ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ।
You’re viewing a text-only version of this website that uses less data. View the main version of the website including all images and videos.
ਅਯੁੱਧਿਆ: ਮੋਦੀ ਨੇ ਦੱਸਿਆ, ਹੁਣ ਰਾਮ ਮੰਦਰ ਤੋਂ ਬਾਅਦ ਅੱਗੇ ਕੀ ਹੋਵੇਗਾ
ਅਯੁੱਧਿਆ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਅਯੁੱਧਿਆ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਲਾਈਵ ਕਵਰੇਜ
ਕਈ ਥਾਵਾਂ 'ਤੇ ਕੀਤੀ ਗਈ ਦੀਪ ਮਾਲਾ
ਅਯੁੱਧਿਆ ’ਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਦੇਸ਼ ਭਰ ਦੇ ਮੰਦਰਾਂ ’ਚ ਦੀਵੇ ਜਗਾਏ ਗਏ। ਜਲੰਧਰ ਦੇ ਸ੍ਰੀ ਦੇਵੀ ਤਾਲਾਬ ਮੰਦਰ ’ਚ ਇੱਕ ਲੱਖ ਇੱਕੀ ਹਜ਼ਾਰ ਦੀਵੇ ਜਗਾ ਕੇ ਦੀਪ ਮਾਲਾ ਕੀਤੀ ਗਈ
ਅਯੁੱਧਿਆ ਵਿੱਚ ਕੁਝ ਇਸ ਤਰ੍ਹਾਂ ਦਾ ਸੀ ਨਜ਼ਾਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਰਾਮ ਮੰਦਰ ਬਣਾਉਣ ਮਗਰੋਂ ਅੱਗੇ ਕੀ ਹੋਵੇਗਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਨੂੰ ਅਲੌਕਿਕ ਦੱਸਿਆ ਹੈ।
ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪੀਐੱਮ ਮੋਦੀ ਨੇ ਕਿਹਾ, "ਸਦੀਆਂ ਦੇ ਇੰਤਜ਼ਾਰ ਤੋਂ ਬਾਅਦ, ਸਾਡੇ ਰਾਮ ਆ ਗਏ ਹਨ। ਤਪੱਸਿਆ ਅਤੇ ਤਿਆਗ ਤੋਂ ਬਾਅਦ, ਸਾਡੇ ਪ੍ਰਭੂ ਰਾਮ ਆਏ ਹਨ।"
"ਕਹਿਣ ਨੂੰ ਤਾਂ ਬਹੁਤ ਹੈ ਪਰ ਮੇਰਾ ਗਲਾ ਰੁੱਕ ਗਿਆ ਹੈ। ਮਨ ਅਜੇ ਵੀ ਉਸ ਪਲ ਵਿੱਚ ਹੈ।"
ਉਨ੍ਹਾਂ ਕਿਹਾ, "ਸਾਡੇ ਰਾਮਲਲਾ ਹੁਣ ਤੰਬੂ ਵਿੱਚ ਨਹੀਂ ਰਹਿਣਗੇ। ਹੁਣ ਉਹ ਇੱਕ ਮੰਦਰ ਵਿੱਚ ਰਹਿਣਗੇ। ਮੇਰਾ ਪੱਕਾ ਵਿਸ਼ਵਾਸ ਹੈ ਕਿ ਜੋ ਹੋਇਆ ਹੈ, ਉਸ ਦਾ ਅਹਿਸਾਸ ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਰਾਮ ਦੇ ਭਗਤਾਂ ਨੂੰ ਹੋ ਰਿਹਾ ਹੋਣਾ। ਇਹ ਪਲ਼ ਅਲੌਕਿਕ ਹੈ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਰਾਮ ਮੰਦਰ ਬਣਨ ਤੋਂ ਬਾਅਦ ਅੱਗੇ ਦੇਵ ਤੋਂ ਦੇਸ਼ ਤੇ ਰਾਮ ਤੋਂ ਰਾਸ਼ਟਰ ਦੀ ਚੇਤਨਾ ਦਾ ਵਿਸਥਾਰ ਕਰਨਾ ਹੈ।
