ਓਡੀਸ਼ਾ ਰੇਲ ਹਾਦਸਾ ਕਿਵੇਂ ਵਾਪਰਿਆ, ਇਸ ਹਾਦਸੇ ਨਾਲ ਜੁੜੇ ਹਰ ਅਹਿਮ ਸਵਾਲ ਦਾ ਜਵਾਬ

ਓਡੀਸ਼ਾ ਰੇਲ ਹਾਦਸਾ

ਤਸਵੀਰ ਸਰੋਤ, DREES MOHAMMED/EPA-EFE/REX/SHUTTERSTOCK

ਤਸਵੀਰ ਕੈਪਸ਼ਨ, ਓਡੀਸ਼ਾ ਰੇਲ ਹਾਦਸੇ ਵਿੱਚ ਹੁਣ ਤੱਕ 275 ਲੋਕ ਆਪਣੀ ਜਾਨ ਗੁਆ ਚੁੱਕੇ ਹਨ

ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਰੇਲਵੇ ਬੋਰਡ ਨੇ ਓਡੀਸ਼ਾ ਰੇਲ ਹਾਦਸੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਸਿਫ਼ਾਰਿਸ਼ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਾਦਸੇ ਦਾ ਕਾਰਨ ਅਤੇ ਅਪਰਾਧਿਕ ਐਕਟ ਦੀ ਸ਼ਨਾਖ਼ਤ ਹੋ ਚੁੱਕੀ ਹੈ।

ਰੇਲਵੇ ਬੋਰਡ ਨੂੰ ਸ਼ੱਕ ਹੈ ਕਿ ਰੇਲ ਗੱਡੀਆਂ ਨੂੰ ਰਾਹ ਦਿਖਾਉਣ ਵਾਲੇ ਇਲੈਟ੍ਰੋਨਿਕ ਇਟਰਲੌਕਿੰਗ ਸਿਸਟਮ ਵਿੱਚ ‘‘ਗੜਬੜ’’ ਕੀਤੇ ਜਾਣ ਦੀ ਸੰਭਾਵਨਾ ਹੈ।

ਹਾਲਾਂਕਿ ਕਾਂਗਰਸ ਨੇ ਹਾਦਸੇ ਦੀ ਜਾਂਚ ਸੀਬੀਆਈ ਨੂੰ ਸੌਂਪੇ ਜਾਣ ਦੀ ਗੱਲ ਉੱਤੇ ਸਵਾਲ ਚੁੱਕੇ ਹਨ।

‘ਸੀਬੀਆਈ ਰੇਲ ਹਾਦਸਿਆਂ ਦੀ ਜਾਂਚ ਲਈ ਨਹੀਂ ਹੈ’

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਸੀ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤਕਨੀਕੀ, ਸੰਸਥਾਗਤ ਅਤੇ ਸਿਆਸੀ ਅਸਫ਼ਲਤਾਵਾਂ ਲਈ ਜਵਾਬਦੇਹੀ ਤੈਅ ਨਹੀਂ ਕਰ ਸਕਦੀਆਂ ਹਨ।

ਖੜਗੇ ਨੇ ਆਪਣੇ ਚਾਰ ਪੰਨਿਆਂ ਦੇ ਪੱਤਰ ਵਿੱਚ ਕਿਹਾ,“ਸੀਬੀਆਈ ਅਪਰਾਧਾਂ ਦੀ ਜਾਂਚ ਲਈ ਹੈ, ਰੇਲਵੇ ਹਾਦਸਿਆਂ ਦੀ ਜਾਂਚ ਲਈ ਨਹੀਂ। ਸੀਬੀਆਈ, ਜਾਂ ਕੋਈ ਹੋਰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ, ਤਕਨੀਕੀ, ਸੰਸਥਾਗਤ ਅਤੇ ਸਿਆਸੀ ਅਸਫ਼ਲਤਾਵਾਂ ਲਈ ਜਵਾਬਦੇਹੀ ਤੈਅ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਰੇਲਵੇ ਸੁਰੱਖਿਆ, ਸਿਗਨਲਿੰਗ ਅਤੇ ਦੇਖਭਾਲ ਸਬੰਧੀ ਅਭਿਆਸਾਂ ਵਿੱਚ ਤਕਨੀਕੀ ਮੁਹਾਰਤ ਦੀ ਘਾਟ ਹੈ।”

ਉਨ੍ਹਾਂ ਨੇ ਕਿਹਾ ਕਿ,“ ਇਹ ਮੰਦਭਾਗਾ ਹੈ ਕਿ ਕਮਾਨ ਸਾਂਭਣ ਵਾਲੇ ਲੋਕ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਇਹ ਸਵੀਕਾਰਨ ਨੂੰ ਤਿਆਰ ਨਹੀਂ ਹਨ ਕਿ ਸਮੱਸਿਆਵਾਂ ਹਨ।"

ਸੈਂਕੜੇ ਜਾਨਾਂ ਲੈਣ ਵਾਲੇ ਓਡੀਸ਼ਾ ਰੇਲ ਹਾਦਸੇ ਦਾ ਕਾਰਨ ਕੀ ਹੈ, ਕਿੱਥੇ ਅਤੇ ਕਿਵੇਂ ਇਹ ਹਾਦਸਾ ਵਾਪਰਿਆ, ਕੀ ਇਹ ਹਾਦਸਾ ਟਾਲਿਆ ਜਾ ਸਕਦਾ ਸੀ ਤੇ ਭਾਰਤ ਵਿੱਚ ਹੁਣ ਤੱਕ ਕਿਹੜੇ ਵੱਡੇ ਰੇਲ ਹਾਦਸੇ ਵਾਪਰੇ।

