ਨੇਹਾ ਬੋਰਾ ਹਿਰਾਸਤ 'ਚੋਂ ਆਏ ਬਾਹਰ, ਅਭਿਜੀਤ ਦੀਪਕੇ ਨੂੰ 'ਪੁਲਿਸ ਨੇ ਕੀਤਾ ਗ੍ਰਿਫ਼ਤਾਰ', 'ਲਹਿਰਾ ਦੋ ਤਿਰੰਗਾ' ਮਾਰਚ ਵਿੱਚ ਸ਼ੁੱਕਰਵਾਰ ਨੂੰ ਕੀ-ਕੀ ਹੋਇਆ

ਤਸਵੀਰ ਸਰੋਤ, Getty Images
ਆਲ ਇੰਡੀਆ ਸਟੂਡੈਂਟਸ ਯੂਨੀਅਨ (ਆਇਸਾ) ਦੇ ਕੌਮੀ ਪ੍ਰਧਾਨ ਨੇਹਾ ਬੋਰਾ ਨੂੰ ਸ਼ਨੀਵਾਰ ਸਵੇਰੇ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ।
ਨੇਹਾ ਬੋਰਾ ਨੂੰ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਪੁਲਿਸ ਨੇ 'ਲਹਿਰਾ ਦੋ ਤਿਰੰਗਾ' ਮਾਰਚ ਦੌਰਾਨ ਹਿਰਾਸਤ ਵਿੱਚ ਲੈ ਲਿਆ ਸੀ।
ਨੇਹਾ ਨੇ ਆਪਣੇ ਐਕਸ ਹੈਂਡਲ ਰਾਹੀਂ ਵੀ ਹਿਰਾਸਤ ਵਿੱਚੋਂ ਬਾਹਰ ਆਉਣ ਦੀ ਜਾਣਕਾਰੀ ਦਿੱਤੀ ਹੈ। ਨੇਹਾ ਨੇ ਲਿਖਿਆ, ''ਮੈਨੂੰ ਰਿਹਾਅ ਕਰ ਦਿੱਤਾ ਗਿਆ ਹੈ! ਦਿੱਲੀ ਪੁਲਿਸ ਹਿਰਾਸਤ ਵਿੱਚ ਲਏ ਗਏ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰੇ। ਲੋਕਤੰਤਰ ਅਤੇ ਸੰਵਿਧਾਨ ਲਈ ਲੜਨ ਨੂੰ ਅਪਰਾਧ ਨਹੀਂ ਬਣਾਇਆ ਜਾ ਸਕਦਾ!''
ਇਸ ਤੋਂ ਪਹਿਲਾਂ ਦੇਰ ਰਾਤ ਤੱਕ ਉਨ੍ਹਾਂ ਦੇ ਸਮਰਥਕ ਦਿੱਲੀ ਪੁਲਿਸ ਤੋਂ ਪੁੱਛਦੇ ਰਹੇ ਕਿ ਨੇਹਾ ਕਿੱਥੇ ਹਨ।
ਅੱਧੀ ਰਾਤ ਤੋਂ ਬਾਅਦ ਪਤਾ ਲੱਗਾ ਕਿ ਨੇਹਾ ਆਰਕੇ ਪੁਰਮ ਪੁਲਿਸ ਸਟੇਸ਼ਨ ਵਿੱਚ ਹਨ। ਨੇਹਾ ਦੇ ਐਕਸ ਹੈਂਡਲ ਤੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਆਰਕੇ ਪੁਰਮ ਪੁਲਿਸ ਸਟੇਸ਼ਨ ਵਿੱਚ ਪੰਜ ਘੰਟਿਆਂ ਤੱਕ ਰੱਖਿਆ ਗਿਆ।
ਨੇਹਾ ਦੇ ਹਿਰਾਸਤ ਵਿੱਚੋਂ ਬਾਹਰ ਆਉਣ ਦਾ ਵੀਡੀਓ ਸਮਾਚਾਰ ਏਜੰਸੀ ਏਐੱਨਆਈ ਨੇ ਐਕਸ 'ਤੇ ਪੋਸਟ ਕੀਤਾ ਹੈ। ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਚਾਰ-ਪੰਜ ਲੋਕ ਹਨ। ਜਦੋਂ ਨੇਹਾ ਨੂੰ ਕੋਈ ਪ੍ਰਤੀਕਿਰਿਆ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਕਿਹਾ, ''ਕੀ ਬੋਲਾਂ ਯਾਰ?'' ਇੰਨਾ ਕਹਿ ਕੇ ਉਹ ਅੱਗੇ ਵਧ ਗਏ।

