ਪੰਜਾਬ ਦੇ ਇਸ ਹਿੰਦੂ ਪਰਿਵਾਰ ਨੇ ਮਸਜਿਦ ਲਈ ਆਪਣੀ ਜ਼ਮੀਨ ਦਿੱਤੀ, ਕਹਿੰਦੇ, 'ਇੱਕ ਪਲ਼ ਲਈ ਵੀ ਪੈਸੇ ਲੈਣ ਦਾ ਖਿਆਲ ਨਹੀਂ ਆਇਆ’

- ਲੇਖਕ, ਕੁਲਵੀਰ ਸਿੰਘ
- ਰੋਲ, ਬੀਬੀਸੀ ਸਹਿਯੋਗੀ
- ਪੜ੍ਹਨ ਦਾ ਸਮਾਂ: 5 ਮਿੰਟ
ਜ਼ਿਲ੍ਹਾ ਸੰਗਰੂਰ ਦੇ ਪਿੰਡ ਪੁੰਨਾਵਾਲ ਵਿੱਚ ਮੌਜੂਦ ਮਸਜਿਦ ਹੁਣ ਸਿਰਫ਼ ਇੱਕ ਇਬਾਦਤਗਾਹ ਨਹੀਂ, ਸਗੋਂ ਆਪਸੀ ਪਿਆਰ ਅਤੇ ਭਰੋਸੇ ਦੀ ਨਿਸ਼ਾਨੀ ਬਣ ਚੁੱਕੀ ਹੈ।
ਪਿੰਡ ਦੇ ਇੱਕ ਹਿੰਦੂ ਪਰਿਵਾਰ ਵੱਲੋਂ ਆਪਣੀ ਪੰਜ ਵਿਸਵੇ ਜ਼ਮੀਨ ਮਸਜਿਦ ਬਣਾਉਣ ਲਈ ਦਾਨ ਕੀਤੀ ਗਈ ਹੈ, ਜੋ ਦੇਸ਼ ਭਰ ਲਈ ਆਪਸੀ ਭਾਈਚਾਰੇ ਅਤੇ ਸੁਹਾਦਰਤਾ ਦਾ ਮਜ਼ਬੂਤ ਸੁਨੇਹਾ ਮੰਨੀ ਜਾ ਰਹੀ ਹੈ।
ਇਸ ਪਰਿਵਾਰ ਵੱਲੋਂ 2 ਸਤੰਬਰ 2023 ਨੂੰ ਜ਼ਮੀਨ ਦਾਨ ਕੀਤੀ ਗਈ ਸੀ ਅਤੇ 8 ਫਰਵਰੀ 2026 ਨੂੰ ਇਹ ਮਸਜਿਦ ਤਿਆਰ ਹੋਈ ਜਿਸ ਦਾ ਉਦਘਾਟਨ ਪੰਜਾਬ ਦੇ ਸ਼ਾਹੀ ਇਮਾਮ ਵੱਲੋਂ ਕੀਤਾ ਗਿਆ।
'ਥਾਂ ਬਦਲੇ ਪੈਸੇ ਦਾ ਤਾਂ ਖਿਆਲ ਹੀ ਨਹੀਂ ਆਇਆ'

ਪਿੰਡ ਪੁੰਨਾਵਾਲ ਦੇ ਵਾਸੀ ਅਸ਼ਵਨੀ ਸ਼ਰਮਾ ਤੇ ਇਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਪਸ਼ੂਆਂ ਦੇ ਵਪਾਰ ਨਾਲ ਜੁੜਿਆ ਹੋਇਆ ਹੈ।
ਅਸ਼ਵਨੀ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਦੇ ਨਾਲ ਕੰਮ ਕਰਦੇ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਇੱਕ ਵਿਅਕਤੀ ਵੱਲੋਂ ਮਸਜਿਦ ਦੀ ਲੋੜ ਬਾਰੇ ਗੱਲ ਕੀਤੀ ਗਈ ਸੀ। ਜਿਸ ਮਗਰੋਂ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਵਿਚਾਰ ਕੀਤਾ ਤੇ ਜ਼ਮੀਨ ਦਾਨ ਕਰਨ ਦਾ ਫੈਸਲਾ ਲਿਆ।