ਸ਼ੁੱਕਰਵਾਰ ਰਾਤ ਇਹ ਹਾਦਸਾ ਵਾਪਰਨ ਤੋਂ ਬਾਅਦ ਅਜਿਹੇ ਕਈ ਸਵਾਲ ਲੋਕ ਪੁੱਛ ਰਹੇ ਹਨ।

ਇਸ ਲੇਖ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।

ਓਡੀਸ਼ਾ ਰੇਲ ਹਾਦਸਾ: ਜਾਣੋ 7 ਅਹਿਮ ਸਵਾਲਾਂ ਦੇ ਜਵਾਬ- ਵੀਡੀਓ

ਵੀਡੀਓ ਕੈਪਸ਼ਨ, ਓਡੀਸ਼ਾ ਰੇਲ ਹਾਦਸਾ: ਜਾਣੋ 7 ਅਹਿਮ ਸਵਾਲਾਂ ਦੇ ਜਵਾਬ

ਓਡੀਸ਼ਾ ਰੇਲ ਹਾਦਸਾ ਕੀ ਹੈ ਤੇ ਕਿੰਨਾ ਜਾਨੀ ਨੁਕਸਾਨ ਹੋਇਆ

ਆਖਰੀ ਰਿਪੋਰਟਾਂ ਮਿਲਣ ਤੱਕ ਇਸ ਵਿੱਚ 275 ਲੋਕਾਂ ਦੀ ਜਾਨ ਗਈ ਹੈ ਅਤੇ 1000 ਦੇ ਕਰੀਬ ਲੋਕ ਜ਼ਖ਼ਮੀ ਹੈ।

ਇਨ੍ਹਾਂ ਵਿੱਚੋਂ 100 ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ।

ਹਾਲਾਂਕਿ ਪਹਿਲਾਂ 288 ਮੌਤਾਂ ਦੀ ਦੱਸੀਆਂ ਗਈਆਂ ਸਨ ਪਰ ਹੁਣ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੁਝ ਲਾਸ਼ਾਂ ਦੀ ਗਿਣਤੀ ਦੋ ਵਾਰ ਹੋ ਗਈ ਸੀ। ਇਸ ਲਈ ਸਹੀ ਅੰਕੜਾ 275 ਹੈ।

ਇਸ ਹਾਦਸੇ ਦੀ ਗਿਣਤੀ ਭਾਰਤ ਵਿੱਚ ਹੁਣ ਤੱਕ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿੱਚ ਕੀਤੀ ਜਾ ਰਹੀ ਹੈ

ਰੇਲ ਹਾਦਸੇ ਦੇ ਚਸ਼ਮਦੀਦਾਂ ਨੇ ਕੀ ਦੱਸਿਆ- ਵੀਡੀਓ

ਵੀਡੀਓ ਕੈਪਸ਼ਨ, 'ਛੋਟਾ ਬੱਚਾ ਰੋ ਰਿਹਾ ਸੀ, ਉਸਦੇ ਮਾਂ-ਬਾਪ ਮਰ ਚੁੱਕੇ ਸਨ, ਰੋਂਦੇ-ਰੋਂਦੇ ਬੱਚੇ ਦੀ ਵੀ ਮੌਤ ਹੋ ਗਈ'

ਓਡੀਸ਼ਾ ਰੇਲ ਹਾਦਸਾ ਕਦੋਂ ਤੇ ਕਿੱਥੇ ਵਾਪਰਿਆ

ਇਹ ਹਾਦਸਾ 2 ਜੂਨ ਸ਼ਾਮ 7 ਵਜੇ ਦੇ ਕਰੀਬ ਵਾਪਰਿਆ। ਰਾਜਧਾਨੀ ਦਿੱਲੀ ਤੋਂ ਕਰੀਬ 1500 ਕਿਲੋਮੀਟਰ ਦੂਰ ਪੂਰਬ ਵਿੱਚ ਸਥਿਤ ਓਡੀਸ਼ਾ ਵਿੱਚ ਇਹ ਹਾਦਸਾ ਵਾਪਰਿਆ।

ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਬਹਾਨਗਾ ਸਟੇਸ਼ਨ ਨੇੜੇ ਇਹ ਭਿਆਨਕ ਹਾਦਸਾ ਵਾਪਰਿਆ। ਇਹ ਖੇਤਰ ਈਸਟ ਕੋਸਟ ਰੇਲਵੇ ਅਧੀਨ ਆਉਂਦਾ ਹੈ।

ਇਸ ਹਾਦਸੇ ਦੀ ਗਿਣਤੀ ਭਾਰਤ ਵਿੱਚ ਹੁਣ ਤੱਕ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿੱਚ ਕੀਤੀ ਜਾ ਰਹੀ ਹੈ।

