ਕੌਣ ਹੈ ਉਹ ਜੋਤਿਸ਼ੀ ਜਿਸ ਨੂੰ ਸੀਐੱਮ ਜੋਸੇਫ਼ ਵਿਜੈ ਨੇ ਓਐਸਡੀ ਰੱਖਿਆ ਅਤੇ ਫਿਰ ਹਟਾਇਆ

ਰਾਧਨ ਪੰਡਿਤ ਵੈਟ੍ਰਿਵਲ

ਤਸਵੀਰ ਸਰੋਤ, Radhan Pandit/Instagram

ਤਸਵੀਰ ਕੈਪਸ਼ਨ, ਰਾਧਨ ਪੰਡਿਤ ਵੈਟ੍ਰਿਵਲ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਦੱਸਿਆ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਅਧਿਆਤਮਿਕ ਮਾਰਗਦਰਸ਼ਕ ਸਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਤਾਮਿਲਨਾਡੂ ਵਿੱਚ ਟੀਵੀਕੇ ਦੀ ਸਰਕਾਰ ਬਣਨ ਤੋਂ ਬਾਅਦ ਉਸ ਦੇ ਫ਼ੈਸਲਿਆਂ ਦੀ ਚਰਚਾ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਮੁੱਖ ਮੰਤਰੀ ਸੀ ਜੋਸੇਫ਼ ਵਿਜੈ ਨੇ ਵਿਧਾਨ ਸਭਾ ਵਿੱਚ ਵਿਸ਼ਵਾਸ ਪ੍ਰਸਤਾਵ ਜਿੱਤ ਲਿਆ। ਹਾਲਾਂਕਿ ਉਨ੍ਹਾਂ ਦੇ ਇੱਕ ਫ਼ੈਸਲੇ ਨੂੰ ਵਾਪਸ ਲੈਣ ਦੀ ਖ਼ਬਰ ਵੀ ਸੁਰਖੀਆਂ ਵਿੱਚ ਹੈ।

ਤਾਮਿਲਨਾਡੂ ਸਰਕਾਰ ਨੇ ਮੁੱਖ ਮੰਤਰੀ ਦੇ ਆਫ਼ਿਸਰ ਆਨ ਸਪੈਸ਼ਲ ਡਿਊਟੀ (ਓਐੱਸਡੀ, ਪਾਲਿਟਿਕਲ) ਅਹੁਦੇ 'ਤੇ ਇੱਕ ਸ਼ਖ਼ਸ ਦੀ ਨਿਯੁਕਤੀ ਨਾਲ ਜੁੜੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ।

ਦਰਅਸਲ ਇੱਕ ਐਸਟ੍ਰੋਲੋਜਰ ਜਾਂ ਜੋਤਿਸ਼ੀ ਪਿਛੋਕੜ ਤੋਂ ਆਉਣ ਵਾਲੇ ਰਿਕੀ ਰਾਧਨ ਪੰਡਿਤ ਵੈਟ੍ਰਿਵਲ ਦੀ ਨਿਯੁਕਤੀ ਦੇ ਫ਼ੈਸਲੇ 'ਤੇ ਟੀਵੀਕੇ ਦੇ ਗਠਜੋੜ ਵਿੱਚ ਸ਼ਾਮਲ ਦਲ ਅਤੇ ਵਿਰੋਧੀ ਪਾਰਟੀਆਂ ਵਿਰੋਧ ਜਤਾ ਰਹੀਆਂ ਸਨ। ਜੋਤਿਸ਼ੀ ਦੀ ਓਐਸਡੀ (ਪਾਲਿਟਿਕਲ) ਅਹੁਦੇ 'ਤੇ ਨਿਯੁਕਤੀ ਨੂੰ ਲੈ ਕੇ ਵਿਧਾਨ ਸਭਾ ਵਿੱਚ ਵਿਸ਼ਵਾਸ ਪ੍ਰਸਤਾਵ ਦੌਰਾਨ ਵੀ ਹੰਗਾਮਾ ਹੋਇਆ।

