ਪਰਵਿੰਦਰ ਸਿੰਘ ਝੋਟਾ ਕਤਲ ਮਾਮਲਾ: ਅਮਿਤ ਸ਼ਾਹ ਦੇ ਮਾਨਸਾ ਪਹੁੰਚਣ ਤੋਂ ਪਹਿਲਾਂ ਸੀਐੱਮ ਮਾਨ ਨੇ ਝੋਟਾ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਕੀਤਾ ਐਲਾਨ, ਸ਼ਾਹ ਨੇ ਵੀ ਕਰਨੀ ਹੈ ਪਰਿਵਾਰ ਨਾਲ ਮੁਲਾਕਾਤ

ਤਸਵੀਰ ਸਰੋਤ, PARVINDER SINGH JHOTA/getty
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 12 ਮਿੰਟ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੱਜ ਪੰਜਾਬ ਦੌਰੇ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਿੰਦਰ ਝੋਟਾ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਐਲਾਨ ਕੀਤਾ ਹੈ।
ਮਾਨ ਨੇ ਐਕਸ 'ਤੇ ਲਿਖਿਆ, "ਨਸ਼ਿਆਂ ਖ਼ਿਲਾਫ਼ ਲੜ ਰਹੇ ਪਰਮਿੰਦਰ ਝੋਟਾ ਦੇ ਪਿਤਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅਸੀਂ ਹਰ ਸਮੇਂ ਡਟ ਕੇ ਖੜ੍ਹੇ ਹਾਂ। ਪਰਿਵਾਰ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਅਸੀਂ ਇਹ ਕੇਸ ਸੀਬੀਆਈ ਨੂੰ ਸੌਂਪ ਰਹੇ ਹਾਂ। ਨਸੇ ਦੇ ਸੌਦਾਗਰਾਂ ਖ਼ਿਲਾਫ਼ ਸਾਡੀ ਲੜਾਈ ਆਰ-ਪਾਰ ਦੀ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਾਨੂੰ ਜੋ ਵੀ ਸਖ਼ਤ ਕਦਮ ਚੁੱਕਣਾ ਪਿਆ, ਅਸੀਂ ਪਿੱਛੇ ਨਹੀਂ ਹਟਾਂਗੇ।"
ਇਸ ਮਗਰੋਂ ਭਾਜਪਾ ਆਗੂ ਰਵਨੀਤ ਬਿੱਟੂ ਨੇ ਕਿਹਾ, "ਸਾਢੇ ਚਾਰ ਸਾਲ ਪੰਜਾਬ ਨੂੰ 'ਚਿੱਟੇ' ਤੇ ਗੈਂਗਸਟਰਾਂ ਹਵਾਲੇ ਰੱਖਿਆ, ਪਰ ਹੁਣ ਜਦੋਂ ਦੁਸਹਿਰੇ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬੀਆਂ ਦੀ ਮੰਗ ਪੂਰੀ ਕਰਕੇ ਚਿੱਟੇ ਨੂੰ ਜੜ੍ਹੋਂ ਪੁੱਟਣ ਦਾ ਪ੍ਰਣ ਲੈਣ ਆ ਰਹੇ ਹਨ, ਤਾਂ ਉਸੇ ਡਰੋਂ ਆਪਣੀਆਂ ਨਾਕਾਮੀਆਂ ਲੁਕਾਉਣ ਲਈ 'ਝੋਟਾ ਕੇਸ' ਮਜਬੂਰੀ ਵੱਸ ਰਾਤੋ-ਰਾਤ CBI ਨੂੰ ਸੌਂਪ ਦਿੱਤਾ!"
