ਫਿਰੋਜ਼ਪੁਰ ਦੇ ਹੜ੍ਹਾਂ 'ਚ ਰੁੜੇ ਨੌਜਵਾਨਾਂ ਦੀ ਪਾਕਿਸਤਾਨ ਤੋਂ 30 ਮਹੀਨਿਆਂ ਬਾਅਦ ਵਾਪਸੀ ਹੋਈ, ਕਿਵੇਂ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ

ਤਸਵੀਰ ਸਰੋਤ, KuldeepBrar/BBC
- ਲੇਖਕ, ਕੁਲਦੀਪ ਸਿੰਘ ਬਰਾੜ
- ਰੋਲ, ਬੀਬੀਸੀ ਸਹਿਯੋਗੀ
- ਪੜ੍ਹਨ ਦਾ ਸਮਾਂ: 6 ਮਿੰਟ
2023 ਵਿੱਚ ਆਏ ਹੜਾਂ ਦੌਰਾਨ ਸਤਲੁਜ ਦਰਿਆ ਦੇ ਤੇਜ਼ ਵਹਾਅ ਨਾਲ ਰੁੜ ਕੇ ਪਾਕਿਸਤਾਨ ਪਹੁੰਚੇ ਫਿਰੋਜ਼ਪੁਰ ਦੇ ਪਿੰਡ ਕਿਲਚੇ ਦੇ ਤਿੰਨ ਨੌਜਵਾਨ ਹੁਣ ਲੰਬੇ ਸਮੇਂ ਬਾਅਦ ਸੁਰੱਖਿਅਤ ਤੌਰ 'ਤੇ ਭਾਰਤ ਵਾਪਸ ਪਰਤ ਆਏ ਹਨ।
2023 ਵਿੱਚ ਆਏ ਹੜਾਂ ਕਾਰਨ ਸਤਲੁਜ ਦਰਿਆ ਦੇ ਨਾਲ ਲੱਗਦੀਆਂ ਜ਼ਮੀਨਾਂ ਵਿੱਚ ਪਾਣੀ ਭਰ ਜਾਣ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ।
ਪਿੰਡ ਕਿਲਚੇ ਦੇ ਰਹਿਣ ਵਾਲੇ ਜੋਗਿੰਦਰ ਸਿੰਘ, ਗੁਰਮੇਜ ਸਿੰਘ ਅਤੇ ਛਿੰਦਰ ਸਿੰਘ ਹੜਾਂ ਦੇ ਦੌਰਾਨ ਆਪਣਾ ਟਰੈਕਟਰ ਉੱਚੀ ਜਗ੍ਹਾ 'ਤੇ ਲੈ ਕੇ ਜਾ ਰਹੇ ਸਨ ਕਿ ਸਤਲੁਜ ਦਰਿਆ ਦੇ ਤੇਜ਼ ਵਹਾਅ ਕਾਰਨ ਰੁੜ ਕੇ ਪਾਕਿਸਤਾਨ ਜਾ ਪਹੁੰਚ ਗਏ।
ਪਰਿਵਾਰਕ ਮੈਂਬਰਾਂ ਨੂੰ ਪਾਕਿਸਤਾਨ ਤੋਂ ਆਈਆਂ ਖ਼ਬਰਾਂ ਰਾਹੀਂ ਪਤਾ ਲੱਗਾ ਕਿ ਉਹ ਗੁੰਮ ਨਹੀਂ ਹੋਏ ਸਗੋਂ ਦਰਿਆ ਦੇ ਤੇਜ਼ ਵਹਾਅ ਨਾਲ ਰੁੜ ਕੇ ਪਾਕਿਸਤਾਨ ਚਲੇ ਗਏ ਹਨ। ਉਨ੍ਹਾਂ ਵੱਲੋਂ ਸਥਾਨਕ ਆਗੂਆਂ ਅਤੇ ਉੱਚ ਅਧਿਕਾਰੀਆਂ ਨੂੰ ਮਿਲਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ।