ਮਸਜਿਦ ਅਸ਼ਵਨੀ ਸ਼ਰਮਾ ਦੇ ਘਰ ਦੇ ਬਿਲਕੁਲ ਨਾਲ ਬਣੀ ਹੈ। ਇਸ ਬਾਰੇ ਉਹ ਕਹਿੰਦੇ ਹਨ, "ਜਿਸ ਤਰ੍ਹਾਂ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਪਾਠ ਹੁੰਦਾ ਹੈ, ਉਸੇ ਤਰ੍ਹਾਂ ਜੇ ਸਾਡੇ ਘਰ ਦੇ ਨਾਲ ਮਸਜਿਦ ਵਿੱਚ ਨਮਾਜ਼ ਅਦਾ ਹੁੰਦੀ ਹੈ ਤਾਂ ਸਾਨੂੰ ਇਸ 'ਤੇ ਕੋਈ ਇਤਰਾਜ਼ ਨਹੀਂ।"
ਉਹ ਕਹਿੰਦੇ ਹਨ, "ਮੇਰੇ ਤਾਇਆ ਜੀ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ, ਤਾਇਆ ਜੀ ਨੇ ਕਿਹਾ ਸੀ ਕਿ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ, ਤੁਹਾਨੂੰ ਥਾਂ ਦੇਵਾਂਗੇ। ਜਦੋਂ ਅਸੀਂ ਥਾਂ ਦਿੱਤਾ ਤਾਂ ਉਸ ਸਮੇਂ ਸਾਡੇ ਦਿਮਾਗ ਵਿੱਚ ਪੈਸੇ ਲੈਣ ਦਾ ਇੱਕ ਪਲ ਲਈ ਵੀ ਖਿਆਲ ਨਹੀਂ ਆਇਆ ਸੀ।"
'ਹਰ ਬੰਦਾ ਆਪਣੇ ਧਰਮ ਦੀ ਸਾਂਝੀ ਥਾਂ ਚਾਹੁੰਦਾ'
ਅਸ਼ਵਨੀ ਸ਼ਰਮਾ ਕਹਿੰਦੇ ਹਨ, “ਥਾਂ ਦੇਣ ਲੱਗੇ ਸਾਡੇ ਪਰਿਵਾਰ ਵਿੱਚ ਵੀ ਕੋਈ ਕਿੰਤੂ-ਪ੍ਰੰਤੂ ਨਹੀਂ ਹੋਈ। ਮੁਸਲਮਾਨ ਭਾਈਚਾਰੇ ਲਈ ਪਹਿਲਾਂ ਕਾਫੀ ਮੁਸ਼ਕਲ ਆਉਂਦੀ ਸੀ। ਉਹ ਪਹਿਲਾਂ ਕੰਮ ਆਉਂਦੇ ਤੇ ਫਿਰ ਨਮਾਜ਼ ਲਈ ਨੇੜਲੇ ਪਿੰਡ ਕਾਂਜਲਾ ਜਾਂਦੇ। ਮੁਸਲਮਾਨ ਭਾਈਚਾਰੇ ਨਾਲ ਸਾਡੇ ਪਹਿਲਾਂ ਤੋਂ ਹੀ ਸਬੰਧ ਚੰਗੇ ਹਨ।"

"ਹਰ ਧਰਮ ਦਾ ਬੰਦਾ ਚਾਹੁੰਦਾ ਕਿ ਉਨ੍ਹਾਂ ਦੇ ਧਰਮ ਦੀ ਕੋਈ ਸਾਂਝੀ ਥਾਂ ਹੋਵੇ, ਇਸ ਤਰ੍ਹਾਂ ਇਹ (ਮੁਸਲਿਮ ਭਾਈਚਾਰਾ) ਵੀ ਚਾਹੁੰਦੇ ਸੀ ਕਿ ਮਸਜਿਦ ਹੋਵੇ। ਇਹ ਚੰਗਾ ਹੋਇਆ ਕਿ ਹੁਣ ਪਿੰਡ ਵਿੱਚ ਮਸਜਿਦ ਵੀ ਹੈ। ਹੁਣ ਉਹ ਵੀ ਸਾਰੇ ਖੁਸ਼ ਹਨ। ਸਾਨੂੰ ਇਸ ਉਪਰਾਲੇ ਲਈ ਖਾਸ ਫੋਨ ਵੀ ਆਉਂਦੇ ਨੇ ਲੋਕਾਂ ਦੇ ਕਿ ਤੁਸੀਂ ਚੰਗਾ ਕੰਮ ਕੀਤਾ ਹੈ। ਸਾਡੇ ਪਰਿਵਾਰ ਨੂੰ ਵੀ ਬਹੁਤ ਖੁਸ਼ੀ ਆ ਕਿ ਹੁਣ ਮਸਜਿਦ ਬਣ ਕੇ ਤਿਆਰ ਹੋ ਗਈ।"