ਤਸਵੀਰ ਸਰੋਤ, @ajitanjum
ਨੇਹਾ ਬੋਰਾ ਅਤੇ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ 16 ਅਕਤੂਬਰ ਦੀ ਸ਼ਾਮ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਨੇਹਾ ਦੇ ਹਿਰਾਸਤ ਵਿੱਚੋਂ ਬਾਹਰ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਵਕੀਲ ਸੁਪੰਤ ਸਿਨਹਾ ਨੇ ਕਿਹਾ ਸੀ, ''ਨੇਹਾ ਨੂੰ ਆਰਕੇ ਪੁਰਮ ਪੁਲਿਸ ਸਟੇਸ਼ਨ ਵਿੱਚ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਵਕੀਲ ਨਾਲ ਗੱਲਬਾਤ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।''
ਸਮਾਚਾਰ ਏਜੰਸੀ ਏਐੱਨਆਈ ਮੁਤਾਬਕ, ਦਿੱਲੀ ਪੁਲਿਸ ਐਕਟ ਦੀ ਧਾਰਾ 65 ਤਹਿਤ ਰਸਮੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨੇਹਾ ਬੋਰਾ ਨੂੰ ਰਿਹਾਅ ਕਰ ਦਿੱਤਾ ਗਿਆ।
ਅਭਿਜੀਤ ਦੀਪਕੇ 'ਗ੍ਰਿਫ਼ਤਾਰ'