ਓਡੀਸ਼ਾ ਰੇਲ ਹਾਦਸਾ

ਕਿਵੇਂ ਵਾਪਰਿਆ ਹਾਦਸਾ

12841 ਨੰਬਰ ਰੇਲਗੱਡੀ ਯਾਨੀ ਸ਼ਾਲੀਮਾਰ-ਮਦਰਾਸ ਕੋਰੋਮੰਡਲ ਐਕਸਪ੍ਰੈੱਸ ਆਪਣੇ ਸਹੀ ਸਮੇਂ 'ਤੇ ਹਾਵੜਾ ਨੇੜੇ ਸ਼ਾਲੀਮਾਰ ਰੇਲਵੇ ਸਟੇਸ਼ਨ ਤੋਂ ਚੇਨੱਈ ਲ਼ਈ ਰਵਾਨਾ ਹੋਈ।

ਇਹ ਰੇਲ ਗੱਡੀ ਸ਼ਾਮ 5.05 ਵਜੇ ਖੜਗਪੁਰ ਸਟੇਸ਼ਨ ਤੋਂ ਚੱਲਣੀ ਸ਼ੁਰੂ ਹੋਈ ਅਤੇ ਸ਼ਾਮੀ 7 ਵਜੇ ਬਾਲਾਸੋਰ ਨੇੜੇ ਬਹਾਨਗਾ ਬਾਜ਼ਾਰ ਦੇ ਰੇਲਵੇ ਸਟੇਸ਼ਨ ਵੱਲ ਜਾ ਰਹੀ ਸੀ।

ਇਸ ਰੇਲਗੱਡੀ ਨੇ ਬਹਾਨਗਾ ਸਟੇਸ਼ਨ 'ਤੇ ਰੁਕੇ ਬਿਨਾਂ ਸਿੱਧੀ ਅੱਗੇ ਜਾਣਾ ਸੀ, ਪਰ ਇਹ ਸਟੇਸ਼ਨ 'ਤੇ ਮੇਨ ਲਾਈਨ ਦੀ ਬਜਾਏ ਲੂਪ ਲਾਈਨ ਵੱਲ ਚਲੀ ਗਈ।

ਓਡੀਸ਼ਾ ਰੇਲ ਹਾਦਸਾ

ਇਸ ਸਟੇਸ਼ਨ 'ਤੇ ਲੂਪ ਲਾਈਨ ਉੱਪਰ ਇੱਕ ਮਾਲ ਗੱਡੀ ਖੜ੍ਹੀ ਸੀ ਅਤੇ ਤੇਜ਼ ਰਫ਼ਤਾਰ ਕੋਰੋਮੰਡਲ ਐਕਸਪ੍ਰੈੱਸ ਨੇ ਪਿੱਛੇਿਓਂ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ।

ਜਦੋ ਕੋਰੋਮੰਡਲ ਐਕਸਪ੍ਰੈੱਸ ਨੇ ਮਾਲ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਤਾਂ ਟਰੇਨ ਦੇ 12 ਡੱਬੇ ਪੱਟੜੀ ਤੋਂ ਉਤਰ ਗਏ।

ਇਸ ਦੇ ਕੁਝ ਡੱਬੇ ਡਿੱਗ ਗਏ ਅਤੇ ਦੂਜੇ ਪਾਸੇ ਡਾਊਨ ਲਾਈਨ 'ਤੇ ਪਹੁੰਚ ਗਏ। ਇਹ ਡੱਬੇ ਉਸ ਲਾਈਨ 'ਤੇ ਆ ਰਹੀ ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਏ।

ਇਸ ਗੱਡੀ ਦੇ ਵੀ ਪਿਛਲੇ ਤਿੰਨ ਡੱਬੇ ਹਾਦਸੇ ਦੀ ਲਪੇਟ ਵਿੱਚ ਆ ਗਈ।

ਬੀਬੀਸੀ

ਰੇਲ ਹਾਦਸੇ ਬਾਰੇ ਮੁੱਖ ਗੱਲਾਂ:-

ਹਾਦਸਾ ਕਦੋਂ ਹੋਇਆ - 2 ਜੂਨ, 2023 ਸਮਾਂ ਸ਼ਾਮ 7 ਵਜੇ ਦੇ ਕਰੀਬ

ਗੱਡੀਆਂ ਦਾ ਵੇਰਵਾ - ਗੱਡੀ ਨੰਬਰ 12841 (ਸ਼ਾਲੀਮਾਰ-ਚੇਨੰਈ ਕੋਰੋਮੰਡਲ ਸੁਪਰ ਫਾਸਟ ਐਕਸਪ੍ਰੈੱਸ), ਗੱਡੀ ਨੰਬਰ 12864 (ਸਰ ਐੱਮ ਵਿਸਵਸਵਰਿਆ ਟਰਮਿਨਲ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ) ਅਤੇ ਬਹਾਨਗਾ ਬਜ਼ਾਰ ਸਟੇਸ਼ਨ ਉੱਤੇ ਖੜ੍ਹੀ ਮਾਲ ਗੱਡੀ

ਹੁਣ ਤੱਕ ਮੌਤਾਂ - 275

ਕੁੱਲ ਜ਼ਖ਼ਮੀਂ - ਲਗਭਗ 900

ਹਾਦਸੇ ਵਾਲੀ ਥਾਂ ਉੱਤੇ 9 ਐੱਨਡੀਆਰਐੱਫ਼ ਟੀਮਾਂ, 4 ਓਡੀਆਰਏਐੱਫ਼ ਯੂਨਿਟਾਂ ਅਤੇ 24 ਫਾਇਰ ਅਤੇ ਐਮਰਜੈਂਸੀ ਯੂਨਿਟਾਂ ਬਚਾਅ ਕਾਰਜ ਵਿੱਚ ਲੱਗੀਆਂ ਹਨ।

