ਰੂਸ-ਯੂਕਰੇਨ ਜੰਗ: ਲੋਕਾਂ ਦਾ ਉਜਾੜਾ ਜਾਰੀ, ਪੋਲੈਂਡ ਪਹੁੰਚੇ 20 ਲੱਖ ਸ਼ਰਨਾਰਥੀ, ਔਰਤਾਂ ਤੇ ਬੱਚੇ ਜ਼ਿਆਦਾ

ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ 'ਤੇ ਪੜ੍ਹੋ ਯੂਕਰੇਨ-ਰੂਸ ਜੰਗ ਸਬੰਧੀ ਅਹਿਮ ਘਟਨਾਵਾਂ ਅਤੇ ਪੰਜਾਬ ਵਿੱਚ ਨਵੀਂ ਬਣੀ ਸਰਕਾਰੀ ਦੀਆਂ ਗਤੀਵਿਧੀਆਂ ਬਾਰੇ

ਲਾਈਵ ਕਵਰੇਜ

  1. ਲਾਈਵ ਪੰਨੇ ਨੂੰ ਵਿਰਾਮ

    ਇਸ ਦੇ ਨਾਲ ਹੀ ਅਸੀਂ ਅੱਜ ਦੇ ਪੰਜਾਬ ਦੀ ਸਿਆਸਤ ਅਤੇ ਯੂਕਰੇਨ-ਰੂਸ ਜੰਗ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੰਨੇ ਨੂੰ ਇੱਥੇ ਹੀ ਵਿਰਾਮ ਦੇ ਰਹੇ ਹਾਂ।

    ਕੱਲ ਨੂੰ ਪੰਜਾਬ ਦੇ ਨਵੀਂ ਕੈਬਨਿਟ ਸਹੁੰ ਚੁੱਕਣ ਜਾ ਰਹੀ ਹੈ।

    ਭਲਕੇ ਅਸੀਂ ਇੱਕ ਵਾਰ ਫਿਰ ਇੱਕ ਨਵਾਂ ਲਾਈਵ ਪੰਨਾਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ।

    ਉਦੋਂ ਤੱਕ ਤੁਸੀਂ ਹੋਰ ਖ਼ਬਰਾਂ ਅਤੇ ਜਾਣਕਰੀ ਭਰਭੂਰ ਲੇਖਾਂ ਲਈ ਸਾਡੀ ਵੈਬਸਾਈਟ ਉੱਪਰ ਆ ਸਕਦੇ ਹੋ।

    ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਪੰਜਾਬ ਚੋਣਾਂ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ।

  2. ਯੂਕਰੇਨ-ਰੂਸ ਜੰਗ ਬਾਰੇ ਅੱਜ ਦਾ ਪ੍ਰਮੁੱਖ ਘਟਨਾਕ੍ਰਮ

    ਰੂਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰੂਸ ਦੀ ਰਾਜਧਾਨੀ ਮਾਸਕੋ ਵਿੱਚ ਜੰਗ ਪੱਖੀ ਰੈਲੀ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ

    ਰੂਸ-ਯੂਕਰੇਨ ਜੰਗ ਬਾਰੇ ਅੱਜ ਦਾ ਅਹਿਮ ਘਟਨਾਕ੍ਰਮ-

    • ਯੂਕੇ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਬਾਰੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਸੁਰ ਵਿੱਚ ਸੁਰ ਮਿਲਾਉਂਦਿਆਂ ਉਨ੍ਹਾਂ ਨੂੰ ਜੰਗੀ ਅਪਰਾਧੀ ਕਿਹਾ ਹੈ।
    • ਦੂਜੇ ਪਾਸੇ ਰੂਸ ਨੇ ਕਿਹਾ ਹੈ ਕਿ ਯੂਕਰੇਨ ਨਾਲ ਗੱਲਬਾਤ ਅੱਗੇ ਵਧ ਰਹੀ ਹੈ। ਰੂਸੀ ਨੁਮਾਇੰਦੇ ਨੇ ਕਿਹਾ ਹੈ ਕਿ ਯੂਕਰੇਨ ਨਾਟੋ ਦਾ ਮੈਂਬਰ ਬਣਨ ਤੋਂ ਅਤੇ ਗੁਟ-ਨਿਰਲੇਪ ਰਹਿਣ ਬਾਰੇ ਲਗਭਗ ਸਹਿਮਤ ਹੋ ਰਿਹਾ ਹੈ।
    • ਉੱਧਰ ਲੜਾਈ ਮਾਰਿਓਪੋਲ ਸ਼ਹਿਰ ਦੇ ਕੇਂਦਰ ਤੱਕ ਵੱਧ ਗਈ ਹੈ ਤੇ ਸ਼ਹਿਰ ਜੰਗੀ ਤਬਾਹੀ ਦਾ ਮੰਜ਼ਰ ਬਣ ਗਿਆ ਹੈ।
    • ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮਾਸਕੋ ਦੇ ਇੱਕ ਸਟੇਡੀਅਮ ਵਿੱਚ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਵਿੱਚ ਸ਼ਾਮਲ ਕੁਝ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਦਬਾਅ ਪਾਕੇ ਉੱਥੇ ਲਿਆਂਦਾ ਗਿਆ।
    • ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਯੂਰਪੀ ਯੂਨੀਅਨ ਦੀ ਮੈਂਬਰੀ ਬਾਰੇ ਯੂਕਰੇਨ ਦੀ ਅਰਜ਼ੀ ਫਾਸਟ ਟਰੈਕ ਉੱਪਰ ਪਾਏ ਜਾਣ ਦੀ ਸੰਭਾਵਨਾ ਹੈ।
    • ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜ਼ਿਨਪਿੰਗ ਨਾਲ ਵੀਡੀਓ ਕਾਲ ਉੱਪਰ ਗੱਲ ਕੀਤੀ ਅਤੇ ਉਨ੍ਹਾਂ ਨੂੰ ਰੂਸ ਖਿਲਾਫ਼ ਪੱਛਮੀ ਦੇਸਾਂ ਦਾ ਸਾਥ ਦੇਣ ਦੀ ਅਪੀਲ ਕੀਤੀ।
  3. ਪੰਜਾਬ ਸਿਆਸਤ ਨਾਲ ਜੁੜਿਆ ਅੱਜ ਦਾ ਅਹਿਮ ਘਟਨਾਕ੍ਰਮ