ਤਸਵੀਰ ਸਰੋਤ, ANI
ਦੂਜੇ ਪਾਸੇ, ਅਭਿਜੀਤ ਦੀਪਕੇ ਵਿਰੁੱਧ ਬੀਐੱਨਐੱਸਐੱਸ ਦੀਆਂ ਧਾਰਾਵਾਂ 126/170 ਤਹਿਤ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੂੰ ਐੱਸਈਐੱਮ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਕਾਕਰੋਚ ਜਨਤਾ ਪਾਰਟੀ ਦੇ ਕਾਨੂੰਨੀ ਮਾਮਲਿਆਂ ਦੇ ਮੁਖੀ ਰਤਨਾ ਸਿੰਘ ਨੇ ਐਕਸ 'ਤੇ ਲਿਖਿਆ ਹੈ ਕਿ ਅਭਿਜੀਤ ਦੀਪਕੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਐੱਸਈਐੱਮ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਰਤਨਾ ਸਿੰਘ ਦਾ ਕਹਿਣਾ ਹੈ ਕਿ ਅਭਿਜੀਤ ਨੂੰ ਕਿੱਥੇ ਰੱਖਿਆ ਗਿਆ ਹੈ, ਇਸ ਬਾਰੇ ਉਨ੍ਹਾਂ ਨੂੰ ਅਜੇ ਵੀ ਜਾਣਕਾਰੀ ਨਹੀਂ ਹੈ ਅਤੇ ਵਕੀਲਾਂ ਨੂੰ ਵੀ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ।
ਇਸ ਤੋਂ ਪਹਿਲਾਂ ਰਤਨਾ ਸਿੰਘ ਨੇ ਐਕਸ 'ਤੇ ਲਿਖਿਆ ਸੀ, ''ਤੁਸੀਂ ਘਟਨਾਕ੍ਰਮ ਨੂੰ ਸਮਝੋ। ਦਿੱਲੀ ਪੁਲਿਸ ਨੇ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਸਾਰਿਆਂ 'ਤੇ ਨਜ਼ਰ ਰੱਖੀ ਗਈ। ਹਿਰਾਸਤ ਵਿੱਚ ਰੱਖਿਆ ਗਿਆ ਅਤੇ ਫਿਰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਦਿੱਲੀ ਪੁਲਿਸ ਨੂੰ ਅਭਿਜੀਤ ਅਤੇ ਨੇਹਾ, ਦੋਵਾਂ ਦੀ ਮੌਜੂਦਾ ਲੋਕੇਸ਼ਨ ਦੀ ਜਾਣਕਾਰੀ ਤੁਰੰਤ ਜਨਤਕ ਕਰਨੀ ਚਾਹੀਦੀ ਹੈ।
ਕਿਸੇ ਨੂੰ ਵੀ ਘੰਟਿਆਂ ਤੱਕ ਹਿਰਾਸਤ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ, ਬਿਨ੍ਹਾਂ ਉਨ੍ਹਾਂ ਦੇ ਪਰਿਵਾਰ, ਵਕੀਲਾਂ ਜਾਂ ਸਬੰਧਤ ਲੋਕਾਂ ਨੂੰ ਉਨ੍ਹਾਂ ਦੀ ਲੋਕੇਸ਼ਨ ਅਤੇ ਕਾਨੂੰਨੀ ਸਥਿਤੀ ਬਾਰੇ ਜਾਣਕਾਰੀ ਦਿੱਤੇ। ਨੇਹਾ ਅਤੇ ਅਭਿਜੀਤ ਕਿੱਥੇ ਹਨ? ਦਿੱਲੀ ਪੁਲਿਸ ਨੂੰ ਇਸ ਦਾ ਜਵਾਬ ਦੇਣਾ ਪਵੇਗਾ।''
ਸ਼ੁੱਕਰਵਾਰ ਨੂੰ 'ਲਹਿਰਾ ਦੋ ਤਿਰੰਗਾ' ਮਾਰਚ ਦੌਰਾਨ ਕੀ-ਕੀ ਹੋਇਆ

ਤਸਵੀਰ ਸਰੋਤ, ANI
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੱਦੇ 'ਤੇ ਸ਼ੁੱਕਰਵਾਰ, 16 ਅਕਤੂਬਰ ਨੂੰ ਦਿੱਲੀ ਦੇ ਕਨਾਟ ਪਲੇਸ ਵਿੱਚ ਤਿਰੰਗਾ ਮਾਰਚ ਕੱਢਿਆ ਗਿਆ।
ਸੀਜੇਪੀ ਵੱਲੋਂ 'ਲਹਿਰਾ ਦੋ ਤਿਰੰਗਾ' ਮਾਰਚ ਕੱਢਣ ਦਾ ਸੱਦਾ ਦਿੱਤੇ ਜਾਣ ਤੋਂ ਬਾਅਦ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਸੈਂਟਰਲ ਪਾਰਕ ਦੇ ਨੇੜੇ ਤਿਰੰਗਾ ਮਾਰਚ ਕੱਢਿਆ।
ਹਾਲਾਂਕਿ, ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਅਤੇ ਮਾਰਚ ਦੌਰਾਨ ਖੱਬੇਪੱਖੀ ਵਿਦਿਆਰਥੀ ਜਥੇਬੰਦੀ ਆਇਸਾ ਦੇ ਕੌਮੀ ਪ੍ਰਧਾਨ ਨੇਹਾ ਬੋਰਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਤਸਵੀਰ ਸਰੋਤ, ANI
ਇਸ ਦੇ ਬਾਵਜੂਦ ਕਨਾਟ ਪਲੇਸ ਦੇ ਇਨਰ ਸਰਕਲ ਵਿੱਚ ਸੈਂਕੜੇ ਵਿਦਿਆਰਥੀ-ਵਿਦਿਆਰਥਣਾਂ, ਆਮ ਆਦਮੀ ਪਾਰਟੀ ਦੇ ਵਰਕਰ ਅਤੇ ਨਾਗਰਿਕ ਜਥੇਬੰਦੀਆਂ ਨਾਲ ਜੁੜੇ ਲੋਕ ਪਹੁੰਚੇ। ਇਸ ਦੌਰਾਨ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ।
ਸੀਜੇਪੀ ਦੇ ਸੱਦੇ ਤੋਂ ਬਾਅਦ ਨਵੀਂ ਦਿੱਲੀ ਨਗਰ ਨਿਗਮ (ਐੱਨਡੀਐੱਮਸੀ) ਨੇ ਸੈਂਟਰਲ ਪਾਰਕ ਨੂੰ ਦੋ ਦਿਨਾਂ ਲਈ ਬੰਦ ਕਰ ਦਿੱਤਾ ਸੀ। ਦਿੱਲੀ ਪੁਲਿਸ ਨੇ ਵੀ ਇਸ ਇਲਾਕੇ ਵਿੱਚ ਧਾਰਾ 163 ਤਹਿਤ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਸਨ।
ਜੰਤਰ-ਮੰਤਰ ਤੋਂ ਕੁਝ ਹੀ ਦੂਰੀ 'ਤੇ ਸਥਿਤ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਸਨ ਅਤੇ ਪਾਰਕ ਦੇ ਗੇਟ ਬੰਦ ਸਨ।