100 ਤੋਂ ਵੱਧ ਮੈਡੀਕਲ ਟੀਮਾਂ ਪੈਰਾਮੈਡੀਕਲ ਸਟਾਫ਼ ਨਾਲ ਹਾਦਸੇ ਵਾਲੀ ਥਾਂ ਉੱਤੇ ਮੌਜੂਦ।

200 ਤੋਂ ਵੱਧ ਐਂਬੂਲੈਂਸ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਹਨ।

ਵੱਖ-ਵੱਖ ਸਟੇਸ਼ਨਾਂ ਉੱਤੇ ਫਸੇ ਹੋਏ ਮੁਸਾਫ਼ਰਾਂ ਲਈ ਖਾਣੇ ਅਤੇ ਪਾਣੀ ਦਾ ਇੰਤਜ਼ਾਮ।

ਫਸੇ ਹੋਏ ਮੁਸਾਫ਼ਰਾਂ ਦੀ ਆਵਾਜਾਈ ਲਈ 30 ਬੱਸਾਂ ਦਾ ਇੰਤਜ਼ਾਮ।

ਲਗਭਗ 900 ਜ਼ਖ਼ਮੀਆਂ ਨੂੰ ਸੋਰੋ, ਬਾਲਾਸੋਰ, ਭਦਰਕ ਅਤੇ ਕਟਕ ਦੇ ਹਸਪਤਾਲਾਂ ਵਿੱਚ ਸ਼ਿਫ਼ਟ ਕੀਤਾ ਗਿਆ।

ਜ਼ਖ਼ਮੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ।

ਬੀਬੀਸੀ
ਓਡੀਸ਼ਾ ਰੇਲ ਹਾਦਸਾ

ਰੇਲ ਹਾਦਸੇ ਦਾ ਕਾਰਨ ਕੀ ਹੈ?

ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਮੁਤਾਬਕ ਰੇਲ ਹਾਦਸੇ ਦਾ ਕਾਰਨ ਇਲੈਕਟ੍ਰੋਨਿਕ ਇੰਟਰਲੌਕਿੰਗ ਸਿਸਟਮ ਦੀ ਖਰਾਬੀ ਹੈ।

ਇਲੈਕਟ੍ਰੋਨਿਕ ਇੰਟਰਲੌਕਿੰਗ ਸਿਸਟਮ ਇੱਕ ਕੰਪਿਊਟਰ ਅਧਾਰਿਤ ਸਿਸਟਮ ਹੁੰਦਾ ਹੈ, ਜੋ ਗੁੰਝਲਦਾਰ ਸਿੰਗਨਲਜ਼ ਨੂੰ ਕੰਟਰੋਲ ਕਰਦਾ ਹੈ।

ਕੇਂਦਰੀ ਰੇਲ ਮੰਤਰੀ ਕਿ ਰੇਲਵੇ ਬੋਰਡ ਨੇ ਓਡੀਸ਼ਾ ਰੇਲ ਹਾਦਸੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਸਿਫ਼ਾਰਿਸ਼ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਾਦਸੇ ਦਾ ਕਾਰਨ ਅਤੇ ਅਪਰਾਧਿਕ ਐਕਟ ਦੀ ਸ਼ਨਾਖ਼ਤ ਹੋ ਚੁੱਕੀ ਹੈ।

ਰੇਲਵੇ ਬੋਰਡ ਨੂੰ ਸ਼ੱਕ ਹੈ ਕਿ ਰੇਲ ਗੱਡੀਆਂ ਨੂੰ ਰਾਹ ਦਿਖਾਉਣ ਵਾਲੇ ਇਲੈਟ੍ਰੋਨਿਕ ਇਟਰਲੌਕਿੰਗ ਸਿਸਟਮ ਵਿੱਚ ‘‘ਗੜਬੜ’’ ਕੀਤੇ ਜਾਣ ਦੀ ਸੰਭਾਵਨਾ ਹੈ।

ਰੇਲਵੇ ਬੋਰਡ ਦੀ ਮੈਂਬਰ ਜਯਾ ਵਰਮਾ ਸਿਨਹਾ ਨੇ ਦੱਸਿਆ ਕਿ ਇਲੈਟ੍ਰੋਨਿਕ ਸਿਸਟਮ ਦਾ ਡਾਟਾ ਜੋ ਰਿਕਾਰਡ ਹੋਇਆ ਹੈ, ਉਹ ਸਭ ਕੁਝ ਠੀਕ ਦਿਖਾ ਰਿਹਾ ਹੈ।

ਇੰਟਰਲੌਕਿੰਗ ਸਿਸਟਮ ਵਿੱਚ ਕੋਈ ਬਾਹਰੀ ਦਖਲ ਹੋਇਆ ਹੈ। ਇਹ ਮਨੁੱਖੀ ਵੀ ਹੋ ਸਕਦਾ ਹੈ, ਮੌਸਮ ਜਾਂ ਮੁਰੰਮਤ ਕਾਰਨ ਹੋਣ ਦੀ ਸੰਭਾਵਨਾ ਹੈ।

