You’re viewing a text-only version of this website that uses less data. View the main version of the website including all images and videos.
ਕਰਨ ਔਜਲਾ ਤੇ ਸ਼ੈਰੀ ਮਾਨ ਦਾ ‘ਅਨਮੋਲ ਬਿਸ਼ਨੋਈ ਦੇ ਨਾਲ’ ਵੀਡੀਓ, ਬਲਕੌਰ ਸਿੰਘ ਨੇ ਕੀ ਕਿਹਾ
ਪੰਜਾਬੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਸੋਸ਼ਲ ਮੀਡੀਆ ਉੱਤੇ ਆਪਣੇ ਇੱਕ ਕਥਿਤ ਵਾਇਰਲ ਵੀਡੀਓ ਕਰਕੇ ਵਿਵਾਦਾਂ ਵਿੱਚ ਹਨ।
ਇਹ ਵਾਇਰਲ ਵੀਡੀਓ ਐਤਵਾਰ ਦਾ ਹੈ ਅਤੇ ਕੈਲੀਫੋਰਨੀਆ ਦੇ ਬੇਕਰਜ਼ਫੀਲਡ ਦੇ ਇੱਕ ਵਿਆਹ ਸਮਾਗਮ ਦਾ ਦੱਸਿਆ ਜਾ ਰਿਹਾ ਹੈ।
ਇਸ ਵੀਡੀਓ ਵਿੱਚ ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਕਈ ਲੋਕ ਦਿਖਾਈ ਦੇ ਰਹੇ ਹਨ।
ਉਸ ਵਿੱਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਕਿਸੇ ਨਾਲ ਨੱਚਦਾ ਨਜ਼ਰ ਆ ਰਿਹਾ ਹੈ।
ਕਰਨ ਔਜਲਾ ਤੇ ਸ਼ੈਰੀ ਮਾਨ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਇਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਨਾਲ ਕੌਣ-ਕੌਣ ਨੱਚ ਰਿਹਾ ਸੀ।
ਉਹ ਵੀਡੀਓ ਵਿੱਚ ਨਜ਼ਰ ਆ ਰਹੇ ਇਤਰਾਜ਼ਯੋਗ ਵਿਅਕਤੀ ਬਾਰੇ ਨਹੀਂ ਜਾਣਦੇ ਹਨ।
ਕਰਨ ਔਜਲਾ ਨੇ ਇੰਸਟਾਗ੍ਰਾਮ ਉੱਤੇ ਸਟੋਰੀ ਵਿੱਚ ਲਿਖਿਆ ,“ਮੈਂ ਐਤਵਾਰ ਨੂੰ ਹੋਏ ਕੈਲੀਫੋਰਨੀਆ ਦੇ ਇੱਕ ਸਮਾਗਮ ਬਾਰੇ ਸਫ਼ਾਈ ਦੇਣਾ ਚਾਹੁੰਦਾ ਹਾਂ। ਮੈਨੂੰ ਤੇ ਸ਼ੈਰੀ ਮਾਨ ਨੂੰ ਇੱਕ ਰਿਸੈਪਸ਼ਨ ਸ਼ੋਅ ਲਈ ਸਾਡੇ ਇੱਕ ਸਾਂਝੇ ਮਿੱਤਰ ਵੱਲੋਂ ਬੁੱਕ ਕੀਤਾ ਗਿਆ ਸੀ।"