ਤਸਵੀਰ ਸਰੋਤ, ANI
ਸ਼ੁੱਕਰਵਾਰ ਸਵੇਰ ਤੋਂ ਹੀ ਤਣਾਅ ਦਾ ਮਾਹੌਲ ਸੀ। ਅਭਿਜੀਤ ਦੀਪਕੇ ਨੇ ਸਵੇਰੇ ਦੱਸਿਆ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਨੋਟਿਸ ਦਿੱਤਾ ਹੈ। 'ਲਹਿਰਾ ਦੋ ਤਿਰੰਗਾ' ਮਾਰਚ ਦਾ ਸੱਦਾ ਸ਼ਾਮ ਪੰਜ ਵਜੇ ਲਈ ਦਿੱਤਾ ਗਿਆ ਸੀ। ਪਰ ਜਿਵੇਂ ਹੀ ਅਭਿਜੀਤ ਤਿਰੰਗਾ ਲੈ ਕੇ ਬਾਹਰ ਨਿਕਲੇ, ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਮਾਰਚ ਤੋਂ ਪਹਿਲਾਂ ਦੀਪਕੇ ਨੇ ਕਿਹਾ ਸੀ, "ਕਾਰੋਬਾਰ ਨੂੰ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਨਾਲ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਨੂੰ ਉਦੋਂ ਨੁਕਸਾਨ ਹੁੰਦਾ ਹੈ, ਜਦੋਂ ਸਰਕਾਰ ਪੂਰੇ ਸ਼ਹਿਰ ਨੂੰ ਬੰਦ ਕਰਨ, ਇੰਟਰਨੈੱਟ ਸੇਵਾਵਾਂ ਰੋਕਣ ਅਤੇ ਆਪਣੇ ਹੀ ਨਾਗਰਿਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕਰਦੀ ਹੈ।"

ਤਸਵੀਰ ਸਰੋਤ, Ritesh Shukla/Getty Image
ਪ੍ਰਦਰਸ਼ਨ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਪ੍ਰਧਾਨ ਨੇਹਾ ਬੋਰਾ ਨੂੰ ਵੀ ਹਿਰਾਸਤ ਵਿੱਚ ਲਿਆ। ਨੇਹਾ ਬੋਰਾ ਦੀ ਟੀਮ ਨੇ ਇਲਜ਼ਾਮ ਲਾਇਆ ਕਿ ਨੇਹਾ ਨੂੰ ਇਕੱਲਿਆਂ ਹੀ ਹਿਰਾਸਤ ਵਿੱਚ ਲਿਆ ਗਿਆ ਅਤੇ ਉਨ੍ਹਾਂ ਨੂੰ ਕਿਸੇ ਅਣਜਾਣ ਥਾਂ 'ਤੇ ਲਿਜਾਇਆ ਗਿਆ ਹੈ। ਉਨ੍ਹਾਂ ਕੋਲ ਆਪਣਾ ਫ਼ੋਨ ਵੀ ਨਹੀਂ ਹੈ।
ਟੀਮ ਨੇ ਕਿਹਾ, "ਇੱਕ ਵਾਰ ਫਿਰ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਹੈ। ਇਹ ਹਿਰਾਸਤ ਵਿੱਚ ਲੈਣਾ ਨਹੀਂ ਹੈ।"
ਪ੍ਰਦਰਸ਼ਨਕਾਰੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ।