ਇਲੈਕਟ੍ਰੋਨਿਕ ਇੰਟਰਲੌਕਿੰਗ ਸਿਸਟਮ ਮੁਤਾਬਕ ਸਿਗਨਲ ਹਰਾ ਸੀ ਅਤੇ ਟਰੈਕ ਸਹੀ ਦੱਸਿਆ ਗਿਆ, ਪਰ ਇਹ ਵਾਪਰ ਗਿਆ। ਇਸੇ ਲ਼ਈ ਇਹ ਗੁੰਝਲਦਾਰ ਹਾਲਾਤ ਹਨ ਅਤੇ ਬਹੁਤ ਗਹਿਰੀ ਜਾਂਚ ਦਾ ਮਸਲਾ ਹੈ।

ਪੀਐੱਮ ਮੋਦੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਜ਼ਖ਼ਮੀਆਂ ਨੂੰ ਮਿਲੇ-ਵੀਡੀਓ

ਵੀਡੀਓ ਕੈਪਸ਼ਨ, ਪੀਐੱਮ ਮੋਦੀ ਨੇ ਰੇਲ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਤੇ ਪੀੜਤਾਂ ਨੂੰ ਵੀ ਮਿਲੇ
ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਇਲੈਕਟ੍ਰਾਨਿਕ ਇੰਟਰਲੌਕਿੰਗ ਸਿਸਟਮ ਕੀ ਹੈ?

ਇਲੈਕਟ੍ਰਾਨਿਕ ਇੰਟਰਲੌਕਿੰਗ ਸਿਸਟਮ ਇੱਕ ਮਾਈਕ੍ਰੋਪ੍ਰੋਸੈਸਰ ਅਧਾਰਿਤ ਸਿਸਟਮ ਹੈ।

ਇਹ ਪੱਕਾ ਕਰਦਾ ਹੈ ਕਿ ਸਿਗਨਲ ਵੱਖ-ਵੱਖ ਰੇਲਾਂ ਵਿਚਕਾਰ ਸਹੀ ਤਾਲਮੇਲ ਕਰ ਰਹੇ ਹਨ।

ਇਹ ਰੂਟ ਤਿਆਰ ਕਰਨ ਅਤੇ ਟਰੇਨਾਂ ਨੂੰ ਸਿਗਨਲ ਦੇਣ ਲਈ ਵਰਤਿਆ ਜਾਂਦਾ ਹੈ।

ਇਸ ਤੋਂ ਇਲਾਵਾ, ਰੇਲਵੇ ਸਿਗਨਲਿੰਗ ਲਈ ਐਕਸਲ ਕਾਊਂਟਰ ਅਤੇ ਆਟੋਮੈਟਿਕ ਬਲਾਕ ਸਿਗਨਲਿੰਗ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਐਕਸਲ ਕਾਊਂਟਰ ਇੱਕ ਡਿਵਾਇਸ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਟਰੈਕ ’ਤੇ ਕੋਈ ਟਰੇਨ ਹੈ ਜਾਂ ਨਹੀਂ।

ਆਟੋਮੈਟਿਕ ਬਲਾਕ ਸਿਗਨਲਿੰਗ ਤਕਨੀਕ ਟਰੈਕ ਨੂੰ ਵੱਖ-ਵੱਖ ਬਲਾਕਾਂ ਵਿੱਚ ਵੰਡਦਾ ਹੈ। ਇਹ ਪੱਕਾ ਕਰਦਾ ਹੈ ਕਿ ਇੱਕ ਟਰੈਕ ਉੱਪਰ ਇੱਕ ਹੀ ਟਰੇਨ ਹੋਵੇ।

ਜਿਸ ਸੁਰੱਖਿਆ ਯੰਤਰ ਕਵਚ ਬਾਰੇ ਚਰਚਾ ਹੋ ਰਹੀ ਹੈ, ਉਹ ਹੈ ਕੀ?

ਸਾਬਕਾ ਰੇਲ ਮੰਤਰੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਜਰੀ ਸਣੇ ਕਈ ਆਗੂ ਦਾਅਵਾ ਕਰਦੇ ਹਨ ਕਿ ਜੇਕਰ ਇੱਥੇ ਕਵਚ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਟਾਲਿਆ ਜਾ ਸਕਦਾ ਸੀ।

ਓਡੀਸ਼ਾ ਰੇਲ ਹਾਦਸਾ

ਤਾਂ ਇਹ ਕਵਚ ਹੈ ਕੀ?

ਕਵਚ' ਇੱਕ ਸਵਦੇਸ਼ੀ ਤਕਨੀਕ ਹੈ ਅਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਤਕਨੀਕ ਭਾਰਤੀ ਰੇਲਵੇ ਦੇ ਸਾਰੇ ਮਸਰੂਫ ਰੂਟਾਂ 'ਤੇ ਲਗਾਇਆ ਜਾਵੇਗਾ, ਤਾਂ ਜੋ ਰੇਲ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਖ਼ੁਦ ਮਾਰਚ 2022 ਵਿੱਚ ਸਿਕੰਦਰਾਬਾਦ ਨੇੜੇ 'ਕਵਚ' ਦੇ ਟਰਾਇਲ ਵਿੱਚ ਹਿੱਸਾ ਲਿਆ ਸੀ।

ਉਸ ਵੇਲੇ ਇਹ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਰੇਲਵੇ ਵਿੱਚ ਹਾਦਸਿਆਂ ਨੂੰ ਰੋਕਣ ਲਈ 'ਕਵਚ' ਇੱਕ ਸਸਤੀ ਅਤੇ ਬਿਹਤਰੀਨ ਤਕਨੀਕ ਹੈ।