ਬਾਅਦ ਵਿੱਚ ਦੋਵਾਂ ਸਰਕਾਰਾਂ ਦੀ ਸਹਿਮਤੀ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਤਿੰਨਾਂ ਨੂੰ ਭਾਰਤ ਸਰਕਾਰ ਦੇ ਹਵਾਲੇ ਕਰ ਦਿੱਤਾ।
ਜੋਗਿੰਦਰ ਸਿੰਘ ਨੇ ਦੱਸਿਆ, "ਸਾਡਾ ਖੇਤ ਬਾਰਡਰ ਦੇ ਨੇੜੇ ਹੈ। ਟਰੈਕਟਰ ਪਾਣੀ ਵਿੱਚ ਫਸ ਗਿਆ ਸੀ। ਉਸ ਨੂੰ ਬਚਾਉਣ ਗਏ ਤਾਂ ਅਸੀਂ ਦਰਿਆ ਦੇ ਤੇਜ਼ ਵਹਾਅ ਨਾਲ ਰੁੜ ਕੇ ਪਾਕਿਸਤਾਨ ਪਹੁੰਚ ਗਏ।"
ਉਨ੍ਹਾਂ ਨੇ ਦੱਸਿਆ, "ਉੱਥੇ ਕੁਝ ਲੋਕਾਂ ਨੇ ਸਾਨੂੰ ਬੈਠਣ ਲਈ ਆਖਿਆ ਅਤੇ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਸਾਡੀਆਂ ਅੱਖਾਂ 'ਤੇ ਪੱਟੀ ਬੰਨ੍ਹੀਆਂ ਅਤੇ ਸਾਨੂੰ ਨਾਲ ਲੈ ਗਈ। ਪਹਿਲੇ ਚਾਰ ਪੰਜ ਦਿਨ ਸਾਡੇ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ ਇਹ ਪੁੱਛਿਆ ਗਿਆ ਕਿ ਕੀ ਤੁਹਾਨੂੰ ਪਾਕਿਸਤਾਨ ਕਿਸੇ ਵੱਲੋਂ ਭੇਜਿਆ ਗਿਆ ਹੈ।"

"ਅਸੀਂ ਉਨ੍ਹਾਂ ਨੂੰ ਕਿਹਾ ਕਿ ਸਾਡੀ ਅਜਿਹੀ ਕੋਈ ਮਨਸ਼ਾ ਨਹੀਂ ਸੀ। ਅਸੀਂ ਸਤਲੁਜ ਦਰਿਆ ਵਿੱਚ ਰੁੜ ਕੇ ਇੱਥੇ ਆ ਗਏ ਹਾਂ। ਜਦੋਂ ਉਨ੍ਹਾਂ ਨੂੰ ਇਹ ਯਕੀਨ ਹੋ ਗਿਆ ਤਾਂ ਉਨ੍ਹਾਂ ਨੇ ਸਾਨੂੰ ਕੁੱਟਣਾ ਬੰਦ ਕਰ ਦਿੱਤਾ।"
"ਸਾਨੂੰ ਸਭ ਤੋਂ ਪਹਿਲਾਂ ਕਸੂਰ ਜੇਲ੍ਹ੍ ਵਿੱਚ ਅਤੇ ਬਾਅਦ ਵਿੱਚ ਲਾਹੌਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਜੇਲ੍ਹ ਵਿੱਚ ਸਾਨੂੰ ਅਲੱਗ ਰੱਖਿਆ ਜਾਂਦਾ ਸੀ। ਉੱਥੇ ਹੋਰ ਵੀ ਭਾਰਤ ਦੇ ਕੈਦੀ ਸਨ ਜੋ ਕਾਫੀ ਸਮੇਂ ਤੋਂ ਜੇਲ੍ਹਾਂ ਕੱਟ ਰਹੇ ਸਨ, ਪਰ ਸਾਨੂੰ ਕਿਸੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਸੀ।"