    ਭਗਵੰਤ ਮਾਨ

    ਤਸਵੀਰ ਸਰੋਤ, punjab govt

    ਪੰਜਾਬ ਵਿੱਚ ਅੱਜ ਦਾ ਸਿਆਸੀਘਟਨਾਕ੍ਰਮ ਸ਼ਾਮ ਨੂੰ ਮੁੱਖ ਮੰਤਰੀ ਵੱਲੋਂ 10 ਕੈਬਨਿਟ ਮੰਤਰੀਆਂ ਦੇ ਨਾਵਾਂ ਨਾਲ ਗਰਮਾਅ ਗਿਆ। ਪੇਸ਼ ਹਨ ਪ੍ਰਮੁੱਖ ਘਟਨਾਕ੍ਰਮ-

    • ਪੰਜਾਬ ਦੀ ਨਵੀਂ ਕੈਬਨਿਟ ਕੱਲ ਸਹੁੰ ਚੁੱਕੇਗੀ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ 10 ਨਾਵਾਂ ਦਾ ਐਲਾਨ ਆਪਣੇ ਟਵਿੱਟਰ ਹੈਂਡਲ ਤੋਂ ਕੀਤਾ ਹੈ।
    • ਸ਼ਨੀਵਾਰ ਨੂੰ ਕੈਬਨਿਟ ਦੇ ਮੈਂਬਰ ਵੀ ਸਹੁੰ ਚੁੱਕਣਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਵਿਭਾਗ ਸੌਂਪੇ ਜਾਣਗੇ।
    • ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਤਲੁਜ ਯਮੁਨਾ ਨਹਿਰ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁੱਪੀ ਤੋੜਨ ਲਈ ਆਖਿਆ ਹੈ।
    • ਪੰਜਾਬ ਕੈਬਨਿਟ ਦੀ ਪਹਿਲੀ ਬੈਠਕ ਸ਼ਨੀਵਾਰ ਨੂੰ ਦੁਪਹਿਰ ਬਾਅਦ ਕੀਤੀ ਜਾਵੇਗੀ।
    • ਕਾਂਗਰਸ ਦੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਪੰਜਾਬ ਵਿੱਚ ਪਾਰਟੀ ਦੀ ਹਾਰ ਲਈ ਕਈ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
  4. ਅਫ਼ਸਰ ਬਣਨ ਗਏ ਸੀ ਮੀਤ ਹੇਅਰ, ਸਿਆਸਤ ’ਚ ਇੰਝ ਹੋ ਗਈ ਐਂਟਰੀ

    ਪੰਜਾਬ ਕੈਬਨਿਟ ਦੇ 10 ਨਾਮ ਐਲਾਨ ਦਿੱਤੇ ਗਏ ਹਨ। ਗੁਰਮੀਤ ਸਿੰਘ ਮੀਤ ਹੇਅਰ ਉਨ੍ਹਾਂ ਵਿੱਚੋਂ ਹੀ ਇੱਕ ਹਨ।

    ਮੀਤ ਹੇਅਰ ਦੀ ਜ਼ਿੰਦਗੀ, ਸਿਆਸਤ ਵਿੱਚ ਐਂਟਰੀ ਸਣੇ ਹੋਰ ਪਹਿਲੂਆਂ ਉੱਤੇ ਚੰਡੀਗੜ੍ਹ ਵਿਖੇ ਉਨ੍ਹਾਂ ਨਾਲ ਬੀਬੀਸੀ ਪੱਤਰਕਾਰ ਮਨਪ੍ਰੀਤ ਕੌਰ ਨੇ ਗੱਲਬਾਤ ਕੀਤੀ।

  5. ਇਹ ਹਨ ਭਗਵੰਤ ਮਾਨ ਦੀ ਕੈਬਨਿਟ ਦੇ 10 ਚਿਹਰੇ

    ਪੰਜਾਬ ਦੀ ਨਵੀਂ ਕੈਬਨਿਟ ਕੱਲ ਸਹੁੰ ਚੁੱਕੇਗੀ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਨੇ ਇਨ੍ਹਾਂ ਨਾਵਾਂ ਦਾ ਐਲਾਨ ਆਪਣੇ ਟਵਿੱਟਰ ਹੈਂਡਲ ਉੱਤੇ ਕੀਤਾ ਹੈ। ਭਗਵੰਤ ਮਾਨ ਨੇ ਲਿਖਿਆ, ‘‘ਪੰਜਾਬ ਦੀ ਜਨਤਾ ਨੇ ਸਾਨੂੰ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਹੈ। ਦਿਨ-ਰਾਤ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਅਤੇ ਪੰਜਾਬ ਨੂੰ ਇੱਕ ਇਮਾਨਦਾਰ ਸਰਕਾਰ ਦੇਣੀ ਹੈ। ਅਸੀਂ ਰੰਗਲਾ ਪੰਜਾਬ ਬਣਾਉਣਾ ਹੈ।‘’