ਓਡੀਸ਼ਾ ਰੇਲ ਹਾਦਸਾ
ਤਸਵੀਰ ਕੈਪਸ਼ਨ, ਆਪਣਿਆਂ ਦੀ ਭਾਲ ਕਰਦੇ ਲੋਕ

ਟਰੇਨਾਂ ਦੀ ਟੱਕਰ ਨੂੰ ਰੋਕਣ ਲਈ, ਟਰੇਨ ਪ੍ਰੋਟੈਕਸ਼ਨ ਵਾਰਨਿੰਗ ਸਿਸਟਮ ਜਾਂ ਟੀਪੀਡਬਲਿਊਐੱਸ ਅਤੇ ਟੀਕੈਸ ਯਾਨਿ ਟ੍ਰੇਨ ਕੋਲੀਜ਼ਨ ਅਵੋਏਡੈਂਸ ਸਿਸਟਮ 'ਤੇ ਵੀ ਵਿਚਾਰ ਹੋਇਆ ਸੀ।

ਵਿਦੇਸ਼ਾਂ ਤੋਂ ਇਸ ਕਿਸਮ ਦੀ ਤਕਨੀਕ ਖਰੀਦਣੀ ਬਹੁਤ ਮਹਿੰਗੀ ਸਾਬਤ ਹੋ ਰਹੀ ਸੀ, ਇਸ ਲਈ ਰੇਲਵੇ ਨੇ ਇਸ ਤਕਨੀਕ ਨੂੰ ਖ਼ੁਦ ਵਿਕਸਤ ਕਰਨ 'ਤੇ ਜ਼ੋਰ ਦਿੱਤਾ ਅਤੇ ਪਿਛਲੇ ਸਾਲ ਕਵਚ ਨਾਮ ਦੀ ਇਸ ਤਕਨੀਕ ਦਾ ਟਰਾਇਲ ਵੀ ਮੁਕੰਮਲ ਹੋ ਗਿਆ ਹੈ।

ਜਯਾ ਵਰਮਾ ਸਿਨਹਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਜਯਾ ਵਰਮਾ ਸਿਨਹਾ ਨੇ ਮੀਡੀਆ ਨੂੰ ਦੱਸਿਆ ਕਿ ਜੇਕਰ ਕਵਚ ਹੁੰਦਾ ਵੀ ਤਾਂ ਵੀ ਇਹ ਹਾਦਸਾ ਨਹੀਂ ਟਾਲਿਆ ਜਾ ਸਕਦਾ ਸੀ

ਜੇ ਕਵਚ ਹੁੰਦਾ ਤਾਂ ਕੀ ਹਾਦਸਾ ਟਲ਼ ਸਕਦਾ ਸੀ

ਰੇਲਵੇ ਬੋਰਡ ਦੀ ਮੈਂਬਰ ਜਯਾ ਵਰਮਾ ਸਿਨਹਾ ਨੇ ਮੀਡੀਆ ਨੂੰ ਦੱਸਿਆ ਕਿ ਜੇਕਰ ਕਵਚ ਹੁੰਦਾ ਵੀ ਤਾਂ ਵੀ ਇਹ ਹਾਦਸਾ ਨਹੀਂ ਟਾਲਿਆ ਜਾ ਸਕਦਾ ਸੀ।

ਇਸ ਦੇ ਯੰਤਰ ਹਰ ਰੇਲਵੇ ਟਰੈਕ ਉੱਤੇ ਇਸਦਾ ਸਿਗਨਲ ਪੜ੍ਹਨ ਲ਼ਈ ਲੱਗਣੇ ਹਨ।

ਅਜਿਹੇ ਯੰਤਰ ਲਗਾਉਣਾ ਇਸ ਵੇਲੇ ਸਰਕਾਰ ਦੀ ਪ੍ਰਮੁੱਖਤਾ ਹੈ ਅਤੇ ਇਸ ਦੇ ਲਈ 13 ਹਜ਼ਾਰ ਕਰੋੜ ਰੁਪਏ ਜਾਰੀ ਹੋਏ ਹਨ।

ਪਰ ਇਸ ਦੇ ਇੰਨੇ ਵੱਡੇ ਪੱਧਰ ਉੱਤੇ ਉਤਪਾਦਨ ਲਈ ਵੀ ਕਾਫ਼ੀ ਸਮਾਂ ਚਾਹੀਦਾ ਹੈ।

ਜਯਾ ਵਰਮਾ ਸਿਨਹਾ ਨੇ ਦੱਸਿਆ ਕਿ ਕਵਚ ਲੱਗਿਆ ਹੁੰਦਾ ਤਾਂ ਵੀ 100 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੀ ਗੱਡੀ ਨੂੰ ਰੁਕਣ ਲਈ 600 ਮੀਟਰ ਦੀ ਥਾਂ ਚਾਹੀਦੀ ਸੀ।

ਇਸ ਕੇਸ ਵਿੱਚ ਸਿਰਫ਼ 200 ਮੀਟਰ ਥਾਂ ਸੀ, ਇਸ ਲ਼ਈ ਸਿਸਟਮ ਦਾ ਰਿਐਕਸ਼ਨ ਸਮਾਂ ਸੀਮਤ ਹੋ ਗਿਆ।

ਓਡੀਸ਼ਾ ਰੇਲ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਸਵੀਰਾਂ ਰਾਹੀਂ ਆਪਣਿਆਂ ਨੂੰ ਪਛਾਣਦੇ ਲੋਕ

ਲਾਸ਼ਾਂ ਦੀ ਪਛਾਣ ਕਰਨ ਵਿੱਚ ਕੀ ਦਿੱਕਤ ਆ ਰਹੀ ਹੈ?