ਜੋਗਿੰਦਰ ਨੇ ਦੱਸਿਆ, "ਲਗਭਗ 15 ਮਹੀਨਿਆਂ ਬਾਅਦ ਜੱਜ ਸਾਹਿਬ ਦੀ ਇਜਾਜ਼ਤ ਨਾਲ ਹਫ਼ਤੇ ਵਿੱਚ ਇੱਕ ਵਾਰ ਘਰ ਗੱਲ ਕਰਨ ਦਾ ਮੌਕਾ ਮਿਲਿਆ। ਉਸ ਸਮੇਂ ਮੈਨੂੰ ਪਤਾ ਲੱਗਾ ਕਿ ਮੇਰੇ ਪਿਤਾ ਦੀ ਮੌਤ ਹੋ ਚੁੱਕੀ ਹੈ।"
ਉਨ੍ਹਾਂ ਨੇ ਕਿਹਾ ਕਿ ਕਰੀਬ 30 ਮਹੀਨੇ ਉੱਥੇ ਰਹਿਣਾ ਪਿਆ। "ਸਾਨੂੰ ਕੋਈ ਉਮੀਦ ਨਹੀਂ ਸੀ ਕਿ ਅਸੀਂ ਵਾਪਸ ਭਾਰਤ ਆਵਾਂਗੇ, ਪਰ ਇੱਕ ਦਿਨ ਅਚਾਨਕ ਸਾਨੂੰ ਦੱਸਿਆ ਗਿਆ ਕਿ ਤੁਹਾਨੂੰ ਰਿਹਾਅ ਕੀਤਾ ਗਿਆ ਹੈ। ਇਹ ਸੁਣ ਕੇ ਸਾਨੂੰ ਬਹੁਤ ਖੁਸ਼ੀ ਹੋਈ। ਅਸੀਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਦੇ ਕਾਰਨ ਅਸੀਂ ਆਪਣੇ ਘਰ ਵਾਪਸ ਪਰਤ ਆਏ ਹਾਂ।"
ਪਰਿਵਾਰਾਂ ਨੇ ਕੱਟੇ ਔਖੇ ਦਿਨ

ਜੋਗਿੰਦਰ ਸਿੰਘ ਦੀ ਪਤਨੀ ਸਰੋਜ ਰਾਣੀ ਨੇ ਦੱਸਿਆ, "ਸਾਨੂੰ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਸਤਲੁਜ ਦਰਿਆ ਵਿੱਚ ਰੁੜ ਕੇ ਪਾਕਿਸਤਾਨ ਜਾਣ ਬਾਰੇ 25 ਦਿਨ ਬਾਅਦ ਖ਼ਬਰਾਂ ਰਾਹੀਂ ਪਤਾ ਲੱਗਾ ਸੀ। ਉਸ ਤੋਂ ਪਹਿਲਾਂ ਅਸੀਂ ਉਨ੍ਹਾਂ ਦੀ ਗੁੰਮ ਹੋਣ ਦੀ ਰਿਪੋਰਟ ਲਿਖਾਈ ਸੀ।"
"ਜਦੋਂ ਸਾਨੂੰ ਪਤਾ ਲੱਗਾ ਤਾਂ ਬਹੁਤ ਦੁੱਖ ਹੋਇਆ। ਬੱਚੇ ਵੀ ਰੋਂਦੇ ਸਨ ਅਤੇ ਸਕੂਲ ਨਹੀਂ ਜਾਂਦੇ ਸਨ। ਘਰ ਵਿੱਚ ਕਮਾਈ ਕਰਨ ਵਾਲਾ ਇਕੱਲਾ ਜੋਗਿੰਦਰ ਸਿੰਘ ਹੀ ਸੀ।"
ਉਨ੍ਹਾਂ ਨੇ ਕਿਹਾ ਕਿ ਜੋਗਿੰਦਰ ਸਿੰਘ ਫਸਲ ਕਟਾਈ ਵਾਲੀਆਂ ਮਸ਼ੀਨਾਂ 'ਤੇ ਫੋਰਮੈਨ ਵਜੋਂ ਕੰਮ ਕਰਦੇ ਹਨ। ਇਹ ਤਿੰਨ ਭਰਾ ਹਨ ਅਤੇ ਅੱਠ ਏਕੜ ਜ਼ਮੀਨ ਦੀ ਖੇਤੀ ਇਕੱਠੇ ਕਰਦੇ ਹਨ। ਤਿੰਨੇ ਭਰਾ ਅਲੱਗ ਅਲੱਗ ਰਹਿੰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਘਰ ਦਾ ਗੁਜ਼ਾਰਾ ਪਹਿਲਾਂ ਹੀ ਮੁਸ਼ਕਿਲ ਨਾਲ ਚੱਲਦਾ ਸੀ। ਹੜ੍ਹਾਂ ਕਾਰਨ ਜ਼ਮੀਨ ਦਾ ਹਿੱਸਾ ਦਰਿਆ ਵਿੱਚ ਰੁੜ ਗਿਆ ਅਤੇ ਦਰਿਆ ਨੇ ਜ਼ਮੀਨ ਵਿੱਚ ਰਸਤਾ ਬਣਾ ਲਿਆ। ਫਿਰ ਪਾਣੀ ਆਉਣ ਨਾਲ ਚਾਰ ਏਕੜ ਕਣਕ ਵੀ ਡੁੱਬ ਗਈ।
ਉਹ ਆਪਣੇ ਪਤੀ ਦੀ ਵਾਪਸੀ ਬਾਰੇ ਦੱਸਦੇ ਹਨ, "ਅਸੀਂ ਗੁਰਦੁਆਰਿਆਂ, ਮੰਦਰਾਂ ਅਤੇ ਮਸਜਿਦਾਂ ਵਿੱਚ ਬਹੁਤ ਅਰਦਾਸਾਂ ਅਤੇ ਬੇਨਤੀਆਂ ਕੀਤੀਆਂ। ਸਾਨੂੰ ਜੋਗਿੰਦਰ ਸਿੰਘ ਦੇ ਜ਼ਿੰਦਾ ਹੋਣ ਦੀ ਕੋਈ ਉਮੀਦ ਨਹੀਂ ਸੀ ਕਿਉਂਕਿ ਖ਼ਬਰਾਂ ਵਿੱਚ ਸਿਰਫ਼ ਫੋਟੋ ਹੀ ਦੇਖੀ ਸੀ।"
"ਦੋ ਬੱਚੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਸਨ। ਫੀਸ ਨਾ ਦੇਣ ਕਾਰਨ ਇੱਕ ਬੱਚੇ ਨੂੰ ਹਟਾ ਲਿਆ ਗਿਆ ਸੀ। ਹੁਣ ਉਨ੍ਹਾਂ ਦੇ ਘਰ ਆਉਣ ਨਾਲ ਸਾਰੇ ਪਰਿਵਾਰਕ ਮੈਂਬਰ ਬਹੁਤ ਖੁਸ਼ ਹਨ।"
ਜੇਲ੍ਹ ਦੇ ਤਜਰਬੇ

ਗੁਰਮੇਜ ਸਿੰਘ ਨੇ ਕਿਹਾ, "2023 ਵਿੱਚ ਅਸੀਂ ਟਰੈਕਟਰ ਉੱਚੀ ਥਾਂ 'ਤੇ ਕਰਨ ਗਏ ਸੀ ਅਤੇ ਉਸ ਤੋਂ ਪਹਿਲਾਂ ਹੀ ਸਤਲੁਜ ਦਰਿਆ ਵਿੱਚ ਰੁੜ ਕੇ ਪਾਕਿਸਤਾਨ ਚਲੇ ਗਏ। ਉੱਥੇ ਪਹੁੰਚਣ 'ਤੇ ਸਾਨੂੰ ਸਿਵਲ ਲੋਕਾਂ ਨੇ ਫੜ ਲਿਆ।"
"ਅਸੀਂ ਬੇਨਤੀ ਕੀਤੀ ਕਿ ਸਾਨੂੰ ਇੱਥੋਂ ਦੀ ਪੁਲਿਸ ਜਾਂ ਮਿਲਟਰੀ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਘਰ ਵਾਪਸ ਆ ਸਕੀਏ। ਉਨ੍ਹਾਂ ਨੇ ਕਿਸੇ ਮਹਿਕਮੇ ਨੂੰ ਫੋਨ ਕੀਤਾ ਅਤੇ ਅਧਿਕਾਰੀ ਆ ਕੇ ਸਾਡੇ ਉੱਪਰ ਨਕਾਬ ਪਾ ਕੇ ਲੈ ਗਏ।"