ਇਸਦੇ ਜਵਾਬ ਵਿੱਚ ਮੁੱਖ ਮੰਤਰੀ ਵਿਜੈ ਨੇ ਕਿਹਾ ਕਿ ਉਹ ਇਸ ਫ਼ੈਸਲੇ 'ਤੇ ਪੁਨਰਵਿਚਾਰ ਕਰਨਗੇ। ਇਸ ਤੋਂ ਬਾਅਦ ਤਾਮਿਲਨਾਡੂ ਸਰਕਾਰ ਨੇ ਨਿਯੁਕਤੀ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ।

ਟੀਵੀਕੇ ਦੇ ਸਹਿਯੋਗੀਆਂ ਨੇ ਵੀ ਕੀਤਾ ਵਿਰੋਧ

ਡੀਐਮਡੀਕੇ ਦੀ ਜਨਰਲ ਸਕੱਤਰ ਪ੍ਰੇਮਲਤਾ ਵਿਜੈਕਾਂਤ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਡੀਐਮਡੀਕੇ ਦੀ ਜਨਰਲ ਸਕੱਤਰ ਪ੍ਰੇਮਲਤਾ ਵਿਜੈਕਾਂਤ ਨੇ ਰਾਧਵ ਨੂੰ ਓਐਸਡੀ ਦਾ ਅਹੁਦਾ ਦੇਣ ਦੀ ਨਿੰਦਾ ਕੀਤੀ ਸੀ

ਜੋਤਿਸ਼ੀ ਰਾਧਨ ਪੰਡਿਤ ਦੀ ਨਿਯੁਕਤੀ ਦੇ ਫ਼ੈਸਲੇ ਦਾ ਵਿਰੋਧ ਟੀਵੀਕੇ ਗਠਜੋੜ ਵਿੱਚ ਸ਼ਾਮਲ ਵੀਸੀਕੇ ਅਤੇ ਕਾਂਗਰਸ ਨੇ ਵੀ ਕੀਤਾ ਹੈ।

ਹਾਲਾਂਕਿ ਟੀਵੀਕੇ ਆਗੂ ਸੀਟੀ ਨਿਰਮਲ ਕੁਮਾਰ ਨੇ ਰਾਧਨ ਪੰਡਿਤ ਦੀ ਨਿਯੁਕਤੀ ਦੇ ਫ਼ੈਸਲੇ ਦਾ ਬਚਾਅ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਮੀਡੀਆ ਬੁਲਾਰੇ ਰਹਿਣਗੇ ਅਤੇ ਉਨ੍ਹਾਂ ਦੇ ਕੰਮ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਕਈ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਰਾਧਨ ਪੰਡਿਤ ਨੇ ਵਿਜੈ ਦੀ ਜਿੱਤ ਦਾ ਦਾਅਵਾ ਕੀਤਾ ਸੀ ਅਤੇ ਉਨ੍ਹਾਂ ਦੀ ਸਲਾਹ ਤੋਂ ਬਾਅਦ ਵਿਜੈ ਨੇ ਆਪਣੇ ਸਹੁੰ ਚੁੱਕ ਸਮਾਰੋਹ ਦੇ ਸਮੇਂ ਨੂੰ ਬਦਲਿਆ ਸੀ।

ਰਾਧਨ ਪੰਡਿਤ ਦੀ ਨਿਯੁਕਤੀ ਦਾ ਵਿਰੋਧ ਡੀਐਮਡੀਕੇ ਦੀ ਜਨਰਲ ਸਕੱਤਰ ਪ੍ਰੇਮਲਤਾ ਵਿਜੈਕਾਂਤ ਨੇ ਵੀ ਕੀਤਾ ਸੀ।

ਉਨ੍ਹਾਂ ਕਿਹਾ, "ਮੈਂ ਇੱਕ ਜੋਤਿਸ਼ੀ ਦੀ ਮੁੱਖ ਮੰਤਰੀ ਦੇ ਓਐਸਡੀ ਦੇ ਤੌਰ 'ਤੇ ਨਿਯੁਕਤੀ ਦੀ ਨਿੰਦਾ ਕਰਦੀ ਹਾਂ। ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਜੇ ਉਹ ਤੁਹਾਡੇ ਜੋਤਿਸ਼ੀ ਹਨ ਤਾਂ ਤੁਸੀਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਰੱਖੋ।"