ਬੀਬੀਸੀ ਸਹਿਯੋਗੀ ਚੰਦਨ ਜਜਵਾੜੇ ਦੱਸਦੇ ਹਨ ਕਿ ਕੋਰੋਮੰਡਲ ਐਕਸਪ੍ਰੈੱਸ ਦੇ ਐੱਸਐਲਆਰ ਕੋਚ ਦੇ ਪਿੱਛੇ ਦਾ ਜਨਰਲ ਡੱਬਾ ਆਮ ਯਾਤਰੀਆਂ ਨਾਲ ਭਰਿਆ ਹੋਇਆ ਸੀ। ਇਸ ਡੱਬੇ ਵਿਚ ਆਮ ਲੋਕ ਜਨਰਲ ਟਿਕਟ 'ਤੇ ਸਫ਼ਰ ਕਰਦੇ ਹਨ।

ਅਜਿਹੇ 'ਚ ਰੇਲਵੇ ਕੋਲ ਇਨ੍ਹਾਂ ਡੱਬਿਆਂ 'ਚ ਸਫਰ ਕਰਨ ਵਾਲੇ ਲੋਕਾਂ ਦੀ ਗਿਣਤੀ ਜਾਂ ਪਛਾਣ ਦਾ ਕੋਈ ਰਿਕਾਰਡ ਨਹੀਂ ਹੈ।

ਇਹੀ ਕਾਰਨ ਹੈ ਕਿ ਇਸ ਜਨਰਲ ਡੱਬੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੀ ਪਛਾਣ ਕਰਨ ਵਿੱਚ ਵੱਧ ਤੋਂ ਵੱਧ ਸਮਾਂ ਲੱਗ ਰਿਹਾ ਹੈ।

ਭਾਰਤ ਵਿੱਚ ਵਾਪਰੇ 10 ਭਿਆਨਕ ਰੇਲ ਹਾਦਸੇ

1. 1981 ਬਿਹਾਰ ਰੇਲ ਹਾਦਸਾ – ਇੱਕ ਮੁਸਾਫ਼ਰ ਟ੍ਰੇਨ ਲਗਭਗ 900 ਲੋਕਾਂ ਨੂੰ ਲੈ ਕੇ ਜਾ ਰਹੀ ਸੀ ਕਿ ਪੱਟੜੀ ਤੋਂ ਲਹਿ ਗਈ ਅਤੇ ਬਾਗ਼ਮਤੀ ਨਦੀ ਵਿੱਚ ਡੁੱਬ ਗਈ। ਇਹ ਹਾਦਸਾ ਬਿਹਾਰ ਦੇ ਸਹਿਰਸਾ ਵਿੱਚ ਹੋਏ ਅਤੇ ਇਸ ਦੌਰਾਨ ਲਗਭਗ 500 ਲੋਕ ਮਾਰੇ ਗਏ।

2. 1995 ਫ਼ਿਰੋਜ਼ਾਬਾਦ ਰੇਲ ਹਾਦਸਾ – ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਨੇੜੇ ਪੁਰਸ਼ੋਤਮ ਐਕਸਪ੍ਰੈੱਸ ਦੀ ਟੱਕਰ ਕਾਲਿੰਦੀ ਐਕਸਪ੍ਰੈੱਸ ਨਾਲ ਹੋਈ। ਇਸ ਹਾਦਸੇ ਵਿੱਚ 358 ਲੋਕ ਮਾਰੇ ਗਏ।

3. 1999 ਗ਼ੈਸਲ ਰੇਲ ਹਾਦਸਾ – 2500 ਤੋਂ ਵੱਧ ਮੁਸਾਫ਼ਰਾਂ ਨੂੰ ਲੈ ਕੇ ਜਾ ਰਹੀਆਂ ਦੋ ਰੇਲ ਗੱਡੀਆਂ ਦੀ ਟੱਕਰ ਅਸਾਮ ਦੇ ਗ਼ੈਸਲ ਵਿੱਚ ਹੋਈ। ਇਸ ਹਾਦਸੇ ਵਿੱਚ ਘੱਟੋ ਘੱਟ 290 ਲੋਕ ਮਾਰੇ ਗਏ।

4. 1998 ਖੰਨਾ ਰੇਲ ਹਾਦਸਾ – ਅੰਮ੍ਰਿਤਸਰ ਜਾ ਰਹੀ ਗੋਲਡਨ ਟੈਂਪਲ ਮੇਲ ਗੱਡੀ ਦੇ 6 ਡੱਬਿਆਂ ਪਟਰੀ ਤੋਂ ਉਤਰ ਗਈ। ਕੋਲਕਾਤਾ ਜਾਣ ਵਾਲੀ ਜੰਮੂ ਤਵੀ-ਸਿਲਦਾਹ ਐਕਪ੍ਰੈੱਸ ਦੀ ਇਸ ਨਾਲ ਟੱਕਰ ਹੋ ਗਈ। ਇਸ ਦੌਰਾਨ ਘੱਟੋ ਘੱਟ 212 ਲੋਕਾਂ ਦੀ ਮੌਤ ਹੋ ਗਈ।

