ਇਜ਼ਰਾਇਲੀ ਕੈਬਨਿਟ ਨੇ ਗਾਜ਼ਾ 'ਚ ਜੰਗਬੰਦੀ ਸਮਝੌਤੇ ਨੂੰ ਦਿੱਤੀ ਮਨਜ਼ੂਰੀ, ਜੰਗਬੰਦੀ ਕੀ ਹੁੰਦੀ ਹੈ

ਇਜ਼ਰਾਇਲੀ ਕੈਬਨਿਟ ਨੇ ਗਾਜ਼ਾ 'ਚ ਜੰਗਬੰਦੀ ਸਮਝੌਤੇ ਨੂੰ ਦਿੱਤੀ ਮਨਜ਼ੂਰੀ, ਜੰਗਬੰਦੀ ਕੀ ਹੁੰਦੀ ਹੈ

ਇਜ਼ਰਾਇਲੀ ਕੈਬਨਿਟ ਨੇ ਗਾਜ਼ਾ ਵਿੱਚ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਹਮਾਸ ਨਾਲ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਮਝੌਤਾ ਐਤਵਾਰ ਤੋਂ ਲਾਗੂ ਹੋਣਾ ਹੈ।

ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਅਤੇ ਹਮਾਸ ਨੇ ਕੁਝ ਘੰਟੇ ਪਹਿਲਾਂ ਕਿਹਾ ਸੀ ਕਿ ਸਮਝੌਤੇ ਦੇ ਖਰੜੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।

ਇਸ ਸਮਝੌਤੇ ਦਾ ਐਲਾਨ ਸਭ ਤੋਂ ਪਹਿਲਾਂ ਅਮਰੀਕਾ ਅਤੇ ਕਤਰ ਨੇ ਬੁੱਧਵਾਰ ਨੂੰ ਕੀਤਾ ਸੀ।

ਇਸ ਤੋਂ ਬਾਅਦ ਇਜ਼ਰਾਇਲੀ ਕੈਬਨਿਟ ਨੇ ਵੀਰਵਾਰ ਨੂੰ ਸਮਝੌਤੇ ਨੂੰ ਮਨਜ਼ੂਰੀ ਦੇਣੀ ਸੀ ਪਰ ਬੈਂਜਾਮਿਨ ਨੇਤਨਯਾਹੂ ਨੇ ਕੈਬਨਿਟ ਦੀ ਵੋਟਿੰਗ ਨੂੰ ਮੁਲਤਵੀ ਕਰ ਦਿੱਤਾ ਅਤੇ ਹਮਾਸ 'ਤੇ ਸਮਝੌਤੇ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ।

ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਘੋਸ਼ਣਾ ਕੀਤੀ ਕਿ ਦੋਹਾ ਸਥਿਤ ਇਜ਼ਰਾਈਲੀ ਟੀਮ ਨੇ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ।

ਹਮਾਸ ਨੇ ਵੀ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਮਝੌਤੇ ਦੀਆਂ ਸ਼ਰਤਾਂ ਨੂੰ ਲੈ ਕੇ ਪੈਦਾ ਹੋਈਆਂ 'ਰੁਕਾਵਟਾਂ' ਨੂੰ ਸਵੇਰੇ ਹੱਲ ਕਰ ਲਿਆ ਗਿਆ ਸੀ।

ਸਮਝੌਤੇ ਦੇ ਤਿੰਨ ਪੜਾਅ ਹਨ-

ਸਮਝੌਤੇ ਦੀ ਜਾਣਕਾਰੀ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਸੀ ਕਿ ਪਹਿਲਾ ਪੜਾਅ ਛੇ ਹਫ਼ਤਿਆਂ ਤੱਕ ਚੱਲੇਗਾ ਅਤੇ ਇਸ ਦੌਰਾਨ 'ਪੂਰਨ ਜੰਗਬੰਦੀ' ਹੋਵੇਗੀ।

ਜੋਅ ਬਾਇਡਨ ਅਨੁਸਾਰ ਦੂਜੇ ਪੜਾਅ ਦਾ ਉਦੇਸ਼ 'ਯੁੱਧ ਦਾ ਸਥਾਈ ਅੰਤ' ਹੋਵੇਗਾ।

ਤੀਜੇ ਅਤੇ ਆਖਰੀ ਪੜਾਅ ਵਿੱਚ ਗਾਜ਼ਾ ਦੇ ਪੁਨਰ ਨਿਰਮਾਣ ਦੀ ਗੱਲ ਕੀਤੀ ਗਈ ਹੈ।

ਹਮਾਸ ਨੇ 7 ਅਕਤੂਬਰ, 2023 ਨੂੰ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਇਨ੍ਹਾਂ ਹਮਲਿਆਂ ਵਿੱਚ 1,200 ਲੋਕ ਮਾਰੇ ਗਏ ਸਨ ਅਤੇ 251 ਲੋਕਾਂ ਨੂੰ ਹਮਾਸ ਨੇ ਬੰਧਕ ਬਣਾ ਲਿਆ ਸੀ।

ਇਸ ਤੋਂ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ।

ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੇ ਅਨੁਸਾਰ, ਇਜ਼ਰਾਈਲੀ ਹਮਲੇ ਵਿੱਚ ਹੁਣ ਤੱਕ 46 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਇਜ਼ਰਾਈਲ ਦਾ ਕਹਿਣਾ ਹੈ ਕਿ 251 ਬੰਧਕਾਂ ਵਿੱਚੋਂ 94 ਅਜੇ ਵੀ ਹਮਾਸ ਕੋਲ ਹਨ ਅਤੇ ਉਨ੍ਹਾਂ ਵਿੱਚੋਂ 34 ਦੀ ਮੌਤ ਹੋ ਚੁੱਕੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)