    ਆਮ ਆਦਮੀ ਪਾਰਟੀ
  6. ਖਾਰਕੀਵ ਦੇ ਰਿਹਾਇਸ਼ੀ ਇਮਾਰਤ ਅਤੇ ਇੱਕ ਉਚੇਰੀ ਸਿੱਖਿਆ ਸੰਸਥਾਨ 'ਤੇ ਗੋਲੀਬਾਰੀ, ਇੱਕ ਹਲਾਕ, 11 ਜ਼ਖਮੀ

    ਯੂਕਰੇਨ

    ਤਸਵੀਰ ਸਰੋਤ, Pavlo Kyrylenko/Telegram

    ਯੂਕਰੇਨ ਦੇ ਖਾਰਕੀਵ ਦੇ ਐਮਰਜੈਂਸੀ ਸੇਵਾ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਸ਼ਹਿਰ ਦੇ ਇੱਕ ਉਚੇਰੀ ਸਿੱਖਿਆ ਸੰਸਥਾਨ ਅਤੇ ਰਿਹਾਇਸੀ ਇਲਾਕੇ ਉਪਰ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਅਤੇ 11 ਲੋਕ ਜ਼ਖਮੀ ਹੋਏ ਹਨ।

    ਜਾਣਕਾਰੀ ਮੁਤਾਬਕ ਇਸ ਹਮਲੇ ਵਿੱਚ ਛੇ ਮੰਜ਼ਿਲਾ ਸਿੱਖਿਆ ਸੰਸਥਾਨ ਅਤੇ ਇਸ ਨਾਲ ਲੱਗਦੇ ਦੋ ਰਿਹਾਇਸ਼ੀ ਬਲਾਕ ਬੁਰੀ ਤਰ੍ਹਾਂ ਤਬਾਹ ਹੋ ਗਏ।

    ਬਚਾਅ ਕਰਮੀ ਅੱਗ ਉਪਰ ਕਾਬੂ ਪਾਉਣ ਵਿੱਚ ਕਾਮਯਾਬ ਹੋਏ ਹਨ ਅਤੇ ਮਲਬੇ ਵਿੱਚ ਫਸੇ ਇੱਕ ਸ਼ਖਸ ਨੂੰ ਬਚਾਉਣ ਲਈ ਯਤਨ ਕਰ ਰਹੇ ਹਨ।

    ਯੂਕਰੇਨ

    ਤਸਵੀਰ ਸਰੋਤ, State Emergency Service

  7. ਹਸਪਤਾਲ ’ਚ ਜ਼ੇਲੇਂਸਕੀ ਨੂੰ ਦੇਖ ਜਦੋਂ ਰੋਈ ਕੁੜੀ

    ਯੂਕਰੇਨ ਦੀ ਰਾਜਧਾਨੀ ਕੀਵ ’ਚ ਰੂਸ ਦੇ ਹਮਲੇ ਜਾਰੀ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕੀਵ ਦੇ ਵੋਰਜ਼ੇਲ ਕਸਬੇ ’ਚ ਇੱਕ ਹਸਪਤਾਲ ਦਾ ਦੌਰਾ ਕੀਤਾ।

  8. 20 ਲੱਖ ਰਫਿਊਜੀ ਪੋਲੈਂਡ ਪਹੁੰਚੇ

    ਯੂਕਰੇਨ

    ਤਸਵੀਰ ਸਰੋਤ, Reuters

    ਇਹ ਜਾਣਕਾਰੀ ਪੋਲੈਂਡ ਬਾਰਡਰ ਗਾਰਡ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹੁਣ ਤੱਕ 20 ਲੱਖ ਤੋਂ ਕੁਝ ਘੱਟ ਰਫਿਊਜੀ ਯੂਕਰੇਨ ਤੋਂ ਪੋਲੈਂਡ ਵਿੱਚ ਦਾਖਲ ਹੋਏ ਹਨ।

    ਵਾਰਸਾ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮਾਜੇ ਦੋਸਤੋਜ਼ਸਕੀ ਮੁਤਾਬਕ ਲਗਭਗ 5 ਲੱਖ ਲੋਕ ਯੂਕਰੇਨ ਛੱਡ ਕੇ ਅੱਗੇ ਵਧ ਵੀ ਚੁੱਕੇ ਹਨ।

    ਏਜੰਸੀ ਨੇ ਆਪਣੇ ਟਵਿੱਟਰ ਹੈਂਡਲ ਉੱਪਰ ਲਿਖਿਆ ਕਿ ਵੀਰਵਾਰ ਨੂੰ 52,500 ਲੋਕਾਂ ਨੇ ਪੋਲੈਂਡ ਦੀ ਸਰਹੱਦ ਪਾਰ ਕੀਤੀ। ਇਸ ਤੋਂ ਬਾਅਦ ਪੋਲੈਂਡ ਪਹੁੰਚਣ ਵਾਲੇ ਲੋਕਾਂ ਦੀ ਕੁੱਲ ਗਿਣਤੀ 19,99,500 ਨੂੰ ਪਹੁੰਚ ਗਈ ਹੈ।