ਝੋਟਾ ਕਤਲਕਾਂਡ ਲਈ ਬਣਾਈ ਗਈ ਇਨਸਾਫ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਨੇ ਬੀਬੀਸੀ ਸਹਿਯੋਗੀ ਕੁਲਵੀਰ ਸਿੰਘ ਨਾਲ ਗੱਲਬਾਤ ਕਰਦਿਆਂ ਕਿਹਾ, "8 ਦਿਨ ਬਾਅਦ ਸੂਬਾ ਸਰਕਾਰ ਦੀ ਅੱਖ ਖੁੱਲ੍ਹੀ ਹੈ। ਕਰੈਡਿਟ ਲੈਣ ਲਈ ਪੰਜਾਬ ਸਰਕਾਰ ਵੱਲੋਂ CBI ਨੂੰ ਜਾਂਚ ਸੌਂਪੀ ਗਈ ਹੈ। ਕੇਂਦਰ ਅਤੇ ਸੂਬਾ ਸਰਕਾਰ ਪਰਵਿੰਦਰ ਝੋਟਾ ਦੇ ਕਤਲ ਕੇਸ ਵਿੱਚ ਵੋਟਾਂ ਲੈਣ ਦਾ ਜ਼ਰੀਆ ਬਣਾ ਰਹੀਆਂ ਹਨ।"

ਉਧਰ ਅੱਜ ਆਪਣੇ ਪੰਜਾਬ ਦੌਰੇ ਦੌਰਾਨ ਅਮਿਤ ਸ਼ਾਹ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਘਰ ਜਾਣਗੇ ਅਤੇ ਝੋਟਾ ਦੇ ਪਿਤਾ, ਪਤਨੀ ਅਤੇ ਪੁੱਤਰਾਂ ਨੂੰ ਮਿਲਣਗੇ। ਹਾਲਾਂਕਿ ਐਕਸ਼ਨ ਕਮੇਟੀ ਫਾਰ ਜਸਟਿਸ ਫਾਰ ਝੋਟਾ ਇਸਦਾ ਵਿਰੋਧ ਕਰ ਰਹੀ ਹੈ, ਪਰ ਉਨ੍ਹਾਂ ਦੇ ਪਿਤਾ ਭੀਮ ਸਿੰਘ ਉਨ੍ਹਾਂ ਨੂੰ ਮਿਲਣ ਲਈ ਤਿਆਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਹ ਦਾ ਵਿਰੋਧ ਕਰਨਾ ਮੇਰਾ ਵਿਰੋਧ ਹੋਵੇਗਾ।
ਉਹ ਸੰਗਰੂਰ ਦੇ ਦਿੜਬਾ ਦੇ ਪਿੰਡ ਤੂਰ ਬੰਜਾਰਾ ਵੀ ਜਾਣਗੇ, ਜਿੱਥੇ ਗੁਲਜ਼ਾਰ ਸਿੰਘ ਨੇ 'ਆਪ' ਮੰਤਰੀ ਹਰਪਾਲ ਚੀਮਾ ਤੋਂ ਪੁੱਛਗਿੱਛ ਕਰਨ 'ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਇਲਜ਼ਾਮ ਲਾਂਦਿਆ ਖੁਦਕੁਸ਼ੀ ਕਰ ਲਈ ਸੀ।
ਇਸ ਦੇ ਨਾਲ ਹੀ, ਸ਼ਾਹ ਗੁਰਦਾਸਪੁਰ ਦੇ ਬਟਾਲਾ ਵੀ ਜਾਣਗੇ, ਜਿੱਥੇ ਬਿਕਰਮਜੀਤ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ।
ਸ਼ਾਮ ਨੂੰ, ਉਹ ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ ਦੁਸਹਿਰਾ ਮੇਲੇ ਵਿੱਚ ਹਿੱਸਾ ਲੈਣਗੇ ਅਤੇ ਰਾਵਣ ਦਹਿਨ ਕਰਨਗੇ।
ਖ਼ਾਸ ਗੱਲ ਇਹ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ ਪੰਜਾਬ ਸਰਕਾਰ ਤੋਂ ਤਿੰਨੋਂ ਮ੍ਰਿਤਕਾਂ ਦੇ ਕਤਲ ਅਤੇ ਖੁਦਕੁਸ਼ੀ ਬਾਰੇ ਰਿਪੋਰਟ ਮੰਗੀ ਹੈ, ਜਿਨ੍ਹਾਂ ਦੇ ਘਰਾਂ ਵਿੱਚ ਅਮਿਤ ਸ਼ਾਹ ਆ ਰਹੇ ਹਨ।
ਅਮਨ ਅਰੋੜਾ ਨੇ ਪੁੱਛੇ ਅਮਿਤ ਸ਼ਾਹ ਨੂੰ ਸਵਾਲ
1. ਪੰਜਾਬ ਵਿੱਚ 543 ਕਿਲੋਮੀਟਰ ਲੰਬਾ ਅੰਤਰਰਾਸ਼ਟਰੀ ਬਾਰਡਰ ਹੈ ਜਿਸ ਦੇ 50 ਕਿਲੋਮੀਟਰ ਦੇ ਘੇਰੇ ਨੂੰ ਬੀਐਸਐਫ ਵੇਖਦੀ ਹੈ। ਕੇਂਦਰ ਸਰਕਾਰ ਅੰਤਰਰਾਸ਼ਟਰੀ ਬਾਰਡਰ ਤੇ ਨਸ਼ਾ ਰੋਕਣ ਵਿੱਚ ਨਾਕਾਮ ਕਿਉਂ ਰਹੀ ਹੈ?
2. ਗੁਜਰਾਤ ਜਿੱਥੇ ਲੰਬੇ ਸਮੇਂ ਤੋਂ ਭਾਜਪਾ ਦੀ ਸਰਕਾਰ ਹੈ, ਮੁੰਦਰਾ ਪੋਰਟ ਤੋਂ 3000 ਕਿਲੋਗ੍ਰਾਮ ਹੈਰੋਇਨ ਤੱਕ ਫੜੀ ਜਾਂਦੀ ਹੈ ਉਸ ਬਾਰੇ ਅਮਿਤ ਸ਼ਾਹ ਕੀ ਕਹਿਣਗੇ?