ਮੋਦੀ ਨੇ ਕਿਹਾ, “ਹੁਣ ਕਾਲ ਚੱਕਰ ਬਦਲ ਰਿਹਾ ਹੈ। ਸਾਨੂੰ ਅਗਲੇ ਇੱਕ ਹਜ਼ਾਰ ਸਾਲ ਤੱਕ ਦੇ ਭਾਰਤ ਦੀ ਨੀਂਹ ਰੱਖਣੀ ਹੈ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ
- 22 ਜਨਵਰੀ 2024 ਦਾ ਇਹ ਸੂਰਜ ਇੱਕ ਅਦਭੁਤ ਚਮਕ ਲੈ ਕੇ ਆਇਆ ਹੈ। ਇਹ ਤਰੀਕ ਕੈਲੰਡਰ 'ਤੇ ਲਿਖੀ ਤਰੀਕ ਨਹੀਂ ਹੈ, ਇਹ ਇੱਕ ਨਵੇਂ ਸਮੇਂ ਦੇ ਚੱਕਰ ਦੀ ਸ਼ੁਰੂਆਤ ਹੈ।
- ਅੱਜ ਸਾਨੂੰ ਸਦੀਆਂ ਦੇ ਸਬਰ ਦੀ ਵਿਰਾਸਤ ਮਿਲੀ ਹੈ, ਅੱਜ ਸਾਨੂੰ ਮੰਦਰ ਮਿਲਿਆ ਹੈ।
- ਅੱਜ ਤੋਂ ਹਜ਼ਾਰ ਸਾਲ ਬਾਅਦ ਵੀ ਲੋਕ ਇਸ ਤਰੀਕ ਨੂੰ ਯਾਦ ਕਰਨਗੇ। ਅਸੀਂ ਅੱਜ ਦੇ ਇਸ ਪਲ਼ ਦੀ ਚਰਚਾ ਕਰਾਂਗੇ।
- ਰਾਮ ਦੀ ਕਿੰਨੀ ਵੱਡੀ ਕਿਰਪਾ ਹੈ ਕਿ ਅਸੀਂ ਸਾਰੇ ਇਸ ਪਲ਼ ਨੂੰ ਜੀਅ ਰਹੇ ਹਾਂ, ਇਸ ਨੂੰ ਵਾਪਰਦਾ ਦੇਖ ਰਹੇ ਹਾਂ।
- ਇਹ ਅਮਿੱਟ ਯਾਦਾਂ ਦੀਆਂ ਰੇਖਾਵਾਂ ਹਨ ਜੋ ਸਦੀਵੀ ਸਿਆਹੀ ਨਾਲ ਸਮੇਂ ਦੇ ਚੱਕਰ ਵਿੱਚ ਉੱਕਰੀਆਂ ਗਈਆਂ ਹਨ।
- ਅੱਜ ਮੈਂ ਭਗਵਾਨ ਸ਼੍ਰੀ ਰਾਮ ਤੋਂ ਵੀ ਮੁਆਫੀ ਮੰਗਦਾ ਹਾਂ। ਸਾਡੇ ਯਤਨਾਂ, ਸਾਡੀ ਤਿਆਰੀ ਅਤੇ ਤਪੱਸਿਆ ਵਿੱਚ ਜ਼ਰੂਰ ਕੋਈ ਕਮੀ ਰਹੀ ਹੋਵੇਗੀ ਕਿ ਅਸੀਂ ਇਹ ਕੰਮ ਇੰਨੀਆਂ ਸਦੀਆਂ ਤੱਕ ਨਹੀਂ ਕਰ ਸਕੇ। ਅੱਜ ਉਹ ਕਮੀ ਪੂਰੀ ਹੋ ਗਈ ਹੈ।
- ਮੈਨੂੰ ਵਿਸ਼ਵਾਸ ਹੈ ਕਿ ਭਗਵਾਨ ਸ਼੍ਰੀ ਰਾਮ ਅੱਜ ਸਾਨੂੰ ਜ਼ਰੂਰ ਮਾਫ਼ ਕਰਨਗੇ।
- ਇਸ ਯੁੱਗ ਵਿੱਚ ਅਯੁੱਧਿਆ ਅਤੇ ਦੇਸ਼ ਵਾਸੀਆਂ ਨੇ ਸੈਂਕੜੇ ਸਾਲਾਂ ਤੱਕ ਵਿਛੋੜਾ ਝੱਲਿਆ ਹੈ।
- ਭਾਰਤ ਦੇ ਸੰਵਿਧਾਨ ਵਿੱਚ, ਇਸਦੀ ਪਹਿਲੀ ਕਾਪੀ ਵਿੱਚ ਭਗਵਾਨ ਰਾਮ ਮੌਜੂਦ ਹਨ। ਸੰਵਿਧਾਨ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਵੀ ਭਗਵਾਨ ਸ਼੍ਰੀ ਰਾਮ ਦੀ ਹੋਂਦ ਨੂੰ ਲੈ ਕੇ ਦਹਾਕਿਆਂ ਤੱਕ ਕਾਨੂੰਨੀ ਲੜਾਈ ਚੱਲੀ।
