀਬੀਸੀ ਨੇ ਪ੍ਰਤਿਕਿਰਿਆ ਲਈ ਯੂਨੀਅਨ ਕਨਫੈਡਰੇਸ਼ਨ ਜਨਰਲ ਡੂ ਟਰੈਵੇਲ ਨਾਲ ਸੰਪਰਕ ਕੀਤਾ ਹੈ।

ਇਸ ਵਿਵਾਦ ਬਾਰੇ ਮੰਦਿਰ ਦੇ ਪ੍ਰਬੰਧਕਾਂ ਨੇ ਕੀ ਕਿਹਾ ?

ਆਈਫਲ ਟਾਵਰ ਦੇ ਬੰਦ ਹੋਣ ਦਾ ਨੋਟਿਸ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸੋਮਵਾਰ ਨੂੰ ਸਟਾਫ ਨੇ ਹੜਤਾਲ ਕਰਕੇ ਆਈਫਲ ਟਾਵਰ ਬੰਦ ਕਰ ਦਿੱਤਾ ਸੀ।

ਬੋਚਣਾਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਰਾਇਣ ਸੰਸਥਾ ਨੇ ਐਤਵਾਰ ਨੂੰ ਫਰਾਂਸ ਵਿੱਚ ਪੈਰਿਸ ਵਿੱਚ ਆਪਣੇ ਪਹਿਲੇ ਵੱਡੇ ਮੰਦਿਰ ਦੀ ਸਥਾਪਨਾ ਕੀਤੀ।

ਐਕਸ 'ਤੇ ਜਾਰੀ ਇੱਕ ਬਿਆਨ ਵਿੱਚ ਪੈਰਿਸ ਸਥਿਤ ਬੀਏਪੀਐਸ ਮੰਦਰ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਦਾ ਪ੍ਰਬੰਧ ਆਈਫਲ ਟਾਵਰ ਦੀ ਟੀਮ ਦੇ ਸਹਿਯੋਗ ਨਾਲ ਆਮ ਖੁੱਲ੍ਹਣ ਦੇ ਸਮੇਂ ਦੀ ਸ਼ੁਰੂਆਤ ਵਿੱਚ ਕੀਤਾ ਗਿਆ ਸੀ ਤਾਂ ਜੋ ਦੂਜਿਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ।

ਸੰਸਥਾ ਨੇ ਕਿਸੇ ਵੀ ਤਰ੍ਹਾਂ ਦੇ ਦੁੱਖ ਜਾਂ ਅਸੁਵਿਧਾ ਲਈ ਮਾਫੀ ਮੰਗੀ ਅਤੇ ਕਿਹਾ ਕਿ "ਅਸੀਂ ਆਪਸੀ ਸਤਿਕਾਰ ਅਤੇ ਸੇਵਾ ਦੇ ਵਿਆਪਕ ਮੁੱਲਾਂ ਵਿੱਚ ਵਿਸ਼ਵਾਸ ਰੱਖਦੇ ਹਾਂ।"

ਆਪਣੀ ਵੈਬਸਾਈਟ 'ਤੇ ਬੀਏਪੀਐਸ ਆਪਣੇ ਆਪ ਨੂੰ 'ਹਿੰਦੂ ਮੁੱਲਾਂ ਰਾਹੀਂ ਸਮਾਜ ਨੂੰ ਬਿਹਤਰ ਬਣਾਉਣ ਲਈ ਸਮਪਰਪਿਤ ਇੱਕ ਅਧਿਆਤਮਕ ਅਤੇ ਸਵੈ ਸੇਵਕਾਂ ਵੱਲੋਂ ਸੰਚਾਲਿਤ ਸੰਸਥਾ' ਵਜੋਂ ਪੇਸ਼ ਕਰਦਾ ਹੈ।

ਇਸ ਸੰਸਥਾ ਦੇ ਦੁਨੀਆਂ ਦੇ ਕਈ ਵੱਡੇ ਸ਼ਹਿਰਾਂ ਜਿਵੇਂ ਕਿ ਲੰਡਨ, ਲਾਸ ਏਂਜਲਸ ਅਤੇ ਸਿਡਨੀ ਵਿੱਚ ਮੰਦਿਰ ਹਨ।