3. ਪੰਜਾਬ ਵਿੱਚ ਚਿੱਟਾ ਸ਼ਬਦ ਪਹਿਲੀ ਵਾਰ 2007 ਦੇ ਨੇੜੇ ਤੇੜੇ ਸੁਣਿਆ ਗਿਆ ਸੀ, ਜਿਸ ਸਮੇਂ ਭਾਜਪਾ ਅਕਾਲੀ ਦਲ ਨਾਲ ਮਿਲ ਕੇ ਪੰਜਾਬ ਵਿੱਚ ਸਰਕਾਰ ਚਲਾ ਰਹੀ ਸੀ ਉਸ ਸਮੇਂ ਬੀਜੇਪੀ ਕਿਉਂ ਚੁੱਪ ਰਹੀ?
4. ਪੰਜਾਬ ਉੱਤੇ ਕਿੰਤੂ ਪ੍ਰੰਤੂ ਕਰਨ ਵਾਲੇ ਅਮਿਤ ਸ਼ਾਹ ਇਹ ਦੱਸਣ ਕਿ ਭਾਜਪਾ ਸ਼ਾਸਤ ਸੂਬੇ ਮਹਾਰਾਸ਼ਟਰ, ਹਰਿਆਣਾ, ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ਵਿੱਚ ਕਾਨੂੰਨ ਤੇ ਨਿਆ ਵਿਵਸਥਾ ਦੀ ਕੀ ਹਾਲਤ ਹੈ? ਕਿਉਂ ਹਰਿਆਣਾ ਗੈਂਗਸਟਰਾਂ ਦੀ ਨਰਸਰੀ ਬਣਿਆ ਹੋਇਆ ਹੈ?
ਚੀਮਾ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਨੂੰ NDPS ਐਕਟ ਅਧੀਨ ਲਿਆਉਣ ਦੀ ਮੰਗ
ਅਮਿਤ ਸ਼ਾਹ ਦੇ ਦੌਰੇ ਤੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਚੀਮਾ ਨੇ ਕਿਹਾ ਕਿ 'ਪੰਜਾਬ ਵਿੱਚ ਚੱਲ ਰਹੇ ਕੈਮੀਕਲ ਨਸ਼ੇ ਵਿੱਚ ਕੁਝ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਹੋ ਰਹੀ ਹੈ।
ਇਹ ਦਵਾਈਆਂ ਡਾਕਟਰ ਦੀ ਸਿਫ਼ਾਰਸ਼ 'ਤੇ ਮਿਲ ਸਕਦੀਆਂ ਹਨ, ਪਰ ਬਿਨ੍ਹਾਂ ਇਜਾਜ਼ਤ ਵੇਚੇ ਜਾਣ 'ਤੇ ਇਨ੍ਹਾਂ ਦੀ ਵਰਤੋਂ ਨਸ਼ੇ ਵਜੋਂ ਹੋਣ ਲੱਗਦੀ ਹੈ। ਇਨ੍ਹਾਂ ਦਵਾਈਆਂ ਦੀ ਇੱਕ ਵੀ ਫੈਕਟਰੀ ਪੰਜਾਬ ਵਿੱਚ ਨਹੀਂ ਹੈ। ਇਹ ਉਨ੍ਹਾਂ ਸੂਬਿਆਂ ਵਿੱਚ ਬਣਦੀਆਂ ਹਨ, ਜਿੱਥੇ ਭਾਜਪਾ ਜਾਂ ਕਾਂਗਰਸ ਦੀਆਂ ਸਰਕਾਰਾਂ ਹਨ।'
ਚੀਮਾ ਨੇ ਮੰਗ ਕੀਤੀ ਕਿ ਇਨ੍ਹਾਂ ਦਵਾਈਆਂ ਨੂੰ NDPS ਐਕਟ ਦੇ ਦਾਇਰੇ ਵਿੱਚ ਲਿਆਂਦਾ ਜਾਵੇ। ਚੀਮਾ ਨੇ ਦਾਅਵਾ ਕੀਤਾ ਕਿ ਇਨ੍ਹਾਂ ਦਵਾਈਆਂ ਨੂੰ ਐਕਟ ਦੇ ਅਧੀਨ ਲਿਆਉਣ ਲਈ 'ਅਸੀਂ ਕੇਂਦਰ ਸਰਕਾਰ ਨੂੰ ਦੋ ਪੱਤਰ ਲਿਖੇ, ਪਰ ਕੋਈ ਜਵਾਬ ਨਹੀਂ ਆਇਆ।
ਸਿਹਤ ਮੰਤਰੀ ਨੂੰ ਵੀ ਇੱਕ ਹੋਰ ਪੱਤਰ ਲਿਖਿਆ ਗਿਆ ਹੈ। ਪਰ ਕੇਂਦਰ ਸਰਕਾਰ ਜਵਾਬ ਨਹੀਂ ਦੇ ਰਹੀ। ਮਿਥਾਈਲ ਅਲਕੋਹਲ ਬਾਰੇ ਵੀ ਅਸੀਂ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ, ਪਰ ਉਸ ਨੇ ਕੋਈ ਕਾਰਵਾਈ ਕਰਨੀ ਜ਼ਰੂਰੀ ਨਹੀਂ ਸਮਝੀ।'