    ਏਜੰਸੀ ਮੁਤਾਬਕ ਇਨ੍ਹਾਂ ਵਿੱਚ ਵਧੇਰੇ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਹੈ।

    ਪੋਲੈਂਡ ਦੀ ਸਰਕਾਰ ਵੱਲੋਂ ਸਟੇਡੀਅਮਾਂ ਅਤੇ ਕਾਨਫ਼ਰੰਸ ਸੈਂਟਰਾਂ ਵਿੱਚ ਰਫਿਊਜੀਆਂ ਦੇ ਰੁਕਣ ਲਈ ਆਰਜੀ ਤੌਰ 'ਤੇ ਕੁਝ ਦਿਨਾਂ ਲਈ ਹੀ ਕੀਤੇ ਗਏ ਸਨ। ਹੁਣ ਪੋਲੈਂਡ ਸਰਕਾਰ ਵੱਲੋਂ ਵਧੇਰੇ ਕੌਮਾਂਤਰੀ ਸਹਾਇਤਾ ਦੀ ਮਦਦ ਕੀਤੀ ਜਾ ਰਹੀ ਹੈ।

    ਸਰਕਾਰ ਦਾ ਕਹਿਣਾ ਹੈ ਕਿ ਇਹ ਕੰਮ ਕੋਈ ਫਰਾਟਾ ਦੌੜ ਵਾਂਗ ਨਹੀਂ ਸਗੋਂ ਮੈਰਾਥਨ ਵਾਂਗ ਲੰਬਾ ਸਮਾਂ ਚੱਲਾਉਣਾ ਪਵੇਗਾ।

  9. ਨਰਿੰਦਰ ਕੌਰ ਭਰਾਜ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ

    ਨਰਿੰਦਰ ਕੌਰ ਭਰਾਜ ਤੇ ਭਗਵੰਤ ਮਾਨ

    ਤਸਵੀਰ ਸਰੋਤ, Marinder Kaur Bharaj/FB

    ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ।

    ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੇ ਲਿਖਿਆ, ''ਪੰਜਾਬ ਦੇ ਨਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆ।ਪੰਜਾਬ ਦੀ ਸੇਵਾ ਕਰਨ ਲਈ ਵਾਹਿਗੁਰੂ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਬਲ ਬਖਸ਼ਣ…''

    ਵੀਡੀਓ ਕੈਪਸ਼ਨ, ਪੰਜਾਬ ਚੋਣਾਂ: ਪੋਲਿੰਗ ਏਜੰਟ ਬਣ ਕੇ ਪਿੰਡ ਦੀ ਕੁੜੀ ਨੇ ਕਿਵੇਂ ਕੀਤੀ MLA ਦੀ ਟਿਕਟ ਹਾਸਿਲ
  10. ਦੇਸ-ਵਿਦੇਸ਼ ਵਿੱਚੋਂ ਹੋਲੀ ਦੀਆਂ ਰੰਗਾ-ਰੰਗ ਤਸਵੀਰਾਂ

    ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਚ ਸ਼ੁੱਕਰਵਾਰ ਨੂੂੰ ਹੋਲੀ ਮਨਾਈ ਗਈ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਚ ਸ਼ੁੱਕਰਵਾਰ ਨੂੂੰ ਹੋਲੀ ਮਨਾਈ ਗਈ
    ਜੰਮੂ-ਕਸ਼ਮੀਰ ਵਿੱਚ ਰੰਗਾਂ ਨਾਲ ਸਰਾਬੋਰ ਬੀਐਸਐਫ਼ ਦੇ ਜਵਾਨ

    ਤਸਵੀਰ ਸਰੋਤ, ani

    ਤਸਵੀਰ ਕੈਪਸ਼ਨ, ਜੰਮੂ-ਕਸ਼ਮੀਰ ਵਿੱਚ ਰੰਗਾਂ ਨਾਲ ਸਰਾਬੋਰ ਬੀਐਸਐਫ਼ ਦੇ ਜਵਾਨ
    ਕੋਲਕਾਤਾ ਵਿੱਚ ਬਸੰਤ ਉਤਸਵ ਦੌਰਾਨ ਕ੍ਰਿਸ਼ਨ ਅਤੇ ਰਾਧਾ ਦੇ ਸਵਾਂਗ ਵਿੱਚ ਕਲਾਕਾਰ

    ਤਸਵੀਰ ਸਰੋਤ, ani

    ਤਸਵੀਰ ਕੈਪਸ਼ਨ, ਕੋਲਕਾਤਾ ਵਿੱਚ ਬਸੰਤ ਉਤਸਵ ਦੌਰਾਨ ਕ੍ਰਿਸ਼ਨ ਅਤੇ ਰਾਧਾ ਦੇ ਸਵਾਂਗ ਵਿੱਚ ਕਲਾਕਾਰ
    ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਲੀ ਦੇ ਰੰਗਾਂ ਵਿੱਚ ਰੰਗੇ ਵਿਦਿਆਰਥੀ

    ਤਸਵੀਰ ਸਰੋਤ, ani

    ਤਸਵੀਰ ਕੈਪਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਲੀ ਦੇ ਰੰਗਾਂ ਵਿੱਚ ਰੰਗੇ ਵਿਦਿਆਰਥੀ
  11. ਪਾਣੀਆਂ ਦੇ ਮੁੱਦੇ ਉੱਪਰ ਭਗਵੰਤ ਮਾਨ ਦੀ ਚੁੱਪ ਚਿੰਤਾਜਨਕ - ਸੁਖਬੀਰ ਸਿੰਘ ਬਾਦਲ