ਟੀਵੀਕੇ ਨਾਲ ਗਠਜੋੜ ਵਿੱਚ ਸ਼ਾਮਲ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ਿਕਾਂਤ ਸੈਂਥਿਲ ਨੇ ਵੀ ਇਸ ਫ਼ੈਸਲੇ 'ਤੇ ਹੈਰਾਨੀ ਜਤਾਈ ਸੀ।

ਉਨ੍ਹਾਂ ਐਕਸ 'ਤੇ ਲਿਖਿਆ, "ਮੈਨੂੰ ਸਮਝ ਨਹੀਂ ਆਇਆ। ਇੱਕ ਜੋਤਿਸ਼ੀ ਨੂੰ ਓਐਸਡੀ ਦੇ ਅਹੁਦੇ ਦੀ ਕੀ ਲੋੜ ਹੋਵੇਗੀ? ਕੀ ਕੋਈ ਸਮਝਾ ਸਕਦਾ ਹੈ?"

ਇਸ ਤੋਂ ਪਹਿਲਾਂ ਵੀਸੀਕੇ ਦੇ ਜਨਰਲ ਸਕੱਤਰ ਡੀ ਰਵਿਕੁਮਾਰ ਨੇ ਕਿਹਾ ਸੀ, "ਇੱਕ ਸੈਕਿਊਲਰ ਸਰਕਾਰ ਵਿੱਚ ਇਹ ਮਨਜ਼ੂਰ ਨਹੀਂ ਹੈ। ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨਾ ਸਰਕਾਰ ਦਾ ਫ਼ਰਜ਼ ਹੈ।"

ਵਿਰੋਧੀ ਪਾਰਟੀਆਂ ਦਾ ਕੀ ਕਹਿਣਾ ਹੈ

ਤਮਿਲਿਸਾਈ ਸੁੰਦਰਰਾਜਨ - ਭਾਜਪਾ ਆਗੂ

ਡੀਐਮਕੇ ਨੇ ਕਿਹਾ ਹੈ ਕਿ ਇਸ ਫ਼ੈਸਲੇ ਦੇ ਵਿਰੋਧ ਤੋਂ ਬਾਅਦ ਟੀਵੀਕੇ ਨੂੰ ਇਹ ਫ਼ੈਸਲਾ ਵਾਪਸ ਲੈਣਾ ਪਿਆ ਹੈ।

ਡੀਐਮਕੇ ਆਗੂ ਟੀਕੇਐਸ ਐਂਗਲੋਵਨ ਨੇ ਕਿਹਾ ਕਿ ਸਰਕਾਰ ਨੇ ਆਦੇਸ਼ ਦਿੱਤਾ ਸੀ ਅਤੇ ਫਿਰ ਵਿਰੋਧੀ ਪਾਰਟੀਆਂ ਦੇ ਦਬਾਅ ਤੋਂ ਬਾਅਦ ਉਸਨੂੰ ਇਹ ਫ਼ੈਸਲਾ ਵਾਪਸ ਲੈਣਾ ਪਿਆ ਹੈ।

ਦੂਜੇ ਪਾਸੇ ਭਾਜਪਾ ਨੇ ਇਸ ਫ਼ੈਸਲੇ ਨੂੰ ਵਾਪਸ ਲਏ ਜਾਣ 'ਤੇ ਸਵਾਲ ਉਠਾਏ ਹਨ। ਭਾਜਪਾ ਆਗੂ ਤਮਿਲਿਸਾਈ ਸੁੰਦਰਰਾਜਨ ਨੇ ਖਬਰ ਏਜੰਸੀ ਪੀਟੀਆਈ ਨੂੰ ਕਿਹਾ ਕਿ ਜੋਤਿਸ਼ ਦਾ ਵਾਧੂ ਗਿਆਨ ਅਹੁਦੇ ਤੋਂ ਹਟਾਏ ਜਾਣ ਦੀ ਵਜ੍ਹਾ ਨਹੀਂ ਹੋਣਾ ਚਾਹੀਦਾ।