- ਮੈਂ ਭਾਰਤੀ ਨਿਆਂਪਾਲਿਕਾ ਦਾ ਧੰਨਵਾਦ ਕਰਾਂਗਾ, ਜਿਸ ਨੇ ਨਿਆਂ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਹੈ।
- ਨਿਆਂ ਦੇ ਸਮਾਨਾਰਥੀ ਭਗਵਾਨ ਰਾਮ ਦਾ ਮੰਦਰ ਵੀ ਸਹੀ ਢੰਗ ਨਾਲ ਬਣਾਇਆ ਗਿਆ ਸੀ।
ਚੰਡੀਗੜ੍ਹ ਦੇ ਸੈਕਟਰ-15 ਵਿੱਚ, ਰਾਮ ਮੰਦਰ ਦੀ ਪ੍ਰਤਿਸ਼ਠਾ ਵੇਲੇ ਦੀਆਂ ਤਸਵੀਰਾਂ
ਰਾਮ ਮੰਦਰ ਦੇ ਸਮਾਜਿਕ ਅਤੇ ਸਿਆਸੀ ਮਾਅਨੇ ਕੀ ਹਨ
ਅਯੁੱਧਿਆ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋ ਗਈ ਹੈ, ਇਸ ਦੇ ਸਮਾਜਿਕ ਤੇ ਸਿਆਸੀ ਮਾਅਨੇ ਕੀ ਹਨ, ਦੱਸ ਰਹੇ ਹਨ ਪ੍ਰੋਫੈਸਰ ਮੁਹੰਮਦ ਖ਼ਾਲਿਦ...
ਰਿਪੋਰਟ - ਅਰਵਿੰਦ ਛਾਬੜਾ, ਸ਼ੂਟ - ਗੁਲਸ਼ਨ ਕੁਮਾਰ
ਅਯੁੱਧਿਆ: ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਪੀਐੱਮ ਮੋਦੀ ਦੇ ਨਾਲ ਕੌਣ-ਕੌਣ ਰਿਹਾ
ਅਯੁੱਧਿਆ ਦੇ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਦੀ ਵਿਧੀ ਪੂਰੀ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਪੂਜਾ ਦੀ ਰਸਮ ਵਿਚ ਹਿੱਸਾ ਲਿਆ। ਇਸ ਮੌਕੇ ਯੂਪੀ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਵੀ ਮੌਜੂਦ ਸਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਰਾਜਪਾਲ ਆਨੰਦੀ ਬੇਨ ਵੀ ਗਰਭ ਗ੍ਰਹਿ 'ਚ ਮੌਜੂਦ ਸਨ।
ਪੂਜਾ ਦੀ ਵਿਧੀ ਤੋਂ ਬਾਅਦ ਪੀਐੱਮ ਮੋਦੀ ਅਤੇ ਮੋਹਨ ਭਾਗਵਤ ਨੇ ਭਗਵਾਨ ਦੀ ਮੂਰਤੀ 'ਤੇ ਕਮਲ ਦੇ ਫੁੱਲ ਚੜ੍ਹਾਏ। ਬਾਕੀ ਲੋਕਾਂ ਨੇ ਵੀ ਫੁੱਲ ਭੇਟ ਕੀਤੇ।
ਅਯੁੱਧਿਆ ਦੇ ਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਦੀਆਂ LIVE ਤਸਵੀਰਾਂ
ਸੁਪਰੀਮ ਕੋਰਟ ਨੇ ਤਮਿਲ ਨਾਡੂ ਵਿੱਚ ਰਾਮ ਮੰਦਰ ਤੋਂ ਲਾਈਵ ਟੈਲੀਕਾਸਟ 'ਤੇ ਕੀ ਕਿਹਾ?