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਤਲੁਜ ਯਮੁਨਾ ਨਹਿਰ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁੱਪੀ ਤੋੜਨ ਲਈ ਆਖਿਆ ਹੈ।

    ਸੁਖਬੀਰ ਬਾਦਲ ਨੇ ਆਖਿਆ ਕਿ ਭਗਵੰਤ ਮਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਾਫ਼ ਸ਼ਬਦਾਂ ਵਿੱਚ ਇਸ ਮੁੱਦੇ 'ਤੇ ਜਵਾਬ ਦੇਣ।

    ਉਨ੍ਹਾਂ ਨੇ ਆਖਿਆ ਕਿ ਦਿੱਲੀ ਅੱਗੇ ਵੀ ਪੰਜਾਬ ਦੇ ਮੁੱਖ ਮੰਤਰੀ ਪਾਣੀਆਂ ਦੇ ਮੁੱਦੇ 'ਤੇ ਆਪਣਾ ਪੱਖ ਰੱਖਣ।

    ਉਨ੍ਹਾਂ ਅੱਗੇ ਆਖਿਆ ਕਿ ਭਗਵੰਤ ਮਾਨ ਦੀ ਚੁੱਪ ਪੰਜਾਬੀਆਂ ਲਈ ਚਿੰਤਾਜਨਕ ਹੈ।

    ਵੀਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਕ ਬਿਆਨ ਵਿੱਚ ਆਖਿਆ ਸੀ ਕਿ ਹੁਣ ਹਰਿਆਣਾ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਹੁਣ ਪੰਜਾਬ ਉੱਪਰ ਪਾਣੀਆਂ ਦੀ ਦੋਹਰੀ ਜ਼ਿੰਮੇਵਾਰੀ ਹੈ।

    ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦਰਮਿਆਨ ਸਤਲੁਜ ਅਤੇ ਯਮੁਨਾ ਦੇ ਪਾਣੀ ਦਾ ਵਿਵਾਦ ਅਦਾਲਤ ਵਿੱਚ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਯੂਕਰੇਨ ਦੇ ਸ਼ਹਿਰ ਲਵੀਵ ਵਿੱਚ ਧਮਾਕੇ - ਮੀਡੀਆ ਰਿਪੋਰਟਸ

    ਯੂਕਰੇਨ-ਰੂਸ ਜੰਗ

    ਯੂਕਰੇਨ ਦੇ ਮੀਡੀਆ ਮੁਤਾਬਕ ਦੱਖਣੀ ਯੂਕਰੇਨ ਦੇ ਸ਼ਹਿਰ ਲਵੀਵ ਵਿੱਚ ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ ਛੇ ਵਜੇ ਧਮਾਕੇ ਸੁਣੇ ਗਏ ਹਨ।

    ਸ਼ਹਿਰ ਦੇ ਹਵਾਈ ਅੱਡੇ ਤੋਂ ਧੂੰਏਂ ਨਿਕਲਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

    ਯੂਕਰੇਨੀ ਅਧਿਕਾਰੀਆਂ ਮੁਤਾਬਕ ਸ਼ਹਿਰ ਦੇ ਨਜ਼ਦੀਕ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ।

    ਇਹ ਜਾਣਕਾਰੀ ਆ ਰਹੀ ਹੈ ਕਿ ਸ਼ਹਿਰ ਦੇ ਹਵਾਈ ਅੱਡੇ ਉੱਪਰ ਹਮਲਾ ਹੋਇਆ ਹੈ ਹਾਲਾਂਕਿ ਇਸਦੀ ਪੁਸ਼ਟੀ ਨਹੀਂ ਹੋ ਸਕੀ।

    ਰੂਸ ਦੇ ਯੂਕਰੇਨ ਉੱਪਰ ਪਿਛਲੇ ਤਿੰਨ ਹਫ਼ਤਿਆਂ ਤੋਂ ਹਮਲੇ ਜਾਰੀ ਹਨ।

    ਯੂਕਰੇਨ-ਰੂਸ ਜੰਗ
  13. ਪੰਜਾਬ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ ਸ਼ਨੀਵਾਰ ਨੂੰ

    ਪੰਜਾਬ ਸਰਕਾਰ

    ਤਸਵੀਰ ਸਰੋਤ, Punjab Govt

    ਪੰਜਾਬ ਕੈਬਨਿਟ ਦੀ ਪਹਿਲੀ ਬੈਠਕ ਸ਼ਨੀਵਾਰ ਨੂੰ ਦੁਪਹਿਰ ਬਾਅਦ ਕੀਤੀ ਜਾਵੇਗੀ।

    ਪੰਜਾਬ ਦੇ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਨੇ 16 ਮਾਰਚ ਨੂੰ ਸਹੁੰ ਚੁੱਕੀ ਸੀ। ਸ਼ਨੀਵਾਰ ਨੂੰ ਕੈਬਨਿਟ ਦੇ ਮੈਂਬਰ ਵੀ ਸਹੁੰ ਚੁੱਕਣਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਵਿਭਾਗ ਸੌਂਪੇ ਜਾਣਗੇ।