ਚੀਮਾ ਨੇ ਕਿਹਾ ਕਿ ਅਸੀਂ ਨਸ਼ਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰ ਰਹੇ ਹਾਂ। NDPS ਐਕਟ ਕੇਂਦਰ ਸਰਕਾਰ ਦੇ ਅਧੀਨ ਹੈ। ਇਸ ਦੇ ਤਹਿਤ ਅਸੀਂ 80 ਹਜ਼ਾਰ ਗ੍ਰਿਫ਼ਤਾਰੀਆਂ ਕੀਤੀਆਂ ਹਨ। ਚੀਮਾ ਨੇ ਕਿਹਾ ਕਿ ਕੇਂਦਰ ਨੇ 1952 ਦੇ ਐਕਟ ਅਤੇ 1934 ਦੇ ਐਕਟ ਤਹਿਤ ਕਾਰਵਾਈ ਕਰਨ ਲਈ ਕਿਹਾ ਹੈ। ਪਰ ਇਹ ਸਾਰੇ ਕਾਨੂੰਨ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬਣਾਏ ਗਏ ਸਨ।
ਮਨੋਰੰਜਨ ਜਗਤ ਦੇ ਸਿਤਾਰੇ ਹਮਾਇਤ ਵਿੱਚ ਆਏ
ਪੰਜਾਬੀ ਮਨੋਰੰਜਨ ਜਗਤ ਦੇ ਕਈ ਮਸ਼ਹੂਰ ਸਿਤਾਰੇ ਅਤੇ ਨਾਮੀ ਹਸਤੀਆਂ ਵੀ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਲੱਗੇ ਮੋਰਚੇ ਦੀ ਹਮਾਇਤ ਵਿੱਚ ਉੱਤਰ ਆਈਆਂ ਹਨ।
ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ 13 ਅਕਤੂਬਰ ਤੋਂ ਮਾਨਸਾ ਦੇ ਤਿਕੋਣੀ ਚੌਕ ਅਤੇ ਸਿਵਲ ਹਸਪਤਾਲ ਦੇ ਬਾਹਰ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ।
ਸਿਵਲ ਹਸਪਤਾਲ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਪਈ ਹੈ, ਜਦਕਿ ਤਿਕੋਣੀ ਚੌਕ ਵਿੱਚ ਇਨਸਾਫ਼ ਕਮੇਟੀ ਵੱਲੋਂ ਸਟੇਜ ਲਗਾਈ ਗਈ ਹੈ।
ਮਨੋਰੰਜਨ ਜਗਤ ਦੇ ਕਈ ਸਿਤਾਰੇ ਇਨ੍ਹਾਂ ਧਰਨਿਆਂ ਵਿੱਚ ਸ਼ਾਮਲ ਹੋ ਰਹੇ ਹਨ। ਕਿਸੇ ਨੇ ਆਪਣੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਰੱਦ ਕਰ ਦਿੱਤੇ ਹਨ, ਕਿਸੇ ਨੇ ਆਪਣੀ ਫ਼ਿਲਮ ਦੀ ਰਿਲੀਜ਼ ਰੋਕ ਦਿੱਤੀ ਹੈ ਅਤੇ ਕੋਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਇਨ੍ਹਾਂ ਸਿਤਾਰਿਆਂ ਵਿੱਚ ਅਦਾਕਾਰਾ ਨੀਰੂ ਬਾਜਵਾ, ਗਾਇਕ ਬੱਬੂ ਮਾਨ, ਰਣਜੀਤ ਬਾਵਾ ਅਤੇ ਆਰ ਨੇਤ ਸਣੇ ਹੋਰ ਕਈ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਉਨ੍ਹਾਂ ਦੇ 'ਸਾਈਨਡ ਟੂ ਗੌਡ' ਟੂਰ ਨੂੰ ਰੱਦ ਕਰ ਦਿੱਤਾ ਹੈ।

ਤਸਵੀਰ ਸਰੋਤ, Charanjeev Kaushal/BBC
ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਸਾਂਝੀ ਕਰ ਕੇ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਪੰਜਾਬੀ ਫ਼ਿਲਮ 'ਥਾਪੀ' ਦੀ ਰਿਲੀਜ਼ ਉੱਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝੀ ਕੀਤੀ। ਇਹ ਫ਼ਿਲਮ 16 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ।
ਹੁਣ ਤੱਕ ਕੀ-ਕੀ ਹੋਇਆ?