"ਪਹਿਲਾਂ ਕੁੱਟਮਾਰ ਕੀਤੀ ਜਾਂਦੀ ਸੀ, ਪਰ ਬਾਅਦ ਵਿੱਚ ਸਾਡੇ ਰੁੜ ਕੇ ਜਾਣ ਬਾਰੇ ਖ਼ਬਰਾਂ ਆਉਣ ਤੋਂ ਬਾਅਦ ਕੁੱਟਮਾਰ ਬੰਦ ਕਰ ਦਿੱਤੀ ਗਈ। ਜੇਲ੍ਹ ਵਿੱਚ ਜੋ ਖਾਣਾ ਹੋਰ ਕੈਦੀਆਂ ਨੂੰ ਮਿਲਦਾ ਸੀ, ਉਹੀ ਸਾਨੂੰ ਦਿੱਤਾ ਜਾਂਦਾ ਸੀ।"
ਉਨ੍ਹਾਂ ਨੇ ਕਿਹਾ, "ਪਹਿਲਾਂ ਸਾਨੂੰ ਵਾਪਸ ਆਉਣ ਦੀ ਕੋਈ ਉਮੀਦ ਨਹੀਂ ਸੀ। ਬਾਅਦ ਵਿੱਚ ਜਦੋਂ ਸਾਡੀ ਵਾਪਸੀ ਬਾਰੇ ਪਤਾ ਲੱਗਾ ਤਾਂ ਖੁਸ਼ੀ ਦੇ ਮਾਰੇ ਦੋ ਦਿਨ ਨੀਂਦ ਨਹੀਂ ਆਈ।"
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਸੁਖਣਾ ਬਹੁਤ ਹੋ ਗਈਆਂ ਹਨ ਅਤੇ ਉਹ ਹਰ ਰੋਜ਼ ਗੁਰਦੁਆਰੇ ਮੱਥਾ ਟੇਕਣ ਜਾਂਦੇ ਹਨ। ਉਨ੍ਹਾਂ ਦੇ ਜਾਣ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋਈ ਅਤੇ ਪਰਿਵਾਰਕ ਮੈਂਬਰ ਵੀ ਬਿਮਾਰ ਹੋਏ। ਹੁਣ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਲਈ ਕੁਝ ਕਰਨਾ ਚਾਹੁੰਦੇ ਹਨ ਅਤੇ ਸਰਕਾਰ ਦਾ ਧੰਨਵਾਦ ਕਰਦੇ ਹਨ।
ਗੁਰਮੇਜ ਸਿੰਘ ਦੀ ਮਾਤਾ ਮਨਜੀਤ ਕੌਰ ਦੱਸਦੇ ਹਨ, "ਸਾਨੂੰ ਆਪਣੇ ਪੁੱਤਰ ਦੇ ਸਤਲੁਜ ਦਰਿਆ ਵਿੱਚ ਰੁੜ ਜਾਣ ਦਾ ਕਾਫੀ ਦਿਨ ਬਾਅਦ ਪਤਾ ਲੱਗਾ। ਪੁੱਤਰ ਤੋਂ ਬਿਨਾਂ ਸਾਡੀ ਕੋਈ ਜ਼ਿੰਦਗੀ ਨਹੀਂ ਸੀ। ਅਸੀਂ ਹਰ ਰੋਜ਼ ਅਰਦਾਸਾਂ ਕਰਦੇ ਰਹੇ ਅਤੇ ਬਹੁਤ ਔਖੇ ਦਿਨ ਕੱਟੇ।"
ਉਨ੍ਹਾਂ ਨੇ ਕਿਹਾ ਕਿ ਹੁਣ ਉਹ ਬਹੁਤ ਖੁਸ਼ ਹਨ ਅਤੇ ਸਿਹਤ ਵੀ ਠੀਕ ਹੈ। "ਪਰਮਾਤਮਾ ਦਾ ਧੰਨਵਾਦ ਹੈ ਕਿ ਉਸ ਨੇ ਮੇਰੇ ਪੁੱਤ ਨੂੰ ਦੂਜਾ ਜਨਮ ਦਿੱਤਾ ਹੈ।"