"ਅਸੀਂ ਕਲਾਕਾਰ ਹਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਸਮਾਗਮ ਲਈ ਕਿਸ-ਕਿਸ ਨੂੰ ਸੱਦਾ ਦਿੱਤਾ ਜਾਂਦਾ ਹੈ ਜਾਂ ਕੌਣ ਸਮਾਗਮ ਵਿੱਚ ਹਿੱਸਾ ਲੈ ਰਿਹਾ ਹੁੰਦਾ ਹੈ।"
"ਇਹੀ ਕਾਰਨ ਹੈ ਕਿ ਮੈਂ ਵਿਆਹ ਸਮਾਗਮਾਂ ਵਿੱਚ ਜ਼ਿਆਦਾ ਹਿੱਸਾ ਨਹੀਂ ਲੈਂਦਾ ਹਾਂ। ਮੇਰੇ ਧਿਆਨ ਵਿੱਚ ਲਿਆਇਆ ਗਿਆ ਹੈ ਕਿ ਇੱਕ ਇਤਰਾਜ਼ਯੋਗ ਵਿਅਕਤੀ ਮੇਰੇ ਤੇ ਸ਼ੈਰੀ ਮਾਨ ਦੀ ਪੇਸ਼ਕਾਰੀ ਦੀ ਵੀਡੀਓ ਵਿੱਚ ਪਿੱਛੇ ਨਜ਼ਰ ਆ ਰਿਹਾ ਹੈ।"
"ਮੈਨੂੰ ਨਹੀਂ ਪਤਾ ਸੀ ਉਹ ਵਿਅਕਤੀ ਕੌਣ ਹੈ। ਜਦੋਂ ਮੈਨੂੰ ਕਈ ਮੈਸੇਜ ਆਏ ਤਾਂ ਮੈਨੂੰ ਇਸ ਵਿਅਕਤੀ ਬਾਰੇ ਪਤਾ ਲਗਿਆ। ਇੱਕ ਕਲਾਕਾਰ ਵਜੋਂ ਮੇਰਾ ਧਿਆਨ ਪੇਸ਼ਕਾਰੀ ਉੱਤੇ ਹੁੰਦਾ ਹੈ ਤੇ ਸ਼ੋਅ ਕਰਕੇ ਮੈਂ ਨਿਕਲ ਜਾਂਦਾ ਹਾਂ। ਸ਼ੋਅ ਵਿੱਚ ਕਈ ਲੋਕ ਮੌਜੂਦ ਹੁੰਦੇ ਹਨ, ਹਰ ਇੱਕ ਉੱਤੇ ਮੈਂ ਧਿਆਨ ਨਹੀਂ ਦਿੰਦਾਂ ਹਾਂ।"
"ਮੇਰੇ ਆਲੇ-ਦੁਆਲੇ ਕਈ ਕੈਮਰੇ ਰਿਕਾਰਡਿੰਗ ਕਰ ਰਹੇ ਸਨ। ਮੈਂ ਕਦੇ ਵੀ ਜਾਣਬੁੱਝ ਕੇ ਖੁਦ ਨੂੰ ਅਜਿਹੇ ਕਿਸੇ ਸਮਾਗਮ ਦਾ ਹਿੱਸਾ ਨਹੀਂ ਬਣਾਂਗਾ ਜਿਸ ਨਾਲ ਅਜਿਹੀ ਇਤਰਾਜ਼ਯੋਗ ਗੱਲ ਜੁੜੀ ਹੋਵੇ। ਇਸ ਲਈ ਮੇਰੀ ਬੇਨਤੀ ਹੈ ਕਿ ਮੈਨੂੰ ਇਸ ਨਾਲ ਨਾ ਜੋੜਿਆ ਜਾਵੇ।"
ਸ਼ੈਰੀ ਮਾਨ ਨੇ ਵੀ ਇਹੀ ਬਿਆਨ ਆਪਣੇ ਸ਼ੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ, "ਹਾਲ ਹੀ ਵਿੱਚ ਮੈਂ ਤੇ ਕਰਨ ਔਜਲਾ ਨੇ ਕੈਲੀਫੋਰਨੀਆ ਦੇ ਬੇਕਰਜ਼ਫੀਲਡ ਵਿੱਚ ਪੇਸ਼ਕਾਰੀ ਦਿੱਤੀ ਸੀ। ਮੇਰੀ ਟੀਮ ਮੇਰੀ ਬੂਕਿੰਗਜ਼ ਕਰਦੀ ਹੈ। ਮੈਨੂੰ ਮੌਕਾ ਨਹੀਂ ਮਿਲਦਾ ਕਿ ਮੈਂ ਪਤਾ ਕਰ ਸਕਾਂ ਕਿ ਕੌਣ ਮੈਨੂੰ ਬੁੱਕ ਕਰ ਰਿਹਾ ਹੈ ਤੇ ਉਸ ਦਾ ਕੀ ਪਿਛੋਕੜ ਤੇ ਅਕਸ ਹੈ, ਮੈਂ ਕੇਵਲ ਇਹੀ ਪੁੱਛਦਾ ਹਾਂ ਕਿ ਕਿਹੜੇ ਗਾਣੇ ਗਾਉਣੇ ਹਨ।"
