ਪੰਜਾਬ 'ਚ ਘਰਾਂ ਤੋਂ ਹੋਟਲਾਂ ਤੱਕ ਐੱਲਪੀਜੀ ਸਪਲਾਈ ਨੂੰ ਲੈ ਕੇ ਲੋਕ ਫ਼ਿਕਰਮੰਦ, ਚੰਡੀਗੜ੍ਹ ਤੇ ਸੰਗਰੂਰ ਸਣੇ ਵੱਖ-ਵੱਖ ਸ਼ਹਿਰਾਂ 'ਚ ਕੀ ਹਾਲਾਤ ਹਨ

ਸਿਲੰਡਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਰਾਨ ਅਤੇ ਇਜ਼ਰਾਇਲ ਵਿਚਾਲੇ ਚੱਲ ਰਹੇ ਤਣਾਅ ਦਾ ਅਸਰ ਭਾਰਤ ਵਿੱਚ ਪਹੁੰਚ ਗਿਆ ਹੈ
ਪੜ੍ਹਨ ਦਾ ਸਮਾਂ: 8 ਮਿੰਟ

"ਮੇਰੇ ਕੋਲ ਸਿਰਫ਼ ਦੋ ਦਿਨਾਂ ਦਾ ਹੀ ਸਿਲੰਡਰ ਬਚਿਆ ਹੈ, ਉਸ ਤੋਂ ਬਾਅਦ ਰੈਸਟੋਰੈਂਟ ਕਿਵੇਂ ਚਲਾਉਣਾ ਹੈ ਮੈਨੂੰ ਨਹੀਂ ਪਤਾ।"

ਇਹ ਬੋਲ ਚੰਡੀਗੜ੍ਹ ਵਿੱਚ ਇੱਕ ਫੂਡ ਰੈਸਟੋਰੈਂਟ ਦੇ ਮਾਲਕ ਸੁੰਦਰਮ ਦੇ ਹਨ ਜਿਨ੍ਹਾਂ ਨੂੰ ਐੱਲਪੀਜੀ ਗੈਸ ਦੀ ਘਾਟ ਕਰਕੇ ਆਪਣੇ ਕਾਰੋਬਾਰ ਦੀ ਚਿੰਤਾ ਹੋ ਰਹੀ ਹੈ।

ਈਰਾਨ ਉੱਤੇ ਅਮਰੀਕਾ ਤੇ ਇਜ਼ਰਾਇਲ ਦੇ ਹਮਲੇ ਮਗਰੋਂ ਤੇਲ ਤੇ ਗੈਸ ਦੀ ਸਪਲਾਈ ਵਿੱਚ ਰੁਕਾਵਟਾਂ ਪੈ ਰਹੀਆਂ ਹਨ। ਭਾਰਤ ਸਰਕਾਰ ਦਾਅਵਾ ਕਰ ਰਹੀ ਹੈ ਕਿ ਘਰੇਲੂ ਗੈਸ ਦੀ ਸਪਲਾਈ ਕਾਫੀ ਹੈ ਤੇ ਇਸ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਪਰ ਜ਼ਮੀਨੀ ਪੱਧਰ ਉੱਤੇ ਲੋਕਾਂ ਨੂੰ ਦਿੱਕਤ ਦਰਪੇਸ਼ ਆ ਰਹੀ ਹੈ, ਖਾਸਕਰ ਰੈਸਟੋਰੈਂਟ ਮਾਲਕਾਂ ਨੂੰ ਇਸ ਦਾ ਸੇਕ ਲਗ ਰਿਹਾ ਹੈ।

ਚੰਡੀਗੜ੍ਹ ਤੋਂ ਬੀਬੀਸੀ ਸਹਿਯੋਗੀ ਨਵਜੋਤ ਕੌਰ ਦੀ ਰਿਪੋਰਟ ਮੁਤਾਬਕ ਹੋਟਲ ਅਤੇ ਰੈਸਟੋਰੈਂਟ ਉਦਯੋਗ ਵੀ ਇਸ ਸਥਿਤੀ ਨੂੰ ਲੈ ਕੇ ਚਿੰਤਤ ਹੈ। ਇੱਕ ਹੋਟਲ ਸੰਚਾਲਕ ਨੇ ਦੱਸਿਆ ਕਿ ਉਦਯੋਗ ਦਾ ਇੱਕ ਹਿੱਸਾ ਸਿਲੰਡਰਾਂ 'ਤੇ ਅਤੇ ਦੂਜਾ ਪੀਐੱਨਜੀ ਪਾਈਪਲਾਈਨ 'ਤੇ ਨਿਰਭਰ ਕਰਦਾ ਹੈ।

ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਚੰਡੀਗੜ੍ਹ ਦੇ ਚੇਅਰਮੈਨ ਮਨਮੋਹਨ ਸਿੰਘ ਕੋਹਲੀ ਮੁਤਾਬਕ, "ਫਿਲਹਾਲ ਪੀਐੱਨਜੀ ਚੱਲ ਰਹੀ ਹੈ ਪਰ ਜਿਹੜੇ ਲੋਕ ਸਿਲੰਡਰਾਂ 'ਤੇ ਨਿਰਭਰ ਹਨ ਉਨ੍ਹਾਂ ਲਈ ਮੁਸ਼ਕਲ ਬਣ ਸਕਦੀ ਹੈ। ਸਾਡੀ ਚਿੰਤਾ ਇਹ ਹੈ ਕਿ ਜੇ ਸਥਿਤੀ ਗੰਭੀਰ ਬਣੀ ਰਹੀ ਤਾਂ ਜਿਹੜੇ ਵਿਆਹ ਜਾਂ ਹੋਰ ਸਮਾਗਮ ਬੁੱਕ ਹਨ ਤਾਂ ਅਸੀਂ ਉਨ੍ਹਾਂ ਦੀ ਵਿਵਸਥਾ ਕਿਵੇਂ ਕਰਾਂਗੇ।"

ਉਨ੍ਹਾਂ ਦੇ ਮੁਤਾਬਕ ਜੇ ਗੈਸ ਦੀ ਕਮੀ ਜਾਰੀ ਰਹੀ ਤਾਂ ਇਸ ਦਾ ਅਸਰ ਸਿਰਫ਼ ਹੋਟਲਾਂ 'ਤੇ ਹੀ ਨਹੀਂ ਬਲਕਿ ਕਿਸਾਨਾਂ ਅਤੇ ਦੁੱਧ ਸਪਲਾਇਰਾਂ ਵਰਗੇ ਹੋਰ ਖੇਤਰਾਂ 'ਤੇ ਵੀ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਉਤਪਾਦਾਂ ਦਾ ਵੱਡਾ ਹਿੱਸਾ ਹੋਟਲ-ਰੈਸਟੋਰੈਂਟ ਉਦਯੋਗ ਹੀ ਖਰੀਦਦਾ ਹੈ।

ਮਨਮੋਹਨ ਸਿੰਘ ਕੋਹਲੀ

ਕੇਂਦਰ ਸਰਕਾਰ ਨੇ ਕੀ ਕਦਮ ਚੁੱਕੇ

ਇਸ ਵਿਚਾਲੇ ਭਾਰਤ ਦੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਤੇਲ ਕੰਪਨੀਆਂ ਨੂੰ ਐੱਲਪੀਜੀ ਦਾ ਉਤਪਾਦਨ ਵਧਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੇਲ ਰਿਫ਼ਾਈਨਰੀਆਂ ਨੂੰ ਐੱਲਪੀਜੀ ਦਾ ਉਤਪਾਦਨ ਵਧਾਉਣ ਅਤੇ ਵਾਧੂ ਉਤਪਾਦਨ ਨੂੰ ਘਰੇਲੂ ਵਰਤੋਂ ਲਈ ਪ੍ਰਾਥਮਿਕਤਾ ਦੇਣ।

ਮੰਤਰਾਲੇ ਨੇ ਘਰੇਲੂ ਉਪਭੋਗਤਾਵਾਂ ਲਈ ਐੱਲਪੀਜੀ ਸਪਲਾਈ ਨੂੰ ਤਰਜੀਹ ਦਿੱਤੀ ਹੈ ਅਤੇ ਜਮਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਐੱਲਪੀਜੀ ਸਿਲੰਡਰ ਦੀ ਬੁਕਿੰਗ ਦੇ ਵਿਚਕਾਰ ਦਾ ਅੰਤਰ ਵਧਾ ਕੇ 25 ਦਿਨ ਕਰ ਦਿੱਤਾ ਗਿਆ ਹੈ।

ਵੀਡੀਓ ਕੈਪਸ਼ਨ, ਐੱਲਪੀਜੀ ਦੀ ਘਾਟ ਕਾਰਨ ਪੰਜਾਬ ਸਣੇ ਚੰਡੀਗੜ੍ਹ ਤੇ ਹਰਿਆਣਾ ’ਚ ਇਹ ਕਾਰੋਬਾਰ ਹੋ ਰਿਹਾ ਪ੍ਰਭਾਵਿਤ, ਸਰਕਾਰ ਨੇ ਕੀ ਕਿਹਾ