ਉਨ੍ਹਾਂ ਕਿਹਾ, "ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ 'ਤੇ ਸਿਰਫ਼ ਉਨ੍ਹਾਂ ਦੇ ਐਸਟ੍ਰੋਲੋਜਿਕਲ ਟੈਲੇਂਟ ਲਈ ਹੀ ਨਹੀਂ, ਸਗੋਂ ਉਨ੍ਹਾਂ ਦੀ ਬੇਸਿਕ ਕੁਆਲੀਫਿਕੇਸ਼ਨ ਲਈ ਵੀ ਵਿਚਾਰ ਕੀਤਾ ਗਿਆ ਹੋਵੇਗਾ। ਜੇ ਅਜਿਹਾ ਹੈ ਤਾਂ ਐਸਟ੍ਰੋਲੋਜੀ ਦੀ ਜਾਣਕਾਰੀ ਹੋਣਾ ਵੀ ਅਯੋਗਤਾ ਨਹੀਂ ਮੰਨੀ ਜਾ ਸਕਦੀ। ਓਐਸਡੀ ਪੋਸਟ ਲਈ ਉਨ੍ਹਾਂ ਦੀ ਦੂਜੀ ਕੁਆਲੀਫਿਕੇਸ਼ਨ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ, ਇਸ ਲਈ ਮੈਨੂੰ ਨਹੀਂ ਲੱਗਦਾ ਕਿ ਸਿਰਫ਼ ਆਲੋਚਨਾ ਕਰਕੇ ਨਿਯੁਕਤੀ ਰੱਦ ਕਰਨਾ ਸਹੀ ਹੈ। ਜੇ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਸੀ ਅਤੇ ਐਸਟ੍ਰੋਲੋਜੀ ਇੱਕ ਵਾਧੂ ਯੋਗਤਾ ਹੈ, ਤਾਂ ਇਸਨੂੰ ਅਯੋਗਤਾ ਨਹੀਂ ਮੰਨਿਆ ਜਾਣਾ ਚਾਹੀਦਾ।"

"ਉਨ੍ਹਾਂ ਦੀ ਆਲੋਚਨਾ ਕਰਨ ਤੋਂ ਪਹਿਲਾਂ ਜ਼ਿਆਦਾਤਰ ਲੋਕ ਅਸਲ ਵਿੱਚ ਸਨਾਤਨ ਧਰਮ ਅਤੇ ਜੋਤਿਸ਼ੀ ਕਲਾ ਦੀ ਆਲੋਚਨਾ ਕਰ ਰਹੇ ਸਨ। ਪਰ ਉਹ ਖ਼ੁਦ ਐਸਟ੍ਰੋਲੋਜੀ ਨੂੰ ਫਾਲੋ ਕਰਦੇ ਹਨ। ਉਹ ਸ਼ੁਭ ਸਮੇਂ ਨੂੰ ਫਾਲੋ ਕਰਦੇ ਹਨ ਅਤੇ ਮੈਂ ਚੈਲੈਂਜ ਕਰ ਸਕਦੀ ਹਾਂ ਕਿ ਕੋਈ ਵੀ ਡੀਐਮਕੇ ਐਮਐਲਏ ਜਾਂ ਕੋਈ ਦੂਜਾ ਐਮਐਲਏ ਗਲਤ ਜਾਂ ਅਸ਼ੁਭ ਸਮੇਂ 'ਤੇ ਨੋਮੀਨੇਸ਼ਨ ਪੇਪਰ ਫਾਈਲ ਨਹੀਂ ਕਰਦਾ। ਇਸ ਲਈ ਜੋਤਿਸ਼ੀ ਕਲਾ ਦੀ ਆਲੋਚਨਾ ਕਰਨਾ ਗਲਤ ਹੈ। ਇਹ ਮੇਰੀ ਰਾਇ ਹੈ।"