ਤਸਵੀਰ ਸਰੋਤ, VATSYAYANA / AFP via Getty Images
ਕਨਾਟ ਪਲੇਸ ਦੇ ਸੈਂਟਰਲ ਪਾਰਕ ਦੇ ਨੇੜੇ ਪਾਲਿਕਾ ਬਾਜ਼ਾਰ ਹੈ। ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੇ ਬਾਵਜੂਦ ਉੱਥੇ ਵੱਡੀ ਗਿਣਤੀ ਵਿੱਚ ਲੋਕ ਤਿਰੰਗਾ ਲੈ ਕੇ ਪਹੁੰਚ ਗਏ ਸਨ। ਹਾਲਾਂਕਿ, ਜੰਤਰ-ਮੰਤਰ ਦੇ ਨੇੜੇ ਜਿਸ ਤਰ੍ਹਾਂ ਬੈਰੀਕੇਡਿੰਗ ਕੀਤੀ ਗਈ ਸੀ, ਉਸ ਤਰ੍ਹਾਂ ਦੀ ਸਖ਼ਤੀ ਇੱਥੇ ਨਹੀਂ ਸੀ।
ਕਨਾਟ ਪਲੇਸ ਅਤੇ ਸੈਂਟਰਲ ਪਾਰਕ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਪੈਰਾਮਿਲਟਰੀ ਦੇ ਜਵਾਨ ਤਾਇਨਾਤ ਕੀਤੇ ਗਏ ਸਨ।

ਤਸਵੀਰ ਸਰੋਤ, ANI
ਤਿਰੰਗਾ ਮਾਰਚ ਦੌਰਾਨ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਹਾਲਾਂਕਿ ਕੁੱਲ ਮਿਲਾ ਕੇ ਮਾਰਚ ਸ਼ਾਂਤੀਪੂਰਨ ਰਿਹਾ।

ਤਸਵੀਰ ਸਰੋਤ, ANI
ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਲੋਕ ਸੜਕਾਂ 'ਤੇ ਮਾਰਚ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇ ਲਗਾਉਂਦੇ ਨਜ਼ਰ ਆਏ।

ਕੀ ਬੋਲੇ ਵਿਰੋਧੀ ਧਿਰ ਦੇ ਆਗੂ
ਇਸ ਤੋਂ ਪਹਿਲਾਂ, ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮਕੇ ਸਟਾਲਿਨ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਮੇਤ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਪੁੱਛਿਆ ਕਿ ਦਿੱਲੀ ਪੁਲਿਸ ਦੱਸੇ ਕਿ ਦੀਪਕੇ ਅਤੇ ਬੋਰਾ ਨੂੰ ਕਿੱਥੇ ਰੱਖਿਆ ਗਿਆ ਹੈ।

ਤਸਵੀਰ ਸਰੋਤ, Getty Images
ਹਾਲਾਂਕਿ, ਨੇਹਾ ਬੋਰਾ ਨੂੰ ਸ਼ਨੀਵਾਰ ਸਵੇਰੇ ਰਿਹਾਅ ਕਰ ਦਿੱਤਾ ਗਿਆ ਹੈ ਪਰ ਦੀਪਕੇ ਬਾਰੇ ਦਿੱਲੀ ਪੁਲਿਸ ਨੇ ਅਜੇ ਤੱਕ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹੈ।
ਦੀਪਕੇ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੰਸਦ ਮੈਂਬਰ ਸੰਜੇ ਸਿੰਘ ਨੇ ਨਿੰਦਾ ਕੀਤੀ।

ਤਸਵੀਰ ਸਰੋਤ, Getty Images
ਤਿਰੰਗਾ ਮਾਰਚ ਨੂੰ ਰੋਕਣ ਦੀ ਕੋਸ਼ਿਸ਼ 'ਤੇ ਸਿਆਸੀ ਕਾਰਕੁਨ ਯੋਗੇਂਦਰ ਯਾਦਵ ਨੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ, "ਪਹਿਲਾਂ 50 ਸਾਲ ਤਿਰੰਗੇ ਨਾਲ 'ਦਵੈਸ਼' (ਵੈਰ ਭਾਵ), ਫਿਰ 25 ਸਾਲ ਤਿਰੰਗਾ ਚੁੱਕਣ ਦਾ 'ਢੋਂਗ', ਹੁਣ ਦੇਸ਼ਭਗਤ ਨੌਜਵਾਨਾਂ ਦੇ ਹੱਥਾਂ ਵਿੱਚ ਤਿਰੰਗਾ ਦੇਖ ਕੇ 'ਡਰ'। ਇਹ ਹੈ ਆਰਐੱਸਐੱਸ ਅਤੇ ਬੀਜੇਪੀ ਦੀ ਤਿਰੰਗਾ ਯਾਤਰਾ।"
ਵਿਰੋਧੀ ਧਿਰ ਦੇ ਕੁਝ ਆਗੂਆਂ ਨੇ ਇਸ ਨੂੰ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ।

ਤਸਵੀਰ ਸਰੋਤ, Getty Images
ਮੌਕੇ 'ਤੇ ਮੌਜੂਦ ਬੀਬੀਸੀ ਪੱਤਰਕਾਰ ਰਾਘਵੇਂਦਰ ਰਾਓ ਨੇ ਦੱਸਿਆ ਕਿ ਕਨਾਟ ਪਲੇਸ ਦੇ ਇਨਰ ਸਰਕਲ ਵਿੱਚ ਸੈਂਟਰਲ ਪਾਰਕ ਦੇ ਆਲੇ-ਦੁਆਲੇ, ਪਾਲਿਕਾ ਬਾਜ਼ਾਰ ਦੇ ਗੇਟ ਨੰਬਰ ਇੱਕ ਦੇ ਨੇੜੇ ਬਹੁਤ ਵੱਡੀ ਭੀੜ ਸੀ। ਇੱਥੇ ਦੋ ਧੜਿਆਂ ਦੇ ਲੋਕ ਨਾਅਰੇਬਾਜ਼ੀ ਕਰ ਰਹੇ ਸਨ। ਕੁਝ ਦੇਰ ਬਾਅਦ ਪੁਲਿਸ ਨੇ ਉੱਥੇ ਬੈਠੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਤਸਵੀਰ ਸਰੋਤ, Imran Qureshi
ਦਿੱਲੀ ਹੀ ਨਹੀਂ, ਕੁਝ ਹੋਰ ਥਾਵਾਂ 'ਤੇ ਵੀ ਤਿਰੰਗਾ ਮਾਰਚ ਕੱਢਿਆ ਗਿਆ। ਬੀਬੀਸੀ ਦੇ ਸਹਿਯੋਗੀ ਪੱਤਰਕਾਰ ਇਮਰਾਨ ਕੁਰੈਸ਼ੀ ਮੁਤਾਬਕ, ਬੈਂਗਲੁਰੂ ਦੇ ਟਾਊਨ ਹਾਲ ਵਿੱਚ ਤਿਰੰਗਾ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਇੱਥੇ 'ਇਨਕਲਾਬ ਜ਼ਿੰਦਾਬਾਦ' ਅਤੇ 'ਜੈ ਭੀਮ' ਵਰਗੇ ਨਾਅਰੇ ਲਗਾਏ ਗਏ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