ਇਸ ਤੋਂ ਇਲਾਵਾ ਆਯਾਤ ਕੀਤੀ ਐੱਲਪੀਜੀ ਦਾ ਜੋ ਹਿੱਸਾ ਪਹਿਲਾਂ ਗ਼ੈਰ-ਘਰੇਲੂ ਕੰਮਾਂ ਲਈ ਵਰਤਿਆ ਜਾਂਦਾ ਸੀ, ਉਸ ਨੂੰ ਹੁਣ ਜ਼ਰੂਰੀ ਖੇਤਰਾਂ ਜਿਵੇਂ ਹਸਪਤਾਲਾਂ ਅਤੇ ਵਿਦਿਅਕ ਸੰਸਥਾਵਾਂ ਲਈ ਪ੍ਰਾਥਮਿਕਤਾ ਦੇ ਨਾਲ ਸਪਲਾਈ ਕੀਤਾ ਜਾ ਰਿਹਾ ਹੈ।

ਇਸਦੇ ਨਾਲ ਹੀ ਭਾਰਤ ਸਰਕਾਰ ਨੇ ਪੈਟਰੋਲੀਅਮ ਉਤਪਾਦਾਂ ਅਤੇ ਕੁਦਰਤੀ ਗੈਸ ਦੀ ਉਪਲਬਧਤਾ, ਸਪਲਾਈ ਅਤੇ ਬਰਾਬਰ ਵੰਡ ਯਕੀਨੀ ਬਣਾਉਣ ਲਈ ਜ਼ਰੂਰੀ ਵਸਤਾਂ ਐਕਟ 1955 ਨੂੰ ਲਾਗੂ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਸੰਭਾਵੀ ਜਮਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣਾ ਹੈ।

ਪੰਜਾਬ ਵਿੱਚ ਗੈਸ ਸਪਲਾਈ ਘਟਣ ਨਾਲ ਵਧੀ ਚਿੰਤਾ

ਗੁਰਪਾਲ ਸਿੰਘ ਮਾਨ

ਸੰਗਰੂਰ ਤੋਂ ਬੀਬੀਸੀ ਸਹਿਯੋਗੀ ਕੁਲਵੀਰ ਸਿੰਘ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਗੈਸ ਸਿਲੰਡਰਾਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਕਾਰਨ ਆਮ ਘਰੇਲੂ ਉਪਭੋਗਤਾਵਾਂ ਦੇ ਨਾਲ-ਨਾਲ ਹੋਟਲ, ਢਾਬੇ ਅਤੇ ਰੈਸਟੋਰੈਂਟ ਚਲਾਉਣ ਵਾਲਿਆਂ ਵਿੱਚ ਵੀ ਫਿਕਰ ਵਧ ਗਈ ਹੈ।

ਜੇਕਰ ਹਾਲਾਤ ਜਲਦੀ ਨਹੀਂ ਸੁਧਰੇ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ।

ਫੈਡਰੇਸ਼ਨ ਆਫ ਐੱਲਪੀਜੀ ਡਿਸਟ੍ਰੀਬਿਊਟਰ ਆਫ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਐੱਲਪੀਜੀ ਗੈਸ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ।

ਉਨ੍ਹਾਂ ਨੇ ਦੱਸਿਆ, "ਸਪਲਾਈ ਚੇਨ ਵਿੱਚ ਆਈਆਂ ਰੁਕਾਵਟਾਂ ਕਾਰਨ ਡਿਸਟ੍ਰੀਬਿਊਟਰਾਂ ਨੂੰ ਸਮੇਂ ਸਿਰ ਗੈਸ ਨਹੀਂ ਮਿਲ ਰਹੀ, ਜਿਸ ਦਾ ਅਸਰ ਸਿੱਧਾ ਆਮ ਖਪਤਕਾਰਾਂ 'ਤੇ ਪੈ ਰਿਹਾ ਹੈ।"

"ਜੇ ਸਪਲਾਈ ਜਲਦੀ ਸਧਾਰਨ ਨਾ ਹੋਈ ਤਾਂ ਕਈ ਇਲਾਕਿਆਂ ਵਿੱਚ ਗੈਸ ਦੀ ਕਮੀ ਹੋਰ ਵਧ ਸਕਦੀ ਹੈ। ਇਸ ਲਈ ਕੇਂਦਰ ਸਰਕਾਰ ਅਤੇ ਸੰਬੰਧਿਤ ਕੰਪਨੀਆਂ ਨੂੰ ਪੰਜਾਬ ਵਿੱਚ ਗੈਸ ਦੀ ਸਪਲਾਈ ਵਧਾਉਣੀ ਚਾਹੀਦੀ ਹੈ।"