ਭਾਜਪਾ ਆਗੂ ਸੁੰਦਰਰਾਜਨ ਨੇ ਕਿਹਾ, "ਇੱਕ ਹੋਰ ਗੱਲ ਇਹ ਹੈ ਕਿ ਅਲਾਇੰਸ ਪਾਰਟਨਰ ਸਭ ਕੁਝ ਤੈਅ ਨਹੀਂ ਕਰ ਸਕਦੇ ਜਾਂ ਮੁੱਖ ਮੰਤਰੀ 'ਤੇ ਇਸ ਬਾਰੇ ਦਬਾਅ ਨਹੀਂ ਪਾ ਸਕਦੇ ਕਿ ਉਹ ਕੀ ਚਾਹੁੰਦੇ ਹਨ ਜਾਂ ਕੀ ਨਹੀਂ, ਕਿਉਂਕਿ ਵਿਜੈ ਬਦਲਾਅ ਦਾ ਵਾਅਦਾ ਕਰਕੇ ਆਏ ਹਨ। ਮੈਂ ਪੱਕੇ ਤੌਰ 'ਤੇ ਕਹਿ ਸਕਦੀ ਹਾਂ ਕਿ ਉਹ ਜਿਹੜੇ ਕਈ ਬਦਲਾਅ ਲਿਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਡੀਐਮਕੇ, ਕਾਂਗਰਸ, ਕਮਿਊਨਿਸਟ ਜਾਂ ਵੀਸੀਕੇ ਸਵੀਕਾਰ ਨਹੀਂ ਕਰਨਗੇ। ਜੇ ਉਹ ਇਸੇ ਤਰ੍ਹਾਂ ਝੁਕਦੇ ਰਹੇ, ਤਾਂ ਇਸ ਨਾਲ ਸਰਕਾਰ ਵਿੱਚ ਬਹੁਤ ਵੱਡਾ ਭਰਮ ਪੈਦਾ ਹੋਵੇਗਾ।"

ਰਾਧਨ ਪੰਡਿਤ ਵੈਟ੍ਰਿਵਲ ਕੌਣ ਹਨ?

ਰਾਧਨ ਪੰਡਿਤ ਵੈਟ੍ਰਿਵਲ
ਤਸਵੀਰ ਕੈਪਸ਼ਨ, ਰਾਧਨ ਪੰਡਿਤ ਵੈਟ੍ਰਿਵਲ ਮੁਤਾਬਕ, ਉਹ ਲਗਭਗ 40 ਸਾਲਾਂ ਤੋਂ ਜੋਤਿਸ਼ ਨਾਲ ਜੁੜੇ ਕੰਮਾਂ ਵਿੱਚ ਸ਼ਾਮਲ ਹਨ

ਰਾਧਨ ਪੰਡਿਤ ਵੈਟ੍ਰਿਵਲ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਦੱਸਿਆ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਅਧਿਆਤਮਿਕ ਮਾਰਗਦਰਸ਼ਕ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਲਗਭਗ 40 ਸਾਲਾਂ ਤੋਂ ਜੋਤਿਸ਼ ਨਾਲ ਜੁੜੇ ਕੰਮਾਂ ਵਿੱਚ ਸ਼ਾਮਲ ਹਨ।

ਇਰੋਡ ਜ਼ਿਲ੍ਹੇ ਦੇ ਰਹਿਣ ਵਾਲੇ ਰਾਧਨ ਪੰਡਿਤ ਵੈਟ੍ਰਿਵਲ ਦੀ ਮੁਲਾਕਾਤ ਸਾਬਕਾ ਮੁੱਖ ਮੰਤਰੀ ਜੈਲਲਿਤਾ ਨਾਲ 1990 ਦੇ ਦਹਾਕੇ ਦੇ ਆਖ਼ਿਰ ਵਿੱਚ ਹੋਈ ਸੀ। ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਉਨ੍ਹਾਂ ਨੇ ਕੁਝ ਸਮੇਂ ਤੱਕ ਉਨ੍ਹਾਂ ਨੂੰ ਜੋਤਿਸ਼ੀ ਦੀ ਸਲਾਹ ਦਿੱਤੀ ਸੀ।