    ਸ਼ੁੱਕਰਵਾਰ ਦੇਰ ਸ਼ਾਮ ਤੱਕ ਮੰਤਰੀ ਮੰਡਲ ਦੇ ਨਾਵਾਂ ਉੱਤੇ ਮੋਹਰ ਲੱਗ ਸਕਦੀ ਹੈ।

    ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ 'ਤੇ ਜਿੱਤ ਹਾਸਲ ਕਰਕੇ ਵੱਡੀ ਬਹੁਮਤ ਹਾਸਿਲ ਕੀਤੀ ਹੈ।

  14. ਇੰਝ ਲੱਗ ਰਿਹਾ ਪਾਰਟੀ ਕਾਂਗਰਸ ਮੁਕਤ ਭਾਰਤ ਵੱਲ ਵਧ ਰਹੀ'- ਮਨੀਸ਼ ਤਿਵਾਰੀ

    ਕਾਂਗਰਸ ਦੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਪੰਜਾਬ ਵਿੱਚ ਪਾਰਟੀ ਦੀ ਹਾਰ ਲਈ ਕਈ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਨੂੰ ਦਿੱਤੇ ਇੰਟਰਵਿਊ ਵਿੱਚ ਤਿਵਾਰੀ ਪੰਜਾਬ ਦੀਆਂ ਚੋਣਾਂ ਅਤੇ ਕੌਮ ਵਿੱਚ ਭਵਿੱਖ ਬਾਰੇ ਖੁੱਲ੍ਹ ਕੇ ਬੋਲੇ ਹਨ। ਇਹ ਹਨ ਇਸ ਇੰਟਰਵਿਊ ਦੇ ਕੁਝ ਅਹਿਮ ਹਿੱਸੇ:

    • ਪਾਰਟੀ 2014 ਤੋਂ ਲੈ ਕੇ ਹੁਣ ਤੱਕ 49 ਵਿੱਚੋਂ 39 ਚੋਣਾਂ ਹਾਰੀ ਹੈ। ਪਾਰਟੀ ਅੱਗੇ ਆਪਣੀ ਹੋਂਦ ਦਾ ਸੰਕਟ ਖੜ੍ਹਾ ਹੋ ਰਿਹਾ ਹੈ।
    • ਇੰਝ ਲੱਗਦਾ ਹੈ ਜਿਵੇਂ ਪਾਰਟੀ ਕਾਂਗਰਸ ਮੁਕਤ ਭਾਰਤ ਵੱਲ ਵਧ ਰਹੀ ਹੈ। ਪੰਜਾਬ ਵਿੱਚ ਇੱਕ ਨਵੀਂ ਪਾਰਟੀ ਨੇ ਸਰਕਾਰ ਬਣਾਈ ਹੈ, ਅਜਿਹੇ ਵਿੱਚ ਸਿਰਫ਼ ਮੰਥਨ ਕਾਫ਼ੀ ਨਹੀ।
    • ਪੰਜਾਬ ਵਿੱਚ ਕਾਂਗਰਸ ਦੀ ਹਾਰ ਬਾਰੇ ਉਨ੍ਹਾਂ ਨੇ ਆਖਿਆ ਕਿ ਇਸ ਦੀ ਸ਼ੁਰੂਆਤ ਮਲਿਕਾਰਜੁਨ ਖੜਗੇ ਕਮੇਟੀ ਬਣਾਉਣ ਤੋਂ ਹੋਈ ਸੀ ਅਤੇ ਇਸ ਨੂੰ ਅੰਜ਼ਾਮ ਤੱਕ ਹਰੀਸ਼ ਚੌਧਰੀ ਨੇ ਪਹੁੰਚਾਇਆ।
    • ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਉਣਾ ਗਲਤੀ ਸੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਵੀ ਇੱਕ ਗ਼ਲਤ ਫ਼ੈਸਲਾ ਸੀ।
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰ ਕਾਂਗਰਸ ਉੱਪਰ ਪਰਿਵਾਰਵਾਦ 'ਤੇ ਇਲਜ਼ਾਮ ਲਗਾਉਂਦੇ ਹਨ। ਇਸ ਬਾਰੇ ਪੁੱਛੇ ਜਾਣ 'ਤੇ ਤਿਵਾਰੀ ਨੇ ਆਖਿਆ ਕਿ ਉਹ 2002 ਤੋਂ ਲਗਾਤਾਰ ਚੋਣਾਂ ਜਿੱਤ ਰਹੇ ਹਨ ਪਰ ਕਾਂਗਰਸ ਨੂੰ ਮੋਦੀ ਜਾਂ ਭਾਜਪਾ ਨੇ ਕਮਜ਼ੋਰ ਨਹੀਂ ਕੀਤਾ।
    • ਕਾਂਗਰਸ ਦੇ ਕਮਜ਼ੋਰ ਹੋਣ ਦਾ ਕਾਰਨ ਅਸੀਂ ਆਪ ਹਾਂ। ਜੋ ਲੋਕ ਚੰਗੇ ਨਤੀਜੇ ਦੇਣ ਵਿੱਚ ਸਫ਼ਲ ਰਹੇ ਹਨ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰ ਕਾਂਗਰਸ ਉੱਪਰ ਪਰਿਵਾਰਵਾਦ 'ਤੇ ਇਲਜ਼ਾਮ ਲਗਾਉਂਦੇ ਹਨ।