ਹੋਟਲ-ਢਾਬਾ ਕਾਰੋਬਾਰ 'ਤੇ ਪੈ ਰਿਹਾ ਅਸਰ

ਸਿਲੰਡਰ
ਤਸਵੀਰ ਕੈਪਸ਼ਨ, ਪਿਛਲੇ ਕੁਝ ਦਿਨਾਂ ਤੋਂ ਸੂਬੇ ਦੇ ਕਈ ਇਲਾਕਿਆਂ ਵਿੱਚ ਐੱਲਪੀਜੀ ਗੈਸ ਦੀ ਸਪਲਾਈ ਨੂੰ ਲੈ ਕੇ ਚਿੰਤਾ ਵਧ ਰਹੀ ਹੈ

ਲੁਧਿਆਣਾ ਤੋਂ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਦੀ ਰਿਪੋਰਟ ਮੁਤਾਬਕ ਗੈਸ ਸਪਲਾਇਰ ਵੀ ਇਸ ਸਥਿਤੀ ਨੂੰ ਲੈ ਕੇ ਚਿੰਤਾ ਵਿੱਚ ਹਨ। ਇੱਕ ਗੈਸ ਏਜੰਸੀ ਦੇ ਮਾਲਕ ਜੈਦੀਪ ਚੱਢਾ ਨੇ ਦੱਸਿਆ ਕਿ ਵਪਾਰਕ ਸਿਲੰਡਰਾਂ ਦੀ ਸਪਲਾਈ ਰੁਕਣ ਕਾਰਨ ਉਨ੍ਹਾਂ ਦੇ ਕਾਰੋਬਾਰ 'ਤੇ ਵੀ ਅਸਰ ਪੈ ਰਿਹਾ ਹੈ।

ਉਨ੍ਹਾਂ ਕਿਹਾ, "ਅਸੀਂ ਪਹਿਲਾਂ ਰੋਜ਼ਾਨਾ ਕਰੀਬ 900 ਕਮਰਸ਼ੀਅਲ ਸਿਲੰਡਰ ਸਪਲਾਈ ਕਰਦੇ ਸੀ, ਪਰ ਹੁਣ ਸ਼ਨੀਵਾਰ ਤੋਂ ਬਾਅਦ ਅਸੀਂ ਕਮਰਸ਼ੀਅਲ ਗੈਸ ਸਿਲੰਡਰ ਸਪਲਾਈ ਨਹੀਂ ਕਰ ਰਹੇ ਕਿਉਂਕਿ ਸਾਡੇ ਕੋਲ ਸਪਲਾਈ ਹੀ ਨਹੀਂ ਆ ਰਹੀ।"

ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਗਾਹਕਾਂ ਵੱਲੋਂ ਲਗਾਤਾਰ ਫੋਨ ਆ ਰਹੇ ਹਨ।

ਉਨ੍ਹਾਂ ਕਿਹਾ, "ਰੋਜ਼ਾਨਾ 300 ਤੋਂ 400 ਕਾਲਾਂ ਆ ਰਹੀਆਂ ਹਨ ਕਿਉਂਕਿ ਬੁਕਿੰਗ ਨਹੀਂ ਹੋ ਰਹੀ। ਸਾਡੇ ਕੋਲ 30 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ ਅਤੇ ਜੇ ਇਹ ਹਾਲਾਤ ਜਾਰੀ ਰਹੇ ਤਾਂ ਉਨ੍ਹਾਂ ਦੀਆਂ ਤਨਖਾਹਾਂ ਦੇਣੀ ਵੀ ਮੁਸ਼ਕਲ ਹੋ ਸਕਦੀ ਹੈ।"