- 13 ਅਕਤੂਬਰ: ਮਾਨਸਾ ਦੇ ਤਿਕੋਣੀ ਚੌਕ ਅਤੇ ਸਿਵਲ ਹਸਪਤਾਲ ਦੇ ਬਾਹਰ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਸ਼ੁਰੂ ਹੋਇਆ। ਵਾਰਦਾਤ ਵਾਲੇ ਦਿਨ ਹੀ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੇ ਇੱਕ ਸਾਥੀ ਨੂੰ ਕਾਬੂ ਕਰ ਲਿਆ ਗਿਆ।
- 14 ਅਕਤੂਬਰ: ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਅਤੇ ਅਸ਼ਵਨੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸੇ ਦਿਨ ਅਸ਼ਵਨੀ ਕੁਮਾਰ ਦੇ ਘਰ ਅਤੇ ਮੈਡੀਕਲ ਸਟੋਰ ਉੱਤੇ ਬੁਲਡੋਜ਼ਰ ਰਾਹੀਂ ਕਾਰਵਾਈ ਵੀ ਕੀਤੀ ਗਈ।
- 15 ਅਕਤੂਬਰ: ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਇਸੇ ਦਿਨ ਅਸ਼ਵਨੀ ਕੁਮਾਰ ਦੀ ਪਤਨੀ ਅਤੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ।
- 16 ਅਕਤੂਬਰ: ਅਸ਼ਵਨੀ ਕੁਮਾਰ ਦਾ ਅਸਲਾ ਲਾਇਸੈਂਸ ਰੱਦ ਕਰ ਦਿੱਤਾ ਗਿਆ। ਇਸੇ ਦਿਨ ਪੁਲਿਸ ਨੇ ਭੰਨਤੋੜ ਕਰਨ, ਇੱਕ ਦੁਕਾਨਦਾਰ ਦੇ ਖੋਖੇ ਦਾ ਸਾਮਾਨ ਸਾੜਨ ਅਤੇ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮਾਂ ਤਹਿਤ ਤਿੰਨ ਵੱਖ-ਵੱਖ ਕੇਸ ਦਰਜ ਕੀਤੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ।

ਤਸਵੀਰ ਸਰੋਤ, Charanjeev Kaushal/BBC
- 17 ਅਕਤੂਬਰ: ਕੇਂਦਰੀ ਗ੍ਰਹਿ ਮੰਤਰਾਲੇ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਅਤੇ ਪੰਜਾਬ ਵਿੱਚ ਵਾਪਰੀਆਂ ਹੋਰ ਘਟਨਾਵਾਂ ਬਾਰੇ ਰਿਪੋਰਟ ਮੰਗੀ। ਇਸੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਦਾ ਐਲਾਨ ਕੀਤਾ।
- 18 ਅਕਤੂਬਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਰਵਿੰਦਰ ਸਿੰਘ ਝੋਟਾ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵਾਪਰੀਆਂ ਘਟਨਾਵਾਂ ਦੇ ਪੀੜਤਾਂ ਨਾਲ 20 ਅਕਤੂਬਰ ਨੂੰ ਮੁਲਾਕਾਤ ਕਰਨ ਦਾ ਐਲਾਨ ਕੀਤਾ।
- 19 ਅਕਤੂਬਰ: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ। ਪੰਜਾਬ ਸਰਕਾਰ ਨੇ ਐਕਸ਼ਨ ਕਮੇਟੀ ਨਾਲ ਗੱਲਬਾਤ ਵਾਸਤੇ ਤਿੰਨ ਮਹਿਲਾ ਆਈਏਐੱਸ ਅਧਿਕਾਰੀਆਂ ਦੀ ਕਮੇਟੀ ਬਣਾਈ ਹੈ। ਇਨ੍ਹਾਂ ਵਿੱਚ ਕੰਵਲਪ੍ਰੀਤ ਕੌਰ ਬਰਾੜ, ਅਪਨੀਤ ਰਿਆਤ ਅਤੇ ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਸ਼ਾਮਲ ਹਨ।
ਪੇਚ ਕਿੱਥੇ ਫਸਿਆ?

ਤਸਵੀਰ ਸਰੋਤ, Kulveer Singh/BBC
ਵਾਰਦਾਤ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਪਰਵਿੰਦਰ ਸਿੰਘ ਝੋਟਾ ਦਾ ਪਰਿਵਾਰ ਅਤੇ ਇਨਸਾਫ਼ ਕਮੇਟੀ ਆਪਣੀਆਂ ਮੰਗਾਂ ਉੱਤੇ ਅੜੇ ਹੋਏ ਹਨ। ਇਨ੍ਹਾਂ ਮੰਗਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਅਸਤੀਫ਼ੇ, ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਹੋਰ ਅਹਿਮ ਮੰਗਾਂ ਸ਼ਾਮਲ ਹਨ।
ਇਨਸਾਫ਼ ਕਮੇਟੀ ਅਤੇ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਹਾਲਾਂਕਿ, ਮਾਨਸਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਇਨਸਾਫ਼ ਕਮੇਟੀ ਨਾਲ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ।
ਕਤਲ ਦੀ ਵਾਰਦਾਤ ਕਿਵੇਂ ਵਾਪਰੀ ਸੀ?