    ਤਸਵੀਰ ਸਰੋਤ, Getty Images

  15. ਵਲਾਦੀਮੀਰ ਪੁਤਿਨ ਨੇ ਤੁਰਕੀ ਦੇ ਰਾਸ਼ਟਰਪਤੀ ਨਾਲ ਕੀਤੀ ਗੱਲ, ਦੱਸੀਆਂ ਆਪਣੀਆਂ ਮੰਗਾਂ

    ਵਲਾਦੀਮੀਰ ਪੁਤਿਨ

    ਤਸਵੀਰ ਸਰੋਤ, Reuters

    ਰੂਸ ਦੇ ਯੂਕਰੇਨ ਉੱਪਰ ਹਮਲੇ ਜਾਰੀ ਹਨ ਅਤੇ ਇਸੇ ਦੌਰਾਨ ਤੁਰਕੀ ਵੱਲੋਂ ਸ਼ਾਂਤੀ ਦੀ ਅਪੀਲ ਕੀਤੀ ਗਈ ਸੀ।

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਤੁਰਕੀ ਦੇ ਰਾਸ਼ਟਰਪਤੀ ਰੇਸਪ ਐਂਰਡੋਗਨ ਨਾਲ ਫੋਨ 'ਤੇ ਗੱਲ ਕੀਤੀ।

    ਲਗਭਗ ਅੱਧਾ ਘੰਟਾ ਚੱਲੀ ਇਸ ਗੱਲਬਾਤ ਵਿੱਚ ਪੁਤਿਨ ਨੇ ਆਪਣੀਆਂ ਮੰਗਾਂ ਅੱਗੇ ਰੱਖੀਆਂ ਹਨ।

    ਇਨ੍ਹਾਂ ਵਿੱਚ ਯੂਕਰੇਨ ਦਾ ਨਾਟੋ ਦਾ ਹਿੱਸਾ ਨਾ ਬਣਨਾ ਮੁੱਖ ਹੈ।

    ਜ਼ਿਕਰਯੋਗ ਹੈ ਕਿ ਪਿਛਲੇ 23 ਦਿਨਾਂ ਤੋਂ ਰੂਸ ਤੇ ਯੂਕਰੇਨ ਉੱਪਰ ਹਮਲੇ ਕਾਰਨ ਲੱਖਾਂ ਲੋਕ ਦੇਸ਼ ਛੱਡ ਕੇ ਗੁਆਂਢੀ ਮੁਲਕਾਂ ਵਿੱਚ ਸ਼ਰਨ ਲੈ ਚੁੱਕੇ ਹਨ।

  16. ਭਗਵੰਤ ਮਾਨ ਨੇ ਬਾਕੀ ਮੁੱਖ ਮੰਤਰੀਆਂ ਨਾਲੋਂ ਕੀ ਵੱਖਰਾ ਕੀਤਾ- 5 ਨੁਕਤੇ

    ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ ਤੇ ਭਗਵੰਤ ਮਾਨ ਨੇ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਵੀ ਚੁੱਕ ਲਈ ਹੈ।

    ਚੋਣ ਨਤੀਜਿਆਂ ਦੇ ਆਉਣ ਤੋਂ ਬਾਅਦ ਤੋਂ ਹੀ ਭਗਵੰਤ ਮਾਨ ਖੁਦ ਨੂੰ ਹੋਰਾਂ ਮੁੱਖ ਮੰਤਰੀਆਂ ਤੋਂ ਕੁਝ ਵੱਖਰਾ ਪੇਸ਼ ਕਰਨ ਦੀ ਜੱਦੋ ਜਹਿਦ ਵਿੱਚ ਜੁਟੇ ਹੋਏ ਹਨ। ਉਹ ਮੁੱਖ ਮੰਤਰੀਆਂ ਤੋਂ ਕਿਵੇਂ ਅਲੱਗ ਰਹੇ ਹਨ ਜਿਨ੍ਹਾਂ ਲਈ ਪੜ੍ਹੋ ਇਹ ਰਿਪੋਰਟ

    ਭਗਵੰਤ ਮਾਨ

    ਤਸਵੀਰ ਸਰੋਤ, Punjab Govt

  17. ਰੂਸ ਕੋਲ ਖਾਣੇ ਅਤੇ ਤੇਲ ਵਰਗੀਆਂ ਬੁਨਿਆਦੀ ਚੀਜ਼ਾਂ ਦੀ ਵੀ ਕਮੀ-ਯੂਕੇ

    "ਯੂਕਰੇਨ

    ਤਸਵੀਰ ਸਰੋਤ, Getty Images

    ਯੂਕੇ ਦੇ ਰੱਖਿਆ ਮੰਤਰਾਲੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਰੂਸੀ ਫੌਜਾਂ ਕੋਲ ਕੁਝ ਖਾਣ ਪੀਣ ਦਾ ਸਾਮਾਨ ਵੀ ਪੂਰਾ ਨਹੀਂ।

    ਉਨ੍ਹਾਂ ਮੁਤਾਬਕ ਰੂਸ ਨੂੰ ਆਪਣੇ ਹਮਲੇ ਜਾਰੀ ਰੱਖਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਹ ਦਾਅਵੇ ਮੰਤਰਾਲੇ ਦੇ ਖ਼ੁਫ਼ੀਆ ਆਕਲਨ ਮੁਤਾਬਕ ਕੀਤੇ ਗਏ ਹਨ।

    ਇਸ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 'ਖਾਣੇ ਅਤੇ ਈਂਧਣ' ਵਰਗੀਆਂ ਬੁਨਿਆਦੀ ਚੀਜ਼ਾਂ ਵੀ ਰੂਸ ਮੁਹੱਈਆ ਨਹੀਂ ਕਰ ਪਾ ਰਿਹਾ ਹੈ।