ਕੁਸ਼ ਸਚਦੇਵਾ
ਤਸਵੀਰ ਕੈਪਸ਼ਨ, ਦੁਕਾਨਦਾਰਾਂ ਨੂੰ ਆਪਣੇ ਖਾਣ ਦੇ ਆਈਟਮ ਘਟਾਉਣ ਦੀ ਨੌਬਤ ਆ ਰਹੀ ਹੈ

ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਦੀ ਰਿਪੋਰਟ ਮੁਤਾਬਕ ਸੰਗਰੂਰ ਦੇ ਭਵਾਨੀਗੜ੍ਹ ਦੇ ਕਈ ਹੋਟਲ ਅਤੇ ਮਠਿਆਈ ਦੀਆਂ ਦੁਕਾਨਾਂ ਦੇ ਮਾਲਕਾਂ ਨੇ ਦੱਸਿਆ ਕਿ 8 ਮਾਰਚ ਤੋਂ ਬਾਅਦ ਉਨ੍ਹਾਂ ਨੂੰ ਗੈਸ ਸਿਲੰਡਰ ਨਹੀਂ ਮਿਲੇ।

ਸਥਾਨਕ ਮਠਿਆਈ ਦੀ ਦੁਕਾਨ ਦੇ ਮਾਲਕ ਕੁਸ਼ ਸਚਦੇਵਾ ਅਤੇ ਸ਼ਾਮ ਸਚਦੇਵਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਰੋਜ਼ਾਨਾ ਦੋ ਤੋਂ ਤਿੰਨ ਕਮਰਸ਼ੀਅਲ ਸਿਲੰਡਰ ਦੀ ਖਪਤ ਹੁੰਦੀ ਹੈ।

ਉਨ੍ਹਾਂ ਕਿਹਾ, "ਸਾਡੇ ਕੋਲ ਹੁਣ ਸਿਰਫ਼ ਚਾਰ-ਪੰਜ ਦਿਨਾਂ ਦਾ ਹੀ ਸਟੌਕ ਬਚਿਆ ਹੈ। ਜੇ ਗੈਸ ਦੀ ਸਪਲਾਈ ਜਲਦੀ ਸ਼ੁਰੂ ਨਾ ਹੋਈ ਤਾਂ ਸਾਨੂੰ ਕਈ ਆਈਟਮਾਂ ਬਣਾਉਣੀਆਂ ਬੰਦ ਕਰਨੀਆਂ ਪੈਣਗੀਆਂ।"

ਉਨ੍ਹਾਂ ਦੇ ਮੁਤਾਬਕ ਮਜ਼ਬੂਰੀ ਵਿੱਚ ਉਹ ਪੁਰਾਣੀਆਂ ਡੀਜ਼ਲ ਭੱਠੀਆਂ ਦੁਬਾਰਾ ਵਰਤਣ ਲਈ ਤਿਆਰ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਅਸੀਂ ਸਟੋਰ ਵਿੱਚੋਂ ਪੁਰਾਣੀਆਂ ਡੀਜ਼ਲ ਭੱਠੀਆਂ ਕੱਢ ਕੇ ਸਾਫ ਕਰ ਰਹੇ ਹਾਂ ਤਾਂ ਜੋ ਕੁਝ ਕੰਮ ਚੱਲ ਸਕੇ, ਪਰ ਹਰ ਥਾਂ ਇਹ ਸੰਭਵ ਨਹੀਂ। ਜੇ ਹਾਲਾਤ ਇਹੋ ਜਿਹੇ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਟਲ ਅਤੇ ਰੈਸਟੋਰੈਂਟ ਵੀ ਬੰਦ ਹੋ ਸਕਦੇ ਹਨ।"

ਲੱਕੜ ਤੇ ਕੋਲੇ ਦੀ ਵਰਤੋਂ 'ਤੇ ਵਿਚਾਰ

ਢਾਬਾ
ਤਸਵੀਰ ਕੈਪਸ਼ਨ, ਢਾਬਾ ਮਾਲਕਾਂ ਦਾ ਕਹਿਣਾ ਹੈ ਕਿ ਇਸ ਦਾ ਗਾਹਕਾਂ ਉੱਤੇ ਵੀ ਪਵੇਗਾ

ਗੁਰਮਿੰਦਰ ਸਿੰਘ ਗਰੇਵਾਲ ਦੀ ਰਿਪੋਰਟ ਮੁਤਾਬਕ ਲੁਧਿਆਣਾ ਵਿੱਚ ਢਾਬਾ ਮਾਲਕਾਂ ਨੇ ਵੀ ਗੈਸ ਦੀ ਸਪਲਾਈ ਰੁਕਣ 'ਤੇ ਚਿੰਤਾ ਜਤਾਈ ਹੈ। ਇੱਕ ਢਾਬਾ ਮਾਲਕ ਨੇ ਦੱਸਿਆ ਕਿ ਉਹ ਰੋਜ਼ਾਨਾ 19 ਕਿਲੋ ਦੇ ਇੱਕ ਤੋਂ ਦੋ ਕਮਰਸ਼ੀਅਲ ਸਿਲੰਡਰ ਵਰਤਦੇ ਹਨ।