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਦੇ ਲਾਈਵ ਪ੍ਰਸਾਰਣ 'ਤੇ ਰੋਕ ਲਗਾਉਣ ਵਾਲੇ ਜ਼ਬਾਨੀ ਹੁਕਮ ਨੂੰ ਮੰਨਣ ਲਈ ਕੋਈ ਵੀ ਪਾਬੰਦ ਨਹੀਂ ਹੈ।
ਬੀਤੇ ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਾਅਵਾ ਕੀਤਾ ਸੀ ਕਿ ਤਮਿਲ ਨਾਡੂ ਵਿੱਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਮੌਕੇ ਤਮਿਲ ਨਾਡੂ ਦੇ ਮੰਦਰਾਂ ਵਿੱਚ ਲਾਈਵ ਪ੍ਰਸਾਰਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦਾਅਵੇ ਨੂੰ ਡੀਐੱਮਕੇ ਨੇ ਰੱਦ ਕਰ ਦਿੱਤਾ ਸੀ।
ਸੁਪਰੀਮ ਕੋਰਟ ਵਿੱਚ ਇਸ ਸਬੰਧੀ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ।
ਇਸ ਪਟੀਸ਼ਨ 'ਤੇ ਤਮਿਲ ਨਾਡੂ ਸਰਕਾਰ ਨੇ ਕਿਹਾ ਕਿ ਲਾਈਵ ਟੈਲੀਕਾਸਟ ਜਾਂ ਮੰਦਰਾਂ 'ਚ ਪੂਜਾ 'ਤੇ ਅਜਿਹੀ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ, ਇਹ ਪਟੀਸ਼ਨ ਸਿਆਸਤ ਤੋਂ ਪ੍ਰੇਰਿਤ ਹੈ।
ਨਿਰਮਲਾ ਸੀਤਾਰਮਨ ਨੇ ਤਾਮਿਲ ਅਖ਼ਬਾਰ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਹੋਇਆ, ਐਤਵਾਰ ਨੂੰ ਕਿਹਾ ਕਿ ਤਮਿਲ ਨਾਡੂ ਸਰਕਾਰ ਨੇ ਅਯੁੱਧਿਆ ਵਿੱਚ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਵੀ ਮੰਦਰਾਂ ਵਿਚ ਭਗਵਾਨ ਰਾਮ ਦੀ ਪੂਜਾ 'ਤੇ ਪਾਬੰਦੀ ਲਗਾ ਦਿੱਤੀ ਹੈ।
ਅਯੁੱਧਿਆ ਦੀਆਂ ਰੌਣਕਾਂ ਤਸਵੀਰਾਂ ਰਾਹੀਂ ਦੇਖੋ
ਅਯੁੱਧਿਆ 'ਚ ਅੱਜ ਯਾਨਿ 22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ। ਇਸ ਪ੍ਰੋਗਰਾਮ ਦਾ ਆਯੋਜਨ 16 ਜਨਵਰੀ ਨੂੰ ਹੀ ਸ਼ੁਰੂ ਹੋ ਗਿਆ ਸੀ।
ਇਸ ਦੌਰਾਨ ਤਸਵੀਰਾਂ ਰਾਹੀਂ ਦੇਖੋ ਅਯੁੱਧਿਆ ਵਿਚਲਾ ਮਾਹੌਲ
ਗੁਜਰਾਤ: ਮੇਹਸਾਣਾ 'ਚ ਰਾਮ ਮੰਦਰ ਦੇ ਨਿਰਮਾਣ ਲਈ ਕੱਢੀ ਗਈ ਯਾਤਰਾ 'ਤੇ ਪਥਰਾਅ
ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਦੇ ਖੇਰਾਲੂ ਪਿੰਡ ਵਿੱਚ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਸਬੰਧੀ ਐਤਵਾਰ ਨੂੰ ਕੱਢੀ ਗਈ ਰਾਮ-ਯਾਤਰਾ ਦੌਰਾਨ ਪੱਥਰਬਾਜ਼ੀ ਹੋਈ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਡੀ ਗਿਣਤੀ 'ਚ ਪੁਲਿਸ ਫੋਰਸ ਵੀ ਪਹੁੰਚ ਗਈ।