ਆਈਫਲ ਟਾਵਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮਿਲੀ ਜਾਣਕਾਰੀ ਮੁਤਾਬਕ ਪ੍ਰਬੰਧਕਾਂ ਨੇ ਸਟਾਫ ਤੋਂ ਮਾਫੀ ਮੰਗ ਲਈ ਹੈ।

ਪੈਰਿਸ ਦੇ ਮੇਅਰ ਇਮੈਨੁਅਲ ਗ੍ਰੈਗੁਆਰ ਨੇ ਕਿਹਾ ਕਿ ਇਸ ਦੌਰੇ ਦੇ ਹਾਲਾਤ ਬਾਰੇ ਜਾਂਚ ਕੀਤੀ ਜਾਵੇਗੀ।

ਉਨ੍ਹਾਂ ਨੇ ਐਕਸ 'ਤੇ ਲਿਖਿਆ, "ਮੈਂ ਆਈਫਲ ਟਾਵਰ ਦੇ ਕਰਮਚਾਰੀਆਂ ਵੱਲੋਂ ਜ਼ਾਹਿਰ ਕੀਤੇ ਗੁੱਸੇ ਦਾ ਨੋਟਿਸ ਲੈ ਰਿਹਾ ਹਾਂ ਅਤੇ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਨਰਾਜ਼ਗੀ ਜਾਇਜ਼ ਹੈ।"

ਉਨ੍ਹਾਂ ਕਿਹਾ, "ਔਰਤਾਂ ਅਤੇ ਮਰਦਾਂ ਵਿਚਕਾਰ ਸਮਾਨਤਾ ਸਾਡੇ ਇਤਿਹਾਸਕ ਸਮਾਰਕਾਂ ਦੀਆਂ ਦਹਿਲੀਜ਼ਾਂ 'ਤੇ ਜਾਂ ਇਸ ਸ਼ਹਿਰ ਵਿੱਚ ਕਿਤੇ ਵੀ ਖਤਮ ਨਹੀਂ ਹੋਵੇਗੀ। ਇਹ ਹਰ ਥਾਂ ਹਰ ਕਿਸੇ ਲਈ ਲਾਗੂ ਹੋਣੀ ਚਾਹੀਦੀ ਹੈ।"

ਫਰਾਂਸ ਦੀ ਕੱਟੜ ਸੱਜੇਪੱਖੀ ਆਗੂ ਮਰੀਨ ਲੇ ਪੇਨ ਨੇ ਕਿਹਾ, "ਫਰਾਂਸ ਵਿੱਚ ਅਸੀਂ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਮਹਿਲਾਵਾਂ ਦੀ ਮੌਜੂਦਗੀ ਨੂੰ ਸੀਮਤ ਕੀਤਾ ਜਾਵੇ।"

ਫਰਾਂਸ ਦੇ ਸਾਬਕਾ ਸੱਜੇ ਪੱਖੀ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਜਿਨ੍ਹਾਂ ਨੇ ਅਗਲੇ ਸਾਲ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ, ਨੇ ਕਿਹਾ, "ਫਰਾਂਸ ਵਿੱਚ ਕੋਈ ਵੀ ਸੰਸਕ੍ਰਿਤੀ, ਕੋਈ ਵਿਸ਼ਵਾਸ, ਕੋਈ ਪੂਜਾ ਪੱਧਤੀ, ਕੁਝ ਵੀ ਜਾਂ ਕੋਈ ਵੀ ਮਹਿਲਾਵਾਂ ਨੂੰ ਉਨ੍ਹਾਂ ਦੀ ਥਾਂ ਨਿਰਧਾਰਿਤ ਕਰਨ ਲਈ ਮਜਬੂਰ ਨਹੀਂ ਕਰ ਸਕਦਾ।"

ਫਰਾਂਸ ਦੀ ਨੈਸ਼ਨਲ ਅਸੈਂਬਲੀ ਦੀ ਪ੍ਰਧਾਨ ਯਾਏਲ ਬ੍ਰੌਨ-ਪੀਵੇਟ ਨੇ ਕਿਹਾ, "ਮੈਂ ਵਿਦੇਸ਼ੀ ਸੈਲਾਨੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਮਹਿਲਾਵਾਂ ਨੂੰ ਪਿੱਛੇ ਹਟਣ ਲਈ ਮਜਬੂਰ ਕੀਤੇ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਦੀ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)