ਉਨ੍ਹਾਂ ਕਿਹਾ, "ਜੇ ਸਿਲੰਡਰ ਨਹੀਂ ਮਿਲੇ ਤਾਂ ਸਾਨੂੰ ਲੱਕੜ ਅਤੇ ਕੋਲੇ ਨਾਲ ਕੰਮ ਚਲਾਉਣਾ ਪਵੇਗਾ, ਜਿਸ ਨਾਲ ਖਰਚ ਵੀ ਵਧੇਗਾ ਅਤੇ ਆਖ਼ਰਕਾਰ ਇਸ ਦਾ ਅਸਰ ਗਾਹਕਾਂ ਦੀ ਜੇਬ 'ਤੇ ਪਵੇਗਾ।"

ਉਨ੍ਹਾਂ ਦੇ ਮੁਤਾਬਕ ਲੱਕੜ ਅਤੇ ਕੋਲੇ ਨਾਲ ਧੂੰਆਂ ਵੀ ਵਧਦਾ ਹੈ, ਜਿਸ ਕਾਰਨ ਕੰਮ ਕਰਨਾ ਵੀ ਔਖਾ ਹੋ ਸਕਦਾ ਹੈ।

ਇਸੇ ਤਰ੍ਹਾਂ ਢਾਬਾ ਮਾਲਕ ਵਿਪੁਲ ਸ਼ਰਮਾ ਦਾ ਕਹਿਣਾ ਹੈ ਕਿ ਗੈਸ ਦੀ ਕਮੀ ਦਾ ਅਸਰ ਸਿੱਧਾ ਗਾਹਕਾਂ 'ਤੇ ਪਵੇਗਾ।

ਉਨ੍ਹਾਂ ਕਿਹਾ, "ਜੇ ਗੈਸ ਦੀ ਕਿੱਲਤ ਰਹੀ ਤਾਂ ਦੁਕਾਨਦਾਰਾਂ ਨੂੰ ਰੇਟ ਵਧਾਉਣੇ ਪੈਣਗੇ ਅਤੇ ਉਸ ਦਾ ਅਸਰ ਗਾਹਕਾਂ 'ਤੇ ਹੀ ਪਵੇਗਾ। ਫਿਲਹਾਲ ਕੰਮ ਪਹਿਲਾਂ ਨਾਲੋਂ ਘੱਟ ਹੈ ਅਤੇ ਲੋਕ ਵੀ ਸੋਚ ਕੇ ਖਰਚ ਕਰ ਰਹੇ ਹਨ।"

ਫਾਜ਼ਿਲਕਾ ਤੋਂ ਕੁਲਦੀਪ ਬਰਾੜ ਦੀ ਰਿਪੋਰਟ ਮੁਤਾਬਕ ਗੈਸ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਘਰੇਲੂ ਗੈਸ ਸਿਲੰਡਰ ਦੀ ਕੀਮਤ 895 ਰੁਪਏ 50 ਪੈਸੇ ਤੋਂ ਵੱਧ ਕੇ 955 ਰੁਪਏ 50 ਪੈਸੇ ਹੋ ਗਈ ਹੈ, ਜਦਕਿ ਕਮਰਸ਼ੀਅਲ ਸਿਲੰਡਰ ਦੀ ਕੀਮਤ 1875 ਰੁਪਏ ਤੋਂ ਵੱਧ ਕੇ ਕਰੀਬ 1990 ਰੁਪਏ ਹੋ ਗਈ ਹੈ।

ਉਨ੍ਹਾਂ ਦੇ ਮੁਤਾਬਕ ਘਰੇਲੂ ਗੈਸ ਦੀ ਸਪਲਾਈ ਦੀ ਉਡੀਕ ਮਿਆਦ ਵੀ ਵਧ ਗਈ ਹੈ। ਪਹਿਲਾਂ ਸਿਲੰਡਰ 15 ਤੋਂ 21 ਦਿਨਾਂ ਵਿੱਚ ਮਿਲ ਜਾਂਦਾ ਸੀ, ਜਦਕਿ ਹੁਣ ਇਸ ਦੀ ਉਡੀਕ 21 ਤੋਂ 25 ਦਿਨ ਹੋ ਗਈ ਹੈ।