"ਕਿੰਨੀ ਦੇਰ ਦੀ ਪੇਸ਼ਕਾਰੀ ਦੇਣੀ ਹੈ, ਮੈਨੂੰ ਉਮੀਦ ਹੈ ਕਿ ਤੁਸੀਂ ਸਮਝ ਸਕਦੇ ਹੋ ਕਿ ਕਲਾਕਾਰਾਂ ਉੱਤੇ ਹਮੇਸ਼ਾ ਓਂਗਲਾਂ ਉਠਦੀਆਂ ਹਨ। ਮੈਂ ਕਈ ਸਾਲ ਪਹਿਲਾਂ ਹੀ ਇਸ ਤਰ੍ਹਾਂ ਜਿਉਣਾ ਸਿੱਖ ਲਿਆ ਹੈ।"
"ਅਨਮੋਲ ਬਿਸ਼ਨੋਈ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਤੇ ਖੁਦ ਵੀ ਉਹ ਇਸ ਕਤਲਕਾਂਡ ਵਿੱਚ ਲੋੜੀਂਦਾ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਦਾ ਪ੍ਰਤੀਕਰਮ
ਇਸ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਰਜ ਕਰਵਾਈ ਹੈ।
ਉਨ੍ਹਾਂ ਨੇ ਕਿਹਾ, "ਬਹੁਤ ਦੁੱਖ ਹੁੰਦਾ ਹੈ ਮਨ ਨੂੰ ਇਸ ਤਰ੍ਹਾਂ ਦੀਆਂ ਰਿਪੋਰਟਾਂ ਦੇਖ ਕੇ ਕਿਉਂਕਿ ਮੇਰੀ ਸਮਝ ਮੁਤਾਬਕ ਤਾਂ ਅਨਮੋਲ ਬਿਸ਼ਨੋਈ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਸੀ। ਮੈਂ ਇਸ ਬਾਰੇ ਰਿਪੋਰਟ ਪੜ੍ਹੀ ਸੀ।"
"ਪਹਿਲਾਂ ਗੋਲਡੀ ਵਾਲੀ ਗੱਲ ਵੀ ਝੂਠੀ ਹੋ ਗਈ ਅਤੇ ਹੁਣ ਇਹ ਵੀ ਫਰਜ਼ੀ ਲਗਦੀ ਹੈ ਕਿਉਂਕਿ ਉਹ ਤਾਂ ਆਪਾਂ ਬੰਦਾ ਦੇਖ ਰਹੇ ਹਾਂ 17 ਤਰੀਕ ਨੂੰ ਅਮਰੀਕਾ ਵਿਆਹ ਵਿੱਚ ਨੱਚ ਰਿਹਾ ਹੈ।"
ਉਨ੍ਹਾਂ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ, "ਸਰਕਾਰ ਦੇ ਜਿਹੜੇ ਬਿਆਨ ਆਉਂਦੇ ਹਨ, ਪਤਾ ਨਹੀਂ ਉਹ ਸੋਚ ਸਮਝ ਕੇ ਕਰਦੇ ਹਨ ਜਾਂ ਸਿੱਧੂ (ਮੂਸੇਵਾਲਾ) ਦੇ ਚਾਹੁਣ ਵਾਲਿਆਂ ਦੇ ਦਬਾਅ ਹੇਠ ਕਰਦੇ ਹਨ। ਇਹ ਤਾਂ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੈ, ਜਦੋਂ ਕੋਈ ਜਾਣਕਾਰੀ ਸਹੀ ਨਹੀਂ ਹੈ।"