ਪੱਥਰਾਅ ਦੀ ਘਟਨਾ ਤੋਂ ਬਾਅਦ ਯਾਤਰਾ ਨੂੰ ਰੋਕ ਦਿੱਤਾ ਗਿਆ ਅਤੇ ਕਰੀਬ ਢਾਈ ਘੰਟੇ ਬਾਅਦ ਪੁਲਿਸ ਅਤੇ ਸਥਾਨਕ ਵਿਧਾਇਕ ਦੀ ਮੌਜੂਦਗੀ ਵਿੱਚ ਯਾਤਰਾ ਪੂਰੀ ਹੋਈ।
ਇਸ ਘਟਨਾ ਸਬੰਧੀ ਹਿੰਦੂ ਭਾਈਚਾਰਾ ਦਾਅਵਾ ਕਰ ਰਿਹਾ ਹੈ ਕਿ ਕੋਈ ਭੜਕਾਊ ਕਾਰਵਾਈ ਨਹੀਂ ਕੀਤੀ ਗਈ, ਫਿਰ ਵੀ ਹਮਲਾ ਹੋਇਆ, ਜਦਕਿ ਮੁਸਲਿਮ ਭਾਈਚਾਰੇ ਦੇ ਆਗੂਆਂ ਦਾ ਦਾਅਵਾ ਹੈ ਕਿ ਯਾਤਰਾ ਦੌਰਾਨ ਟਰੈਕਟਰ 'ਚ ਬੈਠੇ ਲੋਕਾਂ ਨੇ ਭੜਕਾਊ ਗੱਲਾਂ ਕਹੀਆਂ।
ਮੇਹਸਾਣਾ ਰੇਂਜ ਦੇ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਵਰਿੰਦਰ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਪੁਲਿਸ ਨੇ ਜਲੂਸ ਦੌਰਾਨ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਸਥਿਤੀ ਵਿਗੜਨ 'ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ।"
"ਫਿਲਹਾਲ ਜਾਂਚ ਚੱਲ ਰਹੀ ਹੈ ਅਤੇ ਪਥਰਾਅ ਦੀ ਘਟਨਾ 'ਚ ਦੇਖੇ ਜਾਣ ਵਾਲੇ ਕਰੀਬ 15 ਲੋਕਾਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ।
ਮਾਮਲੇ 'ਚ 32 ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ ਪਰ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਖੇਰਾਲੂ ਵਿੱਚ ਫਿਰਕੂ ਤਣਾਅ ਦੀਆਂ ਘਟਨਾਵਾਂ ਆਮ ਨਹੀਂ ਹਨ। ਕਰੀਬ 15-17 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਕਰੀਬ 2500-3000 ਮੁਸਲਮਾਨ ਰਹਿੰਦੇ ਹਨ। ਦੋਵਾਂ ਭਾਈਚਾਰਿਆਂ ਵਿੱਚ ਸ਼ਾਂਤੀਪੂਰਨ ਸਬੰਧ ਹਨ ਅਤੇ ਵਪਾਰ ਵਿੱਚ ਵੀ ਹਿੰਦੂ-ਮੁਸਲਿਮ ਭਾਈਵਾਲੀ ਹੈ।
ਅਸਾਮ 'ਚ ਰਾਹੁਲ ਗਾਂਧੀ ਨੂੰ ਮੰਦਰ 'ਚ ਜਾਣ ਤੋਂ ਰੋਕਿਆ ਗਿਆ
ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਅਸਾਮ ਦੇ ਬਟਾਦ੍ਰਵਾ ਥਾਨ ਮੰਦਰ 'ਚ ਜਾਣ ਤੋਂ ਰੋਕ ਦਿੱਤਾ ਗਿਆ ਹੈ।
ਰਾਹੁਲ ਗਾਂਧੀ ਭਾਰਤ ਜੋੜੋ ਨਿਆਏ ਯਾਤਰਾ 'ਤੇ ਹਨ ਅਤੇ ਇਹ ਯਾਤਰਾ ਫਿਲਹਾਲ ਅਸਾਮ 'ਚ ਹੈ।
ਜਿੱਥੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੈਸ਼ਨਵ ਸੰਤ ਸ਼੍ਰੀਮੰਤ ਦੇਵ ਦੇ ਅਸਥਾਨ ਬਟਾਦ੍ਰਵਾ ਥਾਨ ਮੰਦਿਰ ਜਾਣਾ ਚਾਹੁੰਦੇ ਸਨ ਪਰ ਰਸਤੇ ਵਿੱਚ ਹੀ ਪੁਲਿਸ ਪ੍ਰਸ਼ਾਸਨ ਨੇ ਰਾਹੁਲ ਗਾਂਧੀ ਨੂੰ ਰੋਕ ਦਿੱਤਾ।
ਇਸ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਰਾਹੁਲ ਗਾਂਧੀ ਆਪਣੀ ਕਾਰ ਤੋਂ ਬਾਹਰ ਨਿਕਲਦੇ ਹਨ ਅਤੇ ਪੁਲਿਸ ਵਾਲੇ ਤੋਂ ਪੁੱਛਦੇ ਹਨ ਕਿ ਉਨ੍ਹਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ।
ਵੀਡੀਓ 'ਚ ਗਾਂਧੀ ਕਹਿ ਰਹੇ ਹਨ, "ਭਾਈ, ਮਾਮਲਾ ਕੀ ਹੈ? ਕੀ ਮੈਂ ਜਾ ਕੇ ਬੈਰੀਕੇਡ ਦੇਖ ਸਕਦਾ ਹਾਂ? ਮੈਂ ਮੰਦਰ ਕਿਉਂ ਨਹੀਂ ਜਾ ਸਕਦਾ? ਕੀ ਮੰਦਰ ਜਾਣ ਦੀ ਇਜਾਜ਼ਤ ਨਹੀਂ ਹੈ? ਮੇਰੇ ਕੋਲ ਇਜਾਜ਼ਤ ਹੈ।"
"ਮੈਨੂੰ ਮੰਦਰ ਪ੍ਰਸ਼ਾਸਨ ਨੇ ਬੁਲਾਇਆ ਹੈ, ਮੈਂ ਹੱਥ ਜੋੜਨਾ ਚਾਹੁੰਦਾ ਹਾਂ ਅਤੇ ਭਗਵਾਨ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।"
ਇਸ ਘਟਨਾ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, "ਅਸੀਂ ਮੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਬੁਲਾਇਆ ਗਿਆ ਸੀ ਅਤੇ ਹੁਣ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਹੈ।"
"ਅਸੀਂ ਕੁਝ ਵੀ ਜ਼ਬਰਦਸਤੀ ਨਹੀਂ ਕਰਾਂਗੇ, ਅਸੀਂ ਇੱਥੇ ਆਪਣੀ ਯਾਤਰਾ ਕਰਨ ਆਏ ਹਾਂ, ਅਸੀਂ ਸਿਰਫ਼ ਕਾਰਨ ਜਾਣਨਾ ਚਾਹੁੰਦੇ ਹਾਂ।"
ਰਾਹੁਲ ਗਾਂਧੀ ਨੇ ਇਹ ਵੀ ਕਿਹਾ, "ਲੱਗਦਾ ਹੈ ਕਿ ਅੱਜ ਸਿਰਫ਼ ਇੱਕ ਵਿਅਕਤੀ (ਪੀਐੱਮ ਨਰਿੰਦਰ ਮੋਦੀ) ਹੀ ਮੰਦਰ ਜਾ ਸਕਦਾ ਹੈ।"
ਰਾਮ ਮੰਦਰ ਸਮਾਗਮ: ਅਮਿਤਾਭ ਬੱਚਨ, ਆਲੀਆ ਭੱਟ ਸਣੇ ਕਈ ਮਸ਼ਹੂਰ ਹਸਤੀਆਂ ਅਯੁੱਧਿਆ ਲਈ ਰਵਾਨਾ
ਅਯੁੱਧਿਆ ਦੇ ਰਾਮ ਮੰਦਿਰ 'ਚ ਅੱਜ ਰਾਮ ਲਲਾ ਦਾ ਪ੍ਰਾਣ ਪ੍ਰਤਿਸ਼ਠਾ ਹੋਣ ਵਾਲੀ ਹੈ। ਇਹ ਪ੍ਰੋਗਰਾਮ ਦੁਪਹਿਰ 12.20 ਵਜੇ ਸ਼ੁਰੂ ਹੋਵੇਗਾ।
ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸਿਨੇਮਾ ਜਗਤ ਦੀਆਂ ਹਸਤੀਆਂ ਤੋਂ ਲੈ ਕੇ ਰਾਜਨੇਤਾ ਤੱਕ ਅਯੁੱਧਿਆ ਲਈ ਰਵਾਨਾ ਹੋ ਰਹੇ ਹਨ।
ਅਮਿਤਾਭ ਬੱਚਨ, ਰਜਨੀਕਾਂਤ, ਧਨੁਸ਼, ਰਣਦੀਪ ਸਿੰਘ ਹੁੱਡਾ ਅਤੇ ਉਨ੍ਹਾਂ ਦੀ ਪਤਨੀ ਲਿਨ ਲੈਸ਼ਰਾਮ, ਆਲੀਆ ਭੱਟ, ਰਣਬੀਰ ਕਪੂਰ, ਡਾਇਰੈਕਟਰ ਰੋਹਿਤ ਸ਼ੈੱਟੀ, ਕੈਟਰੀਨਾ ਕੈਫ, ਵਿੱਕੀ ਕੌਸ਼ਲ, ਕੰਗਨਾ ਰਣੌਤ, ਮਾਧੁਰੀ ਦੀਕਸ਼ਿਤ ਅਤੇ ਆਯੁਸ਼ਮਾਨ ਖੁਰਾਨਾ ਸਣੇ ਕਈ ਮਸ਼ਹੂਰ ਹਸਤੀਆਂ ਅਯੁੱਧਿਆ ਲਈ ਰਵਾਨਾ ਹੋ ਗਏ ਹਨ।
ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਅਯੁੱਧਿਆ ਲਈ ਰਵਾਨਾ ਹੋ ਗਏ ਹਨ।
'114 ਘੜਿਆਂ ਨਾਲ ਕਰਵਾਇਆ ਗਿਆ ਇਸ਼ਨਾਨ'
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਅਨੁਸਾਰ, ਰਾਮ ਲੱਲਾ ਦੀ ਮੂਰਤੀ ਨੂੰ ਐਤਵਾਰ ਨੂੰ ਵੱਖ-ਵੱਖ ਤੀਰਥ ਸਥਾਨਾਂ ਤੋਂ ਲਿਆਂਦੇ ਗਏ "ਔਸ਼ਧੀਆਂ ਵਾਲਾ" ਜਲ ਅਤੇ ਪਵਿੱਤਰ ਜਲ ਨਾਲ ਭਰੇ 114 ਘੜਿਆਂ ਨਾਲ ਇਸ਼ਨਾਨ ਕਰਵਾਇਆ ਗਿਆ।
ਰਾਮਲਲਾ ਦੀ ਨਵੀਂ 51 ਇੰਚ ਦੀ ਮੂਰਤੀ ਪਿਛਲੇ ਵੀਰਵਾਰ ਨੂੰ ਮੰਦਰ ਦੇ ਪਾਵਨ ਅਸਥਾਨ 'ਚ ਰੱਖੀ ਗਈ ਸੀ। ਇਹ ਮੂਰਤੀ ਮੈਸੂਰ ਦੇ ਅਰੁਣ ਯੋਗੀਰਾਜ ਨੇ ਬਣਾਈ ਹੈ। "ਪ੍ਰਾਣ ਪ੍ਰਤਿਸ਼ਠਾ" ਦੀ ਪੂਜਾ ਲਈ "ਯਜਮਾਨਾਂ" ਦੇ 14 ਚੌਦਾਂ ਜੋੜੇ ਹੋਣਗੇ।
ਅਯੁੱਧਿਆ: 1528 ਤੋਂ ਲੈ ਕੇ ਹੁਣ ਤੱਕ ਕੀ-ਕੀ ਹੋਇਆ
ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਭਗਵਾਨ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਟੀਵੀ ਤੱਕ ਅਤੇ ਘਰਾਂ ਤੋਂ ਲੈ ਕੇ ਬਾਹਰ ਤੱਕ ਹਰ ਪਾਸੇ ਇਸ ਪ੍ਰੋਗਰਾਮ ਦੀ ਜ਼ੋਰਦਾਰ ਚਰਚਾ ਹੋ ਰਹੀ ਹੈ।
ਪਰ ਇੱਕ ਸਮਾਂ ਸੀ, ਜਦੋਂ ਸਭ ਕੁਝ ਇੰਨਾ ਸਪੱਸ਼ਟ ਨਹੀਂ ਸੀ। ਅਯੁੱਧਿਆ ਦੇ ਇਸ ਮੰਦਰ ਦੀ ਕਹਾਣੀ ਸੈਂਕੜੇ ਸਾਲ ਪਹਿਲਾਂ ਸ਼ੁਰੂ ਹੋਈ ਸੀ।
ਪ੍ਰੋਡਿਊਸਰ: ਅਨੰਤ ਪ੍ਰਕਾਸ਼
ਵੀਡੀਓ: ਦੇਵਾਸ਼ੀਸ਼ ਕੁਮਾਰ
ਅਯੁੱਧਿਆ 'ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ
ਸੁਰੱਖਿਆ ਲਈ ਅਯੁੱਧਿਆ ਦੇ ਸਾਰੇ ਮੁੱਖ ਚੌਰਾਹਿਆਂ 'ਤੇ ਕੰਡਿਆਲੀ ਤਾਰ ਲਗਾਈ ਗਈ ਹੈ। ਪੁਲਿਸ ਬਲ ਵੀਵੀਆਈਪੀ ਮੂਵਮੈਂਟ ਲਈ ਇਨ੍ਹਾਂ ਤਾਰਾਂ ਦੀ ਵਰਤੋਂ ਕਰਦੇ ਹਨ।