ਕਈ ਘਰੇਲੂ ਔਰਤਾਂ ਦਾ ਕਹਿਣਾ ਹੈ ਕਿ ਜੇ ਸਮੇਂ 'ਤੇ ਸਿਲੰਡਰ ਨਾ ਮਿਲੇ ਤਾਂ ਉਨ੍ਹਾਂ ਨੂੰ ਲੱਕੜ ਜਾਂ ਗੋਹਿਆਂ ਨਾਲ ਚੁੱਲਾ ਬਾਲ਼ ਕੇ ਕੰਮ ਚਲਾਉਣਾ ਪੈਂਦਾ ਹੈ, ਜੋ ਸਮੇਂ ਅਤੇ ਮਿਹਨਤ ਦੋਵੇਂ ਲੈਂਦਾ ਹੈ।

ਗੈਸ ਏਜੰਸੀਆਂ ਬਾਹਰ ਲੰਬੀਆਂ ਲਾਈਨਾਂ

ਗੈਸ ਦੇ ਇੰਤਜ਼ਾਰ
ਤਸਵੀਰ ਕੈਪਸ਼ਨ, ਆਨਲਾਈਨ ਬੁਕਿੰਗ ਵਿੱਚ ਆ ਰਹੀ ਦਿੱਕਤ ਕਾਰਨ ਲੋਕ ਏਜੰਸੀਆਂ ਦੇ ਬਾਹਰ ਖੜ੍ਹੇ ਹੋ ਸਿਲੰਡਰ ਭਰਵਾਉਣ ਆ ਰਹੇ ਹਨ

ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ ਮੁਤਾਬਕ ਗੁਰਦਾਸਪੁਰ ਅਤੇ ਬਟਾਲਾ ਵਿੱਚ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਆਨਲਾਈਨ ਗੈਸ ਬੁਕਿੰਗ ਵਿੱਚ ਵੀ ਦਿੱਕਤ ਆ ਰਹੀ ਹੈ।

ਬਟਾਲਾ ਦੇ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਦੋ ਦਿਨਾਂ ਤੋਂ ਗੈਸ ਬੁਕਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਕਿਹਾ, "ਮੈਂ 100 ਤੋਂ ਵੱਧ ਵਾਰ ਫੋਨ ਲਗਾਇਆ ਪਰ ਨੰਬਰ ਨਹੀਂ ਲੱਗ ਰਿਹਾ। ਇੱਥੇ ਆ ਕੇ ਪਤਾ ਲੱਗਾ ਕਿ ਹੋਰ ਲੋਕ ਵੀ ਇਸੇ ਤਰ੍ਹਾਂ ਖੱਜਲ ਹੋ ਰਹੇ ਹਨ।"

ਇਸ ਸਬੰਧੀ ਇੱਕ ਗੈਸ ਏਜੰਸੀ ਮਾਲਕ ਮੋਹਿਤ ਸੇਖੜੀ ਨੇ ਦੱਸਿਆ ਕਿ ਬੁਕਿੰਗ ਨੰਬਰਾਂ 'ਤੇ ਸਰਵਰ 'ਤੇ ਵੱਧ ਲੋਡ ਹੋਣ ਕਾਰਨ ਤਕਨੀਕੀ ਦਿੱਕਤ ਆ ਰਹੀ ਹੈ।

ਉਨ੍ਹਾਂ ਕਿਹਾ, "ਇਹ ਸਿਰਫ਼ ਇੱਕ ਸ਼ਹਿਰ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਸਮੱਸਿਆ ਹੈ। ਲੋਕ ਡਰ ਕਰਕੇ ਜ਼ਰੂਰਤ ਤੋਂ ਵੱਧ ਬੁਕਿੰਗ ਕਰ ਰਹੇ ਹਨ ਜਿਸ ਨਾਲ ਸਿਸਟਮ 'ਤੇ ਦਬਾਅ ਵਧ ਗਿਆ ਹੈ।"

ਹਰਿਆਣਾ ਵਿੱਚ ਹੀ ਇਹੀ ਹਾਲਾਤ

 ਵੀਰੇਂਦਰ ਰਾਠੀ
ਤਸਵੀਰ ਕੈਪਸ਼ਨ, ਮਠਿਆਈ ਕਾਰੋਬਾਰੀ ਵੀਰੇਂਦਰ ਰਾਠੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਮਰਸ਼ੀਅਲ ਗੈਸ ਸਿਲੰਡਰ ਲੈਣਾ ਔਖਾ ਹੋ ਗਿਆ ਹੈ