ਅਸ਼ਵਨੀ ਸ਼ਰਮਾ ਦੀ ਭੈਣ ਨੀਲਮ ਸ਼ਰਮਾ ਨੇ ਵੀ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸਾਰੇ ਧਰਮਾਂ ਨੂੰ ਇੱਕ ਸਮਝਦਾ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਅਤੇ ਤਾਇਆ ਨੇ ਪੂਰੇ ਪਰਿਵਾਰ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਜ਼ਮੀਨ ਦਾਨ ਕਰਨ ਦਾ ਫੈਸਲਾ ਲਿਆ ਸੀ।
ਮੁਸਲਿਮ ਭਾਈਚਾਰੇ 'ਚ ਖੁਸ਼ੀ ਦੀ ਲਹਿਰ

ਪਿੰਡ ਪੁੰਨਾਵਾਲ ਦੇ ਵਸਨੀਕ ਤੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਗੁਲਜ਼ਾਰ ਮੁਹੰਮਦ ਦੱਸਦੇ ਹਨ ਕਿ ਇਹ ਸਾਰਾ ਉਪਰਾਲਾ ਪਸ਼ੂਆਂ ਦੇ ਵਪਾਰ ਨਾਲ ਜੁੜੇ ਆਪਸੀ ਭਰੋਸੇ ਤੋਂ ਸ਼ੁਰੂ ਹੋਇਆ। ਮੁਸਲਿਮ ਭਾਈਚਾਰੇ ਨਾਲ ਗੱਲਬਾਤ ਤੋਂ ਬਾਅਦ ਸ਼ਰਮਾ ਪਰਿਵਾਰ ਨੇ ਆਪਣੀ ਪੰਜ ਵਿਸਵੇ ਜ਼ਮੀਨ ਸਾਂਝੇ ਤੌਰ 'ਤੇ ਮਸਜਿਦ ਦੇ ਨਾਮ ਕਰਵਾ ਦਿੱਤੀ।
ਇਸੇ ਪਿੰਡ ਦੇ ਸੁਖਮੀਤ ਸ਼ਾਹ ਕਹਿੰਦੇ ਹਨ ਕਿ ਇਸ ਕਦਮ ਨਾਲ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਹੁਣ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਬੱਚੇ ਮਸਜਿਦ ਵਿੱਚ ਨਮਾਜ਼ ਅਦਾ ਕਰਨ ਆ ਰਹੇ ਹਨ।
ਇਸ ਪਿੰਡ ਵਿੱਚ ਮਸਜਿਦ ਤਿਆਰ ਹੋਣ ਮਗਰੋਂ ਇੱਥੋਂ ਦੀਆਂ ਔਰਤਾਂ ਵੀ ਖੁਸ਼ ਹਨ।
ਮੁਸਲਿਮ ਭਾਈਚਾਰੇ ਨਾਲ ਸਬੰਧਤ ਈਸ਼ਵਰ ਬੇਗਮ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹ ਈਦ ਦੀ ਨਮਾਜ਼ ਲਈ ਕਾਂਜਲਾ ਪਿੰਡ ਜਾਂਦੇ ਸਨ ਅਤੇ ਬਾਕੀ ਨਮਾਜ਼ਾਂ ਘਰਾਂ ਵਿੱਚ ਅਦਾ ਕੀਤੀਆਂ ਜਾਂਦੀਆਂ ਸਨ।
ਉਹ ਕਹਿੰਦੇ ਹਨ, "ਇਹ ਜ਼ਮੀਨ ਸਾਨੂੰ ਜਸਪਾਲ ਰਾਮ ਤੇ ਵਿਜੇ ਕੁਮਾਰ ਦੇ ਪਰਿਵਾਰ ਨੇ ਦਿੱਤੀ ਹੈ ਤੇ ਉਨ੍ਹਾਂ ਨੇ ਸਿਰਫ ਸਿਰਫ਼ ਜ਼ਮੀਨ ਹੀ ਨਹੀਂ ਦਿੱਤੀ, ਸਗੋਂ ਮਸਜਿਦ ਬਣਨ ਤੱਕ ਹਰ ਤਰ੍ਹਾਂ ਦੀ ਮਦਦ ਵੀ ਕੀਤੀ ਹੈ।"
'ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਭਾਈਚਾਰਕ ਸਾਂਝ ਵਧਾਓ'

ਪਿੰਡ ਪੁੰਨਾਵਾਲ ਵਿੱਚ ਮੁਸਲਿਮ ਭਾਈਚਾਰੇ ਦੇ ਤਕਰੀਬਨ 18 ਪਰਿਵਾਰ ਹਨ। ਪਿੰਡ ਦੇ ਸਰਪੰਚ ਮੁਤਾਬਕ ਇਸ ਜ਼ਮੀਨ ਦੀ ਕੀਮਤ ਲੱਖਾਂ ਰੁਪਏ ਹੈ।
ਪਿੰਡ ਪੁੰਨਾਵਾਲ ਦੇ ਸਰਪੰਚ ਗੋਬਿੰਦਰ ਸਿੰਘ ਨੇ ਅਸ਼ਵਨੀ ਸ਼ਰਮਾ ਦੇ ਪਰਿਵਾਰ ਵੱਲੋਂ ਕੀਤੀ ਪਹਿਲ 'ਤੇ ਪਰਿਵਾਰ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ, "ਸਾਡੇ ਪਿੰਡ ਵਿੱਚ ਮੁਸਲਿਮ ਭਾਈਚਾਰੇ ਦੀਆਂ ਕਰੀਬ 80-90 ਵੋਟਾਂ ਹਨ ਤੇ ਉਹ ਪਰਿਵਾਰ ਨੇੜਲੇ ਪਿੰਡ ਕਾਂਜਲਾ ਨਮਾਜ਼ ਅਦਾ ਕਰਨ ਜਾਂਦੇ ਸਨ। ਇਸ ਜ਼ਮੀਨ ਦੀ ਮਾਰਕੀਟ ਕੀਮਤ ਕਰੀਬ 7 ਤੋਂ 8 ਲੱਖ ਰੁਪਏ ਹੈ।
ਇਸ ਉਪਰਾਲੇ ਨਾਲ ਹੁਣ ਪਿੰਡ ਵਿੱਚ ਮਸਜਿਦ ਬਣ ਗਈ ਹੈ। ਇਸ ਨਾਲ ਪੂਰੇ ਪੰਜਾਬ ਵਿੱਚ ਸਾਡੇ ਪਿੰਡ ਦਾ ਨਾਮ ਰੌਸ਼ਨ ਹੋਇਆ। ਮੇਰੇ ਨਗਰ ਨੇ ਸਾਰੇ ਧਰਮਾਂ ਨੂੰ ਜੋੜ ਕੇ ਰੱਖਣ ਦਾ ਕੰਮ ਕੀਤਾ ਹੈ। ਸੋ ਇਸ ਨਾਲ ਇੱਕ ਵੱਖਰੀ ਮਿਸਾਲ ਪੈਦਾ ਹੋਈ ਹੈ। ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਾਰਿਆਂ ਨੂੰ ਅਜਿਹੇ ਭਾਈਚਾਰਕ ਸਾਂਝ ਦੇ ਫ਼ੈਸਲੇ ਲੈਣੇ ਚਾਹੀਦੇ ਹਨ।"
ਸਰਪੰਚ ਗੋਬਿੰਦਰ ਸਿੰਘ ਕਹਿੰਦੇ ਹਨ ਕਿ ਪੁੰਨਾਵਾਲ ਪਿੰਡ ਵਿੱਚ ਗੁਰਦੁਆਰਾ ਅਤੇ ਡੇਰੇ ਮੌਜੂਦ ਹਨ, ਪਰ ਹੁਣ ਮਸਜਿਦ ਬਣਨ ਨਾਲ ਆਪਸੀ ਭਾਈਚਾਰੇ ਦੀ ਇੱਕ ਨਵੀਂ ਮਿਸਾਲ ਕਾਇਮ ਹੋਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



