ਤਸਵੀਰ ਸਰੋਤ, Parvinder singh jhota / fb
13 ਅਕਤੂਬਰ ਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ਵਿੱਚ ਨਸ਼ੀਲੇ ਅਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦੇ ਇਲਜ਼ਾਮਾਂ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਦੋਂ ਪਰਵਿੰਦਰ ਸਿੰਘ ਝੋਟਾ ਉੱਤੇ ਗੋਲੀਆਂ ਚਲਾਈਆਂ ਗਈਆਂ, ਉਸ ਸਮੇਂ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਾਈਵ ਪ੍ਰਸਾਰਨ ਕਰ ਰਹੇ ਸਨ। ਇਸ ਕਾਰਨ ਵਾਰਦਾਤ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।
ਇੱਕ ਵੀਡੀਓ ਵਿੱਚ ਪਰਵਿੰਦਰ ਸਿੰਘ ਝੋਟਾ ਅਤੇ ਮੈਡੀਕਲ ਸਟੋਰ ਦੇ ਮਾਲਕ ਵਿਚਾਲੇ ਦੁਕਾਨ ਵਿੱਚ ਕਥਿਤ ਤੌਰ 'ਤੇ ਨਸ਼ੀਲੇ ਪਦਾਰਥ ਵੇਚਣ ਦੇ ਇਲਜ਼ਾਮ ਨੂੰ ਲੈ ਕੇ ਬਹਿਸ ਹੁੰਦੀ ਦਿਖਾਈ ਦਿੰਦੀ ਹੈ।
ਵੀਡੀਓ ਵਿੱਚ ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਖ਼ਿਲਾਫ਼ ਪੁਲਿਸ ਨੂੰ ਫ਼ੋਨ ਕਰਨ ਦੀ ਗੱਲ ਕਰਦੇ ਸੁਣਾਈ ਦਿੰਦੇ ਹਨ।
ਵੀਡੀਓ ਵਿੱਚ ਅਸ਼ਵਨੀ ਕੋਲ ਪਿਸਤੌਲ ਹੋਣ ਦਾ ਵੀ ਜ਼ਿਕਰ ਸੁਣਾਈ ਦਿੰਦਾ ਹੈ। ਇਸ ਦੌਰਾਨ ਝੋਟਾ ਦੁਕਾਨ ਦੇ ਮਾਲਕ ਨੂੰ ਪਿਸਤੌਲ ਨਾਲ ਫ਼ਾਇਰ ਕਰਨ ਲਈ ਲਲਕਾਰਦੇ ਵੀ ਸੁਣਾਈ ਦਿੰਦੇ ਹਨ।

ਕੁਝ ਸਮੇਂ ਬਾਅਦ ਗੋਲੀ ਚੱਲਦੀ ਹੈ, ਜੋ ਪਰਵਿੰਦਰ ਸਿੰਘ ਝੋਟਾ ਨੂੰ ਲੱਗਦੀ ਹੈ। ਇਸ ਤੋਂ ਬਾਅਦ ਉਹ ਮੈਡੀਕਲ ਸਟੋਰ ਤੋਂ ਬਾਹਰ ਨਿਕਲ ਕੇ ਕਿਸੇ ਹੋਰ ਦੁਕਾਨ ਵਿੱਚ ਲੁਕਣ ਲਈ ਕੋਸ਼ਿਸ਼ ਕਰਦੇ ਹਨ।
ਇੱਕ ਹੋਰ ਵੀਡੀਓ ਵਿੱਚ ਅਸ਼ਵਨੀ ਕੁਮਾਰ ਨਾਂ ਦਾ ਵਿਅਕਤੀ ਹੱਥ ਵਿੱਚ ਪਿਸਤੌਲ ਫੜ੍ਹ ਕੇ ਬਾਜ਼ਾਰ ਵਿੱਚ ਉਨ੍ਹਾਂ ਦੇ ਪਿੱਛੇ ਜਾਂਦਾ ਦਿਖਾਈ ਦਿੰਦਾ ਹੈ। ਇਸ ਵੀਡੀਓ ਵਿੱਚ ਗੋਲੀ ਚੱਲਣ ਦੀ ਇੱਕ ਹੋਰ ਆਵਾਜ਼ ਸੁਣਾਈ ਦਿੰਦੀ ਹੈ। ਇਸ ਤੋਂ ਬਾਅਦ ਉਹ ਵਿਅਕਤੀ ਪਿਸਤੌਲ ਲੈ ਕੇ ਵਾਪਸ ਮੈਡੀਕਲ ਸਟੋਰ ਵੱਲ ਮੁੜ ਜਾਂਦਾ ਹੈ।