ਪੰਜਾਬ ਦੇ ਨਾਲ-ਨਾਲ ਹਰਿਆਣਾ ਵਿੱਚ ਵੀ ਗੈਸ ਸਿਲੰਡਰਾਂ ਦੀ ਉਪਲਬਧਤਾ ਨੂੰ ਲੈ ਕੇ ਚਿੰਤਾ ਵਧਦੀ ਨਜ਼ਰ ਆ ਰਹੀ ਹੈ।

ਮਨੋਜ ਢਾਕਾ ਦੀ ਰਿਪੋਰਟ ਮੁਤਾਬਕ ਰੋਹਤਕ ਸਮੇਤ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਗੈਸ ਸਿਲੰਡਰਾਂ ਦੀ ਕਮੀ ਅਤੇ ਨਵੇਂ ਨਿਯਮਾਂ ਕਾਰਨ ਕਾਰੋਬਾਰੀਆਂ ਵਿੱਚ ਬੇਚੈਨੀ ਵਧ ਗਈ ਹੈ।

ਕੇਂਦਰ ਸਰਕਾਰ ਵੱਲੋਂ ਘਰੇਲੂ ਗੈਸ ਸਿਲੰਡਰ ਦੀ ਅਗਲੀ ਬੁਕਿੰਗ ਦੀ ਮਿਆਦ 21 ਦਿਨਾਂ ਤੋਂ ਵਧਾ ਕੇ 30 ਦਿਨ ਕਰ ਦਿੱਤੀ ਗਈ ਹੈ, ਜਦਕਿ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਕਮਰਸ਼ੀਅਲ ਸਿਲੰਡਰਾਂ ਦੀ ਘੱਟ ਸਪਲਾਈ ਕਾਰਨ ਹੋਟਲਾਂ, ਢਾਬਿਆਂ ਅਤੇ ਮਠਿਆਈ ਦੀਆਂ ਦੁਕਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰੋਹਤਕ ਦੇ ਇੱਕ ਮਠਿਆਈ ਕਾਰੋਬਾਰੀ ਵੀਰੇਂਦਰ ਰਾਠੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਮਰਸ਼ੀਅਲ ਗੈਸ ਸਿਲੰਡਰ ਲੈਣਾ ਔਖਾ ਹੋ ਗਿਆ ਹੈ।

ਉਨ੍ਹਾਂ ਕਿਹਾ, "ਬਾਜ਼ਾਰ ਵਿੱਚ ਕਮਰਸ਼ੀਅਲ ਸਿਲੰਡਰ ਕਾਲੇ ਵਿੱਚ 3500 ਤੋਂ 4000 ਰੁਪਏ ਤੱਕ ਮਿਲ ਰਿਹਾ ਹੈ, ਪਰ ਉਹ ਵੀ ਆਸਾਨੀ ਨਾਲ ਨਹੀਂ ਮਿਲਦਾ। ਜੇ ਇਹ ਹਾਲਾਤ ਜਾਰੀ ਰਹੇ ਤਾਂ ਛੋਟੇ ਕਾਰੋਬਾਰੀਆਂ ਲਈ ਕੰਮ ਚਲਾਉਣਾ ਮੁਸ਼ਕਲ ਹੋ ਜਾਵੇਗਾ।"

ਉੱਥੇ ਹੀ ਕੁਝ ਢਾਬਾ ਮਾਲਕਾਂ ਦਾ ਕਹਿਣਾ ਹੈ ਕਿ ਜੇ ਗੈਸ ਸਿਲੰਡਰ ਸਮੇਂ 'ਤੇ ਨਾ ਮਿਲੇ ਤਾਂ ਉਨ੍ਹਾਂ ਨੂੰ ਲੱਕੜ, ਕੋਲੇ ਜਾਂ ਡੀਜ਼ਲ ਦੀਆਂ ਭੱਠੀਆਂ ਵਰਤਣੀਆਂ ਪੈ ਸਕਦੀਆਂ ਹਨ। ਇਸ ਕਰਕੇ ਸਪਸ਼ਟ ਹੈ ਕਿ ਗੈਸ ਦੀ ਸਪਲਾਈ ਨੂੰ ਲੈ ਕੇ ਬਣੀ ਇਹ ਚਿੰਤਾ ਸਿਰਫ਼ ਪੰਜਾਬ ਤੱਕ ਸੀਮਿਤ ਨਹੀਂ, ਸਗੋਂ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਵੀ ਇਸ ਦੇ ਪ੍ਰਭਾਵ ਦੇ ਸੰਕੇਤ ਮਿਲ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)