5. 2002 ਹਾਵੜਾ-ਨਵੀਂ ਦਿੱਲੀ ਐਕਸਪ੍ਰੈੱਸ ਰੇਲ ਹਾਦਸਾ – ਗਯਾ ਅਤੇ ਦੇਹਰੀ-ਆਨ-ਸੋਨ ਸਟੇਸ਼ਨਾਂ ਦਰਮਿਆ ਹਾਵੜਾ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਹਾਦਸੇ ਦਾ ਸ਼ਿਕਾਰ ਹੋਈ ਅਤੇ 140 ਲੋਕ ਮਾਰੇ ਗਏ।

ਓਡੀਸ਼ਾ ਰੇਲ ਹਾਦਸਾ

6. 2005 ਵਾਲਿਗੋਂਡਾ ਰੇਲ ਹਾਦਸਾ – ਤੇਲੰਗਾਨਾ ਦੇ ਵਾਲਿਗੋਂਡਾ ਵਿੱਚ ਡੇਲਟਾ ਫਾਸਟ ਪੈਸੇਂਜਰ ਰੇਲ ਉੱਦੋਂ ਪੱਟੜੀ ਤੋਂ ਲਹਿ ਗਈ ਜਦੋਂ ਹੜ੍ਹਾਂ ਕਾਰਨ ਇੱਕ ਰੇਲਵੇ ਪੁੱਲ ਵਹਿ ਗਿਆ। ਇਸ ਹਾਦਸੇ ਵਿੱਚ 114 ਲੋਕ ਮਾਰੇ ਗਏ ਸਨ।

7. 2010 ਗਿਆਨੇਸ਼ਵਰੀ ਐਕਸਪ੍ਰੈੱਸ ਰੇਲ ਹਾਦਸਾ – ਮੁੰਬਈ ਜਾਣ ਵਾਲੀ ਹਾਵੜਾ ਕੁਰਲਾ ਲੋਕਮਾਨਿਆ ਤਿਲਕ ਗਿਆਨੇਸ਼ਵਰੀ ਸੁਪਰ ਡਿਲਕਸ ਐਕਸਪ੍ਰੈੱਸ ਇੱਕ ਧਮਾਕੇ ਤੋਂ ਬਾਅਦ ਪੱਟੜੀ ਤੋਂ ਲਹਿ ਗਈ। ਇਹ ਹਾਦਸਾ ਪੱਛਮੀ ਬੰਗਾਲ ਦੇ ਜ਼ਿਲ੍ਹੇ ਵੈਸਟ ਮਿਦਨਾਪੋਰ ਵਿੱਚ ਵਾਪਰਿਆ ਸੀ। ਗਿਆਨੇਸ਼ਵਰੀ ਐਕਸਪ੍ਰੈੱਸ ਦੀ ਬਾਅਦ ਵਿੱਚ ਇੱਕ ਮਾਲ ਗੱਡੀ ਨਾਲ ਟੱਕਰ ਹੋਈ ਅਤੇ ਘੱਟੋ ਘੱਟ 170 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ।

8. 2010 ਸੈਨਥੀਆ ਰੇਲ ਹਾਦਸਾ – ਪੱਛਮੀ ਬੰਗਾਲ ਦੇ ਸੈਨਥੀਆ ਵਿੱਚ ਉੱਤਰ ਬੰਗਾ ਐਕਸਪ੍ਰੈੱਸ ਅਤੇ ਵਾਨੰਚਲ ਐਕਸਪ੍ਰੈੱਸ ਇੱਕ ਦੂਜੇ ਨਾਲ ਟੱਕਰਾ ਗਈਆਂ ਅਤੇ ਇਸ ਨਾਲ 63 ਲੋਕ ਮਾਰੇ ਗਏ।

9. 2012 ਹੰਪੀ ਐਕਸਪ੍ਰੈੱਸ ਰੇਲ ਹਾਦਸਾ – ਆਂਧਰ ਪ੍ਰਦੇਸ਼ ਵਿੱਚ ਹੁਬਲੀ-ਬੈਂਗਲੋਰ ਹੰਪੀ ਐਕਸਪ੍ਰੈੱਸ ਇੱਕ ਮਾਲ ਗੱਡੀ ਨਾਲ ਟਕਰਾ ਗਈ। ਹੰਪੀ ਐਕਸਪ੍ਰੈੱਸ ਦੇ ਚਾਰ ਡੱਬੇ ਪੱਟੜੀ ਤੋਂ ਲਹਿ ਗਏ ਅਤੇ ਇੱਕ ਡੱਬੇ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ 25 ਲੋਕ ਮਾਰੇ ਗਏ।

10. 2016 ਇੰਦੋਰ ਪਟਨਾ ਐਕਸਪ੍ਰੈੱਸ ਰੇਲ ਹਾਦਸਾ – ਇੰਦੋਰ-ਪਟਨਾ ਐਕਪ੍ਰੈੱਸ ਰੇਲ ਕਾਨਪੁਰ ਦੇ ਪੁਖਰਿਆਨ ਨੇੜੇ ਪੱਟੜੀ ਤੋਂ ਲਹਿ ਗਈ ਅਤੇ ਘੱਟੋ ਘੱਟ 150 ਲੋਕ ਮਾਰੇ ਗਏ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)