ਲਾਦੇਨ ਦੇ ਖ਼ਾਸ ਜਿਸ ਅਲ ਜ਼ਵਾਹਿਰੀ ਨੂੰ ਅਮਰੀਕਾ ਨੇ ਮਾਰਿਆ, ਉਹ ਕੌਣ ਸੀ

ਓਸਾਮਾ ਬਿਨ ਲਾਦੇਨ ਦੇ ਖ਼ਾਸਮ ਖ਼ਾਸ ਮੰਨੇ ਜਾਂਦੇ ਅਲ-ਕਾਇਦਾ ਦੇ ਆਗੂ ਆਇਮਨ ਅਲ-ਜ਼ਵਾਹਿਰੀ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਮਾਰ ਦੇਣ ਦਾ ਦਾਅਵਾ ਅਮਰੀਕਾ ਨੇ ਕੀਤਾ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਬਕਾਇਦਾ ਪੁਸ਼ਟੀ ਕਰਦਿਆਂ ਕਿਹਾ ਕਿ ਅਮਰੀਕਾ ਨੇ ਅਲ-ਕਾਇਦਾ ਦੇ ਆਗੂ ਆਇਮਨ ਅਲ-ਜ਼ਵਾਹਿਰੀ ਨੂੰ ਮਾਰ ਦਿੱਤਾ ਹੈ। ਬਾਇਡਨ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਅਲ-ਜ਼ਵਾਹਿਰੀ ਨੂੰ ਡ੍ਰੋਨ ਹਮਲੇ ਵਿੱਚ ਮਾਰਿਆ ਗਿਆ ਹੈ।

ਐਤਵਾਰ ਨੂੰ ਅੱਤਵਾਦ ਖ਼ਿਲਾਫ਼ ਅਪਰੇਸ਼ਨ ਦੌਰਾਨ ਸੀਆਈਏ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਡ੍ਰੋਨ ਅਟੈਕ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਨੇ ਆਖਿਆ ਕਿ ਅਲ-ਜ਼ਵਾਹਰੀ ਅਮਰੀਕੀ ਨਾਗਰਿਕਾਂ ਦੇ ਖ਼ਿਲਾਫ਼ ਕਤਲ ਅਤੇ ਹਿੰਸਾ ਦਾ ਦੋਸ਼ੀ ਸੀ। ਉਨ੍ਹਾਂ ਨੇ ਆਖਿਆ,"ਹੁਣ ਇਨਸਾਫ ਹੋ ਗਿਆ ਹੈ ਅਤੇ ਇਹ ਦਹਿਸ਼ਤਗਰਦ ਆਗੂ ਨਹੀਂ ਰਿਹਾ।"

ਅਲ ਜ਼ਵਾਹਿਰੀ ਪੇਸ਼ੇ ਤੋਂ ਅੱਖਾਂ ਦੇ ਸਰਜਨ ਸਨ ਅਤੇ ਉਨ੍ਹਾਂ ਨੇ ਮਿਸਰ ਵਿੱਚ ਇਸਲਾਮਿਕ ਜਿਹਾਦ ਮਿਲੀਟੈਂਟ ਸਮੂਹ ਦੀ ਸਥਾਪਨਾ ਵਿੱਚ ਸਹਾਇਤਾ ਕੀਤੀ ਸੀ। ਕੁਝ ਮਾਹਰਾਂ ਮੁਤਾਬਕ ਅਮਰੀਕਾ ਉੱਪਰ 9/11 ਦੇ ਹਮਲਿਆਂ ਪਿੱਛੇ ਵੀ ਉਨ੍ਹਾਂ ਦਾ 'ਦਿਮਾਗ' ਮੰਨਿਆ ਜਾਂਦਾ ਹੈ।

ਉਧਰ ਤਾਲਿਬਾਨ ਦੇ ਬੁਲਾਰੇ ਨੇ ਅਮਰੀਕਾ ਦੀ ਇਸ ਗਤੀਵਿਧੀ ਨੂੰ ਅੰਤਰਰਾਸ਼ਟਰੀ ਸਿਧਾਂਤਾਂ ਦੇ ਖ਼ਿਲਾਫ਼ ਦੱਸਿਆ ਹੈ।

(ਵੀਡੀਓ – ਸੁਨੀਲ ਕਟਾਰੀਆ, ਸ਼ੂਟ ਤੇ ਐਡਿਟ – ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)