ਹਾਲਾਂਕਿ ਸ਼ਸ਼ਿਕਲਾ ਦੇ ਸਮਰਥਕਾਂ ਅਤੇ ਜੋਤਿਸ਼ ਦੇ ਵਿਚਕਾਰ ਝੜਪ ਦੀਆਂ ਵੀ ਖ਼ਬਰਾਂ ਆਈਆਂ ਸਨ। ਇਸ ਸਬੰਧ ਵਿੱਚ ਜੋਤਿਸ਼ੀ ਰਾਧਨ ਪੰਡਿਤ ਨੇ ਸ਼ਸ਼ਿਕਲਾ ਦੇ ਇੱਕ ਰਿਸ਼ਤੇਦਾਰ ਦੇ ਖ਼ਿਲਾਫ਼ ਚੇੱਨਈ ਮੈਟਰੋਪੋਲਿਟਨ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।

ਐਨਡੀਟੀਵੀ ਦੀ ਇੱਕ ਰਿਪੋਰਟ ਦੇ ਮੁਤਾਬਕ, "ਏਆਈਏਡੀਐਮਕੇ ਆਗੂ ਜੈਲਲਿਤਾ ਦੇ ਕਾਰਜਕਾਲ ਵਿੱਚ ਕਈ ਵੱਡੇ ਸਿਆਸੀ ਫ਼ੈਸਲੇ ਇਨ੍ਹਾਂ ਜੋਤਿਸ਼ੀ ਤੋਂ ਸਲਾਹ ਲੈਣ ਤੋਂ ਬਾਅਦ ਹੀ ਲਏ ਜਾਂਦੇ ਸਨ। ਹਾਲਾਂਕਿ ਦੋਵਾਂ ਦੇ ਰਸਤੇ ਉਸ ਵੇਲੇ ਵੱਖ ਹੋ ਗਏ ਜਦੋਂ ਉਨ੍ਹਾਂ ਦਾ ਇਹ ਅੰਦਾਜ਼ਾ ਗਲਤ ਸਾਬਤ ਹੋਇਆ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਹ ਜੇਲ੍ਹ ਨਹੀਂ ਜਾਣਗੇ।"

'ਜਦੋਂ ਮੈਂ ਇਹ ਕਿਹਾ ਸੀ ਤਾਂ ਕਿਸੇ ਨੇ ਮੇਰਾ ਵਿਸ਼ਵਾਸ ਨਹੀਂ ਕੀਤਾ'

ਰਾਧਨ ਪੰਡਿਤ ਵੈਟ੍ਰਿਵਲ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਕਈ ਨਿੱਜੀ ਮੀਡੀਆ ਸੰਸਥਾਵਾਂ ਨੂੰ ਇੰਟਰਵਿਊ ਦਿੱਤੇ ਸਨ, ਜਿਸ 'ਚ ਉਨ੍ਹਾਂ ਨੇ ਵਿਜੈ ਦੀ ਜਿੱਤ ਦੀ ਗੱਲ ਕੀਤੀ ਸੀ।

ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ, "ਵਿਜੇ ਬਹੁਮਤ ਨਾਲ ਮੁੱਖ ਮੰਤਰੀ ਬਣਨਗੇ।”

ਵੋਟਾਂ ਦੀ ਗਿਣਤੀ ਵਾਲੇ ਦਿਨ (4 ਮਈ) ਨੂੰ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਟੀਆਰਪੀ ਅੱਗੇ ਚੱਲ ਰਹੀ ਹੈ। ਇਸ ਤੋਂ ਬਾਅਦ ਨੀਲੰਕਰਾਈ ਵਿੱਚ ਮੀਡੀਆ ਵਿਜੈ ਦੇ ਘਰ ਦੇ ਸਾਹਮਣੇ ਇਕੱਠਾ ਹੋਣਾ ਸ਼ੁਰੂ ਹੋ ਗਿਆ।

ਉਸੇ ਸ਼ਾਮ ਕਰੀਬ ਪੰਜ ਵਜੇ ਜੋਤਿਸ਼ੀ ਰਾਧਨ ਪੰਡਿਤ ਵੈਟ੍ਰਿਵਲ ਟੀਆਰਪੀ ਆਗੂ ਵਿਜੈ ਦੇ ਘਰ ਤੋਂ ਬਾਹਰ ਆਏ। ਉਸ ਵੇਲੇ ਬੀਬੀਸੀ ਤਾਮਿਲ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ।