ਜਾਣਕਾਰੀ ਮੁਤਾਬਕ, ਜ਼ਖ਼ਮੀ ਹਾਲਤ ਵਿੱਚ ਪਰਵਿੰਦਰ ਸਿੰਘ ਝੋਟਾ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਵਿੰਦਰ ਸਿੰਘ ਝੋਟਾ ਦੱਖਣੀ ਪੰਜਾਬ ਦੇ ਸ਼ਹਿਰ ਮਾਨਸਾ ਦੇ ਰਹਿਣ ਵਾਲੇ ਸਨ। ਉਹ ਫ੍ਰੀਸਟਾਈਲ ਕਬੱਡੀ ਖਿਡਾਰੀ ਵੀ ਰਹੇ ਸਨ।
ਉਹ ਕੁਝ ਸਾਲ ਪਹਿਲਾਂ 'ਐਂਟੀ ਡਰੱਗ ਟਾਸਕ ਫੋਰਸ' ਬਣਾਉਣ ਤੋਂ ਬਾਅਦ ਚਰਚਾ ਵਿੱਚ ਆਏ ਸਨ। ਉਨ੍ਹਾਂ ਨੇ ਆਪਣਾ ਸੰਗਠਨ ਬਣਾ ਕੇ ਕਥਿਤ ਤੌਰ 'ਤੇ ਨਸ਼ੇ ਵੇਚਣ ਵਾਲਿਆਂ ਨੂੰ ਰੋਕਣ ਦੀ ਮੁਹਿੰਮ ਸ਼ੁਰੂ ਕੀਤੀ ਸੀ।
ਉਨ੍ਹਾਂ ਖ਼ਿਲਾਫ਼ ਕਈ ਮਾਮਲੇ ਵੀ ਦਰਜ ਕੀਤੇ ਗਏ ਸਨ ਅਤੇ ਕੁਝ ਮਾਮਲਿਆਂ ਵਿੱਚ ਉਨ੍ਹਾਂ ਨੂੰ ਸਜ਼ਾ ਵੀ ਹੋਈ ਸੀ। ਹਾਲਾਂਕਿ, ਕਈ ਹੋਰ ਮਾਮਲਿਆਂ ਵਿੱਚ ਉਹ ਬਰੀ ਵੀ ਹੋਏ ਸਨ।
ਐੱਸਜੀਪੀਸੀ ਨੇ ਕੀ ਐਲਾਨ ਕੀਤੇ?

ਤਸਵੀਰ ਸਰੋਤ, Shiromani Gurdwara Parbandhak Committee
17 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨਾਲ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ।
ਇਸ ਮੌਕੇ ਪਰਵਿੰਦਰ ਸਿੰਘ ਝੋਟਾ ਦੀ ਯਾਦ ਨੂੰ ਸਤਿਕਾਰ ਸਹਿਤ ਸੰਭਾਲਣ ਦਾ ਐਲਾਨ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਉਨ੍ਹਾਂ ਦੀ ਤਸਵੀਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ।
ਉਨ੍ਹਾਂ ਕਿਹਾ ਸੀ ਕਿ ਇਹ ਉਪਰਾਲਾ ਭਾਈ ਝੋਟਾ ਵੱਲੋਂ ਨਸ਼ਿਆਂ ਵਿਰੁੱਧ ਕੀਤੇ ਗਏ ਸੰਘਰਸ਼ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਉਦੇਸ਼ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਯਾਦ ਰੱਖਣ ਦਾ ਪ੍ਰਤੀਕ ਹੋਵੇਗਾ।
ਇਸ ਤੋਂ ਇਲਾਵਾ, ਹਰਜਿੰਦਰ ਸਿੰਘ ਧਾਮੀ ਨੇ ਜ਼ਖ਼ਮੀ ਨੌਜਵਾਨਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਐਲਾਨ ਕੀਤਾ ਕਿ ਐੱਸਜੀਪੀਸੀ ਵੱਲੋਂ ਹਰੇਕ ਜ਼ਖ਼ਮੀ ਨੌਜਵਾਨ ਨੂੰ ਪੰਜ-ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ?

ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅਸ਼ਵਨੀ ਕੁਮਾਰ ਦੀ ਪਤਨੀ ਵੀ ਸ਼ਾਮਲ ਹੈ।
ਵੀਰਵਾਰ ਸ਼ਾਮ ਨੂੰ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਸੀ ਕਿ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ, "ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਅਸ਼ਵਨੀ ਦੀ ਪਤਨੀ ਨੀਲਮ ਅਤੇ ਵਿਪਨ ਗਰਗ ਦੀ ਵੀ ਇਸ ਵਾਰਦਾਤ ਵਿੱਚ ਭੂਮਿਕਾ ਸੀ।"
"ਵਿਪਨ ਗਰਗ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਨੀਲਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੀ ਪੁਲਿਸ ਸਫ਼ਲ ਰਹੀ ਹੈ।"

ਪੁਲਿਸ ਮੁਤਾਬਕ, ਅਸ਼ਵਨੀ ਕੁਮਾਰ ਨੂੰ ਰਾਜਸਥਾਨ ਤੋਂ ਕਾਬੂ ਕੀਤਾ ਗਿਆ ਸੀ। ਵਾਰਦਾਤ ਤੋਂ ਬਾਅਦ ਲਾਡੀ ਨਾਂ ਦੇ ਵਿਅਕਤੀ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਦਾ ਦਾਅਵਾ ਹੈ ਕਿ ਵਿਪਨ ਗਰਗ ਨੇ ਅਸ਼ਵਨੀ ਨੂੰ ਫ਼ਰਾਰ ਹੋਣ ਵਿੱਚ ਮਦਦ ਕੀਤੀ ਅਤੇ ਉਸ ਨੂੰ ਸਹਾਇਤਾ ਮੁਹੱਈਆ ਕਰਵਾਈ ਸੀ।
ਐੱਸਐੱਸਪੀ ਨੇ ਅੱਗੇ ਕਿਹਾ ਸੀ, "ਉਸ ਦੀ ਪਤਨੀ ਨੂੰ ਉਸ ਦੀ ਮੰਸ਼ਾ ਅਤੇ ਸੋਚ ਬਾਰੇ ਜਾਣਕਾਰੀ ਸੀ। ਉਸ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਨੀਲਮ ਰਾਣੀ ਦੀ ਵੀ ਇਸ ਮਾਮਲੇ ਵਿੱਚ ਭੂਮਿਕਾ ਸੀ।"
ਕੌਣ ਹੈ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ?
ਅਸ਼ਵਨੀ ਕੁਮਾਰ ਮੂਲ ਰੂਪ ਵਿੱਚ ਮਾਨਸਾ ਦਾ ਰਹਿਣ ਵਾਲਾ ਹੈ। ਉਹ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਪਿਛਲੇ ਕਈ ਸਾਲਾਂ ਤੋਂ ਮੈਡੀਕਲ ਸਟੋਰ ਚਲਾ ਰਿਹਾ ਸੀ।
ਮਾਨਸਾ ਪੁਲਿਸ ਮੁਤਾਬਕ, ਦੋਵਾਂ ਧਿਰਾਂ ਵਿਚਾਲੇ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਸੀ।
ਸਾਲ 2023 ਵਿੱਚ ਪਰਵਿੰਦਰ ਸਿੰਘ ਝੋਟਾ ਨੇ ਅਸ਼ਵਨੀ ਕੁਮਾਰ ਉੱਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦੇ ਇਲਜ਼ਾਮ ਲਗਾਏ ਸਨ। ਉਸ ਸਮੇਂ ਉਨ੍ਹਾਂ ਨੇ ਅਸ਼ਵਨੀ ਕੁਮਾਰ ਦੇ ਗਲੇ ਵਿੱਚ ਜੁੱਤੀਆਂ ਦੀ ਮਾਲਾ ਪਾ ਕੇ ਉਸ ਵਿਰੁੱਧ ਪੁਲਿਸ ਕਾਰਵਾਈ ਦੀ ਮੰਗ ਕੀਤੀ ਸੀ।
ਇਸ ਘਟਨਾ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਕੇਸ ਦਰਜ ਕੀਤੇ ਸਨ।
ਪਰਵਿੰਦਰ ਸਿੰਘ ਝੋਟਾ ਦੀ ਸ਼ਿਕਾਇਤ ਦੇ ਆਧਾਰ 'ਤੇ ਅਸ਼ਵਨੀ ਕੁਮਾਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਉਸ ਨੂੰ ਉਸੇ ਰਾਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।
ਪੁਲਿਸ ਨੇ ਵੀ ਇਸ ਘਟਨਾ ਦਾ ਨੋਟਿਸ ਲੈਂਦਿਆਂ ਪਰਵਿੰਦਰ ਸਿੰਘ ਉਰਫ਼ ਝੋਟਾ ਅਤੇ ਪੰਜ ਹੋਰਾਂ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 355, 451, 323, 148 ਅਤੇ 149 ਤਹਿਤ ਐੱਫਆਈਆਰ ਦਰਜ ਕੀਤੀ ਸੀ।
ਇਸ ਮਾਮਲੇ ਵਿੱਚ ਪਰਵਿੰਦਰ ਸਿੰਘ ਝੋਟਾ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