ਐਡਵੋਕੇਟ ਮਿਹਰ ਸਿੰਘ ਮੱਲ ਨੇ ਦੱਸਿਆ ਕਿ ਜਿਹੜੇ ਲੋਕ ਹੜ੍ਹ ਵਿੱਚ ਰੁੜ ਕੇ ਜਾਂ ਕਿਸੇ ਹੋਰ ਕਾਰਨ ਬਾਰਡਰ ਪਾਰ ਕਰਕੇ ਪਾਕਿਸਤਾਨ ਚਲੇ ਜਾਂਦੇ ਹਨ, ਉੱਥੇ ਦੀ ਸੁਰੱਖਿਆ ਏਜੰਸੀ ਉਨ੍ਹਾਂ ਦੀ ਛਾਣਬੀਨ ਕਰਦੀ ਹੈ। ਇਸ ਤੋਂ ਬਾਅਦ ਭਾਰਤ ਦੀ ਬਾਰਡਰ ਸਿਕਿਉਰਿਟੀ ਫੋਰਸ ਨਾਲ ਸੰਪਰਕ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਦੂਜੇ ਦੇਸ਼ ਜਾਣ ਦੀ ਮਨਸ਼ਾ ਜਾਣ ਬੁੱਝ ਕੇ ਨਹੀਂ ਸੀ, ਤਾਂ ਪਾਕਿਸਤਾਨ ਵੱਲੋਂ ਉਨ੍ਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਂਦਾ ਹੈ। ਵਾਪਸੀ ਲਈ ਕੋਈ ਤੈਅ ਸਮਾਂ ਨਹੀਂ ਹੁੰਦਾ। ਇਹ ਸਭ ਕੁਝ ਛਾਣਬੀਨ 'ਤੇ ਨਿਰਭਰ ਕਰਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਤੋਂ ਵਾਪਸ ਆਉਣ ਵਾਲੇ ਹਰ ਵਿਅਕਤੀ 'ਤੇ ਭਾਰਤ ਵਿੱਚ ਮਾਮਲਾ ਦਰਜ ਕਰਨਾ ਲਾਜ਼ਮੀ ਨਹੀਂ ਹੁੰਦਾ। ਇਹ ਉਸ ਦੀ ਮਨਸ਼ਾ 'ਤੇ ਨਿਰਭਰ ਕਰਦਾ ਹੈ ਕਿ ਬਾਰਡਰ ਜਾਣ ਬੁੱਝ ਕੇ ਪਾਰ ਕੀਤਾ ਗਿਆ ਸੀ ਜਾਂ ਗ਼ਲਤੀ ਨਾਲ।
ਟੈਲੀਫੋਨਿਕ ਜਾਣਕਾਰੀ ਮੁਤਾਬਕ ਬਾਰਡਰ ਸਿਕਿਉਰਿਟੀ ਫੋਰਸ ਦੇ ਇੰਸਪੈਕਟਰ ਦੀਪ ਸਿੰਘ ਨੇ ਕਿਹਾ, "ਇਹ ਪੁਰਾਣਾ ਮਾਮਲਾ ਹੋਣ ਕਰਕੇ ਸਾਡੇ ਕੋਲ ਇਸ ਦਾ ਕੋਈ ਵੀ ਰਿਕਾਰਡ ਮੌਜੂਦ ਨਹੀਂ ਹੈ।"
ਉਨ੍ਹਾਂ ਨੇ ਕਿਹਾ, "ਹੁਣ ਉਨ੍ਹਾਂ ਦੇ ਆਉਣ ਬਾਰੇ ਸਾਨੂੰ ਸਿਰਫ਼ ਜਾਣਕਾਰੀ ਸੀ। ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਜਾਣਕਾਰੀ ਨਹੀਂ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