ਉਨ੍ਹਾਂ ਨੇ ਸਿਰਫ਼ ਇੰਨਾ ਹੀ ਜਵਾਬ ਦਿੱਤਾ ਸੀ, "ਮੈਂ ਸ਼ੁਰੂ ਤੋਂ ਹੀ ਕਹਿ ਰਿਹਾ ਸੀ ਕਿ ਵਿਜੈ ਮੁੱਖ ਮੰਤਰੀ ਬਣਣਗੇ। ਕਿਸੇ ਨੇ ਮੇਰਾ ਵਿਸ਼ਵਾਸ ਨਹੀਂ ਕੀਤਾ।"

ਬੀਬੀਸੀ ਤਾਮਿਲ ਨੇ ਇਸ ਵੇਲੇ ਚਰਚਾ ਵਿੱਚ ਚੱਲ ਰਹੇ ਵਿਵਾਦਾਂ ਬਾਰੇ ਜੋਤਿਸ਼ੀ ਰਾਧਨ ਪੰਡਿਤ ਵੈਟ੍ਰਿਵਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ ਹੈ।

ਵਿਜੈ ਲਈ ਲਏ ਗਏ ਫ਼ੈਸਲੇ

ਜੋਸੇਫ਼ ਵਿਜੈ

ਤਸਵੀਰ ਸਰੋਤ, TNDIPR

ਮੁੱਖ ਮੰਤਰੀ ਬਣਨ ਤੋਂ ਬਾਅਦ ਜੋਸੇਫ਼ ਵਿਜੈ ਲਈ ਲਏ ਗਏ ਫ਼ੈਸਲਿਆਂ ਦੀਆਂ ਚਰਚਾਵਾਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਹਰ ਘਰ ਵਿੱਚ 200 ਯੂਨਿਟ ਬਿਜਲੀ ਮੁਫ਼ਤ ਦੇਣ, ਮਹਿਲਾਵਾਂ ਦੀ ਸੁਰੱਖਿਆ ਲਈ ਸਪੈਸ਼ਲ ਟਾਸਕ ਫੋਰਸ ਬਣਾਉਣ ਦਾ ਫ਼ੈਸਲਾ ਕੀਤਾ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਸ਼ਰਾਬ ਦੀਆਂ 717 ਸਰਕਾਰੀ ਦੁਕਾਨਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।

ਵਿਜੈ ਨੇ ਐਲਾਨ ਕੀਤਾ ਹੈ ਕਿ ਧਾਰਮਿਕ ਸਥਾਨਾਂ, ਸਿੱਖਿਆ ਸੰਸਥਾਵਾਂ ਅਤੇ ਬੱਸ ਸਟੈਂਡਾਂ ਦੇ 500 ਮੀਟਰ ਦੇ ਦਾਇਰੇ ਵਿੱਚ ਆਉਣ ਵਾਲੀਆਂ 717 ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਦੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਹੋਣਗੀਆਂ।

ਉਨ੍ਹਾਂ ਦੇ ਇਸ ਫ਼ੈਸਲੇ ਦੀ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ। ਤਾਮਿਲ ਸਿਨੇਮਾ ਸਟਾਰ ਕਮਲ ਹਾਸਨ ਨੇ ਕਿਹਾ ਹੈ ਕਿ "ਨਵੀਂ ਸਰਕਾਰ (ਤਾਮਿਲਨਾਡੂ) ਨੂੰ ਮੇਰੀ ਵਧਾਈ। 717 ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਨਾ ਇੱਕ ਚੰਗਾ ਕਦਮ ਹੈ। ਇਸ 'ਤੇ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਸੀ ਅਤੇ ਹੁਣ ਇਸਨੂੰ ਲਾਗੂ ਕਰ ਦਿੱਤਾ ਗਿਆ ਹੈ। ਇਹ ਤਾਰੀਫ਼ ਦੇ ਕਾਬਿਲ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)