ਅਯੁੱਧਿਆ 'ਚ ਸੁਰੱਖਿਆ ਪ੍ਰਬੰਧ ਪੁਲਿਸ ਡਾਇਰੈਕਟਰ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਕਿਹਾ, "ਸੋਮਵਾਰ ਨੂੰ ਹੋਣ ਵਾਲਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਇਤਿਹਾਸਕ ਹੋਵੇਗਾ।"
ਇਸ ਦੇ ਲਈ ਯੈਲੋ ਜ਼ੋਨ, ਰੈੱਡ ਜ਼ੋਨ ਦੇ ਨਾਲ ਲੱਗਦੀਆਂ ਸਾਰੀਆਂ ਸੜਕਾਂ ਅਤੇ ਅਯੁੱਧਿਆ ਜ਼ਿਲ੍ਹੇ 'ਚ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਬਿਹਤਰ ਸੁਰੱਖਿਆ ਪ੍ਰਬੰਧਾਂ ਲਈ ਤਕਨਾਲੋਜੀ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ 10 ਹਜ਼ਾਰ ਸੀਸੀਟੀਵੀ ਕੈਮਰੇ, ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਡਰੋਨ ਉੱਥੋਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਹਨ। ਚੱਪੇ-ਚੱਪ 'ਤੇ ਸਾਦੀ ਵਰਦੀ 'ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਰਾਮ ਮੰਦਿਰ ਵਿੱਚ ਅੱਜ ਹੋਵੇਗਾ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ
ਸੋਮਵਾਰ ਨੂੰ ਅਯੁੱਧਿਆ ਦੇ ਰਾਮ ਮੰਦਰ 'ਚ ਰਾਮਲਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸ਼ਾਨਦਾਰ ਰਸਮ ਵਿਚ ਹਿੱਸਾ ਲੈਣਗੇ ਅਤੇ ਇੱਕ ਦਿਨ ਬਾਅਦ ਮੰਦਰ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਯੁੱਧਿਆ ਪਹੁੰਚ ਚੁੱਕੇ ਹਨ।
ਪ੍ਰਾਣ ਪ੍ਰਤਿਸ਼ਠਾ ਦੀ ਰਸਮ ਦੁਪਹਿਰ 12.20ਵਜੇ ਸ਼ੁਰੂ ਹੋਵੇਗੀ ਅਤੇ ਆਸ ਹੈ ਕਿ ਦੁਪਹਿਰ 1ਵਜੇ ਤੱਕ ਚੱਲੇਗੀ। ਇਸ ਤੋਂ ਬਾਅਦ ਪੀਐੱਮ ਮੋਦੀ ਸਮਾਗਮ ਵਾਲੀ ਥਾਂ 'ਤੇ 7000ਲੋਕਾਂ ਦੀ ਜਨ ਸਭਾ ਨੂੰ ਸੰਬੋਧਨ ਕਰਨਗੇ।
506 ਮਹਿਮਾਨਾਂ ਦੇ ਨਾਲ ਇੱਕ ਏ-ਲਿਸਟ ਬਣਾਈ ਗਈ ਹੈ ਜਿਸ ਵਿੱਚ ਵੱਡੇ ਨੇਤਾ, ਉਦਯੋਗਪਤੀ, ਅਦਾਕਾਰ, ਡਿਪਲੋਮੈਟ, ਜੱਜ ਅਤੇ ਹੋਰ ਕਈ ਹਸਤੀਆਂ ਸ਼ਾਮਲ ਹੋਣਗੀਆਂ।
ਕੇਂਦਰ ਸਰਕਾਰ ਦੇ ਸਾਰੇ ਮੁਲਾਜ਼ਮਾਂ ਲਈ 22 ਜਨਵਰੀ ਨੂੰ ਅੱਧੇ ਦੁਨੀ ਦੀ ਛੁੱਟੀ ਰੱਖੀ ਗਈ ਹੈ।
ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਇਸ ਪੇਜ ਰਾਹੀਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਅਯੁੱਧਿਆ ਅਤੇ ਪੂਰੇ ਦੇਸ ਵਿੱਚ ਹੋ ਰਹੀਆਂ ਸਰਗਰਮੀਆਂ ਬਾਰੇ ਜਾਣਕਾਰੀ ਦੇਵਾਂਗੇ।