    ਇਸ ਰਿਪੋਰਟ ਵਿੱਚ ਅੱਗੇ ਲਿਖਿਆ ਗਿਆ ਹੈ,"ਯੂਕਰੇਨ ਦੀ ਫੌਜ ਵੱਲੋਂ ਲਗਾਤਾਰ ਪਲਟਵਾਰ ਕਾਰਨ ਰੂਸ ਦੇ ਫ਼ੌਜੀਆਂ ਨੂੰ ਆਪਣੀ ਸਪਲਾਈ ਲਾਈਨ ਬਚਾਉਣ ਲਈ ਵੀ ਫੌਜੀਆਂ ਦੀ ਹੀ ਸਹਾਇਤਾ ਲੈਣੀ ਪੈ ਰਹੀ ਹੈ ਜਿਸ ਕਰਕੇ ਹਮਲੇ ਕਰਨ ਦੀ ਸਮਰੱਥਾ ਵੀ ਘਟੀ ਹੈ।"

  18. 17 ਮਾਰਚ ਵੀਰਵਾਰ ਦੀਆਂ ਅਹਿਮ ਘਟਨਾਵਾਂ ਪੜ੍ਹੋ

    ਵੀਰਵਾਰ ਦਾ ਦਿਨ ਵੀ ਪੰਜਾਬ ਦੀ ਸਿਆਸਤ ਵਿੱਚ ਹਲਚਲ ਭਰਿਆ ਰਿਹਾ ਅਤੇ ਨਾਲ ਹੀ ਰੂਸ ਦੇ ਯੂਕਰੇਨ ਉਪਰ ਹਮਲੇ ਜਾਰੀ ਹਨ। ਇਹ ਹਨ ਮੁੱਖ ਅੰਸ਼-

    • ਪੰਜਾਬ ਦੀ ਸੋਲ੍ਹਵੀਂ ਵਿਧਾਨ ਸਭਾ ਲਈ ਨਵੇਂ ਚੁਣੇ ਗਏ ਵਿਧਾਇਕਾਂ ਨੇ ਸਹੁੰ ਚੁੱਕੀ।
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ 23 ਮਾਰਚ ਨੂੰ ਉਹ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਲਾਂਚ ਕਰਨਗੇ।
    • ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਕਾਰਗੁਜ਼ਾਰੀ ਤੋਂ ਬਾਅਦ ਅਸਤੀਫਾ ਪੇਸ਼ ਕੀਤਾ ਗਿਆ ਜਿਸ ਨੂੰ ਪਾਰਟੀ ਦੇ ਆਗੂਆਂ ਨੇ ਰੱਦ ਕਰ ਦਿੱਤਾ।
    • ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਪਾਰਟੀ ਨੇ ਵਿਧਾਨ ਸਭਾ ਵਿਧਾਨਕਾਰ ਪਾਰਟੀ ਦਾ ਨੇਤਾ ਨਿਯੁਕਤ ਕੀਤਾ।
    • ਰੂਸ ਦੇ ਯੂਕਰੇਨ ਉਪਰ ਹਮਲੇ ਜਾਰੀ ਹਨ। ਵੀਰਵਾਰ ਨੂੰ ਮਾਰੀਉਪੋਲ ਸ਼ਹਿਰ ਵਿੱਚ ਸ਼ਰਨ ਲੈ ਕੇ ਬੈਠੇ ਨਾਗਰਿਕਾਂ ਵਾਲੇ ਥੀਏਟਰ ਉੱਪਰ ਹਮਲਾ ਹੋਇਆ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਨੇ ਜਰਮਨੀ ਦੀ ਸੰਸਦ ਨੂੰ ਸੰਬੋਧਨ ਕੀਤਾ ਹੈ ਤੇ ਉਸ ਉੱਪਰ ਪਾਬੰਦੀਆਂ ਲਈ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਇਹ ਵੀ ਆਖਿਆ ਕਿ ਹੁਣ ਵੀ ਜਰਮਨੀ ਦੇ ਕੁਝ ਵਪਾਰ ਰੂਸ ਨਾਲ ਚੱਲ ਰਹੇ ਹਨ।
    • ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਜੰਗੀ ਅਪਰਾਧੀ ਆਖਿਆ ਹੈ।
    ਭਗਵੰਤ ਮਾਨ

    ਤਸਵੀਰ ਸਰੋਤ, Punjab govt

    ਭਗਵੰਤ ਮਾਨ

    ਤਸਵੀਰ ਸਰੋਤ, Punjab Govt

    ਰੂਸ-ਯੂਕਰੇਨ ਜੰਗ

    ਤਸਵੀਰ ਸਰੋਤ, Alamy

  19. ਯੂਕਰੇਨ ਰੂਸ ਜੰਗ ਅਤੇ ਪੰਜਾਬ ਵਿੱਚ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਨਾਲ ਜੁੜੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਇਸ ਵੇਲੇ ਬੀਬੀਸੀ ਪੱਤਰਕਾਰ ਪ੍ਰਿਅੰਕਾ ਧੀਮਾਨ ਅਤੇ ਅਰਸ਼ਦੀਪ ਕੌਰ ਤੁਹਾਡੇ ਨਾਲ ਜਾਣਕਾਰੀਆਂ ਸਾਂਝਾ ਕਰ ਰਹੇ ਹਾਂ। ਵੀਰਵਾਰ ਦੇਰ ਸ਼ਾਮ ਤੱਕ ਦੇ ਅਪਡੇਟ ਦੇਖਣ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇਹੋ।